ਸੰਵੇਦਨਸ਼ੀਲਤਾ ਦੇ ਸਮੂਹਿਕ ਉਧਾਲੇ ਨੂੰ ਰੋਕੋ!

ਇੰਦਰਜੀਤ ਚੁਗਾਵਾਂ
ਮੇਰੇ ਦੋਸਤ ਬਹੁਤ ਭਾਵੁਕ ਹਨ। ਉਨ੍ਹਾਂ ਨੂੰ ਓਨੀ ਆਪਣੀ ਫਿਕਰ ਨਹੀਂ, ਜਿੰਨੀ ਦੂਜਿਆਂ ਦੀ ਹੈ! ਮੈਨੂੰ ਜਿੰਨਾ ਪਿਆਰ ਉਹ ਕਰਦੇ ਹਨ, ਓਨਾ ਸ਼ਾਇਦ ਮੈਂ ਵੀ ਆਪਣੇ ਆਪ ਨੂੰ ਨਾ ਕਰਦਾ ਹੋਵਾਂ। ਉਨ੍ਹਾਂ ਦੀ ਇਹ ਸੰਵੇਦਨਸ਼ੀਲਤਾ ਮੇਰੇ ਲਈ ਹਮੇਸ਼ਾ ਫਿਕਰਮੰਦੀ ਦਾ ਸਬੱਬ ਬਣੀ ਰਹਿੰਦੀ ਹੈ। ਬਹੁਤ ਵਾਰ ਸਮਝਾਇਐ ਕਿ ਜ਼ਿੰਦਗੀ ਏਦਾਂ ਨਹੀਂ ਚਲ ਸਕਦੀ ਕਿ ਸੰਵੇਦਨਸ਼ੀਲਤਾ ਤੁਹਾਡੇ ਤਰਕ ਨੂੰ ਹੀ ਮਾਰ ਦੇਵੇ! ਇਸੇ ਕਾਰਨ ਇਸ ਪਿਆਰ ਦੇ ਨਾਲ ਸਾਡਾ ਤਕਰਾਰ ਵੀ ਹੋ ਜਾਂਦੈ। ਮੇਰੀ ਇਹ ਸਮਝਦਾਰੀ ਹੈ, ਹੋ ਸਕਦੈ ਗਲਤ ਵੀ ਹੋਵੇ ਕਿ ਜਿਸ ਪਿਆਰ ‘ਚ ਤਕਰਾਰ ਨਹੀਂ, ਉਹ ਪਿਆਰ ਹੋ ਈ ਨਹੀਂ ਸਕਦਾ!

‘ਕਰੋਨਾ ਸੰਕਟ’ ਦੇ ਇਨ੍ਹਾਂ ਦਿਨਾਂ ਦੌਰਾਨ ਮੈਨੂੰ ਸਖਤ ਹਦਾਇਤ ਹੈ ਕਿ ਘਰੋਂ ਬਾਹਰ ਪੈਰ ਨਹੀਂ ਪਾਉਣਾ। ਕੋਈ ਵੀ ਖਬਰ ਹੋਵੇ, ਸਭ ਤੋਂ ਪਹਿਲਾਂ ਉਨ੍ਹਾਂ ਕੋਲ ਪਹੁੰਚਦੀ ਹੈ ਤੇ ਫਿਰ ਮੇਰੇ ਕੋਲ। ਨਾਲ ਹੀ ਹਦਾਇਤ ਵੀ, “ਮੈਨੂੰ ਪਤਾ ਜਨਾਬ ਦਾ! ਆਪਣੀ ਘੱਟ, ਦੁਨੀਆਂ ਦੀ ਚਿੰਤਾ ਵੱਧ! ਰੱਬ ਦਾ ਵਾਸਤਾ, ਜਾਨ ਐ ਤਾਂ ਜਹਾਨ ਹੈ!” ਲੰਮੀਆਂ ਨਸੀਹਤਾਂ ਦੇ ਸਿਲਸਿਲੇ ਵਿਚੋਂ ਟੋਕ ਕੇ ਮੈਨੂੰ ਕਹਿਣਾ ਪੈਂਦਾ ਹੈ ਕਿ ਖਬਰ ਬਾਰੇ ਪਤਾ ਜ਼ਰੂਰ ਕਰ ਲਿਆ ਕਰੋ ਪਹਿਲਾਂ ਕਿ ਸੱਚੀ ਵੀ ਐ। ਇਹ ਕਹਿਣ ‘ਤੇ ਉਹ ਨਾਰਾਜ਼ ਹੋ ਕੇ ਫੋਨ ਕੱਟ ਦਿੰਦੇ ਹਨ ਤੇ ਅਗਲੇ ਦਿਨ ਨਵੀਂ ਖਬਰ ਸੁਣਾਉਣ ਤੱਕ ਨਾਰਾਜ਼ਗੀ ਬਰਕਰਾਰ ਰਹਿੰਦੀ ਹੈ!
ਇਸ ਵਾਰ ਦੋ ਦੋਸਤਾਂ ਵਲੋਂ ਇੱਕੋ ਖਬਰ ਦੀ ਕਲਿਪਿੰਗ ਵਟਸਐਪ ‘ਤੇ ਮਿਲੀ। ਸਵੇਰ ਦਾ ਵੇਲਾ, ਚੈਕ ਕਰਦੇ ਸਾਰ ਨਾਲ ਈ ਫੋਨ, “ਦੇਖੀਂ ਕਿਤੇ ਭਰਾਵਾ…!” ਖਬਰ ਕੀ ਹੈ; ਨਿਊ ਯਾਰਕ ‘ਚ ਸ਼ਮਸ਼ਾਨ ਘਾਟਾਂ ‘ਚ ਦਾਹ-ਸਸਕਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਸੌਣ ਦਾ ਵੀ ਸਮਾਂ ਨਹੀਂ ਮਿਲ ਰਿਹਾ। ਇੱਕ ਮਾਈਕਲ ਜੋਨਸ ਨਾਂ ਦਾ ਮੁਲਾਜ਼ਮ ਕੰਮ ਕਰਦਾ ਕਰਦਾ ਥੱਕ ਕੇ ਸੌਂ ਗਿਆ ਤੇ ਦੂਜੇ ਮੁਲਾਜ਼ਮਾਂ ਨੇ ਉਸ ਨੂੰ ਉਹ ਬੰਦਾ ਸਮਝ ਲਿਆ, ਜਿਸ ਦੀ ਕਰੋਨਾ ਕਾਰਨ ਮੌਤ ਹੋ ਚੁਕੀ ਸੀ ਤੇ ਵਾਰੀ ਉਸੇ ਦਾ ਦਾਹ-ਸਸਕਾਰ ਕਰਨ ਦੀ ਸੀ। ਉਨੀਂਦੇ ਦੇ ਝੰਬੇ ਮੁਲਾਜ਼ਮਾਂ ਨੇ ਉਸ ਨੂੰ ਚੁੱਕ ਕੇ ਭੱਠੀ ‘ਚ ਰੱਖ ਦਿੱਤਾ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੁੰਦਾ, ਉਸ ਦਾ ਜਿਉਂਦੇ ਜੀਅ ਭੋਗ ਪੈ ਚੁਕਾ ਸੀ। ਮੈਂ ਵੀ ਪ੍ਰੇਸ਼ਾਨ ਹੋ ਉਠਿਆ ਤੇ ਭਾਵੁਕ ਵੀ! ਮੇਰੀ ਹਮਸਫਰ ਦੀਆਂ ਅੱਖਾਂ ਵੀ ਭਰ ਆਈਆਂ। ਇੰਨੇ ਨੂੰ ਇੰਗਲੈਂਡ ਤੋਂ ਬੱਚਿਆਂ ਦੀ ਮਾਸੀ ਦਾ ਫੋਨ ਆ ਗਿਆ ਤੇ ਖਬਰ ਉਸ ਕੋਲ ਵੀ ਪਹੁੰਚ ਗਈ! ਉਹ ਵੀ ਪ੍ਰੇਸ਼ਾਨ ਹੋ ਉਠੀ, ਪਰ ਇਸ ਖਬਰ ਦਾ ਪੰਜ-ਦਸ ਮਿੰਟ ‘ਚ ਭੋਗ ਪੈ ਗਿਆ, ਕਿਉਂਕਿ ਦੋਹਾਂ ਭੈਣਾਂ ਦੀ ਗੱਲਬਾਤ ਦੇ ਚੱਲਦਿਆਂ ਮੈਂ ਇੰਟਰਨੈਟ ‘ਤੇ ਜਾ ਕੇ ਚੈਕ ਕਰ ਲਿਆ ਸੀ ਕਿ ਇਹ ਸੱਚੀ ਖਬਰ ਨਹੀਂ, ਸਗੋਂ ਕੋਰੀ ਅਫਵਾਹ ਹੈ।
ਐਪਰ, ਮੇਰੇ ਦੋਸਤ ਗਲਤ ਨਹੀਂ ਸਨ, ਉਨ੍ਹਾਂ ਦੀ ਫਿਕਰਮੰਦੀ ਗਲਤ ਨਹੀਂ ਸੀ। ਉਨ੍ਹਾਂ ਕੋਲ ਵਿਹਲ ਈ ਨਹੀਂ ਹੈ ਕਿ ਖਬਰ ਨੂੰ ਭਰੋਸੇਯੋਗਤਾ ਦੇ ਪਹਿਲੂ ਤੋਂ ਵੀ ਵਿਚਾਰਨ। ਉਹ ਭੁੱਲ ਗਏ ਹਨ ਕਿ ਖਬਰ ਨੂੰ ਟੁਣਕਾ ਕੇ ਦੇਖਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਖੱਪਤਵਾਦੀ ਦੌਰ ਦੌਰਾਨ ਖਬਰ ਤਾਂ ਕੀ, ਕੋਈ ਸ਼ੈਅ ਵੀ, ਇੱਥੋਂ ਤੱਕ ਕਿ ਰਿਸ਼ਤੇ ਵੀ ਭਰੋਸੇਯੋਗ ਨਹੀਂ ਰਹੇ।
ਖਬਰ ਪਹਿਲੀ ਨਜ਼ਰੇ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਜਦ ਅਖਬਾਰ ਨੇ ਛਾਪੀ ਹੋਵੇ ਤਾਂ ਫਿਰ ਇੱਕ ਆਮ ਪਾਠਕ ਲਈ ਗਲਤ ਵੀ ਕਿਵੇਂ ਹੋ ਸਕਦੀ ਐ! ਜ਼ਮਾਨਾ ਸੋਸ਼ਲ ਮੀਡੀਏ ਦਾ ਐ ਤੇ ਫਿਕਰਮੰਦੀ ਜਾਹਰ ਕਰਨ ਲਈ ਕਿ ਦੇਖੋ ਯਾਰੋ, ਆਹ ਕੀ ਹੋਣ ਲੱਗ ਪਿਆ, ਮੱਲੋ-ਮੱਲੀ ਸ਼ੇਅਰ ਵਾਲਾ ਬਟਨ ਨੱਪਿਆ ਜਾਂਦੈ। ਅੱਗੋਂ ਗਰੁਪ ਬਣੇ ਹੋਏ ਐ ਤੇ ਇੱਕ ਬੰਦਾ ਦੱਸ ਦੱਸ ਗਰੁਪਾਂ ਦਾ ਮੈਂਬਰ ਹੁੰਦੈ ਤੇ ਖਬਰ ਵਰੋਲਾ ਬਣ ਜਾਂਦੀ ਐ। ਪਤਾ ਕਰਨ ਦੀ, ਕਿੰਤੂ ਕਰਨ ਦੀ ਜ਼ਹਿਮਤ ਕੋਈ ਨਹੀਂ ਉਠਾਉਂਦਾ। ਕੀਹਦੇ ਕੋਲ ਏਨਾ ਸਮਾਂ! ਪਰ ਗੱਲ ਅੱਗੇ ਤੋਂ ਅੱਗੇ ਸਾਂਝੀ ਕਰਕੇ ਸਕੂਨ ਤਾਂ ਹਾਸਲ ਕਰਨਾ ਈ ਹੋਇਆ! ਇਸ ਤਰ੍ਹਾਂ ਅਣਹੋਈ ਖਬਰ, ਹੋਣੀ ਬਣ, ਸਮਾਜ ਦੇ ਵੱਡੇ ਹਿੱਸੇ ਦੇ ਜ਼ਿਹਨ ‘ਤੇ ਛਾ ਜਾਂਦੀ ਹੈ।
ਜੇ ਮੈਂ ਇਸ ਖਬਰ ਨੂੰ ਉਸੇ ਵੇਲੇ ਚੈਕ ਕਰਨ ਦੀ ਜ਼ਹਿਮਤ ਨਾ ਉਠਾਉਂਦਾ ਤਾਂ ਇਹ ਮੇਰੇ ਆਲੇ ਦੁਆਲੇ ਵੀ ਵਰੋਲਾ ਬਣ ਛਾ ਜਾਣੀ ਸੀ; ਪਰ ਮੈਂ ਜੇ ਰੋਕ ਸਕਿਆਂ ਹਾਂ ਤਾਂ ਆਪਣੇ ਸੀਮਤ ਦਾਇਰੇ ‘ਚ। ਇਹ ਖਬਰ ਮੇਰੇ ਦੋਸਤਾਂ ਨੇ ਹੋਰਨਾਂ ਨੂੰ ਵੀ ਭੇਜੀ ਹੋਵੇਗੀ। ਉਨ੍ਹਾਂ ਦਾ ਇੱਕੋ-ਇੱਕ ਦੋਸਤ ਮੈਂ ਈ ਤਾਂ ਨਹੀਂ ਤੇ ਅੱਗੋਂ ਕਿੰਨਿਆਂ ਨੇ ਇਹ ਚੈਕ ਕੀਤੀ ਹੋਵੇਗੀ, ਕਹਿ ਨਹੀਂ ਸਕਦਾ ਕਿਉਂਕਿ ਜ਼ਮਾਨਾ ਈ ਪੱਕੀ-ਪਕਾਈ ਖਾਣ ਦਾ ਹੈ!
ਇਹ ਖਬਰ ਦਰਅਸਲ ਸਭ ਤੋਂ ਪਹਿਲਾਂ ਇੱਕ ਵੈਬਸਾਈਟ “ਵੀਕਲੀ ਇਨਕੁਆਇਰਰ” ‘ਤੇ ਪੋਸਟ ਕੀਤੀ ਗਈ। ਇੱਥੋਂ ਇਹ ਖਬਰ ਵੱਖ ਵੱਖ ਵੈਬਸਾਈਟਾਂ ਤੇ ਅਖਬਾਰਾਂ ਨੇ ਲੈ ਕੇ ਆਪੋ-ਆਪਣੇ ਪਾਠਕਾਂ ਨੂੰ ਪਰੋਸ ਦਿੱਤੀ। ਦੇਖਣ ਨੂੰ ਇਹ ਇੱਕ ਆਮ ਗੱਲ ਜਾਪ ਸਕਦੀ ਹੈ, ਪਰ ਇਹ ਇਸ ਪਿੱਛੇ ਇੱਕ ਬਹੁਤ ਹੀ ਖਤਰਨਾਕ ਖੇਡ ਹੈ, ਜਿਸ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਤੇ ਉਹ ਵੀ ਇਸ ਦੌਰ ਵਿਚ, ਜਦੋਂ ਪੂਰੀ ਦੁਨੀਆਂ ਆਪੋ-ਆਪਣੇ ਘਰਾਂ ‘ਚ ਕੈਦ ਭੁਗਤ ਰਹੀ ਹੈ।
ਸਾਨੂੰ ਇੱਕ ਜਿਉਂਦੇ ਬੰਦੇ ਨੂੰ ਲਾਸ਼ ਮੰਨਣ ਲਈ ਕਿਹਾ ਜਾਂਦਾ ਹੈ ਤੇ ਫਿਰ ਉਸ ਜਿਉਂਦੀ ਲਾਸ਼ ਨੂੰ ਫੂਕਣ ਦਾ ਨਾਟਕ ਕਰਕੇ ਸਾਡੀ ਸੰਵੇਦਨਾ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਮਨੁੱਖ ਹਾਂ ਯਾਰੋ! ਇੱਕ ਜਿਉਂਦੇ ਮਨੁੱਖ ਨੂੰ ਭੱਠੀ ‘ਚ ਝੋਕਣ ਦਾ ਖਿਆਲ ਵੀ ਸਾਨੂੰ ਝੰਜੋੜ ਕੇ ਰੱਖ ਦਿੰਦਾ ਹੈ। ਗੱਲ ਇਥੇ ਹੀ ਨਹੀਂ ਖਤਮ ਹੋ ਜਾਂਦੀ, ਸਾਡੇ ਨਾਲ ਫਿਰ ਅਜਿਹਾ ਨਾਟਕ ਖੇਡਿਆ ਜਾਂਦਾ ਹੈ। ਅਸੀਂ ਮੁੜ ਹਾਏ-ਤੌਬਾ ਮਚਾਉਂਦੇ ਹਾਂ ਤੇ ਸ਼ਾਂਤ ਹੋ ਜਾਂਦੇ ਹਾਂ। ਇਹ ਨਾਟਕ ਜਦ ਵਾਰ-ਵਾਰ ਸਾਡੇ ਅੱਗੇ ਦੁਹਰਾਇਆ ਜਾਵੇਗਾ ਤਾਂ ਫਿਰ ਅਸੀਂ ਕੋਈ ਪ੍ਰਤਿਕ੍ਰਿਆ ਕਰਨੋਂ ਹਟ ਜਾਵਾਂਗੇ। ਅੰਤ ਕੀ ਹੋਵੇਗਾ? ਉਹ ਸੱਚਮੁੱਚ ਸਾਡੇ ‘ਚੋਂ ਕਿਸੇ ਨੂੰ ਜਿਉਂਦੇ ਜੀਅ ਚੁੱਕ ਕੇ ਭੱਠੀ ‘ਚ ਰੱਖ ਦੇਣਗੇ ਤੇ ਅਸੀਂ ਸਮਝਾਂਗੇ ਕਿ ਇਹ ਸਭ ਨਾਟਕ ਹੋ ਰਿਹਾ ਹੈ! ਅੱਜ ਇਹ ਮਾਈਕਲ ਦੇ ਨਾਂ ‘ਤੇ ਹੋਇਆ ਹੈ, ਭਲਕੇ ਮਲਕੀਤ ਦੇ ਨਾਂ ‘ਤੇ ਹੋਵੇਗਾ ਤੇ ਫੇਰ ਮਲਿਕ ਦੇ ਨਾਂ ‘ਤੇ!
ਜਦ ਤੱਕ ਸਾਨੂੰ ਪਤਾ ਲੱਗੇਗਾ, ਬਹੁਤ ਦੇਰ ਹੋ ਚੁਕੀ ਹੋਵੇਗੀ ਤੇ ਅਸੀਂ ਥੋੜ੍ਹਾ ਬਹੁਤ ਹਾਏ-ਤੌਬਾ ਮਚਾ ਕੇ ਸ਼ਾਂਤ ਹੋ ਜਾਵਾਂਗੇ।
ਇਹ ਹੈ ਸਮਾਜ ਦੀ ਸੰਵੇਦਨਸ਼ੀਲਤਾ ਦਾ ਸਮੂਹਿਕ ਉਧਾਲਾ! ਤੁਸੀਂ ਆਪਣੇ ਆਪ ਨੂੰ ਸੰਵੇਦਨਸ਼ੀਲ ਸਮਝੋਗੇ ਤੇ ਬਿਨਾ ਸ਼ੱਕ ਹੋਵੋਗੇ ਵੀ, ਪਰ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਤੁਸੀਂ ਹਾਅ ਦਾ ਨਾਅਰਾ ਮਾਰਨਾ ਕਿਸ ਦੇ ਹੱਕ ਵਿਚ ਹੈ। ਤੇ ਇਹ ਹੋ ਰਿਹਾ ਹੈ, ਬਿਨਾ ਸ਼ੱਕ ਸਾਡੀਆਂ-ਤੁਹਾਡੀਆਂ ਅੱਖਾਂ ਅੱਗੇ ਹੋ ਰਿਹਾ ਹੈ!
ਇਹ ਕੋਈ ਇਕੱਲੀਕਾਰੀ ਘਟਨਾ ਨਹੀਂ, ਇਸ ਕਿਸਮ ਦੀਆਂ ਘਟਨਾਵਾਂ ਦਾ ਸਿਲਸਿਲਾ ਬੱਝਿਆ ਚਲਿਆ ਆ ਰਿਹਾ ਹੈ। ਇਸ ਤੋਂ ਪਹਿਲਾਂ ਨਿਜਾਮੁਦੀਨ ਮਰਕਜ਼ ਨਾਲ ਜੋੜ ਕੇ ਇੱਕ ਨਹੀਂ, ਕਈ ਵੀਡੀਓ ਚਰਚਾ ਵਿਚ ਆ ਚੁਕੇ ਹਨ। ਇੱਕ ਵੀਡੀਓ ‘ਚ ਮੁਸਲਿਮ ਬੰਦੇ ਪਲੇਟਾਂ ਨੂੰ ਥੁੱਕ ਲਾ ਰਹੇ ਹਨ ਤੇ ਚਮਚੇ ਮੂੰਹ ‘ਚ ਪਾ ਕੇ ਇੱਕ ਪਾਸੇ ਰੱਖ ਰਹੇ ਹਨ। ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਤਬਲੀਗੀ ਜਮਾਤ ਵੱਲੋਂ ਕਰੋਨਾ ਵਾਇਰਸ ਫੈਲਾਉਣ ਦੀ ਸਾਜਿਸ਼ ਅਧੀਨ ਹੋ ਰਿਹਾ ਹੈ। ਜਦ ਇਹ ਵੀਡੀਓ ਮੈਨੂੰ ਭੇਜੀ ਗਈ ਤਾਂ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਇੰਜ ਨਹੀਂ ਹੋ ਸਕਦਾ ਯਾਰ! ਜ਼ਰਾ ਸੋਚ ਕਿ ਇਹ ਬਰਤਨ ਹੋਰ ਕਿਸੇ ਨੇ ਨਹੀਂ ਵਰਤਣੇ, ਮੁਸਲਿਮ ਵਿਅਕਤੀ ਹੀ ਵਰਤਣਗੇ ਤੇ ਕੋਈ ਮੁਸਲਮਾਨ ਦੂਜੇ ਮੁਸਲਮਾਨ ਬਾਰੇ ਬੁਰਾ ਕਿਉਂ ਸੋਚੇਗਾ? ਤੇ ਇਹ ਵੀ ਹੋ ਸਕਦਾ ਹੈ ਕਿ ਵੀਡੀਓ ਨਾਲ ਛੇੜ-ਛਾੜ ਕੀਤੀ ਗਈ ਹੋਵੇ! ਜਵਾਹਰ ਵਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨਾਲ ਅਜਿਹਾ ਵਾਪਰੇ ਨੂੰ ਕੋਈ ਬਹੁਤੀ ਦੇਰ ਨਹੀਂ ਹੋਈ ਤੇ ਇਹ ਮਾਮਲਾ ਅੱਜ ਵੀ ਜਾਰੀ ਹੈ।…ਤੇ ਹੋਇਆ ਵੀ ਇੰਜ ਹੀ!
ਇਹ ਵੀਡੀਓ ਮੁਸਲਿਮ ਭਾਈਚਾਰੇ ਦਾਊਦੀ ਬੋਹਰਾ ਨਾਲ ਸਬੰਧਤ ਇੱਕ ਫਿਰਕੇ ਦੇ ਬੀਤੇ ਸਾਲ ਹੋਏ ਇੱਕ ਸਮਾਗਮ ਦੀ ਨਿਕਲੀ। ਇਸ ਭਾਈਚਾਰੇ ਦੀ ਰਵਾਇਤ ਹੈ ਕਿ ਅੰਨ ਦਾ ਇੱਕ ਵੀ ਦਾਣਾ ਅਜਾਈਂ ਨਹੀਂ ਜਾਣ ਦੇਣਾ। ਇਸ ਲਈ ਸਮਾਗਮਾਂ ਦੌਰਾਨ ਉਹ ਬਰਤਨ ਸਾਫ ਕਰਨ ਤੋਂ ਪਹਿਲਾਂ ਉਨ੍ਹਾ ਨੂੰ ਚੱਟਦੇ ਹਨ। ਸਬੰਧਤ ਵੀਡੀਓ ‘ਚ ਇਹੋ ਕੁਝ ਹੋ ਰਿਹਾ ਸੀ, ਪਰ ਉਸ ਨੂੰ ਪੇਸ਼ ਇਸ ਢੰਗ ਨਾਲ ਕੀਤਾ ਗਿਆ ਕਿ ਹਰ ਦੇਖਣ ਸੁਣਨ ਵਾਲੇ ਦੇ ਮਨ ਅੰਦਰ ਮੁਸਲਿਮ ਭਾਈਚਾਰੇ ਵਿਰੁਧ ਨਫਰਤ ਭਰ ਜਾਵੇ। ਇਸ ਦਾ ਧਰਮ ਗੁਰੂ ਸਈਦਨਾ ਸੈਫੂਦੀਨ ਭਾਜਪਾ ਦਾ ਨਜ਼ਦੀਕੀ ਹੈ ਤੇ ਉਸ ਦੇ ਸਮਾਗਮਾਂ ‘ਚ ਮੋਦੀ ਆਮ ਹੀ ਦੇਖੇ ਜਾਂਦੇ ਹਨ, ਪਰ ਭਾਜਪਾ ਦੇ ਆਈ. ਟੀ. ਸੈਲ ਨੇ ਆਪਣਾ ਹਿੱਤ ਸਾਧਣ ਲਈ ਆਪਣੇ ਹੀ ਨਜ਼ਦੀਕੀ ਦੀ ਵੀਡੀਓ ਵਰਤਣ ‘ਚ ਜ਼ਰਾ ਜਿੰਨੀ ਵੀ ਸੰਗ-ਸ਼ਰਮ ਮਹਿਸੂਸ ਨਾ ਕੀਤੀ। ਬਰਤਨ ਚੱਟਣ ਦੀ ਇਸ ਰਵਾਇਤ ਨੂੰ ਅੰਨੀ ਸ਼ਰਧਾ ਕਿਹਾ ਜਾ ਸਕਦਾ ਹੈ, ਇਸ ਵਿਰੁਧ ਲਿਖਿਆ ਜਾ ਸਕਦਾ ਹੈ, ਇਸੇ ਭਾਈਚਾਰੇ ‘ਚ ਇਸ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਵੀਡੀਓ ਨੂੰ ਅਸਲੋਂ ਵੱਖਰੇ ਢੰਗ ਨਾਲ ਪੇਸ਼ ਕੀਤਾ ਜਾਣਾ ਤਾਂ ਆਮ ਲੋਕਾਂ ਦੀ ਮਾਸੂਮੀਅਤ ਨਾਲ ਧ੍ਰੋਹ ਕਮਾਉਣਾ ਹੈ।
