ਟਰੰਪ ਹੁਣ ਪਰਵਾਸੀਆਂ ਲਈ ਬੂਹੇ ਭੇੜਨ ਦੇ ਰਾਹ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਵਿਚ ਪਰਵਾਸ ਸੇਵਾ ਆਰਜ਼ੀ ਤੌਰ ‘ਤੇ ਬੰਦ ਕਰਨ ਦੇ ਵਿਸ਼ੇਸ਼ ਪ੍ਰਬੰਧਕੀ ਹੁਕਮਾਂ ‘ਤੇ ਦਸਤਖਤ ਕਰਨਗੇ। ਇਸੇ ਦੌਰਾਨ, ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ, ਅਮਰੀਕਾ ਵਿਚ ਕਰੋਨਾ ਵਾਇਰਸ ਕਾਰਨ 45 ਹਜ਼ਾਰ ਤੋਂ ਉਪਰ ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤਾਂ ਦੀ ਗਿਣਤੀ ਸਵਾ ਅੱਠ ਲੱਖ ਹੋ ਗਈ ਹੈ।

ਉਧਰ, ਟਰੰਪ ਨੇ ਲੰਘੀ ਰਾਤ ਟਵੀਟ ਕੀਤਾ, “ਅਦਿੱਖ ਦੁਸ਼ਮਣ ਦੇ ਹਮਲੇ ਦੇ ਮੱਦੇਨਜ਼ਰ ਅਤੇ ਨਾਲ ਹੀ ਅਮਰੀਕੀ ਨਾਗਰਿਕਾਂ ਦੀ ਨੌਕਰੀਆਂ ਬਚਾਉਣ ਲਈ ਮੈਂ ਅਮਰੀਕਾ ਵਿਚ ਆਰਜ਼ੀ ਤੌਰ ‘ਤੇ ਪਰਵਾਸ ਸੇਵਾ ਮੁਅੱਤਲ ਕਰਨ ਲਈ ਪ੍ਰਬੰਧਕੀ ਹੁਕਮ ‘ਤੇ ਦਸਤਖਤ ਕਰਾਂਗਾ।” ਟਰੰਪ ਦੇ ਇਸ ਹੁਕਮ ਦਾ ਵੇਰਵਾ ਫਿਲਹਾਲ ਸਾਹਮਣੇ ਨਹੀਂ ਆਇਆ ਹੈ ਅਤੇ ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਉਹ ਇਸ ਹੁਕਮ ‘ਤੇ ਕਦੋਂ ਦਸਤਖਤ ਕਰਨਗੇ। ਟਰੰਪ ਨੇ ਪਰਵਾਸ ਸੇਵਾ ਵੀਜ਼ਾ ਮੁਅੱਤਲ ਕਰਨ ਦੀ ਗੱਲ ਕੀਤੀ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਆਈæ ਟੀæ ਪੇਸ਼ੇਵਰਾਂ ਨੂੰ ਮਿਲਣ ਵਾਲਾ ਐਚ-1ਬੀ ਵੀਜ਼ਾ ਗੈਰ-ਪਰਵਾਸ ਸੇਵਾ ਵੀਜ਼ਾ ਹੈ। ਟਰੰਪ ਨੇ ਤਰਕ ਦਿੱਤਾ ਹੈ ਕਿ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਬਚਾਉਣ ਦੀ ਜ਼ਰੂਰਤ ਹੈ, ਇਸ ਲਈ ਅਜਿਹੇ ਗੈਰ ਪਰਵਾਸੀ ਵੀਜ਼ੇ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਆ ਸਕਦੇ ਹਨ। ਕਰੋਨਾ ਵਾਇਰਸ ਮਹਾਮਾਰੀ ਕਾਰਨ ਅਮਰੀਕਾ ‘ਚ ਰਿਕਾਰਡ ਗਿਣਤੀ ਵਿਚ ਛਾਂਟੀ ਹੋ ਰਹੀ ਹੈ। ਪਿਛਲੇ ਹਫਤੇ 52 ਲੱਖ ਕਾਮੇ ਬੇਰੁਜ਼ਗਾਰ ਹੋ ਗਏ ਹਨ ਅਤੇ ਇਨ੍ਹਾਂ ਵਿਚੋਂ 20 ਲੱਖ ਅਮਰੀਕੀ ਨਾਗਰਿਕਾਂ ਨੇ ਬੇਰੁਜ਼ਗਾਰੀ ਦੇ ਲਾਭ ਲੈਣ ਲਈ ਅਰਜ਼ੀ ਦਿੱਤੀ ਹੈ।
ਇਸੇ ਦੌਰਾਨ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਸਮੇਤ ਹੋਰ ਡੈਮੋਕਰੈਟਾਂ ਵਲੋਂ ਰਾਸ਼ਟਰਪਤੀ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਕਮਲਾ ਹੈਰਿਸ ਨੇ ਕਿਹਾ ਕਿ ਰਾਸ਼ਟਰਪਤੀ ਕਰੋਨਾ ਵਾਇਰਸ ਕਾਰਨ ਬਣੇ ਸੰਕਟ ਦੇ ਹਾਲਾਤ ਦਾ ਲਾਹਾ ਲੈ ਕੇ ਪਰਵਾਸ ਸਬੰਧੀ ਨੀਤੀਆਂ ਨਾਲ ਛੇੜਛਾੜ ਕਰ ਰਹੇ ਹਨ। ਉਨ੍ਹਾਂ ਟਵੀਟ ਕੀਤਾ ਹੈ, “ਟਰੰਪ ਨੇ ਪਹਿਲੇ ਦਿਨ ਤੋਂ ਹੀ ਇਸ ਮਹਾਮਾਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦੇ ਰਵੱਈਏ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹੁਣ ਉਹ ਇਸ ਮਹਾਮਾਰੀ ਦੇ ਦੌਰ ਵਿਚ ਆਪਣਾ ਪਰਵਾਸ ਵਿਰੋਧੀ ਏਜੰਡਾ ਲਾਗੂ ਕਰਨਾ ਚਾਹੁੰਦੇ ਹਨ।” ਡੈਮੋਕਰੈਟ ਜੈਕੁਇਨ ਕਾਸਟਰੋ ਨੇ ਟਵੀਟ ਕੀਤਾ ਹੈ, “ਟਰੰਪ ਦਾ ਇਹ ਫੈਸਲਾ ਉਨ੍ਹਾਂ ਦੇ ਮਹਾਮਾਰੀ ਰੋਕਣ ‘ਚ ਨਾਕਾਮ ਰਹਿਣ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੀ ਨਹੀਂ ਬਲਕਿ ਸੰਕਟ ਕਾਰਨ ਬਣੇ ਮਾਹੌਲ ਦਾ ਲਾਹਾ ਲੈ ਕੇ ਆਪਣਾ ਪਰਵਾਸ ਵਿਰੋਧੀ ਏਜੰਡਾ ਲਾਗੂ ਕਰਨ ਦੀ ਵੀ ਹੈ।”