ਮਾਂ ਦਾ ਖਤ ਧੀ ਦੇ ਨਾਮ

ਚੈਕੋਸਲੋਵਾਕੀਆ ਦੀ ਮਿਲਾਡਾ ਹੋਰਾਕੋਵਾ (25 ਦਸੰਬਰ 1901-27 ਜੂਨ 1950) ਨੂੰ ਕਮਿਊਨਿਸਟ ਸਰਕਾਰ ਦਾ ਤਖਤਾ ਪਲਟਾਉਣ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਆਪਣੀ ਮੌਤ ਤੋਂ ਐਨ ਪਹਿਲਾਂ ਉਸ ਨੇ ਆਪਣੀ ਧੀ ਜਾਨਾ ਅਤੇ ਪਤੀ ਬੋਹੂਸਲਾਵ ਹੋਰਾਕੋਵਾ ਨੂੰ ਖਤ ਲਿਖੇ। ਇਨ੍ਹਾਂ ਖਤਾਂ ਦੀ ਇਬਾਰਤ ਦੱਸਦੀ ਹੈ ਕਿ ਉਸ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਕਿਸ ਤਰ੍ਹਾਂ ਦਾ ਸੀ। ਜੰਗ ਬਹਾਦੁਰ ਗੋਇਲ ਨੇ ਆਪਣੇ ਇਸ ਲੇਖ ਵਿਚ 16 ਵਰ੍ਹਿਆਂ ਦੀ ਜਾਨਾ ਨੂੰ ਲਿਖੇ ਖਤ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਹੈ।

-ਸੰਪਾਦਕ

ਜੰਗ ਬਹਾਦੁਰ ਗੋਇਲ
ਫੋਨ: +91-98551-23499

ਚੈਕੋਸਲੋਵਾਕੀਆ ਦੀ ਮਿਲਾਡਾ ਹੋਰਾਕੋਵਾ ਅਜਿਹੀ ਜਾਂਬਾਜ਼ ਵੀਰਾਂਗਣਾ ਸੀ, ਜਿਸ ਨੇ ਆਪਣੇ ਦੇਸ਼ ਦੀ ਆਜ਼ਾਦੀ, ਮਨੁੱਖੀ ਹੱਕਾਂ ਦੀ ਰਾਖੀ ਅਤੇ ਲੋਕਤੰਤਰ ਦੀ ਸਥਾਪਨਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਨੇ 20ਵੀਂ ਸਦੀ ਦੇ ਦੋ ਤਾਨਾਸ਼ਾਹਾਂ-ਹਿਟਲਰ ਤੇ ਸਟਾਲਿਨ ਦੇ ਜ਼ੁਲਮ ਹੱਸਦਿਆਂ-ਹੱਸਦਿਆਂ ਝੱਲੇ। ਹਿਟਲਰ ਦੇ ਹੱਥੋਂ ਤਾਂ ਉਸ ਦੀ ਜਾਨ ਬਚ ਗਈ, ਪਰ ਚੈਕੋਸਲੋਵਾਕੀਆ ਦੀ ਸਟਾਲਿਨ ਪੱਖੀ ਕਮਿਊਨਿਸਟ ਹਕੂਮਤ ਨੇ ਉਸ ਨੂੰ 27 ਜੂਨ 1950 ਨੂੰ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ। ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ, ਇੰਗਲੈਂਡ ਦੇ ਪ੍ਰਧਾਨ ਮੰਤਰੀ ਚਰਚਿਲ, ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਮੰਨੇ-ਪ੍ਰਮੰਨੇ ਲੇਖਕਾਂ-ਜਾਨ ਪਾਲ ਸਾਰਤਰ, ਜਾਰਜ ਬਰਨਾਰਡ ਸ਼ਾਅ, ਅਲਬੇਅਰ ਕਾਮੂ ਤੇ ਆਂਦਰੇ ਜੀਦ ਨੇ ਸਟਾਲਿਨ ਕੋਲ ਰਹਿਮ ਦੀ ਅਪੀਲ ਕੀਤੀ, ਪਰ ਕੋਈ ਅਸਰ ਨਾ ਹੋਇਆ।
ਮਿਲਾਡਾ ਦਾ ਜਨਮ 1901 ਵਿਚ ਕ੍ਰਿਸਮਸ ਵਾਲੇ ਦਿਨ ਚੈਕੋਸਲੋਵਾਕੀਆ ਦੇ ਸ਼ਹਿਰ ਪਰਾਗ ਵਿਚ ਯਹੂਦੀ ਪਰਿਵਾਰ ਵਿਚ ਹੋਇਆ। ਉਸ ਦਾ ਪਿਤਾ ਪੈਨਸਿਲਾਂ ਬਣਾਉਣ ਵਾਲੀ ਕੰਪਨੀ ਦਾ ਮੈਨੇਜਰ ਸੀ। ਉਹ ਬਚਪਨ ਵਿਚ ਹੀ ਆਪਣੀ ਉਮਰ ਤੋਂ ਕਿਤੇ ਵੱਧ ਸਿਆਣੀ ਤੇ ਸਮਝਦਾਰ ਕੁੜੀ ਸੀ। ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਸਮੇਂ ਅਜੇ ਉਹ ਸਕੂਲ ਵਿਚ ਹੀ ਪੜ੍ਹ ਰਹੀ ਸੀ ਕਿ ਉਸ ਨੇ ਰੈਡਕਰਾਸ ਦੀ ਵਾਲੰਟੀਅਰ ਵਜੋਂ ਯੁੱਧ-ਪੀੜਤ ਸੈਨਿਕਾਂ ਅਤੇ ਪਰਿਵਾਰਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕੀਤਾ।
ਮਿਲਾਡਾ ਨੇ 1926 ਵਿਚ ਚਾਰਲਸ ਯੂਨੀਵਰਸਿਟੀ ਵਿਚੋਂ ਕਾਨੂੰਨ ਦੇ ਵਿਸ਼ੇ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਉਸੇ ਸਾਲ ਉਹ ਪਰਾਗ ਮਿਉਂਸਪਲ ਕੌਂਸਲ ਵਿਚ ਬਾਲ ਕਲਿਆਣ ਵਿਭਾਗ ਦੀ ਮੁਖੀ ਬਣ ਗਈ। ਅਗਲੇ ਵਰ੍ਹੇ ਹੀ ਉਸ ਦੀ ਸ਼ਾਦੀ ਬੋਹੂਸਲਾਵ ਹੋਰਾਕੋਵਾ ਨਾਲ ਹੋ ਗਈ, ਜੋ ਨਿਡਰ ਪੱਤਰਕਾਰ ਅਤੇ ਸੰਵੇਦਨਸ਼ੀਲ ਕਵੀ ਸੀ। ਉਹ ਇਕ ਦੂਜੇ ਦੇ ਪੂਰਕ ਸਨ-ਦੋ ਜਿੰਦ ਤੇ ਇਕ ਜਾਨ! ਉਨ੍ਹਾਂ ਦੀ ਇਕੋ-ਇਕ ਸੰਤਾਨ ਜਾਨਾ ਦਾ ਜਨਮ 1933 ਵਿਚ ਹੋਇਆ।
ਦੂਜੇ ਵਿਸ਼ਵ ਯੁੱਧ ਦੇ ਮੁਢਲੇ ਦੌਰ ਵਿਚ ਹੀ ਜਰਮਨ ਦੀਆਂ ਨਾਜ਼ੀ ਫੌਜਾਂ ਨੇ ਚੈਕੋਸਲੋਵਾਕੀਆ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਦੇਸ਼ ਵਿਚ ਭੈਅ ਦਾ ਵਾਤਾਵਰਣ ਸੀ। ਇਸ ਦੇ ਬਾਵਜੂਦ ਮਿਲਾਡਾ ਅਤੇ ਉਸ ਦਾ ਪਤੀ, ਨਾਜ਼ੀ ਹਕੂਮਤ ਦਾ ਵਿਰੋਧ ਕਰਨ ਵਾਲਿਆਂ ਵਿਚ ਮੁੱਖ ਰੂਪ ਵਿਚ ਸ਼ਾਮਿਲ ਸਨ।
ਨਾਜ਼ੀ ਦਰਿੰਦੇ ਯਹੂਦੀਆਂ ਦੇ ਕੱਟੜ ਦੁਸ਼ਮਣ ਸਨ। ਯਹੂਦੀ ਹੋਣ ਕਰ ਕੇ ਮਿਲਾਡਾ ਅਤੇ ਉਸ ਦੇ ਪਤੀ ਨੂੰ 22 ਜੁਲਾਈ 1940 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਵੱਖ ਵੱਖ ਤਸੀਹਾ ਕੇਂਦਰਾਂ ਵਿਚ ਭੇਜ ਦਿੱਤਾ ਗਿਆ। ਮਿਲਾਡਾ ਨੂੰ ਸਜ਼ਾ-ਏ-ਮੌਤ ਦਿੱਤੀ ਗਈ, ਜੋ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿੱਤੀ ਗਈ। ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ‘ਤੇ ਜਦੋਂ ਅਮਰੀਕਨ ਫੌਜ ਨੇ ਨਾਜ਼ੀਆਂ ਨੂੰ ਚੈਕੋਸਲੋਵਾਕੀਆ ਵਿਚੋਂ ਬਾਹਰ ਕੱਢ ਦਿੱਤਾ ਤਾਂ ਮਿਲਾਡਾ ਅਤੇ ਉਸ ਦਾ ਪਤੀ ਹਿਟਲਰ ਦੀ ਕੈਦ ਵਿਚੋਂ ਰਿਹਾ ਹੋ ਕੇ ਆਪਣੇ ਦੇਸ਼ ਪਰਤੇ।
