ਪੰਜਾਬ ‘ਚ ਤਿੰਨ ਮਈ ਤੱਕ ਕਰਫਿਊ ‘ਚ ਕੋਈ ਢਿੱਲ ਨਹੀਂ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕਣਕ ਦੀ ਵਾਢੀ ਨੂੰ ਛੱਡ ਕਿਸੇ ਹੋਰ ਮਾਮਲੇ ਵਿਚ ਤਿੰਨ ਮਈ ਤੱਕ ਕਰਫਿਊ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਮੁੱਖ ਮੰਤਰੀ ਦੇ ਇਸ ਐਲਾਨ ਨਾਲ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਕੁਝ ਸੇਵਾਵਾਂ ਨੂੰ ਢਿੱਲ ਦੇਣ ਦੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਇਸ ਕਰ ਕੇ ਸੂਬੇ ਦੇ ਲੋਕਾਂ ਨੂੰ ਤਿੰਨ ਮਈ ਤੱਕ ਛੋਟ ਮਿਲਣ ਦੀ ਉਡੀਕ ਕਰਨੀ ਪਵੇਗੀ। ਕੈਪਟਨ ਸਰਕਾਰ ਨੇ ਕਰਫਿਊ ‘ਚ ਢਿੱਲ ਨਾ ਦੇਣ ਦਾ ਫੈਸਲਾ ਸੂਬੇ ਵਿਚ ਵੱਧ ਰਹੇ ਕਰੋਨਾ ਵਾਇਰਸ ਦੇ ਕੇਸਾਂ ਕਾਰਨ ਕੀਤਾ ਹੈ।

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਹਫਤੇ ਤੋਂ ਰਮਜ਼ਾਨ ਸ਼ੁਰੂ ਹੋ ਰਿਹਾ ਹੈ ਤੇ ਰਮਜ਼ਾਨ ਦੇ ਸਮੇਂ ਵਿਚ ਕੋਈ ਛੋਟ ਨਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਦੁਕਾਨਾਂ ਤੋਂ ਜ਼ਰੂਰੀ ਸਾਜ਼ੋ-ਸਾਮਾਨ ਦੀ ਖਰੀਦ ਸਮੇਂ ਭੀੜ ਨਹੀਂ ਹੋਣੀ ਚਾਹੀਦੀ ਹੈ ਤੇ ਇਕ ਦੂਜੇ ਤੋਂ ਫਾਸਲੇ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸੀਨੀਅਰ ਪ੍ਰਸ਼ਾਸਕੀ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਕਿਹਾ ਕਿ ਹੋਰ ਢਿੱਲ ਜਾਂ ਰਿਆਇਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚਲੀਆਂ ਛੋਟੀਆਂ ਸਨਅਤਾਂ, ਭੱਠਿਆਂ ਨੂੰ ਚਲਾਉਣ ਦੀ ਖੁੱਲ੍ਹ ਦਿੱਤੀ ਹੋਈ ਹੈ। ਸ਼ਰਤ ਇਹ ਹੈ ਕਿ ਸਨਅਤਾਂ ਅਤੇ ਭੱਠਿਆਂ ਦੇ ਮਾਲਕ ਮਜ਼ਦੂਰਾਂ ਦੀ ਦੇਖਭਾਲ ਲਈ ਡਾਕਟਰ ਦਾ ਖੁਦ ਪ੍ਰਬੰਧ ਕਰਨਗੇ। ਹਾਲਾਂਕਿ ਛੋਟੇ ਸਨਅਤਕਾਰ ਵੀ ਜੋਖਮ ਲੈਣ ਨੂੰ ਤਿਆਰ ਨਹੀਂ ਜਾਪਦੇ ਕਿਉਂਕਿ ਇਕ ਵੀ ਪਾਜ਼ੇਟਿਵ ਕੇਸ ਆਉਣ ਨਾਲ ਨਵੀਂ ਬਿਪਤਾ ਪੈ ਜਾਵੇਗੀ।
ਸੂਬੇ ਦੀ ਵਿੱਤੀ ਹਾਲਤ ਬਾਰੇ ਕੈਪਟਨ ਨੇ ਕਿਹਾ ਕਿ ਕਣਕ ਦੀ ਖਰੀਦ ਤੋਂ ਪੰਜਾਬ ਸਰਕਾਰ ਨੂੰ 35,000 ਕਰੋੜ ਰੁਪਏ ਮਿਲਣਗੇ ਤੇ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ 26,000 ਕਰੋੜ ਰੁਪਏ ਕਣਕ ਦੀ ਖਰੀਦ ਲਿਮਟ ਵਾਸਤੇ ਦਿੱਤੇ ਹਨ। ਇਸ ਪੈਸੇ ਨਾਲ ਕਰੋਨਾ ਨਾਲ ਨਜਿੱਠਣ ਵਿਚ ਮਦਦ ਮਿਲੇਗੀ।
__________________________________________
ਮਾਸਕ ਨਾ ਪਾਉਣ ਵਾਲਿਆਂ ਖਿਲਾਫ ਸਖਤੀ ਹੋਵੇਗੀ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ਉਤੇ ਮਾਸਕ ਦੀ ਵਰਤੋਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨਾਲ ਹੀ ਪੁਲਿਸ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਚਲਾਨ ਕੱਟੇ ਜਾਣ।
ਸੂਬੇ ਵਿਚ ਕੋਵਿਡ-19 ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਕੀਤੀ ਗਈ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਮਾਲ ਵਿਭਾਗ ਦੇ ਅਧਿਕਾਰੀ ਦੀ ਮੌਤ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕੋਵਿਡ-19 ਖਿਲਾਫ ਮੂਹਰਲੀ ਕਤਾਰ ਵਿਚ ਡਟੇ ਮੁਲਾਜ਼ਮਾਂ, ਜਿਨ੍ਹਾਂ ਵਿਚ ਸਿਹਤ, ਖੇਤੀਬਾੜੀ, ਪੁਲਿਸ ਤੇ ਮਾਲ ਵਿਭਾਗ ਦਾ ਸਟਾਫ ਸ਼ਾਮਲ ਹੈ, ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਸਖਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੀਪੀਈ ਕਿੱਟਾਂ ਮੁਹੱਈਆ ਕਰਵਾਉਣ ਦੇ ਨਾਲ ਹੋਰ ਜ਼ਰੂਰੀ ਇਹਤਿਆਤੀ ਕਦਮ ਵੀ ਚੁੱਕੇ ਜਾਣ।