ਵਲਾਂ ਵਾਲੇ ਬੰਦੇ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸਵੇਰੇ ਰੋਟੀਆਂ ਪਕਾਉਣ ਲੱਗੀ ਤਾਂ ਬੇਟੀ ਬੋਲੀ, “ਮਾਂ! ਅੱਜ ਵਲਾਂ ਵਾਲੇ ਪਰੌਂਠੇ ਬਣਾ।” ਮੈਂ ਜਿਉਂ ਹੀ ਪਰੌਂਠਾ ਵੇਲਣ ਲੱਗੀ ਤਾਂ ਮਾਂ ਯਾਦ ਆ ਗਈ। ਜਦ ਮੈਂ ਨਿੱਕੀ ਹੁੰਦੀ ਕਦੀ ਕਹਿਣਾ ‘ਮਾਂ ਅੱਜ ਵਲਾਂ ਵਾਲਾ ਪਰੌਂਠਾ ਬਣਾ’ ਤਾਂ ਮਾਂ ਨੇ ਉਦਾਸ ਜਿਹੀ ਹੋ ਆਖਣਾ, “ਤੈਨੂੰ ਦੋ-ਪੁੜਾ ਜਾਂ ਚੌਰਸ ਕਿਉਂ ਨਹੀਂ ਚੰਗਾ ਲਗਦਾ, ਵਲਾਂ ਵਾਲਾ ਹੀ ਕਿਉਂ ਪਸੰਦ ਹੈ? ਖਾਣ ਲੱਗਿਆਂ ਚੱਜ ਨਾਲ ਗਰਾਹੀ ਵੀ ਨਹੀਂ ਤੋੜ ਹੁੰਦੀ।”

ਇਕ ਦਿਨ ਮੈਂ ਅਣਜਾਣੇ ਹੀ ਆਖ ਦਿੱਤਾ, “ਮਾਂ! ਹੋਰ ਕਿਹੜੀ ਕਿਹੜੀ ਚੀਜ਼ ਵਿਚ ਵਲ ਹੁੰਦੇ ਨੇ?”
ਮਾਂ ਬੋਲੀ, “ਪੁੱਤ ਚੀਜ਼ਾਂ ਛੱਡ, ਵਲ ਤਾਂ ਬੰਦਿਆਂ ਵਿਚ ਵੀ ਬਥੇਰੇ ਹੁੰਦੇ ਨੇ, ਜੋ ਕੱਢਦਿਆਂ ਸਾਰੀ ਉਮਰ ਬੀਤ ਜਾਂਦੀ ਹੈ, ਪਰ ਇਹ ਵਲ ਮੁਕਣ ਵਿਚ ਨਹੀਂ ਆਉਂਦੇ।”
ਮੈਂ ਫਿਰ ਕਹਿਣਾ, “ਮਾਂ ਉਹ ਵਲਾਂ ਵਾਲੇ ਬੰਦੇ ਕਿਵੇਂ ਦੇ ਹੁੰਦੇ ਨੇ? ਪਰੌਂਠਿਆਂ ਵਾਂਗ ਉਨ੍ਹਾਂ ਦੇ ਵਲ ਵੀ ਦਿਖਾਈ ਦਿੰਦੇ ਨੇ?”
ਮਾਂ ਨੇ ਮੈਨੂੰ ਘੁੱਟ ਕੇ ਗਲ ਨਾਲ ਲਾ ਪਿਆਰ ਭਰਿਆ ਹੱਥ ਸਿਰ ‘ਤੇ ਰੱਖ ਕੇ ਆਖਣਾ, “ਨਹੀਂ ਲਾਡੋ ਧੀਏ! ਬੰਦਿਆਂ ਦੇ ਵਲ ਦਿਖਾਈ ਨਹੀਂ ਦਿੰਦੇ, ਉਹ ਤਾਂ ਭੁਗਤਣੇ ਹੀ ਪੈਂਦੇ ਨੇ।”
“ਮਾਂ! ਇਹ ਭੁਗਤਣਾ ਕੀ ਹੁੰਦਾ ਹੈ ਤੇ ਕਿਵੇਂ ਭੁਗਤੀਦਾ ਹੈ? ਜਦ ਬੰਦਿਆਂ ਦੇ ਵਲ ਦਿਖਾਈ ਹੀ ਨਹੀਂ ਦਿੰਦੇ ਤਾਂ ਪਤਾ ਕਿਵੇਂ ਲਗਦਾ ਹੈ ਕਿ ਇਹ ਵਲਾਂ ਵਾਲਾ ਬੰਦਾ ਹੈ ਤੇ ਇਸ ਵਿਚ ਕਿੰਨੇ ਵਲ ਨੇ? ਬੰਦੇ ਵਿਚ ਵਲ ਪਏ ਕਿਉਂ ਨੇ?”
