ਸਰਕਾਰੀ ਕੰਮਾਂ ਵਿਚ ਵੀ ਸਿਰਫ ਘਰ ਦੇ ਜੀਆਂ ‘ਤੇ ਭਰੋਸੇ ਦੀ ਨੀਤੀ

-ਜਤਿੰਦਰ ਪਨੂੰ
ਪੰਜਾਬ ਦੇ ਲੋਕਾਂ ਦਾ ਧਿਆਨ ਇਸ ਵਕਤ ਇਥੇ ਹੋਈਆਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵੱਲ ਹੈ, ਜਿਨ੍ਹਾਂ ਵਿਚ ਵਿਵਾਦਾਂ ਦੀ ਓੜਕ ਹੋ ਗਈ ਹੈ। ਅੱਗੋਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੋਣ ਵਾਲੀਆਂ ਹੋਣ ਕਰ ਕੇ ਬਹੁਤ ਸਾਰੇ ਲੋਕ ਫਿਕਰਮੰਦ ਹਨ। ਕੁਝ ਲੋਕ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਬੀਬੀ ਸੋਨੀਆ ਗਾਂਧੀ ਦੀ ਇਸ ਗੱਲ ਨੂੰ ਲੈ ਕੇ ਹੱਸੀ ਜਾਂਦੇ ਹਨ ਕਿ ਪਿਛਲੇ ਨੌਂ ਸਾਲਾਂ ਵਿਚ ਦੇਸ਼ ਦੀ ਤਰੱਕੀ ਬਹੁਤ ਹੋ ਗਈ ਹੈ ਤੇ ਹੁਣ ਉਨ੍ਹਾਂ ਦੋਵਾਂ ਦੇ ਕਹਿਣ ਮੁਤਾਬਕ ‘ਜਸ਼ਨ ਮਨਾਉਣ ਦਾ ਮੌਕਾ’ ਆ ਗਿਆ ਹੈ। ਕ੍ਰਿਕਟ ਦੇ ਭ੍ਰਿਸ਼ਟਾਚਾਰ ਵੱਲ ਵੀ ਬਹੁਤ ਸਾਰੇ ਲੋਕਾਂ ਦਾ ਧਿਆਨ ਹੈ। ਪੰਜਾਬ ਦੇ ਕੁਝ ਲੋਕ ਇੱਕ ਹੋਰ ਗੱਲ ਬਾਰੇ ਸੋਚ ਰਹੇ ਹਨ ਅਤੇ ਉਹ ਇਹ ਕਿ ਸੈਕੰਡਰੀ ਵਿਦਿਆ ਦੇ ਡਾਇਰੈਕਟਰ ਜਨਰਲ ਕਾਹਨ ਸਿੰਘ ਪਨੂੰ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਚਾਲੇ ਵਿਵਾਦ ਏਨਾ ਵਧ ਗਿਆ ਹੈ ਕਿ ਪੰਜ ਸਾਲ ਪਹਿਲਾਂ ਇੱਕ ਆਈ ਏ ਐਸ ਅਫਸਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਤੋਂ ਭਜਾਉਣ ਵਾਲੀ ਕਹਾਣੀ ਦੁਹਰਾਈ ਜਾ ਸਕਦੀ ਹੈ। ਕ੍ਰਿਸ਼ਨ ਕੁਮਾਰ ਨੂੰ ਪ੍ਰਧਾਨ ਮੰਤਰੀ ਦੇ ਦਫਤਰ ਵਿਚ ਨਵੀਂ ਨਿਯੁਕਤੀ ਮਿਲ ਗਈ ਸੀ, ਪਰ ਪੰਜਾਬ ਦੇ ਹੁਣ ਵਾਲੇ ਡਾਇਰੈਕਟਰ ਜਨਰਲ ਨੂੰ ਜੇ ਇਸ ਥਾਂ ਤੋਂ ਪੁੱਟਿਆ ਗਿਆ ਤਾਂ ਹਰਿਆਣੇ ਵਾਲੇ ਆਈ ਏ ਐਸ ਅਫਸਰ ਅਸ਼ੋਕ ਖੇਮਕਾ ਵਾਂਗ ਸ਼ਾਇਦ ਬਿਸਤਰਾ ਪੱਕੇ ਤੌਰ ਉਤੇ ਮੋਢੇ ਉਤੇ ਰੱਖਣਾ ਪੈ ਜਾਵੇ।
