ਹੋਰਨਾਂ ਮੁਲਕਾਂ ਮੁਕਾਬਲੇ ਭਾਰਤ ‘ਚ ਤੇਜ਼ੀ ਨਾਲ ਸਿਹਤਯਾਬ ਹੋਣ ਲੱਗੇ ਕਰੋਨਾ ਪੀੜਤ

ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਹੋਰਨਾਂ ਮੁਲਕਾਂ ਦੇ ਮੁਕਾਬਲੇ ਵਿਚ ਭਾਰਤ ਵਿਚ ਕਰੋਨਾ ਪੀੜਤ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ। ਏਮਜ਼ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ‘ਕਰੋਨਾ ਕੇਸਾਂ ਦੀ ਗਿਣਤੀ ਦੁੱਗਣੀ ਹੋਣ ਦੇ ਮਾਮਲੇ ਵਿਚ’ ਭਾਰਤ ਦੀ ਰਫਤਾਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਘਟੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਕਿਸੇ ਇਕਾਂਤਵਾਸ ਜ਼ੋਨ ਵਿਚ ਘੱਟੋ-ਘੱਟ ਚਾਰ ਹਫਤਿਆਂ (28 ਦਿਨਾਂ) ਤਕ ਕੋਵਿਡ-19 ਦਾ ਕੋਈ ਸੈਕੰਡਰੀ ਪਾਜ਼ੇਟਿਵ ਕੇਸ ਰਿਪੋਰਟ ਨਹੀਂ ਹੁੰਦਾ ਤਾਂ ਉਸ ਇਲਾਕੇ ਵਿਚ ਕੰਟੇਨਮੈਂਟ ਅਪਰੇਸ਼ਨਾਂ ਨੂੰ ਕੁਝ ਹੱਦ ਤਕ ਘਟਾਇਆ ਜਾ ਸਕਦਾ ਹੈ। ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਦੌਰਾਨ ਗੁਜਰਾਤ ਦੇਸ਼ ਦਾ ਛੇਵਾਂ ਸੂਬਾ ਬਣ ਗਿਆ, ਜਿਥੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1 ਹਜ਼ਾਰ ਦੇ ਅੰਕੜੇ ਨੂੰ ਟੱਪ ਗਈ ਹੈ। ਸਿਹਤ ਮੰਤਰਾਲੇ ‘ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਹੋਰਨਾਂ ਮੁਲਕਾਂ ਦੇ ਮੁਕਾਬਲੇ ਵਿਚ ਭਾਰਤ ‘ਚ ਕਰੋਨਾ ਪੀੜਤ ਮਰੀਜ਼ ਤੇਜ਼ੀ ਨਾਲ ਸਿਹਤਯਾਬ ਹੋ ਰਹੇ ਹਨ।