ਮਾਂ ਨੇ ਆਖਣਾ, “ਜਰਾ ਕੁ ਵੱਡੀ ਹੋ ਲੈ, ਆਪੇ ਸਮਝ ‘ਚ ਆ ਜਾਵੇਗਾ ਕਿ ਵਲਾਂ ਵਾਲੇ ਬੰਦੇ ਕਿਵੇਂ ਦੇ ਹੁੰਦੇ ਨੇ?”
“ਮਾਂ ਬੰਦੇ ਤਾਂ ਆਹ ਹੀ ਹੁੰਦੇ ਨੇ ਨਾ ਜਿਵੇਂ ਬਾਪੂ ਜੀ, ਵੀਰ ਜੀ ਤੇ ਜਾਂ ਆਪਣੇ ਤਾਏ-ਚਾਚੇ?”
ਮਾਂ ਨੇ ਕਹਿਣਾ, “ਨੀ ਝੱਲੋ! ਗੱਲ ਨੂੰ ਛੱਡ ਵੀ ਦਿਆ ਕਰ, ਜਾਹ ਮੈਨੂੰ ਨਹੀਂ ਪਤਾ।” ਤੇ ਮੈਂ ਮਾਂ ਦਾ ਉਦਾਸ ਜਿਹਾ ਚਿਹਰਾ ਦੇਖ ਚੁਪ ਕਰ ਜਾਣਾ, ਅੰਦਰ ਜਾ ਕੇ ਆਪਣੀ ਕਿਤਾਬ ਪੜ੍ਹਨ ਲੱਗ ਜਾਣਾ, ਪਰ ਵਲਾਂ ਵਾਲੇ ਬੰਦੇ ਦੀ ਸ਼ਕਲ ਬਣਾਉਂਦੀ ਰਹਿਣਾ ‘ਹਾਇ ਰੱਬਾ! ਵਲਾਂ ਵਾਲੇ ਬੰਦੇ ਤਾਂ ਬੜੇ ਡਰਾਉਣੇ ਹੁੰਦੇ ਹੋਣੇ ਨੇ, ਜੰਗਲੀ ਜਿਹੇ! ਉਨ੍ਹਾਂ ਦੇ ਸਿਰਾਂ ‘ਤੇ ਖੌਰੇ ਸਿੰਗ ਵੀ ਹੁੰਦੇ ਹੋਣਗੇ, ਤੇ ਵੱਡੇ ਵੱਡੇ ਦੰਦਾਂ ਵਾਲੇ।’ ਇਹ ਸੋਚ ਕੇ ਡਰ ਨਾਲ ਅੱਖਾਂ ਬੰਦ ਕਰ ਲੈਣੀਆਂ।
ਇਕ ਦਿਨ ਮਾਂ ਵਿਹੜੇ ‘ਚ ਧਰੇਕ ਦੀ ਛਾਂਵੇਂ ਬੈਠੀ ਕੁਝ ਕਰਦੀ ਪਈ ਸੀ। ਛੁੱਟੀਆਂ ਦੇ ਦਿਨ ਸਨ, ਮੈਂ ਕੋਲ ਜਾ ਬੈਠੀ ਤਾਂ ਮਾਂ ਦੇ ਉਦਾਸ ਮੂੰਹ ਵੱਲ ਬਿੱਟ ਬਿੱਟ ਵੇਖਣ ਲੱਗ ਪਈ। ਮਾਂ ਨੂੰ ਮੈਂ ਕਦੀ ਹੱਸਦੀ ਨਹੀਂ ਸੀ ਵੇਖਿਆ। ਮਾਂ ਨੇ ਮੈਨੂੰ ਲੰਮੀ ਪਾ ਕੇ ਮੇਰਾ ਸਿਰ ਆਪਣੀ ਝੋਲੀ ਵਿਚ ਰੱਖ ਲਿਆ ਤੇ ਮੇਰੇ ਸਿਰ ਨੂੰ ਪਿਆਰ ਨਾਲ ਪਲੋਸਣ ਲੱਗ ਪਈ। ਮੈਂ ਵੀ ਜ਼ਰਾ ਕੁ ਸੋਚ ਕੇ ਆਖਿਆ, “ਮਾਂ! ਮੈਨੂੰ ਕੋਈ ਬਾਤ ਸੁਣਾ।”
ਮਾਂ ਬੋਲੀ, “ਬਾਤਾਂ ਰਾਤ ਨੂੰ ਪਾਈਦੀਆਂ ਨੇ, ਦਿਨੇ ਨਹੀਂ। ਜੇ ਦਿਨੇ ਬਾਤਾਂ ਪਾਈਏ ਤਾਂ ਰਾਹੀਆਂ ਨੂੰ ਰਾਹ ਭੁਲ ਜਾਂਦੇ ਨੇ।”
ਮੈਂ ਕਿਹਾ, “ਮਾਂ ਵਲਾਂ ਵਾਲੇ ਬੰਦੇ ਦੀ ਗੱਲ ਸੁਣਾ ਦੇਹ ਨਾ, ਮਾਂ ਬਣ ਕੇ!”