ਮਿਲਾਡਾ 1945 ਵਿਚ ਨੈਸ਼ਨਲ ਸੋਸ਼ਲਿਸਟ ਪਾਰਟੀ ਦੀ ਮੈਂਬਰ ਬਣ ਗਈ ਅਤੇ ਚੈਕੋਸਲੋਵਾਕੀਆ ਵਿਚ ਜਦੋਂ ਲੋਕਤੰਤਰ ਬਹਾਲ ਹੋਇਆ ਤਾਂ ਉਹ ਦੇਸ਼ ਦੀ ਪਾਰਲੀਮੈਂਟ ਮੈਂਬਰ ਚੁਣੀ ਗਈ। ਉਸ ਨੂੰ ਨੈਸ਼ਨਲ ਵਿਮੈਨ ਕੌਂਸਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ, ਪਰ ਫਰਵਰੀ 1948 ਵਿਚ ਕਮਿਊਨਿਸਟ ਪਾਰਟੀ ਨੇ ਚੈਕੋਸਲੋਵਾਕੀਆ ਦੀ ਲੋਕਤੰਤਰੀ ਸਰਕਾਰ ਦਾ ਤਖਤਾ ਪਲਟ ਦਿੱਤਾ ਅਤੇ ਵਿਰੋਧੀਆਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ। ਮਿਲਾਡਾ ਨੂੰ 27 ਸਤੰਬਰ 1949 ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਉਸ ਦਾ ਪਤੀ ਪੁਲਿਸ ਦੇ ਹੱਥ ਨਾ ਆਇਆ। ਉਸ ਦੀ ਗੁੰਮਸ਼ੁਦਗੀ ਅੱਜ ਵੀ ਰਹੱਸ ਬਣੀ ਹੋਈ ਹੈ। ਉਨ੍ਹਾਂ ਦੀ ਇਕਲੌਤੀ ਧੀ ਜਾਨਾ ਨੂੰ ਉਸ ਦੀ ਮਾਸੀ ਵੇਰਾ ਨੇ ਪਾਲਿਆ। ਵੇਰਾ ਮਿਲਾਡਾ ਤੋਂ ਕਰੀਬ 12 ਸਾਲ ਛੋਟੀ ਸੀ। ਮਿਲਾਡਾ ‘ਤੇ ਦੇਸ਼-ਧ੍ਰੋਹ ਦਾ ਦੋਸ਼ ਲਾਇਆ ਗਿਆ। ਜੇਲ੍ਹ ਵਿਚ ਮਿਲਾਡਾ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਉਸ ਦਾ ਮਨੋਬਲ ਤੋੜਨ ਅਤੇ ਉਸ ਦਾ ‘ਬ੍ਰੇਨ ਵਾਸ਼’ ਕਰਨ ਲਈ ਉਸ ‘ਤੇ ਬੇਸ਼ੁਮਾਰ ਜ਼ੁਲਮ ਢਾਹੇ ਗਏ। ਉਸ ਨੂੰ ਕਈ-ਕਈ ਘੰਟੇ ਬਰਫੀਲੇ ਪਾਣੀ ਵਿਚ ਖੜ੍ਹੇ ਰੱਖਿਆ ਗਿਆ। ਭੈਭੀਤ ਕਰਨ ਲਈ ਟਿਕੀ ਰਾਤ ਵਿਚ ਭਿਆਨਕ ਚੀਕਾਂ ਦੀ ਰਿਕਾਰਡ ਕੀਤੀ ਅਵਾਜ਼ ਸੁਣਾਈ ਜਾਂਦੀ ਰਹੀ।
ਆਖਰ ਮਿਲਾਡਾ ਦੇ ਮੁਕੱਦਮੇ ਦੀ ਸੁਣਵਾਈ 8 ਜੂਨ 1950 ਨੂੰ ਸ਼ੁਰੂ ਹੋਈ, ਜੋ ਇਕ ਹਫਤਾ ਚੱਲੀ। ਇਹ ਮੁਕੱਦਮਾ ਮਹਿਜ਼ ‘ਸ਼ੋਅ ਟਰਾਇਲ’ ਸੀ (ਇਹ ਕਾਫਕਾ ਦੇ ਨਾਵਲ ‘ਟਰਾਇਲ’ ਤੋਂ ਵੀ ਕਿਤੇ ਵੱਧ ਭਿਆਨਕ ਸੀ। ਇਸ ਨੂੰ ਸੰਜੋਗ ਹੀ ਕਿਹਾ ਜਾ ਸਕਦਾ ਹੈ ਕਿ ‘ਟਰਾਇਲ’ ਦਾ ਲੇਖਕ ਵੀ ਪਰਾਗ ਸ਼ਹਿਰ ਦਾ ਹੀ ਵਾਸੀ ਸੀ)। ਕਮਿਊਨਿਸਟ ਹਕੂਮਤ ਦੇ ਕਾਰਕੁਨਾਂ ਰਾਹੀਂ ਤਿਆਰ ਕੀਤੀ ‘ਸਕ੍ਰਿਪਟ’ ਮਿਲਾਡਾ ਦੇ ਹੱਥ ਵਿਚ ਸੌਂਪ ਦਿੱਤੀ ਗਈ। ਜਨਤਾ ਵਿਚ ਦਹਿਸ਼ਤ ਪੈਦਾ ਕਰਨ ਲਈ ਮੁਕੱਦਮੇ ਦੀ ਰਿਕਾਰਡਿੰਗ ਹਰ ਰੋਜ਼ ਰੇਡੀਓ ਤੋਂ ਨਸ਼ਰ ਕੀਤੀ ਜਾਂਦੀ। ਮਿਲਾਡਾ ਨਾਲ ਉਸ ਦੇ ਕੁਝ ਹੋਰ ਸਾਥੀਆਂ ‘ਤੇ ਵੀ ਮੁਕੱਦਮਾ ਚਲਾਇਆ ਜਾ ਰਿਹਾ ਸੀ। ਮਿਲਾਡਾ ਨੇ ਸਰਕਾਰੀ ਸਕ੍ਰਿਪਟ ਪਰਾਂ ਰੱਖ ਦਿੱਤੀ ਅਤੇ ਬੜੇ ਬੇਬਾਕ ਢੰਗ ਨਾਲ ਆਪਣਾ ਪੱਖ ਜਿਊਰੀ ਸਾਹਮਣੇ ਪੇਸ਼ ਕੀਤਾ। ਉਸ ਨੇ ਆਪਣੀ ਕੁੰਠ ਅਵਾਜ਼ ਵਿਚ ਕਿਹਾ,
“ਜੇ ਮੁਢਲੇ ਮਨੁੱਖੀ ਹੱਕਾਂ ਲਈ ਲੜਨਾ ਅਪਰਾਧ ਹੈ, ਜੇ ਆਜ਼ਾਦੀ ਦੀ ਮੰਗ ਕਰਨਾ ਅਪਰਾਧ ਹੈ, ਜੇ ਸਭ ਲਈ ਨਿਆਂ ਤੇ ਬਰਾਬਰੀ ਦੀ ਮੰਗ ਕਰਨਾ ਅਪਰਾਧ ਹੈ ਤਾਂ ਮੈਂ ਅਜਿਹੇ ਅਪਰਾਧ ਵਾਰ-ਵਾਰ ਕਰਦੀ ਰਹਾਂਗੀ। ਜੇ ਮੈਨੂੰ ਰਿਹਾ ਵੀ ਕਰ ਦਿੱਤਾ ਜਾਂਦਾ ਹੈ ਤਾਂ ਵੀ ਮੈਂ ਆਪਣੀ ਲੜਾਈ ਜਾਰੀ ਰੱਖਾਂਗੀ।”
ਮੁਕੱਦਮਾ ਤਾਂ ਦੁਨੀਆਂ ਸਾਹਮਣੇ ਸਿਰਫ ਇਕ ਵਿਖਾਵਾ ਸੀ। ਫੈਸਲਾ ਤਾਂ ਪਹਿਲਾਂ ਹੀ ਲਿਖਿਆ ਜਾ ਚੁਕਾ ਸੀ, ਸਿਰਫ ਉਸ ਨੂੰ ਸੁਣਾਉਣਾ ਬਾਕੀ ਸੀ। ਉਸ ਨੂੰ ਅਤੇ ਉਸ ਦੇ ਹੋਰ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਖਬਰ ਜਦੋਂ ਅਖਬਾਰਾਂ ਵਿਚ ਛਪੀ ਤਾਂ ਦੁਨੀਆਂ ਭਰ ਦੇ ਸਿਆਸੀ ਆਗੂਆਂ ਅਤੇ ਬੁੱਧੀਜੀਵੀਆਂ ਨੇ ਚੈਕੋਸਲੋਵਾਕੀਆ ਦੇ ਰਾਸ਼ਟਰਪਤੀ ਕਲੇਮੇਂਟ ਗੋਟਾਵਲਾ ਅਤੇ ਸਟਾਲਿਨ ਕੋਲ ਰਹਿਮ ਦੀ ਅਪੀਲ ਕੀਤੀ, ਪਰ ਤਾਨਾਸ਼ਾਹਾਂ ‘ਤੇ ਕੋਈ ਅਸਰ ਨਾ ਹੋਇਆ। ਆਖਰਕਾਰ ਮਿਲਾਡਾ ਨੂੰ ਪਰੇਕਾਂਕ ਜੇਲ੍ਹ ਦੇ ਵਿਹੜੇ ਵਿਚ 27 ਜੂਨ 1950 ਨੂੰ ਸਵੇਰੇ 5.38 ਵਜੇ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਜ਼ੁਲਮ ਦੀ ਹੱਦ ਹੋ ਗਈ, ਜਦੋਂ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਵਾਰਿਸਾਂ ਨੂੰ ਨਾ ਸੌਂਪੀ ਗਈ।
