ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਕਰਕੇ ਦੇਸ਼ਵਿਆਪੀ ਲੌਕਡਾਊਨ ਤੇ ਸੂਬੇ ਵਿਚ ਆਇਦ ਕਰਫਿਊ ਕਾਰਨ ਸੂਬੇ ਦੀ ਵਿੱਤੀ ਹਾਲਤ ਕਾਫੀ ਖਰਾਬ ਹੋ ਗਈ ਹੈ। ਰਾਜ ਸਰਕਾਰ ਨੂੰ ਮੌਜੂਦਾ ਵਿੱਤੀ ਸਾਲ 2020-21 ਵਿਚ ਜਿਹੜਾ ਮਾਲੀਆ 88,000 ਕਰੋੜ ਰੁਪਏ ਆਉਣ ਦੀ ਆਸ ਸੀ, ਉਹ ਹੁਣ 66,000 ਕਰੋੜ ਰੁਪਏ ਹੀ ਮਿਲੇਗਾ। ਸੂਬੇ ਦੀ ਮਾਲੀ ਹਾਲਤ ਨੂੰ ਠੁੰਮਣਾ ਦੇਣ ਲਈ ਸਾਰੇ ਮੰਤਰੀਆਂ ਨੇ ਆਪਣੀ ਤਿੰਨ ਮਹੀਨਿਆਂ ਦੀ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਲੌਕਡਾਊਨ ਕਰਕੇ ਸੂਬੇ ਦਾ ਮੌਜੂਦਾ ਵਿੱਤੀ ਵਰ੍ਹੇ ਦਾ ਮਾਲੀਆ 22,000 ਕਰੋੜ ਰੁਪਏ ਘੱਟ ਮਿਲੇਗਾ। ਇਸ ਲਈ ਮਾਲੀਆ ਵਧਾਉਣ ਅਤੇ ਖਰਚੇ ਘਟਾਉਣ ਲਈ ਕਦਮ ਚੁੱਕਣ ਦੀ ਲੋੜ ਹੈ।
ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਨੇ ਸੂਬਾ ਸਰਕਾਰ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਸਵੈ-ਇੱਛਾ ਨਾਲ ਆਪਣੀ ਤਨਖਾਹ ਦਾ ਇਕ ਹਿੱਸਾ ਸਰਕਾਰ ਨੂੰ ਦੇਣ ਦੀ ਅਪੀਲ ਕੀਤੀ ਹੈ। ਮੰਤਰੀਆਂ ਨੇ ਇਹ ਫੈਸਲਾ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਿੱਤੀ ਹਾਲਤ ਸਾਰੇ ਸਬ-ਕਮੇਟੀ ਦੀ ਮੀਟਿੰਗ ਵਿਚ ਲਿਆ। ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਜਦੋਂ ਸੂਬੇ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਉਤੇ ਵੀ ਕੱਟ ਲਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਸ਼ੁਰੂਆਤ ਵਿਚ ਇਸ ਰਾਇ ਨਾਲ ਸਹਿਮਤ ਨਹੀਂ ਸਨ, ਪਰ ਬਹੁਤੇ ਮੰਤਰੀ ਕੱਟ ਲਾਉਣ ਦੇ ਹੱਕ ਵਿਚ ਸਨ। ਇਸ ਮਗਰੋਂ ਫੈਸਲਾ ਹੋਇਆ ਕਿ ਮੁੱਖ ਸਕੱਤਰ ਸਾਰੇ ਸਰਕਾਰੀ ਮੁਲਾਜ਼ਮਾਂ, ਨਿਗਮਾਂ, ਬੋਰਡਾਂ ਅਤੇ ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਅਪੀਲ ਕਰਨਗੇ ਕਿ ਉਹ ਸਵੈ-ਇੱਛਾ ਨਾਲ ਸਰਕਾਰ ਨੂੰ ਤਨਖਾਹ ਦਾ ਇਕ ਹਿੱਸਾ ਦੇਣ। ਮੰਤਰੀਆਂ ਦਾ ਤਰਕ ਸੀ ਕਿ ਤਿਲੰਗਾਨਾ ਸੂਬੇ ਦੀ ਵਿੱਤੀ ਹਾਲਤ ਪੰਜਾਬ ਨਾਲੋਂ ਕਿਤੇ ਬਿਹਤਰ ਹੈ ਤੇ ਉਸ ਨੇ ਤਨਖਾਹਾਂ ਵਿਚ ਵੱਡੀ ਕਟੌਤੀ ਕੀਤੀ ਹੈ ਤੇ ਸਾਨੂੰ ਵੀ ਕੱਟ ਲਾਉਣਾ ਚਾਹੀਦਾ ਹੈ।