ਮਾਂ ਬੋਲੀ, “ਖਹਿੜੇ ਨਾ ਪਿਆ ਕਰ, ਮੇਰਾ ਰੱਬ ਸੱਚਾ ਮਿਹਰ ਕਰੇ, ਤੈਨੂੰ ਕਦੀ ਕੋਈ ਵਲਾਂ ਵਾਲਾ ਬੰਦਾ ਨਾ ਮਿਲੇ। ਦੂਰ ਦੁਰਾਡੇ ਕਿਤੇ ਕਿਸੇ ਰਿਸ਼ਤੇਦਾਰੀ ਵਿਚ ਵੀ ਨਾ ਮਿਲੇ।”
ਮੈਂ ਉਠ ਕੇ ਬੈਠ ਗਈ, “ਹਾਇ ਮਾਂ! ਰਿਸ਼ਤੇਦਾਰੀਆਂ ਵਿਚ ਵੀ ਵਲਾਂ ਵਾਲੇ ਬੰਦੇ? ਸਾਡੇ ਰਿਸ਼ਤੇਦਾਰਾਂ ਵਿਚ ਤੇ ਕੋਈ ਨਹੀਂ ਨਾ ਹੈਗਾ ਵਲਾਂ ਵਾਲਾ ਬੰਦਾ? ਸਾਰੇ ਹੀ ਸੋਹਣੇ ਸਿੱਧੇ ਨੇ।”
ਮਾਂ ਬੋਲੀ, “ਆਹੋ ਪੁੱਤ! ਸਾਡੇ ਤਾਂ ਸਾਰੇ ਹੀ ਰਿਸ਼ਤੇਦਾਰ ਬੜੇ ਸੋਹਣੇ ਤੇ ਸਿੱਧੇ ਨੇ।”
ਬਾਪੂ ਬਾਹਰੋਂ ਆ ਗਿਆ ਸੀ ਤੇ ਮਾਂ ਝੱਟ ਉਠ ਕੇ ਦੌੜੀ ਤੇ ਪਾਣੀ ਲੈ ਆਈ। ਬਾਪੂ ਨੇ ਪਾਣੀ ਤਾਂ ਲੈ ਲਿਆ, ਪਰ ਮਾਂ ਵਲ ਦੇਖਿਆ ਤਕ ਨਾ। ਮਾਂ ਅੰਦਰ ਜਾ ਕੰਮ ਧੰਦੇ ਲੱਗ ਗਈ। ਅੱਜ ਪਤਾ ਨਹੀਂ ਪਹਿਲੀ ਵਾਰ ਮੈਨੂੰ ਕਿਉਂ ਲੱਗਿਆ ਕਿ ਮੇਰੀ ਮਾਂ ਦੇ ਅੰਦਰ ਕੁਝ ਹੈ। ਕੀ ਮਾਂ ਨੂੰ ਵੀ ਕੋਈ ਵਲਾਂ ਵਾਲਾ ਬੰਦਾ ਦਿਖਾਈ ਦਿੰਦਾ ਹੈ ਜਾਂ ਮਾਂ ਕਿਸੇ ਵਲਾਂ ਵਾਲੇ ਨੂੰ ਜਾਣਦੀ ਹੈ? ਇਹ ਕਿਸ ਤੋਂ ਡਰਦੀ ਹੈ?
