ਅਮਰੀਕੀ ਬੰਦਿਸ਼ਾਂ ਅਤੇ ਕਰੋਨਾ ਮਹਾਮਾਰੀ ਦੀ ਮਾਰ

ਪਰਮਜੀਤ ਰੋਡੇ
ਫੋਨ: 510-501-4191
ਹਰ ਕੋਈ ਜਾਣਦਾ ਹੈ ਕਿ ਕਰੋਨਾ ਵਾਇਰਸ (ਕੋਵਿਡ-19) ਦੀ ਮਹਾਮਾਰੀ ਨਾਲ ਪੈਦਾ ਹੋਇਆ ਸੰਕਟ ਸੰਸਾਰ ਵਿਆਪੀ ਹੈ ਤਾਂ ਸਮੱਸਿਆ ਦੇ ਹੱਲ ਲਈ ਲੜੀ ਜਾਣ ਵਾਲੀ ਜੰਗ ਵੀ ਸਾਂਝੀ ਅਤੇ ਸੰਸਾਰ ਵਿਆਪੀ ਹੀ ਹੋਣੀ ਚਾਹੀਦੀ ਹੈ। ਸੋ, ਐਂਟੀ-ਵਾਇਰਸ ਦਵਾਈ ਲੱਭਣ ਅਤੇ ਵਿਕਸਿਤ ਕਰਨ ਲਈ ਦੁਨੀਆਂ ਭਰ ਦੇ ਮੈਡੀਕਲ ਤੇ ਜੀਵ ਵਿਗਿਆਨੀਆਂ ਅਤੇ ਖੋਜੀਆਂ ਦੀ ਕੋਆਰਡੀਨੇਸ਼ਨ ਤੇ ਤਜਰਬਈ ਸਾਂਝ ਦਾ ਕਾਰਜ ਬਹੁਤ ਅਹਿਮ ਹੈ। ਵਿਗਿਆਨੀਆਂ ਲਈ ਕੋਈ ਸਾਂਝੀ ਯੋਜਨਾਬੰਦੀ ਅਤੇ ਸਾਜ਼ਗਾਰ ਮਾਹੌਲ ਮੁਹੱਈਆ ਕਰਨਾ ਅਜੋਕੀਆਂ ਸਰਕਾਰਾਂ ਅਤੇ ਵਿਸ਼ਵ ਸਿਹਤ ਸੰਸਥਾਵ (ਡਬਲਿਊ. ਐਚ. ਓ.) ਦੀ ਤਰਜੀਹੀ ਜ਼ਿੰਮੇਵਾਰੀ ਬਣਦੀ ਹੈ, ਪਰ ਸੰਸਾਰ ਦਾ ਮੌਜੂਦਾ ਸਿਆਸੀ ਦ੍ਰਿਸ਼ ਇਸ ਅਮਲ ਦੀ ਸ਼ਾਹਦੀ ਨਹੀਂ ਭਰ ਰਿਹਾ।

ਨਿਜੀ ਸੁਆਰਥ, ਨਿਜੀ ਮੁਨਾਫੇ ਅਤੇ ਧੌਂਸ ਦੀਆਂ ਬੁਨਿਆਦਾਂ ‘ਤੇ ਉਸਰੇ ਸੰਸਾਰ ਸਰਮਾਏਦਾਰੀ ਪ੍ਰਬੰਧ ਦੇ ਵਜੂਦ ਸਮੋਏ ਵਿਰੋਧਾਂ ਕਰਕੇ ਕਰੋਨਾ ਮਹਾਮਾਰੀ ਖਿਲਾਫ ਕੋਈ ਬੱਝਵੀਂ ਅਤੇ ਅਸਰਦਾਰ ਲੜਾਈ ਨਹੀਂ ਲੜੀ ਜਾ ਰਹੀ। ਵਖ-ਵਖ ਦੇਸ਼ਾਂ ਅਤੇ ਸਿਆਸੀ ਲੀਡਰਾਂ ਦੀ ਆਪਸੀ ਖਹਿਬਾਜ਼ੀ ਸਦਕਾ ਇਹ ਲੜਾਈ ਲੀਹੋਂ ਲਹਿ ਰਹੀ ਹੈ। ਇਹੀ ਕਾਰਨ ਹੈ ਕਿ ਸੰਸਾਰ ਸਿਹਤ ਸੰਸਥਾ ਅਤੇ ਆਈ. ਐਮ. ਐਫ਼ ਜਿਹੀਆਂ ਕੌਮਾਂਤਰੀ ਸੰਸਥਾਵਾਂ ਵੀ ਆਪਣਾ ਬਣਦਾ ਰੋਲ ਬਾਕਾਇਦਗੀ ਨਾਲ ਨਹੀਂ ਨਿਭਾ ਰਹੀਆਂ।
ਅੱਜ ਕਿੰਨੇ ਹੀ ਅਜਿਹੇ ਦੇਸ਼ ਹਨ, ਜੋ ਅਮਰੀਕਾ, ਪੱਛਮੀ ਦੇਸ਼ਾਂ ਜਾਂ ਫਿਰ ਸੰਯੁਕਤ ਰਾਸ਼ਟਰ ਦੀਆਂ ਆਰਥਕ ਬੰਦਿਸ਼ਾਂ ਦਾ ਸਾਹਮਣਾ ਕਰ ਰਹੇ ਹਨ; ਖਾਸ ਕਰ ਵੈਂਜ਼ੂਏਲਾ, ਇਰਾਨ, ਕਿਊਬਾ, ਜ਼ਿੰਮਬਾਵੇ ਤੇ ਉਤਰੀ ਕੋਰੀਆ ਇਨ੍ਹਾਂ ਬੰਦਿਸ਼ਾਂ ਦੀ ਦੂਹਰੀ ਮਾਰ ਝੱਲ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਸੰਕਟ ਦੀ ਇਸ ਘੜੀ ਵਿਚ ਇਨ੍ਹਾਂ ਬੰਦਿਸ਼ਾਂ ਨੂੰ ਵਕਤੀ ਤੌਰ ‘ਤੇ ਮੁਅੱਤਲ ਕਰਦਿਆਂ ਮੈਡੀਕਲ ਅਤੇ ਜੀਵ ਵਿਗਿਆਨ ਦੀ ਖੋਜ ਸਮਰਥਾ ਨੂੰ ਇਸ ਮਹਾਮਾਰੀ ਖਿਲਾਫ ਸੇਧਤ ਕੀਤਾ ਜਾਂਦਾ, ਪਰ ਵਖ-ਵਖ ਮੁਲਕਾਂ ਦੀਆਂ ਸਰਕਾਰਾਂ ਅਤੇ ਖੁਦਗਰਜ਼ ਸਿਆਸੀ ਲੀਡਰ ਅਜਿਹਾ ਕਰਨ ਤੋਂ ਇਨਕਾਰੀ ਹੋ ਰਹੇ ਹਨ। ਫਲਸਰੂਪ, ਕੌਮਾਂਤਰੀ ਸਹਿਯੋਗ ਦੀ ਭਾਵਨਾ ਮਜ਼ਾਕ ਬਣ ਗਈ ਹੈ।
ਵੈਂਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ, ਜਿਸ ਨੂੰ ਰਾਜਗੱਦੀ ਤੋਂ ਲਾਂਭੇ ਕਰਨ ਲਈ ਟਰੰਪ ਪ੍ਰਸ਼ਾਸਨ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ, ਨੇ ਦੋਸ਼ ਲਾਇਆ ਕਿ ਅਮਰੀਕਾ ਉਸ ਅਤੇ ਉਸ ਦੀ ਸਮਾਜਵਾਦੀ ਸਰਕਾਰ ਨੂੰ ਡੇਗਣ ਲਈ ਕਰੋਨਾ ਵਾਇਰਸ ਮਹਾਮਾਰੀ ਸੰਕਟ ਤੋਂ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕਰ ਕੇ ਇਸ ਨੇ ਅਣਮਨੁੱਖੀ ਹਰਕਤ ਕਰਦਿਆਂ ਵੈਂਜ਼ੂਏਲਾ ਦੀ ਆਰਥਕਤਾ ਅਤੇ ਵਪਾਰਕ ਅਦਾਰਿਆਂ ਦੀ ਜ਼ਿੰਦਜਾਨ ਤੇਲ ਉਤਪਾਦਨ ‘ਤੇ ਬੰਦਿਸ਼ਾਂ ਠੋਸ ਦਿੱਤੀਆਂ ਹਨ।
ਵੈਂਜ਼ੂਏਲਾ ਵਿਚ ਬਾਹਰਲੀਆਂ ਤਾਕਤਾਂ ਦੇ ਦਖਲ ਅਤੇ ਹੱਲਾਸ਼ੇਰੀ ਨਾਲ ਸ਼ੁਰੂ ਹੋਈ ਖਾਨਾਜੰਗੀ ਨੇ ਦੇਸ਼ ਦੀ ਆਰਥਕਤਾ ਦਾ ਸਾਹ ਸੂਤ ਲਿਆ ਹੈ। ਸਿਹਤ ਸਿਸਟਮ ਮਰਨ ਕਿਨਾਰੇ ਹੈ, ਮੈਡੀਕਲ ਸਟਾਫ ਅਤੇ ਸਾਜ਼ੋ-ਸਮਾਨ ਦੀ ਕਮੀ ਦੀ ਸਮੱਸਿਆ ਗੰਭੀਰ ਹੈ। ਵੈਂਟੀਲੇਟਰ, ਦਵਾਈਆਂ, ਟੈਸਟ ਸਾਧਨਾਂ, ਬਿਜਲੀ, ਪਾਣੀ ਦੀ ਸਮੱਸਿਆ ਤੋਂ ਇਲਾਵਾ ਹਸਪਤਾਲਾਂ ਕੋਲ ਸੈਨੇਟਾਈਜ਼ਰ ਤੱਕ ਨਹੀਂ। ਉਪਰੋਂ ਟਰੰਪ ਪ੍ਰਸ਼ਾਸਨ ਨੇ ਆਰਥਕ ਬੰਦਿਸ਼ਾਂ ਦਾ ਘੇਰਾ ਹੋਰ ਵਧਾ ਦਿੱਤਾ ਹੈ। ਵੈਂਜ਼ੂਏਲਾ ਦੇ ਹੋਰ ਵੱਧ ਅਧਿਕਾਰੀਆਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ। ਅਮਰੀਕਨ ਸ਼ਹਿਰੀਆਂ, ਕੰਪਨੀਆਂ ਅਤੇ ਵਪਾਰਕ ਅਦਾਰਿਆਂ ਨਾਲ ਕਿਸੇ ਵੀ ਕਿਸਮ ਦਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਵੀ ਅਗਾਂਹ ਵਧਦਿਆਂ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਰਾਸ਼ਟਰਪਤੀ ਮਾਦੂਰੋ ਅਤੇ ਉਸ ਦੇ ਨੇੜਲੇ ਸਰਕਲ ਦੇ ਦਰਜਨਾਂ ਲੋਕਾਂ ਖਿਲਾਫ ਡਰੱਗ ਟਰੈਫਿਕਿੰਗ ਦਾ ਕ੍ਰਿਮੀਨਲ ਕੇਸ ਕਰਜ ਕਰ ਲਿਆ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕਲ ਪੌਂਪੀਓ ਨੇ ਪੇਸ਼ਕਸ਼ ਕੀਤੀ ਕਿ ਜੇ ਰਾਸ਼ਟਰਪਤੀ ਮਾਦੂਰੋ ਅਹੁਦਾ ਛੱਡ ਦੇਵੇ, ਸੰਵਿਧਾਨਕ ਅਸੈਂਬਲੀ ਅਤੇ ਹੋਰ ਸਰਕਾਰੀ ਬਾਡੀਜ਼, ਜਿਨ੍ਹਾਂ ਨੂੰ ਉਹ ਕੰਟਰੋਲ ਕਰਦਾ ਹੈ, ਭੰਗ ਕਰ ਦੇਵੇ, ਪੰਜ ਮੈਂਬਰੀ ਅੰਤ੍ਰਿਮ ਸਰਕਾਰ ਬਣਾ ਦੇਵੇ ਅਤੇ ਨੌਂ ਮਹੀਨਿਆਂ ਵਿਚ ਨਵੀਆਂ ਚੋਣਾਂ ਕਰਵਾ ਦੇਵੇ ਤਾਂ ਅਮਰੀਕੀ ਸਰਕਾਰ ਕ੍ਰਮਵਾਰ ਬੰਦਿਸ਼ਾਂ ਵਾਪਸ ਲੈ ਸਕਦੀ ਹੈ।
ਵੈਂਜ਼ੂਏਲਾ ਦੇ ਰਾਸ਼ਟਰਪਤੀ ਮਾਦੂਰੋ ਨੇ ਇਸ ਪੇਸ਼ਕਸ਼ ਨੂੰ ਤੁਰੰਤ ਰੱਦ ਕਰਦਿਆਂ ਕਿਹਾ ਕਿ ਵੈਂਜ਼ੂਏਲਾ ਝੁਕੇਗਾ ਨਹੀਂ। ਉਹ ਮਿੱਤਰ ਦੇਸ਼ਾਂ-ਰੂਸ, ਚੀਨ ਤੇ ਕਿਊਬਾ ਤੋਂ, ਜੋ ਵੀ ਮੈਡੀਕਲ ਮਦਦ ਅਤੇ ਸਾਜ਼ੋ-ਸਮਾਨ ਮਿਲਿਆ, ਉਸ ਨਾਲ ਇਸ ਮਹਾਮਾਰੀ ਦਾ ਮੁਕਾਬਲਾ ਕਰੇਗਾ। ਵੈਂਜ਼ੂਏਲਾ ਸਰਕਾਰ ਨੇ ਕੌਮਾਂਤਰੀ ਵਿੱਤੀ ਸੰਸਥਾ ਆਈ. ਐਮ. ਐਫ਼ ਨੂੰ ਬੇਨਤੀ ਕੀਤੀ ਕਿ ਕਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਉਸ ਨੂੰ 5 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਜਾਵੇ, ਪਰ ਆਈ. ਐਮ. ਐਫ਼ ਨੇ ਇਹ ਕਹਿੰਦਿਆਂ ਬੇਨਤੀ ‘ਤੇ ਹੀ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ ਕਿ ਮਾਦੂਰੋ ਸਰਕਾਰ ਦਾ ਸਟੇਟਸ ਸਪਸ਼ਟ ਨਹੀਂ।