ਉਨ੍ਹਾਂ ਕਿਹਾ, ‘ਜੇਕਰ ਭਾਰਤ ਵਿਚ 80 ਫੀਸਦੀ ਮਰੀਜ਼ ਠੀਕ ਹੋ ਰਹੇ ਹਨ ਤੇ ਸਿਰਫ 20 ਫੀਸਦੀ ਮੌਤਾਂ ਹੀ ਰਿਪੋਰਟ ਹੋ ਰਹੀਆਂ ਹਨ, ਤਾਂ ਫਿਰ ਇਸ ਪੈਮਾਨੇ ਮੁਤਾਬਕ ਭਾਰਤ ਦੀ ਹੋਰਨਾਂ ਕਈ ਮੁਲਕਾਂ ਦੀ ਨਿਸਬਤ ਸਥਿਤੀ ਥੋੜ੍ਹੀ ਬਿਹਤਰ ਹੈ।’ ਉਨ੍ਹਾਂ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਕੇਸ ਤਿੰਨ ਦਿਨਾਂ ਵਿਚ ਦੁੱਗਣੇ ਹੁੰਦੇ ਸੀ, ਪਰ ਜੇਕਰ ਪਿਛਲੇ ਸੱਤ ਦਿਨਾਂ ਦੇ ਅੰਕੜਿਆਂ ਉਤੇ ਝਾਤ ਮਾਰੀਏ ਤਾਂ ਹੁਣ ਕੇਸ 6.2 ਦਿਨਾਂ ਵਿਚ ਦੁੱਗਣੇ ਹੋ ਰਹੇ ਹਨ। 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੇਸ ਦੁੱਗਣੀ ਹੋਣ ਦੀ ਦਰ ਕੌਮੀ ਔਸਤ ਨਾਲੋਂ ਘੱਟ ਹੈ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਹਿਲੀ ਅਪਰੈਲ ਤੋਂ ਕੇਸਾਂ ਦਾ ਔਸਤ ਵਿਕਾਸ ਫੈਕਟਰ 1.2 ਹੈ ਜਦੋਂਕਿ 15 ਮਾਰਚ ਤੋਂ 31 ਮਾਰਚ ਦਰਮਿਆਨ ਇਹ ਅੰਕੜਾ 2.1 ਸੀ। ਅਗਰਵਾਲ ਨੇ ਕਿਹਾ ਕਿ ਟੈਸਟਿੰਗ ਦਾ ਅਮਲ ਤੇਜ਼ ਹੋਣ ਮਗਰੋਂ ਸਾਹ ਵਿਚ ਲਾਗ (ਐਸ਼ ਏ. ਆਰ. ਆਈ. ) ਤੇ ਸਰਦੀ ਜ਼ੁਕਾਮ ਜਿਹੇ ਰੋਗ ਨਾਲ ਸਬੰਧਤ ਕੇਸ 40 ਫੀਸਦੀ ਤੱਕ ਘਟੇ ਹਨ। ਅਗਰਵਾਲ ਨੇ ਕਿਹਾ ਕਿ ਕੋਵਿਡ-19 ਦੇ ਟਾਕਰੇ ਲਈ 1,919 ਹਸਪਤਾਲ ਤਿਆਰ ਬਰ ਤਿਆਰ ਹਨ। ਇਨ੍ਹਾਂ ਹਸਪਤਾਲਾਂ ਵਿਚ 1.73 ਲੱਖ ਆਈਸੋਲੇਸ਼ਨ ਬੈੱਡਾਂ ਤੇ 21,800 ਆਈਸੀਯੂ ਬੈੱਡਾਂ ਦੀ ਵਿਵਸਥਾ ਹੈ।
ਇਸ ਦੌਰਾਨ ਸਿਹਤ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦੇ ਟਾਕਰੇ ਲਈ ਬਣਾਏ ਕੰਟੇਨਮੈਂਟ ਪਲਾਨ ਨੂੰ ਅਪਡੇਟ ਕਰਦਿਆਂ ਕਿਹਾ ਕਿ ਅਥਾਰਿਟੀਜ਼ ਵੱਲੋਂ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ (ਸੈਕੰਡਰੀ ਪਾਜ਼ੇਟਿਵ) ਮਰੀਜ਼ਾਂ ਦੀ ਪਹਿਲਾਂ ਕੰਟੇਨਮੈਂਟ ਜ਼ੋਨ ਵਿਚ ਹੀ ਸ਼ਨਾਖਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰ ਸ਼ੱਕੀ ਕੇਸ, ਵਧੇਰੇ ਜੋਖਮ ਵਾਲੇ ਸੰਪਰਕਾਂ, ਸਾਰੇ ਸ਼ੱਕੀਆਂ ਜਾਂ ਪੱਕੇ ਕੇਸਾਂ ਨੂੰ ਆਈਸੋਲੇਟ ਕਰਨਾ ਤੇ ਸਮਾਜਿਕ ਦੂਰੀ ਦੇ ਨੇਮਾਂ ਨੂੰ ਲਾਗੂ ਕਰਨ ਜਿਹੇ ਕਦਮ ਸਖ਼ਤੀ ਨਾਲ ਚੁੱਕੇ ਜਾਣਗੇ। ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਪਲਾਨ ਦਾ ਮੁੱਖ ਮੰਤਵ ਚੇਨ ਆਫ ਟਰਾਂਸਮਿਸ਼ਨ (ਲਾਗ ਅੱਗੇ ਤੋਂ ਅੱਗੇ ਫੈਲਣ ਵਾਲੀ ਕੜੀ) ਨੂੰ ਤੋੜਨਾ ਹੈ। ਕੇਂਦਰ ਨੇ ਹੁਣ ਤਕ ਪੂਰੇ ਦੇਸ਼ ਵਿਚ 170 ਜ਼ਿਲ੍ਹਿਆਂ ਦੀ ‘ਹੌਟਸਪੌਟ’ ਤੇ 207 ਦੀ ‘ਨਾਨ ਹੌਟਸਪੌਟ’ ਵਜੋਂ ਪਛਾਣ ਕੀਤੀ ਹੈ। ਆਈ. ਸੀ. ਐਮ. ਆਰ. ਦੇ ਡਾ. ਰਮਨ ਆਰ. ਗੰਗਾਖੇਡਕਰ ਨੇ ਕਿਹਾ ਕਿ ਹੁਣ ਤਕ ਪੂਰੇ ਦੇਸ਼ ਵਿਚ ਕੋਵਿਡ-19 ਦੇ 3.19 ਲੱਖ ਟੈਸਟ ਕੀਤੇ ਗਏ ਹਨ।
_______________________________
ਬੱਚਿਆਂ ‘ਤੇ ਬੇਹੱਦ ਮਾੜਾ ਅਸਰ ਪਾਵੇਗੀ ਕਰੋਨਾ ਮਹਾਮਾਰੀ
ਸੰਯੁਕਤ ਰਾਸ਼ਟਰ: ਕੋਵਿਡ-19 ਮਹਾਮਾਰੀ ਦੇ ਬੱਚਿਆਂ ਉਤੇ ਪੈਣ ਵਾਲੇ ਅਸਰ ਦੀ ਗੰਭੀਰ ਸਮੀਖਿਆ ਕਰਦਿਆਂ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੁਨੀਆਂ ਭਰ ਵਿਚ ਇਸ ਨਾਲ ਪੈਦਾ ਹੋਣ ਵਾਲੀ ਮੰਦੀ ਇਸ ਵਰ੍ਹੇ ਹਜ਼ਾਰਾਂ ਬੱਚਿਆਂ ਦੀ ਜਾਨ ਲੈ ਲਵੇਗੀ। ਜਨਮ ਮੌਕੇ ਬੱਚਿਆਂ ਦੀ ਹੁੰਦੀ ਮੌਤ ਦੇ ਅੰਕੜਿਆਂ ਵਿਚ ਸੁਧਾਰ ਦਰਜ ਕੀਤਾ ਗਿਆ ਸੀ, ਜਿਸ ਨੂੰ ਹੁਣ ਮੁੜ ਨਵਿਆਇਆ ਗਿਆ ਹੈ। ਮੰਦੀ ਛਾਉਣ ਨਾਲ ਲੱਖਾਂ ਬੱਚੇ ਗਰੀਬੀ ਦਾ ਸ਼ਿਕਾਰ ਵੀ ਹੋਣਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੰਦਾਜ਼ਨ 4.2 ਤੋਂ 4.6 ਕਰੋੜ ਬੱਚੇ ਇਸ ਸਾਲ ਸੰਕਟ ਦੇ ਸਿੱਟੇ ਵਜੋਂ ਗਰੀਬੀ ਵੱਲ ਧੱਕੇ ਜਾ ਸਕਦੇ ਹਨ। ਸਾਲ 2019 ਵਿਚ ਪਹਿਲਾਂ ਤੋਂ ਹੀ 38.6 ਕਰੋੜ ਬੱਚੇ ਬੇਹੱਦ ਜ਼ਿਆਦਾ ਗਰੀਬੀ ਦਾ ਸ਼ਿਕਾਰ ਸਨ।
ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ‘ਪਾਲਿਸੀ ਬ੍ਰੀਫ: ਦੀ ਇੰਪੈਕਟ ਆਫ ਕੋਵਿਡ-19 ਆਨ ਚਿਲਡਰਨ’ ਵਿਚ ਕਿਹਾ ਗਿਆ ਹੈ ਕਿ ਸ਼ੁਕਰ ਹੈ ਕਿ ਬੱਚੇ ਇਸ ਮਹਾਮਾਰੀ ਦੇ ਸਪੱਸ਼ਟ ਪ੍ਰਭਾਵਾਂ ਤੋਂ ਬਚੇ ਹੋਏ ਹਨ। ਬਾਲ ਹੋਂਦ ਤੇ ਸਿਹਤ ਲਈ ਖਤਰਿਆਂ ਬਾਰੇ ਇਸ ਵਿਚ ਕਿਹਾ ਗਿਆ ਹੈ ਕਿ 2020 ਵਿਚ ਹਜ਼ਾਰਾਂ ਬੱਚਿਆਂ ਦੀ ਮੌਤ ਦਾ ਕਾਰਨ ਆਰਥਿਕ ਸੰਕਟ ਬਣੇਗਾ, ਜੋ ਇਕ ਸਾਲ ਦੇ ਅੰਦਰ ਹੀ ਬਾਲ ਮੌਤ ਦਰ ਨੂੰ ਘੱਟ ਕਰਨ ਦੇ ਪਿਛਲੇ ਦੋ ਤੋਂ ਤਿੰਨ ਸਾਲਾਂ ਦੇ ਯਤਨਾਂ ਨੂੰ ਘੱਟ ਕਰ ਸਕਦਾ ਹੈ। ਮਹਾਮਾਰੀ ਕਾਰਨ ਪੂਰੇ ਵਿਸ਼ਵ ਵਿਚ ਸਕੂਲ ਵੀ ਬੰਦ ਕਰਨੇ ਪਏ ਹਨ। ਇਸ ਨਾਲ 1.5 ਅਰਬ ਤੋਂ ਵੱਧ ਬੱਚੇ ਤੇ ਨੌਜਵਾਨ ਪ੍ਰਭਾਵਿਤ ਹੋਏ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 143 ਮੁਲਕਾਂ ਦੇ 36.85 ਕਰੋੜ ਬੱਚਿਆਂ ਵਿਚ ਕੁਪੋਸ਼ਣ ਵਧਣ ਦੀ ਸੰਭਾਵਨਾ ਹੈ।
ਇਹ ਉਹ ਬੱਚੇ ਹਨ ਜਿਨ੍ਹਾਂ ਨੂੰ ਸਕੂਲ ਵਿਚ ਮਿੱਡ-ਡੇਅ ਮੀਲ ਮਿਲਦਾ ਹੈ ਤੇ ਹੁਣ ਉਹ ਇਸ ਤੋਂ ਵਾਂਝੇ ਹੋ ਗਏ ਹਨ। ਬੱਚਿਆਂ ਦੀ ਮਾਨਸਿਕ ਸਿਹਤ ਤੇ ਭਲਾਈ ਉਤੇ ਵੀ ਅਸਰ ਪੈ ਰਿਹਾ ਹੈ। ‘ਪਾਲਿਸੀ ਬ੍ਰੀਫ’ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦਾ ਸਭ ਤੋਂ ਗਰੀਬ ਤੇ ਕਮਜ਼ੋਰ ਵਰਗ ਮਹਾਮਾਰੀ ਦੀ ਲਪੇਟ ਵਿਚ ਜ਼ਿਆਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਬੱਚਿਆਂ ਦੀ ਭਲਾਈ ਬਾਰੇ ਖਾਸ ਤੌਰ ਉਤੇ ਫਿਕਰਮੰਦ ਹੈ।