‘ਪ੍ਰੇਮ ਭਗਤ’ ਅਤੇ ‘ਪ੍ਰੇਮ ਭਗਤਿ’ ਦਾ ਅਰਥ

ਸੰਪਾਦਕ ਜੀ,
ਪੰਜਾਬ ਟਾਈਮਜ਼ ਦੇ 11 ਅਪਰੈਲ 2020 ਦੇ ਅੰਕ ਵਿਚ ਡਾ. ਅਜੀਤ ਸਿੰਘ ਕੋਟਕਪੂਰਾ ਦਾ ਇੱਕ ਲੇਖ ‘ਪ੍ਰੇਮ ਭਗਤ ਜੇਹ ਜਾਨੀ’ ਛਪਿਆ ਸੀ। ਲੇਖਕ ਨੇ ਕਰਾਮਾਤੀ ਢੰਗ ਨਾਲ ਖਾਲਸੇ ਦੇ ਸਾਜਨਾ ਦਿਨ ਵਾਲੀ ਕਹਾਣੀ ਲਿਖੀ ਹੈ, ਜਦੋਂ ਕਿ ਗੁਰੂ ਪਾਤਿਸ਼ਾਹ ਕਰਾਮਾਤਾਂ ਦਿਖਾਉਣ ਦੇ ਪੱਖ ਵਿਚ ਨਹੀਂ ਸਨ। ਲੇਖਕ ਨੇ ਗੁਰਬਾਣੀ ਵਿਚੋਂ ਲਿਖੀ ਤੁਕ ਨੂੰ ਸ਼ਬਦ-ਜੋੜਾਂ ਵਲੋਂ ਬੇਧਿਆਨੀ ਨਾਲ ਲਿਖਿਆ ਹੈ। ਲੇਖਕ ਨੇ ਲਿਖਿਆ ਹੈ, “ਖਾਲਸਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਕਬੀਰ ਦੇ ਸਲੋਕਾਂ ਵਿਚ ਦਰਜ ਹੈ, ਕਹੁ ਕਬੀਰ ਜਨ ਭਈ ਖਾਲਸੇ ਪ੍ਰੇਮ ਭਗਤ ਜੇਹ ਜਾਨੀ॥” (ਪੰਨਾ 655)
ਗੁਰਬਾਣੀ ਦੀ ਸਹੀ ਤੁਕ ਇਸ ਤਰ੍ਹਾਂ ਹੈ, ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥੪॥੩॥
ਅਰਥ ਵਿਚਾਰ: ਇਨ੍ਹਾਂ ਤੁਕਾਂ ਵਿਚ ਭਗਤ ਕਬੀਰ ਜੀ ਵਲੋਂ ਵਰਤੇ ਸ਼ਬਦ ‘ਖਾਲਸਾ’ ਦਾ ਅਰਥ ‘ਖੰਡੇ ਦੀ ਪਾਹੁਲ ਲੈਣ ਵਾਲੇ’ ਨਹੀਂ, ਸਗੋਂ ‘ਮੌਤ ਦੇ ਡਰ ਤੋਂ ਆਜ਼ਾਦ ਹੋਣ ਵਾਲੇ’ ਹੈ। ਪ੍ਰੋ. ਸਾਹਿਬ ਸਿੰਘ ਇਸ ਤਰ੍ਹਾਂ ਅਰਥ ਕਰਦੇ ਹਨ, “ਸਾਰੇ ਜਗਤ ਉਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਵੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)। ਹੇ ਕਬੀਰ! (ਆਖ) ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ, ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ।”
ਲੇਖਕ ਨੇ ‘ਭਗਤਿ’ ਅਤੇ ‘ਭਗਤ’ ਸ਼ਬਦ ਨੂੰ ਇੱਕੋ ਜਿਹਾ ਹੀ ਸਮਝ ਕੇ ਵਰਤਿਆ ਜਾਪਦਾ ਹੈ, ਕਿਉਂਕਿ ਪਾਠੀ ਬੋਲਣ ਵਿਚ ਗਲਤੀ ਕਰਦਿਆਂ ‘ਭਗਤਿ’ ਸ਼ਬਦ ਨੂੰ ‘ਭਗਤ’ ਹੀ ਬੋਲਦੇ ਹਨ। ਬੋਲਣ ਦੀ ਇਹ ਗਲਤੀ ਲਿਖਤ ਵਿਚ ਨਹੀਂ ਹੋਣੀ ਚਾਹੀਦੀ, ਕਿਉਂਕਿ ਲਿਖਤ ਵਿਚ ਸ਼ਬਦ-ਜੋੜ ਨਹੀਂ ਬਦਲੇ ਜਾ ਸਕਦੇ।
ਪ੍ਰੋ. ਸਾਹਿਬ ਸਿੰਘ ਵਲੋਂ ਲਿਖੀ ‘ਗੁਰਬਾਣੀ ਵਿਆਕਰਣ’ ਪੁਸਤਕ ਵਿਚ ਕੀਤੀ ਖੋਜ ਅਨੁਸਾਰ ‘ਭਗਤਿ’ ਸ਼ਬਦ ਇਸਤਰੀ ਲਿੰਗ ਇੱਕਬਚਨ ਨਾਂਵ ਹੈ, ਜਦੋਂ ਕਿ ਗੁਰਬਾਣੀ ਵਿਆਕਰਣ ਅਨੁਸਾਰ ‘ਭਗਤ’ ਸ਼ਬਦ ਪੁਲਿੰਗ ਬਹੁਬਚਨ ਨਾਂਵ ਬਣਦਾ ਹੈ ਅਤੇ ਇਸ ਤੋਂ ਪਿੱਛੋਂ ਸਬੰਧਕ ਨਹੀਂ ਆਉਂਦਾ। ਲੇਖਕ ਵਲੋਂ ਦਿੱਤੇ ਸਿਰਲੇਖ ‘ਪ੍ਰੇਮ ਭਗਤ ਜੇਹ ਜਾਨੀ’ ਵਿਚ ‘ਪ੍ਰੇਮ ਭਗਤ’ ਦਾ ਅਰਥ ਬਣਦਾ ਹੈ, ਭਗਤਾਂ ਦਾ ਪ੍ਰੇਮ, ਜਦੋਂ ਕਿ ਸਹੀ ਤੁਕਾਂਸ਼ ‘ਪ੍ਰੇਮ ਭਗਤਿ’ ਦਾ ਅਰਥ ਬਣਦਾ ਹੈ, ਪ੍ਰੇਮਾ ਭਗਤੀ।
-ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171