ਪਿਛਲੇ ਦਿਨਾਂ ਵਿਚ ਪੰਜਾਬ ਦੇ ਸੈਕੰਡਰੀ ਵਿਦਿਆ ਦੇ ਡਾਇਰੈਕਟੋਰੇਟ ਵਿਚਲੇ ਇਸ ਟਕਰਾਓ ਦੀਆਂ ਖਬਰਾਂ ਆਮ ਛਪੀਆਂ ਹਨ। ਇੱਕ ਕਿਤਾਬ ਇਸ ਮਾਮਲੇ ਵਿਚ ਚਰਚਾ ਵਿਚ ਆਈ ਹੈ, ਜਿਹੜੀ ਪੰਜਾਬ ਦੇ ਇੱਕ ਉਘੇ ਲੇਖਕ ਦੀ ਲਿਖੀ ਹੋਈ ਹੈ। ਉਹ ਕਿਤਾਬ ਸਕੂਲਾਂ ਦੇ ਵਿਦਿਆਰਥੀਆਂ ਦੇ ਪੱਧਰ ਦੀ ਨਹੀਂ ਤੇ ਉਸ ਲੇਖਕ ਬਾਰੇ ਕਈ ਵਾਰੀ ਅਸੀਂ ਵੀ ਲਿਖ ਚੁੱਕੇ ਹਾਂ ਕਿ ਵੱਡਾ ਲੇਖਕ ਹੋਣ ਦੇ ਬਾਵਜੂਦ ਉਹ ਆਪ ਕਿਸੇ ਪੈਂਤੜੇ ਉਤੇ ਪੱਕਾ ਨਾ ਰਹਿ ਕੇ ਕਈ ਵਾਰੀ ਘੁਮਾਣੀ ਦੇ ਜਾਂਦਾ ਹੈ। ਝਗੜੇ ਦਾ ਮੁੱਦਾ ਉਸੇ ਦੀ ਕਿਤਾਬ ਨੂੰ ਬਣਾ ਕੇ ਪੇਸ਼ ਕਰਨ ਦਾ ਯਤਨ ਅਸਲ ਵਿਚ ਉਸ ਡਾਇਰੈਕਟੋਰੇਟ ਵਿਚਲੇ ਅਸਲੀ ਟਕਰਾ ਵਲੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ। ਮੰਤਰੀ ਅਤੇ ਡਾਇਰੈਕਟਰ ਜਨਰਲ ਦੀ ਨਿਭਦੀ ਨਹੀਂ ਜਾਪਦੀ। ਪਹਿਲਾਂ ਵੀ ਕਈ ਵਾਰੀ ਏਦਾਂ ਦੇ ਮੌਕੇ ਆ ਚੁੱਕੇ ਹਨ, ਜਿਨ੍ਹਾਂ ਦੀ ਆਪੋ ਵਿਚ ਨਿਭ ਨਹੀਂ ਰਹੀ ਹੋਵੇ ਪਰ ਉਦੋਂ ਕਾਰਨ ਹੋਰ ਹੁੰਦੇ ਸਨ ਤੇ ਇਸ ਵਾਰ ਇਸ ਪਿੱਛੇ ਕਾਰਨ ਮੰਤਰੀ ਦੇ ਘਰ ਦੇ ਇੱਕ ਜੀਅ ਨੂੰ ਉਸ ਦਫਤਰ ਵਿਚ ਇੱਕ ਅਹਿਮ ਅਹੁਦਾ ਮਿਲਣ ਤੋਂ ਪੈਦਾ ਹੋਇਆ ਵੀ ਹੋ ਸਕਦਾ ਹੈ।
ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਗੱਲ ਭਾਵੇਂ ਅਸੀਂ ਸੈਕੰਡਰੀ ਵਿਦਿਆ ਦੇ ਡਾਇਰੈਕਟੋਰੇਟ ਤੋਂ ਸ਼ੁਰੂ ਕਰ ਰਹੇ ਹਾਂ, ਅਸਲ ਵਿਚ ਇਹ ਨਾ ਸਿਰਫ ਇਸ ਡਾਇਰੈਕਟੋਰੇਟ ਬਾਰੇ ਹੈ ਤੇ ਨਾ ਇਕੱਲੇ ਪੰਜਾਬ ਬਾਰੇ। ਵਿਵਾਦ ਵਾਲਾ ਮੁੱਦਾ ਜਿਵੇਂ ਇਸ ਮਹਿਕਮੇ ਦੇ ਮੰਤਰੀ ਦੇ ਪਰਿਵਾਰ ਦੀ ਇੱਕ ਬੀਬੀ ਨੂੰ ਅਹਿਮ ਅਹੁਦਾ ਦੇਣਾ ਮੰਨਿਆ ਜਾ ਰਿਹਾ ਹੈ, ਉਸ ਦੇ ਸਬੰਧ ਵਿਚ ਵੀ ਅਸੀਂ ਇਹ ਸਾਫ ਕਰ ਦੇਈਏ ਕਿ ਉਸ ਬੀਬੀ ਬਾਰੇ ਸਾਡੇ ਕੋਲ ਇੱਕ ਵੀ ਮਾੜੀ ਗੱਲ ਕਿਸੇ ਨੇ ਨਹੀਂ ਆਖੀ, ਸਗੋਂ ਉਸ ਬੀਬੀ ਦੇ ਕਿਰਦਾਰ ਬਾਰੇ ਚੰਗਾ ਹੀ ਕਿਹਾ ਹੈ। ਨਿੱਜੀ ਪੱਧਰ ਉਤੇ ਉਸ ਦੇ ਖਿਲਾਫ ਇੱਕ ਵੀ ਮਾੜੀ ਗੱਲ ਨਾ ਹੋਣ ਦੇ ਬਾਵਜੂਦ ਇਹ ਨਿਯੁਕਤੀ ਇਸ ਪੱਖੋਂ ਅਟਪਟੀ ਲੱਗੀ ਹੈ ਕਿ ਮੰਤਰੀ ਨੇ ਇੱਕ ਜ਼ਿਲੇ ਦੀਆਂ ਪੰਚਾਇਤਾਂ ਦੀ ਮੁਖੀ ਅਫਸਰ ਨੂੰ ਲਿਆ ਕੇ ਆਪਣੇ ਮੰਤਰਾਲੇ ਦੇ ਡਾਇਰੈਕਟੋਰੇਟ ਵਿਚ ਏਡੀ ਵੱਡੀ ਪਦਵੀ ਦੇ ਦਿੱਤੀ ਹੈ। ਇਸ ਦਾ ਭਾਵ ਦੋ ਤਰ੍ਹਾਂ ਦਾ ਨਿਕਲ ਸਕਦਾ ਹੈ। ਪਹਿਲਾ ਤਾਂ ਇਹ ਕਿ ਮੰਤਰੀ ਨੂੰ ਉਥੇ ਬੈਠੇ ਅਫਸਰਾਂ ਉਤੇ ਕੋਈ ਭਰੋਸਾ ਨਹੀਂ। ਦੂਸਰਾ ਇਹ ਕਿ ਮੰਤਰੀ ਇਸ ਮਹਿਕਮੇ ਨੂੰ ਕਿਸੇ ਤਰ੍ਹਾਂ ਆਪਣੇ ਘਰ ਦੇ ਜੀਆਂ ਦੇ ਰਾਹੀਂ ਚਲਾਉਣਾ ਚਾਹੁੰਦਾ ਹੈ। ਇਨ੍ਹਾਂ ਦੋਵਾਂ ਗੱਲਾਂ ਨਾਲ ਕਈ ਹੋਰ ਗੱਲਾਂ ਦੀਆਂ ਜੜ੍ਹਾਂ ਜਾ ਜੁੜਦੀਆਂ ਹਨ।
ਬਹੁਤੀ ਚਰਚਾ ਇਸ ਇੱਕੋ ਡਾਇਰੈਕਟੋਰੇਟ ਤੱਕ ਸੀਮਤ ਨਾ ਰੱਖ ਕੇ ਅਸੀਂ ਇੱਕ ਮਿਸਾਲ ਪਿਛਲੀ ਸਰਕਾਰ ਦੇ ਵਕਤ ਦੀ ਦੇਣੀ ਚਾਹਾਂਗੇ। ਮੁੱਖ ਮੰਤਰੀ ਹੁਣ ਵਾਲੇ ਸ਼ ਪ੍ਰਕਾਸ਼ ਸਿੰਘ ਬਾਦਲ ਹੀ ਸਨ। ਉਨ੍ਹਾਂ ਦੇ ਨਾਲ ਸਿਹਤ ਦਾ ਮਹਿਕਮਾ ਇੱਕ ਬੀਬੀ ਦੇ ਕੋਲ ਸੀ। ਬੀਬੀ ਦਾ ਸਾਰੀ ਉਮਰ ਦਾ ਅਕਸ ਇੱਕ ਈਮਾਨਦਾਰ ਆਗੂ ਵਾਲਾ ਸੀ ਪਰ ਉਸ ਨੇ ਇਸ ਗੱਲ ਤੋਂ ਵਿਵਾਦ ਖੜਾ ਕਰ ਲਿਆ ਕਿ ਸਿਹਤ ਮਹਿਕਮੇ ਲਈ ਦਵਾਈਆਂ ਖਰੀਦਣ ਵਾਲੀ ਕਮੇਟੀ ਵਿਚ ਆਪਣੀ ਭੈਣ ਨੂੰ ਸ਼ਾਮਲ ਕਰ ਲਿਆ, ਜਿਹੜੀ ਸਰਕਾਰੀ ਮੁਲਾਜ਼ਮ ਹੋਣ ਕਰ ਕੇ ਵੀ ਕਿਸੇ ਏਦਾਂ ਦੀ ਸਰਕਾਰੀ ਕਮੇਟੀ ਵਿਚ ਪਾਏ ਜਾਣ ਦੀ ਹੱਕਦਾਰ ਨਹੀਂ ਸੀ ਤੇ ਉਹ ਦਵਾਈਆਂ ਦੀ ਮਾਹਰ ਵੀ ਨਹੀਂ ਸੀ। ਪੰਜਾਬ ਦੀ ਵਿਧਾਨ ਸਭਾ ਵਿਚ ਉਸ ਮੰਤਰੀ ਬੀਬੀ ਦੇ ਇਸ ਕਦਮ ਬਾਰੇ ਵੀ ਰੌਲਾ ਪਿਆ। ਆਖਰ ਉਸ ਬੀਬੀ ਨੂੰ ਆਪਣੀ ਭੈਣ ਨੂੰ ਦਵਾਈਆਂ ਦੀ ਖਰੀਦ ਕਰਨ ਵਾਲੀ ਕਮੇਟੀ ਵਿਚ ਪਾਉਣ ਦੀ ਲੋੜ ਕੀ ਸੀ? ਇਹ ਗੱਲ ਅੱਜ ਤੱਕ ਨਾ ਉਹ ਬੀਬੀ ਸਪੱਸ਼ਟ ਕਰ ਸਕੀ ਹੈ ਤੇ ਨਾ ਉਸ ਦੀ ‘ਵੱਖਰੀ ਨਿਆਰੀ’ ਪਾਰਟੀ ਹੀ।
ਉਸ ਤੋਂ ਪਹਿਲਾਂ ਪੰਜਾਬ ਦੀ ਇੱਕ ਸਰਕਾਰ ਦੇ ਇੱਕ ਮੰਤਰੀ ਨੇ ਆਪਣੇ ਬਲਾਕ ਪੱਧਰ ਦੇ ਸਰਕਾਰੀ ਨੌਕਰੀ ਕਰਦੇ ਪੁੱਤਰ ਨੂੰ ਆਪਣਾ ਓ ਐਸ ਡੀ ਬਣਾ ਕੇ ਗਜ਼ਟਿਡ ਅਫਸਰ ਵਾਲੀ ਸ਼ਾਨ ਉਸ ਦੀ ਬਣਾ ਦਿੱਤੀ, ਪਰ ਪੁੱਤਰ ਆਪਣੇ ਚਾਲੇ ਨਹੀਂ ਸੀ ਬਦਲ ਸਕਿਆ। ਫਿਰ ਉਸ ਮੰਤਰੀ ਨੂੰ ਆਪਣੇ ਪੁੱਤਰ ਦੇ ਕਾਰਿਆਂ ਕਾਰਨ ਹਾਈ ਕੋਰਟ ਵਿਚ ਜਾ ਕੇ ਸਾਰਾ-ਸਾਰਾ ਦਿਨ ਬੈਠਣਾ ਪੈਂਦਾ ਰਿਹਾ ਸੀ।
ਇਸ ਤੋਂ ਬਾਕੀਆਂ ਨੂੰ ਸਬਕ ਸਿੱਖਣਾ ਚਾਹੀਦਾ ਸੀ। ਪੰਜਾਬ ਦੇ ਹੀ ਨਹੀਂ, ਇਸ ਮਾਮਲੇ ਵਿਚ ਸਾਰੇ ਭਾਰਤ ਦੇ ਰਾਜਸੀ ਲੀਡਰ ਕੋਈ ਸਬਕ ਨਾ ਸਿੱਖਣ ਦੀ ਸਹੁੰ ਖਾਧੀ ਫਿਰਦੇ ਹਨ। ਹਾਲੇ ਪਿਛਲੇ ਮਹੀਨੇ ਜਿਹੜਾ ਸਕੈਂਡਲ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦਾ ਸਾਹਮਣੇ ਆਇਆ ਹੈ, ਉਹ ਵੀ ਇਸੇ ਕਰ ਕੇ ਵਾਪਰਿਆ ਕਿ ਉਸ ਨੇ ਬਾਕੀ ਸਾਰੇ ਲੋਕਾਂ ਨੂੰ ਪਾਸੇ ਕਰ ਕੇ ਆਪਣੇ ਭਾਣਜੇ ਨੂੰ ਸਾਰਿਆਂ ਦਾ ਬਾਪੂ ਬਣਾਇਆ ਪਿਆ ਸੀ। ਹਰ ਕੰਮ ਵਿਚੋਂ ਕੁੰਡੀ ਲਾਉਣ ਲਈ ਲੋਕਾਂ ਵਿਚ ਚਰਚਿਤ ਉਹ ਭਾਣਜਾ ਆਪਣੇ ਮਾਮੇ ਦੇ ਘਰ ਵਾਲੇ ਦਫਤਰ ਵਿਚ ਵੀ ਬੈਠ ਕੇ ਉਸ ਦੀ ਥਾਂ ਸਾਰੇ ਅਫਸਰਾਂ ਦੀ ਕਲਾਸ ਲਾਉਂਦਾ ਸੀ ਤੇ ਰੇਲ ਮੰਤਰਾਲੇ ਵਿਚ ਵੀ ਉਸ ਦੀ ਵੱਖਰੀ ਮੇਜ਼-ਕੁਰਸੀ ਹੁੰਦੀ ਸੀ। ਬਿਨਾਂ ਕੋਈ ਹੁਕਮ ਜਾਰੀ ਕੀਤੇ ਤੋਂ ਉਸ ਦੀ ਸੇਵਾ ਲਈ ਸੇਵਾਦਾਰ ਤੋਂ ਲੈ ਕੇ ਪ੍ਰਾਈਵੇਟ ਸੈਕਟਰੀ ਤੱਕ ਹਾਜ਼ਰ ਹੁੰਦੇ ਸਨ, ਜਿਹੜੇ ਉਸ ਵੱਲੋਂ ਕੀਤੇ ਗਏ ਹੁਕਮਾਂ ਉਤੇ ਅਮਲ ਕਰਵਾਉਂਦੇ ਤੇ ਉਸ ਨੂੰ ਰਿਪੋਰਟ ਵੀ ਕਰਦੇ ਹੁੰਦੇ ਸਨ।