ਹੁਣ ਮੈਂ ਵੱਡੀ ਹੋ ਰਹੀ ਸਾਂ। ਸਕੂਲ ਵੀ ਜਾਂਦੀ ਸਾਂ ਤੇ ਕਈ ਗੱਲਾਂ ਮੈਂ ਸਮਝਣ ਵੀ ਲੱਗ ਪਈ ਸਾਂ, ਪਰ ਉਹ ਵਲਾਂ ਵਾਲੇ ਬੰਦੇ? ਇਕ ਦਿਨ ਮੈਂ ਵੱਡੇ ਵੀਰ ਨੂੰ ਮਾਂ ਨਾਲ ਜ਼ਰਾ ਤੱਤਾ ਬੋਲਦਿਆਂ ਸੁਣ ਲਿਆ। ਉਹ ਪੁੱਤਰ, ਜਿਸ ਦੀਆਂ ਸੁੱਖਾਂ ਮੰਗਦੀ ਮਾਂ ਥੱਕਦੀ ਨਹੀਂ ਸੀ। ਉਸ ਦਿਨ ਮਾਂ ਸਾਰਾ ਦਿਨ ਹੋਰ ਉਦਾਸ ਰਹੀ। ਮਾਂ ਨੂੰ ਮੈਂ ਪਹਿਲਾਂ ਵੀ ਕਿਹੜਾ ਕਦੀ ਹੱਸਦਿਆਂ ਦੇਖਿਆ ਸੀ। ਭੈਣ-ਭਰਾ ਕੋਈ ਰੱਬ ਨੇ ਦਿੱਤਾ ਹੀ ਨਹੀਂ ਸੀ। ਵਿਆਹ ਪਿਛੋਂ ਮਾਂ-ਬਾਪ ਵੀ ਤੁਰ ਗਏ ਸਨ; ਉਥੇ, ਜਿਥੋਂ ਕਦੀ ਕੋਈ ਪਰਤ ਕੇ ਨਹੀਂ ਆਇਆ। ਮਾਂ ਦਾ ਸਾਰਾ ਜਹਾਨ ਇਹੋ ਘਰ ਹੀ ਸੀ, ਨਾ ਕਦੀ ਉਹ ਕਿਤੇ ਗਈ ਸੀ ਤੇ ਨਾ ਉਸ ਕਦੀ ਕਿਤੇ ਜਾਣਾ ਸੀ। ਮੈਥੋਂ ਵੱਡੇ ਦੋ ਵੀਰ ਸਨ ਤੇ ਨਿੱਕੀ ਮੈਂ।
ਪਤਾ ਨਹੀਂ ਮੈਂ ਮਾਂ ਬਾਰੇ ਕਿਉਂ ਕੁਝ ਬਹੁਤਾ ਹੀ ਸੋਚਣ ਲੱਗ ਪਈ ਸਾਂ। ਇਕ ਦਿਨ ਮਾਂ ਕੋਲ ਗੁਆਂਢਣ ਆ ਬੈਠੀ। ਇਕ ਉਹ ਹੀ ਤੇ ਸੀ, ਜੋ ਕਦੀ ਕਦਾਈਂ ਮਾਂ ਕੋਲ ਆ ਜਾਂਦੀ ਸੀ, ਪਰ ਮਾਂ ਤਾਂ ਕਦੀ ਉਹਦੇ ਘਰ ਵੀ ਨਹੀਂ ਸੀ ਗਈ। ਪਤਾ ਨਹੀਂ ਕਿਉਂ? ਪਰ ਉਹ ਸੀ ਬੜੀ ਚੰਗੀ, ਮਾਂ ਨੂੰ ਵੀ ਉਹਦੇ ਆਉਣ ‘ਤੇ ਖੁਸ਼ੀ ਜਿਹੀ ਮਿਲਦੀ। ਉਹ ਆਉਂਦੀ ਉਦੋਂ ਹੀ, ਜਦ ਬਾਪੂ ਤੇ ਵੱਡਾ ਵੀਰ ਘਰ ਨਾ ਹੁੰਦੇ। ਵੱਡਾ ਵੀਰ ਪੜ੍ਹਨ ਨਹੀਂ ਸੀ ਜਾਂਦਾ, ਬਸ ਬਾਪੂ ਨਾਲ ਹੀ ਰਹਿੰਦਾ ਤੇ ਬਾਪੂ ਦੀ ਹੀ ਸੁਣਦਾ। ਮੈਥੋਂ ਵੱਡਾ ਤੇ ਮੈਂ ਹੀ ਪੜ੍ਹਨੇ ਪਏ ਸਾਂ।
