“ਗਲੀਏ ਚਿਕੜੁ ਦੂਰਿ ਘਰੁ”

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
“ਗਲੀਏ ਚਿਕੜੁ ਦੂਰਿ ਘਰੁ” ਕਿਤਾਬ ਦੇ ਲੇਖਕ ਡਾ. ਦੇਵਿੰਦਰ ਸਿੰਘ ਸੇਖੋਂ, ਜਿਥੇ ਕੈਨੇਡਾ ਵਿਖੇ ਵਿਗਿਆਨ ਦੇ ਮੰਨੇ ਪ੍ਰਮੰਨੇ ਅਧਿਆਪਕ ਹਨ, ਉਥੇ ਉਹ ਸਿੱਖ ਧਰਮ ਦੇ ਅਹਿਮ ਵਿਦਵਾਨ ਵੀ ਹਨ। ਸਿੱਖ ਧਰਮ ਦੇ ਵਿਭਿੰਨ ਸੰਕਲਪਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਹੁਣ ਤਕ ਉਨ੍ਹਾਂ ਸਿੱਖ ਧਰਮ ਤੇ ਦਰਸ਼ਨ ਨਾਲ ਸਬੰਧਤ 6 ਕਿਤਾਬਾਂ ਗੁਰਮਤਿ ਖੇਤਰ ਦੀ ਝੋਲੀ ਪਾਈਆਂ ਹਨ। ਪਿਛਲੇ 6 ਸਾਲਾਂ ਤੋਂ ਉਹ ‘ਗੁਰਬਾਣੀ ਸੰਦੇਸ਼’ ਨਾਮੀ ਵੈਬਸਾਈਟ ਚਲਾ ਰਹੇ ਹਨ, ਜੋ ਗੁਰਮਤਿ ਸੰਦੇਸ਼ਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਅੱਜ ਕਲ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆਕਾਰੀ ਦੇ ਅਹਿਮ ਕਾਰਜ ਵਿਚ ਜੁਟੇ ਹੋਏ ਹਨ।

ਡਾ. ਦੇਵਿੰਦਰ ਸਿੰਘ ਸੇਖੋਂ ਦੀ ਇਸ ਸੱਤਵੀਂ ਕਿਤਾਬ ਵਿਚ ਧਾਰਮਿਕ ਵਿਸ਼ਿਆਂ ਸਬੰਧੀ 13 ਲੇਖ ਸ਼ਾਮਿਲ ਕੀਤੇ ਗਏ ਹਨ। ਇਹ ਕਿਤਾਬ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਬੜੇ ਰੌਚਿਕ ਢੰਗ ਨਾਲ ਵਿਆਖਿਆ ਕਰਦੀ ਹੈ। ਕਿਤਾਬ ਦੇ ਪਹਿਲੇ ਲੇਖ ‘ਮੂਲ ਮੰਤਰ: ਗੁਰਪ੍ਰਸਾਦਿ ਦਾ ਭਾਵ’ ਵਿਚ ਸਿੱਖ ਧਰਮ ਵਿਚ ਮੂਲ ਮੰਤਰ ਦੇ ਸਕੰਲਪ, ਭਾਵ ਅਤੇ ਮਹੱਤਵ ਬਾਰੇ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ‘ਭੱਟਾਂ ਦੇ ਸਵਈਏ: ਸਤਿਗੁਰ ਮਹਿਮਾ’ ਲੇਖ ਵਿਚ ਲੇਖਕ ਨੇ ਸਤਿਗੁਰੂ ਅਤੇ ਪ੍ਰਭੂ ਦੀ ਅਭੇਦਤਾ ਦੀ ਬਾਦਲੀਲ ਦੱਸ ਪਾਈ ਹੈ। ‘ਸ਼ੁਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮ ਭਰਮ’ ਲੇਖ ਵਿਚ ਡਾ. ਸੇਖੋਂ ਨੇ ਗੁਰਬਾਣੀ ਦੇ ਪ੍ਰਮਾਣਾਂ ਰਾਹੀਂ ਸੁ.ਭ ਅਤੇ ਅਸ਼ੁਭ ਦਿਨਾਂ ਬਾਰੇ ਵਹਿਮਾਂ ਭਰਮਾਂ ਦਾ ਤਾਰਕਿਕ ਖੰਡਨ ਕੀਤਾ ਹੈ। ‘ਗੁਰੂ ਹਰਿਕ੍ਰਿਸ਼ਨ ਸਾਹਿਬ: ਇਕ ਮਹਾਨ ਸ਼ਹੀਦ’ ਲੇਖ ਸਿੱਖ ਇਤਿਹਾਸ ਅਤੇ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਨੂੰ ਬਿਆਨਦੀ ਰਚਨਾ ਹੈ। ਜੋ ਗੁਰੂ ਹਰਿਕ੍ਰਿਸ਼ਨ ਜੀ ਦੇ ਅਕਾਲ ਚਲਾਣੇ ਨੂੰ ਬਾਦਲੀਲ ਸ਼ਹਾਦਤ ਦਾ ਦਰਜਾ ਦਿੰਦੀ ਨਜ਼ਰ ਆਉਂਦੀ ਹੈ। ‘ਆਪੇ ਦੀ ਪਛਾਣ ਜਾਂ ਆਪੇ ਨੂੰ ਸਮਝਣਾ ਕਿਵੇਂ’ ਲੇਖ ਸਵੈ ਦੀ ਸੂਝ ਪ੍ਰਾਪਤੀ ਅਤੇ ਪ੍ਰਭੂ ਨਾਲ ਮਿਲਾਪ ਦਾ ਰਾਹ ਦਰਸਾਉਂਦਾ ਹੈ। ਇਸ ਲੇਖ ਵਿਚ ਲੇਖਕ ਨੇ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਜਿਉਣ ਦੀ ਵਿਧੀ ਨੂੰ ਸਫਲ ਜੀਵਨ ਜਾਚ ਦਾ ਆਧਾਰ ਦੱਸਿਆ ਹੈ।
ਇਸ ਕਿਤਾਬ ਦੇ ਅਗਲੇ ਸੱਤ ਲੇਖ ਭਗਤ ਨਾਮਦੇਵ, ਭਗਤ ਧੰਨਾ ਅਤੇ ਬਾਬਾ ਸ਼ੇਖ ਫਰੀਦ ਦੇ ਜੀਵਨ ਦੀਆਂ ਘਟਨਾਵਾਂ ਦਾ ਉਲੇਖ ਦੇਣ ਦੇ ਨਾਲ ਨਾਲ ਗੁਰਮਤਿ ਸਿਧਾਤਾਂ ਦਾ ਵਿਖਿਆਨ ਵੀ ਕਰਦੇ ਹਨ। ਜ਼ਿਕਰਯੋਗ ਹੈ ਕਿ ਲੇਖਕ ਨੇ ‘ਪੁਤੀ ਗੰਢੁ ਪਵੈ ਸੰਸਾਰਿ’, ‘ਚਰਨ ਅੰਮ੍ਰਿਤ ਅਤੇ ਖੰਡੇ ਬਾਟੇ ਦਾ ਅੰਮ੍ਰਿਤ’ ਤੇ ‘ਕਾਹੇ ਰੇ ਮਨ ਚਿਤਵਹਿ ਉਦਮੁ’ ਬਾਰੇ ਆਮ ਪ੍ਰਚਲਿਤ ਧਾਰਨਾਵਾਂ ਤੋਂ ਹਟ ਕੇ ਗੁਰਮਤਿ ਦੀ ਰੌਸ਼ਨੀ ਵਿਚ ਸਹੀ ਨਿਰਣਾ ਪੇਸ਼ ਕੀਤਾ ਹੈ। ਕਿਤਾਬ ਦਾ ਬਾਰਵਾਂ ਲੇਖ ‘ਦਸਵਾਂ ਦੁਆਰ ਅਤੇ ਮਨ’ ਵਿਚ ਡਾ. ਸੇਖੋਂ ਨੇ ਗੁਰਬਾਣੀ ਦੇ ਪ੍ਰਮਾਣਾਂ ਨਾਲ ਦਿਮਾਗ, ਦਸਵਾਂ ਦੁਆਰ, ਮਨ ਅਤੇ ਆਤਮਾ ਦੇ ਆਪਸੀ ਸਬੰਧਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਮੁਹੱਈਆ ਕੀਤੀ ਹੈ।
ਲੇਖ ਲੜੀ ਦੇ ਆਖਰੀ ਲੇਖ ‘ਕੀ ਗਾਂ ਇਕ ਪਵਿੱਤਰ ਜਾਨਵਰ ਹੈ?’ ਵਿਚ ਲੇਖਕ ਦਾ ਕਥਨ ਹੈ, “ਸਾਰੇ ਦੇਵਤੇ ਮਨੁੱਖਾ ਜਨਮ ਵਿਚ ਹੀ ਸਤਿਕਾਰਯੋਗ ਹੋਏ। ਜੇ ਕਿਸੇ ਇਕ ਜਾਨਵਰ ਕਰ ਕੇ ਉਸ ਦੀ ਸਾਰੀ ਸ੍ਰੇਣੀ ਹੀ ਪੂਜਣਯੋਗ ਹੈ, ਤਾਂ ਅਸੀਂ ਹਰ ਮਨੁੱਖ ਨੂੰ ਕਿਉਂ ਨਹੀਂ ਪੂਜਦੇ? ਜਦੋਂ ਕਿ ਦੇਵਤੇ ਮਨੁੱਖ ਸਨ; ਪਰ ਅਜੀਬ ਗੱਲ ਹੈ ਕਿ ਮਨੁੱਖਾਂ ਨੂੰ ਪੂਜਣਾ ਤਾਂ ਦੂਰ ਦੀ ਗੱਲ ਹੈ, ਅਸੀਂ ਹਰ ਰੋਜ਼ ਕੁਝ ਮਨੁੱਖਾਂ ਵਲੋਂ ਕੁਝ ਹੋਰਨਾਂ ਨੁੰ ਕਤਲ ਕਰਦੇ, ਲੁੱਟਦੇ ਮਾਰ ਕਰਦੇ ਜਾਂ ਬੇਇੱਜਤ ਕਰਦੇ ਸੁਣਦੇ ਹਾਂ।”
ਲੇਖਕ ਦਾ ਕਥਨ ਹੈ ਕਿ ਗੁਰਬਾਣੀ ਅਨੁਸਾਰ ਕੋਈ ਵੀ ਜਾਨਵਰ ਪਵਿੱਤਰ ਜਾਂ ਪੂਜਣਯੋਗ ਨਹੀਂ ਹੈ। ਲੇਖਕ ਨੇ ਅਨੇਕ ਵਿਵਾਦਗ੍ਰਸਤ ਵਿਸ਼ਿਆਂ ਬਾਰੇ ਗੁਰਬਾਣੀ ਦੀ ਰੌਸ਼ਨੀ ਵਿਚ ਬਹੁਤ ਹੀ ਅਹਿਮ ਜਾਣਕਾਰੀ ਮੁਹੱਈਆ ਕੀਤੀ ਹੈ। ਕਿਤਾਬ ਵਿਚ ਲੇਖਕ ਨੇ ਸਿੱਖ ਇਤਿਹਾਸ, ਗੁਰਮਤਿ ਅਤੇ ਆਦਰਸ਼ ਜੀਵਨ ਚਲਣ ਦੇ ਵਿਭਿੰਨ ਪੱਖਾਂ ਬਾਰੇ ਉਚਿਤ ਗਿਆਨ ਸਾਂਝਾ ਕੀਤਾ ਹੈ।
ਡਾ. ਸੇਖੋਂ ਦੀ ਲੇਖਣ ਸ਼ੈਲੀ ਮਨੋਵਚਨੀ, ਵਾਰਤਾਲਾਪੀ ਅੰਦਾਜ਼ ਵਾਲੀ, ਸਰਲ ਅਤੇ ਸਪਸ਼ਟ ਹੈ। ਇਹ ਇਕ ਵਧੀਆ ਕਿਤਾਬ ਹੈ, ਜੋ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਅਹਿਮ ਜਾਣਕਾਰੀ ਦਿੰਦੀ ਹੈ। ਗੁਰਬਾਣੀ ਦੇ ਅਨੇਕ ਸੰਕਲਪਾਂ/ਧਾਰਨਾਵਾਂ ਬਾਰੇ ਵਿਲੱਖਣ ਸੂਝ ਪ੍ਰਦਾਨ ਕਰਦੀ ਹੈ। ਲੇਖਕ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੇ ਨਾਲ ਜੋੜੀ ਰੱਖਣ ਵਿਚ ਸਫਲ ਰਿਹਾ ਹੈ। ਡਾ. ਸੇਖੋਂ ਦੀ ਇਹ ਰਚਨਾ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਨ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ।
“ਗਲੀਏ ਚਿਕੜੁ ਦੂਰਿ ਘਰੁ” ਇਕ ਅਜਿਹੀ ਕਿਤਾਬ ਹੈ, ਜੋ ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨ ਦੀ ਹੱਕਦਾਰ ਹੈ, ਤਾਂ ਜੋ ਸਾਡੀ ਨਵੀਂ ਪੀੜ੍ਹੀ ਤੇ ਆਮ ਪਾਠਕ ਮਹਾਨ ਗੁਰੂ ਸਾਹਿਬਾਨ ਦੇ ਆਸ਼ਿਆਂ ਦਾ ਸਹੀ ਰੂਪ ਸਮਝ ਸਕਣ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚਲ ਕੇ ਆਪਣਾ ਜੀਵਨ ਸਫਲ ਕਰ ਸਕਣ।