ਕਰਫਿਊ ‘ਚ ਢਿੱਲ

ਅਵਤਾਰ ਸਿੰਘ
ਫੋਨ: 91-9417518384
ਕਰਫਿਊ ‘ਚ ਮਿਲੀ ਢਿੱਲ ਸਮੇਂ ਮੈਂ ਕੁਝ ਜਰੂਰੀ ਸਮਾਨ ਲੈਣ ਬਾਜ਼ਾਰ ਗਿਆ। ਦਵਾਈਆਂ ਦੀਆਂ ਦੁਕਾਨਾਂ ਅੱਗੇ ਲੱਗੀਆਂ ਲਾਈਨਾਂ ਦੇਖ ਕੇ ਜੀ ਘਾਬਰਿਆ। ਥਾਂ ਥਾਂ ਖੜ੍ਹੇ ਪੁਲਿਸ ਵਾਲੇ ਡੰਡੇ ਉਲਾਰ ਉਲਾਰ ਉਨ੍ਹਾਂ ਨੂੰ ਡਰਾਉਣ, ਧਮਕਾਉਣ। ਕਰਿਆਨੇ ਦੀਆਂ ਦੁਕਾਨਾਂ ਜਮ੍ਹਾਂ ਈ ਬੰਦ। ਸਬਜ਼ੀ ਦੀਆਂ ਦੁਕਾਨਾਂ ਵੀ ਬੰਦ। ਗੱਲ ਕੀ, ਸਭ ਕੁਝ ਇਸ ਤਰ੍ਹਾਂ ਬੰਦ, ਜਿਵੇਂ ਕਾਲ ਪੈ ਗਿਆ ਹੋਵੇ।
ਕਾਲ ਸ਼ਬਦ ਜ਼ਿਹਨ ਵਿਚ ਆਉਂਦੇ ਹੀ ਮੈਨੂੰ ਸੱਤਵੀਂ ਦੀ ਪੰਜਾਬੀ ਦੀ ਪਾਠਕ ਪੁਸਤਕ ਵਿਚੋਂ ਪੜ੍ਹੀ ਹੋਈ ਵਿਧਾਤਾ ਸਿੰਘ ਤੀਰ ਦੀ ਕਵਿਤਾ ‘ਪਾਂਡੀ ਪਾਤਸ਼ਾਹ’ ਚੇਤੇ ਆ ਗਈ।

ਮੈਂ ਇਹ ਕਵਿਤਾ ਲੱਭੀ ਤੇ ਆਪਣੇ ਬੱਚਿਆਂ ਨੂੰ ਪੜ੍ਹ ਕੇ ਸੁਣਾਈ ਤਾਂ ਅੱਖਾਂ ‘ਚ ਪਰਲ ਪਰਲ ਹੰਝੂ ਉਤਰ ਆਏ। ਵਾਰ ਵਾਰ ਅੱਖਾਂ ਸਾਫ ਕਰਕੇ, ਬੜੀ ਮੁਸ਼ਕਿਲ ਨਾਲ ਕਵਿਤਾ ਪੂਰੀ ਪੜ੍ਹ ਹੋਈ। ਕਵਿਤਾ ਮੁੱਕ ਗਈ, ਹੰਝੂ ਨਹੀਂ ਮੁੱਕੇ।
ਖਾਸ ਤੌਰ ‘ਤੇ ਬੱਚੇ ਦੇ ਤੋਤਲੇ ਬੋਲ ਦਿਲ ‘ਤੇ ਆਰੀ ਵਾਂਗ ਫਿਰ ਗਏ ਤੇ ਮਹਾਰਾਜੇ ਦੇ ਬੋਲ ਗਹਿਰੇ ਜ਼ਖਮਾਂ ‘ਤੇ ਕੋਸੇ ਕੋਸੇ ਲੋਗੜ ਦੀ ਟਕੋਰ ਦੀ ਤਰ੍ਹਾਂ ਮਹਿਸੂਸ ਹੋਏ।
ਹਕੂਮਤ ਦੇ ਪਰਜਾ ਪ੍ਰਤੀ ਕਲਿਆਣਕਾਰੀ ਫਰਜ਼ ਦੀ ਕਨਸੋ ਤੋਤਲੇ ਬੱਚੇ ਦੇ ਦਿਲ ਤੱਕ ਸੱਚੀ ਆਸਥਾ ਵਜੋਂ ਪੁੱਜਣੀ ਚਾਹੀਦੀ ਹੈ।
ਆਫਰੀਂ ਵਿਧਾਤਾ ਸਿੰਘ ਤੀਰ ਦੀ ਸ਼ਾਇਰਾਨਾ ਕਰਤਾਰੀ ਕਲਪਨਾ ਦੇ, ਜਿਨ੍ਹੇ ਸਾਡੇ ਸਾਹਮਣੇ ਹਕੂਮਤ ਦਾ ਅਸਲ ਅਕਸ ਅਤੇ ਫਰਜ਼ ਪੇਸ਼ ਕੀਤਾ।
ਅਜੋਕੇ ਹਾਲਾਤ ਦੇ ਮੱਦੇਨਜ਼ਰ ਅਜੋਕੀ ਹਕੂਮਤ ਨੂੰ ਇਸ ਕਵਿਤਾ ਦੀ ਨਜ਼ਰ ਨਾਲ ਦੇਖਣ ਅਤੇ ਸਮਝਣ ਦੀ ਲੋੜ ਹੈ। ਪੇਸ਼ ਹੈ, ਵਿਧਾਤਾ ਸਿੰਘ ਤੀਰ ਦੀ ਕਵਿਤਾ,
ਪਾਂਡੀ ਪਾਤਸ਼ਾਹ
ਕੋਈ ਰੋਕੇ ਭਲਾ ਕਿਵੇਂ, ਸਾਹਿਬ ਦੇ ਭਾਣੇ ਨੂੰ,
ਇਕ ਵੇਲਾ ਐਸਾ ਵੀ, ਆਇਆ ਇਸ ਧਰਤੀ ‘ਤੇ,
ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ।

ਭੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ,
ਧਰਤੀ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ,
ਮੂੰਹ ਆਈ ਆਫਤ ਦੇ, ਕੋਈ ਉਲਟਾ ਫਾਲ ਪਿਆ।

ਕੁੜੀਆਂ ਮੁਟਿਆਰਾਂ ਸਭ, ਪੂਣੀ ਰੰਗ ਹੋ ਗਈਆਂ,
ਪਿਤ ਪੈ ਗਏ ਭੋਖੋਂ ਦੇ, ਸਭ ਛੈਲ ਜਵਾਨਾਂ ਨੂੰ,
ਰੱਤਾਂ, ਵਿਚ ਨਾੜਾਂ ਦੇ, ਸੁੱਕੀਆਂ ਤੇ ਖਲੋ ਗਈਆਂ।

ਬੁੱਢਿਆਂ ਦਾ ਹਾਲ ਬੁਰਾ, ਗੱਭਰੂ ਵੀ ਝੁਕ ਗਏ ਸਨ,
ਨਾ ਪੇਟ ਪਿਆ ਝੁਲਕਾ, ਨਾ ਭੁੱਖ ਦੀ ਅੱਗ ਬੁੱਝੀ,
ਮਾਂਵਾਂ ਦੀ ਛਾਤੀ ‘ਚੋਂ, ਦੁੱਧ ਸੜ ਸੜ ਸੁੱਕ ਗਏ ਸਨ।