ਇੱਕ ਹੋਰ ਵੀਡੀਓ ਹੈ, ਜਿਸ ਨੂੰ ਨਿਜਾਮੁਦੀਨ ਮਰਕਜ਼ ਨਾਲ ਜੋੜ ਕੇ ਘੁਮਾਇਆ ਗਿਆ ਹੈ, ਜਿਸ ਵਿਚ ਪੁਲਿਸ ਵੈਨ ‘ਚ ਬੈਠਾ ਇੱਕ ਵਿਅਕਤੀ ਸਾਹਮਣੇ ਬੈਠੇ ਪੁਲਿਸ ਮੁਲਾਜ਼ਮਾਂ ‘ਤੇ ਥੁੱਕ ਰਿਹਾ ਹੈ। ਜਦ ਮੇਰੇ ਇੱਕ ਦੋਸਤ ਨੇ ਇਹ ਵੀਡੀਓ ਭੇਜ ਕੇ ਪੁੱਛਿਆ ਕਿ ਠੀਕ ਐ ਕਿ ਆਪਾਂ ਘੱਟ ਗਿਣਤੀਆਂ ਦੇ ਹਮਾਇਤੀ ਹਾਂ, ਪਰ ਇਹਨੂੰ ਕਿਸ ਤਰ੍ਹਾਂ ਵਾਜਬ ਠਹਿਰਾਵਾਂਗੇ? ਮੈਂ ਉਸੇ ਵਕਤ ਆਪਣੇ ਦੋਸਤ ਨੂੰ ਕਿਹਾ ਸੀ ਕਿ ਮਸਲਾ ਇਹ ਨਹੀਂ ਕਿ ਤੁਸੀਂ ਦੇਖ ਕੀ ਰਹੇ ਓ, ਮਸਲਾ ਇਹ ਐ ਕਿ ਤੁਹਾਨੂੰ ਦਿਖਾ ਕੌਣ ਰਿਹੈ? ਚੰਗੀ ਗੱਲ ਇਹ ਰਹੀ ਕਿ ਮੇਰਾ ਇਹ ਦੋਸਤ ਫੌਰੀ ਤੌਰ ‘ਤੇ ਸੰਭਲ ਗਿਆ ਤੇ ਕਹਿਣ ਲੱਗਾ, “ਯਾਰ ਇਹ ਗੱਲ ਮੇਰੇ ਜ਼ਿਹਨ ‘ਚ ਕਿਉਂ ਨਾ ਆਈ!” ਮੈਂ ਕਿਹਾ ਕਿ ਮਸਲਾ ਇਹ ਨਹੀਂ ਕਿ ਤੇਰੇ ਜ਼ਿਹਨ ‘ਚ ਪਹਿਲਾਂ ਕਿਉਂ ਨਹੀਂ ਆਈ, ਮਸਲਾ ਇਹ ਐ ਕਿ ਜਿਸ ਦੇ ਜ਼ਿਹਨ ‘ਚ ਵੀ ਆਈ, ਉਸ ਨੇ ਅੱਗੇ ਗੱਲ ਕੀਤੀ ਜਾਂ ਨਹੀਂ? ਹੁਣ ਤੇਰੇ ਜ਼ਿਹਨ ‘ਚ ਜੇ ਆ ਗਈ ਐ ਤਾਂ ਇਹ ਤੇਰੇ ਕੋਲ ਈ ਨਹੀਂ ਰਹਿਣੀ ਚਾਹੀਦੀ! ਇਹ ਵੀਡੀਓ ਵੀ ਪੁਰਾਣੀ ਨਿਕਲੀ, ਜੋ ਇੱਕ ਕੈਦੀ ਨੇ ਪੁਲਿਸ ਵੱਲੋਂ ਘਰ ਦਾ ਬਣਿਆ ਖਾਣਾ ਨਾ ਖਾਣ ਦਿੱਤੇ ਜਾਣ ਕਾਰਨ ਪੈਦਾ ਹੋਈ ਤਲਖੀ ਦੌਰਾਨ ਕੀਤੀ ਗਈ ਹਰਕਤ ਨਾਲ ਸਬੰਧਤ ਹੈ।
ਵਰਗਲਾਵੇ ਦੀ ਵਗ ਰਹੀ ਹਵਾ ਦੇ ਲਪੇਟੇ ‘ਚ ਆ ਜਾਣ ਵਾਲੇ ਆਪਣੇ ਦੋਸਤਾਂ ਨੂੰ ਮੈਂ ਕਸੂਰਵਾਰ ਨਹੀਂ ਕਹਾਂਗਾ, ਉਲਟਾ ਕਸੂਰਵਾਰ ਮੈਂ ਹੋਵਾਂਗਾ, ਜੇ ਮੌਕੇ ਸਿਰ ਬਾਂਹ ਫੜ ਕੇ ਉਨ੍ਹਾਂ ਨੂੰ ਮੈਂ ਲੀਹ ‘ਤੇ ਨਹੀਂ ਲਿਆਉਂਦਾ। ਦੇਸ਼ ਦੇ ਮੀਡੀਏ ਦਾ ਬਹੁਤ ਵੱਡਾ ਹਿੱਸਾ ਵਰਗਲਾਵੇ ਦਾ ਕੰਮ ਹੀ ਕਰ ਰਿਹਾ ਹੈ। ਕਰੋਨਾ ਵਾਇਰਸ ਨਾਲ ਜੋੜ ਕੇ ਉਪਰ ਚਰਚਿਤ ਵੀਡੀਓ ਦੇਸ਼ ਦੇ ਪ੍ਰਮੁੱਖ ਟੀ. ਵੀ. ਨਿਊਜ਼ ਚੈਨਲਾਂ ਨੇ ਇੰਜ ਸਨਸਨੀਖੇਜ਼ ਢੰਗ ਨਾਲ ਪ੍ਰਸਾਰਿਤ ਕੀਤੇ ਹਨ ਤੇ ਖਬਰਾਂ ਪ੍ਰਮੁਖ ਅਖਬਾਰਾਂ ਨੇ ਪ੍ਰਕਾਸ਼ਿਤ ਕੀਤੀਆਂ ਹਨ ਕਿ ਆਮ ਮਨੁੱਖ ਤਾਂ ਕੀ, ਪੜ੍ਹਿਆ-ਲਿਖਿਆ ਸਮਝਿਆ ਜਾਂਦਾ ਹਿੱਸਾ ਵੀ ਲਪੇਟੇ ‘ਚ ਆ ਜਾਂਦਾ ਹੈ।
ਜ਼ਰਾ ਗਹੁ ਨਾਲ ਦੇਖੋ ਨਿਊਜ਼ ਚੈਨਲਾਂ ਦੀ ਪੇਸ਼ਕਾਰੀ, “ਮਰਕਜ਼ ਕੀ ਲਾਪਰਵਾਹੀ, ਕਰੋਨਾ ਹੂਆ ਹਾਵੀ!…ਭਾਰਤ ਮੇਂ ਕਰੋਨਾ ਸਾਜਿਸ਼ ਪਰ ਬਹੁਤ ਬੜਾ ਖੁਲਾਸਾ!…ਕੈਸੇ ਰੁਕੇਗਾ ਥੂ-ਥੂ ਗੈਂਗ ਕਾ ਅਸ਼ਲੀਲਤਾ ਵਾਲਾ ਆਤੰਕ!” ਜ਼ੀ ਨਿਊਜ਼, ਆਜ ਤੱਕ, ਨਿਊਜ਼ ਇੰਡੀਆ, ਏ. ਐਨ. ਆਈ. ਜਿਹੇ ਚੈਨਲਾਂ ਨੇ ਮੁਸਲਿਮ ਭਾਈਚਾਰੇ ਵਿਰੁਧ ਅਜਿਹੇ ਬੁਲੇਟਿਨ ਪ੍ਰਸਾਰਿਤ ਕਰਕੇ ਨਫਰਤ ਫੈਲਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।
