ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ

ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸਾਡਾ ਅਗਲੇ ਦਿਨ ਦਾ ਪ੍ਰੋਗਰਾਮ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਦਾ ਸੀ| ਸਵੇਰੇ ਜਦੋਂ ਤਿਆਰੀ ਕਰ ਰਹੇ ਸਾਂ ਤਾਂ ਸਲਮਾਨ ਨੂੰ ਉਸ ਦੇ ਵੱਡੇ ਮਾਮੇ ਬਸ਼ੀਰ ਅਹਿਮਦ ਸਿੱਧੂ ਦਾ ਫੋਨ ਆਇਆ ਕਿ ਉਹ ‘ਸਰਦਾਰਾਂ’ ਨੂੰ ਮਿਲਣ ਆਉਣਾ ਚਾਹੁੰਦਾ ਹੈ| ਹਰਜੀਤ ਗਿੱਲ ਨੇ ਹਾਂ ਕਰ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣਾ ਹੈ, ਇਸ ਲਈ ਬਹੁਤਾ ਸਮਾਂ ਨਹੀਂ ਦੇ ਸਕਣਾ| ਬਸ਼ੀਰ ਅਹਿਮਦ ਉੱਚਾ-ਲੰਬਾ ਸਿੱਧੂ ਜੱਟ ਪੁਲਿਸ ਵਿਚੋਂ ਸੇਵਾ ਮੁਕਤ, ਚਿੱਟਾ ਪਠਾਣੀ ਸਲਵਾਰ-ਕਮੀਜ਼ ਪਹਿਨੀ ਆਪਣੇ 13 ਸਾਲ ਦੇ ਬੜੇ ਸੁਨੱਖੇ ਪੋਤੇ ਨੂੰ ਮੋਟਰ ਸਾਈਕਲ ਦੇ ਪਿੱਛੇ ਬਿਠਾ ਕੇ ਆ ਗਿਆ| ਪਾਕਿਸਤਾਨ ਦੇ ਬਹੁਤੇ ਬਜੁ.ਰਗ ਚਿੱਟਾ ਜਾਂ ਕਰੀਮ ਰੰਗ ਦਾ ਪਠਾਣੀ ਸੂਟ ਪਾਉਂਦੇ ਹਨ ਅਤੇ ਸਿਰ ‘ਤੇ ਵੀ ਚਿੱਟੀ ਪੱਗ ਵਲੇਟਦੇ (ਵਲੇਟਦੇ ਇਸ ਲਈ ਕਿਹਾ, ਕਿਉਂਕਿ ਉਹ ਸਿੱਖਾਂ ਦੀ ਤਰ੍ਹਾਂ ਤਿੱਖੀਆਂ ਨੋਕਦਾਰ ਜਾਂ ਪਟਿਆਲਾ-ਸ਼ਾਹੀ ਪੱਗਾਂ ਨਹੀਂ ਬੰਨ੍ਹਦੇ) ਜਾਂ ਟੋਪੀ ਲੈਂਦੇ ਹਨ|

ਗਿੱਲ ਪਰਿਵਾਰ ਦੇ ਬੱਚੇ ਜਿੰਨੀ ਦੇਰ ਤਿਆਰ ਹੋ ਰਹੇ ਸਨ, ਅਸੀਂ ਬਸ਼ੀਰ ਅਹਿਮਦ ਨਾਲ ਚਾਹ ਦਾ ਕੱਪ ਪੀਤਾ, ਫੋਟੋਆਂ ਖਿਚਾਈਆਂ ਅਤੇ ਗੱਲਾਂ ਕੀਤੀਆਂ| ਉਸ ਨੇ ਦੱਸਿਆ ਕਿ ਉਹ ਦੋ-ਤਿੰਨ ਵਾਰ ਚੜ੍ਹਦੇ ਪੰਜਾਬ ਹੋ ਕੇ ਆਇਆ ਹੈ ਅਤੇ ਉਸ ਨੂੰ ਸਰਦਾਰ ਬਹੁਤ ਚੰਗੇ ਲੱਗਦੇ ਹਨ| ਉਸ ਦਾ ਜੀਅ ਕਰਦਾ ਹੈ ਕਿ ਦੋਹਾਂ ਮੁਲਕਾਂ ਵਿਚ ਜਾਣ-ਆਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ| ਉਸ ਨੇ ਸਰਦਾਰਾਂ ਵਾਂਗ ਪੱਗ ਬੰਨ੍ਹਣ ਦੀ ਜਾਚ ਸਿੱਖਣ ਦੀ ਖਾਹਿਸ਼ ਜਾਹਰ ਕੀਤੀ| ਹਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਕਰਤਾਰਪੁਰ ਸਾਹਿਬ ਜਾਣਾ ਹੈ, ਇਸ ਕਰਕੇ ਸਮੇਂ ਦੀ ਘਾਟ ਹੈ, ਫਿਰ ਕਿਸੇ ਦਿਨ ਸਹੀ| ਬਾਹਰ ਏ. ਐਸ਼ ਆਈ ਜ਼ਫਰ ਅੱਬਾਸ ਆਪਣੀ ਪੁਲਿਸ ਪਾਰਟੀ ਨਾਲ ਸਾਨੂ ਉਡੀਕ ਰਿਹਾ ਸੀ, ਜਿਸ ਦੇ ਜ਼ਿੰਮੇ ਸਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਮੁਖੀ ਦੇ ਹੁਕਮਾਂ ਤਹਿਤ ਲੱਗੀ ਹੋਈ ਸੀ|
