ਖੀਰ, ਚਰਖਾ, ਕੁੱਤਾ, ਢੋਲ਼…!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕਾਇਨਾਤ ਦੇ ਮਾਲਕ ਦੀ ਰਜ਼ਾ ਅੱਗੇ ਸਿਰ ਨਿਵਾ ਕੇ ਚੱਲਣ ਵਾਲੇ ਧਰਮੀ ਲੋਕ ਅਕਸਰ ਹੀ ਕਹਿ ਦਿੰਦੇ ਨੇ ਕਿ ਕੌਣ ਕਹੇ ਸਾਹਿਬ ਨੂੰ, ਇੰਜ ਨਹੀਂ ਇੰਜ ਕਰ। ਧਾਰਮਿਕ ਸ਼ਬਦਾਵਲੀ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਰੱਬ ਦੀ ਬੰਦਗੀ ਇਸ ਕਰ ਕੇ ਕੀਤੀ ਜਾਂਦੀ ਹੈ ਕਿ ‘ਤੂੰ ਤੂੰ ਕਰਤਾ ਤੂੰ ਹੂਆ’ ਅਨੁਸਾਰ ਉਸ ਦੇ ਸਾਜੇ ਹੋਏ ਆਦਮੀ ਵਿਚ ਵੀ ਰੱਬੀ ਗੁਣ ਪੈਦਾ ਹੋ ਜਾਣ। ਸਿਮਰਨ ਭਜਨ ਕਰਿਆਂ ਕੋਈ ਹੋਰ ਗੁਣ ਬੰਦੇ ਵਿਚ ਆ ਜਾਂਦੇ ਹੋਣ, ਤਾਂ ਪਤਾ ਨਹੀਂ ਪਰ ਅੱਜ ਦੇ ਬੰਦੇ ਵਿਚ ਇਹ ‘ਰੱਬੀ ਗੁਣ’ ਜ਼ਰੂਰ ਆ ਗਿਆ ਹੈ ਕਿ ਉਹ ਵੀ ਰੱਬ ਵਾਂਗ ਹੀ ‘ਮਰਜ਼ੀ ਦਾ ਮਾਲਕ’ ਬਣ ਗਿਆ ਹੈ। ਅਜੋਕੇ ਮਨੁੱਖ ਨੂੰ ਵੀ ਕਿਸੇ ਗਲਤ ਕੰਮ ਤੋਂ ਵਰਜਣ ਲੱਗਿਆਂ ਇਹੀ ਸੋਚ ਆ ਜਾਂਦੀ ਹੈ ਕਿ ਜੂਨਾਂ ਦੇ ਸਰਦਾਰ ਨੂੰ ਕੌਣ ਕਹੇ ਕਿ ਬੰਦਿਆਂ, ਇੰਜ ਨਹੀਂ ਇੰਜ ਕਰ। ਹਾਲੇ ਰੱਬ ਬਾਰੇ ਤਾਂ ਸੁਣਿਆ ਹੈ ਕਿ ਉਹ ਆਪਣੇ ਲਾਡਲੇ ਭਗਤਾਂ ਦੀਆਂ ਲੇਲ੍ਹੜੀਆਂ ਤੋਂ ਪਸੀਜ ਕੇ ਕਦੇ ਕਦੇ ਢੈਲਾ ਪੈ ਜਾਂਦਾ ਹੈ, ਪਰ ਮਾਡਰਨ ਮਨੁੱਖ ਇਹ ਅਸੂਲ ਪੱਕਾ ਹੀ ਲੜ ਬੰਨ੍ਹ ਬੈਠਾ ਹੈ ਕਿ ਨਸੀਹਤਾਂ ਸੁਣੀ ਜਾਵੋ ਸਭ ਦੀਆਂ, ਪਰ ਇਕ ਕੰਨ ਵਿਚ ਪਾ ਕੇ ਨਾਲ ਦੀ ਨਾਲ ਦੂਜੇ ਕੰਨ ‘ਚੋਂ ਕੱਢੀ ਜਾਵੋ। ਲਗਦਾ ਹੈ ਕਿ ਅਜਿਹੇ ਢੀਠ ਮਨੁੱਖਾਂ ਬਾਰੇ ਹੀ ਭਗਤ ਕਬੀਰ ਨੇ ਇਹ ਸਲੋਕ ਲਿਖਿਆ ਹੋਣੈ,