ਆਹ ਜਿਹੜਾ ਕ੍ਰਿਕਟ ਦਾ ਕਾਲਾ ਚੱਕਰ ਹੁਣ ਸਾਹਮਣੇ ਆਇਆ ਹੈ, ਉਸ ਦੀ ਕਹਾਣੀ ਵੀ ਇਥੋਂ ਤੱਕ ਚਲੀ ਗਈ ਕਿ ਕ੍ਰਿਕਟ ਬੋਰਡ ਦੇ ਪ੍ਰਧਾਨ ਸ੍ਰੀਨਿਵਾਸਨ ਦਾ ਜਵਾਈ ਮਇਅੱਪਨ ਉਸ ਦੀ ਥਾਂ ਸਾਰੇ ਬੋਰਡ ਨੂੰ ਹੁਕਮ ਕਰਨ ਲੱਗ ਪਿਆ ਸੀ। ਕਾਗਜ਼ਾਂ ਵਿਚ ਉਸ ਦਾ ਨਾਂ ਵੀ ਨਹੀਂ ਸੀ, ਪਰ ਜਿੱਥੇ ਕਿਤੇ ਆਈ ਪੀ ਐਲ ਕ੍ਰਿਕਟ ਦਾ ਮੈਚ ਹੋਣਾ ਹੁੰਦਾ, ਜੇ ਉਥੇ ਚੇਨੱਈ ਸੁਪਰ ਕਿੰਗਜ਼ ਦੀ ਟੀਮ ਖੇਡਣੀ ਹੁੰਦੀ ਤਾਂ ਅਸਲੀ ਮਾਲਕ ਵਜੋਂ ਉਹ ਆਪਣਾ ਪਛਾਣ-ਪੱਤਰ ਗਲ ਵਿਚ ਪਾ ਕੇ ਮਾਲਕਾਂ ਵਾਲੇ ਵਿਸ਼ੇਸ਼ ਬਕਸੇ ਵਿਚ ਬੈਠਦਾ ਸੀ। ਕ੍ਰਿਕਟ ਬੋਰਡ ਦੇ ਸਾਰੇ ਅਧਿਕਾਰੀ ਆਪਣੇ ਪ੍ਰਧਾਨ ਵਲੋਂ ਇਸ ਜਵਾਈ ਰਾਹੀਂ ਹੋ ਰਹੀਆਂ ਖੇਡਾਂ ਬਾਰੇ ਅੱਖਾਂ ਮੀਟੀ ਬੈਠੇ ਰਹੇ ਸਨ। ਕ੍ਰਿਕਟ ਬੋਰਡ ਦੇ ਕਈ ਮੈਂਬਰ ਤੇ ਅਹੁਦੇਦਾਰ ਉਸ ਪ੍ਰਧਾਨ ਸ੍ਰੀਨਿਵਾਸਨ ਨਾਲੋਂ ਵੱਡੀ ਹਸਤੀ ਵਾਲੇ ਗਿਣੇ ਜਾਂਦੇ ਹਨ। ਇੱਕ ਮੀਤ ਪ੍ਰਧਾਨ ਤਾਂ ਭਾਜਪਾ ਦਾ ਆਗੂ ਅਰੁਣ ਜੇਤਲੀ ਹੈ, ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਉਤਲੇ ਹਾਊਸ ਰਾਜ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਵੀ ਹੈ। ਦੂਸਰਾ ਅਹੁਦੇਦਾਰ ਰਾਜੀਵ ਸ਼ੁਕਲਾ ਕਾਂਗਰਸੀ ਆਗੂ ਹੈ ਤੇ ਭਾਰਤ ਸਰਕਾਰ ਦਾ ਮੰਤਰੀ ਹੈ ਪਰ ਕ੍ਰਿਕਟ ਬੋਰਡ ਦੇ ਮੁਖੀ ਦੇ ਸਾਹਮਣੇ ਇਨ੍ਹਾਂ ਵਿਚੋਂ ਵੀ ਕਿਸੇ ਨੇ ਕਦੀ ਸਿਰ ਚੁੱਕ ਕੇ ਇਹ ਨਹੀਂ ਸੀ ਕਿਹਾ ਕਿ ਤੂੰ ਇੰਜ ਨਹੀਂ, ਇੰਜ ਕਰ। ਆਈ ਪੀ ਐਲ ਦੀ ਕ੍ਰਿਕਟ ਲੜੀ ਦੇ ਮੁਢਲੇ ਮੁਖੀ ਲਲਿਤ ਮੋਦੀ ਦੇ ਜਵਾਈ ਅਤੇ ਹੋਰ ਰਿਸ਼ਤੇਦਾਰਾਂ ਬਾਰੇ ਵੀ ਉਦੋਂ ਕ੍ਰਿਕਟ ਬੋਰਡ ਦਾ ਕੋਈ ਅਹੁਦੇਦਾਰ ਨਹੀਂ ਸੀ ਬੋਲਿਆ ਤੇ ਪਿੱਛੋਂ ਬੋਲਣ ਤੋਂ ਨਹੀਂ ਸਨ ਹਟਦੇ।