ਮੁੱਖ ਸਕੱਤਰ ਨੇ ਮੁਲਾਜ਼ਮਾਂ ਨੂੰ ਸੁਝਾਅ ਦਿੱਤਾ ਕਿ ‘ਏ’ ਤੇ ‘ਬੀ’ ਗਰੇਡ ਦੇ ਮੁਲਾਜ਼ਮ ਆਪਣੀ ਇਕ ਮਹੀਨੇ ਦੀ ਤਨਖਾਹ ਦਾ 30 ਫੀਸਦ, ‘ਸੀ’ ਗਰੇਡ ਦੇ 20 ਫੀਸਦ ਅਤੇ ‘ਡੀ’ ਗਰੇਡ ਦੇ ਦਸ ਫੀਸਦ ਤਨਖਾਹ ਤਿੰਨ ਮਹੀਨਿਆਂ ਲਈ ਮੁੱਖ ਮੰਤਰੀ ਰਾਹਤ ਫੰਡ ਲਈ ਦੇਣ ਤਾਂ ਕਿ ਸੰਕਟ ਨਾਲ ਨਜਿੱਠਿਆ ਜਾ ਸਕੇ। ਸਮਝਿਆ ਜਾਂਦਾ ਹੈ ਕਿ ਜੇ ਮੁਲਾਜ਼ਮਾਂ ਨੇ ਸਹਿਮਤੀ ਨਾ ਦਿੱਤੀ ਤਾਂ ਰਾਜ ਸਰਕਾਰ ਵੱਲੋਂ ਤਨਖਾਹ ‘ਚ ਕਟੌਤੀ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਬ ਕਮੇਟੀ ਦੀ ਮੀਟਿੰਗ ‘ਚ ਹੋਰ ਸਾਧਨਾਂ ਤੋਂ ਮਾਲੀਆ ਵਧਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਮੌਜੂਦਾ ਸੰਕਟ ਅਜੇ ਕੁਝ ਹੋਰ ਮਹੀਨੇ ਜਾਰੀ ਰਹਿਣ ਦੀ ਸੰਭਾਵਨਾ ਹੈ। ਲੌਕਡਾਊਨ 3 ਮਈ ਤੋਂ ਵੀ ਅੱਗੇ ਵਧਣ ਦੇ ਆਸਾਰ ਹੋ ਸਕਦੇ ਹਨ। ਇਸ ਨਾਲ ਸੂਬੇ ਦੀ ਵਿੱਤੀ ਹਾਲਤ ਹੋਰ ਵਿਗੜ ਸਕਦੀ ਹੈ ਤੇ ਸਰਕਾਰ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਬਾਰੇ ਇਕ ਹੋਰ ਮੀਟਿੰਗ ਜਲਦੀ ਹੋਵੇਗੀ ਜਿਸ ‘ਚ ਵਿਭਾਗਾਂ ਦੇ ਖਰਚੇ ਘਟਾਉਣ ਤੇ ਮਾਲੀਆ ਜੁਟਾਉਣ ਬਾਰੇ ਸਖਤ ਫੈਸਲੇ ਲੈਣੇ ਪੈ ਸਕਦੇ ਹਨ।
_____________________________________________
ਮੈਡੀਕਲ ਸਾਜ਼ੋ-ਸਮਾਨ ਲਈ 300 ਕਰੋੜ
ਰੁਪਏ ਖਰਚੇਗੀ ਸਰਕਾਰ: ਮਨਪ੍ਰੀਤ
ਜਲੰਧਰ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿਚ ਕੋਵਿਡ-19 ਦੇ ਟਾਕਰੇ ਲਈ ਮੈਡੀਕਲ ਸਾਜ਼ੋ-ਸਮਾਨ ਉਤੇ 300 ਕਰੋੜ ਰੁਪਏ ਖਰਚੇ ਜਾ ਰਹੇ ਹਨ।
ਉਨ੍ਹਾਂ ਵੱਲੋਂ ਨਕੋਦਰ ਨੇੜੇ ਪਿੰਡ ਬਿੱਲੀ ਚਹਾਰਮੀ ਵਿਚ ਬਣਾਏ ਗਏ ਟੈਰੀਟਰੀ ਕੇਅਰ ਸੈਂਟਰ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਪਰਗਟ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਸਨ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਕੋਵਿਡ-19 ਮਹਾਮਾਰੀ ਨਾਲ ਟਾਕਰਾ ਕਰਨ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕਮੀ ਨਹੀਂ ਹੈ।
ਅਪਰੈਲ, ਮਈ ਅਤੇ ਜੂਨ ਦੌਰਾਨ ਹਰ ਮਹੀਨੇ 100-100 ਕਰੋੜ ਦਾ ਮੈਡੀਕਲ ਸਾਜ਼ੋ-ਸਮਾਨ ਖਰੀਦਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਉਪਰਾਲੇ ਕੀਤੇ ਜਾਣਗੇ। ਮੈਡੀਕਲ ਖੇਤਰ ਵੱਲੋਂ ਕਰੋਨਾ ਵਾਇਰਸ ਖਿਲਾਫ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪ੍ਰਸਿੱਧ ਸੁਤੰਤਰਤਾ ਸੈਨਾਨੀ ਸੰਤ ਵਰਿਆਮ ਸਿੰਘ ਦਾਹੀਆ ਦੇ ਨਾਂ ਉਤੇ ਬਣੇ ਹਸਪਤਾਲ ਵਿਚ ਅਤਿ ਆਧੁਨਿਕ ਸਾਜ਼ੋ-ਸਮਾਨ ਸਮੇਤ ਅਪਰੇਸ਼ਨ ਥੀਏਟਰ, ਐਕਸਰੇਅ ਰੂਮ ਅਤੇ ਹੋਰ ਸਹੂਲਤਾਂ ਉਪਲੱਬਧ ਹਨ।