ਬਾਂਦਰਾ ‘ਚ ਜੋ ਕਹਿਰ ਮਜ਼ਦੂਰਾਂ ‘ਤੇ ਢਾਹਿਆ ਗਿਆ ਹੈ, ਉਸ ਪਿੱਛੇ ਭਲਾ ਕੀ ਕਾਰਨ ਸੀ? ਉਹ ਵੀ ਗੋਦੀ ਮੀਡੀਆ ਦੀ ਪੂਰੀ ਵਿਓਂਤਬੰਦੀ ਨਾਲ ਵਾਪਰਿਆ। ਪਹਿਲਾਂ ‘ਏ. ਬੀ. ਪੀ. ਮਰਾਠੀ’ ਇਹ ਖਬਰ ਦਿੰਦਾ ਹੈ ਕਿ ਇਸ ਤਰੀਕ ਨੂੰ ਬਾਂਦਰਾ ਤੋਂ ਲੰਮੀ ਦੂਰੀ ਵਾਲੀਆਂ ਗੱਡੀਆਂ ਚੱਲਣਗੀਆਂ। ਪਰਵਾਸੀ ਮਜ਼ਦੂਰਾਂ ਲਈ ਕੰਮ ਕਰਨ ਵਾਲੀ ਐਨ. ਜੀ. ਓ. ਇਸ ਖਬਰ ‘ਤੇ ਭਰੋਸਾ ਕਰਕੇ ਮਜ਼ਦੂਰਾਂ ਨੂੰ ਬਾਂਦਰਾ ਸਟੇਸ਼ਨ ਆਉਣ ਲਈ ਕਹਿੰਦੀ ਹੈ ਤੇ ਨਤੀਜਾ ਤੁਹਾਡੇ ਸਾਹਮਣੇ ਹੈ। ਦੂਜੇ ਪਾਸੇ ਇਸੇ ਕੰਪਨੀ ਦਾ ਨੈਸ਼ਨਲ ਚੈਨਲ, ਏ. ਬੀ. ਪੀ. ਨਿਊਜ਼ ਖਬਰ ਬੁਲੇਟਿਨ ਨੂੰ ਹੋਰ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਿਆਂ ਦਾਅਵਾ ਕਰਦਾ ਹੈ ਕਿ ਮਜ਼ਦੂਰਾਂ ਨੂੰ ਬਾਂਦਰਾ ਸਟੇਸ਼ਨ ‘ਤੇ ਇਕੱਠਾ ਕਰਨ ਦੀ ਸਾਜਿਸ਼ ਨਾਲ ਲਗਦੀ ਮਸਜਿਦ ‘ਚ ਘੜੀ ਗਈ ਸੀ। ਇੱਕ ਹੀ ਨਿਊਜ਼ ਚੈਨਲ ਸੂਬੇ ‘ਚ ਹੋਰ ਬੋਲੀ ਬੋਲਦਾ ਹੈ ਤੇ ਦੇਸ਼-ਪੱਧਰ ‘ਤੇ ਹੋਰ ਬੋਲੀ ਬੋਲਦਾ ਹੈ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਝੂਠੀ ਖਬਰ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਏ. ਬੀ. ਪੀ. ਮਰਾਠੀ ਵਿਰੁਧ ਪਰਚਾ ਵੀ ਦਰਜ ਕੀਤਾ ਹੈ। ਇਸੇ ਤਰ੍ਹਾਂ ਯੂ. ਪੀ. ਪੁਲਿਸ ਜ਼ੀ ਨਿਊਜ਼ ਦੀਆਂ ਕਰੋਨਾ ਵਾਇਰਸ ਨੂੰ ਮੁਸਲਿਮ ਭਾਈਚਾਰੇ ਨਾਲ ਜੋੜ ਕੇ ਪ੍ਰਸਾਰਿਤ ਕੀਤੀਆਂ ਗਈਆਂ ਛੇ ਖਬਰਾਂ ਦਾ ਖੰਡਨ ਕਰ ਚੁਕੀ ਹੈ। ਇਸ ਦੇ ਬਾਵਜੂਦ ਕੂੜ ਪਸਾਰੇ ਦਾ ਸਿਲਸਿਲਾ ਜਾਰੀ ਹੈ। ਭਰੋਸੇਯੋਗਤਾ ਕਿੱਧਰ ਚਲੇ ਗਈ? ਇਹ ਇੱਕ ਪ੍ਰੇਸ਼ਾਨ ਕਰਨ ਵਾਲਾ ਸਵਾਲ ਹੈ।
ਲੋਕਾਂ ਨੂੰ ਇਹ ਨਹੀਂ ਦੱਸਿਆ ਦਾ ਰਿਹਾ ਕਿ ਖਤਰਨਾਕ ਬਿਮਾਰੀ ਦੇ ਪਸਾਰੇ ਨੂੰ ਰੋਕਣ ਲਈ ਸਰੀਰਕ ਦੂਰੀ ਚਾਹੀਦੀ ਹੈ, ਨਾ ਕਿ ਮਨਾਂ ਵਿਚ ਦੂਰੀ! ਸਮਾਜਕ ਦੂਰੀ (ਸੋਸ਼ਲ ਡਿਸਟੈਨਸਿੰਗ) ਲਫਜ਼ ਦੀ ਵਰਤੋਂ ਹੀ ਗਲਤ ਹੈ। ਮੀਡੀਆ ਦਾ ਜ਼ੋਰ ਤਾਂ ਇਸ ਗੱਲ ‘ਤੇ ਲੱਗਾ ਹੋਇਆ ਹੈ ਕਿ ਹਰ ਬਿਮਾਰੀ, ਹਰ ਸਮੱਸਿਆ ਲਈ ਮੁਸਲਿਮ ਭਾਈਚਾਰਾ ਹੀ ਦੋਸ਼ੀ ਹੈ। ਜਦ ਕੰਨਾਂ ‘ਚ ਹਰ ਪਾਸਿਓਂ ਅਜਿਹੀਆਂ ਅਵਾਜ਼ਾਂ ਈ ਪੈਣ ਤਾਂ ਵਰਗਲਾਵੇ ਦੀ ਸੰਭਾਵਨਾ ਤੋਂ ਕੌਣ ਨਾਂਹ ਕਰ ਸਕਦੈ!
ਅਸੀਂ ਜਦ ਪ੍ਰਾਇਮਰੀ ਸਕੂਲ ‘ਚ ਪੜ੍ਹਦੇ ਸਾਂ ਤਾਂ ਇੱਕ ਬੋਧ ਕਥਾ ਸਾਡੇ ਪਾਠਕ੍ਰਮ ਦਾ ਹਿੱਸਾ ਹੁੰਦੀ ਸੀ। ਪੂਰੀ ਤਾਂ ਯਾਦ ਨਹੀਂ, ਸੰਖੇਪ ‘ਚ ਉਹ ਕਥਾ ਇੰਜ ਸੀ ਕਿ ਇੱਕ ਆਜੜੀ ਆਪਣੇ ਅੱਲ੍ਹੜ ਪੁੱਤ ਨੂੰ ਸ਼ਹਿਰ ਲੇਲਾ ਵੇਚ ਕੇ ਸੌਦਾ ਲੈਣ ਭੇਜਦਾ ਹੈ। ਰਸਤੇ ‘ਚ ਠੱਗ ਉਸ ਮਗਰ ਲੱਗ ਜਾਂਦੇ ਹਨ। ਉਹ ਵਾਰੋ-ਵਾਰੀ ਉਸ ਕੋਲੋਂ ਲੰਘਦੇ ਲੇਲੇ ਨੂੰ ਕੁੱਤਾ ਕਹਿ ਕੇ ਪੁੱਛਦੇ ਹਨ ਕਿ ਉਹ ਇਹ ਕੁੱਤਾ ਕਿਉਂ ਚੁੱਕੀ ਫਿਰ ਰਿਹੈਂ? ਉਹ ਅੱਲ੍ਹੜ ਠੱਗਾਂ ਦੀਆਂ ਗੱਲਾਂ ‘ਚ ਆ ਕੇ ਆਪਣੇ ਲੇਲੇ ਨੂੰ ਕੁੱਤਾ ਸਮਝ ਬੈਠਦਾ ਹੈ ਤੇ ਉਸ ਨੂੰ ਛੱਡ ਦਿੰਦਾ ਹੈ ਅਤੇ ਠੱਗ ਲੇਲਾ ਲੈ ਕੇ ਰਫੂਚੱਕਰ ਹੋ ਜਾਂਦੇ ਹਨ! ਇਸ ਕਹਾਣੀ ਦਾ ਤੱਤਸਾਰ ਇਹ ਸੀ ਕਿ ਲੋਕ ਕੀ ਕਹਿੰਦੇ ਹਨ, ਉਸ ‘ਤੇ ਯਕੀਨ ਕਰਨ ਤੋਂ ਪਹਿਲਾਂ ਠੰਡੇ ਦਿਮਾਗ ਨਾਲ ਵਾਰ-ਵਾਰ ਸੋਚੋ ਤੇ ਖੁਦ ਫੈਸਲਾ ਕਰੋ ਕਿ ਠੀਕ ਕੀ ਐ ਤੇ ਗਲਤ ਕੀ!
ਇਹ ਕੋਈ ਛੋਟੀ-ਮੋਟੀ ਜ਼ਿੰਮੇਵਾਰੀ ਨਹੀਂ ਹੈ, ਖਾਸ ਕਰ ਉਦੋਂ, ਜਦੋਂ ਦੇਸ਼ ਦੀ ਸੁਪਰੀਮ ਕੋਰਟ ਨੇ ਹੱਥ ਖੜੇ ਕਰ ਦਿੱਤੇ ਹੋਣ! ਕਰੋਨਾ ਵਾਇਰਸ ਦੇ ਪਸਾਰੇ ਲਈ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਠਹਿਰਾਏ ਜਾਣ ਵਾਲੀਆਂ ਖਬਰਾਂ ‘ਤੇ ਰੋਕ ਲਾਉਣ ਲਈ ਜਮੀਅਤ ਉਲਾਮਾ-ਇ-ਹਿੰਦ ਨੇ ਸੁਪਰੀਮ ਕੋਰਟ ਦਾ ਕੁੰਡਾ ਜਾ ਖੜਕਾਇਐ, ਜਿਸ ਵੱਲੋਂ ਪੇਸ਼ ਹੋਏ ਉਘੇ ਵਕੀਲ ਏਜਾਜ਼ ਮਕਬੂਲ ਨੇ ਕਿਹਾ ਕਿ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਰੋਨਾ ਦੇ ਪਸਾਰੇ ਨੂੰ ਤਬਲੀਗੀ ਜਮਾਤ ਦੀ ਨਿਜਾਮੁਦੀਨ ਮਰਕਜ਼ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਨੂੰ ‘ਕਰੋਨਾ ਜਿਹਾਦ’ ਤੇ ‘ਕਰੋਨਾ ਅਤਿਵਾਦ’ ਦਾ ਨਾਂ ਦਿੱਤਾ ਜਾ ਰਿਹਾ ਹੈ ਅਤੇ ਪੁਰਾਣੇ ਵੀਡੀਓ ਇਸ ਮਰਕਜ਼ ਨਾਲ ਜੋੜ ਕੇ ਦਿਖਾਏ ਜਾ ਰਹੇ ਹਨ।
ਮਕਬੂਲ ਨੇ ਕਿਹਾ ਕਿ ਅਜਿਹਾ ਕਰਨਾ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ। ਅਜਿਹੀਆਂ ਝੂਠੀਆਂ ਖਬਰਾਂ ‘ਤੇ ਰੋਕ ਲਾਉਣ ਲਈ ਹਦਾਇਤ ਜਾਰੀ ਕਰਨ ‘ਚ ਦੇਰੀ ਮੁਸਲਿਮ ਭਾਈਚਾਰੇ ਵਿਰੁਧ ਮੰਦਭਾਵਨਾ, ਦੁਸ਼ਮਣੀ ਤੇ ਨਫਰਤ ਨੂੰ ਬੜਾਵਾ ਦੇਵੇਗੀ। ਦੇਸ਼ ਦੇ ਪ੍ਰਮੁਖ ਜੱਜ ਜਸਟਿਸ ਐਸ਼ ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕੋਈ ਫੌਰੀ ਹਦਾਇਤ ਜਾਰੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਹੈ ਕਿ ਅਸੀਂ ਮੀਡੀਆ ‘ਤੇ ਕੋਈ ਰੋਕ ਨਹੀਂ ਲਾ ਸਕਦੇ। ਹੁਣ ਦੇਸ਼ ਦੀ ਸਰਵ-ਉਚ ਅਦਾਲਤ ਇਸ ਬਾਰੇ ਕੀ ਫੈਸਲਾ ਲੈਂਦੀ ਹੈ ਤੇ ਕਦੋਂ ਲੈਂਦੀ ਹੈ? ਇਹ ਤਾਂ ਕਿਹਾ ਨਹੀਂ ਜਾ ਸਕਦਾ, ਪਰ ਇਹ ਗੱਲ ਪੱਕੀ ਹੈ ਕਿ ਮੀਡੀਆ ਉਸ ਵੇਲੇ ਤੱਕ ਕਾਫੀ ਨੁਕਸਾਨ ਕਰ ਚੁਕਾ ਹੋਵੇਗਾ।
ਇਸ ਸਬੰਧੀ ਅਮਰੀਕੀ ਅਸ਼ਵੇਤ ਅਧਿਕਾਰ ਅੰਦੋਲਨ ਦੇ ਆਗੂ ਤੇ ਮਨੁੱਖੀ ਅਧਿਕਾਰ ਕਾਰਕੁੰਨ ਮਾਲਕਮ ਐਕਸ ਦਾ ਇਹ ਕਥਨ ਅੱਜ ਬਹੁਤ ਹੀ ਪ੍ਰਸੰਗਕ ਹੈ, “ਜੇ ਤੁਸੀਂ ਚੌਕੰਨੇ ਨਹੀਂ ਰਹੋਗੇ ਤਾਂ ਅਖਬਾਰ ਤੁਹਾਨੂੰ ਉਨ੍ਹਾਂ ਲੋਕਾਂ ਨਾਲ ਨਫਰਤ ਕਰਨਾ ਸਿਖਾ ਦੇਣਗੇ, ਜਿਨ੍ਹਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਲੋਕਾਂ ਨੂੰ ਪਿਆਰ ਕਰਨਾ ਸਿਖਾ ਦੇਣਗੇ, ਜੋ ਸੋਸ਼ਣ ਕਰ ਰਹੇ ਹਨ।”