ਕਬੀਰ ਸਾਚਾ ਸਤਿਗੁਰੁ ਕਿਆ ਕਰੈ
ਜਉ ਸਿਖਾ ਮਹਿ ਚੁਕ॥
ਅੰਧੇ ਏਕ ਨਾ ਲਾਗਈ
ਜਿਉ ਬਾਂਸੁ ਬਜਾਈਐ ਫੁਕ॥
ਗੱਲ ਕਰੀਏ ਪੰਜਾਬੀ ਸਭਿਆਚਾਰ ਦੀ ਸੇਵਾ ਵਿਚ ਜੁਟੇ ਹੋਏ ਕੁਝ ਐਸੇ ਗਾਇਕ ਕਲਾਕਾਰਾਂ ਦੀ ਜਿਨ੍ਹਾਂ ਨੇ ਪੰਜਾਬੀ ਵਿਰਸੇ ਨੂੰ ਪਲੀਤ ਕਰਨ ਦਾ ਠੇਕਾ ਹੀ ਲੈ ਲਿਆ ਲਗਦਾ ਹੈ। ਆਪਣੀ ਵਿਰਾਸਤ ਦੇ ਗੰਧਲੇ ਹੋ ਜਾਣ ਦੀ ਚਿੰਤਾ ਕਰਦਿਆਂ ਬਹੁਤ ਸਾਰੇ ਸਮਾਜ ਚਿੰਤਕਾਂ ਨੇ ਉਨ੍ਹਾਂ ਨੂੰ ਵੱਖ ਵੱਖ ਢੰਗ-ਤਰੀਕਿਆਂ ਨਾਲ ਅਰਜੋਈਆਂ ਕੀਤੀਆਂ। ਮਾਈ ਭਾਗੋ ਤੋਂ ਸੇਧ ਲੈਂਦਿਆਂ ਪੰਜਾਬ ਦੀਆਂ ਸੁਘੜ ਸਿਆਣੀਆਂ ਬੀਬੀਆਂ ਨੇ ‘ਇਸਤਰੀ ਜਾਗ੍ਰਤੀ ਮੰਚ’ ਬਣਾ ਕੇ ਅਜਿਹੇ ਢੀਠ ਕਲਾਕਾਰਾਂ ਦੇ ਘਰਾਂ ਮੋਹਰੇ ਧਰਨੇ ਮਾਰੇ, ਜਲਸੇ ਕੀਤੇ, ਜਲੂਸ ਕੱਢੇ। ਕੁਝ ਪਰਵਾਸੀ ਵੀਰਾਂ ਨੇ ਵੀ ਆਪਣੇ ਪਿੱਛੋਕੇ ਦਾ ਦਰਦ ਮੰਨਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਕੈਲੰਡਰ ਵੰਡੇ ਜਿਨ੍ਹਾਂ ਵਿਚ ਕੁਆਰੀਆਂ-ਕੱਤਰੀਆਂ ਧੀਆਂ-ਧਿਆਣੀਆਂ ਦੇ ਲੱਕ ਮਿਣਨ ਵਾਲੇ ਅਤੇ ਭਾਰ ਤੋਲਣ ਵਾਲੇ ਗਾਇਕਾਂ ਦੀ ਗੈਰਤ ਨੂੰ ਟੁੰਬਿਆ ਗਿਆ ਸੀ।