ਅਸੀਂ ਨਾਲ ਹੀ ਪੈਂਦੇ ਰੈਸਟੋਰੈਂਟ ਤੋਂ ਨਾਸ਼ਤਾ ਵੀ ਕਰਨਾ ਸੀ| ਇੰਨੇ ਨੂੰ ਸਲਮਾਨ ਦਾ ਮਾਸੀ ਦਾ ਪੁੱਤ, ਜੋ ਉਸ ਦੀ ਬੀਵੀ ਦਾ ਭਾਈ ਵੀ ਹੈ, ਵੱਕਾਰ ਗਿੱਲ ਆਪਣੀ ਭੈਣ ਸ਼ਮਾ (ਸਲਮਾਨ ਦੀ ਬੀਵੀ), ਮਾਮੇ ਜਨਾਬ ਤਾਲਿਬ ਸਿੱਧੂ ਦੀਆਂ ਧੀਆਂ ਅਤੇ ਆਪਣੀ ਮਾਮੀ ਮਿਸਿਜ਼ ਤਾਲਿਬ ਸਿੱਧੂ ਨੂੰ ਲੈ ਕੇ ਆਪਣੀ ਗੱਡੀ ਵਿਚ ਸਾਡੇ ਨਾਲ ਕਰਤਾਰਪੁਰ ਜਾਣ ਲਈ ਪਹੁੰਚ ਗਿਆ| ਸਾਡੀ ਗੱਡੀ ਵਿਚ ਸਭ ਦੇ ਬੈਠ ਸਕਣ ਲਈ ਸੀਟਾਂ ਕਾਫੀ ਸਨ, ਇਸ ਲਈ ਵੱਕਾਰ ਨੂੰ ਆਪਣੀ ਗੱਡੀ ਉਥੋਂ ਹੀ ਮੋੜ ਦੇਣ ਲਈ ਕਹਿ ਕੇ ਸਾਰੇ ਇੱਕੋ ਗੱਡੀ ਵਿਚ ਬੈਠ ਗਏ| ਪਹਿਲਾਂ ਨਾਸ਼ਤਾ ਕੀਤਾ ਅਤੇ ਫਿਰ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਤੁਰ ਪਏ|
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਉਸ ਦਿਨ ਤੋਂ ਹੀ ਮਨ ਵਿਚ ਜ਼ੋਰ ਫੜ ਗਈ ਸੀ, ਜਦੋਂ ਤੋਂ ਲਾਂਘਾ ਖੁੱਲ੍ਹਣ ਦਾ ਫੈਸਲਾ ਹੋਇਆ ਸੀ| ਹੁਣ ਤੱਕ ਮੈਂ ਉਥੇ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਲੈ ਕੇ ਲਾਂਘੇ ਦਟ ਉਦਘਾਟਨ ਹੋਣ ਤੱਕ ਅਤੇ ਪਿੱਛੋਂ ਵੱਖ ਵੱਖ ਯਾਤਰੀਆਂ ਵੱਲੋਂ ਪਾਈਆਂ ਕਈ ਵੀਡੀਓ ਦੇਖ ਚੁਕੀ ਸਾਂ। ਮਨ ਕਰਦਾ ਸੀ ਕਿ ਉਡ ਕੇ ਉਥੇ ਪਹੁੰਚ ਜਾਵਾਂ ਅਤੇ ਉਸ ਪਵਿੱਤਰ ਧਰਤੀ ਨੂੰ ਨਮੋ ਕਰਾਂ, ਜਿੱਥੇ ਬੈਠ ਕੇ ਗੁਰੂ ਬਾਬੇ ਨੇ ਸਾਨੂੰ ਜ਼ਿੰਦਗੀ ਜਿਉਣ ਲਈ ਅਮਲੀ ਰਾਹ ਦਿਖਾਇਆ|
ਪਾਕਿਸਤਾਨ ਦੀਆਂ ਸੜਕਾਂ ‘ਤੇ ਸਫਰ ਕਰਨਾ ਬਹੁਤ ਚੰਗਾ ਲੱਗ ਰਿਹਾ ਸੀ, ਕਿਉਂਕਿ ਸੜਕਾਂ ਬਾਕਮਾਲ ਬਣੀਆਂ ਹੋਈਆਂ ਹਨ; ਕਿਧਰੇ ਕੋਈ ਹਿਚਕੋਲਾ ਨਹੀਂ, ਪੁਲਿਸ ਵੱਲੋਂ ਥਾਂ ਥਾਂ ਨਾਕਿਆਂ ‘ਤੇ ਰੋਕ ਕੇ ਕੋਈ ਪੁੱਛ-ਗਿੱਛ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਸਾਡੇ ਪੰਜਾਬ ਵਾਂਗ ਗੱਡੀਆਂ ਦੇ ਵੱਜਦੇ ਹਾਰਨਾਂ ਦੀ ਪਾਂ-ਪਾਂ, ਪੀਂ-ਪੀਂ ਕਰਦੀ ਕੰਨ-ਪਾੜਵੀਂ ਅਵਾਜ਼ ਹੀ ਸਿਰ ਦੁਖਣ ਲਾਉਂਦੀ ਹੈ| ਕਰਤਾਰਪੁਰ ਸਾਹਿਬ ਪੱਛਮੀ ਪੰਜਾਬ ਦੇ ਨਾਰੋਵਾਲ ਜਿਲੇ ਵਿਚ ਲਾਹੌਰ ਤੋਂ ਕੋਈ 139 ਕਿਲੋਮੀਟਰ ਦੂਰ ਹੈ| ਦੁਨੀ ਚੰਦ, ਜੋ ਉਸ ਵੇਲੇ ਇਲਾਕੇ ਦਾ ਗਵਰਨਰ ਸੀ, ਨੇ ਗੁਰੂ ਨਾਨਕ ਦੇਵ ਜੀ ਨੂੰ ਕਰੀਬ 100 ਏਕੜ ਜ਼ਮੀਨ ਅਲਾਟ ਕੀਤੀ ਸੀ, ਜਿੱਥੇ ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਨਵਾਂ ਨਗਰ ਕਰਤਾਰਪੁਰ ਵਸਾਇਆ| ਚਾਰੋ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਕਰਨ ਪਿਛੋਂ 1521 ਈਸਵੀ ਵਿਚ ਗੁਰੂ ਨਾਨਕ ਦੇਵ ਪਰਿਵਾਰ ਸਮੇਤ ਇੱਥੇ ਵੱਸ ਗਏ ਅਤੇ ਆਪਣੇ ਮੂਲ ਸਿਧਾਂਤ ‘ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ’ ਨੂੰ ਅਮਲੀ ਜਾਮਾ ਪਹਿਨਾਇਆ|
ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਦੇ ਧੁਰੇ ਵਰਣ-ਆਸ਼ਰਮ ਧਰਮ ਦੇ ਸਿਧਾਂਤ ਨੂੰ ਮੂਲੋਂ ਨਕਾਰਦਿਆਂ, ਜਿੱਥੇ ਇਹ ਸਥਾਪਤ ਕੀਤਾ ਕਿ ਉਸ ਇੱਕ ਰੱਬ ਦੀ ਜੋਤਿ ਤੋਂ ਪ੍ਰਕਾਸ਼ਿਤ ਹੋਣ ਕਰਕੇ ਸਾਰੇ ਮਨੁੱਖ ਬਰਾਬਰ ਹਨ, ਕੋਈ ਉੱਚਾ ਜਾਂ ਨੀਵਾਂ ਨਹੀਂ ਹੈ; ਉਥੇ ਹੀ ਕਰਤਾਰਪੁਰ ਵਸੇਬ ਕਰਕੇ ਉਨ੍ਹਾਂ ਨੇ ਆਮ ਲੋਕਾਈ ਨੂੰ ਇਹ ਗੱਲ ਵੀ ਸਮਝਾਈ ਕਿ ਰੂਹਾਨੀ ਅਨੁਭਵ ਦੀ ਪ੍ਰਾਪਤੀ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਵਿਚ ਵਾਣਪ੍ਰਸਤ ਤੇ ਸੰਨਿਆਸ ਧਾਰ ਕੇ ਜੰਗਲਾਂ ਵਿਚ ਜਾ ਕੇ ਭਗਤੀ ਕਰਨ ਨਾਲ ਨਹੀਂ ਹੁੰਦੀ ਅਤੇ ਨਾ ਹੀ ਇਹ ਵਿਹਲੇ ਬੈਠ ਕੇ ਦੂਜਿਆਂ ਦੀ ਕਮਾਈ ‘ਤੇ ਪਲ ਕੇ ਕਮਾਈ ਜਾਂਦੀ ਹੈ| ਰੂਹਾਨੀਅਤ-ਅਧਿਆਤਮਕਤਾ ਦੇ ਰਾਹ ਪਏ ਮਨੁੱਖ ਨੂੰ ਆਪਣੀ ਹੋਂਦ ਦੀ ਸੋਝੀ ਪਰਮਾਤਮਾ ਦੇ ਨਾਮ ਨਾਲ ਜੁੜ ਕੇ, ਉਸ ਜਿਹੇ ਗੁਣ ਆਪਣੇ ਅੰਦਰ ਪੈਦਾ ਕਰਨ, ਹੱਥੀਂ ਸੱਚੀ-ਸੁੱਚੀ ਇਮਾਨਦਾਰੀ ਦੀ ਕਿਰਤ ਕਮਾਈ ਕਰਨ ਅਤੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਛਕਣ ਦਾ ਰਸਤਾ ਅਖਤਿਆਰ ਕਰਨ ਵਿਚ ਹੁੰਦੀ ਹੈ| ਕਿਰਤ ਕਰਨ, ਵੰਡ ਕੇ ਛਕਣ ਅਤੇ ਨਾਮ ਜਪਣ ਲਈ ਉਮਰ ਦੇ ਕਿਸੇ ਖਾਸ ਪੜਾਅ ਦੀ ਲੋੜ ਨਹੀਂ ਹੁੰਦੀ| ਇਹ ਸਦੀਵੀ ਕਰਮ ਹੈ, ਜੀਵਨ-ਜਾਚ ਹੈ, ਜਿਸ ਨੂੰ ਸਾਰੀ ਉਮਰ ਸਿੱਖਦੇ ਰਹਿਣਾ ਅਤੇ ਅਖੀਰਲੇ ਦਮ ਤੱਕ ਨਿਭਾਉਂਦੇ ਰਹਿਣਾ ਹੈ| ਇਸ ਲਈ ਘਰ-ਪਰਿਵਾਰ ਤਿਆਗਣ ਦੀ ਲੋੜ ਨਹੀਂ ਹੈ; ਦੁਨਿਆਵੀ ਜ਼ਿੰਦਗੀ ਬਸਰ ਕਰਦਿਆਂ, ਦੁਨਿਆਵੀ ਫਰਜ਼ ਨਿਭਾਉਂਦਿਆਂ ਹੀ ਇਸ ਨੂੰ ਅਮਲ ਵਿਚ ਲਿਆਉਣਾ ਹੈ|
ਕਰਤਾਰਪੁਰ ਤੋਂ ਹੀ ਗੁਰੂ ਨਾਨਕ ਦੇਵ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ‘ਤੇ ਸਿੱਧਾਂ ਨਾਲ ਪ੍ਰਸ਼ਨ-ਉਤਰ ਕਰਨ ਵੀ ਗਏ ਸਨ| ਸਿੱਧਾਂ ਨੂੰ ਸ਼ਬਦ ਦੀ ਵਿਚਾਰ ਰਾਹੀਂ ਸਮਝਾਇਆ ਕਿ ਪਹਿਲਾਂ ਗ੍ਰਹਿਸਥ ਜੀਵਨ ਦਾ ਤਿਆਗ ਕਰਨਾ, ਫਿਰ ਉਨ੍ਹਾਂ ਹੀ ਗ੍ਰਹਿਸਥੀਆਂ ਦੇ ਘਰ ਮੰਗਣ ਜਾਣਾ, ਇਹ ਕਿੱਥੋਂ ਦੀ ਸਿਆਣਪ ਹੈ? ਗੁਰੂ ਜੀ ਦੱਸਦੇ ਹਨ ਕਿ ਸੱਚੇ ਨਾਮ ਤੋਂ ਬਿਨਾ ਕੋਈ ਰਿਧ-ਸਿੱਧ, ਕੋਈ ਕਰਾਮਾਤ ਨਹੀਂ ਹੈ; ਸੱਚਾ ਨਾਮ ਹੀ ਸਭ ਕੁਝ ਹੈ| ਸ਼ਿਵਰਾਤਰੀ ਦੇ ਮੇਲੇ ਪਿਛੋਂ ਗੁਰੂ ਨਾਨਕ ਸਾਹਿਬ ਮੁਲਤਾਨ ਵੀ ਗਏ, ਜਿੱਥੇ ਮੁਲਤਾਨ ਦੇ ਪੀਰ ਨਾਲ ਵਿਚਾਰ ਵਟਾਂਦਰਾ ਕੀਤਾ ਸੀ| ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ 39ਵੀਂ ਪਉੜੀ ਤੋਂ ਲੈ ਕੇ 44ਵੀਂ ਪਉੜੀ ਤੱਕ ਸਿੱਧਾਂ ਨਾਲ ਪ੍ਰਸ਼ਨ-ਉਤਰ ਕਰਨ ਅਤੇ ਮੁਲਤਾਨ ਜਾਣ ਦਾ ਜ਼ਿਕਰ ਕੀਤਾ ਹੈ|
ਅਸੀਂ ਲਾਹੌਰੋਂ ਤੁਰਨ ਲਈ ਵੀ ਪੱਛੜ ਗਏ ਅਤੇ ਰਸਤਾ ਵੀ ਲੰਬਾ ਸੀ| ਇਸ ਲਈ ਅਸੀਂ ਤਿੰਨ ਕੁ ਵਜੇ ਜਾ ਕੇ ਗੱਡੀ ਪਾਰਕ ਕੀਤੀ| ਅੰਦਰ ਜਾਣ ਲਈ ਕਾਫੀ ਭੀੜ ਸੀ| ਐਤਵਾਰ ਹੋਣ ਕਰਕੇ ਬਹੁਤ ਗਿਣਤੀ ਲੋਕ ਪਹੁੰਚੇ ਹੋਏ ਸਨ| ਅਸੀਂ ਆਪਣੇ ਪਾਸਪੋਰਟ ਦਿਖਾਏ ਅਤੇ ਸਾਡੇ ਨਾਲ ਆਏ ਸਾਡੇ ਪਾਕਿਸਤਾਨੀ ਮੇਜ਼ਬਾਨਾਂ ਨੇ ਆਪਣੇ ਸ਼ਨਾਖਤੀ ਕਾਰਡ ਦਿਖਾਏ, ਉਂਗਲਾਂ ਦੇ ਨਿਸ਼ਾਨ ਦਿੰਦਿਆਂ ਸਮਾਂ ਲੱਗ ਗਿਆ| ਇਸ ਵੇਲੇ ਤੱਕ ਭਾਰਤੀ ਯਾਤਰੀ ਕਰੀਬ ਭਾਰਤ ਵਾਲੇ ਪਾਸੇ ਨੂੰ ਰਵਾਨਾ ਹੋ ਚੁਕੇ ਸਨ| ਕਰਤਾਰਪੁਰ ਸਾਹਿਬ ਦਾ ਸਾਰਾ ਕੰਪਲੈਕਸ ਜਿੰਨਾ ਵੀਡੀਓਜ਼ ਵਿਚ ਦੇਖਣ ਨੂੰ ਸੁੰਦਰ ਲੱਗਦਾ ਹੈ, ਉਥੇ ਅੰਦਰ ਦਰਸ਼ਨ ਕਰਦਿਆਂ ਉਸ ਤੋਂ ਵੀ ਕਿਧਰੇ ਵੱਧ ਸੋਹਣਾ ਲਗਦਾ ਹੈ| ਪਾਕਿਸਤਾਨ ਸਰਕਾਰ ਜਾਂ ਇਉਂ ਕਹਿ ਲਓ ਕਿ ਫੌਜ ਦੀ ਉਸਾਰੀ ਕੰਪਨੀ ਨੇ ਕਮਾਲ ਦੀ ਹਿੰਮਤ ਨਾਲ ਇੱਕ ਸਾਲ ਦੇ ਸਮੇਂ ਵਿਚ ਏਨੀ ਸੁੰਦਰ ਉਸਾਰੀ ਕੀਤੀ ਹੈ| ਏਡਾ ਵੱਡਾ ਕੰਪਲੈਕਸ, ਆਲੇ ਦੁਆਲੇ ਬਣੇ ਰਿਹਾਇਸ਼ੀ ਕਮਰੇ-ਸਭ ਕੁਝ ਕਮਾਲ ਹੈ|
ਸਭ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਜਾ ਕੇ ਗੁਰੂ ਦੇ ਨਤਮਸਤਕ ਹੋਣ ਲਈ ਕਤਾਰ ਵਿਚ ਖੜ੍ਹੇ ਹੋਏ| ਇਥੇ ਪਾਕਿਸਤਾਨੀ ਸ਼ਰਧਾਲੂਆਂ ਦੀ ਕਾਫੀ ਭੀੜ ਸੀ| ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਫਿਰ ਉਪਰਲੀ ਮੰਜ਼ਿਲ ‘ਤੇ ਪਹੁੰਚ ਕੇ ਚਾਰ-ਚੁਫੇਰੇ ਦੇ ਦਰਸ਼ਨ ਕੀਤੇ| ਇਸ ਉਪਰੰਤ ਨਾਲ ਹੀ ਗੁਰੂ ਨਾਨਕ ਸਾਹਿਬ ਦਾ ਖੂਹ ਵੀ ਦੇਖਿਆ, ਜਿੱਥੋਂ ਗੁਰੂ ਮਹਾਰਾਜ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸਨ| ਉਥੇ ਹੁਣ ਵੀ ਪ੍ਰਬੰਧ ਇਸ ਤਰ੍ਹਾਂ ਨਾਲ ਕੀਤਾ ਹੋਇਆ ਹੈ ਕਿ ਬਾਕਾਇਦਾ ਟਿੰਡਾਂ ਦੀ ਮਾਲ੍ਹ ਉਵੇਂ ਵਗਦੀ ਹੈ| ਫਿਰ ਉਸ ਪਾਸੇ ਗਏ, ਜਿੱਥੇ ਪ੍ਰਵੇਸ਼ ਕਰਦਿਆਂ ਸਿੱਖ ਧਰਮ ਦਾ ਚਿੰਨ੍ਹ ਕਿਰਪਾਨ ਬਣਾਈ ਹੋਈ ਹੈ| ਸਾਨੂੰ ਗਾਹੇ-ਵਗਾਹੇ ਰੋਕ ਕੇ ਲੋਕ ਫੋਟੋ ਖਿਚਾਉਣ ਲਈ ਗੁਜ਼ਾਰਿਸ਼ ਵੀ ਕਰਦੇ ਸਨ ਅਤੇ ਕਈ ਵਾਰੀ ਜਾਣਕਾਰੀ ਲੈਣ ਦੀ ਵੀ ਕੋਸ਼ਿਸ਼ ਕਰਦੇ| ਵਿਦੇਸ਼ ਤੋਂ ਗਏ ਹੋਣ ਕਾਰਨ ਸਾਨੂੰ ਅੰਦਰ ਡਿਊਟੀ ਦੇ ਰਹੇ ਸਿੰਘ ਨੇ ਦੱਸਿਆ ਕਿ ਅਸੀਂ ਜੇ ਇੱਛਾ ਹੋਵੇ ਤਾਂ ਉਥੇ ਰਾਤ ਵੀ ਠਹਿਰ ਸਕਦੇ ਹਾਂ| ਪਾਕਿਸਤਾਨੀ ਜਾਂ ਭਾਰਤ ਤੋਂ ਜਾਣ ਵਾਲੇ ਯਾਤਰੀਆਂ ਨੂੰ ਠਹਿਰਨ ਦੀ ਆਗਿਆ ਨਹੀਂ ਹੈ|
ਇਥੋਂ ਅਸੀਂ ਯਾਤਰੀਆਂ ਲਈ ਬਣੇ ਖਾਸ ਬਾਜ਼ਾਰ ਵਿਚ ਆਏ| ਅਸੀਂ ਕੁਝ ਖਰੀਦਣਾ ਨਹੀਂ ਸੀ, ਕਿਉਂਕਿ ਖਰੀਦੋ-ਫਰੋਖਤ ਤਾਂ ਲਾਹੌਰੋਂ ਕਰਨ ਦਾ ਇਰਾਦਾ ਸੀ; ਵੈਸੇ ਵੀ ਦੁਕਾਨਦਾਰ ਦੁਕਾਨਾਂ ਬੰਦ ਕਰਨ ਦੇ ਆਹਰ ਵਿਚ ਸਨ| ਇਥੇ ਬੈਠ ਕੇ ਅਸੀਂ ਬਹੁਤ ਹੀ ਸੁਆਦ ਚਾਹ ਨਾਲ ਬਹੁਤ ਹੀ ਸੁਆਦ ਪਕੌੜੇ ਛਕੇ| ਜਿੰਨੀ ਕੁ ਮੈਨੂੰ ਇਥੇ ਜਗਤ ਗੁਰੂ ਬਾਬੇ ਨਾਨਕ ਦੇ ਇਸ ਸਥਾਨ ‘ਤੇ ਪਹੁੰਚ ਕੇ ਤਸੱਲੀ ਹੋਈ, ਉਸ ਬਾਰੇ ਏਨਾ ਹੀ ਕਹਿ ਸਕਦੀ ਹਾਂ ਕਿ ਪਾਕਿਸਤਾਨੀ ਸਦਰ ਜਨਾਬ ਇਮਰਾਨ ਖਾਨ ਦੇ ਸ਼ਬਦਾਂ ਵਿਚ ਆਪਣੇ (ਸਿੱਖਾਂ ਦੇ) ਮੱਕੇ ‘ਨਨਕਾਣਾ ਸਾਹਿਬ’ ਜਿੱਥੇ ਗੁਰੂ ਨਾਨਕ ਪੈਦਾ ਹੋਏ ਅਤੇ ‘ਮਦੀਨੇ’ ਜਿੱਥੇ ਗੁਰੂ ਸਾਹਿਬ ਜੋਤੀ ਜੋਤਿ ਸਮਾਏ-ਦੋਹਾਂ ਮੁਕੱਦਸ ਥਾਂਵਾਂ ਦੇ ਦਰਸ਼ਨ ਹੋ ਗਏ ਸਨ| ਇਸ ਲਈ ਪਾਕਿਸਤਾਨ ਸਰਕਾਰ ਦਾ ਪਹਿਲ ਕਰਨ ਲਈ ਅਤੇ ਭਾਰਤ ਸਰਕਾਰ ਦਾ ਇਸ ਸੁਝਾਅ ਨੂੰ ਮੰਨ ਲੈਣ ਲਈ ਧੰਨਵਾਦ ਕਰਨਾ ਬਣਦਾ ਹੈ| ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕਰਤਾਰਪੁਰ ਲਾਂਘਾ ਦੋਹਾਂ ਮੁਲਕਾਂ ਵਿਚ ਅਮਨ-ਅਮਾਨ ਕਾਇਮ ਕਰੇ ਤਾਂ ਕਿ ਦੋਵੇਂ ਪਾਸੇ ਵੱਸਦੇ ਆਵਾਮ ਨੂੰ ਖਾਸ ਕਰਕੇ ਪੰਜਾਬੀਆਂ ਨੂੰ, ਸੁੱਖ ਦਾ ਸਾਹ ਆਵੇ ਅਤੇ ਦੋਵੇਂ ਮੁਲਕ ਜੰਗ ਦਾ ਰਾਹ ਛੱਡ ਕੇ ਅਮਨ ਵਾਲੇ ਪਾਸੇ ਤੁਰਨ, ਜਿਸ ਨਾਲ ਦੋਹਾਂ ਮੁਲਕਾਂ ਦਾ ਵਿਕਾਸ ਹੋਵੇ; ਤਬਾਹੀ ਹੋਰ ਨਹੀਂ ਚਾਹੀਦੀ|
ਗੱਡੀ ਵਿਚ ਬੈਠਦਿਆਂ ਨੂੰ ਸ਼ਾਮ ਉਤਰ ਪਈ ਸੀ| ਇਸ ਤੋਂ ਅੱਗੇ ਅਸੀਂ ਮਹਾਨ ਸੂਫੀ, ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਦਰਗਾਹ ‘ਤੇ ਪਿੰਡ ਤਰਪਾਲ ਜਾਣਾ ਸੀ| ਹਾਸ਼ਮ ਸ਼ਾਹ ਦਾ ਜਨਮ 1735 ਈਸਵੀ ਵਿਚ ਮਦੀਨੇ ਵਿਖੇ ਹੋਇਆ ਸੀ, ਜਿੱਥੋਂ ਉਸ ਦੇ ਪੁਰਖੇ ਪੰਜਾਬ ਆ ਗਏ ਸਨ ਅਤੇ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਜਗਦੇਵ ਕਲਾਂ ਨੂੰ ਉਨ੍ਹਾਂ ਨੇ ਆਪਣੀ ਰਿਹਾਇਸ਼ਗਾਹ ਬਣਾ ਲਿਆ ਸੀ| ਹਾਸ਼ਿਮ ਸ਼ਾਹ ਨੇ ਆਪਣੀ ਖਾਨਦਾਨੀ ਰਵਾਇਤ ਦੀ ਪਾਲਣਾ ਕਰਦਿਆਂ ਹਿਕਮਤ ਅਤੇ ਪੀਰੀ-ਮੁਰੀਦੀ ਕੀਤੀ, ਪਰ ਨਾਲ ਹੀ, ਕਿਹਾ ਜਾਂਦਾ ਹੈ ਕਿ ਰੋਜ਼ੀ ਪੱਖੋਂ ਤਰਖਾਣਾ ਕਿੱਤੇ ‘ਤੇ ਵੀ ਹੱਥ ਅਜ਼ਮਾਇਆ| ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਪ੍ਰਸਤੀ ਦਿੱਤੀ ਤਾਂ ਤਰਖਾਣਾ ਕੰਮ ਛੱਡ ਦਿੱਤਾ| ਹਾਸ਼ਿਮ ਸ਼ਾਹ ਦੀ ਕਵਿਤਾ ਆਪਣੇ ਅੰਦਾਜ਼ ਵਿਚ ਬਹੁਤ ਵਿਲੱਖਣ ਹੈ| ਉਹ ਆਪਣੇ ਸਮੇਂ ਦਾ ਉਤਮ ਕਵੀ ਹੋਇਆ ਹੈ| ਸੂਫੀ ਮੱਤ ਉਸ ਦੇ ਪੁਰਖਿਆਂ ਦੀ ਰਵਾਇਤ ਸੀ| ਉਹ, ਉਸ ਦੇ ਵਾਲਦ ਅਤੇ ਉਸ ਦੇ ਦਾਦਾ ਨੇ ਪੀਰੀ-ਮੁਰੀਦੀ ਦੀ ਪਰੰਪਰਾ ਨਿਭਾਈ| ਉਸ ਨੇ ਸੱਸੀ-ਪੁਨੂੰ, ਸੋਹਣੀ-ਮਹੀਂਵਾਲ ਸ਼ੀਰੀਂ-ਫਰਿਆਦ ਦੀਆਂ ਪ੍ਰੇਮ ਕਹਾਣੀਆਂ ਦੀ ਕਿੱਸਾ-ਕਾਵਿ ਰਾਹੀਂ ਰਚਨਾ ਕੀਤੀ| ਸਾਹਿਤਕਾਰਾਂ ਅਨੁਸਾਰ ਇਹ ਰਚਨਾਵਾਂ ਉਚ-ਕੋਟੀ ਦੀਆਂ ਹਨ, ਮਹਿਜ ਪ੍ਰੇਮ-ਕਹਾਣੀਆਂ ਨਹੀਂ ਹਨ| ਅਸਲ ਵਿਚ ਸੂਫੀ ਮੱਤ ਆਪਣੇ ਆਪ ਵਿਚ ਇੱਕ ਰਹੱਸਵਾਦੀ ਪਰੰਪਰਾ ਹੈ, ਜੋ ਰੱਬੀ ਪ੍ਰੇਮ ਦੇ ਅਨੁਭਵ ਨੂੰ ਪ੍ਰਣਾਈ ਹੋਈ ਹੈ|
ਹਾਸ਼ਿਮ ਸ਼ਾਹ 1843 ਈਸਵੀ ਵਿਚ ‘ਮੱਤੇ ਕੀ ਤਰਪਾਲ’ ਪਿੰਡ ਵਿਚ ਫੌਤ ਹੋਇਆ ਸੀ, ਜੋ ਹੁਣ ਪਾਕਿਸਤਾਨ ਦੇ ਨਾਰੋਵਾਲ ਜਿਲੇ ਵਿਚ ਪੈਂਦਾ ਹੈ ਅਤੇ ਫੌਤਗੀ ਪਿਛੋਂ ਇਥੇ ਹੀ ਉਸ ਨੂੰ ਦਫਨਾ ਦਿਤਾ ਗਿਆ ਸੀ| ਇਥੇ ਹਰ ਸਾਲ 21 ਜੇਠ ਨੂੰ ਉਰਸ ਮਨਾਇਆ ਜਾਂਦਾ ਹੈ| ਹਰਜੀਤ ਸਿੰਘ ਗਿੱਲ ਦਾ ਪਿੰਡ ਵੀ ਜਗਦੇਵ ਕਲਾਂ ਹੈ, ਜਿੱਥੇ ਹਾਸ਼ਿਮ ਸ਼ਾਹ ਦੇ ਵਾਲਦਾਇਨ ਦੀਆਂ ਕਬਰਾਂ ਮੌਜੂਦ ਹਨ ਅਤੇ ਉਨ੍ਹਾਂ ਦੀ ਜੱਦੀ ਹਵੇਲੀ ਵੀ ਇਥੇ ਸੀ| ਭਜਨ ਸਿੰਘ ਗਿੱਲ ਦੀ ਅਗਵਾਈ ਵਿਚ ਹਰਜੀਤ ਸਿੰਘ ਨੇ ਅੱਗੇ ਲੱਗ ਕੇ ਆਪਣੇ ਪਿੰਡ ਹਾਸ਼ਿਮ ਸ਼ਾਹ ਯਾਦਗਾਰੀ ਟਰੱਸਟ ਬਣਾਇਆ ਅਤੇ ਹਾਸ਼ਿਮ ਸ਼ਾਹ ਪਬਲਿਕ ਸਕੂਲ ਸਥਾਪਤ ਕੀਤਾ ਹੈ| ਜਗਦੇਵ ਕਲਾਂ ਸਈਯਦ ਹਾਸ਼ਿਮ ਸ਼ਾਹ ਦੀ ਕਰਮਭੂਮੀ ਰਿਹਾ ਹੈ, ਇਸ ਦਾ ਜ਼ਿਕਰ ਹਾਸ਼ਿਮ ਸ਼ਾਹ ਨੇ ਆਪਣੀਆਂ ਰਚਨਾਵਾਂ ਵਿਚ ਕੀਤਾ ਹੈ|
ਹਰਜੀਤ ਸਿੰਘ ਗਿੱਲ ਦੇ ਮਨ ਦੀ ਡੂੰਘੀ ਰੀਝ ਸੀ ਕਿ ਉਹ ਹਾਸ਼ਿਮ ਸ਼ਾਹ ਦੀ ਦਰਗਾਹ ਦੇ ਵੀ ਜ਼ਰੂਰ ਦਰਸ਼ਨ ਕਰਨ| ਸਾਨੂੰ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਸਾਡੇ ਨਾਲ ਪੰਜਾਬ ਪੁਲਿਸ ਦੀ ਗੱਡੀ ਸੀ, ਭਾਵੇਂ ਸਰਦੀਆਂ ਦੇ ਦਿਨ ਛੋਟੇ ਹੋਣ ਕਰਕੇ ਸਾਨੂੰ ਕਾਫੀ ਹਨੇਰਾ ਹੋ ਗਿਆ ਸੀ| ਕਰਤਾਰਪੁਰ ਸਾਹਿਬ ਤੋਂ ਵਾਪਸੀ ਦੇ ਰਸਤੇ ਵਿਚ ਹੀ ਤਾਂ ਨਾਰੋਵਾਲ ਦੇ ਲਾਗੇ ਇਹ ਪਿੰਡ ‘ਮੱਤੇ ਕੀ ਤਰਪਾਲ’ ਪੈਂਦਾ ਸੀ| ਜਦੋਂ ਅਸੀਂ ਉਥੇ ਪਹੁੰਚੇ ਅਤੇ ਹਰਜੀਤ ਸਿੰਘ ਨੇ ਜਗਦੇਵ ਕਲਾਂ ਬਾਰੇ ਦੱਸਿਆ ਤਾਂ ਉਸ ਦਰਗਾਹ ਦੀ ਦੇਖ-ਭਾਲ ਕਰਨ ਵਾਲਾ ਪਰਿਵਾਰ ਬਹੁਤ ਹੀ ਖੁਸ਼ ਹੋਇਆ| ਇਥੇ ਦਰਗਾਹ ਅੰਦਰ ਇਸਤਰੀਆਂ ਦੇ ਜਾਣ ‘ਤੇ ਕੋਈ ਰੋਕ-ਟੋਕ ਨਹੀਂ ਸੀ| ਉਨ੍ਹਾਂ ਨੇ ਸਾਡਾ ਬਹੁਤ ਸਤਿਕਾਰ ਕੀਤਾ ਅਤੇ ਜਗਦੇਵ ਕਲਾਂ, ਹਾਸ਼ਿਮ ਸ਼ਾਹ ਦੀ ਕਰਮਭੂਮੀ, ਤੋਂ ਹੋਣ ਕਰਕੇ ਆਪਣੇ ਖਾਸ ਕਿਸਮ ਦੇ ਬਣੇ ਤਾਜ਼ ਦੀ ਸ਼ਕਲ ਦੇ ਸਿਰੋਪਾਉ (ਮੈਨੂੰ ਨਹੀਂ ਪਤਾ ਸੂਫੀ ਪਰੰਪਰਾ ਵਿਚ ਇਸ ਸਨਮਾਨ ਚਿੰਨ੍ਹ ਨੂੰ ਕੀ ਕਹਿੰਦੇ ਹਨ) ਨਾਲ ਹਰਜੀਤ ਸਿੰਘ ਦਾ ਸਨਮਾਨ ਕੀਤਾ| ਉਨ੍ਹਾਂ ਨੇ ਰਾਤ ਦੇ ਖਾਣੇ ਵਾਸਤੇ ਬਹੁਤ ਇਸਰਾਰ ਕੀਤਾ, ਪਰ ਅਸੀਂ ਦੱਸਿਆ ਕਿ ਸਾਨੂੰ ਲਾਹੌਰ ਪਹੁੰਚਣ ਵਿਚ ਬਹੁਤ ਦੇਰ ਹੋ ਜਾਵੇਗੀ| ਦਰਗਾਹ ਦੇ ਵਿਹੜੇ ਵਿਚ ਪਿੰਡ ਦੇ ਸਾਰੇ ਬਾਸਿੰ.ਦੇ-ਕੀ ਆਦਮੀ, ਕੀ ਔਰਤਾਂ, ਸਮੇਤ ਬੱਚਿਆਂ ਦੇ, ਮਿੰਟਾਂ ਵਿਚ ਹੀ ਇਕੱਠੇ ਹੋ ਗਏ| ਬੀਬੀਆਂ ਨੇ ਸਾਨੂੰ ਘੁੱਟ ਘੁੱਟ ਕੇ ਗਲੇ ਲਾ ਕੇ ਪਿਆਰ ਦਿਤਾ| ਸਾਡੇ ਨਾਲ ਫੋਟੋਆਂ ਖਿਚਾਈਆਂ, ਕਈ ਲੜਕਿਆਂ ਨੇ ਵੀਡੀਓ ਬਣਾਈਆਂ| ਪੰਜਾਬ ਦਾ ਇਹ ਸਾਂਝਾ ਸਭਿਆਚਾਰ ਪੰਜਾਬੀਆਂ ਦੀ ਬਦਕਿਸਮਤੀ ਕਰਕੇ ਵੰਡਿਆ ਗਿਆ ਹੈ| ਸਾਡੇ ਨਾਲ ਗਈ ਪੁਲਿਸ ਦੀ ਟੀਮ ਜਿੰਨਾ ਸਹਿਯੋਗ ਦੇ ਰਹੀ ਸੀ, ਲਗਦਾ ਨਹੀਂ ਸੀ ਕਿ ਪੁਲਿਸ ਹੈ|
ਵਾਪਸੀ ‘ਤੇ ਪ੍ਰਤੀਕ, ਜੋਤੀ ਅਤੇ ਸਿਮਰ ਨੇ ਆਪਣੇ ਦੋਸਤ ਨਾਲ ਰਾਤ ਦੇ ਖਾਣੇ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਇਸ ਲਈ ਉਹ ਉਸ ਨਾਲ ਹੋ ਗਏ| ਅਸੀਂ ਸਮੇਤ ਸਲਮਾਨ ਦੇ ਮਾਮੇ ਦੀਆਂ ਧੀਆਂ, ਮਾਮੀ, ਵੱਕਾਰ ਗਿੱਲ ਅਤੇ ਸ਼ਮਾ ਦੇ, ਸਭ ਨੇ ਇਕੱਠਿਆਂ ਰਾਤ ਦਾ ਖਾਣਾ ਖਾਧਾ| ਫਿਰ ਉਨ੍ਹਾਂ ਸਭ ਨੂੰ ਉਨ੍ਹਾਂ ਦੇ ਟਿਕਾਣਿਆਂ ‘ਤੇ ਛੱਡ ਕੇ ਅਸੀਂ ਵਾਪਸ ਆਪਣੇ ਟਿਕਾਣੇ ‘ਤੇ ਆ ਗਏ| ਸਾਨੂੰ ਇਉਂ ਲੱਗਣ ਲੱਗ ਪਿਆ ਸੀ, ਜਿਵੇਂ ਅਸੀਂ ਚਿਰ ਤੋਂ ਇੱਕ-ਦੂਜੇ ਨੂੰ ਜਾਣਦੇ ਹੋਈਏ ਅਤੇ ਇਹ ਸਾਰਾ ਅਹਿਸਾਸ ਉਨ੍ਹਾਂ ਦੇ ਖਲੂਸ ਸਦਕਾ ਸੀ|
(ਚਲਦਾ)