ਦਰਅਸਲ, ਮਸਲਾ ਇਹ ਹੈ ਕਿ ਅਮਰੀਕਾ ਅਤੇ ਕੁਝ ਹੋਰ ਪੱਛਮੀ ਦੇਸ਼ਾਂ ਨੇ ਮਾਦੂਰੋ ਦੀ ਥਾਂ ਵਿਰੋਧੀ ਲੀਡਰ ਨੂੰ ਮਾਨਤਾ ਦਿੱਤੀ ਹੋਈ ਹੈ। ਉਂਜ, ਯੂ. ਐਨ. ਓ. ਵਿਚ ਦੇਸ਼ ਦੀ ਨੁਮਾਇੰਦਗੀ ਮਾਦੂਰੋ ਸਰਕਾਰ ਹੀ ਕਰਦੀ ਹੈ। ਇਸ ਲਈ ਆਈ. ਐਮ. ਐਫ਼ ਨੂੰ ਹਰ ਹਾਲਤ ਵਿਚ ਕਰਜ਼ਾ ਬੇਨਤੀ ‘ਤੇ ਵਿਚਾਰ ਕਰਨੀ ਬਣਦੀ ਸੀ। ਨੁਕਤਾ ਵਿਚੋਂ ਇਹ ਹੈ ਕਿ ਅਮਰੀਕਾ ਆਈ. ਐਮ. ਐਫ਼ ਦਾ ਸਭ ਤੋਂ ਵੱਡਾ ਸ਼ਿਅਰ ਹੋਲਡਰ ਹੈ, ਇਸ ਲਈ ਪੱਛਮੀ ਦੇਸ਼ਾਂ ਦੀ ਮਦਦ ਨਾਲ ਉਹ ਜੋ ਮਰਜ਼ੀ ਫੈਸਲਾ ਕਰ ਸਕਦਾ ਹੈ। ਹਵਾਈ ਯਾਤਰਾ ਬੰਦ ਹੋਣ ਕਰਕੇ ਵੈਂਜ਼ੂਏਲਾ ਦੇ 800 ਸ਼ਹਿਰੀ ਅਮਰੀਕਾ ਵਿਚ ਫਸੇ ਹੋਏ ਹਨ। ਵੈਂਜ਼ੂਏਲਾ ਸਰਕਾਰ ਦੇ ਨੁਮਾਇੰਦੇ ਮੁਤਾਬਕ, ਉਨ੍ਹਾਂ ਨੇ ਸਬੰਧਤ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਜਹਾਜ ਤਿਆਰ ਹਨ, ਦੱਸੋ ਇਨ੍ਹਾਂ ਨੂੰ ਕਦੋਂ ਅਤੇ ਕਿਸ ਏਅਰਪੋਰਟ ਤੋਂ ਚੁੱਕੀਏ, ਪਰ ਇਸ ਮਾਮਲੇ ਵਿਚ ਵੀ ਕੋਈ ਤਸੱਲੀਬਖਸ਼ ਸੂਚਨਾ ਨਹੀਂ ਦਿੱਤੀ।
ਇਰਾਨ ਦੇ ਵਿਦੇਸ਼ ਮੰਤਰੀ ਨੇ ਆਰਥਕ ਬੰਦਿਸ਼ਾਂ ਅਤੇ ਹੋਰ ਅਮਰੀਕਨ ਕਾਰਵਾਈਆਂ ਨੂੰ ਮੈਡੀਕਲ ਦਹਿਸ਼ਤ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਅੱਜ ਇਨ੍ਹਾਂ ਬੰਦਿਸ਼ਾਂ ਦਾ ਰੋਲ ਇਰਾਨ ਸਰਕਾਰ ਦੀ ਕਰੋਨਾ ਮਹਾਮਾਰੀ ਖਿਲਾਫ ਲੜਾਈ ਨੂੰ ਕਮਜ਼ੋਰ ਕਰਨਾ ਹੈ। ਇਰਾਨ ਨੇ ਵੀ ਆਈ. ਐਮ. ਐਫ਼ ਨੂੰ 5 ਬਿਲੀਅਨ ਡਾਲਰ ਦੇ ਕਰਜ਼ ਲਈ ਬੇਨਤੀ ਕੀਤੀ ਸੀ, ਪਰ ਅਮਰੀਕਾ ਨੇ ਇਸ ਨੂੰ ਇਹ ਕਹਿੰਦਿਆਂ ਰੋਕਣ ਦਾ ਫੈਸਲਾ ਕਰ ਲਿਆ ਕਿ ਇਰਾਨ ਦੇ ਬੈਂਕ ਅਕਾਊਂਟ ਵਿਚ ਬਹੁਤ ਧਨ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਜਥੇਬੰਦੀਆਂ ਅਤੇ ਕੁਝ ਅਮਰੀਕਨ ਲਾਅਮੇਕਰਜ਼ ਨੇ ਅਮਰੀਕੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮਹਾਮਾਰੀ ਖਿਲਾਫ ਸਫਲ ਲੜਾਈ ਲਈ ਆਰਥਕ ਬੰਦਿਸਾਂ ਵਿਚ ਢਿੱਲ ਦਿੱਤੀ ਜਾਵੇ। ਇਥੋਂ ਤੱਕ ਕਿ ਅਮਰੀਕਨ ਸਿਕਿਓਰਿਟੀ ਸੈਂਟਰ ਦੇ ਵਿਦਵਾਨ ਪੀਟਰ ਹਾਰੇਲ, ਜਿਸ ਨੇ ਓਬਾਮਾ ਪ੍ਰਸ਼ਾਸਨ ਸਮੇਂ ਇਰਾਨ ‘ਤੇ ਲਾਈਆਂ ਬੰਦਿਸ਼ਾਂ ਦੀ ਘਾੜਤ ਘੜੀ ਸੀ, ਨੇ ਕਿਹਾ ਕਿ ਤਹਿਰਾਨ ਅਤੇ ਕਾਰਾਕਸ ਦੇ ਮਾੜੇ ਪ੍ਰਬੰਧਾਂ ਸਦਕਾ ਆਮ ਜਨਤਾ ਪਹਿਲਾਂ ਹੀ ਪਿਸ ਰਹੀ ਹੈ, ਇਸ ਲਈ ਅਮਰੀਕਾ ਨੂੰ ਜਨਤਾ ਦੀਆਂ ਤਕਲੀਫਾਂ ਵਿਚ ਵਾਧਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਕਾਂਗਰਸ ਦੇ ਤਿੰਨ ਦਰਜਨ ਤੋਂ ਵੱਧ ਪ੍ਰੋਗਰੈਸਿਵ ਮੈਂਬਰਾਂ ਨੇ ਵੱਖਰੀ ਚਿੱਠੀ ‘ਤੇ ਦਸਤਖਤ ਕਰਦਿਆਂ ਕਿਹਾ ਕਿ ਇਹ ਬੰਦਿਸ਼ਾਂ ਵਕਤੀ ਤੌਰ ‘ਤੇ ਮੁਅੱਤਲ ਕੀਤੀਆਂ ਜਾਣ। ਇਕ ਹੋਰ ਮੈਂਬਰ ਜੋਆਕੁਇਨ ਕਾਸਟਰੋ ਨੇ ਇਹ ਵੀ ਕਿਹਾ ਕਿ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਕਰੋਨਾ ਵਾਇਰਸ ਗਲੋਬਲ ਮਹਾਮਾਰੀ ਹੈ, ਜਿਸ ਵਿਰੁਧ ਲੜਾਈ ਵਿਚ ਅਮਰੀਕਾ ਨੂੰ ਅਗਵਾਈ ਕਰਨੀ ਚਾਹੀਦੀ ਹੈ, ਪਰ ਕੋਈ ਫਾਇਦਾ ਨਹੀਂ ਹੋਇਆ।
ਕਿਊਬਾ ਪਿਛਲੇ 6 ਦਹਾਕਿਆਂ ਤੋਂ ਅਮਰੀਕਾ ਵਲੋਂ ਲਾਈਆਂ ਆਰਥਕ ਬੰਦਿਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਫਿਰ ਵੀ ਡਬਲਿਊ. ਐਚ. ਓ. ਮੁਤਾਬਕ ਕਿਊਬਾ ਦਾ ਹੈਲਥ ਕੇਅਰ ਸਿਸਟਮ ਦੁਨੀਆਂ ਦੇ ਸਾਰੇ ਦੇਸ਼ਾਂ ਲਈ ਮਿਸਾਲ ਹੈ। ਇਸ ਸਿਸਟਮ ਦੀ ਨਿਪੁੰਨਤਾ ਅਤੇ ਸ੍ਰੇਸ਼ਟਤਾ ਕਾਬਲੇ-ਤਾਰੀਫ ਹੈ। 2014 ਵਿਚ ਡਬਲਿਊ. ਐਚ. ਓ. ਦੀ ਡਾਇਰੈਕਟਰ ਜਨਰਲ ਮਾਰਗਰੇਟ ਚੈਨ ਕਿਊਬਾ ਫੇਰੀ ਸਮੇਂ ਦੇਸ਼ ਦੀਆਂ ਸਿਹਤ ਖੇਤਰ ਵਿਚ ਪ੍ਰਾਪਤੀਆਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਕਿਹਾ ਸੀ, “ਕਿਊਬਾ ਦੁਨੀਆਂ ਦਾ ਇਕੋ-ਇਕ ਦੇਸ਼ ਹੈ, ਜਿਸ ਦਾ ਹੈਲਥ ਕੇਅਰ ਸਿਸਟਮ ਖੋਜ ਅਤੇ ਵਿਕਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ।”
