ਜਦ ਮੈਂ ਝੂਠ ਬੋਲਿਆ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਆਪਾਂ ਅਕਸਰ ਇਹ ਦਾਅਵਾ ਕਰਨ ਦਾ ਯਤਨ ਤੇ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਦੇ ਝੂਠ ਨਹੀਂ ਬੋਲਦੇ, ਪਰ ਇਹ ਗੱਲ ਕਹਿਣ ਨੂੰ ਵੱਧ ਤੇ ਕਰਨ ਨੂੰ ਘੱਟ ਕ੍ਰਿਆਸ਼ੀਲ ਲਗਦੀ ਹੈ। ਇਹ ਕਿਵੇਂ ਸੰਭਵ ਹੈ ਕਿ ਕਦੇ ਕਿਸੇ ਨੇ ਝੂਠ ਨਾ ਬੋਲਿਆ ਹੋਵੇ? ਝੂਠ ਕਿਉਂ ਬੋਲਿਆ? ਇਸ ਦੀ ਤਾਂ ਕੋਈ ਸਾਰਥਕਤਾ ਹੋ ਸਕਦੀ ਹੈ, ਪਰ ਇਹ ਕਹਿਣ ਦਾ ਦਾਅਵਾ ਕਰਨਾ ਕਿ ਕਦੇ ਝੂਠ ਬੋਲਿਆ ਹੀ ਨਹੀਂ, ਆਪਣੇ ਆਪ ‘ਚ ਹੀ ਝੂਠ ਬੋਲਣ ਦਾ ਪ੍ਰਤੱਖ ਪ੍ਰਮਾਣ ਦੇਣਾ ਹੈ। ਕੀ ਝੂਠ ਬੋਲਣ ਦਾ ਕੋਈ ਕਾਰਨ ਦੱਸ ਸਕਦੇ ਹੋ ਕਿ ਕਿਸ ਮਜ਼ਬੂਰੀ ਤਹਿਤ ਤੁਹਾਨੂੰ ਝੂਠ ਬੋਲਣਾ ਪਿਆ? ਬੰਦੇ ਦੀ ਇਹ ਫਿਤਰਤ ਹੈ ਕਿ ਉਹ ਹਰ ਯਤਨ ਕਰਦਾ ਰਹਿੰਦਾ ਹੈ ਕਿ ਉਹ ਦੂਜਿਆਂ ਨੂੰ ਆਪਣੇ ਚੰਗੇ ਤੇ ਵਧੀਆ ਹੋਣ ਦਾ ਪ੍ਰਭਾਵ ਦੇ ਸਕੇ। ਇਹ ਨਿਰੀ ਮ੍ਰਿਗ ਤ੍ਰਿਸ਼ਨਾ ਵਾਲੀ ਸਥਿਤੀ ਹੈ। ਜਿੰਨਾ ਵੱਧ ਤੁਸੀਂ ਇਹ ਯਤਨ ਕਰੋਗੇ ਉਨਾ ਹੀ ਆਪਣੀ ਸ਼ਖਸੀਅਤ ਦਾ ਪ੍ਰਭਾਵ ਘਟਾਓਗੇ। ਕਿਉਂ ਨਹੀਂ ਆਮ ਲਹਿਜ਼ੇ ਵਿਚ ਕਹਿ ਦਿੰਦੇ ਕਿ ਹਾਂ ਇਸ ਤਰ੍ਹਾਂ ਹੋਇਆ ਹੈ, ਤੇ ਗੱਲ ਮੁੱਕ ਗਈ।

