ਗੁਰੂ ਨਾਨਕ ਸਾਹਿਬ ਅਤੇ ਗੈਬੀ ਸ਼ਕਤੀਆਂ?

‘ਪੰਜਾਬ ਟਾਈਮਜ਼’ ਦੇ 25 ਅਪਰੈਲ ਦੇ ਅੰਕ ਵਿਚ ਛਪਿਆ ਡਾ. ਗੋਬਿੰਦਰ ਸਿੰਘ ਸਮਰਾਓ ਲੇਖ ਜਪੁ ਜੀ ਉਤੇ ਪਿਛੋਕੜ ਵਿਚ ਕੀਤੇ ਟੀਕਿਆਂ ‘ਤੇ ਤਬਸਰਾ ਕਾਫੀ ਰੌਚਕ ਹੈ ਅਤੇ ਹਰ ਸਿੱਖਿਅਤ ਗੁਰੂ ਨਾਨਕ ਨਾਮ ਲੇਵਾ ਦੀ ਤਵੱਜੋ ਮੰਗਦਾ ਹੈ। ਉਨ੍ਹਾਂ ਆਪਣੇ ਇਸ ਲੇਖ ਵਿਚ ਵਿਸ਼ੇਸ਼ ਤੌਰ ‘ਤੇ ਮਿਸਾਲ ਵਜੋਂ ਭਾਈ ਵੀਰ ਸਿੰਘ ਵੱਲੋਂ ਜਪੁ ਜੀ ਸਾਹਿਬ ਦੇ ਕੀਤੇ ਅਰਥਾਂ ‘ਤੇ ਸ਼ੱਕ ਪ੍ਰਗਟਾਇਆ ਹੈ। ਮੈਂ ਇਸ ਵਿਸ਼ੇ ‘ਤੇ ਡਾ. ਸਮਰਾਓ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ।

ਮੈਂ ਦੋ ਕੁ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਬਾਰੇ ਵਿਸਤ੍ਰਿਤ ਜਾਣਕਾਰੀ ਹਿੱਤ ਲੁਧਿਆਣੇ ਦੀ ਇਕ ਬੁੱਕ ਸ਼ਾਪ ਨੂੰ ਫੋਨ ਕਰਕੇ ਗੁਰੂ ਨਾਨਕ ਰਚਿਤ ਬਾਣੀ ਤੇ ਜੀਵਨ ਕਾਲ ਬਾਰੇ ਕੁਝ ਕਿਤਾਬਾਂ ਬਾਰੇ ਸੁਝਾਓ ਮੰਗਿਆ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਵੇਲੇ ਪ੍ਰਕਾਸ਼ਿਤ ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦੇ ਦੋ ਖੰਡਾਂ ਅਤੇ ਭਾਈ ਵੀਰ ਸਿੰਘ ਰਚਿਤ ‘ਸ੍ਰੀ ਗੁਰੂ ਨਾਨਕ ਚਮਤਕਾਰ’ ਦੇ ਦੋ ਭਾਗਾਂ ਦੀ ਸਿਫਾਰਸ਼ ਕੀਤੀ। ਮੈਂ ਉਨ੍ਹਾਂ ਦਾ ਸੁਝਾਓ ਮੰਨ ਲਿਆ ਤੇ ਕਿਤਾਬਾਂ ਆਰਡਰ ਕਰ ਦਿੱਤੀਆਂ।
ਬਹੁਤ ਹੈਰਾਨੀ ਅਤੇ ਅਫਸੋਸ ਹੋਇਆ ਕਿ ‘ਪੰਜਾਬੀ’ ਨਾਮ ਵਾਲੀ ਅਤੇ ‘ਪੰਜਾਬੀ’ ਭਾਸ਼ਾ ਦੀ ਕਸ਼ਟੋਡੀਅਨ ਅਖਵਾਉਣ ਵਾਲੀ ਯੂਨੀਵਰਸਿਟੀ ਪੱਧਰ ਦੀ ਸੰਸਥਾ ਨੇ ਇਸ ਅਹਿਮ ਪੁਸਤਕ ਨੂੰ ਵੀ ਆਮ ਪੁਸਤਕਾਂ ਵਾਂਗ ਹੀ ਛਾਪਿਆ। ਟਾਈਪ ਸੈਟਿੰਗ ਅਤੇ ਛਪਾਈ ਬਿਲਕੁਲ ਹੀ ਆਮ ਸਕੂਲੀ ਕਿਤਾਬਾਂ ਜਿਹੀ। ਡਾ. ਤਾਰਨ ਸਿੰਘ ਵੱਲੋਂ ਕੀਤੇ ਟੀਕੇ ਵਿਚ ਵੀ ਯੂਨੀਵਰਸਿਟੀ ਪੱਧਰ ਵਾਲੀ ਕੋਈ ਵਿਲੱਖਣਤਾ ਨਜ਼ਰ ਨਹੀਂ ਆਈ। ਭਾਈ ਵੀਰ ਸਿੰਘ ਵੱਲੋਂ ਰਚਿਤ ਪੁਸਤਕਾਂ ਵਿਚ ਪੁਸਤਕਾਂ ਦੇ ਨਾਮ ਦੇ ਅਨੁਰੂਪ ਹੀ ‘ਚਮਤਕਾਰੀ’ ਨੁਕਤੇ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ ਅਤੇ ਗੁਰੂ ਨਾਨਕ ਨੂੰ ਗੈਬੀ ਸ਼ਕਤੀਆਂ ਨਾਲ ਲੈਸ ਹਿੰਦੂ ਦੇਵਤਿਆਂ ਦੇ ਸਮਾਨੰਤਰ ਪ੍ਰਕਾਸ਼ਿਤ ਕੀਤਾ ਗਿਆ ਹੈ।
ਮੇਰੇ ਵਿਚਾਰ ਅਨੁਸਾਰ ਜੇ ਗੁਰੂ ਨਾਨਕ ਪਾਸ ਗੈਬੀ ਸ਼ਕਤੀਆਂ ਸਨ ਤਾਂ ਫਿਰ ਉਨ੍ਹਾਂ ਨੂੰ ਹਜ਼ਾਰਾਂ ਮੀਲ ਲੰਮੀਆਂ ਦੇਸ਼-ਦੇਸ਼ਾਂਤਰ ਦੀਆਂ ਯਾਤਰਾਵਾਂ ਕਰਕੇ ਸਮਾਜਕ/ਧਾਰਮਿਕ ਅਨਿਆਂ ਵਿਰੁੱਧ ਅਵਾਜ਼ ਉਠਾਉਣ ਤੇ ਫਿਰ ਉਨ੍ਹਾਂ ਦੇ ਸਟੀਕ ਜਵਾਬ ਲਈ ਸੰਵਾਦ ਰਚਾਉਣ ਦੀ ਕੀ ਲੋੜ ਸੀ? ਅਸੀਂ ਸਿੱਖ, ਸੰਸਾਰ ਵਿਚ ਮੌਜੂਦ ਸਮਾਜਕ ਨਾਬਰਾਬਰੀ ਤੇ ਧਾਰਮਿਕ ਦਲ-ਦਲ ਵਿਚੋਂ ਮਨੁੱਖਤਾ ਨੂੰ ਬਾਹਰ ਕੱਢਣ ਅਤੇ ਜੱਗ ਤਾਰਨ ਦੀ ਦ੍ਰਿਸ਼ਟੀ ਤੇ ਸਮਰੱਥਾ ਰੱਖਣ ਵਾਲੇ ਆਪਣੇ ਸਮਰੱਥ ਗੁਰੂ ਸਾਹਿਬ ਨੂੰ ਕਿਉਂ ਕਰਾਮਾਤੀ ਬਣਾਉਣ ‘ਤੇ ਤੁਲੇ ਹੋਏ ਹਾਂ? ਜਦੋਂ ਕਿ ਗੁਰੂ ਸਾਹਿਬ ਨੇ ਕਰਾਮਾਤ ਦੀ ਤੁਲਨਾ ਕਹਿਰ ਨਾਲ ਕੀਤੀ ਹੈ। ਸ਼ਾਇਦ ਗੁਰੂ ਨਾਨਕ ਸਾਹਿਬ ਨੇ ਦੂਰ ਦ੍ਰਿਸ਼ਟੀ ਨਾਲ ਭਾਂਪ ਲਿਆ ਸੀ ਕਿ ਉਸ ਦੇ ਪੈਰੋਕਾਰ ਵੀ ਕਿਤੇ ਪ੍ਰਚਲਿਤ ਦੇਵੀ-ਦੇਵਤਿਆਂ ਤੋਂ ਭ੍ਰਮਿਤ ਨਾ ਹੋ ਜਾਣ ਅਤੇ ਅਜਿਹੀ ਸਥਿਤੀ ਨੂੰ ਸਪਸ਼ਟ ਕਰਨ ਲਈ ਹੀ ਸ਼ਾਇਦ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਿਆ, “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ॥…ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤ ਨ ਜਾਈ ਲਖਿਆ॥”
ਕੀ ਅਸੀਂ ਸਿੱਖ, ਗੁਰੂ ਨਾਨਕ ਸਾਹਿਬ ਦੀ ਤੁਲਨਾ ਗੈਬੀ ਸ਼ਕਤੀਆਂ ਨਾਲ ਲੈਸ ਮਿਥਿਹਾਸਕ ਪ੍ਰਚਲਿਤ ਦੇਵੀਆਂ-ਦੇਵਤਿਆਂ ਨਾਲ ਕਰ ਕੇ ਕਿਤੇ ਆਪਣੇ ਗੁਰੂ ਅਤੇ ਉਸ ਦੀਆਂ ਪ੍ਰਾਪਤੀਆਂ ਨੂੰ ਛੋਟਾ ਤਾਂ ਨਹੀਂ ਕਰ ਰਹੇ?
-ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