ਇਕ ਦਿਨ ਬਾਪੂ ਤੇ ਵੀਰ ਕਿਤੇ ਵਾਂਢੇ ਗਏ ਹੋਏ ਸਨ, ਛੋਟਾ ਗਲੀ ‘ਚ ਖੇਡਦਾ ਪਿਆ ਸੀ ਤੇ ਉਹ ਗੁਆਂਢਣ ਮਾਂ ਕੋਲ ਆ ਬੈਠੀ। ਦੋਵੇਂ ਬੜੀਆਂ ਹੀ ਮਿੱਠੀਆਂ ਤੇ ਪਿਆਰੀਆਂ ਜਿਹੀਆਂ। ਮਾਂ ਵੀ ਉਹਨੂੰ ਬੀਬੀ ਆਖ ਬੁਲਾਉਂਦੀ ਤੇ ਮਾਂ ਦੀ ਰੀਸੇ ਮੈਂ ਵੀ ਉਹਨੂੰ ਵੱਡੀ ਬੀਬੀ ਆਖਦੀ। ਅੱਜ ਪਤਾ ਨਹੀਂ ਕਿਉਂ ਉਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਮੇਰਾ ਦਿਲ ਪਿਆ ਕਰਦਾ ਸੀ। ਬੂਹੇ ਦੇ ਨਾਲ ਹੀ ਡੱਠੀ ਮੰਜੀ ‘ਤੇ ਉਹ ਦੋਵੇਂ ਬਹਿ ਗਈਆਂ ਤੇ ਮੈਂ ਅੰਦਰਲੇ ਪਾਸੇ ਖਲੋ ਗਈ, ਜਿਵੇਂ ਅੱਜ ਮੈਂ ਪਤਾ ਨਹੀਂ ਕੀ ਜਾਣਨਾ ਤੇ ਕੀ ਸੁਣਨਾ ਚਾਹ ਰਹੀ ਸਾਂ? ਰੱਬ ਜਾਣੇ, ਖੌਰੇ ਉਨ੍ਹਾਂ ਨੂੰ ਵੀ ਭੁਲ ਗਿਆ ਸੀ ਕਿ ਮੈਂ ਘਰ ਹਾਂ, ਪਰ ਅੱਜ ਮੈਂ ਕੁਝ ਜਾਣਨਾ ਸੀ, ਉਹ ਦੋਵੇਂ ਮਾਂਵਾਂ-ਧੀਆਂ ਸਨ ਜਾਂ ਭੈਣਾਂ-ਭੈਣਾਂ? ਇਹ ਤਾਂ ਨਹੀਂ ਪਤਾ, ਪਰ ਉਨ੍ਹਾਂ ਦਾ ਹਰ ਦੁੱਖ, ਹਰ ਗਮ ਸਾਂਝਾ ਸੀ।
ਵੱਡੀ ਬੀਬੀ ਜਿਉਂ ਹੀ ਮੰਜੇ ‘ਤੇ ਬੈਠੀ, ਮਾਂ ਵੀ ਉਹਦੇ ਕੋਲ ਹੋ ਆਖਣ ਲੱਗੀ, “ਬੀਬੀ ਚੰਗਾ ਹੋਇਆ ਤੂੰ ਆ ਗਈ ਏਂ। ਅੱਜ ਸਵੇਰ ਦੀ ਮਾਂ ਬੜੀ ਯਾਦ ਪਈ ਆਉਂਦੀ ਏ ਤੇ ਦਿਲ ਵੀ ਮੂੰਹ ਨੂੰ ਪਿਆ ਆਉਂਦਾ ਏ।”
ਬੀਬੀ ਬੋਲੀ, “ਮੈਂ ਤੇਰੀ ਲਾਡੋ ਦੇ ਪਿਉ ਤੇ ਵੀਰ ਨੂੰ ਬਾਹਰ ਨਿਕਲਦੇ ਵੇਖ ਲਿਆ ਸੀ ਤਾਂ ਹੀ ਤੇ ਦੌੜੀ ਆਈ ਹਾਂ। ਕੀ ਗੱਲ ਏ, ਉਦਾਸ ਕਿਉਂ ਏਂ?”
ਮਾਂ ਅੱਖਾਂ ਪੂੰਝਦੀ ਆਖਣ ਲੱਗੀ, “ਬੀਬੀ! ਆਪਣੀ ਮਾਂ ਨੂੰ ਵੀ ਮੈਂ ਸਦਾ ਰੋਂਦਿਆਂ ਹੀ ਤੱਕਿਆ ਸੀ। ਮੇਰੀ ਮਾਂ ਦੀ ਤੇ ਮੇਰੀ ਕਿਸਮਤ ਰੱਬ ਨੇ ਖੌਰੇ ਇੱਕੋ ਕਾਨੀ ਨਾਲ ਲਿਖੀ ਸੀ, ਉਹ ਵੀ ਜਹਾਨੋਂ ਐਵੇਂ ਹੀ ਰੋਂਦੀ ਤੁਰ ਗਈ ਤੇ ਮੈਂ ਵੀ ਰੋ-ਧੋ ਕੇ ਦਿਨ ਕੱਟੀ ਜਾ ਰਹੀ ਹਾਂ, ਪਰ ਮੇਰੀ ਲਾਡੋ ਹੁਣ ਵੱਡੀ ਹੋ ਰਹੀ ਏ, ਹਰ ਗੱਲ ‘ਤੇ ਸਵਾਲ ਕਰਦੀ ਏ। ਇਕ ਦਿਨ ਕਿਤੇ ਮੈਂ ਆਖ ਬੈਠੀ ਕਿ ਬੰਦਿਆਂ ਵਿਚ ਵੀ ਬਥੇਰੇ ਵਲ ਹੁੰਦੇ ਨੇ। ਉਦੋਂ ਦੀ ਹੀ ਮੇਰੇ ਮਗਰ ਪਈ ਰਹਿੰਦੀ ਏ ਕਿ ਮਾਂ ਉਹ ਵਲਾਂ ਵਾਲੇ ਬੰਦੇ ਕਿਵੇਂ ਦੇ ਹੁੰਦੇ ਨੇ? ਮੈਨੂੰ ਵੀ ਦੱਸ। ਬੀਬੀ! ਲਾਡੋ ਨੂੰ ਮੈਂ ਕੀ ਦੱਸਾਂ?”
ਬੀਬੀ ਵੀ ਭਰੇ ਮਨ ਨਾਲ ਬੋਲੀ, “ਲਾਡੋ ਦੀ ਮਾਂ! ਕਿਸਮਤ ਦੀਆਂ ਗੱਲਾਂ ਨੇ। ਤੇਰੀ ਲਾਡੋ ਦੀ ਕਿਸਮਤ ਤੇਰੇ ਜਿਹੀ ਨਹੀਂ, ਤੈਥੋਂ ਚੰਗੀ ਹੀ ਹੋਵੇਗੀ। ਤੂੰ ਬਾਹਲਾ ਫਿਕਰ ਨਾ ਕਰਿਆ ਕਰ। ਰੱਬ ਐਵੇਂ ਨਹੀਂ ਕਰਨ ਲੱਗਾ।”
ਮੈਂ ਬੂਹੇ ਪਿਛੇ ਖਲੋਤੀ ਖਲੋਤੀ ਹੋਰ ਉਲਝਦੀ ਜਾ ਰਹੀ ਸਾਂ, “ਹਾਇ ਰੱਬਾ, ਮੇਰੀ ਮਾਂ!” ਤੇ ਮੈਂ ਫਿਰ ਸਾਹ ਘੁੱਟ ਕੇ ਸੁੰਨ ਜਿਹੀ ਹੋ ਕੇ ਖਲੋ ਗਈ। ਮਾਂ ਦੀਆਂ ਅੱਖਾਂ ‘ਚੋਂ ਪਾਣੀ ਵਗ ਤੁਰਿਆ ਸੀ ਤੇ ਮਾਂ ਹਉਕੇ ਭਰ ਭਰ ਰੋਣ ਲੱਗੀ। ਮੇਰਾ ਵੀ ਦਿਲ ਟੁੱਟਣ ਜਿਹਾ ਲੱਗਾ, ਜਿਵੇਂ ਮੈਂ ਹੁਣੇ ਹੀ ਖਲੀ ਖਲੋਤੀ ਡਿੱਗ ਪਵਾਂਗੀ। ਮੇਰੀ ਮਾਂ ਦੀ ਮਾਂ ਮਰ ਚੁਕੀ ਸੀ, ਮੇਰੀ ਮਾਂ ਹੌਲੀ ਹੌਲੀ ਮਰ ਰਹੀ ਸੀ ਤੇ ਮਾਂ ਦੇ ਮਗਰੋਂ ਮੇਰੀ ਵਾਰੀ ਸੀ-ਧੁਖ ਧੁਖ ਕੇ ਮਰਨ ਦੀ!
