ਕਰੋਨਾ ਦੇ ਖੌਫ ਨੇ ਅੰਦਰੋਂ ਹਿਲਾਏ ਪੰਜਾਬੀ

ਚੰਡੀਗੜ੍ਹ: ਆਲਮੀ ਮਹਾਮਾਰੀ ਦੇ ਭੈਅ ਨੇ ਪੰਜਾਬ ਦੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਬਿਮਾਰੀ ਦਾ ਖੌਫ ਤੇ ਉਪਰੋਂ ਤਾਲਾਬੰਦੀ ਦੀ ਜਕੜ ਨੇ ਲੋਕਾਂ ‘ਚ ਮਾਨਸਿਕ ਤਣਾਅ ਵਧਾ ਦਿੱਤਾ ਹੈ। ਮਨੋਰੋਗ ਮਾਹਿਰਾਂ ਕੋਲ ਹਫਤੇ ਤੋਂ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਬਹੁਤੇ ਲੋਕਾਂ ਨੂੰ ਵਹਿਮ ਹੋ ਗਿਆ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ। ਵੇਰਵਿਆਂ ਅਨੁਸਾਰ ਬਹੁਤੇ ਲੋਕ ਰਾਤਾਂ ਜਾਗ ਕੇ ਕੱਢਣ ਲੱਗੇ ਹਨ। ਪੰਜਾਬ ਵਿਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਇੰਨੇ ਡਰਾਵਣੇ ਨਹੀਂ ਜਾਪਦੇ, ਜਿੰਨਾ ਕਰੋਨਾ ਦੇ ਖੌਫ ਨੇ ਲੋਕ ਅੰਦਰੋਂ ਹਿਲਾਏ ਹੋਏ ਹਨ। ਆਲਮੀ ਮਹਾਮਾਰੀ ਤਾਂ ਅਵੇਸਲੇ ਨਾ ਹੋਣ ਦਾ ਹੁੰਗਾਰਾ ਭਰ ਰਹੀ ਹੈ ਪਰ ਪੰਜਾਬ ਦੀ ਮੌਜੂਦਾ ਸਥਿਤੀ ਫਿਲਹਾਲ ਘਬਰਾਹਟ ਪੈਦਾ ਕਰਨ ਵਾਲੀ ਨਹੀਂ। ਪੰਜਾਬ ‘ਚ 17 ਹੌਟਸਪਾਟ ਐਲਾਨੇ ਗਏ ਹਨ, ਜਿਥੇ ਕਰੋਨਾ ਦਾ ਖਤਰਾ ਚੁਣੌਤੀ ਭਰਿਆ ਹੈ। ਦਿਹਾਤੀ ਪੰਜਾਬ ਤਾਂ ਕਰੋਪੀ ਤੋਂ ਦੂਰ ਜਾਪਦਾ ਹੈ।

ਕਰੋਨਾ ਵਾਇਰਸ ਦੇ ਤੱਥਾਂ ਨੂੰ ਵਾਚਿਆਂ ਸਾਹਮਣੇ ਆਇਆ ਕਿ ਪੰਜਾਬ ਦੇ ਕਰੀਬ 13 ਹਜ਼ਾਰ ਪਿੰਡਾਂ ਵਿਚੋਂ ਸਿਰਫ 23 ਪਿੰਡ (0.17 ਫੀਸਦੀ) ਹੀ ਫਿਲਹਾਲ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ‘ਚ ਕਰੋਨਾ ਪਾਜ਼ੇਟਿਵ ਕੇਸ ਪਾਏ ਗਏ ਗਏ ਜਾਂ ਫਿਰ ਮੌਤਾਂ ਹੋਈਆਂ। ਮੁਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ਉਤੇ ਹੈ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ਉਤੇ ਆਉਂਦਾ ਹੈ, ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਨਾਲ ਪੰਜਾਬ ਹਿੱਲ ਗਿਆ ਸੀ।
ਪੰਜਾਬ ਦੇ ਕੁੱਲ 148 ਬਲਾਕ ਹਨ, ਜਿਨ੍ਹਾਂ ਵਿਚੋਂ ਕਰੋਨਾ ਕੇਸ ਸਿਰਫ 20 ਬਲਾਕਾਂ (13.51 ਫੀਸਦੀ) ‘ਚ ਟਾਵੇਂ ਵੇਖੇ ਗਏ ਹਨ। ਦਿਹਾਤੀ ਪੰਜਾਬ ਦੀ ਆਬਾਦੀ ਕਰੀਬ 2 ਕਰੋੜ (ਪ੍ਰੋਜੈਕਟਡ) ਹੈ, ਜਿਸ ਵਿਚੋਂ 23 ਪਿੰਡਾਂ ਦੀ ਕਰੀਬ ਡੇਢ ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਇਸੇ ਤਰ੍ਹਾਂ ਪੰਜਾਬ ਦੇ 161 ਕਸਬਿਆਂ ਵਿਚੋਂ ਕਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਵਾਲੇ 13 ਸ਼ਹਿਰ (8.07 ਫ਼ੀਸਦੀ) ਹਨ। ਪੰਜਾਬ ਦੀ ਮੌਜੂਦਾ ਕੁੱਲ ਆਬਾਦੀ 3.12 ਕਰੋੜ ਦੱਸੀ ਜਾ ਰਹੀ ਹੈ।
ਆਬਾਦੀ ਦੇ ਲਿਹਾਜ਼ ਨਾਲ ਵੇਖੀਏ ਤਾਂ ਔਸਤਨ ਛੇ ਹਜ਼ਾਰ ਦੀ ਆਬਾਦੀ ਪਿੱਛੇ ਕਰੋਨਾ ਦਾ ਇਕ ਸ਼ੱਕੀ ਕੇਸ ਬਣਦਾ ਹੈ। ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨ ਤਾਰਨ ਹਾਲੇ ਤੱਕ ਇਸ ਅਲਾਮਤ ਤੋਂ ਬਚੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 2135 ਪਿੰਡ ਫਿਲਹਾਲ ਇਸ ਲਾਗ ਤੋਂ ਦੂਰ ਹਨ। ਇੰਜ ਹੀ ਜ਼ਿਲ੍ਹਾ ਮਾਨਸਾ, ਫਰੀਦਕੋਟ, ਮੁਕਤਸਰ ਅਤੇ ਅੰਮ੍ਰਿਤਸਰ ਦੇ 1657 ਪਿੰਡਾਂ ‘ਚ ਕੋਈ ਪਾਜ਼ੇਟਿਵ ਕੇਸ ਨਹੀਂ ਆਇਆ ਜਦਕਿ ਇਨ੍ਹਾਂ ਜ਼ਿਲ੍ਹਿਆਂ ਦੇ ਪੰਜ ਸ਼ਹਿਰਾਂ ਵਿਚ ਪਾਜ਼ੇਟਿਵ ਕੇਸ ਪਾਏ ਗਏ ਹਨ। ਭਾਵੇਂ ਕਰੋਨਾ ਨੂੰ ਹਲਕੇ ਵਿਚ ਲੈਣ ਦਾ ਸਮਾਂ ਨਹੀਂ ਹੈ ਪਰ ਕੁਝ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਸੱਚ ਇਹ ਵੀ ਹੈ ਕਿ ਜਦੋਂ ਇਥੇ ਟੈਸਟਿੰਗ ਦੀ ਪੂਰੀ ਸਹੂਲਤ ਨਹੀਂ ਤਾਂ ਕੋਈ ਟੇਵਾ ਲਾਉਣਾ ਵੀ ਔਖਾ ਹੈ। ਜਲੰਧਰ ਦੇ ਪਿੰਡ ਵਿਰਕ ਅਤੇ ਕੋਟਲਾ ਹੇਰਾਂ ‘ਚ ਵੀ ਅਲਾਮਤ ਨੇ ਰੰਗ ਦਿਖਾਇਆ ਹੈ।
ਪਠਾਨਕੋਟ ਦੇ ਪਿੰਡ ਤਰੋਟਵਾਂ ਅਤੇ ਬਗਿਆਲ ਲਪੇਟ ਵਿਚ ਆਏ ਹਨ ਅਤੇ ਸੰਗਰੂਰ ਦੇ ਪਿੰਡ ਘੱਗੜਪੁਰ ਅਤੇ ਦਹਿਲੀਜ਼ ਕਲਾਂ ਦੀ ਦੇਹਲੀ ਵਾਇਰਸ ਟੱਪਿਆ ਹੈ। ਫਤਹਿਗੜ੍ਹ ਸਾਹਿਬ ਦਾ ਪਿੰਡ ਮਨੇਲੀ ਵੀ ਇਸੇ ਕਤਾਰ ਵਿਚ ਖੜ੍ਹਾ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਔਰਤ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ। ਸ਼ਹਿਰਾਂ ਉਤੇ ਨਜ਼ਰ ਮਾਰੀਏ ਤਾਂ ਮੁਹਾਲੀ, ਜਲੰਧਰ, ਅੰਮ੍ਰਿਤਸਰ, ਬੁਢਲਾਡਾ, ਪਠਾਨਕੋਟ, ਲੁਧਿਆਣਾ, ਫਰੀਦਕੋਟ, ਪਟਿਆਲਾ ਨੂੰ ਵਾਇਰਸ ਨੇ ਸਿੱਧੀ ਸੱਟ ਮਾਰੀ ਹੈ।