ਕਿਊਬਾ ਵਿਚ ਕਰੋਨਾ ਵਾਇਰਸ ਮਹਾਮਾਰੀ ਦਾ ਫੈਲਾਓ ਅਜੇ ਨਾਂਮਾਤਰ ਹੈ। ਕਿਊਬਾ ਨੇ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਸੀਮਤ ਸਾਧਨਾਂ ਅਤੇ ਵਸੀਲਿਆਂ ਦੇ ਬਾਵਜੂਦ ਕੁਸ਼ਲ ਡਾਕਟਰ ਪੈਦਾ ਕੀਤੇ ਹਨ। ਹੁਣ ਜਦੋਂ ਕਰੋਨਾ ਮਹਾਮਾਰੀ ਦੇ ਸਨਮੁਖ ਅਮੀਰ ਦੇਸ਼ਾਂ ਦੇ ਸਿਹਤ ਸਿਸਟਮ ਵੀ ਲੜਖੜਾ ਰਹੇ ਹਨ ਤਾਂ ਕਿਊਬਾ ਸਰਕਾਰ ਨੇ ਮਦਦ ਨਈ ਆਪਣੇ ਡਾਕਟਰ ਹੋਰ ਦੇਸ਼ਾਂ ਵਿਚ ਵੀ ਭੇਜੇ ਹਨ; ਜਿਵੇਂ ਇਟਲੀ, ਵੈਂਜ਼ੂਏਲਾ, ਨਿਕਾਰਾਗੁਆ, ਸੂਰੀਨਾਮ, ਜਮਾਇਕਾ, ਗਰੀਨਾਡਾ ਆਦਿ ਦੇਸ਼ਾਂ ਵਿਚ ਕਿਊਬਾ ਦੇ ਡਾਕਟਰਾਂ ਦੀ ਮੰਗ ਵਧ ਰਹੀ ਹੈ ਅਤੇ ਕਿਊਬਾ ਨੇ ਆਪਣੇ ਵਲੋਂ ਵੀ ਡਾਕਟਰ ਭੇਜਣ ਦੀ ਪੇਸ਼ਕਸ਼ ਕੀਤੀ ਹੈ, ਪਰ ਟਰੰਪ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਊਬਾ ਦੀ ਇਸ ਪੇਸ਼ਕਸ ਨੂੰ ਠੁਕਰਾ ਦੇਣ। ਕੁਝ ਦੇਸ਼ਾਂ ਨੇ ਇਸ ਚਿਤਾਵਨੀ ਨੂੰ ਕਬੂਲ ਕਰਦਿਆਂ ਅਜਿਹਾ ਕੀਤਾ ਵੀ ਹੈ। ਬੋਲੀਵੀਆ ਇਸ ਦੀ ਮਿਸਾਲ ਹੈ।
ਕਿਊਬਾ ਦੇ ਇਕ ਅਧਿਕਾਰੀ ਨੇ ‘ਨਿਊਜ਼ ਵੀਕ’ ਮੈਗਜ਼ੀਨ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਕਰੀਬ 60 ਸਾਲ ਤੋਂ ਅਮਰੀਕਾ ਵਲੋਂ ਲਾਈਆਂ ਬੰਦਿਸ਼ਾਂ, ਕਰੋਨਾ ਵਾਇਰਸ ਮਹਾਮਾਰੀ ਵਰਗੇ ਸੰਕਟ ਨਾਲ ਨਜਿੱਠਣ ਦੇ ਰਾਹ ਵਿਚ ਵੱਡਾ ਅੜਿੱਕਾ ਹਨ। ਇਹ ਸਾਡੇ ਦੇਸ਼ ਦੀ ਸਮੁੱਚੀ ਤਰੱਕੀ ਦੇ ਰਾਹ ਦਾ ਰੋੜਾ ਵੀ ਹਨ। ਜੇ ਕਿਤੇ ਆਰਥਕ ਬੰਦਿਸ਼ਾਂ ਹਟਾ ਲਈਆਂ ਜਾਣ ਤਾਂ ਇਸ ਦਾ ਸਿਹਤ ਸੈਕਟਰ ‘ਤੇ ਆਸਾਧਾਰਨ ਹਾਂ-ਪੱਖੀ ਪ੍ਰਭਾਵ ਪਵੇਗਾ। ਕਿਊਬਾ ਨੇ ਚੀਨ ਨਾਲ ਮਿਲ ਕੇ ਇੰਟਰਫੀਰੋਨ ਅਲਫਾ-ਬੀ 2 ਨਾਮ ਦੀ ਦਵਾਈ ਤਿਆਰ ਕੀਤੀ ਹੈ, ਜਿਸ ਦੀ ਪਰਖ ਡਬਲਿਊ. ਐਚ. ਓ. ਤਿੰਨ ਹੋਰ ਦਵਾਈਆਂ ਸਮੇਤ ਕਰ ਰਹੀ ਹੈ।
ਜ਼ਿੰਮਬਾਵੇ ਅਫਰੀਕਾ ਦਾ ਗਰੀਬ ਦੇਸ਼ ਹੈ, ਜੋ ਪਿਛਲੇ 20 ਸਾਲਾਂ ਤੋਂ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀਆਂ ਆਰਥਕ ਬੰਦਿਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਅਜੇ ਤੱਕ ਭਾਵੇਂ ਉਥੇ ਕਰੋਨਾ ਵਾਇਰਸ ਦਾ ਕੋਈ ਕੇਸ ਰਿਕਾਰਡ ਨਹੀਂ ਹੋਇਆ, ਪਰ ਗੁਆਂਢੀ ਦੇਸ਼ ਦੱਖਣੀ ਅਫਰੀਕਾ ਵਿਚ ਵਾਇਰਸ ਦਾ ਜ਼ੋਰ ਹੈ, ਇਸ ਲਈ ਜ਼ਿੰਮਬਾਵੇ ਕਿਸੇ ਸਮੇਂ ਵੀ ਮਾਰ ਥੱਲੇ ਆ ਸਕਦਾ ਹੈ। ਜ਼ਿੰਮਬਾਵੇ ਦੀ ਸੀਨੀਅਰ ਡਾਕਟਰਜ਼ ਐਸੋਸੀਏਸ਼ਨ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਕੋਲ ਨਾ ਇਸ ਵਾਇਰਸ ਦੀ ਸੂਹ ਲਾਉਣ ਦੀ ਸਮਰੱਥਾ ਹੈ ਅਤੇ ਨਾ ਹੀ ਉਹ ਅਜਿਹਾ ਕਰਨ ਲਈ ਤਿਆਰ ਹਨ। ‘ਸੰਡੇ ਟਾਈਮਜ਼’ ਮੁਤਾਬਕ ਅਮਰੀਕਾ ਨੇ ਪਹਿਲਾਂ ਤੋਂ ਲਾਈਆਂ ਬੰਦਿਸ਼ਾਂ ਵਿਚ ਹੋਰ ਵਾਧਾ ਕਰ ਦਿੱਤਾ ਹੈ।
ਹਾਲਾਤ ਤੋਂ ਨਿਰਾਸ਼ ਅਤੇ ਉਤੇਜਿਤ ਹੋਈ ਜ਼ਿੰਮਬਾਵੇ ਦੀ ਰੱਖਿਆ ਮੰਤਰੀ ਓਪਾਹ ਮਿਊਚਿਨਗੁਰੀ ਅਗਿਆਨ ਵਸ ਇਹ ਕਹਿਣ ਤੱਕ ਚਲੀ ਗਈ ਕਿ ਅਮਰੀਕਾ ਵਿਚ ਕਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਦਾ ਕਾਰਨ ਰੱਬ ਵਲੋਂ ਅਮਰੀਕਾ ਨੂੰ ਦਿੱਤੀ ਗਈ ਸਜ਼ਾ ਹੈ, ਕਿਉਂਕਿ ਉਸ ਨੇ ਸਾਡੇ ਦੇਸ਼ ਖਿਲਾਫ ਆਰਥਕ ਬੰਦਿਸ਼ਾਂ ਲਾਈਆਂ ਹੋਈਆਂ ਹਨ। ਇਸ ਬਿਆਨ ਦਾ ਜ਼ਿੰਮਬਾਵੇ ਵਿਚ ਹੀ ਵਿਰੋਧ ਹੋਣ ‘ਤੇ ਰਾਸ਼ਟਰਪਤੀ ਐਮਰਸਨ ਮਨਾਨਗਾਗਵਾ ਨੂੰ ਇਹ ਕਹਿ ਕੇ ਮਾਹੌਲ ਸ਼ਾਂਤ ਕਰਨਾ ਪਿਆ ਕਿ ਮਹਾਮਾਰੀ ਦੀ ਆਪਣੀ ਵਿਗਿਆਨਕ ਵਿਆਖਿਆ ਹੈ, ਇਹ ਹੱਦਾਂ-ਬੰਨ੍ਹਿਆਂ ਨੂੰ ਨਹੀਂ ਮੰਨਦੀ। ਕਿਸੇ ਵੀ ਕੁਦਰਤੀ ਵਰਤਾਰੇ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਅਮਰੀਕੀ ਪ੍ਰਸ਼ਾਸਨ ਖਿਲਾਫ ਵਖ-ਵਖ ਦੇਸ਼ਾਂ, ਖਾਸ ਕਰ ਕੇ ਇਰਾਨ ਅਤੇ ਵੈਂਜ਼ੂਏਲਾ ‘ਤੇ ਲਾਈਆਂ ਬੰਦਿਸ਼ਾਂ ਨੂੰ ਮੁਅੱਤਲ ਕਰਨ ਸਬੰਧੀ ਵਧ ਰਹੇ ਦਬਾਅ ਬਾਰੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਬੰਦਿਸ਼ਾਂ ਦਵਾਈਆਂ ਅਤੇ ਮਨੁੱਖਤਾਵਾਦੀ ਮਦਦ ‘ਤੇ ਲਾਗੂ ਨਹੀਂ ਹੁੰਦੀਆਂ, ਪਰ ਕੌਮੀ ਸੁਰੱਖਿਆ ਕੌਂਸਲ ਵਿਚ ਰਹਿ ਚੁਕੇ ਰਿਚਰਡ ਨੈਫਿਊ ਨੇ ਕਿਹਾ ਹੈ, “ਇਹ ਗੱਲ ਤਕਨੀਕੀ ਤੌਰ ‘ਤੇ ਤਾਂ ਠੀਕ ਲੱਗ ਸਕਦੀ ਹੈ, ਪਰ ਅਮਲੀ ਤੌਰ ‘ਤੇ ਅਜਿਹਾ ਨਹੀਂ ਹੈ। ਆਰਥਕ ਬੰਦਿਸ਼ਾਂ ਵਜੋਂ ਕਿਸੇ ਦੇਸ਼ ਦਾ ਕੌਮਾਂਤਰੀ ਆਰਥਕਤਾ ਨਾਲੋਂ ਨਾਤਾ ਟੁੱਟ ਜਾਣ ਕਰ ਕੇ ਮਨੁੱਖਤਾਵਾਦੀ ਮਦਦ ਦੀ ਸਪਲਾਈ ਬਹੁਤ ਗੁੰਝਲਦਾਰ ਬਣ ਜਾਂਦੀ ਹੈ। ਅਮਰੀਕਾ ਨੇ ਮਨੁੱਖਤਾਵਾਦੀ ਮਦਦ ਪ੍ਰਾਪਤ ਕਰਨ ਸਬੰਧੀ ਲਾਈਸੈਂਸਿੰਗ ਸਿਸਟਮ ਅਤੇ ਕਾਰਜਵਿਧੀ ਬਹੁਤ ਗੁੰਝਲਦਾਰ ਬਣਾਈ ਹੋਈ ਹੈ। ਅਜਿਹੀਆਂ ਬਹੁਤ ਘੱਟ ਬੈਂਕਾਂ ਹਨ, ਜੋ ਅਮਰੀਕਾ ਵਲੋਂ ਅਛੂਤ ਸਮਝੇ ਜਾਂਦੇ ਸਰਮਾਏ ਨਾਲ ਕਾਰੋਬਾਰ ਕਰਨ ਲਈ ਤਿਆਰ ਹੋਣ।” (ਐਲ਼ ਏ. ਟਾਈਮਜ਼)
ਟਰੰਪ ਪ੍ਰਸ਼ਾਸਨ ਦੇ ਬਹੁਤ ਸਾਰੇ ਆਲੋਚਕ ਕਹਿ ਰਹੇ ਹਨ ਕਿ ਪ੍ਰਸ਼ਾਸਨ ਸੋਚਦਾ ਹੈ, ਬੰਦਿਸ਼ਾਂ ਲਾਉਣ ਨਾਲ ਸਬੰਧਤ ਦੇਸ਼ਾਂ ਵਿਚ ਕਰੋਨਾ ਮਹਾਮਾਰੀ ਨਾਲ ਪੈਦਾ ਹੋਇਆ ਸਿਹਤ ਸੰਕਟ ਜਿਉਂ-ਜਿਉਂ ਗਹਿਰਾ ਹੁੰਦਾ ਜਾਵੇਗਾ, ਤਿਉਂ-ਤਿਉਂ ਇਨ੍ਹਾਂ ਸਰਕਾਰਾਂ ਨੂੰ ਡੇਗਣ ਲਈ ਸਾਜ਼ਗਾਰ ਮਾਹੌਲ ਬਣਦਾ ਜਾਵੇਗਾ। ਅਮਰੀਕਾ ਦੇ ਜਨਰਲ ਅਟਾਰਨੀ ਵਿਲੀਅਮ ਬਾਰ ਦੇ ਵੈਂਜ਼ੂਏਲਾ ਬਾਰੇ ਬਿਆਨ ਨੇ ਅਮਰੀਕਾ ਦੀ ਬਦਨੀਤੀ ਬਾਰੇ ਆਲੋਚਕਾਂ ਦੇ ਸ਼ੱਕ ਨੂੰ ਹੋਰ ਵੱਧ ਠੀਕ ਦਰਸਾਇਆ ਹੈ। ਹੁਣ ਜਦੋਂ ਵੈਂਜ਼ੂਏਲਾ ਦੇ ਰਾਸ਼ਟਰਪਤੀ ਮਾਦੂਰੋ ਅਤੇ ਸਾਥੀਆਂ ‘ਤੇ ਅਮਰੀਕਨ ਜਸਟਿਸ ਡਿਪਾਰਟਮੈਂਟ ਨੇ ਕ੍ਰਿਮੀਨਲ ਕੇਸ ਦਰਜ ਕੀਤਾ ਹੈ ਤਾਂ ਅਟਾਰਨੀ ਜਨਰਲ ਨੇ ਕਿਹਾ ਕਿ ਸਿਹਤ ਸੰਕਟ ਸਮੇਂ ਸਾਡੀ ਇਹ ਚਾਲ ਬਿਲਕੁਲ ਸਮੇਂ ਦੇ ਅਨੁਸਾਰੀ ਹੈ, ਕਿਉਂਕਿ ਇਹ ਵੈਂਜ਼ੂਏਲਾ ਨਿਵਾਸੀਆਂ ਨੂੰ ਮਜਬੂਰ ਕਰੇਗੀ ਕਿ ਉਹ ਆਪਣੇ ਆਗੂਆਂ ਖਿਲਾਫ ਉਠ ਖੜ੍ਹੇ ਹੋਣ। ਵੈਂਜ਼ੂਏਲਾ ਦੇ ਲੋਕ ਬਹੁਤ ਤੰਗ ਹਨ। ਉਨ੍ਹਾਂ ਨੂੰ ਪ੍ਰਭਾਵਸ਼ਾਲੀ ਸਰਕਾਰ ਦੀ ਲੋੜ ਹੈ। ਵੈਂਜ਼ੂਏਲਾ ਦੇ ਲੋਕਾਂ ਦੀ ਮਦਦ ਕਰਨ ਦਾ ਇਸ ਤੋਂ ਵਧੀਆ ਹੋਰ ਕੋਈ ਢੰਗ ਨਹੀਂ ਤਾਂ ਕਿ ਦੇਸ਼ ਭ੍ਰਿਸ਼ਟਾਚਾਰ ਦੀ ਚੁੰਗਲ ਵਿਚੋਂ ਨਿਕਲ ਸਕੇ।