ਵਗਦੀ ਗੰਗਾ ਵਿਚ ਹੱਥ ਧੋਣ ਵਾਂਗ ਬਹੁਤਿਆਂ ਨੇ ਫੇਸਬੁੱਕ ‘ਤੇ ਵੀ ਲੱਚਰਤਾ ਵਿਰੁਧ ਧੂੰਆਂ-ਧਾਰ ਕੁਮੈਂਟ ਦੇਣੇ ਸ਼ੁਰੂ ਕਰ ਦਿੱਤੇ। ਲੋਕਾਂ ਦੀਆਂ ਅੱਖਾਂ ਉਡੀਕ ਰਹੀਆਂ ਹਨ ਕਿ ਅਸ਼ਲੀਲਤਾ ਆਸਰੇ ਨਾਂ ਤੇ ਨਾਵਾਂ ਖੱਟਣ ਵਾਲੇ ਕਲਾਕਾਰ ਹੁਣ ਸ਼ਾਇਦ ਇਸਤਰੀ ਜਾਗ੍ਰਤੀ ਮੰਚ ਵਾਲੀਆਂ ਭੈਣਾਂ ਕੋਲ ਜਾ ਕੇ ਖਿਮਾ ਜਾਚਨਾ ਕਰਨਗੇ; ਜਾਂ ਪੰਜਾਬੀ ਭਾਈਚਾਰੇ ਨਾਲ ਅਗਾਂਹ ਨੂੰ ਸੁਧਰ ਜਾਣ ਦਾ ਵਾਅਦਾ ਕਰਨਗੇ, ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਹਾਂ, ਇਹ ਹੋ ਗਿਆ ਕਿ ਕੁਝ ਚੈਨਲਾਂ ਵਾਲਿਆਂ ਨੇ ਇਨ੍ਹਾਂ ਲੋਕ-ਦੋਖੀ ਕਲਕਾਰਾਂ ਨੂੰ ਐਵਾਰਡਾਂ ਨਾਲ ਨਿਵਾਜਣਾ ਸ਼ੁਰੂ ਕਰ ਦਿੱਤਾ। ਸੂਝਵਾਨ ਨਜ਼ਰਾਂ ਇਹ ਦੇਖ ਦੇ ਦੰਗ ਰਹਿ ਗਈਆਂ ਕਿ ਕੁਝ ਉਹ ਆਵਾਜ਼ਾਂ ਜਿਹੜੀਆਂ ਉਚੀ ਸੁਰ ਵਿਚ ‘ਵਿਰਸੇ ਦੀ ਰਖਵਾਲੀ’ ਦੀਆਂ ਟਾਹਰਾਂ ਮਾਰ ਰਹੀਆਂ ਹਨ, ਹੁਣ ਉਹ ਫ਼ੁਕਰੇ ਗਾਇਕਾਂ ਨੂੰ ਐਵਾਰਡ ਮਿਲਣ ਦੀਆਂ ਵਧਾਈਆਂ ਵੀ ਦੇ ਰਹੀਆਂ ਹਨ।
ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਦੇ ਇਕ ਪੱਤਰਕਾਰ ਭਰਾ ਨੇ ਪੰਜਾਬ ਜਾ ਕੇ ਆਪਣੇ ਇਲਾਕੇ ਵਿਚ ਅਸ਼ਲੀਲ ਗਾਇਕੀ ਵਿਰੁਧ ਖੁੱਲ੍ਹ ਕੇ ਪ੍ਰਚਾਰ ਕੀਤਾ ਅਤੇ ਅਜਿਹੀ ਸਮੱਗਰੀ ਵੰਡੀ ਜਿਸ ਵਿਚ ਲੋਕਾਂ ਨੂੰ ਇਸ ਲਾਹਣਤ ਵਿਰੁਧ ਲਾਮਬੰਦ ਕੀਤਾ ਗਿਆ ਸੀ। ਉਸ ਦੇ ਵਾਪਸ ਮੁੜਦਿਆਂ ਹੀ ਫਰਿਜ਼ਨੋ ਸ਼ਹਿਰ ਦੀ ਹੀ ਇਕ ਐਸੀ ਸੰਸਥਾ ਨੇ ਉਸੇ ਬਦਨਾਮ ਗਾਇਕ ਨੂੰ ਸੱਦ ਕੇ ‘ਮੇਲਾ’ ਕਰਵਾਉਣ ਦਾ ਐਲਾਨ ਕਰ ਦਿੱਤਾ ਜਿਹੜੀ ਸੰਸਥਾ ਪੰਜਾਬੀ ਵਿਰਾਸਤ ਦੀ ਪਾਕੀਜ਼ਗੀ ਦਾ ਦਮ ਭਰਦੀ ਰਹਿੰਦੀ ਸੀ। ਇਹ ਸੂਚਨਾ ਸੁਣ ਕੇ ਮੈਨੂੰ ਖੁਦ ਨੂੰ ਬਹੁਤ ਹੈਰਾਨੀ ਹੋਈ ਕਿ ਇਸ ਸੰਸਥਾ ਨੇ ਮੇਰੇ ਵਰਗਾ, ਜੋ ਅਜੋਕੇ ਕਲਚਰਲ ਮੇਲਿਆਂ ਨੂੰ ‘ਕੰਜਰਲ ਮੇਲੇ’ ਕਹਿੰਦਾ ਨਹੀਂ ਥੱਕਦਾ, ਦਾ ਵੀ ਸਨਮਾਨ ਕੀਤਾ ਸੀ। ਕਈ ਸਥਾਨਕ ਲੋਕਾਂ ਨੇ ਵੀ ਇਕ ਖਾਸ ਗਾਇਕ ਦਾ ਨਾਂ ਲੈ ਕੇ ਉਸ ਨੂੰ ਸੱਦਣ ਦਾ ਵਿਰੋਧ ਕੀਤਾ। ਇਸੇ ਦੌਰਾਨ ਫਰਿਜ਼ਨੋ ਦੇ ਇਕ ਸੱਜਣ ਨੇ ਮੈਨੂੰ ਫੋਨ ‘ਤੇ ਵਧਾਈਆਂ ਦਿੰਦਿਆਂ ਦੱਸਿਆ ਕਿ ਫਲਾਣੇ ਲੱਚਰ ਗਾਇਕ ਨੂੰ ‘ਵੀਜ਼ਾ’ ਨਹੀਂ ਮਿਲਿਆ। ਇਸ ਕਰ ਕੇ ਲਾਇਆ ਜਾ ਰਿਹਾ ਮੇਲਾ ਸਾਫ-ਸੁਥਰਾ ਹੀ ਹੋਵੇਗਾ।
ਇਨ੍ਹਾਂ ਦਿਨਾਂ ਵਿਚ ਹੀ ਪੰਜਾਬ ਤੋਂ ਖਬਰਾਂ ਆਈਆਂ ਕਿ ਲੋਕ ਹਿੱਤਾਂ ਲਈ ਜੂਝਦੀ ‘ਹੈਲਪ’ ਨਾਂ ਦੀ ਸੰਸਥਾ ਦੇ ਉਦਮ ਸਦਕਾ ਇਕ ਹੋਰ ਫੁਕਰੇ ਗਾਇਕ ਹਨੀ ਸਿੰਘ ਵਿਰੁਧ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਧੀਨ ਕੇਸ ਦਰਜ ਹੋ ਗਿਆ ਹੈ। ਵਕੀਲਾਂ ਵਲੋਂ ਉਸ ਗਾਇਕ ਦੀ ਫੂਹੜ ਗਾਇਕੀ ਜੱਜਾਂ ਨੂੰ ਸੁਣਾਈ ਗਈ। ਤੌਬਾ ਤੌਬਾ ਕਰਦਿਆਂ ਜੱਜ ਸਾਹਿਬਾਨ ਨੇ ਕਿਹਾ ਕਿ ਪੰਜਾਬੀ ਸਮਾਜ ਆਹ ਕੁਝ ਹਜ਼ਮ ਕਰੀ ਜਾ ਰਿਹਾ ਹੈ? ਅਦਾਲਤ ਨੇ ਪੰਜਾਬ ਸਰਕਾਰ ਨੂੰ ਸਖਤ ਝਾੜਾਂ ਪਾਉਂਦਿਆਂ ਪੰਜਾਬੀਆਂ ਨੂੰ ਵੀ ਸਵਾਲ ਕੀਤਾ ਕਿ ਉਹ ਬਕਵਾਸ ਗਾਉਣ ਵਾਲੇ ਕਲਾਕਾਰਾਂ ਦਾ ਸਮਾਜਕ ਬਾਈਕਾਟ ਕਿਉਂ ਨਹੀਂ ਕਰਦੇ?
æææਤੇ ਲਉ ਜੀ, ਇਧਰ ਕੈਲੀਫੋਰਨੀਆ ਦੀਆਂ ਪੰਜਾਬੀ ਅਖਬਾਰਾਂ ਵਿਚ ਇਹ ਖਬਰ ਵੱਡੀ ‘ਖੁਸ਼ਖਬਰੀ’ ਵਜੋਂ ਛਪੀ ਕਿ ਜਿਸ ਗਾਇਕ ਨੂੰ ਵੀਜ਼ੇ ਤੋਂ ਇਨਕਾਰ ਹੋਇਆ ਸੀ, ਉਸ ਨੂੰ ਫਲਾਣਾ ਸਿੰਹੁ ਵਕੀਲ ਨੇ ਪੂਰਾ ਤਾਣ ਲਾ ਕੇ ਵੀਜ਼ਾ ਲਗਵਾ ਦਿੱਤਾ ਹੈ। ਹੁਣ ਉਹ ਗਾਇਕ ਫਰਿਜ਼ਨੋ ਮੇਲੇ ਵਿਚ ਆਪਣੀ ਕਲਾ ਦੇ ਜੌਹਰ ਦਿਖਾਏਗਾ। ਇਹ ਖਬਰ ਪੜ੍ਹ ਕੇ ਇਕ ਪਾਠਕ ਨੇ ਦੱਸਿਆ ਕਿ ਇਸੇ ਵਕੀਲ ਸ੍ਰੀਮਾਨ ਨੇ ਕੁਝ ਸਮਾਂ ਪਹਿਲਾਂ ਇਕ ਧਾਰਮਿਕ ਫਿਲਮ ਬਣਾਉਣ ਦੀ ਰੱਜ ਕੇ ਇਸ਼ਤਿਹਾਰਬਾਜ਼ੀ ਕੀਤੀ ਸੀ। ਇਸ ਫਿਲਮ ਬਾਰੇ ਉਨ੍ਹਾਂ ਗੱਜ-ਵੱਜ ਕੇ ਦਾਅਵਾ ਕੀਤਾ ਸੀ ਕਿ ਇਹ ਪਰਵਾਸੀ ਸਿੱਖ ਬੱਚਿਆਂ ਨੂੰ ਐਸੀ ਸੇਧ ਦੇਵੇਗੀ ਕਿ ਉਹ ਜ਼ਿੰਦਗੀ ਭਰ ਸਿੱਖ ਵਿਰਸੇ ਨਾਲ ਜੁੜੇ ਰਹਿਣਗੇ। ਇਹ ਵੱਖਰੀ ਗੱਲ ਹੈ ਕਿ ਉਸ ‘ਅਨੋਖੀ ਤੇ ਅਦੁੱਤੀ’ ਫਿਲਮ ਦੀ ਮੁੜ ਕੇ ਕੋਈ ਉਘ-ਸੁੱਘ ਨਹੀਂ ਨਿਕਲੀ, ਪਰ ਹੁਣ ਉਨ੍ਹਾਂ ਨੇ ਫਰਿਜ਼ਨੋ ਵਾਲੇ ਸਭਿਆਚਾਰਕ ਮੇਲੇ ਨੂੰ ਚਾਰ ਚੰਨ ਲਾਉਣ ਲਈ ਅਣਥੱਕ ਯਤਨ ਕਰਕੇ ਸਾਰੇ ਪਰਵਾਸੀਆਂ ਦੇ ਦਿਲ ਜਿੱਤ ਲਏ!