ਅਸੀਂ ਗੱਲ ਤਾਂ ਮੁਕਾਉਣੀ ਹੀ ਨਹੀਂ ਚਾਹੁੰਦੇ, ਸਗੋਂ ਇਸ ਨੂੰ ਲਮਕਾਈ ਹੀ ਰੱਖਣਾ ਚਾਹੁੰਦੇ ਹਾਂ। ਬੰਦੇ ਦੇ ਅਖੌਤੀ ਵਿਕਸਿਤ ਹੋਣ ਦਾ ਇਹੀ ਤਾਂ ਬਾਕੀ ਜੀਵ ਜੰਤੂਆਂ, ਪਸੂ-ਪੰਛੀਆਂ ਤੇ ਆਮ ਕੁਦਰਤੀ ਜੀਵਨ ਜੀਅ ਰਹੇ ਭਾਈਚਾਰੇ ਨਾਲੋਂ ਫਰਕ ਹੈ। ਇਸ ਨੂੰ ਬੰਦਾ ਜਾਤ ਦੀ ਪ੍ਰਗਤੀ ਜਾਂ ਦੁਰਗਤੀ ਕਹਿ ਲਓ। ਝੂਠ ਅਸੀਂ ਬੋਲਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਝੂਠ ਬੋਲ ਹੋ ਰਿਹਾ ਹੈ ਤੇ ਕਈ ਵਾਰੀ ਜਦੋਂ ਪਤਾ ਲੱਗਦਾ ਹੈ ਤਾਂ ਉਸ ਨੂੰ ਛੁਪਾਉਣ ਲਈ ਅਗਲਾ ਹੋਰ ਝੂਠ ਬੋਲ ਜਾਂਦੇ ਹਾਂ; ਇਹ ਸੋਚਦੇ ਹੀ ਨਹੀਂ ਕਿ ਪਹਿਲਾ ਬੋਲਿਆ ਝੂਠ ਤਾਂ ਛੁਪਾ ਨਹੀਂ ਸਕੇ, ਹੁਣ ਦੂਜਾ ਜੋ ਬੋਲ ਰਹੇ ਹਾਂ, ਪਹਿਲੇ ਨੂੰ ਸੱਚ ਦਰਸਾਉਣ ਲਈ, ਉਸ ਦਾ ਕੀ ਇਲਾਜ ਕਰੋਗੇ? ਅਜਿਹਾ ਵਤੀਰਾ ਸਾਡੇ ਰੋਜ਼ਾਨਾ ਜੀਵਨ ਦਾ ਸੁਭਾਅ ਬਣ ਗਿਆ ਹੈ। ਕਹਿੰਦੇ ਹਨ, ਕੋਈ ਚੰਗਾ ਕੰਮ ਕਰਨ ਲਈ ਕਿਸੇ ਦੇ ਸੁਝਾਓ ਦੀ ਲੋੜ ਨਹੀਂ ਹੁੰਦੀ, ਪਰ ਜੇ ਝੂਠ ਨੂੰ ਹੀ ਅਸੀਂ ਚੰਗਾ ਕੰਮ ਸਮਝ, ਅਪਨਾ ਲਿਆ ਹੈ ਤਾਂ ਫਿਰ ਕਿਸੇ ਤੋਂ ਕੋਈ ਸਲਾਹ ਮਸ਼ਵਰਾ ਲੈਣ ਦਾ ਤਾਂ ਕੋਈ ਮੰਤਵ ਹੀ ਨਹੀਂ ਰਹਿ ਗਿਆ।
ਥੋੜ੍ਹੇ ਨਿਜੀ ਮੁਫਾਦ ਲਈ ਅਸੀਂ ਝੂਠ ਬੋਲ ਲੈਣ ਨੂੰ ਉਕਾ ਮਾੜਾ ਨਹੀਂ ਸਮਝਦੇ। ਸਿਆਸੀ ਤੇ ਸਮਾਜਕ ਵਰਤਾਰੇ ‘ਚ ਤਾਂ ਇਹ ਆਮ ਗੱਲ ਬਣ ਕੇ ਰਹਿ ਗਈ ਹੈ, ਸਗੋਂ ਧਾਰਮਿਕ ਦਾਇਰੇ ‘ਚ ਵੀ ਸ਼ੈਤਾਨ ਰੂਪੀ ਝੂਠ ਦਾ ਦੈਂਤ ਬੜੀ ਹੁਸ਼ਿਆਰੀ ਨਾਲ ਆਪਣਾ ਦਖਲ ਦਿੰਦਾ ਹੈ, ਤੇ ਇੰਜ ਕਿਸੇ ਖੇਤਰ ‘ਚ ਸਾਨੂੰ ਬਖਸ਼ਣ ਦੀ ਕਿਰਪਾ ਨਹੀਂ ਕਰਦਾ। ਜ਼ਿੰਦਗੀ ਦੀ ਹਰ ਰਫਤਾਰ ਨਾਲ ਇਹ ਬਰਾਬਰ ਚਲਦਾ ਹੈ। ਇਹ ਸਾਡੇ ਜੀਵਨ ਦਾ ਅਹਿਮ ਅੰਗ ਬਣ ਕੇ ਰਹਿ ਗਿਆ ਹੈ। ਨਿਆਣੇ ਝੂਠ ਬੋਲਣ ਤਾਂ ਅਸੀਂ ਉਨ੍ਹਾਂ ਨੂੰ ਰੋਕਦੇ ਹਾਂ; ਸਾਨੂੰ ਚੇਤਾ ਭੁੱਲ ਜਾਂਦਾ ਹੈ ਕਿ ਅਸੀਂ ਝੂਠ ਬੋਲਦੇ ਹੀ ਵੱਡੇ ਹੋਏ ਤੇ ਅੱਜ ਉਨ੍ਹਾਂ ਨੂੰ ਝੂਠ ਨਾ ਬੋਲਣ ਦੀ ਨਸੀਹਤ ਕਰਦੇ ਥੱਕਦੇ ਨਹੀਂ।
ਇਹ ਕੇਹੀ ਦਿਆਨਤਦਾਰੀ ਦੀ ਮਿਸਾਲ ਅਸੀਂ ਸਥਾਪਤ ਕਰਨ ਜਾ ਰਹੇ ਹਾਂ? ਇਹ ਆਪਣੇ ਆਪ ‘ਚ ਇਕ ਪਖੰਡੀ ਵਤੀਰਾ ਹੈ। ਜ਼ਿੰਦਗੀ ਦੇ ਮਕਸਦ ਹੁੰਦੇ ਹਨ, ਕਿਸੇ ਵੱਡੀ ਮੰਦਭਾਗੀ ਘਟਨਾ ਨੂੰ ਟਾਲਣ ਲਈ ਬੋਲਿਆ ਝੂਠ ਉਸਾਰੂ ਯੋਗਦਾਨ ਪਾ ਸਕਦਾ ਹੈ। ਕਿਸੇ ਦੀ ਜਾਨ ਬਚਾਉਣ ਲਈ ਬੋਲਿਆ ਝੂਠ ਸੱਚ ਨਾਲੋਂ ਵਧੀਆ ਕੰਮ ਕਰੇਗਾ; ਪਰ ਜੇ ਸਿਰਫ ਝੂਠ, ਝੂਠ ਬੋਲਣ ਦੀ ਬਣੀ ਆਦਤ ਕਾਰਨ ਹੀ ਬੋਲਿਆ ਹੈ ਤਾਂ ਉਸ ਦਾ ਕੀ ਮਕਸਦ?
ਇਕ ਦਿਨ ਮੈਂ ਸਵੇਰੇ ਸਵੇਰੇ ਅਖਬਾਰਾਂ ਲੈਣ ਗਿਆ, ਜਦ ਮੈਂ ਅਖਬਾਰਾਂ ਦਾ ਥੱਬਾ ਇਕੱਠਾ ਕਰ ਕਾਰ ‘ਚ ਬੈਠਣ ਲੱਗਾ ਤਾਂ ਅੱਧਖੜ ਉਮਰ ਦਾ ਬੰਦਾ ਕਹਿੰਦਾ, ਭਾਜੀ ਮੈਨੂੰ ਰੋਟੀ ਖਾਣ ਲਈ ਦੋ ਡਾਲਰ ਦੇ ਦਿਉ। ਸੁਤੇ ਸੁਭਾਅ ਹੀ ਮੈਂ ਮੂੰਹੋਂ ਤੜੱਕ ਦੇ ਕੇ ਜੁਆਬ ਕੱਢ ਮਾਰਿਆ ਕਿ ਮੇਰੇ ਕੋਲ ਤਾਂ ਬਟੂਆ ਹੀ ਹੈ ਨਹੀਂ, ਤੈਨੂੰ ਮੈਂ ਕਿੱਥੋਂ ਦੋ ਡਾਲਰ ਦੇ ਦਿਆਂ! ਉਹ ਜੁਆਬ ਸੁਣ ਤੁਰਦਾ ਬਣਿਆ। ਅਖਬਾਰਾਂ ਚੁੱਕ ਕੇ ਮੈਂ ਘਰ ਨੂੰ ਤਾਂ ਆ ਗਿਆ, ਪਰ ਘਰੇ ਆ ਕੇ ਮੇਰਾ ਮੁਫਤ ਦੀਆਂ ਚੁੱਕੀਆਂ ਅਖਬਾਰਾਂ ਦੇ ਥੱਬੇ ਵੱਲ ਮੂੰਹ ਕਰਨ ਨੂੰ ਜੀਅ ਨਾ ਕਰੇ, ਪੜ੍ਹਨ ਦੀ ਗੱਲ ਤਾਂ ਪਰੇ ਰਹਿ ਗਈ। ਉਸ ਨੂੰ ਦਿੱਤਾ ਜੁਆਬ ਮੇਰੇ ਅੰਦਰ ਰੋੜੇ ਵਾਂਗ ਰੜਕੇ। ਦੋ ਡਾਲਰ ਬਦਲੇ ਮੈਂ ਕਿੱਡਾ ਝੂਠ ਬੋਲ ਗਿਆ। ਮੇਰੀ ਆਤਮਾ ਮੈਨੂੰ ਲਾਹਨਤਾਂ ਪਾਵੇ ਕਿ ਤੇਰੇ ਇਮਾਨ ਦੀ ਕੀਮਤ ਸਿਰਫ ਦੋ ਡਾਲਰ? ਹਾਂ, ਜੇ ਮੈਂ ਇਉਂ ਕਹਿ ਦਿੰਦਾ ਕਿ ਮੈਂ ਨਹੀਂ ਦਿੰਦਾ ਬਈ, ਤੂੰ ਕਿਹੜੀ ਸਵੇਰੇ ਸਵੇਰੇ ਰੋਟੀ ਖਾਣੀ ਹੈ; ਤੇਰਾ ਤਾਂ ਰਾਤ ਦਾ ਨਸ਼ਾ ਟੁੱਟਾ ਹੋਊ, ਤੂੰ ਤਾਂ ਦਾਰੂ ਲਈ ਪੈਸੇ ਮੰਗਦੈਂ। ਮਨ ਦੀ ਅਸਲੀ ਗੱਲ ਕਹਿਣ ਦੀ ਤਾਂ ਮੇਰੀ ਹਿੰਮਤ ਨਾ ਪਈ, ਪਰ ਕੋਰਾ ਝੂਠ ਮਾਰ ਦਿੱਤਾ ਕਿ ਮੇਰੇ ਕੋਲ ਤਾਂ ਬਟੂਆ ਹੀ ਹੈ ਨਹੀਂ। ਆਪਣੀ ਆਤਮਾ ਨੂੰ ਸਾਫ ਸੁਥਰਾ ਰੱਖਣ ਲਈ ਕਿਉਂ ਨਾ ਚੁੱਪ ਕਰਕੇ ਦੋ ਡਾਲਰ ਦੇ ਦਿੱਤੇ? ਜਦੋਂ ਕਿ ਦੋ-ਚਾਰ ਡਾਲਰ ਦੀ ਭਾਨ ਕਾਰ ‘ਚ ਹੋਣਾ ਆਮ ਗੱਲ ਹੈ। ਸੋਚਾਂ ਦੇ ਉਤਰਾ-ਚੜਾਅ ਸਾਰਾ ਦਿਨ ਬੇਚੈਨ ਕਰਦੇ ਰਹੇ।
ਲੇਖਕ ਬੜਾ ਜਜ਼ਬਾਤੀ ਤੇ ਸੂਖਮ ਸੁਭਾਅ ਦਾ ਹੁੰਦੈ, ਲਿਖ ਕੇ ਆਪਣੀ ਭਾਵਨਾ ਸਾਂਝੀ ਕਰ ਲੈਂਦਾ ਹੈ। ਕਹਾਣੀ, ਕਵਿਤਾ ਤੇ ਲੇਖ ਇਸ ਸੂਖਮ ਸੁਭਾਅ ਦੀ ਹੀ ਉਪਜ ਹੁੰਦੇ ਹਨ। ਮੈਨੂੰ ਇਹ ਖਿਆਲ ਆਵੇ ਕਿ ਜੇ ਉਸ ਨੇ ਦੋ ਦੋ ਡਾਲਰ ਇਕੱਠੇ ਕਰਕੇ ਆਪਣੇ ਨਸ਼ੇ ਦੀ ਲਤ ਹੀ ਪੂਰੀ ਕਰਨੀ ਹੋਵੇ ਤਾਂ ਹੋਰ ਦੁਨੀਆਂ ਕਿਹੜਾ ਨਹੀਂ ਕਰਦੀ? ਮੈਂ ਤਾਂ ਉਸ ਨੂੰ ਇਉਂ ਜੁਆਬ ਦੇ ਦਿੱਤਾ ਜਿਵੇਂ ਮੇਰੇ ਪੈਸੇ ਨਾ ਦੇਣ ਨਾਲ ਉਸ ਨੇ ਨਸ਼ਾ ਕਰਨੋਂ ਹਟ ਜਾਣਾ ਹੈ। ਜੇ ਜ਼ਬਰਦਸਤੀ ਮੈਥੋਂ ਮੇਰਾ ਬਟੂਆ ਹੀ ਖੋਹ ਲੈਂਦਾ ਤਾਂ ਮੇਰੇ ਕੋਲ ਕਿਹੜੀ ਭੰਗੀਆਂ ਵਾਲੀ ਤੋਪ ਸੀ, ਜੋ ਮੈਂ ਚਲਾ ਦੇਣੀ ਸੀ। ਕਦੇ ਸੋਚਾਂ, ਉਸ ਨੇ ਮੈਨੂੰ ਸਿੱਧਾ ਕਿਉਂ ਨਾ ਕਿਹਾ ਕਿ ਭਾਈ ਮੇਰਾ ਨਸ਼ਾ ਟੁੱਟਿਐ, ਮੈਨੂੰ ਦੋ ਡਾਲਰ ਦੇਹ। ਝੂਠ ਤਾਂ ਉਸ ਨੇ ਵੀ ਬੋਲਿਆ, ਝੱਟ ਪੱਟ ਮੈਂ ਵੀ ਝੂਠਾ ਜੁਆਬ ਕੱਢ ਮਾਰਿਆ। ਬੰਦਾ ਜਦੋਂ ਗਲਤੀ ਕਰਦੈ, ਉਸ ਨੂੰ ਸਹੀ ਸਿੱਧ ਕਰਨ ਲਈ ਮਨ ‘ਚ ਕਈ ਦਲੀਲਾਂ ਘੜਦੈ; ਆਖਿਰ ਕੋਈ ਨਾ ਕੋਈ ਜੁਗਤ ਜੁਗਾੜ ਬਣਾ ਮਨ ਨੂੰ ਢਾਰਸ ਦੇ ਹੀ ਲੈਂਦਾ ਕਿ ਮੈਂ ਜੋ ਕੀਤਾ, ਠੀਕ ਕੀਤਾ।
ਕਈ ਵਾਰੀ ਸਾਡੀ ਇਹ ਫਿਤਰਤ ਹੀ ਬਣੀ ਹੁੰਦੀ ਹੈ ਕਿ ਝੂਠ ਬੋਲਦਿਆਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਝੂਠ ਬੋਲ ਰਹੇ ਹਾਂ। ਸਿਆਸਤਦਾਨਾਂ ਦੀ ਇੱਕ ਖਾਸ ਜਮਾਤ ਤਾਂ ਝੂਠ ਬੋਲੇ ਬਿਨਾ ਸਾਹ ਵੀ ਨਹੀਂ ਲੈ ਸਕਦੀ। ਝੂਠ ਦੇ ਪੁਲੰਦਿਆਂ ਨਾਲ ਹੀ ਉਨ੍ਹਾਂ ਦੀ ਸਿਆਸੀ ਜ਼ਿੰਦਗੀ ਜੁੜੀ ਹੋਈ ਹੁੰਦੀ ਹੈ। ਦੇਖੋ ਚੋਣਾਂ ਸਮੇਂ ਕਿਵੇਂ ਨਵੇਂ ਤੋਂ ਨਵੇਂ ਲਾਰੇ ਲਾਏ ਜਾਂਦੇ ਹਨ, ਚੋਣਾਂ ਜਿੱਤਣ ਪਿਛੋਂ ਕਿਵੇਂ ਉਨ੍ਹਾਂ ਹੀ ਕੀਤੇ ਵਾਦਿਆਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਝੂਠ ਦੇ ਪੁਲੰਦੇ ਖੜੇ ਕਰ ਨਵੀਆਂ ਲੜਾਈਆਂ ਵਿੱਢੀਆਂ ਜਾਂਦੀਆਂ ਹਨ ਤੇ ਇੰਜ ਇਹ ਖੁਦਗਰਜ ਸਿਆਸਤਦਾਨ ਲੋਕਾਂ ਦਾ ਘਾਣ ਕਰਨੋਂ ਨਹੀਂ ਝਿਜਕਦੇ। ਦੇਖੋ ਕਿਵੇਂ ਇਰਾਕ ‘ਤੇ ਹਮਲਾ ਕਰਕੇ ਝੂਠਾ ਬਹਾਨਾ ਇਹ ਘੜਿਆ ਗਿਆ ਕਿ ਇਰਾਕ ਦੇ ਪ੍ਰਧਾਨ ਸੱਦਾਮ ਹੁਸੈਨ ਕੋਲ ਮਾਰੂ ਰਸਾਇਣਕ ਹਥਿਆਰ ਹਨ। ਸਮੇਤ ਅਮਰੀਕਾ, ਇੰਗਲੈਂਡ ਤੇ ਹੋਰ ਨਾਟੋ ਮੁਲਕਾਂ ਨੇ ਕਈ ਸਾਲ ਝੂਠ ਨੂੰ ਸੱਚ ਬਣਾ ਬਣਾ ਕੇ ਇਰਾਕੀ ਲੋਕਾਂ ਨੂੰ ਮਾਰਿਆ, ਕੁੱਟਿਆ ਤੇ ਲੁੱਟਿਆ। ਆਖਿਰ ਕੋਈ ਰਸਾਇਣਕ ਹਥਿਆਰ ਨਾ ਲੱਭੇ ਤੇ ਮੰਨਣਾ ਪਿਆ ਕਿ ਇਹ ਹਮਲਾ ਕਰਨਾ ਗਲਤੀ ਸੀ।
ਮੇਰੇ ਅੰਦਰ ਅਜਿਹੀਆਂ ਵਾਪਰੀਆਂ ਘਟਨਾਵਾਂ ਬਾਰੇ ਵਿਚਾਰ ਕਿ ਮੈਂ ਦੋ ਡਾਲਰ ਲਈ ਝੂਠ ਬੋਲ ਕੇ ਪ੍ਰੇਸ਼ਾਨ ਹੋ ਰਿਹਾਂ, ਕੀ ਇਹ ਵੱਡੇ ਮੁਲਕਾਂ ਦੇ ਸਿਆਸੀ ਨੇਤਾਵਾਂ ਨੂੰ ਲੱਖਾਂ ਲੋਕਾਂ ਦਾ ਘਾਣ ਕਰਵਾ ਕੇ ਅਤੇ ਝੂਠ ਦੇ ਪੁਲੰਦਿਆਂ ਦੇ ਆਧਾਰ ‘ਤੇ ਮੁਲਕੀ ਜੰਗਾਂ ਸ਼ੁਰੂ ਕਰ ਕਰਾ ਕੇ ਰਾਤ ਨੂੰ ਨੀਂਦ ਕਿਸ ਤਰ੍ਹਾਂ ਆਉਂਦੀ ਹੈ? ਇਨ੍ਹਾਂ ਲੀਡਰਾਂ ਦੀ ਜ਼ਮੀਰ ਕਿੱਥੇ ਹੈ?
ਆਮ ਕੰਮ ਕਰਕੇ ਜੀਵਨ ਬਸਰ ਕਰਨ ਵਾਲਾ ਜੇ ਟੈਕਸ ਅਦਾ ਨਾ ਕਰੇ ਤਾਂ ਕਿਸ ਤਰ੍ਹਾਂ ਟੈਕਸ ਮਹਿਕਮਾ ਉਸ ਦੀ ਖਿਚਾਈ ਕਰਦੈ। ਦੂਜੇ ਪਾਸੇ ਵੱਡੀਆਂ ਵੱਡੀਆਂ ਕਮਾਈਆਂ ਕਰਨ ਵਾਲੇ ਤੇ ਬਹੁਕੌਮੀ ਕਾਰਪੋਰੇਸ਼ਨਾਂ ਕਿਵੇਂ ਚੋਰ ਮੋਰੀਆਂ ਰਾਹੀਂ ਟੈਕਸ ਦੇਣੋਂ ਬਚ ਨਿਕਲਦੇ ਹਨ। ਕੀ ਇਹ ਸਾਰਾ ਝੂਠ ਦਾ ਪੁਲੰਦਾ ਨਹੀਂ? ਜੇ ਨਹੀਂ ਤਾਂ ਫਿਰ ਇਹ ਕੀ ਹੈ? ਕੀ ਇਹ ਮੇਰੇ ਖਿਆਲੀ ਪਲਾਉ ਹੀ ਹਨ ਜਾਂ ਮੈਂ ਜਜ਼ਬਾਤੀ ਹੋ ਦੋ ਡਾਲਰ ਦੇ ਝੂਠ ਲਈ ਸੋਚੀ ਜਾ ਰਿਹਾਂ? ਬੰਦਾ ਗੁੰਝਲਾਂ ਤੇ ਉਲਝਣਾਂ ‘ਚ ਫਸਿਆ ਪਿਆ, ਇਸੇ ਕਰਕੇ ਇਸ ਦੀ ਜ਼ਿੰਦਗੀ ‘ਚ ਟਿਕਾਓ ਨਹੀਂ ਆਉਂਦਾ; ਇਸੇ ਕਰਕੇ ਇਹ ਭਟਕਣ ‘ਚ ਪਿਆ ਰਹਿੰਦਾ। ਇੱਕ ਗੁੰਝਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਦੂਜੀ ‘ਚ ਉਲਝ ਜਾਂਦਾ। ਇੰਜ ਇਸ ਦੇ ਮਨ ‘ਚ ਸਥਿਰਤਾ ਤੇ ਟਕਾਓ ਨਹੀਂ ਬਣਦੇ। ਬੰਦਾ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੇ ਯਤਨ ਕਰਦਾ ਹੀ ਖਫਾ ਹੋਇਆ ਰਹਿੰਦਾ ਹੈ।
ਨਿਰਮਲ ਬਿਰਤੀ ਬੱਚੇ ਬਹੁਤ ਹੀ ਸੱਚੇ ਤੇ ਸਪਸ਼ਟ ਹੁੰਦੇ ਹਨ, ਜੋ ਉਨ੍ਹਾਂ ਦੇ ਮਨ ‘ਚ ਹੁੰਦਾ, ਉਹ ਝੱਟ ਹੀ ਪ੍ਰਗਟ ਕਰ ਦਿੰਦੇ ਹਨ, ਪਰ ਸਿਆਣੇ ਹੋ ਕੇ ਉਨ੍ਹਾਂ ਦੀ ਬਿਰਤੀ ਸਾਡੇ ਵਲ ਵੇਖ ਕੇ ਵਿਗੜ ਜਾਂਦੀ ਹੈ, ਜਾਂ ਸਹਿਜ ਸੁਭਾ ਅਸੀਂ ਹੀ ਵਿਗਾੜ ਦਿੰਦੇ ਹਾਂ। ਬੱਚਿਆਂ ਦੀ ਉੱਤਮ ਬਿਰਤੀ ਤੇ ਨਿਰਛਲ ਸੁਭਾਅ ਤੋਂ ਅਸੀਂ ਕਿਉਂ ਸੇਧ ਨਹੀਂ ਲੈਂਦੇ? ਇਹ ਵਿਚਾਰ ਆ ਆ ਮੇਰੇ ਅੰਦਰ ਕੁਰਬਲ ਕੁਰਬਲ ਹੋ ਰਹੀ ਹੈ। ਜੇ ਕਿਤੇ ਇਉਂ ਅਸੀਂ ਮਨ ਨੂੰ ਦ੍ਰਿੜਤਾ ਨਾਲ ਪ੍ਰੇਰ ਕੇ ਨੇਮ ਧਾਰ, ਸੱਚ ਨੂੰ ਸਨਮੁੱਖ ਜੀਵਨ ਸੇਧ ਬਣਾਈਏ ਤਾਂ ਉਪਰ ਜ਼ਿਕਰ ਕੀਤੀਆਂ ਘਟਨਾਵਾਂ ਕਾਰਨ ਹੋਏ ਬੇਹਿਸਾਬੇ ਕਤਲੇਆਮ, ਆਰਥਕ ਨੁਕਸਾਨ ਤੇ ਮਨ ਦੀਆਂ ਪਈਆਂ ਪੁਆਈਆਂ ਉਲਝਣਾਂ ਤੋਂ ਬਚ ਸਕਦੇ ਹਾਂ। ਇੰਜ ਦੋ ਡਾਲਰ ਕੀ, ਕਰੋੜਾਂ ਡਾਲਰਾਂ ਲਈ ਵੀ ਅਸੀਂ ਝੂਠ ਬੋਲਣੋਂ ਮੁਕਤ ਹੋ ਜਾਵਾਂਗੇ।