ਫਾਂਸੀ ਲੱਗਣ ਤੋਂ ਪਹਿਲਾਂ ਮਿਲਾਡਾ ਨੇ ਆਪਣੀ ਸੱਸ, ਪਤੀ ਅਤੇ ਧੀ ਦੇ ਨਾਮ ਖਤ ਲਿਖੇ। ਇਨ੍ਹਾਂ ਖਤਾਂ ਨੂੰ ਵੀ ਕਮਿਊਨਿਸਟ ਹਕੂਮਤ ਨੇ ਜ਼ਬਤ ਕਰ ਲਿਆ ਸੀ। ਚੈਕੋਸਲੋਵਾਕੀਆ ਵਿਚ ਜਦੋਂ 1989 ਵਿਚ ਤਾਨਾਸ਼ਾਹੀ ਹਕੂਮਤ ਦਾ ਅੰਤ ਹੋਇਆ ਤਾਂ ਇਹ ਖਤ ਜੇਲ੍ਹ ਦੇ ਰਿਕਾਰਡ ਵਿਚੋਂ ਪ੍ਰਾਪਤ ਹੋਏ। ਮਿਲਾਡਾ ਨੂੰ 1990 ਵਿਚ ਹੀ ਚੈਕੋਸਲੋਵਾਕੀਆ ਵਿਖੇ ਆਪਣੇ ਦੇਸ਼ ਦੀ ‘ਮਹਾਨ ਵੀਰਾਂਗਣਾ’ ਹੋਣ ਦਾ ਮਾਣ-ਸਨਮਾਨ ਹਾਸਲ ਹੋਇਆ।
ਇਹ ਇਕ ਮੰਨਿਆ-ਪ੍ਰਮੰਨਿਆ ਮਨੋਵਿਗਿਆਨਕ ਤੱਥ ਹੈ ਕਿ ਫਾਂਸੀ ਤੋਂ ਪਹਿਲਾਂ ਵੱਡੇ-ਵੱਡੇ ਬਹਾਦਰ ਯੋਧੇ ਵੀ ਆਪਣਾ ਮਾਨਸਿਕ ਸੰਤੁਲਨ ਗਵਾ ਬਹਿੰਦੇ ਹਨ, ਪਰ ਮਿਲਾਡਾ ਨੇ ਜਿਸ ਸ਼ਾਂਤ, ਸੰਤੁਲਿਤ ਤਾਰਕਿਕ ਅਤੇ ਠਰ੍ਹੰਮੇ ਨਾਲ ਇਹ ਖਤ ਲਿਖੇ ਸਨ, ਉਹ ਉਸ ਦੇ ਬੇਮਿਸਾਲ ਹੌਸਲੇ ਤੇ ਨੈਤਿਕ ਸ਼ਕਤੀ ਦੇ ਪ੍ਰਤੀਕ ਹਨ। ਮਿਲਾਡਾ ਦਾ ਆਪਣੀ ਧੀ ਜਾਨਾ ਦੇ ਨਾਮ ਲਿਖਿਆ ਖਤ ਪਾਠਕਾਂ ਦੇ ਰੂ-ਬ-ਰੂ ਹੈ, ਜਿਸ ਖਤ ਦਾ ਹਰਫ-ਹਰਫ ਜ਼ਿੰਦਗੀ ਵਿਚ ਉਤਾਰਨ ਵਾਲਾ ਹੈ:
ਮੇਰੀ ਪਿਆਰੀ ਬੇਟੀ ਜਾਨਾ,
ਮੇਰੀ ਕੁੱਖੋਂ ਜਨਮ ਲੈ ਕੇ ਤੂੰ ਮੈਨੂੰ ਸੰਪੂਰਨ ਔਰਤ ਬਣਾ ਦਿੱਤਾ। ਤੇਰੇ ਪਿਤਾ ਨੇ ਜਰਮਨ ਦੀ ਜੇਲ੍ਹ ਵਿਚ ਤੇਰੇ ਲਈ ਕਵਿਤਾ ਲਿਖੀ ਸੀ,
ਪਰਮਾਤਮਾ ਨੇ ਤੈਨੂੰ
ਵਰਦਾਨ ਦੇ ਰੂਪ ਵਿਚ ਸਾਨੂੰ ਭੇਟ ਕੀਤਾ ਹੈ
ਕਿਉਂਕਿ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ।
ਤੇਰੇ ਮਿਕਨਾਤੀਸੀ ਪਿਤਾ ਦੇ ਬੇਅੰਤ ਪਿਆਰ ਪਿਛੋਂ ਮੇਰੀ ਤਕਦੀਰ ਨੇ ਮੈਨੂੰ ਜੋ ਸਭ ਤੋਂ ਵੱਡੀ ਸੌਗਾਤ ਬਖਸ਼ੀ ਹੈ, ਉਹ ਤੂੰ ਹੈਂ ਪਰ ਮੇਰੀ ਕਿਸਮਤ ਨੇ ਮੇਰੀ ਜ਼ਿੰਦਗੀ ਦਾ ਤਾਣਾ-ਬਾਣਾ ਕੁਝ ਇਸ ਤਰ੍ਹਾਂ ਬੁਣਿਆ ਕਿ ਮੈਂ ਤੈਨੂੰ ਉਹ ਕੁਝ ਨਹੀਂ ਦੇ ਸਕੀ, ਜੋ ਦੇਣਾ ਚਾਹੁੰਦੀ ਸਾਂ। ਇਸ ਦਾ ਕਾਰਨ ਇਹ ਬਿਲਕੁਲ ਨਹੀਂ ਕਿ ਮੇਰੇ ਪਿਆਰ ਵਿਚ ਕੋਈ ਕਮੀ ਸੀ। ਮੈਂ ਤੈਨੂੰ ਓਨੀ ਹੀ ਸ਼ਿੱਦਤ ਨਾਲ ਪਿਅਰ ਕਰਦੀ ਹਾਂ, ਜਿੰਨੀ ਸ਼ਿੱਦਤ ਨਾਲ ਇਸ ਦੁਨੀਆਂ ਦੀ ਹਰ ਮਾਂ ਆਪਣੀ ਧੀ ਨਾਲ ਕਰਦੀ ਹੈ। ਮੈਂ ਆਪਣਾ ਇਹ ਫਰਜ਼ ਸਮਝਦੀ ਸਾਂ ਕਿ ਮੈਂ ਤੇਰੇ ਲਈ ਕੁਝ ਚੰਗਾ ਕਰਾਂ ਤੇ ਇਹ ਯਕੀਨੀ ਬਣਾਵਾਂ ਕਿ ਤੇਰੀ ਜ਼ਿੰਦਗੀ ਹਰ ਲਿਹਾਜ਼ ਨਾਲ ਬਿਹਤਰ ਅਤੇ ਸੋਹਣੀ ਹੋਵੇ, ਪਰ ਇਹ ਉਸ ਸੂਰਤ ਵਿਚ ਹੀ ਸੰਭਵ ਹੋ ਸਕਦਾ ਸੀ, ਜੇ ਤੇਰੇ ਜਿਹੇ ਸਭ ਬੱਚਿਆਂ ਨੂੰ ਸੋਹਣੀ ਜ਼ਿੰਦਗੀ ਨਸੀਬ ਹੋਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਮੈਂ ਰੁੱਝੀ ਰਹੀ ਤੇ ਸਾਨੂੰ ਇਕ ਦੂਜੇ ਤੋਂ ਦੂਰ ਰਹਿਣਾ ਪਿਆ। ਇਸ ਨੂੰ ਕਿਸਮਤ ਦਾ ਹੇਰ-ਫੇਰ ਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਫੇਰ ਜੁਦਾ ਹੋ ਰਹੇ ਹਾਂ ਤੇ ਇਸ ਵਾਰ ਮੈਂ ਕਦੇ ਵਾਪਿਸ ਨਹੀਂ ਆਵਾਂਗੀ। ਇਹ ਪੜ੍ਹ ਕੇ ਨਾ ਉਦਾਸ ਹੋਵੀਂ ਤੇ ਨਾ ਭੈ-ਭੀਤ।
ਮੇਰੀ ਬੱਚੀ! ਚੰਗਾ ਹੋਵੇਗਾ ਜੇ ਤੂੰ ਇਹ ਗੱਲ ਬਿਨਾ ਕਿਸੇ ਹੋਰ ਦੇਰੀ ਤੋਂ ਸਿੱਖ ਲਵੇਂ ਕਿ ਜ਼ਿੰਦਗੀ ਬਹੁਤ ਹੀ ਕਠੋਰ ਤੇ ਕਠਿਨ ਹੈ। ਇਹ ਕਿਸੇ ਨਾਲ ਵੀ ਲਾਡ ਨਹੀਂ ਲਡਾਉਂਦੀ। ਜੇ ਇਹ ਇਕ ਵਾਰ ਪਿਆਰ ਨਾਲ ਪਿੱਠ ਥਾਪੜਦੀ ਹੈ ਤਾਂ ਦਸ ਵਾਰ ਥਪੇੜੇ ਵੀ ਮਾਰਦੀ ਹੈ। ਇਸ ਹਾਲਤ ਨਾਲ ਜਿੰਨੀ ਜਲਦੀ ਹੋ ਸਕੇ, ਸਮਝੌਤਾ ਕਰ ਲਵੀਂ। ਜ਼ਿੰਦਗੀ ਦੀਆਂ ਔਕੜਾਂ ‘ਤੇ ਜਿੱਤ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਤੇਰਾ ਹੌਸਲਾ ਬੁਲੰਦ ਹੋਵੇ ਤੇ ਤੇਰੀ ਨਜ਼ਰ ਹਮੇਸ਼ਾ ਤੇਰੇ ਟੀਚੇ ‘ਤੇ ਟਿਕੀ ਹੋਵੇ। ਅਜੇ ਬਹੁਤ ਕੁਝ ਅਜਿਹਾ ਹੈ, ਜੋ ਤੇਰੀ ਸੋਚ ਤੋਂ ਪਰ੍ਹਾਂ ਹੈ। ਉਨ੍ਹਾਂ ਸਭ ਗੱਲਾਂ ਦਾ ਖੁਲਾਸਾ ਕਰਨ ਲਈ ਮੇਰੇ ਕੋਲ ਸਮਾਂ ਹੀ ਨਹੀਂ ਬਚਿਆ। ਮੇਰੇ ਕੋਲ ਤੇਰੇ ਸਵਾਲਾਂ ਦਾ ਜਵਾਬ ਦੇਣ ਦੀ ਮੋਹਲਤ ਵੀ ਨਹੀਂ ਹੈ।
ਹੋ ਸਕਦਾ ਹੈ ਕਿ ਤੂੰ ਵੱਡੀ ਹੋ ਕੇ ਹੈਰਾਨੀ ਨਾਲ ਇਹ ਸੋਚੇਂ ਕਿ ਤੇਰੀ ਮਾਂ, ਜਿਸ ਲਈ ਤੂੰ ਰੱਬ ਦਾ ਸਭ ਤੋਂ ਵੱਡਾ ਵਰਦਾਨ ਸੀ, ਉਸ ਨੇ ਆਪਣੀ ਜ਼ਿੰਦਗੀ ਦੀ ਵਿਉਂਤਬੰਦੀ ਇੰਨੇ ਅਨੋਖੇ ਢੰਗ ਨਾਲ ਕਿਉਂ ਕੀਤੀ? ਸੋਚਦਿਆਂ-ਸੋਚਦਿਆਂ ਤੂੰ ਖੁਦ ਹੀ ਕਿਸੇ ਸਿੱਟੇ ‘ਤੇ ਅੱਪੜ ਜਾਵੇਂਗੀ। ਸ਼ਾਇਦ ਤੇਰਾ ਸਿੱਟਾ ਮੇਰੇ ਵਿਸ਼ਲੇਸ਼ਣਾਂ ਤੋਂ ਬਿਹਤਰ ਹੋਵੇਗਾ। ਮੇਰੀ ਜਾਚੇ ਜਦੋਂ ਤੂੰ ਸਾਰੇ ਤੱਥ ਜਾਣ ਲਵੇਂਗੀ ਤਾਂ ਤੂੰ ਸਾਰੇ ਹਾਲਾਤ ਦਾ ਸਹੀ ਪ੍ਰਸੰਗ ਵਿਚ ਮੁਲੰਕਣ ਕਰਨ ਦੇ ਯੋਗ ਹੋ ਜਾਵੇਂਗੀ।
ਸਿਰਫ ਕਿਤਾਬਾਂ ਤੋਂ ਹੀ ਨਹੀਂ, ਲੋਕਾਂ ਤੋਂ ਵੀ ਸਿੱਖੋ-ਸਭ ਕਿਸਮ ਦੇ ਲੋਕਾਂ ਤੋਂ, ਭਾਵੇਂ ਉਹ ਕਿੰਨੇ ਹੀ ਆਮ ਤੇ ਖਾਸ ਹੋਣ। ਦੁਨੀਆਂ ‘ਚ ਅੱਖਾਂ ਖੋਲ੍ਹ ਕੇ ਵਿਚਰੋ। ਸਿਰਫ ਆਪਣੇ ਫਾਇਦੇ-ਨੁਕਸਾਨ ਬਾਰੇ ਹੀ ਨਾ ਸੋਚੋ, ਸਗੋਂ ਹੋਰ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਆਸਾਂ-ਉਮੀਦਾਂ ਬਾਰੇ ਵੀ ਵਿਚਾਰ ਕਰੋ। ਕਿਸੇ ਵੀ ਗੱਲ ਨੂੰ ਲੈ ਕੇ ਇਹ ਨਾ ਕਹਿਣਾ ਕਿ ਮੇਰਾ ਇਸ ਗੱਲ ਨਾਲ ਕੀ ਵਾਸਤਾ! ਨਹੀਂ, ਹਰ ਚੀਜ਼ ਨਾਲ ਤੁਹਾਡਾ ਵਾਸਤਾ ਹੈ, ਹਰ ਚੀਜ਼ ਵਿਚ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ, ਤੇ ਹਰ ਗੱਲ ਬਾਰੇ ਤੈਨੂੰ ਸੋਚਣਾ-ਵਿਚਾਰਨਾ ਚਾਹੀਦਾ ਹੈ ਤੇ ਉਸ ‘ਤੇ ਡੂੰਘਾ ਚਿੰਤਨ ਕਰਨਾ ਚਾਹੀਦਾ ਹੈ। ਕੋਈ ਵੀ ਮਨੁੱਖ ਇਕੱਲਿਆਂ ਨਹੀਂ ਜੀਅ ਸਕਦਾ। ਇਕੱਠ ਵਿਚ ਰਹਿ ਕੇ ਖੁਸ਼ੀ ਹਾਸਲ ਹੁੰਦੀ ਹੈ ਤੇ ਦੂਜਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ। ਸਾਡੀ ਜ਼ਿੰਮੇਵਾਰੀ ਆਪਣੇ ਬਾਰੇ ਨਹੀਂ, ਲੋਕਾਂ ਲਈ ਹੈ। ਆਪਣੇ ਨਿਜੀ ਹਿਤਾਂ ਨੂੰ ਲੋਕਾਈ ਦੇ ਹਿਤਾਂ ‘ਤੇ ਵਾਰ ਦੇਣਾ ਹੀ ਤੇਰੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ।
ਮੈਂ ਇਹ ਨਹੀਂ ਚਾਹੁੰਦੀ ਕਿ ਤੂੰ ਲੋਕਾਂ ਦੀ ਭੀੜ ਦਾ ਹਿੱਸਾ ਬਣ ਕੇ ਆਪਣੇ ਨਿੱਜ ਨੂੰ ਹੀ ਗਵਾ ਬੈਠੇਂ। ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਤੇਰੇ ਲਈ ਇਹ ਭਲੀ-ਭਾਂਤ ਜਾਣਨਾ ਜ਼ਰੂਰੀ ਹੈ ਕਿ ਤੂੰ ਸਭ ਲੋਕਾਂ ‘ਚੋਂ ਇਕ ਇਕਾਈ ਹੈਂ ਤੇ ਤੇਰਾ ਫਰਜ਼ ਬਣਦਾ ਹੈ ਕਿ ਤੂੰ ਆਪਣੇ ਜਿਹੇ ਲੋਕਾਂ ਦੀ ਭਲਾਈ ਲਈ ਆਪਣਾ ਸਭ ਕੁਝ ਵਾਰ ਦੇਵੇਂ। ਜੇ ਤੂੰ ਅਜਿਹਾ ਕਰਨ ਵਿਚ ਸਫਲ ਹੋ ਸਕੇਂ ਤਾਂ ਮੈਂ ਸਮਝਾਂਗੀ ਕਿ ਤੂੰ ਜਨਹਿਤ ਲਈ ਆਪਣੀ ਜ਼ਿੰਦਗੀ ਲੇਖੇ ਲਾਈ ਹੈ।
ਇਕ ਸੰਕਲਪ ‘ਤੇ ਮੈਥੋਂ ਵੀ ਵੱਧ ਪਹਿਰਾ ਦੇਵੀਂ, ਜ਼ਿੰਦਗੀ ਵਿਚ ਹਰ ਚੀਜ਼ ਨੂੰ ਸਕਾਰਾਤਮਕ ਦ੍ਰਿਸ਼ਟੀ ਨਾਲ ਵੇਖਣਾ, ਨਾਂਹ ਪੱਖੀ ਸੋਚ ਤੋਂ ਜਿੰਨਾ ਬਚ ਸਕੇਂ, ਬਚੀਂ; ਪਰ ਜਿੱਥੇ ਕਿਤੇ ਵੀ ਬੁਰਾਈ ਵੇਖੇਂ, ਉਸ ਦਾ ਬਹਾਦਰੀ ਨਾਲ ਮੁਕਾਬਲਾ ਕਰੀਂ। ਹਰ ਹਾਲਤ ਵਿਚ ਸਕਾਰਾਤਮਕ ਸੋਚ ਰੱਖਣ ਵਾਲੇ ਆਦਮੀ ਕੋਲ ਵਿਵੇਕ-ਬੁਧੀ ਹੋਣੀ ਲਾਜ਼ਮੀ ਹੈ ਤਾਂ ਜੋ ਉਹ ਖਰੇ ਤੇ ਖੋਟੇ ਸੋਨੇ ਦਾ ਭੇਤ ਝੱਟ ਜਾਣ ਸਕੇ। ਮੇਰੀ ਪਿਆਰੀ ਬੇਟੀ! ਇਹ ਭੇਦ ਕਰਨਾ ਕਦੇ-ਕਦੇ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਨਕਲੀ ਚਮਕ ਅੱਖਾਂ ਨੂੰ ਇਸ ਕਦਰ ਚੁੰਧਿਆ ਦਿੰਦੀ ਹੈ ਕਿ ਆਦਮੀ ਆਪਣੇ ਹੱਥ ‘ਚ ਫੜੀ ਅਸਲੀ ਸੋਨੇ ਦੀ ਡਲੀ ਨੂੰ ਪਰਾਂ ਸੁੱਟ ਕੇ ਨਕਲੀ ਚਮਕ-ਦਮਕ ਵਾਲੀ ਚੀਜ਼ ਦੇ ਲੋਭ ਤੋਂ ਬਚ ਨਹੀਂ ਸਕਦਾ।
ਆਪਣੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦੀ ਤੱਕੜੀ ਨੂੰ ਸਮਤੋਲ ਰੱਖਣ ਲਈ ਸਿਰਫ ਆਪਣੇ-ਆਪ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਹੀ ਕਾਫੀ ਨਹੀਂ, ਉਸ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਕਦੇ-ਕਦਾਈਂ ਆਪਣੇ ਚਰਿੱਤਰ ਦਾ ਕਠੋਰਤਾ ਨਾਲ ਜਾਇਜ਼ਾ ਵੀ ਲਿਆ ਜਾਵੇ। ਆਪਣੇ ਇਰਦ-ਗਿਰਦ ਦੇ ਸੰਸਾਰ ਬਾਰੇ ਜਿੰਨਾ ਵੀ ਜਾਣ ਸਕੋ, ਜਾਣਨ ਦੀ ਕੋਸ਼ਿਸ਼ ਕਰੋ। ਸੰਖੇਪ ਵਿਚ ਮੈਂ ਕਹਿਣਾ ਚਾਹਾਂਗੀ ਕਿ ‘ਜਾਣੂ ਹੋਣਾ, ਗਿਆਨਵਾਨ ਹੋਣਾ ਹੈ।’
ਆਪਣੇ ਕੰਨ ਕਦੇ ਵੀ ਬੰਦ ਨਹੀਂ ਕਰਨੇ। ਹੋਰਨਾਂ ਦੇ ਵਿਚਾਰ ਸੁਣਨ ਤੋਂ ਕਦੇ ਨਾਂਹ ਨਹੀਂ ਕਰਨੀ, ਭਾਵੇਂ ਉਹ ਤੈਨੂੰ ਪ੍ਰੇਸ਼ਾਨ ਕਰਨ ਵਾਲੇ ਹੀ ਕਿਉਂ ਨਾ ਹੋਣ। ਸਭ ਗੱਲਾਂ ਦੀ ਪਰਖ ਕਰੋ, ਉਨ੍ਹਾਂ ‘ਤੇ ਗੰਭੀਰਤਾ ਨਾਲ ਸੋਚੋ। ਆਪਣੀ ਆਲੋਚਨਾ ਸਭ ਤੋਂ ਵੱਧ ਕਰੋ। ਜਦੋਂ ਵੀ ਤੈਨੂੰ ਸਹੀ ਤੱਥ ਪਤਾ ਲੱਗਣ ਤਾਂ ਉਨ੍ਹਾਂ ਨੂੰ ਸਵੀਕਾਰ ਕਰਨ ਵਿਚ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ, ਬੇਸ਼ਕ ਤੂੰ ਕੁਝ ਸਮਾਂ ਪਹਿਲਾਂ ਹੀ ਤਾਕਤ ਨਾਲ ਉਸ ਦੇ ਉਲਟ ਕੋਈ ਤੱਥ ਪੇਸ਼ ਕੀਤਾ ਹੋਵੇ। ਆਪਣੀ ਕਹੀ ਗੱਲ ਨੂੰ ਸੱਚ ਮੰਨਣਾ ਅਤੇ ਉਸ ਨੂੰ ਮੰਨਵਾਉਣ ਦੀ ਜ਼ਿਦ ਠੀਕ ਨਹੀਂ। ਜਦੋਂ ਤੈਨੂੰ ਕਿਸੇ ਗੱਲ ਦੀ ਸੱਚਾਈ ਦਾ ਪਤਾ ਲੱਗ ਜਾਵੇ ਤਾਂ ਫਿਰ ਤੈਨੂੰ ਉਸ ਲਈ ਲੜਨ-ਮਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਵਾਲਟੇਅਰ ਨੇ ਕਿਹਾ ਹੈ, ‘ਮੌਤ ਬੁਰੀ ਨਹੀਂ ਹੈ, ਜਿਉਂਦੇ ਜੀਅ ਕਿਸ਼ਤ-ਦਰ-ਕਿਸ਼ਤ ਮਰਨਾ ਬੁਰੀ ਗੱਲ ਹੈ, ਸਰਾਪ ਹੈ।’ ਮੇਰੀਏ ਧੀਏ! ਇਹ ਹਾਲਤ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਕੋਈ ਆਦਮੀ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਟੁੱਟ ਕੇ ਜਿਉਣ ਲੱਗਦਾ ਹੈ।
ਤਕਦੀਰ ਜਿਸ ਥਾਂ ਦੀ ਤੁਹਾਡੇ ਲਈ ਚੋਣ ਕਰਦੀ ਹੈ, ਉਥੇ ਹੀ ਆਪਣੀਆਂ ਜੜ੍ਹਾਂ ਜਮਾ ਲਵੋ। ਤਕਦੀਰ ਖੁਦ ਹੀ ਜ਼ਿੰਦਗੀ ਵਿਚ ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਆਪਣੀ ਪੂਰੀ ਜ਼ਾਤੀ ਆਜ਼ਾਦੀ ਨਾਲ ਇਹ ਚੋਣ ਕਰੋ ਤਾਂ ਜੋ ਫਿਰ ਕੋਈ ਵੀ ਤੁਹਾਨੂੰ ਆਪਣੇ ਚੁਣੇ ਹੋਏ ਰਸਤੇ ਤੋਂ ਭਟਕਾ ਨਾ ਸਕੇ। ਇਥੋਂ ਤੱਕ ਕਿ ਤੁਹਾਡੇ ਮਾਂ-ਬਾਪ ਦੀਆਂ ਯਾਦਾਂ ਵੀ ਇਸ ਵਿਚ ਵਿਘਨ ਨਾ ਪਾ ਸਕਣ। ਬਸ, ਕਦੇ ਵੀ ਉਸ ਰਾਹ ‘ਤੇ ਨਾ ਤੁਰਨਾ, ਜੋ ਗਲਤ ਅਤੇ ਬੇਈਮਾਨ ਹੋਵੇ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖਿਲਾਫ ਹੋਵੇ।
ਮੈਂ ਕਈ ਵਾਰ ਆਪਣੇ ਵਿਚਾਰ ਬਦਲੇ, ਆਪਣੀਆਂ ਮਾਨਤਾਵਾਂ ਨੂੰ ਪੁਨਰ-ਪਰਿਭਾਸ਼ਤ ਵੀ ਕੀਤਾ, ਪਰ ਮੈਂ ਕਦੇ ਵੀ ਜ਼ਿੰਦਗੀ ਦੇ ਮੁਢਲੇ ਨੈਤਿਕ ਸਿਧਾਂਤਾਂ ਦਾ ਪੱਲਾ ਨਹੀਂ ਛੱਡਿਆ। ਉਸ ਤੋਂ ਬਿਨਾ ਮੈਂ ਆਪਣੀ ਹੋਂਦ ਦੀ ਕਲਪਨਾ ਹੀ ਨਹੀਂ ਸਾਂ ਕਰ ਸਕਦੀ। ਇਹੋ ਮੇਰੀ ਅੰਤਰ-ਆਤਮਾ ਦੀ ਆਜ਼ਾਦੀ ਹੈ। ਮੈਂ ਸਹੀ ਸੀ ਜਾਂ ਗਲਤ, ਇਸ ਦਾ ਫੈਸਲਾ ਮੈਂ ਤੇਰੇ ‘ਤੇ ਛੱਡਦੀ ਹਾਂ।
ਜ਼ਿੰਦਗੀ ਵਿਚ ਦੂਜੀ ਅਹਿਮ ਚੀਜ਼ ਹੈ, ਕੰਮ। ਆਪਣੇ ਕੰਮ ਨਾਲ ਪਿਆਰ ਕਰੋ। ਕੰਮ ਕੋਈ ਵੀ ਹੋਵੇ, ਉਸ ਨੂੰ ਪੂਰੀ ਤਨਦੇਹੀ ਨਾਲ ਕਰੋ। ਫਿਰ ਕੋਈ ਡਰ ਨਹੀਂ; ਸਭ ਕੁਝ ਆਪਣੇ ਆਪ ਸਹੀ ਹੁੰਦਾ ਜਾਵੇਗਾ। ਜ਼ਿੰਦਗੀ ਵਿਚ ਪਿਆਰ ਦੀ ਅਹਿਮੀਅਤ ਨੂੰ ਕਦੇ ਨਾ ਭੁੱਲਣਾ। ਇਸ ਵੇਲੇ ਮੈਂ ਉਸ ‘ਲਾਲ ਗੁਲਾਬ’ ਬਾਰੇ ਨਹੀਂ ਸੋਚ ਰਹੀ ਹਾਂ, ਜੋ ਕਿਸੇ ਨਾ ਕਿਸੇ ਦਿਨ ਤੇਰੇ ਦਿਲ ਦੇ ਬਗੀਚੇ ਵਿਚ ਜ਼ਰੂਰ ਖਿੜੇਗਾ। ਜੇ ਕਿਸਮਤ ਮਿਹਰਬਾਨ ਹੋਈ ਤਾਂ ਜਦੋਂ ਵੀ ਤੂੰ ਆਪਣੇ ਦਿਲ ‘ਚ ਖਿੜੇ ਲਾਲ ਗੁਲਾਬ ਵਰਗਾ ਫੁੱਲ ਕਿਸੇ ਦੇ ਦਿਲ ਵਿਚ ਵੇਖੇਂਗੀ ਤਾਂ ਤੇਰੇ ਅਤੇ ਉਸ ਦੇ ਰਾਹ ਇਕ ਦੂਜੇ ਵਿਚ ਸਮੋ ਜਾਣਗੇ। ਮੈਂ ਪਿਆਰ ਦੇ ਸੰਕਲਪ ਬਾਰੇ ਗੱਲ ਕਰ ਰਹੀ ਹਾਂ, ਜਿਸ ਬਿਨਾ ਜ਼ਿੰਦਗੀ ਖੁਸ਼ਗਵਾਰ ਨਹੀਂ ਹੋ ਸਕਦੀ। ਪਿਆਰ ਨੂੰ ਕਦੇ ਟੁਕੜਿਆਂ ਵਿਚ ਨਾ ਵੰਡੀਂ। ਇਸ ਨੂੰ ਸੱਚੇ ਮਨ ਨਾਲ ਸੰਪੂਰਨ ਰੂਪ ਵਿਚ ਸਵੀਕਾਰ ਕਰਨਾ। ਮੇਰੀ ਜਾਨਾ! ਪਤਾ ਨਹੀਂ ਆਪਣਾ ਜੀਵਨ-ਸਾਥੀ ਪਾਉਣ ਵਿਚ ਤੂੰ ਆਪਣੀ ਮਾਂ ਜਿੰਨੀ ਹੀ ਭਾਗਸ਼ਾਲੀ ਹੋਵੇਂਗੀ ਜਾਂ ਨਹੀਂ, ਮੈਂ ਚਾਹੁੰਦੀ ਹਾਂ ਕਿ ਤੈਨੂੰ ਵੀ ਅਜਿਹੇ ਖੂਬਸੂਰਤ ਇਨਸਾਨ ਦਾ ਸਾਥ ਹਾਸਲ ਹੋਵੇ, ਜਿਹੋ ਜਿਹੇ ਜ਼ਹੀਨ ਇਨਸਾਨ ਦਾ ਸਾਥ ਮੈਨੂੰ ਹਾਸਲ ਹੋਇਆ।
ਤੇਰੇ ਲਈ ਪੇਪਿਕ ਅਤੇ ਵਰਸੂਕਾ ਜਿਸ ਤਰ੍ਹਾਂ ਵੀ ਕੁਰਬਾਨੀ ਕਰ ਰਹੀਆਂ ਹਨ, ਆਪਣੇ ਪਿਆਰ ਤੇਰੇ ਤੋਂ ਵਾਰ ਰਹੀਆਂ ਹਨ, ਉਸ ਲਈ ਹਮੇਸ਼ਾ ਤੂੰ ਉਨ੍ਹਾਂ ਪ੍ਰਤੀ ਵਫਾਦਾਰ ਰਹੀਂ। ਉਨ੍ਹਾਂ ਨਾਲ ਰਲ-ਮਿਲ ਕੇ ਖੁਸ਼ੀਆਂ ਦੀ ਬੁਨਿਆਦ ਨੂੰ ਹੋਰ ਪੁਖਤਾ ਕਰਨਾ। ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਾ। ਅਜਿਹਾ ਕਰਕੇ ਸ਼ਾਇਦ ਤੇਰੇ ਅੰਦਰ ਵੀ ਉਨ੍ਹਾਂ ਵਾਲੇ ਸੁਨਹਿਰੀ ਗੁਣ ਆ ਸਕਣ।
