ਸਬਕ ਕਰੋਨਾ ਤੋਂ

ਕਰੋਨਾ ਮਹਾਮਾਰੀ ਤੋਂ ਦੁਨੀਆਂ ਜਿਸ ਤਰ੍ਹਾਂ ਪ੍ਰਭਾਵਿਤ ਹੋਈ ਹੈ, ਇਸ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ, ਪਰ ਜੇ ਇਸ ਤੋਂ ਕੁਝ ਸਬਕ ਲਏ ਜਾਣ ਤਾਂ ਲਾਹੇਵੰਦ ਹੋਣਗੇ। ਇਸ ਦੌਰਾਨ ਵਾਤਾਵਰਣ ਬਹੁਤ ਹੱਦ ਤੱਕ ਪ੍ਰਦੂਸ਼ਣ ਮੁਕਤ ਹੋਇਆ ਹੈ। ਮਨੁੱਖ ਦੇ ਲਾਲਚੀ ਸੁਭਾਅ ਨੇ ਕੁਦਰਤ ਨਾਲ ਹੱਦੋਂ ਵੱਧ ਖਿਲਵਾੜ ਕੀਤਾ ਹੈ, ਜਿਸ ਦਾ ਖਮਿਆਜਾ ਵੀ ਕਿਸੇ ਹੋਰ ਰੂਪ ਵਿਚ ਭੁਗਤਣਾ ਪੈ ਸਕਦਾ ਹੈ। ਖੈਰ! ਫਿਲਹਾਲ ਕੁਝ ਉਨ੍ਹਾਂ ਗੱਲਾਂ ਦਾ ਜ਼ਿਕਰ ਕਰਾਂਗੇ, ਜੋ ਇਸ ਮਹਾਮਾਰੀ ਨਾਲ ਲੜਦਿਆਂ ਸਾਨੂੰ ਕੁਝ ਇਸ਼ਾਰਾ ਕਰਦੀਆਂ ਹਨ।

ਪਹਿਲੀ ਗੱਲ, ਧਰਮ ਸਥਾਨਾਂ ‘ਚ ਹੁਣ ਹਾਜਰੀ ਬਹੁਤ ਘਟੀ ਹੈ ਤੇ ਉਸੇ ਅਨੁਪਾਤ ਵਿਚ ਚੜ੍ਹਾਵਾ ਵੀ ਘਟਿਆ ਹੈ। ਕੀ ਹੁਣ ਰੱਬ ਨੂੰ ਕੋਈ ਫਰਕ ਪਿਆ ਹੈ? ਹਾਂ, ਪੁਜਾਰੀ ਵਰਗ ਨੂੰ ਜਰੂਰ ਚਿੰਤਾ ਹੋਣੀ ਹੈ, ਜਿਨ੍ਹਾਂ ਦੀ ਰੋਜੀ ਰੋਟੀ ਦਾ ਆਸਰਾ ਇਹ ਧਰਮ ਸਥਾਨ ਹਨ। ਹੁਣ ਸੋਚੀਏ, ਜੇ ਇਸ ਚੜ੍ਹਾਵੇ ਤੇ ਦਾਨ ਪੁੰਨ ਨਾਲ ਹਸਪਤਾਲ ਅਤੇ ਮੈਡੀਕਲ ਸੁਵਿਧਾਵਾਂ ਦਾ ਵਿਸਥਾਰ ਕੀਤਾ ਹੁੰਦਾ ਤਾਂ ਅੱਜ ਬਹੁਤ ਕੰਮ ਆਉਂਦਾ। ਧਰਮ ਸਥਾਨਾਂ ‘ਤੇ ਮੜ੍ਹਿਆ ਸੋਨਾ ਅਤੇ ਸੰਗਮਰਮਰ ਅੱਜ ਕਿਸੇ ਕੰਮ ਨਹੀਂ ਆ ਰਿਹਾ। ਕਰਾਮਾਤਾਂ ਦਾ ਬਾਜ਼ਾਰ ਵੀ ਠੰਡਾ ਪਿਆ ਜਾਪਦਾ ਹੈ।
ਦੂਜੀ ਗੱਲ, ਅੱਜ ਅੰਤਿਮ ਰਸਮਾਂ ਬਿਨਾ ਕਿਸੇ ਇਕੱਠ ਅਤੇ ਸਮਾਜਕ ਦਿਖਾਵੇ ਦੇ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਾਇਆ ਹੋਣ ਵਾਲਾ ਸਮਾਂ ਅਤੇ ਪੈਸੇ ਦੀ ਬਰਬਾਦੀ ਘੱਟ ਹੋਈ ਹੈ। ਸੀਮਤ ਆਵਾਜਾਈ ਨਾਲ ਪ੍ਰਦੂਸ਼ਣ ਘਟਿਆ ਹੈ। ਕੀ ਹੁਣ ਪਰਲੋਕ ਸਿਧਾਰੀਆਂ ਆਤਮਾਵਾਂ ਨੂੰ ਕੋਈ ਫਰਕ ਪਿਆ ਹੋਵੇਗਾ? ਬਿਲਕੁਲ ਨਹੀਂ, ਕਿਉਂਕਿ ਸੰਸਾਰਕ ਅਡੰਬਰ ਸੰਸਾਰ ਵਿਚ ਹੀ ਰਹਿ ਜਾਂਦੇ ਹਨ।
ਤੀਜੀ ਅਹਿਮ ਗੱਲ ਹੈ ਵਿਆਹ ਸ਼ਾਦੀਆਂ ਦੀ, ਜੋ ਕਈ ਥਾਂਈਂ ਬੜੀ ਸਾਦਗੀ ਨਾਲ ਬਿਨਾ ਢੋਲ ਢਮੱਕੇ ਤੋਂ ਨੇਪਰੇ ਚਾੜ੍ਹੀਆਂ ਗਈਆਂ, ਜਿਸ ਨਾਲ ਧਨ ਅਤੇ ਸਮਾਂ ਤਾਂ ਬਚਿਆ ਈ ਹੈ, ਆਵਾਜਾਈ ਘਟਣ ਨਾਲ ਕੁਦਰਤ ਨੂੰ ਵੀ ਸੁਖ ਦਾ ਸਾਹ ਆਇਆ ਹੈ। ਜਾਪਦਾ ਹੈ, ਕੁਦਰਤ ਸਾਡੇ ਕੰਨ ਖਿੱਚ ਕੇ ਨਸੀਹਤ ਦੇ ਰਹੀ ਹੈ, ਜਿਸ ਤੋਂ ਅਵੇਸਲੇ ਹੋਣਾ ਮਨੁੱਖਤਾ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੋਵੇਗੀ।
ਕੁਝ ਸਮਾਂ ਪਹਿਲਾਂ ਅਡੋਲਫ ਜਸਟ ਦੀ ਲਿਖੀ ਪੁਸਤਕ ‘ਰਿਟਰਨ ਟੂ ਨੇਚਰ’ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਸੀ, ਜਿਸ ਵਿਚ ਉਸ ਨੇ ਬੜੇ ਪ੍ਰਭਾਵਪੂਰਨ ਤਰੀਕੇ ਨਾਲ ਬਿਆਨ ਕੀਤਾ ਸੀ ਕਿ ਮਨੁੱਖਤਾ ਦਾ ਕੁਦਰਤ ਤੋਂ ਦੂਰ ਹੁੰਦੇ ਚਲੇ ਜਾਣਾ ਵੰਨ-ਸੁਵੰਨੀਆਂ ਬੀਮਾਰੀਆਂ ਦਾ ਮੁੱਢ ਬੰਨ੍ਹ ਰਿਹਾ ਹੈ। ਆਓ, ਸਮਾਂ ਰਹਿੰਦੇ ਇਸ ਨੂੰ ਸਮਝੀਏ ਅਤੇ ਕੁਦਰਤ ਨੂੰ ਹੀ ਰੱਬ ਦਾ ਦਰਜਾ ਦੇ ਕੇ ਬੇਲੋੜੇ ਅਡੰਬਰਾਂ ਤੋਂ ਮੁਕਤੀ ਪਾਈਏ।
-ਹਰਜੀਤ ਦਿਓਲ, ਬਰੈਂਪਟਨ