ਲੰਮਾ ਸਾਹ ਲੈ ਕੇ ਮਾਂ ਬੋਲੀ, “ਬੀਬੀ! ਮੇਰੀ ਲਾਡੋ ਨੂੰ ਤਾਂ ਕੋਈ ਚੰਗਾ ਘਰ ਮਿਲੇਗਾ ਨਾ? ਬੱਸ ਇਹੋ ਝੋਰਾ ਹੀ ਦਿਨ ਰਾਤ ਮੈਨੂੰ ਖਾਈ ਜਾਂਦਾ ਏ। ਮੇਰੀ ਲਾਡੋ ਬੜੀ ਭੋਲੀ ਏ, ਜੇ ਉਹਨੂੰ ਵੀ ਕਿਤੇ ਮਾੜਾ ਟੱਬਰ ਮਿਲ ਗਿਆ ਤਾਂ ਮੇਰੀ ਲਾਡੋ ਦਾ ਕੀ ਬਣੇਗਾ? ਬੀਬੀ! ਮੇਰੀ ਮਾਂ ਨੂੰ ਵੀ ਮੇਰਾ ਹੀ ਫਿਕਰ ਖਾ ਗਿਆ ਸੀ, ਉਹ ਵੀ ਚਾਹੁੰਦੀ ਸੀ ਕਿ ਮੈਨੂੰ ਕੋਈ ਚੰਗਾ ਘਰ ਪਰਿਵਾਰ ਮਿਲ ਜਾਵੇ, ਪਰ ਲੇਖਾਂ ਦੀਆਂ ਲਿਖੀਆਂ ਨੂੰ ਕੌਣ ਮਿਟਾਵੇ, ਤੇਰੇ ਸਾਹਮਣੇ ਹੀ ਏ ਸਭ ਕੁਝ। ਹੁਣ ਲਾਡੋ ਨੇ ਜੇ ਕਿਸੇ ਦਿਨ ਫਿਰ ਪੁੱਛ ਲਿਆ ‘ਮਾਂ ਵਲਾਂ ਵਾਲੇ ਬੰਦੇ ਕਿਹੋ ਜਿਹੇ ਹੁੰਦੇ ਨੇ?’ ਮੈਂ ਕਿਹੜੇ ਮੂੰਹ ਨਾਲ ਦੱਸਾਂਗੀ ਕਿ ਧੀਏ! ਉਹ ਬੰਦੇ ਜੰਗਲਾਂ ਉਜਾੜਾਂ ਵਿਚ ਨਹੀਂ, ਘਰਾਂ ਵਿਚ ਹੀ ਰਹਿੰਦੇ ਨੇ ਤੇ ਸਾਡੇ ਆਪਣੇ ਹੀ ਹੁੰਦੇ ਨੇ। ਸਾਨੂੰ ਕੋਹ ਕੋਹ ਕੇ ਮਾਰਦੇ ਨੇ, ਸਾਨੂੰ ਦਗਾ ਦਿੰਦੇ ਨੇ, ਸਾਡੇ ‘ਤੇ ਜ਼ੁਲਮ ਕਰਦੇ ਨੇ, ਸਾਡਾ ਖੂਨ ਪੀਂਦੇ ਨੇ ਤੇ ਹਰ ਪਲ ਸਾਡੇ ‘ਤੇ ਜ਼ੁਲਮ ਕਰ ਕੇ ਵੀ ਸਾਡੇ ਆਪਣੇ ਬਣੇ ਰਹਿੰਦੇ ਨੇ। ਦੇਖਣ ਨੂੰ ਬੜੇ ਚੰਗੇ, ਬੜੇ ਮਿੱਠੇ; ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਨੇ।
ਅੱਜ ਮੈਂ ਪਹਿਲੀ ਵਾਰੀ ਵੇਖਿਆ ਸੀ ਕਿ ਵੱਡੀ ਬੀਬੀ ਦੀਆਂ ਅੱਖਾਂ ‘ਚੋਂ ਵੀ ਲਗਾਤਾਰ ਅੱਥਰੂ ਡਿਗਦੇ ਪਏ ਸਨ ਤੇ ਮਾਂ ਉਹਦੇ ਅੱਥਰੂ ਆਪਣੇ ਦੁਪੱਟੇ ਨਾਲ ਪੂੰਝਦੀ ਪਈ ਸੀ। ਵੱਡੀ ਬੀਬੀ ਲੰਮਾ ਸਾਹ ਲੈ ਕੇ ਬੋਲੀ, “ਲਾਡੋ ਦੀ ਮਾਂ! ਉਹ ਡਾਢਾ ਰੱਬ ਵੀ ਬੜਾ ਚੰਗਾ ਈ, ਆਹ ਵੇਖ ਲੈ ਖਾਂ ਨਾ ਕੋਈ ਮੇਰਾ ਤੇ ਨਾ ਹੀ ਕੋਈ ਤੇਰਾ, ਫਿਰ ਵੀ ਰੱਬ ਨੇ ਸਾਡੀ ਸਾਂਝ ਬਣਾਈ ਹੋਈ ਏ। ਜਿਹਦੇ ਲੜ ਮੈਂ ਲੱਗੀ ਹੋਈ ਸਾਂ, ਉਹ ਕਿਹੜੇ ਮੁਲਕ ਜਾ ਵੱਸਿਆ ਏ? ਪਤਾ ਹੀ ਨਹੀਂ, ਤੇ ਮੁੜ ਕਦੀ ਬਹੁੜਿਆ ਵੀ ਨਹੀਂ। ਉਹਦੀਆਂ ਉਡੀਕਾਂ ਕਰਦੀ ਦਾ ਤੇ ਲੋਕਾਂ ਦੇ ਭਾਂਡੇ ਮਾਂਜ ਗੁਜ਼ਾਰਾ ਕਰਦੀ ਦਾ ਸਿਰ ਚਿੱਟਾ ਹੋ ਗਿਆ ਈ। ਹੁਣ ਤੇ ਹੱਡ-ਪੈਰ ਵੀ ਰਹਿ ਗਏ ਨੇ, ਪਰ ਮੈਂ ਵੀ ਕਈ ਵਾਰ ਸੋਚਦੀ ਰਹਿਨੀ ਆਂ, ਤੇਰੀ ਲਾਡੋ ਹੁਣ ਸਿਆਣੀ ਹੋ ਚੱਲੀ ਏ, ਜੇ ਕਿਤੇ ਉਹਨੂੰ ਪਿਉ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਤਾਂ ਪਤਾ ਨਹੀਂ ਕੀ ਤੂਫਾਨ ਆਵੇਗਾ? ਆਹ ਹੀ ਫਿਕਰ ਏ ਕਿ ਜਵਾਨ ਹੋ ਰਹੀ ਧੀ ਖੌਰੇ ਕੀ ਕਰ ਬੈਠੇ!”
ਮਾਂ ਨੇ ਬੀਬੀ ਦੇ ਮੂੰਹ ‘ਤੇ ਹੱਥ ਰੱਖਿਆ ਤੇ ਬੋਲੀ, “ਹਾਇ ਬੀਬੀ! ਜਿਸ ਦਿਨ ਲਾਡੋ ਨੂੰ ਪਤਾ ਲੱਗ ਗਿਆ ਕਿ ਉਹਦੇ ਪਿਉ ਨੇ ਮੇਰੇ ਕੀ ਕੀ ਹਾਲ ਕਰ ਰੱਖੇ ਨੇ ਤਾਂ ਮੈਂ ਜਿਉਂਦੀ ਹੀ ਮਰ ਜਾਵਾਂਗੀ। ਲਾਡੋ ਆਪਣੇ ਪਿਉ ਨੂੰ ਬਹੁਤ ਪਿਆਰ ਕਰਦੀ ਏ। ਲਾਡੋ ਨੂੰ ਕੀ ਪਤੈ ਕਿ ਉਹਦਾ ਪਿਉ ਕਿਵੇਂ ਦਾ ਹੈ ਤੇ ਨਾਲੇ ਮੈਂ ਵੀ ਨਹੀਂ ਕਦੀ ਲਾਡੋ ਨੂੰ ਦੱਸਣਾ ਕਿ ਤੇਰਾ ਪਿਉ ਵੀ ਵਲਾਂ ਵਾਲਾ ਬੰਦਾ ਹੈ! ਨਹੀਂ ਤਾਂ ਮੇਰੀ ਲਾਡੋ ਦੀ ਜ਼ਿੰਦਗੀ ਵੀ ਨਰਕ ਬਣ ਜਾਵੇਗੀ ਕਿ ਮੇਰਾ ਪਿਉ ਵੀ ਵਲਾਂ ਵਾਲਾ ਬੰਦਾ ਏ।”
ਮਾਂ ਦੀ ਇਹ ਗੱਲ ਸੁਣ ਕੇ ਮੇਰੇ ਸਾਹ ਬੰਦ ਹੋ ਰਹੇ ਸਨ। ਮੈਂ ਕਿਤੇ ਡੂੰਘੀ ਖਾਈ ਵਿਚ ਡਿਗਦੀ ਜਾ ਰਹੀ ਸਾਂ ਤੇ ਆਖ ਰਹੀ ਸਾਂ, ਮਾਂ ਤੇਰੀ ਲਾਡੋ ਦੀ ਜ਼ਿੰਦਗੀ ਨਰਕ ਬਣ ਚੁਕੀ ਹੈ। ਮਾਂ, ਮੈਨੂੰ ਅੱਜ ਸਾਰਾ ਪਤਾ ਲੱਗ ਗਿਐ ਕਿ ਵਲਾਂ ਵਾਲੇ ਬੰਦੇ ਕਿਹੋ ਜਿਹੇ ਹੁੰਦੇ ਨੇ, ਮੈਂ ਜਾਣ ਚੁਕੀ ਹਾਂ, ਮਾਂ ਮੇਰਾ ਪਿਉ ਵੀ ਵਲਾਂ ਵਾਲਾ ਬੰਦਾ ਏ।