ਟੀ. ਵੀ. ਚੈਨਲਾਂ/ਅਖਬਾਰਾਂ ਤੋਂ ਨਾਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਉਹੀ ਕੰਮ ਕਰ ਰਹੇ ਹਨ, ਜੋ ਉਨ੍ਹਾਂ ਦੇ ਮਾਲਕ ਕਹਿ ਰਹੇ ਹਨ। ਹਾਂ ਗੁੱਸੇ ਜ਼ਰੂਰ ਹੋਣਾ ਚਾਹੀਦੈ, ਗੁੱਸਾ ਇਨ੍ਹਾਂ ਦਾ ਬਾਈਕਾਟ ਕਰਕੇ ਕੱਢਿਆ ਜਾ ਸਕਦੈ, ਪਰ ਸੋਸ਼ਲ ਮੀਡੀਏ ਦਾ ਕੀ ਕੀਤਾ ਜਾਵੇ? ਇਹ ਇੱਕ ਅਹਿਮ ਸੁਆਲ ਹੈ! ਇਹ ਗੱਲ ਆਮ ਈ ਕਹੀ-ਸੁਣੀ ਜਾਂਦੀ ਹੈ ਕਿ ਮਨੁੱਖ ਸੁਭਾਅ ਪੱਖੋਂ ਇੱਕ ਸਮਾਜੀ ਪ੍ਰਾਣੀ ਹੈ। ਉਹ ਆਪਣੇ ਆਲੇ-ਦੁਆਲੇ ਲੋਕਾਂ ਨਾਲ ਬਣਾ ਕੇ ਰੱਖਦਾ ਹੈ, ਸਫਾਈ ਰੱਖਦਾ ਹੈ, ਦੂਜੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ, ਉਨ੍ਹਾਂ ਦਾ ਦੁੱਖ-ਦਰਦ ਵੰਡਾਉਂਦਾ ਹੈ, ਦੂਜੇ ਲੋਕਾਂ ਖਾਤਰ ਆਪਣੇ ਹਿੱਤ ਅਕਸਰ ਪਿੱਛੇ ਰੱਖ ਦਿੰਦਾ ਹੈ। ਸਭ ਤੋਂ ਵੱਡੀ ਗੱਲ ਕਿ ਉਸ ਵਿਚ ਅੱਖ-ਸ਼ਰਮ ਹੈ, ਜੋ ਉਸ ਨੂੰ ਬਾਕੀ ਜੀਵਾਂ ਤੋਂ ਅਲੱਗ ਕਰਦੀ ਹੈ।
ਕੀ ਕਾਰਨ ਹੈ ਕਿ ਸੋਸ਼ਲ ਮੀਡੀਏ ‘ਤੇ ਅੱਖ-ਸ਼ਰਮ ਗਾਇਬ ਹੈ? ਦਰਅਸਲ, ਇਸ ਮੀਡੀਆ ‘ਤੇ ਵੀ ਰਾਜ ਕਰ ਰਹੀ ਹਾਕਮ ਜਮਾਤ ਬੁਰੀ ਤਰ੍ਹਾਂ ਕਾਬਜ਼ ਹੈ ਤੇ ਉਹ ਇਸ ਨੂੰ ਆਪਣੇ ਰਾਜਸੀ ਮਨੋਰਥਾਂ ਲਈ ਇੱਕ ਹਥਿਆਰ ਵਜੋਂ ਵਰਤ ਰਹੀ ਹੈ। ਭਾਜਪਾ ਦਾ ਆਈ. ਟੀ. ਸੈਲ ਕੂੜ ਤੋਲਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਇਸ ਮਾਹੌਲ ‘ਚ ਜਾਗਰੂਕ ਤਬਕੇ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ। ਉਸ ਨੂੰ ਚਾਹੀਦਾ ਹੈ ਕਿ ਸਮਾਜ ਦੀ ਸੰਵੇਦਨਸ਼ੀਲਤਾ ਦਾ ਸਮੂਹਿਕ ਉਧਾਲਾ ਨਾ ਹੋਣ ਦੇਵੇ। ਜਦ ਵੀ ਤੁਹਾਡੇ ਕੋਲ ਕੋਈ ਖਬਰ, ਕੋਈ ਵੀਡੀਓ ਆਉਂਦੀ ਹੈ ਤਾਂ ਉਸ ਨੂੰ ਅੱਗੇ ਤੋਰਨ ਦੀ ਕਾਹਲ ਨਾ ਕਰੋ। ਸਾਨੂੰ ਪਤਾ ਹੋਣਾ ਚਾਹੀਦੈ ਕਿ ਫੌਰੀ ਤੌਰ ‘ਤੇ ਕਿਹੜੀ ਚੀਜ਼ ਆਪਣੇ ਦਾਇਰੇ ਨਾਲ ਸਾਂਝੀ ਕਰਨੀ ਹੈ। ਹਰ ਖਬਰ, ਹਰ ਵੀਡੀਓ ਦੀ ਤਹਿ ਤੱਕ ਲਾਜ਼ਮੀ ਜਾਇਆ ਜਾਣਾ ਚਾਹੀਦੈ। ਜੇ ਜ਼ਹਿਰ ਦੇ ਵਪਾਰੀਆਂ ਨੇ ਇੰਟਰਨੈਟ ਰਾਹੀਂ ਹਨੇਰੀ ਲਿਆਂਦੀ ਹੋਈ ਹੈ ਤਾਂ ਇਸ ਦਾ ਤੋੜ ਵੀ ਉਸੇ ਜਗ੍ਹਾ ਪਿਆ ਹੈ। ਹਥਿਆਰ ਇੱਕ ਈ ਹੁੰਦੈ, ਉਹ ਜਾਨ ਬਚਾਉਂਦੈ ਵੀ ਐ ਤੇ ਜਾਨ ਲੈਂਦਾ ਵੀ ਐ! ਫਰਕ ਇਸ ਗੱਲ ਦਾ ਹੁੰਦੈ ਕਿ ਉਹ ਕਿਸ ਦੇ ਹੱਥ ਵਿਚ ਐ ਤੇ ਉਸ ਦਾ ਮੂੰਹ ਕਿਸ ਵੱਲ ਐ! ਇੰਟਰਨੈਟ ‘ਤੇ ਕਿਸੇ ਵੀ ਖਬਰ/ਤੱਥ ਦੀ ਭਰੋਸੇਯੋਗਤਾ ਪਰਖੀ ਜਾ ਸਕਦੀ ਹੈ। ਹਾਂ, ਇਹ ਕੰਮ ਸਮਾਂ ਮੰਗਦਾ ਹੈ ਤੇ ਸਮਾਂ ਸਾਨੂੰ ਕੱਢਣਾ ਈ ਪੈਣਾ ਹੈ! ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੇ ਅਜਿਹੇ ਸਮਰਪਿਤ ਗਰੁਪਾਂ, ਸੰਸਥਾਵਾਂ ਦਾ ਗਠਨ ਬੇਹੱਦ ਜ਼ਰੂਰੀ ਹੋ ਗਿਆ ਹੈ, ਜੋ ਕੂੜ-ਪਸਾਰੇ ਵਿਰੁਧ ਨਿਰੰਤਰ ਪਹਿਰੇਦਾਰੀ ਰੱਖਣ ਤੇ ਲੋਕਾਂ ‘ਚ ‘ਜਾਗਦੇ ਰਹੋ’ ਦਾ ਹੋਕਾ ਦਿੰਦੀਆਂ ਰਹਿਣ!
ਜਾਤੀ ਵਿਤਕਰੇ ਤੋਂ ਰਹਿਤ, ਹਕੀਕੀ ਨਾਰੀ ਮੁਕਤੀ ਵਾਲਾ ਇੱਕ ਜਮਾਤ ਰਹਿਤ ‘ਬੇਗਮਪੁਰਾ’ ਸਿਰਜਣ ਲਈ, ਸਰਬੱਤ ਦੇ ਭਲੇ ਵਾਸਤੇ ਇਹ ਹੋਕਾ, ਇਹ ਪਹਿਰੇਦਾਰੀ ਬਹੁਤ ਜ਼ਰੂਰੀ ਹੈ! ਆਮੀਨ!!