ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜਨ ਤੋਂ ਭੱਜੀ ਮੋਦੀ ਸਰਕਾਰ

ਚੰਡੀਗੜ੍ਹ: ਕੇਂਦਰ ਸਰਕਾਰ ਕਣਕ ਭੰਡਾਰਨ ਉਤੇ ਬੋਨਸ ਦੇਣ ਦੇ ਮਾਮਲੇ ਉਤੇ ਹੁਣ ਪੱਲਾ ਛੁਡਾਉਣ ਲੱਗੀ ਹੈ ਜਿਸ ਨੇ ਪੰਜਾਬ ਸਰਕਾਰ ਦੀ ਫਿਕਰਮੰਦੀ ਵਧਾ ਦਿੱਤੀ ਹੈ। ਇਧਰ, ਕਣਕ ਦੀ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਕਿਸਾਨ ਜੱਕੋਤਕੀ ਵਿਚ ਹਨ ਕਿ ਉਹ ਕਣਕ ਨੂੰ ਘਰਾਂ ਵਿਚ ਰੱਖਣ ਜਾਂ ਫਿਰ ਮੰਡੀਆਂ ਵਿਚ ਲੈ ਕੇ ਆਉਣ।

ਪੰਜਾਬ ਸਰਕਾਰ ਨੇ ਮੁੜ ਕੇਂਦਰੀ ਖੁਰਾਕ ਮੰਤਰਾਲੇ ਨੂੰ ਪੱਤਰ ਲਿਖਿਆ ਕਿ ਬੋਨਸ ਦੇ ਮਾਮਲੇ ਉਤੇ ਫੈਸਲਾ ਜਲਦੀ ਲਿਆ ਜਾਵੇ। ਕੇਂਦਰ ਦੇ ਇਨਕਾਰੀ ਹੋਣ ਦੀ ਸੂਰਤ ਵਿਚ ਰਾਜ ਦੀਆਂ ਮੰਡੀਆਂ ਵਿਚ ਭੀੜ ਜੁੜਨ ਦਾ ਡਰ ਬਣ ਜਾਣਾ ਹੈ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਐਤਕੀਂ ਮੰਡੀਆਂ ਵਿਚ ਕਰੋਨਾ ਆਫਤ ਦੇ ਮੱਦੇਨਜ਼ਰ ਭੀੜ ਘਟਾਉਣ ਦੇ ਇਰਾਦੇ ਨਾਲ ਕੇਂਦਰ ਨੂੰ ਤਜਵੀਜ਼ ਭੇਜੀ ਸੀ ਕਿ ਜੇਕਰ ਕਿਸਾਨ ਆਪਣੇ ਘਰਾਂ ਵਿਚ ਫਸਲ ਨੂੰ ਕੁਝ ਅਰਸੇ ਲਈ ਭੰਡਾਰ ਕਰ ਲੈਣ ਤਾਂ ਉਨ੍ਹਾਂ ਨੂੰ ਬਦਲੇ ਵਿਚ 100 ਰੁਪਏ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਦਿੱਤਾ ਜਾਵੇ। ਹਰਿਆਣਾ ਸਰਕਾਰ ਨੇ ਵੀ ਇਸ ਤੋਂ ਪਹਿਲਾਂ ਅਜਿਹੀ ਤਜਵੀਜ਼ ਭੇਜੀ ਸੀ। ਕੇਂਦਰ ਸਰਕਾਰ ਦੀ ਮਾਲੀ ਹਾਲਤ ਪਹਿਲਾਂ ਹੀ ਕਾਫੀ ਪਤਲੀ ਪਈ ਹੋਈ ਹੈ ਤੇ ਹੁਣ ਤੱਕ ਕੇਂਦਰ ਤਰਫੋਂ ਕੋਈ ਹੁੰਗਾਰਾ ਨਾ ਭਰਨ ਤੋਂ ਸਾਫ ਹੈ ਕਿ ਕੇਂਦਰ ਇਸ ਮਾਮਲੇ ਉਤੇ ਪ੍ਰਵਾਨਗੀ ਨਹੀਂ ਦੇਵੇਗਾ।
ਬਹੁਤੇ ਕਿਸਾਨ ਇਸ ਬੋਨਸ ਦੀ ਆਸ ਵਿਚ ਬੈਠੇ ਸਨ। ਉਨ੍ਹਾਂ ਘਰਾਂ ਵਿਚ ਫਸਲ ਭੰਡਾਰਨ ਕਰਨ ਵਾਸਤੇ ਯੋਜਨਾਬੰਦੀ ਵੀ ਕਰ ਲਈ ਸੀ। ਕੇਂਦਰ ਸਰਕਾਰ ਨੇ ਪੱਤਰ ਮਿਲਣ ਤੋਂ 15 ਦਿਨਾਂ ਮਗਰੋਂ ਵੀ ਪੰਜਾਬ ਸਰਕਾਰ ਨੂੰ ਕੋਈ ਜੁਆਬ ਨਹੀਂ ਦਿੱਤਾ ਹੈ। ਕਰੋਨਾ ਵਾਇਰਸ ਕਰਕੇ ਉਲੀਕੇ ਨਵੇਂ ਪ੍ਰਬੰਧ ਕਿਸਾਨਾਂ ਲਈ ਵੱਡੀ ਪ੍ਰੀਖਿਆ ਬਣ ਗਏ ਹਨ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਮੁੜ ਪੰਜਾਬ ਸਰਕਾਰ ਵੱਲੋਂ ਪੱਤਰ ਲਿਖਿਆ ਗਿਆ ਹੈ ਤਾਂ ਜੋ ਜਲਦੀ ਕੋਈ ਨਤੀਜਾ ਸਾਹਮਣੇ ਆ ਸਕੇ। ਆਸ਼ੂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਆਸਵੰਦ ਹਨ ਤੇ ਕੇਂਦਰ ਸਰਕਾਰ ਨੂੰ ਮੌਜੂਦਾ ਸੰਕਟ ਦੇ ਮੱਦੇਨਜ਼ਰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।
_______________________________________
ਪੰਜਾਬ ‘ਚ ਕਣਕ ਦੀ ਖਰੀਦ ਬਣੀ ਵੱਡੀ ਚੁਣੌਤੀ
ਚੰਡੀਗੜ੍ਹ: ਕਰੋਨਾ ਵਾਇਰਸ ਕਾਰਨ ਲਗਾਏ ਕਰਫਿਊ ਦੌਰਾਨ ਪੰਜਾਬ ਵਿਚ ਕਣਕ ਦੀ ਖਰੀਦ ਵੱਡੀ ਚੁਣੌਤੀ ਬਣੀ ਹੋਈ ਹੈ। ਸੂਬੇ ਵਿਚ ਲਗਭਗ 35 ਲੱਖ ਹੈਕਟੇਅਰ ਰਕਬੇ ਵਿਚੋਂ 135 ਲੱਖ ਟਨ ਕਣਕ ਮੰਡੀਆਂ ਵਿਚ ਆਉਣ ਦਾ ਅਨੁਮਾਨ ਹੈ। ਪੰਜਾਬ ਸਰਕਾਰ ਨੇ ਸਰੀਰਕ ਦੂਰੀ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਪਾਸ ਰਾਹੀਂ ਟਰਾਲੀਆਂ ਮੰਡੀ ਵਿਚ ਲਿਆਉਣ ਦਾ ਫੈਸਲਾ ਕੀਤਾ ਹੈ। ਸ਼ੁਰੂਆਤੀ ਦੌਰ ਵਿਚ ਇਕ ਆੜ੍ਹਤੀ ਨੂੰ ਪੰਜ ਪਾਸ ਅਤੇ ਇਕ ਕਿਸਾਨ ਨੂੰ ਇਕ ਟਰਾਲੀ ਲਈ ਪਾਸ ਜਾਰੀ ਕਰਨ ਦੀ ਯੋਜਨਾ ਬਣਾਈ ਸੀ। ਕਰੋਨਾ ਵਾਇਰਸ ਦੇ ਕਾਰਨ ਹਰ ਸਾਲ ਇਕ ਅਪਰੈਲ ਤੋਂ ਸ਼ੁਰੂ ਹੁੰਦੀ ਸਰਕਾਰੀ ਖਰੀਦ 15 ਅਪਰੈਲ ਤੋਂ ਕਰਨ ਦਾ ਫੈਸਲਾ ਕੀਤਾ ਗਿਆ। ਅਜੇ ਤੱਕ ਵੀ ਕਿਸਾਨਾਂ ਅਤੇ ਆੜ੍ਹਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ ਕਿ ਇਹ ਖਰੀਦ ਕਿਸ ਤਰ੍ਹਾਂ ਮੁਕੰਮਲ ਹੋਵੇਗੀ।
ਕਣਕ ਵੇਚਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕਰਨ ਦੀ ਨੀਤੀ ਕਾਰਗਰ ਸਾਬਤ ਨਾ ਹੋਣ ਕਰਕੇ ਕਿਸਾਨ ਅਤੇ ਆੜ੍ਹਤੀ ਪਰੇਸ਼ਾਨ ਹਨ। ਇਹ ਪਾਸ ਆੜ੍ਹਤੀਆਂ ਰਾਹੀਂ ਜਾਰੀ ਕੀਤੇ ਜਾ ਰਹੇ ਹਨ ਪਰ ਸਰਕਾਰੀ ਖਰੀਦ ਸ਼ੁਰੂ ਹੋਣ ਪਿੱਛੋਂ ਵੀ ਕਈ ਆੜ੍ਹਤੀਆਂ ਨੂੰ ਪਾਸ ਨਹੀਂ ਮਿਲੇ ਜਿਸ ਕਰਕੇ ਉਨ੍ਹਾਂ ਨਾਲ ਜੁੜੇ ਕਿਸਾਨਾਂ ਨੂੰ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਿਸਾਨਾਂ ਨੂੰ ਜਾਂ ਤਾਂ ਕਣਕ ਵਢਵਾਉਣ ਲਈ ਰੁਕਣਾ ਪੈ ਰਿਹਾ ਹੈ ਜਾਂ ਫਿਰ ਉਨ੍ਹਾਂ ਨੂੰ ਵੱਢੀ ਕਣਕ ਘਰਾਂ ਵਿਚ ਹੀ ਢੇਰੀ ਕਰਨੀ ਪੈ ਰਹੀ ਹੈ। ਇਹ ਦੋਵੇਂ ਪੱਖ ਜਿਥੇ ਮੌਸਮ ਦੀ ਖਰਾਬੀ ਕਰਕੇ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ, ਉਥੇ ਹੀ ਕਿਸਾਨਾਂ ਨੂੰ ਦੋਹਰੀ ਮੁਸ਼ੱਕਤ ਵੀ ਕਰਨੀ ਪੈ ਰਹੀ ਹੈ। ਨਵੀਂ ਅਨਾਜ ਮੰਡੀ ਦੇ ਸਵਾ ਸੌ ਆੜ੍ਹਤੀਆਂ ਵਿਚੋਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ ਸਮੇਤ 45 ਆੜ੍ਹਤੀਆਂ ਕੋਲ 19 ਅਪਰੈਲ ਤੱਕ ਪਾਸ ਨਹੀਂ ਪੁੱਜੇ। ਇਨ੍ਹਾਂ ਨਾਲ ਤਕਰੀਬਨ ਡੇਢ ਹਜ਼ਾਰ ਕਿਸਾਨ ਜੁੜੇ ਹੋਏ ਹਨ। ਆੜ੍ਹਤੀਆਂ ਨੇ ਮੰਡੀ ਬੋਰਡ ਨੂੰ ਲਿਸਟ ਭੇਜ ਕੇ ਪਾਸ ਜਾਰੀ ਕਰਨ ਦੀ ਮੰਗ ਕੀਤੀ ਹੈ।