ਕਈ ਹੀਰੇ ਮਾਂਵਾਂ ਦੇ, ਲੱਖ ਤਰਲੇ ਕਰਨ ਲੱਗੇ,
ਚੁੰਘ ਚੁੰਘ ਕੇ ਥਣ ਸੁੱਕੇ, ਲੈ ਲੈ ਕੇ ਵਿਲਕਣੀਆਂ,
ਜਦ ਜੀਵਣ ਜੋਗੇ ਵੀ, ਲੁਛ ਲੁਛ ਕੇ ਮਰਨ ਲੱਗੇ।

ਪੰਜਾਬ ਦੇ ਰਾਜੇ ਤੋਂ, ਰਣਜੀਤ ਪਿਆਰੇ ਤੋਂ,
ਇਹ ਝਾਕੀ ਦਰਦਾਂ ਦੀ, ਤਦ ਗਈ ਸਹਾਰੀ ਨਾ,
ਦੁਖੀਆਂ ਦੇ ਦਰਦੀ ਤੋਂ, ਲਿਸਿਆਂ ਦੇ ਸਹਾਰੇ ਤੋਂ।

ਢੰਡੋਰਾ ਦੇ ਦਿੱਤਾ, ਹੋਕਾ ਫਿਰਵਾ ਦਿੱਤਾ,
ਪੱਤਣਾਂ, ਚੌਰਾਹਿਆਂ ਤੇ, ਸ਼ਾਹੀ ਦਰਵਾਜੇ ‘ਤੇ,
ਇਹ ਮੋਟੇ ਅੱਖਰਾਂ ਵਿਚ, ਲਿਖ ਕੇ ਲਗਵਾ ਦਿੱਤਾ।

ਰਾਜਾ ਤਾਂ ਰਾਖਾ ਹੈ ਭੰਡਾਰਾ ਪਰਜਾ ਦਾ,
ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁੱਲ੍ਹੇ ਹਨ,
ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ।

ਇਕ ਵਾਰੀ ਜਿਤਨੇ ਵੀ, ਕੋਈ ਚਾ ਕੇ ਲੈ ਜਾਵੇ,
ਹਿੰਦੂ, ਸਿੱਖ, ਮੁਸਲਿਮ ਦਾ, ਕੋਈ ਖਾਸ ਮੁਲਾਹਜ਼ਾ ਨਹੀਂ,
ਹੈ ਜਿਸ ਨੂੰ ਲੋੜ ਬਣੀ, ਉਹ ਆ ਕੇ ਲੈ ਜਾਵੇ।

ਸੁੰਞੇਂ ਜਿਹੇ ਕੂਚੇ ਵਿਚ, ਲਾਹੌਰ ਦੀ ਬਸਤੀ ਵਿਚ,
ਇਕ ਮੋਚੀ-ਬੱਚੜੇ ਦੇ, ਕੰਨੀਂ ਇਹ ਭਿਣਕ ਪਈ,
ਇਕ ਆਸਾ ਚਮਕ ਪਈ, ਝਟ ਆਣ ਉਦਾਸੀ ਵਿਚ।

ਝਟ ਬੂਹਿਓਂ ਅੰਦਰ ਹੋ, ਦਾਦੇ ਦੁਖਿਆਰੇ ਨੂੰ,
ਇਉਂ ਪੋਤਾ ਕਹਿਣ ਲੱਗਾ, ਢਿਡ ਉਤੇ ਹੱਥ ਧਰ ਕੇ,
ਭੁੱਖਾਂ ਦੇ ਰੁਲਾਏ ਨੂੰ, ਵਖਤਾਂ ਦੇ ਮਾਰੇ ਨੂੰ।

ਬਾਬਾ ਦੀ ਲਾਦੇ ਦਾ, ਤਹਿ ਦਿਆ ਪਛਾਈ ਏ,
ਲਾਦੇ ਦੇ ਮਹਿਲਾਂ ਤੋਂ, ਝਬ ਦਾਣੇ ਲੈ ਆਵੋ,
ਉਥੇ ਤੋਈ ਧਾਟਾ ਨਹੀਂ, ਅਦ ਬੇ ਪਲਵਾਹੀ ਏ।