ਮੈਨੂੰ ਮੇਰੇ ਕਾਨੂੰਨੀ ਸਲਾਹਕਾਰ ਤੋਂ ਇਹ ਜਾਣ ਕੇ ਖੁਸ਼ੀ ਹੋਈ ਕਿ ਤੂੰ ਸਕੂਲ ਵਿਚ ਬਹੁਤ ਚੰਗੀ ਤਰ੍ਹਾਂ ਪੜ੍ਹਾਈ ਕਰ ਰਹੀ ਹੈਂ ਅਤੇ ਅਗਾਂਹ ਪੜ੍ਹਨਾ ਚਾਹੁੰਦੀ ਹੈ। ਜੇ ਜ਼ਿੰਦਗੀ ਬਸਰ ਕਰਨ ਲਈ ਪੜ੍ਹਾਈ ਛੱਡ ਕੇ ਕੋਈ ਕੰਮ ਕਰਨਾ ਪਵੇ ਤਾਂ ਵੀ ਹਰਗਿਜ਼ ਪੜ੍ਹਨਾ-ਲਿਖਣਾ ਨਹੀਂ ਛੱਡਣਾ। ਮੈਂ ਤਾਂ ਤੈਨੂੰ ਡਾਕਟਰ ਬਣਿਆ ਵੇਖਣਾ ਚਾਹੁੰਦੀ ਸੀ। ਤੈਨੂੰ ਯਾਦ ਹੋਵੇਗਾ, ਸੋ ਇਸ ਬਾਬਤ ਕਿੰਨੀਆਂ ਗੱਲਾਂ ਕਰਦੀ ਹੁੰਦੀ ਸੀ। ਹੁਣ ਤਾਂ ਇਸ ਗੱਲ ਦਾ ਫੈਸਲਾ ਹਾਲਾਤ ‘ਤੇ ਨਿਰਭਰ ਕਰਦਾ ਹੈ। ਜੇ ਤੂੰ ਡਾਕਟਰੀ ਦਾ ਡਿਪਲੋਮਾ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਂ ਤਾਂ ਸਰਟੀਫਿਕੇਟ ਨਾਲ ਅਜਿਹੀ ਯੋਗਤਾ ਲੈ ਕੇ ਆਵੀਂ, ਜਿਸ ਨਾਲ ਬਿਮਾਰੀ ਨਾਲ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲ ਸਕੇ…ਤੇਰੀ ਮਾਂ ਨੂੰ ਉਸ ਦਿਨ ਬੇਹੱਦ ਖੁਸ਼ੀ ਹੋਵੇਗੀ, ਪਰ ਯਕੀਨ ਰੱਖੀਂ, ਤੇਰੀ ਮਾਂ ਤੈਨੂੰ ਹਰ ਹਾਲ ਵਿਚ ਵੇਖ ਕੇ ਖੁਸ਼ ਹੋਵੇਗੀ। ਚਾਹੇ ਤੂੰ ਆਪਣੇ ਬੱਚਿਆਂ ਨੂੰ ਝੂਲੇ ਵਿਚ ਲੋਰੀ ਦੇ ਕੇ ਸੁਲਾ ਰਹੀ ਹੋਵੇਂ ਜਾਂ ਰਸੋਈ ਵਿਚ ਖਾਣਾ ਤਿਆਰ ਕਰ ਰਹੀ ਹੋਵੇਂ। ਕੁਝ ਵੀ ਕਰੀਂ; ਪੂਰੀ ਲਗਨ, ਇਮਾਨਦਾਰੀ, ਤਨਦੇਹੀ ਅਤੇ ਖੁਸ਼ੀ-ਖੁਸ਼ੀ ਕਰੀਂ। ਫਿਰ ਹੀ ਤੈਨੂੰ ਸਕੂਨ ਹਾਸਲ ਹੋਵੇਗਾ।
ਜ਼ਿੰਦਗੀ ਤੋਂ ਕਦੇ ਕੁਝ ਮੰਗਣਾ ਨਹੀਂ। ਆਪਣਾ ਟੀਚਾ ਹਮੇਸ਼ਾ ਉਚਾ ਰੱਖਣਾ ਹੈ। ਮੰਗਣਾ ਤੋਂ ਮੇਰਾ ਭਾਵ ਹੈ, ਆਪਣੇ ਸੁਆਰਥ ‘ਤੇ ਕਾਬੂ ਪਾਉਣਾ ਹੈ। ਯਾਦ ਰੱਖੀਂ, ਜਿਸ ਮੁਸ਼ਕਿਲ ਘੜੀ ਜੋ ਤੂੰ ਹੁਣ ਲੰਘਣ ਵਾਲੀ ਹੈਂ, ਉਸ ਵਿਚ ਤੇਰੇ ਦਾਦਾ-ਦਾਦੀ, ਵੇਰਾ ਤੇ ਪੇਪਿਕ ਤੇਰੀ ਹਰ ਮੁਮਕਿਨ ਢੰਗ ਨਾਲ ਮਦਦ ਕਰਨਗੇ। ਜੋ ਕੁਝ ਉਨ੍ਹਾਂ ਕੋਲ ਹੈ, ਉਹ ਤੇਰੇ ਤੋਂ ਵਾਰ ਦੇਣਗੇ। ਉਹ ਤੈਨੂੰ ਉਹ ਕੁਝ ਵੀ ਦੇਣ ਦਾ ਯਤਨ ਕਰਨਗੇ, ਜੋ ਉਨ੍ਹਾਂ ਦੀ ਪਹੁੰਚ ਵਿਚ ਨਹੀਂ ਹੈ, ਪਰ ਤੂੰ ਕਦੇ ਵੀ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਹਰ ਨਾ ਕਰੀਂ। ਸਾਦਗੀ ਵਿਚ ਜਿਉਣਾ ਸਿੱਖੀਂ। ਜੇ ਸਾਦਗੀ ਤੇਰੀ ਆਦਤ ਬਣ ਗਈ ਤਾਂ ਫਿਰ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਵਿਖਾਈ ਨਹੀਂ ਦੇਵੇਗੀ। ਸਾਦਗੀ ਭਰਪੂਰ ਜ਼ਿੰਦਗੀ ਜਿਉਣ ਵਾਲਾ ਆਦਮੀ ਫਜ਼ੂਲ ਜਿਹੇ ਝੰਜਟਾਂ ਤੋਂ ਦੂਰ ਰਹਿੰਦਾ ਹੈ। ਸਾਦਗੀ ਨੂੰ ਮੈਂ ਖੁਦ ਆਪਣੀ ਜ਼ਿੰਦਗੀ ਵਿਚ ਅਪਨਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਸ ਤੋਂ ਬੜੀ ਅਜੀਬ ਜਿਹੀ ਸ਼ਕਤੀ ਅਤੇ ਸ਼ਾਂਤੀ ਮਿਲਦੀ ਹੈ।
ਵੱਧ ਤੋਂ ਵੱਧ ਪੜ੍ਹੀਂ। ਵੱਧ ਤੋਂ ਵੱਧ ਭਾਸ਼ਾਵਾਂ ਵਿਚ ਨਿਪੁੰਨਤਾ ਹਾਸਲ ਕਰੀਂ। ਆਪਣੀ ਸ਼ਖਸੀਅਤ ਵਿਚ ਨਿਖਾਰ ਪੈਦਾ ਕਰੀਂ। ਮੇਰੀ ਜ਼ਿੰਦਗੀ ਵਿਚ ਅਜਿਹਾ ਪੜਾਅ ਵੀ ਆਇਆ ਸੀ, ਜਦੋਂ ਮੈਂ ਦਿਨ-ਰਾਤ ਕਿਤਾਬਾਂ ਪੜ੍ਹਦੀ ਹੁੰਦੀ ਸੀ। ਫਿਰ ਅਜਿਹਾ ਸਮਾਂ ਵੀ ਆਇਆ ਕਿ ਮੈਂ ਕੰਮ ਵਿਚ ਐਨੀ ਮਸ਼ਗੂਲ ਹੋ ਗਈ ਕਿ ਕਿਸੇ ਕਿਤਾਬ ਨੂੰ ਹੱਥ ਹੀ ਨਹੀਂ ਲਾ ਸਕੀ। ਇਹ ਮੇਰੇ ਲਈ ਸ਼ਰਮਨਾਕ ਗੱਲ ਸੀ। ਹੁਣ ਮੈਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੜ੍ਹ ਰਹੀ ਹਾਂ। ਕੁਝ ਅਜਿਹੀਆਂ ਪੁਸਤਕਾਂ ਵੀ, ਜੋ ਸ਼ਾਇਦ ਜੇਲ੍ਹ ਤੋਂ ਬਾਹਰ ਮੈਨੂੰ ਦਿਲਚਸਪ ਨਾ ਲਗਦੀਆਂ। ਦੁਨੀਆਂ ਦੀਆਂ ਮਹਾਨ ਅਤੇ ਅਹਿਮ ਪੁਸਤਕਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਇਸ ਖਤ ਦੇ ਅੰਤ ਵਿਚ ਮੈਂ ਉਨ੍ਹਾਂ ਪੁਸਤਕਾਂ ਦੀ ਸੂਚੀ (ਇਹ ਸੂਚੀ ਖਤ ਸੈਂਸਰ ਕਰਨ ਵਾਲਿਆਂ ਨੇ ਸਾੜ ਦਿੱਤੀ ਸੀ) ਨੱਥੀ ਕਰ ਰਹੀ ਹਾਂ, ਜੋ ਮੈਂ ਇਨ੍ਹਾਂ ਦਿਨਾਂ ਵਿਚ ਪੜ੍ਹੀਆਂ ਹਨ। ਤੂੰ ਜਦੋਂ ਵੀ ਇਨ੍ਹਾਂ ਪੁਸਤਕਾਂ ਨੂੰ ਪੜ੍ਹੇਂਗੀ ਤਾਂ ਮੈਨੂੰ ਜ਼ਰੂਰ ਯਾਦ ਕਰੇਂਗੀ।
ਹਾਂ, ਹੁਣ ਕੁਝ ਗੱਲਾਂ ਸਰੀਰ ਦੀ ਸਾਂਭ-ਸੰਭਾਲ ਬਾਰੇ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ। ਮੇਰੇ ਕਾਨੂੰਨੀ ਸਲਾਹਕਾਰ ਤੋਂ ਮੈਨੂੰ ਪਤਾ ਲੱਗਾ ਹੈ ਕਿ ਤੂੰ ਖੇਡਾਂ ਵਿਚ ਵੀ ਦਿਲਚਸਪੀ ਲੈ ਰਹੀ ਹੈਂ। ਇਹ ਬਹੁਤ ਚੰਗੀ ਗੱਲ ਹੈ। ਮੇਰੀ ਜਾਚੇ ਕਸਰਤ ਵਿਚ ਵੀ ਸੰਗੀਤ ਦੀਆਂ ਧੁਨਾਂ ਵਾਂਗ ਤਰਤੀਬ ਹੋਣੀ ਚਾਹੀਦੀ ਹੈ। ਜਿਮਨਾਸਟਿਕਸ ਇਸ ਦੀ ਵਧੀਆ ਮਿਸਾਲ ਹੈ। ਸਵੇਰ ਵੇਲੇ ਕੀਤੀ ਅੱਧੇ ਘੰਟੇ ਦੀ ਕਸਰਤ ਤੇਰੀ ਕਮਰ ਦੇ ਆਕਾਰ ਨੂੰ ਸਹੀ ਰੱਖੇਗੀ। ਕਸਰਤ ਕਰਨ ਨਾਲ ਕੰਮ ਕਰਨ ਲਈ ਤਾਕਤ ਮਿਲਦੀ ਹੈ ਅਤੇ ਇੱਛਾ-ਸ਼ਕਤੀ ਵਧਦੀ ਹੈ। ਆਪਣੇ ਚਿਹਰੇ ਦੀ ਚਮੜੀ ਵਲ ਵੀ ਵਿਸ਼ੇਸ਼ ਧਿਆਨ ਦੇਣਾ, ਮੇਰਾ ਭਾਵ ‘ਮੇਕ-ਅਪ’ ਤੋਂ ਨਹੀਂ ਹੈ। ਇਹ ਬਨਾਵਟੀ ਢੰਗ ਹੈ। ਕੁਦਰਤੀ ਢੰਗ ਨਾਲ ਚਿਹਰੇ ਨੂੰ ਤਾਜ਼ਾ ਤੇ ਸਿਹਤਮੰਦ ਰੱਖਣ ਦੀ ਲੋੜ ਹੈ। ਆਪਣੀ ਗਰਦਨ ਅਤੇ ਹੱਥਾਂ-ਪੈਰਾਂ ਦਾ ਵੀ ਉਸੇ ਤਰ੍ਹਾਂ ਖਿਆਲ ਰੱਖੀਂ, ਜਿੰਨਾ ਤੂੰ ਆਪਣੇ ਚਿਹਰੇ ਦਾ ਰੱਖਦੀ ਹੈਂ। ਬੁਰਸ਼ ਤੇਰਾ ਦੋਸਤ ਬਣ ਜਾਣਾ ਚਾਹੀਦਾ ਹੈ। ਬੁਰਸ਼ ਨਾਲ ਸਾਰਾ ਸਰੀਰ ਹਰ ਰੋਜ਼ ਸਾਫ ਕਰੋ। ਹਵਾ ਅਤੇ ਧੁੱਪ ਵਿਚ ਕੁਝ ਦੇਰ ਰਹਿਣਾ ਬਹੁਤ ਜ਼ਰੂਰੀ ਹੈ, ਪਰ ਇਸ ਬਾਰੇ ਸਲਾਹ ਦੇਣ ਲਈ ਤੈਨੂੰ ਮੇਰੇ ਨਾਲੋਂ ਕਿਤੇ ਵੱਧ ਸਿਆਣੇ ਸਲਾਹਕਾਰ ਮਿਲ ਜਾਣਗੇ।
ਤੇਰੀ ਫੋਟੋ ਵੇਖ ਕੇ ਮੈਨੂੰ ਜਾਪਿਆ, ਜਿਵੇਂ ਤੂੰ ਆਪਣਾ ‘ਹੇਅਰ ਸਟਾਇਲ’ ਬਦਲ ਲਿਆ ਹੈ, ਪਰ ਇੰਨੇ ਖੂਬਸੂਰਤ ਮੱਥੇ ਨੂੰ ਛੁਪਾਉਣ ਦੀ ਭਲਾ ਕੀ ਲੋੜ ਹੈ? ਸੱਚਮੁਚ, ਤੂੰ ਫੋਟੋ ਵਿਚ ਬਹੁਤ ਪਿਆਰੀ ਲੱਗੀ, ਪਰ ਤੇਰੀ ਮਾਂ ਦੀਆਂ ਨਜ਼ਰਾਂ ਨੇ ਉਸ ਵਿਚ ਇਕ ਖਾਮੀ ਲੱਭ ਹੀ ਲਈ। ਇਸ ਦਾ ਕਾਰਨ ਫੋਟੋ ਖਿਚਵਾਉਣ ਵੇਲੇ ਤੇਰੇ ਬੈਠਣ ਦਾ ਢੰਗ ਵੀ ਹੋ ਸਕਦਾ ਹੈ। ਕੀ ਤੈਨੂੰ ਨਹੀਂ ਲੱਗਦਾ ਕਿ ਪਿੱਠ ਪਾਸੇ ਤੇਰੀ ਗਰਦਨ ਦਾ ਹੇਠਲਾ ਹਿੱਸਾ ਕੁਝ ਜ਼ਿਆਦਾ ਹੀ ਨੰਗਾ ਨਜ਼ਰ ਆਉਂਦਾ ਹੈ? ਸੋਲ੍ਹਾਂ ਸਾਲ ਦੀ ਕੁੜੀ ਲਈ ਇੰਨਾ ‘ਲੋਅ-ਕੱਟ’ ਵਾਜਿਬ ਨਹੀਂ।
ਬੇ-ਸਲੀਕੇ ਜਿਹੇ ਢੰਗ ਨਾਲ ਵਾਲ ਬੰਨ੍ਹਣੇ ਛੱਡ ਦੇਹ। ਕੱਪੜੇ ਸਾਫ-ਸੁਥਰੇ ਤੇ ਸਲੀਕੇ ਨਾਲ ਪਾਇਆ ਕਰ। ਤੇਰਾ ‘ਥਾਇਰੌਇਡ ਗਲੈਂਡ’ ਕਿਹੋ ਜਿਹਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ। ਮੈਂ ਇਨ੍ਹਾਂ ਖਾਸ ਮੁੱਦਿਆਂ ‘ਤੇ ਤੇਰਾ ਧਿਆਨ ਕੇਂਦਰਤ ਕਰਨ ਲਈ ਹੀ ਸਵਾਲ ਪੁੱਛ ਰਹੀ ਹਾਂ, ਜਵਾਬ ਜਾਣਨ ਲਈ ਨਹੀਂ।
ਲਿਪਾਜਿਰਾ ਜੇਲ੍ਹ ਵਿਚ ਮੈਂ ਆਸਟਰੀਆ ਦੀ ਮਹਾਰਾਣੀ ਮਾਰਿਆ ਥੈਰੇਸਾ (1717-1780) ਦੇ ਆਪਣੀ ਧੀ ਦੇ ਨਾਮ ਲਿਖੇ ਖਤ ਪੜ੍ਹੇ ਸਨ। ਮੈਂ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਈ ਕਿ ਮਹਾਰਾਣੀ ਨੇ ਮਾਂ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਆਪਣੀ ਧੀ ਦਾ ਖਤ ਰਾਹੀਂ ਮਾਰਗ-ਦਰਸ਼ਨ ਕੀਤਾ। ਇਹ ਪੁਸਤਕ ਮੈਂ ਮੂਲ ਜਰਮਨ ਭਾਸ਼ਾ ‘ਚ ਪੜ੍ਹੀ ਸੀ। ਮੈਨੂੰ ਇਸ ਪੁਸਤਕ ਦੇ ਸੰਪਾਦਕ ਦਾ ਨਾਮ ਯਾਦ ਨਹੀਂ। ਜੇ ਕਦੇ ਇਹ ਪੁਸਤਕ ਤੇਰੇ ਹੱਥ ਲੱਗੇ ਤਾਂ ਯਾਦ ਕਰਨਾ ਕਿ ਤੇਰੀ ਮਾਂ ਨੇ ਵੀ ਉਸ ਦੀ ਤਰਜ਼ ‘ਤੇ ਤੈਨੂੰ ਖਤ ਲਿਖਣ ਲਈ ਸੋਚਿਆ ਸੀ। ਮੇਰੇ ਕੋਲ ਸਮਾਂ ਹੁੰਦਾ ਤਾਂ ਮੈਂ ਜ਼ਰੂਰ ਆਪਣੇ ਅਨੁਭਵ ਤੇਰੇ ਨਾਲ ਸਾਂਝੇ ਕਰਦੀ ਤੇ ਤੈਨੂੰ ਕੁਝ ਸਲਾਹ-ਮਸ਼ਵਰਾ ਵੀ ਦਿੰਦੀ, ਪਰ ਅਫਸੋਸ! ਮੈਂ ‘ਇਰਾਦੇ’ ਤੋਂ ਅਗਾਂਹ ਨਹੀਂ ਵਧ ਸਕੀ।
ਧੀਏ! ਆਪਣੇ ਦਾਦਾ-ਦਾਦੀ ਦਾ ਖਿਆਲ ਰੱਖੀਂ। ਬਜੁਰਗਾਂ ਨੂੰ ਹਮਦਰਦੀ ਦੀ ਬਹੁਤ ਲੋੜ ਹੁੰਦੀ ਹੈ। ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਈਂ। ਉਨ੍ਹਾਂ ਤੋਂ ਤੂੰ ਆਪਣੇ ਮਾਂ-ਬਾਪ ਦੀਆਂ ਕਹਾਣੀਆਂ ਸੁਣੀਂ ਤਾਂ ਜੋ ਉਨ੍ਹਾਂ ਨੂੰ ਆਪਣੀ ਸਿਮਰਤੀ ਵਿਚ ਦਰਜ ਕਰ ਕੇ ਆਪਣੇ ਬੱਚਿਆਂ ਨੂੰ ਵੀ ਸੁਣਾ ਸਕੇਂ। ਇਸ ਤਰ੍ਹਾਂ ਅਸੀਂ ਤੇਰੀਆਂ ਅਤੇ ਤੇਰੀ ਸੰਤਾਨ ਦੀਆਂ ਯਾਦਾਂ ਵਿਚ ਸਦਾ ਜਿਉਂਦੇ ਰਹਾਂਗੇ।
ਇਕ ਗੱਲ ਸੰਗੀਤ ਬਾਰੇ! ਤੇਰੇ ਦਾਦੇ ਨੇ ਤੈਨੂੰ ਪਿਆਨੋ ਭੇਟ ਕੀਤਾ ਸੀ। ਸ਼ੁਕਰਾਨੇ ਵਜੋਂ ਤੈਨੂੰ ਹਰ ਰੋਜ਼ ਪਿਆਨੋ ਵਜਾਉਣ ਦਾ ਰਿਆਜ਼ ਕਰਨਾ ਚਾਹੀਦਾ ਹੈ ਤਾਂ ਜੋ ਤੂੰ ਇਸ ਵਿਚ ਨਿਪੁੰਨਤਾ ਹਾਸਲ ਕਰ ਸਕੇਂ। ਪੇਪਿਕ ਜਦੋਂ ਵੀ ਵਾਇਲਨ ਵਜਾਉਂਦੀ ਸੀ ਤਾਂ ਉਸ ਦੀ ਇੱਛਾ ਹੁੰਦੀ ਸੀ ਕਿ ਕਾਸ਼! ਕੋਈ ਪਿਆਨੋ ਨਾਲ ਉਸ ਨਾਲ ਜੁਗਲਬੰਦੀ ਕਰੇ। ਹੁਣ ਤੂੰ ਉਸ ਨਾਲ ਜੁਗਲਬੰਦੀ ਕਰੀਂ, ਉਸ ਨੂੰ ਚੰਗਾ ਲੱਗੇਗਾ। ਜਦੋਂ ਤੁਸੀਂ ਇਕੱਠੇ ਪਿਆਨੋ ਵਜਾ ਰਹੇ ਹੋਵੋ ਤਾਂ ਮੇਰੇ ਲਈ ਪਾਰਥਾ-6 ਦੀ ਇਹ ਧੁਨ ਵਜਾਉਣਾ,
ਮੇਰੇ ਇਕਾਕੀ ਗੁਲਾਬ
ਤੂੰ ਖਿੜ੍ਹ ਉਨ੍ਹਾਂ
ਬਰਫ ਲੱਦਿਆਂ ਪਹਾੜਾਂ ‘ਤੇ
ਅਤੇ ਹਮੇਸ਼ਾ ਮੁਸਕਰਾਉਂਦਾ ਰਹਿ!
