ਕਰੋਨਾ ਵਾਇਰਸ ਦੇ ਸੰਕਟ ਨੇ ਸ਼੍ਰੋਮਣੀ ਕਮੇਟੀ ਦਾ ਬਜਟ ਹਿਲਾਇਆ

ਅੰਮ੍ਰਿਤਸਰ: ਕਰੋਨਾ ਵਾਇਰਸ ਕਾਰਨ ਜਿਥੇ ਵਿਸ਼ਵ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਉਥੇ ਦੇਸ਼ ਵਿਦੇਸ਼ ‘ਚ ਲੌਕਡਾਊਨ ਤੇ ਪੰਜਾਬ ‘ਚ ਤਿੰਨ ਹਫਤਿਆਂ ਤੋਂ ਚੱਲ ਰਹੇ ਕਰਫਿਊ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਵਾਲੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਬਜਟ ਉਤੇ ਵੀ ਪੈਂਦਾ ਪ੍ਰਤੱਖ ਨਜ਼ਰ ਆ ਰਿਹਾ ਹੈ।

ਸ਼੍ਰੋਮਣੀ ਕਮੇਟੀ ਜੋ ਕਿ ਆਪਣੇ ਪ੍ਰਬੰਧ ਹੇਠਲੇ ਉਕਤ ਰਾਜਾਂ ਵਿਚਲੇ 80 ਤੋਂ ਵਧੇਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਆਪਣੇ ਵੱਖ-ਵੱਖ ਅਦਾਰਿਆਂ ਰਾਹੀਂ ਵਿਦਿਅਕ ਅਤੇ ਸਿਹਤ ਸੇਵਾਵਾਂ ਵੀ ਪ੍ਰਦਾਨ ਕਰ ਰਹੀ ਹੈ, ਦਾ ਸੰਗਤਾਂ ਦੀ ਆਮਦ ਤੇ ਗੁਰੂ ਕੀ ਗੋਲਕ ਦਾ ਚੜ੍ਹਾਵਾ ਘਟਣ ਕਰਨ ਆਪਣਾ ਸਾਲਾਨਾ ਬਜਟ ਵੀ ਡਾਵਾਂਡੋਲ ਹੋ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵਲੋਂ ਕਰਫਿਊ ਦੌਰਾਨ ਪਿਛਲੇ ਤਿੰਨ ਹਫਤਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਗੁਰੂ ਰਾਮਦਾਸ ਸਮੇਤ ਹੋਰਨਾਂ ਗੁਰਦੁਆਰਾ ਸਾਹਿਬਾਨ ਤੋਂ ਲੱਖਾਂ ਗਰੀਬਾਂ ਤੇ ਲੋੜਵੰਦਾਂ ਨੂੰ ਲੰਗਰ ਮੁਹੱਈਆ ਕਰਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ, ਜਿਸ ਉਤੇ ਵੱਡੀ ਰਕਮ ਖਰਚ ਹੋ ਰਹੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ‘ਚ ਜਦੋਂ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਪੁੱਜਦੇ ਸਨ ਤਾਂ ਕੇਵਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਰੋਜ਼ਾਨਾ ਔਸਤਨ 30 ਤੋਂ 35 ਲੱਖ ਦਾ ਚੜ੍ਹਾਵਾ ਸੰਗਤਾਂ ਵਲੋਂ ਗੁਰੂ ਕੀ ਗੋਲਕ ਵਿਚ ਭੇਟ ਕੀਤਾ ਜਾਂਦਾ ਸੀ ਤੇ ਪ੍ਰਬੰਧਕਾਂ ਨੂੰ ਦਿਨ ਵਿਚ 3 ਤੋਂ 6 ਵਾਰ ਸ੍ਰੀ ਹਰਿਮੰਦਰ ਸਾਹਿਬ ਦੀ ਗੋਲਕ ਬਦਲਣੀ ਪੈਂਦੀ ਸੀ। ਇਸ ਤੋਂ ਇਲਾਵਾ ਇਸ ਪਾਵਨ ਅਸਥਾਨ ਵਿਖੇ ਕੜਾਹ ਪ੍ਰਸ਼ਾਦ ਦੀ ਭੇਟਾ ਵਜੋਂ ਵੀ ਰੋਜ਼ਾਨਾ ਔਸਤਨ 3 ਤੋਂ 5 ਲੱਖ ਰੁਪਏ ਦੀ ਭੇਟਾ ਜਮਾਂ ਹੁੰਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੰਗਤਾਂ ਦੀ ਆਮਦ ਘਟਣ ਨਾਲ ਗੁਰੂ ਕੀ ਗੋਲਕ ਕਰੀਬ ਦਸ ਦਿਨਾਂ ਤੋਂ ਨਹੀਂ ਬਦਲੀ ਗਈ ਤੇ ਕੜਾਹ ਪ੍ਰਸ਼ਾਦ ਦੀ ਭੇਟਾ ਵੀ ਔਸਤਨ 7 ਤੋਂ 10 ਹਜ਼ਾਰ ਰੁਪਏ ਹੀ ਰਹਿ ਗਈ ਹੈ। ਅੰਮ੍ਰਿਤਸਰ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੋਜ਼ ਹਜ਼ਾਰਾਂ ਸੰਗਤਾਂ ਦਰਸ਼ਨ ਕਰਨ ਪੁੱਜਦੀਆਂ ਸਨ ਤੇ ਇਥੋਂ ਦੀ ਗੋਲਕ ਵੀ ਹਫਤੇ ਬਾਅਦ 30 ਲੱਖ ਤੋਂ ਵਧੇਰੇ ਦੀ ਹੁੰਦੀ ਸੀ, ਪਰ ਹੁਣ ਇਥੇ ਵੀ ਸੰਗਤਾਂ ਦੀ ਹਾਜ਼ਰੀ ਕਰਫਿਊ ਜਾਂ ਪੁਲਿਸ ਪ੍ਰਸ਼ਾਸਨ ਵਲੋਂ ਸਖਤੀ ਕੀਤੇ ਜਾਣ ਕਾਰਣ ਨਾਮਾਤਰ ਹੀ ਰਹਿ ਗਈ ਹੈ, ਜਿਸਦਾ ਸਿੱਧਾ ਅਸਰ ਗੋਲਕ ਦੇ ਚੜ੍ਹਾਵੇ ਉਤੇ ਪੈ ਰਿਹਾ ਹੈ।
ਸ਼੍ਰੋਮਣੀ ਕਮੇਟੀ ਦੀ ਜਿਥੇ ਆਮਦਨ ਘਟ ਕੇ ਨਾਮਾਤਰ ਰਹਿ ਗਈ ਹੈ, ਉਥੇ ਕਮੇਟੀ ਵਲੋਂ ਰੋਜ਼ਾਨਾ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਲਈ ਵੱਖ-ਵੱਖ ਟੀਮਾਂ ਭੇਜੀਆਂ ਜਾ ਰਹੀਆਂ ਹਨ ਜਿਸ ਉਤੇ ਵੱਡਾ ਖਰਚ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਆਰਥਿਕ ਸਥਿਤੀ ਵੀ ਡਾਵਾਂਡੋਲ ਹੈ ਤੇ ਉਸ ਨੂੰ ਆਪਣੇ ਕਰੀਬ 11 ਹਜ਼ਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ‘ਚ ਮੁਸ਼ਕਲ ਆ ਸਕਦੀ ਹੈ। ਇਸ ਤੋਂ ਇਲਾਵਾ ਕਰੋਨਾ ਸੰਕਟ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੀਆਂ ਯੂਨੀਵਰਸਿਟੀਆਂ ਸਮੇਤ ਮੈਡੀਕਲ ਤੇ ਵਿਦਿਅਕ ਅਦਾਰਿਆਂ ਦੇ ਵੀ ਇੰਨੇ ਕੁ ਹੀ ਸਟਾਫ ਨੂੰ ਤਨਖਾਹਾਂ ਜਾਰੀ ਕਰਨ ਵਿਚ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
_______________________________________
ਸ਼੍ਰੋਮਣੀ ਕਮੇਟੀ ਨੇ ਲੰਗਰ ਵੰਡਣ ਤੋਂ ਹੱਥ ਪਿੱਛੇ ਖਿੱਚਿਆ
ਅੰਮ੍ਰਿਤਸਰ: ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਗਰ ਵਰਤਾਉਣ ਵਾਲਿਆਂ ਉਤੇ ਸਖਤੀ ਕੀਤੇ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਲੰਗਰ ਵੰਡਣ ਦੀ ਸੇਵਾ ਤੋਂ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਹੁਣ ਤਕ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਲਗਭਗ 80 ਗੁਰਦੁਆਰਿਆਂ ‘ਚੋਂ ਲੰਗਰ ਤਿਆਰ ਕਰ ਕੇ ਤਕਰੀਬਨ ਦੋ ਲੱਖ ਵਿਅਕਤੀਆਂ ਨੂੰ ਰੋਜ਼ਾਨਾ ਲੰਗਰ ਮੁਹੱਈਆ ਕਰ ਰਹੀ ਸੀ। ਹਾਲ ਹੀ ਵਿਚ ਲੰਗਰ ਵਰਤਾਉਣ ਵਾਲੇ ਇਕ ਵਿਅਕਤੀ ਦੇ ਕਰੋਨਾ ਪੀੜਤ ਹੋਣ ਮਗਰੋਂ ਸਰਕਾਰ ਅਤੇ ਪ੍ਰਸ਼ਾਸਨ ਨੇ ਲੰਗਰ ਵੰਡਣ ਵਾਲਿਆਂ ਉਤੇ ਸਖਤੀ ਕੀਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਲੰਗਰ ਵੰਡਣ ਦੀ ਸੇਵਾ ਵਿਚ ਕੁਝ ਕਟੌਤੀ ਕਰ ਦਿੱਤੀ ਹੈ। ਇਥੇ ਸ੍ਰੀ ਹਰਿਮੰਦਰ ਸਾਹਿਬ ਤੋਂ ਬਣ ਕੇ ਵੰਡਿਆ ਜਾਣ ਵਾਲਾ ਲੰਗਰ ਲਗਭਗ ਬੰਦ ਕਰ ਦਿੱਤਾ ਗਿਆ ਹੈ। ਹੁਣ ਇਹ ਸਿਰਫ ਲੰਗਰ ਹਾਲ ਵਿੱਚ ਆਈ ਸੰਗਤ ਜਾਂ ਇਥੇ ਪਹੁੰਚਦੇ ਲੋੜਵੰਦਾਂ ਦੇ ਪਰਿਵਾਰਾਂ ਲਈ ਦਿੱਤਾ ਜਾਂਦਾ ਹੈ।