ਸੁਣਿਆ ਹੈ ਕਿ ਉਸ ਰੰਗਲੇ ਮੇਲੇ ਦੀ ਉਹ ਭੱਦਰ ਪੁਰਸ਼ ਵੀ ਸੋਭਾ ਵਧਾ ਰਹੇ ਸਨ ਜਿਹੜੇ ਕੁਝ ਕੁ ਹਫਤੇ ਪਹਿਲਾਂ ਕੁੜੀਆਂ ਦੇ ਲੱਕਾਂ ਦੀ ਪੈਮਾਇਸ਼ ਦੱਸਣ ਵਾਲੇ ਗਾਇਕ ਦੀ ਤੋਏ ਤੋਏ ਕਰ ਰਹੇ ਸਨ। ਮੇਲੇ ਵਿਚ ਉਨ੍ਹਾਂ ਨੇ ਵਕੀਲ ਦੀ ਮਹਾਨ ਕ੍ਰਿਪਾ ਸਦਕਾ ਪਧਾਰੇ ਉਸੇ ਗਾਇਕ ਨਾਲ ਹੁੱਬ-ਹੁੱਬ ਕੇ ਫੋਟੋਆਂ ਖਿਚਾਈਆਂ। ਇਹ ਵੀ ਪਤਾ ਲੱਗਾ ਕਿ ਉਸ ਗਾਇਕ ਨੇ ਸ਼ਰਮੋ-ਸ਼ਰਮੀ ਇਕ-ਦੋ ਤੱਤੇ ਗੀਤਾਂ ਬਾਰੇ ਮੁਆਫੀ ਦੀਆਂ ਗੱਲਾਂ ਵੀ ਕੀਤੀਆਂ, ਪਰ ਸਦਕੇ ਜਾਈਏ ਪੰਜਾਬੀ ਸਰੋਤਿਆਂ ਦੀ ਫਰਾਖਦਿਲੀ ਦੇ ਕਿ ਉਨ੍ਹਾਂ ਆਪਣੀਆਂ ਨੂੰਹਾਂ-ਧੀਆਂ ਸਾਹਮਣੇ ਉਹ ਹੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਜਿਨ੍ਹਾਂ ਲਈ ਉਹ ਗਾਇਕ ਮੁਆਫੀ ਦੀ ਯਾਚਨਾ ਕਰ ਰਿਹਾ ਸੀ।
ਆਪਣੇ ਭਾਈਚਾਰੇ ਦੀ ਦੋਹਰੇ, ਤੀਹਰੇ ਜਾਂ ਚੌਹਰੇ ਕਿਰਦਾਰ ਨਿਭਾਉਣ ਦੀ ਬਣ ਚੁੱਕੀ ਇਸ ਮੰਦਭਾਗੀ ਫਿਤਰਤ ਤੋਂ ਮਾਯੂਸ ਹੋਇਆ ਇਕ ਪਾਠਕ ਹਉਕੇ ਭਰ ਰਿਹਾ ਸੀ। ਸਾਰਿਆਂ ਨੂੰ ਖੁਸ਼ ਕਰਨ ਵਾਲੇ ਇਕ ਸ਼ਾਇਰ ਦੀ ਉਹ ਹੱਡਬੀਤੀ, ਜੋ ਮੈਂ ਦੁਖੀ ਹੋ ਰਹੇ ਉਸ ਪਾਠਕ ਨੂੰ ਸੁਣਾਈ, ਇੱਥੇ ਲਿਖ ਕੇ ਸਮਾਪਤੀ ਕਰਦਾ ਹਾਂ,
ਅਮੀਰ ਖੁਸਰੋ ਕਿਤੇ ਸਫ਼ਰ ‘ਤੇ ਨਿਕਲਿਆ ਹੋਇਆ ਸੀ। ਰਾਹ ਵਿਚ ਖੂਹ ‘ਤੇ ਪੇਂਡੂ ਕੁੜੀਆਂ ਪਾਣੀ ਭਰਨ ਆਈਆਂ ਹੋਈਆਂ ਸਨ। ਖੁਸਰੋ ਨੂੰ ਪਿਆਸ ਲੱਗੀ ਹੋਈ ਸੀ। ਉਸ ਨੇ ਕੁੜੀਆਂ ਪਾਸੋਂ ਪੀਣ ਲਈ ਪਾਣੀ ਮੰਗਿਆ। ਕੁੜੀਆਂ ਦੇ ਅੱਗਾ-ਪਿੱਛਾ ਪੁੱਛਣ ‘ਤੇ ਉਸ ਨੇ ਦੱਸਿਆ ਕਿ ਮੈਂ ਸ਼ਾਇਰ ਹਾਂ, ਗੀਤ ਕਵਿਤਾਵਾਂ ਲਿਖਦਾ ਹਾਂ। ਕੁੜੀਆਂ ਨੇ ਉਸ ਨੂੰ ਕੋਈ ਗੀਤ ਸੁਣਾਉਣ ਲਈ ਆਖਿਆ। ਸ਼ਾਇਰਾਂ ਵਾਂਗ ਖੁਸਰੋ ਨੇ ਕੁੜੀਆਂ ਨੂੰ ਪੁੱਛਿਆ ਕਿ ਉਹ ਕਿਹੋ ਜਿਹਾ ਗੀਤ ਸੁਣਨਾ ਪਸੰਦ ਕਰਨਗੀਆਂ? ਇਕ ਕੁੜੀ ਕਹਿੰਦੀ, “ਭਾਈ ਮੈਨੂੰ ਖੀਰ ਖਾਣੀ ਬਹੁਤ ਪਸੰਦ ਹੈ, ਇਸ ਲਈ ਤੂੰ ਖੀਰ ਦਾ ਕੋਈ ਗੀਤ ਸੁਣਾ?”
“ਨਹੀਂ ਨਹੀਂ ਭਰਾਵਾ, ਤੂੰ ਚਰਖੇ ਦਾ ਗੀਤ ਸੁਣਾ।” ਦੂਜੀ ਕਹਿਣ ਲੱਗੀ। ਇੰਨੇ ਨੂੰ ਤੀਜੀ ਨੇ ਆਪਣੀ ਫ਼ਰਮਾਇਸ਼ ਦੱਸੀ। ਅਖੇ-ਖੀਰ, ਚਰਖੇ ਨੂੰ ਦਫ਼ਾ ਕਰ, ਤੂੰ ਕੁੱਤੇ ਦਾ ਗੀਤ ਗਾ। ਚੌਥੀ ਕੁੜੀ ਨੇ ਸਹੇਲੀਆਂ ਦੀ ਫਰਮਾਇਸ਼ ਰੱਦ ਕਰਦਿਆਂ ਕਿਹਾ ਕਿ ਭਾਈ ਵੀਰਾ, ਮੈਨੂੰ ਤਾਂ ਭੰਗੜੇ ਵਿਚ ਵੱਜਦਾ ਢੋਲ ਬਹੁਤ ਚੰਗਾ ਲਗਦੈ, ਤੂੰ ਢੋਲ ਦੀ ਉਪਮਾ ਗਾ ਕੇ ਸੁਣਾ।
ਅਮੀਰ ਖੁਸਰੋ ਜਿਹਾ ਆਲਮ ਸ਼ਾਇਰ ਪੇਂਡੂ ਤੇ ਸਿੱਧੜ ਕੁੜੀਆਂ ਦੇ ਵੱਸ ਪੈ ਗਿਆ। ਪਾਣੀ ਪੂਣੀ ਦਾ ਕਿਸੇ ਨਾਂ ਨਾ ਲਿਆ, ਆਪੋ ਆਪਣੀਆਂ ਫਰਮਾਇਸ਼ਾਂ ਦੱਸੀ ਜਾਣ। ਚੌਹਾਂ ਨੂੰ ਹੀ ਰਾਜ਼ੀ ਰੱਖਣ ਵਾਲਾ ਹੇਠ ਲਿਖਿਆ ਦੋਹਰਾ ਬੋਲ ਕੇ ਅਮੀਰ ਖੁਸਰੋ ਆਪਣੀ ਪਿਆਸ ਬੁਝਾ ਕੇ ਤੁਰਦਾ ਬਣਿਆ,
ਖੀਰ ਬਣਾਈ ਯਤਨ ਸੇ,
ਚਰਖਾ ਲਿਆ ਚਲਾ,
ਆਇਆ ਕੁੱਤਾ ਖਾ ਗਿਆ,
ਤੂੰ ਬੈਠੀ ਢੋਲ ਵਜਾ।

Be the first to comment

Leave a Reply

Your email address will not be published.