ਫਿਰ ਮੋਜ਼ਾਰਟ ਦੀ ਇਹ ਧੁਨ,
ਸੌਂ ਜਾ ਮੇਰੀ ਨੰਨ੍ਹੀ ਰਾਜਕਮਾਰੀ।
…ਤੇ ਤੇਰੇ ਪਿਤਾ ਦਾ ਉਹ ਪਸੰਦੀਦਾ ਗੀਤ, ਜੋ ਸੋਪਿਨ (ਆਸਟਰੀਆ ਦਾ ਸੰਗੀਤਕਾਰ, 1756-1791) ਨੇ ਗਾਇਆ ਸੀ, ‘ਤੇਰੀ ਖਿੜਕੀ ਹੇਠਾਂ ਅੱਜ ਦੀ ਰਾਤ।’ ਅਜਿਹੀ ਧੁਨ ਕੱਢੇਂਗੀ ਤਾਂ ਮੈਂ ਵੀ ਤੈਨੂੰ ਸੁਣ ਰਹੀ ਹੋਵਾਂਗੀ।
ਮੇਰੀ ਬੱਚੀ! ਆਪਣੇ ਦੋਸਤਾਂ ਦੀ ਚੋਣ ਸੋਚ-ਸਮਝ ਕੇ ਕਰੀਂ। ਹੋਰ ਗੱਲ ਤੋਂ ਇਲਾਵਾ ਕਿਸੇ ਆਦਮੀ ਦੀ ਪਛਾਣ ਉਸ ਦੀ ਸੰਗਤ ਤੋਂ ਵੀ ਕੀਤੀ ਜਾ ਸਕਦੀ ਹੈ। ਮੈਂ ਹੁਣ ਤੱਕ ਵੀ ਤੇਰੇ ਉਸ ਪਿਆਰੇ ਜਿਹੇ ਖਤ ਨੂੰ ਨਹੀਂ ਭੁੱਲ ਸਕੀ, ਜਿਸ ਨੂੰ ਤੂੰ ਮੇਰੇ ਸਿਰਹਾਣੇ ਨਾਲ ਟੰਗਿਆ ਸੀ। ਇਹ ਉਸ ਦਿਨ ਦੀ ਗੱਲ ਹੈ, ਜਿਸ ਦਿਨ ਮੈਂ ਤੈਨੂੰ ਘਰ ਦੀ ਦਹਿਲੀਜ਼ ‘ਤੇ ਕੁਝ ਮੁੰਡੇ-ਕੁੜੀਆਂ ਨਾਲ ਖੇਡਦੇ ਦੇਖਿਆ ਸੀ। ਤੂੰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ‘ਟੋਲੀ’ ਬਣਾ ਕੇ ਰੱਖਣਾ ਕਿਉਂ ਜ਼ਰੂਰੀ ਹੈ। ਧੀਏ! ‘ਟੋਲੀ’ ਬਣਾਉਣ ਵਿਚ ਕੋਈ ਹਰਜ ਨਹੀਂ, ਜੇ ਇਹ ਟੋਲੀ ਭਲੇ, ਸਿਆਣੇ, ਸੂਝਵਾਨ ਅਤੇ ਚਰਿਤਰਵਾਨ ਦੋਸਤਾਂ ਦੀ ਹੋਵੇ। ਤੁਹਾਡੇ ਅੰਦਰ ਹਮੇਸ਼ਾ ਇਕ ਦੂਜੇ ਤੋਂ ਕੁਝ ਬਿਹਤਰ ਕਰਨ ਦੀ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ।
ਬਹਾਰ ਦੀ ਰੁੱਤ ਵਾਂਗ ਆਈ ਜਵਾਨੀ ਵਿਚ ਜੇ ਕਿਸੇ ਵਲ ਖਿੱਚ ਮਹਿਸੂਸ ਹੋਵੇ ਤਾਂ ਉਸ ਨੂੰ ਪਿਆਰ ਨਾ ਸਮਝ ਲੈਣਾ। ਤੂੰ ਮੇਰੀ ਗੱਲ ਸਮਝ ਰਹੀ ਹੈਂ ਨਾ? ਜੇ ਨਹੀਂ, ਤਾਂ ਮਾਸੀ ਵੇਰਾ ਤੈਨੂੰ ਸਮਝਾ ਦੇਵੇਗੀ। ਮੇਰੀ ਪਿਆਰੀ ਬੱਚੀ! ਜ਼ਿੰਦਗੀ ਨੂੰ ਵਡਮੁੱਲੀ ਸੌਗਾਤ ਸਮਝ ਕੇ ਇਸ ਨਾਲ ਪਿਆਰ ਕਰਨਾ। ਮੈਂ ਤਾਂ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰੇ ਚੰਗੇ ਭਵਿਖ ਲਈ ਪ੍ਰਭੂ ਅੱਗੇ ਅਰਦਾਸ ਕਰਦੀ ਰਹਾਂਗੀ।
ਮੇਰੀ ਪਿਆਰੀ ਬੱਚੀ! ਮੈਂ ਤੇਰੀਆਂ ਗੱਲ੍ਹਾਂ ਚੁੰਮਦੀ ਹਾਂ, ਤੇਰੇ ਵਾਲ ਚੋਖਦੀ ਹਾਂ, ਤੇਰੀਆਂ ਅੱਖਾਂ ਤੇ ਤੇਰੇ ਸੋਹਣੇ ਮੁਖੜੇ ਨੂੰ ਚੁੰਮਦੀ ਹਾਂ। ਮੈਂ ਤੈਨੂੰ ਆਪਣੀ ਗਲਵੱਕੜੀ ਵਿਚ ਘੁੱਟਦੀ ਹਾਂ। ਮੈਨੂੰ ਦੁੱਖ ਹੈ ਕਿ ਮੈਂ ਤੈਨੂੰ ਬਹੁਤ ਘੱਟ ਆਪਣੀ ਗੋਦ ਵਿਚ ਖਿਡਾਇਆ ਹੈ। ਹੁਣ ਮੈਂ ਹਮੇਸ਼ਾ ਤੇਰੇ ਨਾਲ ਰਹਾਂਗੀ।
-ਤੇਰੀ ਮਾਂ।

ਮਿਲਾਡਾ ਨੇ ਜਦੋਂ ਆਪਣੀ ਧੀ ਜਾਨਾ ਨੂੰ ਇਹ ਖਤ ਲਿਖਿਆ ਸੀ ਤਾਂ ਉਸ ਵੇਲੇ ਉਸ ਦੀ ਉਮਰ 16 ਸਾਲ ਦੀ ਸੀ। ਉਸ ਨੇ ਡਾਕਟਰ ਬਣ ਕੇ ਆਪਣੀ ਮਾਂ ਦਾ ਸੁਪਨਾ ਪੂਰਾ ਕੀਤਾ। ਉਹ 1968 ਵਿਚ ਅਮਰੀਕਾ ਚਲੀ ਗਈ ਤੇ ਉਥੇ ਹੀ ਵੱਸ ਗਈ। ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੀ ਮਾਂ ਨੂੰ ਕਿਸ ਤਰ੍ਹਾਂ ਯਾਦ ਕਰਦੀ ਹੈ ਤਾਂ ਉਸ ਨੇ ਕਿਹਾ, “ਉਹ ਵਿਲੱਖਣ ਔਰਤ ਸੀ। ਉਸ ਦੇ ਦਿਲ ਵਿਚ ਬੇਮਿਸਾਲ ਹੌਸਲਾ ਅਤੇ ਮਨੁੱਖਤਾ ਲਈ ਅਸੀਮ ਪਿਆਰ ਭਰਿਆ ਹੋਇਆ ਸੀ। ਉਹ ਬੇਹੱਦ ਪ੍ਰਤਿਭਾਸ਼ਾਲੀ ਅਤੇ ਰੌਸ਼ਨ-ਦਿਮਾਗ ਦੀ ਮਾਲਕ ਸੀ।”