ਗੱਲ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ, ਇੱਕ ਵਰਤਾਰੇ ਦੀ ਹੈ, ਜਿਹੜਾ ਭਾਰਤ ਦੀ ਰਾਜਨੀਤੀ ਵਿਚ ਬਹੁਤ ਭਾਰੂ ਹੋ ਗਿਆ ਹੈ। ਇਥੇ ਜਿਹੜਾ ਵੀ ਲੀਡਰ ਇਹ ਆਖਦਾ ਹੈ ਕਿ ਉਹ ਫਲਾਣੀ ਪਾਰਟੀ ਦਾ ਵਫਾਦਾਰ ਹੈ, ਉਹ ਜਦੋਂ ਕਿਸੇ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਭਰਨ ਲੱਗਦਾ ਹੈ ਤਾਂ ਨੱਬੇ ਫੀਸਦੀ ਮਾਮਲਿਆਂ ਵਿਚ ਉਸ ਦੇ ਨਾਲ ਕਵਰਿੰਗ ਉਮੀਦਵਾਰ ਉਸ ਦੀ ਪਤਨੀ, ਪੁੱਤਰ, ਧੀ, ਜਵਾਈ, ਨੂੰਹ ਜਾਂ ਕੋਈ ਹੋਰ ਨੇੜਲਾ ਰਿਸ਼ਤੇਦਾਰ ਹੁੰਦਾ ਹੈ। ਕਵਰਿੰਗ ਉਮੀਦਵਾਰ ਦਾ ਅਰਥ ਇਹ ਹੈ ਕਿ ਜੇ ਉਮੀਦਵਾਰ ਦਾ ਪਰਚਾ ਕਿਸੇ ਕਾਰਨ ਰੱਦ ਹੋ ਜਾਵੇ ਤਾਂ ਉਸ ਦੀ ਥਾਂ ਇਸ ਪਾਰਟੀ ਦਾ ਕਵਰਿੰਗ ਉਮੀਦਵਾਰ ਹੀ ਚੋਣ ਲੜੇਗਾ। ਆਪਣੇ ਨਾਲ ਕਵਰਿੰਗ ਉਮੀਦਵਾਰ ਸਿਰਫ਼ ਘਰ ਦੇ ਜੀਆਂ ਨੂੰ ਬਣਾਉਣ ਦਾ ਅਰਥ ਇਹ ਹੈ ਕਿ ਕਿਸੇ ਵੀ ਲੀਡਰ ਨੂੰ ਆਪਣੀਆਂ ਸੱਜੀਆਂ-ਖੱਬੀਆਂ ਬਾਂਹਾਂ ਗਿਣੇ ਜਾਂਦੇ ਆਪਣੇ ਸਾਥੀਆਂ ਉਤੇ ਵੀ ਭਰੋਸਾ ਨਹੀਂ ਹੈ।
ਇਸ ਹਫਤੇ ਇੱਕ ਰਿਪੋਰਟ ਦਿੱਲੀ ਤੋਂ ਆਈ ਸੀ, ਜਿਹੜੀ ਭਾਰਤ ਦੇ ਹਰ ਨਾਗਰਿਕ ਨੂੰ ਆਪਣੇ ਲੀਡਰਾਂ ਦੀ ਫਿਤਰਤ ਜਾਣਨ ਵਿਚ ਮਦਦਗਾਰ ਹੋ ਸਕਦੀ ਸੀ। ਇਹ ਰਿਪੋਰਟ ਅਣਗੌਲੀ ਰਹਿ ਗਈ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਪੰਜਾਬ ਦੇ ਇੱਕ ਮੰਤਰੀ ਨੇ ਆਪਣਾ ਬਲਾਕ ਪੱਧਰ ਦਾ ਸਰਕਾਰੀ ਕਰਮਚਾਰੀ ਪੁੱਤਰ ਆਪਣੇ ਨਾਲ ਓ ਐਸ ਡੀ ਲਾ ਕੇ ਆਪਣਾ ਜਲੂਸ ਕੱਢਵਾ ਲਿਆ ਸੀ ਤੇ ਇੱਕ ਬੀਬੀ ਨੇ ਆਪਣੀ ਭੈਣ ਨੂੰ ਆਪਣੇ ਮਹਿਕਮੇ ਦੀ ਖਰੀਦ ਕਮੇਟੀ ਦੀ ਮੈਂਬਰ ਬਣਾ ਕੇ ਵਿਵਾਦ ਖੜਾ ਕਰ ਲਿਆ ਸੀ। ਇਹ ਰਿਪੋਰਟ ਵੀ ਇਸੇ ਕਿਸਮ ਦੀ ਹੈ, ਫਰਕ ਸਿਰਫ ਇਹ ਹੈ ਕਿ ਇਹ ਪੰਜਾਬ ਦੀ ਥਾਂ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰਾਂ ਨਾਲ ਸਬੰਧਤ ਹੈ।
ਇੱਕ ਅੰਗਰੇਜ਼ੀ ਅਖਬਾਰ ਨੇ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਆਪਣੇ ਪਰਿਵਾਰ ਦੇ ਕਿਹੜੇ ਰਿਸ਼ਤੇ ਵਾਲੇ ਕਿੰਨੇ ਜੀਅ ਪਾਰਲੀਮੈਂਟ ਮੈਂਬਰਾਂ ਨੇ ਆਪਣੇ ਨਿੱਜੀ ਸਹਾਇਕ ਲਾਏ ਹੋਏ ਹਨ, ਜਿਨ੍ਹਾਂ ਦੀ ਤਨਖਾਹ ਅਤੇ ਭੱਤਿਆਂ ਦਾ ਬੋਝ ਭਾਰਤ ਸਰਕਾਰ ਦੇ ਸਿਰ ਪੈਂਦਾ ਹੈ? ਪਤਾ ਇਹ ਲੱਗਾ ਕਿ ਇੱਕ ਸੌ ਛਿਆਲੀ ਪਾਰਲੀਮੈਂਟ ਮੈਂਬਰਾਂ ਨੇ ਇਹੋ ਕੁਝ ਕੀਤਾ ਪਿਆ ਹੈ। ਇਨ੍ਹਾਂ ਵਿਚੋਂ 104 ਲੋਕ ਸਭਾ ਦੇ ਮੈਂਬਰ ਤੇ 42 ਰਾਜ ਸਭਾ ਦੇ ਹਨ। ਕਈਆਂ ਦੀ ਆਪਣੇ ਘਰ ਦਾ ਇੱਕ ਜੀਅ ਲਾ ਕੇ ਵੀ ਤਸੱਲੀ ਨਹੀਂ ਹੋਈ ਤੇ ਦੋ-ਤਿੰਨ ਲਾ ਰੱਖੇ ਹਨ, ਇਸ ਲਈ ਇਨ੍ਹਾਂ 146 ਮੈਂਬਰਾਂ ਨਾਲ ਇੱਕ ਜਾਂ ਦੂਸਰੀ ਕਿਸਮ ਦੇ 191 ਸਹਾਇਕ ਉਨ੍ਹਾਂ ਦੇ ਘਰਾਂ ਦੇ ਜੀਅ ਲੱਗੇ ਹੋਏ ਹਨ। ਵੱਡੀ ਪਾਰਟੀ ਕਾਂਗਰਸ ਹੈ, ਜਿਸ ਦੇ 36 ਮੈਂਬਰਾਂ ਨੇ ਇਹ ਕੰਮ ਕੀਤਾ ਹੈ, ਪਰ ਭਾਜਪਾ ਉਸ ਤੋਂ ਛੋਟੀ ਪਾਰਟੀ ਹੋਣ ਦੇ ਬਾਵਜੂਦ ਉਸ ਦੇ 38 ਮੈਂਬਰਾਂ ਨੇ ਕੋੜਮਾ ਭਰਤੀ ਕੀਤਾ ਪਿਆ ਹੈ। ਇਹੋ ਜਿਹੇ 15 ਪਾਰਲੀਮੈਂਟ ਮੈਂਬਰ ਬਹੁਜਨ ਸਮਾਜ ਪਾਰਟੀ ਦੇ ਹਨ, 12 ਸਮਾਜਵਾਦੀ ਪਾਰਟੀ ਦੇ, ਤਾਮਿਲਨਾਡੂ ਵਾਲੀ ਡੀ ਐਮ ਕੇ ਦੇ 8, ਬੀਜੂ ਜਨਤਾ ਦਲ ਦੇ 7 ਅਤੇ ਜਨਤਾ ਦਲ ਯੂਨਾਈਟਿਡ ਦੇ 6 ਮੈਂਬਰ ਇਹੋ ਕੁਝ ਕਰੀ ਬੈਠੇ ਹਨ। ਇਸ ਬਿਮਾਰੀ ਦੀ ਲਾਗ ਤੋਂ ਬਚੇ ਹੋਏ ਹਨ ਤਾਂ ਉਹ ਕਮਿਊਨਿਸਟ ਪਾਰਲੀਮੈਂਟ ਮੈਂਬਰ ਹਨ। ਇਸ ਤੋਂ ਅਗਲੀ ਗੱਲ ਇਹ ਹੈ ਕਿ 60 ਮੈਂਬਰਾਂ ਨੇ ਆਪਣੇ ਪੁੱਤਰ ਨੂੰ ਆਪਣਾ ਸਹਾਇਕ ਬਣਾਇਆ ਹੈ, 36 ਜਣਿਆਂ ਨੇ ਪਤਨੀ ਨੂੰ, 27 ਮੈਂਬਰਾਂ ਨੇ ਆਪਣੀ ਧੀ ਨੂੰ, 7 ਜਣਿਆਂ ਨੇ ਨੂੰਹ ਅਤੇ 7 ਹੋਰਨਾਂ ਨੇ ਆਪਣੇ ਭਰਾ ਨੂੰ ਲਾਇਆ ਹੋਇਆ ਹੈ ਤੇ 10 ਜਣੇ ਚਾਚੇ-ਤਾਏ ਜਾਂ ਮਾਮੇ-ਮਾਸੀ ਦੇ ਪੁੱਤਰ ਹਨ। ਕਮਾਲ ਦੀ ਗੱਲ ਇਹ ਹੈ ਕਿ 4 ਪਾਰਲੀਮੈਂਟ ਮੈਂਬਰ ਬੀਬੀਆਂ ਨੇ ਆਪਣੇ ਪਤੀ ਆਪਣੇ ‘ਸਹਾਇਕ’ ਬਣਾਏ ਹੋਏ ਹਨ ਤੇ ਇਨ੍ਹਾਂ ਦੀ ਤਨਖਾਹ ਲੋਕਾਂ ਦੇ ਦਿੱਤੇ ਹੋਏ ਖਜ਼ਾਨੇ ਵਿਚੋਂ ਵਸੂਲੀ ਜਾ ਰਹੀ ਹੈ।
ਸਾਫ ਹੈ ਕਿ ਜਿਹੜੇ ਪੁੱਠੇ-ਸਿੱਧੇ ਧੰਦੇ ਕਰਨ ਲਈ ਪਾਰਲੀਮੈਂਟ ਮੈਂਬਰਾਂ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ, ਉਨ੍ਹਾਂ ਕੰਮਾਂ ਲਈ ਰੇਲਵੇ ਮੰਤਰੀ ਵਾਂਗ ਭਾਣਜੇ, ਭਤੀਜੇ, ਪੁੱਤਰ, ਨੂੰਹਾਂ, ਧੀਆਂ, ਜਵਾਈਆਂ ਜਾਂ ਘਰਾਂ ਦੇ ਹੋਰਨਾਂ ਜੀਆਂ ਤੋਂ ਸਿਵਾਏ ਯੋਗ ਬੰਦਾ ਵੀ ਉਹ ਕਿਹੜਾ ਲੱਭ ਸਕਦੇ ਹਨ? ਜਦੋਂ ਉਨ੍ਹਾਂ ਨੇ ਸਰਕਾਰ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ ਹੁੰਦੀ ਹੈ ਤਾਂ ਇਹੋ ਜਿਹੇ ਭੇਦ-ਭਰੇ ਕੰਮ ਕਰਨ ਲਈ ਜਣੇ-ਖਣੇ ਉਤੇ ਭੇਦਾਂ ਦਾ ਭਰੋਸਾ ਵੀ ਕਿਵੇਂ ਕੀਤਾ ਜਾ ਸਕਦਾ ਹੈ? ਸਾਨੂੰ ਪਤਾ ਨਹੀਂ ਕਿ ਉਪਰ ਦਾ ਪ੍ਰਛਾਵਾਂ ਪੰਜਾਬ ਉਤੇ ਵੱਧ ਪੈਂਦਾ ਹੈ ਜਾਂ ਪੰਜਾਬ ਵਾਂਗ ਰਾਜਾਂ ਦੀ ਲਾਗ ਕੇਂਦਰ ਵਿਚ ਵੱਧ ਪਹੁੰਚ ਰਹੀ ਹੈ। ਜਿਹੜੀ ਗੱਲ ਸਭ ਨੂੰ ਪਤਾ ਹੈ, ਉਹ ਇਹ ਕਿ ਕੇਂਦਰ ਤੋਂ ਪੰਜਾਬ ਤੱਕ ਰਘੂ ਕੁਲ ਰੀਤ ਹਰ ਥਾਂ ਇੱਕੋ ਹੀ ਚੱਲ ਰਹੀ ਹੈ।

Be the first to comment

Leave a Reply

Your email address will not be published.