______________________________________
ਪੰਜਾਬ ਦੇ ਚਾਰ ਜਿਲੇ ਹੌਟਸਪੌਟ
ਚੰਡੀਗੜ੍ਹ: ਕੇਂਦਰੀ ਸਿਹਤ ਵਿਭਾਗ ਨੇ ਦੇਸ਼ ਦੇ 170 ਜ਼ਿਲ੍ਹਿਆਂ ਨੂੰ ਕਰੋਨਾ ਵਾਇਰਸ ਮਹਾਮਾਰੀ ਦੇ ਹੌਟਸਪੌਟ, ਭਾਵ ਉਹ ਸਥਾਨ ਜਿਥੇ ਮਹਾਮਾਰੀ ਕਾਫੀ ਫੈਲੀ ਹੋਈ ਹੈ, ਵਜੋਂ ਸ਼ਨਾਖਤ ਕੀਤੀ ਹੈ। ਇਨ੍ਹਾਂ ਵਿਚ ਦੇਸ਼ ਦੇ 6 ਮਹਾਨਗਰ ਦਿੱਲੀ, ਮੁੰਬਈ, ਚੇਨਈ, ਬੰਗਲੁਰੂ, ਕੋਲਕਾਤਾ ਅਤੇ ਹੈਦਰਾਬਾਦ ਸ਼ਾਮਲ ਹਨ।
ਚੰਡੀਗੜ੍ਹ ਨੂੰ ਵੀ ਹੌਟਸਪੌਟ ਐਲਾਨਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ/ਸਥਾਨਾਂ ਉਤੇ ਲੋਕਾਂ ਦੇ ਵੱਡੀ ਪੱਧਰ ਉੱਤੇ ਟੈਸਟ ਕਰਨ ਦੇ ਨਾਲ ਨਾਲ ਸਰੀਰਕ ਦੂਰੀ ਬਣਾਏ ਰੱਖਣ ਦੀ ਹਦਾਇਤ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾ। ਕੇਂਦਰੀ ਸੂਚੀ ਵਿਚ ਪੰਜਾਬ ਦੇ ਨਵਾਂ ਸ਼ਹਿਰ, ਮੁਹਾਲੀ, ਪਠਾਨਕੋਟ ਤੇ ਜਲੰਧਰ ਨੂੰ ਹੌਟਸਪੌਟ ਜ਼ਿਲ੍ਹਿਆਂ ਵਜੋਂ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਦੇਸ਼ ਵਿਚ 207 ਅਜਿਹੇ ਜ਼ਿਲ੍ਹਿਆਂ ਦੀ ਸ਼ਨਾਖਤ ਕੀਤੀ ਗਈ ਹੈ ਜਿਹੜੇ ਆਉਣ ਵਾਲੇ ਦਿਨਾਂ ਵਿਚ ਹੌਟਸਪੌਟ ਬਣ ਸਕਦੇ ਹਨ। ਪੰਜਾਬ ਦੇ ਸਿਹਤ ਵਿਭਾਗ ਨੇ ਆਪਣੇ ਤੌਰ ਉਤੇ 17 ਥਾਵਾਂ ਨੂੰ ਹੌਟਸਪੌਟ ਮੰਨਿਆ ਹੈ। ਕੁਝ ਮਾਹਿਰਾਂ ਅਨੁਸਾਰ ਪੂਰੇ ਦੇ ਪੂਰੇ ਸ਼ਹਿਰਾਂ ਨੂੰ ਹੌਟਸਪੌਟ ਐਲਾਨੇ ਜਾਣ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਣਗੀਆਂ।
ਇਸ ਵੇਲ਼ੇ ਦੇਸ਼ ਦੇ ਲੋਕਾਂ ਨੂੰ ਲੌਕਡਾਊਨ ਵਰਗੀਆਂ ਸਥਿਤੀਆਂ ਵਿਚ ਰਹਿੰਦੇ ਹੋਏ ਸਾਢੇ ਤਿੰਨ ਹਫਤਿਆਂ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਕੇਸ ਅਤੇ ਮੌਤਾਂ ਲਗਾਤਾਰ ਵਧਦੀਆਂ ਰਹੀਆਂ ਹਨ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਲੌਕਡਾਊਨ ਲਾਗੂ ਕਰਨ ਦੇ ਬਾਅਦ ਵੀ ਵੱਡੀ ਆਬਾਦੀ ਵਾਲੇ ਇਸ ਦੇਸ਼ ਵਿਚ ਅਜਿਹੀਆਂ ਕਾਫੀ ਬਸਤੀਆਂ ਹਨ ਜਿੱਥੇ ਸਰੀਰਕ ਦੂਰੀ ਬਣਾ ਕੇ ਰੱਖਣੀ ਅਸੰਭਵ ਹੈ। ਇਸ ਦੌਰਾਨ ਲੋਕਾਂ ਅਤੇ ਖਾਸ ਕਰਕੇ ਗਰੀਬਾਂ ਨੂੰ ਵੱਡੀਆਂ ਮੁਸ਼ਕਲਾਂ ਉਠਾਉਣੀਆਂ ਪਈਆਂ ਹਨ।