ਜੇ ਮੇਲੇ ਨਾਲ ਤਲੋ, ਦਾਣੇ ਲੈ ਆਵਾਂਦੇ,
ਦੰਦੋਲੀ ਉਲ੍ਹੇ ਕਲੋ, ਮੈਂ ਫਲਤੇ ਤੁਲਦਾ ਹਾਂ,
ਜੇ ਤਲ ਤੇ ਲੈ ਆਈਏ, ਲਜ ਲਜ ਤੇ ਥਾਂਵਾਂ ਦੇ।

ਸੁਣ ਬੁੱਢੜੇ ਮੋਚੀ ਨੂੰ ਲਗ ਸੀਨੇ ਤੀਰ ਗਿਆ,
ਪੋਤੇ ਦੀਆਂ ਲਾਡਲੀਆਂ, ਥੱਥੀਆਂ ਤੇ ਤੋਤਲੀਆਂ,
ਘਾ ਦਿਲ ‘ਤੇ ਕਰ ਗਈਆਂ, ਨੈਣਾਂ ‘ਚੋਂ ਨੀਰ ਗਿਆ।

ਤੱਕ ਹਿੰਮਤ ਆਪਣੀ ਨੂੰ, ਪਹਿਲੇ ਤਾਂ ਝੁਰਿਆ ਉਹ,
ਪਰ ਆਜਜ਼ ਪੋਤੇ ਦੀ, ਭੁੱਖ ਜਿੰਦ ਨੂੰ ਖਾਂਦੀ ਸੀ,
ਹੱਥਾਂ ‘ਚ ਡੰਗੋਰੀ ਲੈ, ਲੱਕ ਬੰਨ੍ਹ ਕੇ ਟੁਰਿਆ ਉਹ।

ਹਿਚਕੋਲੇ ਖਾਂਦਾ ਉਹ, ਇਉਂ ਜਿਉਂਦਾ ਮਰਦਾ ਉਹ,
ਪੋਤੇ ਨੂੰ ਨਾਲ ਲਈ, ਡੰਗੋਰੀ ਫੜੀ ਹੋਈ,
ਪੁਜ ਗਿਆ ਭੰਡਾਰੇ ‘ਤੇ, ਲੱਖ ਤਰਲੇ ਕਰਦਾ ਉਹ।

ਘਿਗਿਆਈ ਬੋਲੀ ਵਿਚ, ਉਸ ਅਰਜ਼ ਸੁਣਾ ਦਿੱਤੀ,
ਜਾ ਕੋਲ ਭੰਡਾਰੀ ਦੇ, ਮਾਰੇ ਲਾਚਾਰੀ ਦੇ,
ਮੈਲੀ ਜਿਹੀ ਚਾਦਰ ਇਕ, ਚੁਪ ਚਾਪ ਵਿਛਾ ਦਿੱਤੀ।

ਦਰਦੀ ਭੰਡਾਰੀ ਨੇ, ਝਟ ਚਾਦਰ ਭਰ ਦਿੱਤੀ,
ਉਸ ਦਰਦ ਰੰਞਾਣੇ ਦੀ, ਉਸ ਭੁੱਖਣ ਭਾਣੇ ਦੀ,
ਆਸਾ ਜੋ ਦਿਲ ਦੀ ਸੀ, ਝਟ ਪੂਰੀ ਕਰ ਦਿੱਤੀ।

ਪਰ ਪੰਡ ਜੋ ਬੰਨ੍ਹ ਧਰੀ, ਸੀ ਦੋ ਮਣ ਭਾਰੀ ਉਹ,
ਇੱਕ ਬਾਲ ਅੰਞਾਣਾ ਸੀ, ਇੱਕ ਬਾਬਾ ਬੁੱਢੜਾ ਸੀ,
ਪੰਡ ਚੁੱਕਦਾ ਕੌਣ ਭਲਾ, ਟੁਰਨੋਂ ਸੀ ਆਰੀ ਉਹ।

ਆਖਰ ਇਉਂ ਕੁਦਰਤ ਨੇ, ਇਕ ਢੋ ਢੁਕਾਇਆ ਏ,
ਇਕ ਸਿੱਖ ਚਿਟ-ਕਾਪੜੀਆ, ਦਾੜ੍ਹੀ ਸੂ ਦੁੱਧ ਜਿਹੀ,
ਉਸ ਬੁੱਢੜੇ ਬਾਬੇ ਵੱਲ, ਉਹ ਭੱਜਿਆ ਆਇਆ ਏ।

ਕੀਤੀ ਹਮਦਰਦੀ ਆ, ਐਵੇਂ ਨਾ ਝੁਰ ਬਾਬਾ,
ਮੈਂ ਤੇਰਾ ਪੁੱਤਰ ਹਾਂ, ਕਹਿ ਪੰਡ ਉਠਾ ਲੀਤੀ,
ਫਿਰ ਬੋਲਿਆ ਬਾਬੇ ਨੂੰ, ਚਲ ਘਰ ਨੂੰ ਟੁਰ ਬਾਬਾ।

ਤੱਕ ਬੁੱਢੜੇ ਮੋਚੀ ਨੇ, ਲੱਖ ਸ਼ੁਕਰ ਮਨਾਇਆ ਏ,
ਦਿਲ ਦੇ ਵਿਚ ਕਹਿੰਦਾ ਏ, ਇਹ ਬੰਦਾ ਬੰਦਾ ਨਹੀਂ,
ਇਸ ਆਜਜ਼ ਬੰਦੇ ਲਈ, ਇਹ ਅੱਲਾ ਆਇਆ ਏ।

ਔਹ ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲੱਗਦਾ ਏ,
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ,
ਪਾਂਡੀ ਦੇ ਪਿੰਡੇ ‘ਚੋਂ, ਪਿਆ ਮੁੜ੍ਹਕਾ ਵਗਦਾ ਏ।

ਪੁੱਜ ਪਿਆ ਟਿਕਾਣੇ ‘ਤੇ, ਮੋਚੀ ਦੇ ਘਰ ਆਇਆ,
ਪੰਡ ਸੁੱਟ ਕੇ ਮੁੜਿਆ ਜਾਂ, ਜਾਂ ਉਥੋਂ ਤੁਰਨ ਲੱਗਾ,
ਉਸ ਬੁੱਢੜੇ ਮੋਚੀ ਦਾ, ਦਿਲ ਡਾਢਾ ਭਰ ਆਇਆ।

ਉਸ ਪਿਆਰੇ ਪਾਂਡੀ ਦੀ, ਉਸ ਸੋਹਣੇ ਪਾਂਡੀ ਦੀ,
ਉਸ ਕੰਨੀ ਪਕੜ ਲਈ, ਮਨਮੋਹਣੇ ਪਾਂਡੀ ਦੀ,
ਦਿਲਦਾਰੀ ਇਉਂ ਕੀਤੀ, ਦਿਲ-ਖੋਹਣੇ ਪਾਂਡੀ ਦੀ।

ਸਰਦਾਰਾ! ਜਿਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ,
ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੋਚੀ ਨੂੰ,
ਕਬਰਾਂ ਵਿਚ ਪੈ ਕੇ ਵੀ, ਗਾਵੇਗਾ ਜੱਸ ਤੇਰਾ।

ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ,
ਬਰਦੀ ਵੀ ਸ਼ਾਹੀ ਏ, ਸਿਰ ‘ਤੇ ਵੀ ਕਲਗੀ ਏ,
ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ।

ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ,
ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ,
ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ ਪ੍ਰੀਤ ਮੇਰਾ।

ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ,
ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ।