ਗਲਤੀਆਂ ਦੇ ਹੀ ਸਿੱਟੇ ਭੁਗਤਦਾ ਪਿਆ ਹੈ ਮਨੁੱਖ

-ਜਤਿੰਦਰ ਪਨੂੰ
ਆਪਣੇ ਆਪ ਨੂੰ ਮਹਾਬਲੀ ਸਮਝਣ ਦਾ ਭਰਮ ਪਾਲ ਬੈਠੇ ਮਨੁੱਖ ਨੇ ਜੰਗਲਾਂ ਤੋਂ ਬਸਤੀਆਂ, ਫਿਰ ਸ਼ਹਿਰ ਤੇ ਉਸ ਪਿਛੋਂ ਇਸ ਧਰਤੀ ਤੋਂ ਉਪਰ ਪੁਲਾੜ ਵਿਚ ਵੀ ਅੱਡੇ ਜਾ ਬਣਾਏ ਹਨ। ਇਸ ਵਕਤ ਜਦੋਂ ਸੰਸਾਰ ਭਰ ਵਿਚ ਕਰੋਨਾ ਦੇ ਕਹਿਰ ਨਾਲ ਇਨਸਾਨੀਅਤ ਕੰਬ ਰਹੀ ਹੈ, ਸਪੇਸ ਵਿਚ ਮਨੁੱਖ ਦਾ ਬਣਾਇਆ ਸਟੇਸ਼ਨ ਉਦੋਂ ਵੀ ਕੰਮ ਕਰਦਾ ਪਿਆ ਹੈ ਤੇ ਸ਼ੁੱਕਰਵਾਰ, 17 ਅਪਰੈਲ ਵਾਲੇ ਦਿਨ ਉਥੋਂ ਤਿੰਨ ਆਸਟਰੋਨਾਟ ਧਰਤੀ ‘ਤੇ ਵਾਪਸ ਆਏ ਹਨ। ਜਨਮ ਵੇਲੇ ਦੇ ਦੋ ਅਮਰੀਕਨ ਨਾਗਰਿਕ, ਇੱਕ ਕੁੜੀ ਜੈਸਿਕਾ ਮੀਰ ਅਤੇ ਦੂਜਾ ਐਂਡਰਿਊ ਮਾਰਗਨ ਸਨ

ਤੇ ਤੀਜਾ ਰੂਸ ਵਾਲਿਆਂ ਦਾ ਸੋਯੂਜ਼ ਕਮਾਂਡਰ ਓਲੇਗ ਸਕਰੀਪੋਚਕਾ ਇਕੱਠੇ ਉਸ ਪੁਲਾੜ ਸਟੇਸ਼ਨ ਤੋਂ ਮੁੜੇ ਹਨ। ਜੈਸਿਕਾ ਅਤੇ ਸਕਰੀਪੋਚਕਾ ਉਥੇ 205 ਦਿਨ ਗੁਜ਼ਾਰ ਕੇ ਆਏ ਅਤੇ ਐਂਡਰਿਊ 272 ਦਿਨਾਂ ਪਿੱਛੋਂ ਮੁੜਿਆ ਹੈ। ਪੁਲਾੜ ਵਿਚ ਬਿਨਾ ਕਿਸੇ ਥੰਮ੍ਹੀ ਜਾਂ ਪਿੱਲਰ ਤੋਂ ਟਿਕੇ ਹੋਏ ਸਪੇਸ ਸਟੇਸ਼ਨ ਵਿਚ ਜਾਂਦੇ ਇਹ ਲੋਕ ਕਈ ਵਾਰੀ ਬਾਹਰ ਨਿਕਲਦੇ ਤੇ ਬਿਨਾ ਕਿਸੇ ਜਹਾਜ, ਪੈਰਾਸ਼ੂਟ ਜਾਂ ਪੌੜੀ ਤੋਂ ਖਾਲੀ ਪੁਲਾੜ ਵਿਚ ਸੈਰ ਕਰਦੇ ਹਨ ਤੇ ਕੁਦਰਤ ਦੀ ਵੱਖ-ਵੱਖ ਗ੍ਰਹਿਆਂ ਨੂੰ ਆਪੋ ਵਿਚ ਖਿੱਚਣ ਦੀ ਤਾਕਤ ਇਨ੍ਹਾਂ ਨੂੰ ਕਿਸੇ ਗ੍ਰਹਿ ਵੱਲ ਖਿਸਕਣ ਦੀ ਥਾਂ ਵਿਚਾਲੇ ਟਿਕਾ ਕੇ ਚਮਤਕਾਰ ਵਾਂਗ ਕੰਮ ਕਰਦੀ ਹੈ।
ਸੰਸਾਰ ਪੱਧਰ ਦੀ ਇੱਕ ਸੰਸਥਾ ਨੇ ਕੁਝ ਸਾਲ ਪਹਿਲਾਂ ਇਹ ਖੋਜ ਅਰੰਭ ਕਰ ਦਿੱਤੀ ਕਿ ਧਰਤੀ ਦੇ ਕੇਂਦਰ ਵਿਚ ਉਸ ਸ਼ਕਤੀ ਦਾ ਬਿੰਦੂ ਵੇਖਣਾ ਹੈ, ਜੋ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕੁਝ ਲੋਕਾਂ ਦਾ ਖਿਆਲ ਸੀ ਕਿ ਏਦਾਂ ਦੀ ਖੋਜ ਲਈ ਡੂੰਘੇ ਹੇਠਾਂ ਭੇਜੇ ਗਏ ਵਰਮੇ (ਡਰਿੱਲਜ਼) ਕਿਸੇ ਤਰ੍ਹਾਂ ਉਸ ਖਾਸ ਕੇਂਦਰ ਨਾਲ ਟਕਰਾ ਕੇ ਕੁਝ ਏਦਾਂ ਦੀ ਅਣਕਿਆਸੀ ਸਥਿਤੀ ਪੈਦਾ ਕਰ ਸਕਦੇ ਹਨ ਕਿ ਧਰਤੀ ਹੀ ਖਿੱਲਰ ਜਾਵੇ, ਜਿਸ ਨਾਲ ਮਨੁੱਖੀ ਜੀਵਨ ਦੀ ਹੋਂਦ ਵਾਸਤੇ ਖਤਰਾ ਹੋ ਸਕਦਾ ਹੈ। ਕਮਾਲ ਦੀ ਗੱਲ ਕਿ ਬੰਦਾ ਦੂਜੇ ਗ੍ਰਹਿਆਂ ਵਿਚਾਲੇ ਬਿਨਾ ਬੁਰਜੀਆਂ ਤੋਂ ਪੁਲਾੜ ਖੋਜ ਦਾ ਸਟੇਸ਼ਨ ਬਣਾਈ ਬੈਠਾ ਹੈ, ਧਰਤੀ ਦੀ ਧੁੰਨੀ ਤੱਕ ਜਾਣ ਲਈ ਵਰਮੇ ਮਾਰੀ ਜਾਂਦਾ ਹੈ ਤੇ ਸਮੁੰਦਰਾਂ ਦੀ ਤਹਿ ਤੱਕ ਜਾਣ ਲਈ ਕੋਈ ਕਸਰ ਨਹੀਂ ਛੱਡਦਾ, ਪਰ ਆਪਣੇ ਸਿਰ ਪੈਂਦੀਆਂ ਮਹਾਮਾਰੀਆਂ ਰੋਕਣ ਦੇ ਸਮਰੱਥ ਅਜੇ ਨਹੀਂ ਹੋ ਸਕਿਆ।
ਮਹਾਮਾਰੀਆਂ ਮਨੁੱਖ ਦੀ ਹੋਂਦ ਨਾਲ ਉਸ ਵੇਲੇ ਤੋਂ ਜੁੜੀਆਂ ਹਨ, ਜਦੋਂ ਅਜੇ ਇਹ ਬਿਨਾ ਕੱਪੜਿਆਂ ਤੋਂ ਜੰਗਲਾਂ ਦੇ ਜੀਵਾਂ ਵਾਂਗ ਘੁਮੰਤਰੀ ਜੀਵਨ ਗੁਜ਼ਾਰ ਰਿਹਾ ਸੀ। ਉਦੋਂ ਉਸ ਕੋਲ ਕਿਸੇ ਤਰ੍ਹਾਂ ਦੀ ਖੋਜ ਵੀ ਨਹੀਂ ਸੀ ਤੇ ਕਿਸੇ ਵੀ ਤਰ੍ਹਾਂ ਦਾ ਜੋ ਓਹੜ-ਪੋਹੜ ਇੱਕ ਜਣਾ ਕਰ ਲੈਂਦਾ ਸੀ, ਉਸ ਨੂੰ ਸੰਭਾਲੀ ਰੱਖਣ ਦੇ ਚੇਤੇ ਤੋਂ ਸਿਵਾ ਕੋਈ ਹੋਰ ਢੰਗ ਵੀ ਨਹੀਂ ਸੀ ਲੱਭਾ, ਕਿਉਂਕਿ ਉਦੋਂ ਤੱਕ ਨਾ ਲਿਖਣ ਲਈ ਸ਼ਬਦ ਸੁੱਝੇ ਸਨ ਤੇ ਨਾ ਅੱਖਰ ਬਣੇ ਸਨ। ਜਿਨ੍ਹਾਂ ਸੱਟਾਂ ਦਾ ਮਨੁੱਖ ਦੇ ਵੱਡੇ-ਵਡੇਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਰਿਹਾ, ਉਹ ਅਗਲੀਆਂ ਪੀੜ੍ਹੀਆਂ ਤੱਕ ਸੀਨਾ-ਬ-ਸੀਨਾ ਅੱਗੇ ਤੁਰਦੀਆਂ ਅਤੇ ਲੋੜ ਵੇਲੇ ਕੰਮ ਆਉਣ ਤੋਂ ਇਲਾਵਾ ਹੋਰ ਖੋਜਾਂ ਦਾ ਆਧਾਰ ਵੀ ਬਣਦੀਆਂ ਰਹੀਆਂ।
ਕਿਸੇ ਵਕਤ ਟਾਹਣੀ ਤੋਂ ਛਾਲ ਮਾਰਨ ਵਾਲੇ ਕਿਸੇ ਬਾਂਦਰ ਜਾਂ ਚਿੰਪੈਂਜੀ ਨੇ ਜਦੋਂ ਇਹ ਵੇਖਿਆ ਕਿ ਇਸ ਨਾਲ ਟਾਹਣੀ ਹਿੱਲੀ ਸੀ ਤੇ ਸਿੱਟੇ ਵਜੋਂ ਕੁਝ ਫਲ ਡਿੱਗੇ ਸਨ, ਉਸ ਨੂੰ ਮੁੜ ਅਜ਼ਮਾਉਣ ਲਈ ਉਸ ਨੇ ਹੋਰ ਛਾਲਾਂ ਮਾਰੀਆਂ ਅਤੇ ਫਲ ਡਿੱਗੇ ਵੇਖ ਕੇ ਫਲ ਤੋੜਨ ਦਾ ਤਰੀਕਾ ਸਿੱਖ ਲਿਆ ਸੀ। ਸਹਿਜ ਸੁਭਾਅ ਕਿਸੇ ਫਲ ਦੀ ਛਿੱਲ ਜ਼ਖਮਾਂ ‘ਤੇ ਲੱਗ ਜਾਣ ਨਾਲ ਉਸ ਕੋਲ ਇਸ ਤਰ੍ਹਾਂ ਜ਼ਖਮਾਂ ‘ਤੇ ਫੈਹਾ ਲਾਉਣ ਦੀ ਅਕਲ ਪਹੁੰਚੀ ਸੀ ਤੇ ਕਿਸੇ ਖਾਸ ਫਲ ਖਾਧੇ ਤੋਂ ਅਚਾਨਕ ਹੋਏ ਕਿਸੇ ਫਾਇਦੇ ਨੇ ਉਸ ਨੂੰ ਬਿਮਾਰੀਆਂ ਲਈ ਏਦਾਂ ਦੇ ਨੁਸਖੇ ਵਰਤਣ ਦੇ ਰਾਹ ਤੋਰਿਆ ਹੋਵੇਗਾ। ਉਸ ਨੇ ਅਚਾਨਕ ਹੋਈ ਹਰ ਪ੍ਰਾਪਤੀ ਤੋਂ ਵੀ ਸਿੱਖਿਆ ਸੀ ਅਤੇ ਆਪਣੀਆਂ ਗਲਤੀਆਂ ਤੋਂ ਵੀ ਕੁਝ ਨਾ ਕੁਝ ਸਿੱਖਦਾ ਅੱਜ ਦੇ ਮੁਕਾਮ ਤੱਕ ਪਹੁੰਚਿਆ ਹੈ।
ਮਨੁੱਖੀ ਅਕਲ ਨੇ ਕਈ ਪੜਾਅ ਪਾਰ ਕੀਤੇ ਅਤੇ ਹਰ ਵਾਰੀ ਕੁਝ ਨਵਾਂ ਕੀਤਾ ਹੈ, ਪਰ ਇਹ ਗੱਲ ਯਾਦ ਨਹੀਂ ਸੀ ਰਹੀ ਕਿ ਉਸ ਦੇ ਨਾਲ-ਨਾਲ ਪਦਾਰਥ ਵੀ ਕਈ ਪੜਾਅ ਪਾਰ ਕਰਦਾ ਜਾ ਰਿਹਾ ਹੈ। ਇੱਕ ਫਲ ਦੀਆਂ ਕਈ ਕਿਸਮਾਂ ਬਣ ਜਾਣ ਵਾਂਗ ਇੱਕ ਪਦਾਰਥ ਨੂੰ ਵੱਖੋ-ਵੱਖ ਢੰਗਾਂ ਨਾਲ ਵਰਤੇ ਜਾਣ ਕਾਰਨ ਉਸ ਦੇ ਪ੍ਰਤੀਕਰਮ ਵਜੋਂ ਕਈ ਕਿਸਮਾਂ ਦੇ ਨਵੇਂ ਜੀਨ ਵੀ ਬਣਦੇ ਗਏ ਹਨ। ਸਿਆਣੇ ਆਖਦੇ ਹਨ ਕਿ ਕੁਝ ਸਮਾਂ ਲੰਘ ਜਾਵੇ ਤਾਂ ਆਪਣਾ ਜੂਠਾ ਪਾਣੀ ਵੀ ਪੀਣਾ ਮੂਰਖਤਾ ਹੋ ਸਕਦੀ ਹੈ। ਇਸ ਦਾ ਵੀ ਵਿਗਿਆਨਕ ਕਾਰਨ ਹੈ। ਕਦੀ ਅਸੀਂ ਗਿਲਾਸ ਵਿਚ ਪਾ ਕੇ ਦੁੱਧ ਰੱਖ ਦੇਈਏ ਤੇ ਦੂਜੇ ਦਿਨ ਤੱਕ ਪਿਆ ਰਹੇ ਤਾਂ ਫਿਰ ਉਹ ਦੁੱਧ ਨਹੀਂ ਰਹਿੰਦਾ, ਆਪਣੇ ਆਪ ਦਹੀਂ ਦੀ ਮੁੱਢਲੀ ਕਿਸਮ ਬਣ ਜਾਂਦਾ ਹੈ। ਚੀਜ਼ਾਂ ਜਿੱਦਾਂ ਆਪਸ ਵਿਚ ਤੱਤਾਂ ਦੇ ਮਿਲਣ ਨਾਲ ਬਦਲਦੀਆਂ ਹਨ, ਇੱਕ ਵਾਰੀ ਪਾਣੀ ਪੀਤੇ ਤੋਂ ਜੋ ਮਨੁੱਖੀ ਥੁੱਕ ਉਸ ਗਿਲਾਸ ਦੇ ਨਾਲ ਲੱਗ ਗਿਆ ਹੁੰਦਾ ਹੈ, ਉਸ ਵਿਚ ਗਏ ਤੱਤਾਂ ਨਾਲ ਉਸ ਪਾਣੀ ‘ਤੇ ਵੀ ਡਾਕਟਰ ਪ੍ਰਤੀਕ੍ਰਿਆ ਚੱਲਣ ਦਾ ਦਾਅਵਾ ਕਰਦੇ ਹਨ। ਅਸੀਂ ਲੋਕ ਕਈ ਤਰ੍ਹਾਂ ਦੇ ਖੁਰਾਕੀ ਤੱਤ ਖਾਂਦੇ ਹਾਂ। ਪੁਰਾਣੇ ਸਮਿਆਂ ਤੋਂ ਭੋਜਨ ਛੱਤੀ ਪ੍ਰਕਾਰ ਦਾ ਕਿਹਾ ਜਾਂਦਾ ਹੈ, ਜਿਸ ਵਿਚ ਆਟਾ, ਪਾਣੀ ਤੇ ਲੂਣ ਆਦਿ ਤੋਂ ਤੁਰ ਕੇ ਜਿੰਨੇ ਵੀ ਤੱਤ ਹੋ ਸਕਦੇ ਹਨ, ਉਨ੍ਹਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇੰਨੇ ਤੱਤ ਪਕਾਏ ਜਾਣ ਵੇਲੇ ਵੀ ਇੱਕ ਦੂਜੇ ਨਾਲ ਘੁਲਦੇ ਹਨ ਤੇ ਫਿਰ ਪੇਟ ਦੇ ਅੰਦਰ ਜਾ ਕੇ ਵੀ ਘੁਲਦੇ ਹਨ ਤਾਂ ਜੀਵਨ ਦੇ ਤੱਤਾਂ ਤੋਂ ਕਦੇ ਕੋਈ ਨਵਾਂ ਜੀਨ ਲਾਹੇਵੰਦਾ ਪੈਦਾ ਹੋ ਸਕਦਾ ਹੈ ਅਤੇ ਕੋਈ ਨੁਕਸਾਨ ਕਰਨ ਵਾਲਾ ਵੀ। ਲਾਹੇਵੰਦ ਹੋਵੇ ਜਾਂ ਨੁਕਸਾਨ ਕਰਨ ਵਾਲਾ, ਇਨ੍ਹਾਂ ਦਾ ਇੱਕਦਮ ਪਤਾ ਨਹੀਂ ਲੱਗਦਾ ਤੇ ਅੰਦਰੋ-ਅੰਦਰੀ ਵਿਕਸਿਤ ਹੁੰਦੇ ਜੀਵਾਣੂ ਜਦੋਂ ਤਾਕਤ ਫੜ ਲੈਣ ਤਾਂ ਉਸ ਵਕਤ ਉਨ੍ਹਾਂ ਦਾ ਅਸਰ ਵੇਖ ਕੇ ਬੰਦਾ ਬੌਂਦਲ ਜਾਂਦਾ ਹੈ।
ਸਾਡੀ ਧਰਤੀ ਵਿਚ ਖੇਤੀ ਵਾਸਤੇ ਲਾਹੇਵੰਦ ਕੀੜੇ ਵੀ ਹਨ ਅਤੇ ਨੁਕਸਾਨ ਕਰਨ ਵਾਲੇ ਵੀ। ਜਦੋਂ ਨੁਕਸਾਨ ਕਰਨ ਵਾਲੇ ਕੀੜਿਆਂ ਨੂੰ ਮਾਰਿਆ ਜਾਂਦਾ ਹੈ, ਖੇਤੀ ਵਿਗਿਆਨੀ ਕਹਿੰਦੇ ਹਨ ਕਿ ਇਸ ਤਰ੍ਹਾਂ ਵਾਰ-ਵਾਰ ਕਰਨ ਨਾਲ ਉਹ ਕੀੜੇ ਨਾਲ ਹੀ ਮਰਨ ਲੱਗਦੇ ਹਨ, ਜੋ ਖੇਤੀ ਲਈ ਲਾਹੇਵੰਦੇ ਹਨ। ਇਹੋ ਹਾਲਤ ਮਨੁੱਖ ਦੇ ਸਰੀਰ ਦੀ ਹੈ। ਬਿਮਾਰੀ ਕਾਰਨ ਜਦੋਂ ਅਸੀਂ ਦਵਾਈ ਲੈਂਦੇ ਹਾਂ, ਅੱਜ ਕੱਲ੍ਹ ਕੋਈ ਦਵਾਈ ਤੱਤ ਰੂਪ ਵਿਚ ਘੱਟ ਹੀ ਹੋਵੇਗੀ, ਬਹੁਤੀਆਂ ਦਵਾਈਆਂ ਇੱਕ ਤੋਂ ਵੱਧ ਤੱਤਾਂ ਵਾਲੀਆਂ ਹਨ ਤੇ ਜਦੋਂ ਅਸੀਂ ਇਲਾਜ ਲਈ ਖਾਂਦੇ ਹਾਂ ਤਾਂ ਲਾਹੇਵੰਦ ਤੱਤਾਂ ਨਾਲ ਬੇਲੋੜੇ ਤੱਤ ਵੀ ਸਰੀਰ ਵਿਚ ਚਲੇ ਜਾਂਦੇ ਹਨ। ਹਰ ਕੈਮੀਕਲ ਨੇ ਆਪਣਾ ਅਸਰ ਦਿਖਾਉਣਾ ਹੁੰਦਾ ਹੈ। ਬੇਲੋੜੇ ਤੱਤ ਪੇਟ ਅੰਦਰ ਜਾ ਕੇ ਜਿੱਦਾਂ ਦੇ ਅਸਰ ਦਿਖਾਉਂਦੇ ਹਨ, ਸਾਡੇ ਅਨਾਜ ਦੇ ਨਾਲ ਕੈਮੀਕਲ ਖਾਦਾਂ ਤੇ ਕੀਤੇ ਮਾਰ ਦਵਾਈਆਂ ਦੇ ਜੋ ਪੈਕੇਜ ਅਸੀਂ ਖਾ ਰਹੇ ਹਾਂ, ਉਸ ਦਾ ਅਸਰ ਵੀ ਹੁੰਦਾ ਹੈ। ਇਹ ਅਸਰ ਸਮਾਂ ਪਾ ਕੇ ਪਤਾ ਲੱਗਦਾ ਹੈ। ਬੀਤੇ ਸਮਿਆਂ ਵਿਚ ਜਿੰਨੀਆਂ ਵੀ ਮਹਾਮਾਰੀਆਂ ਪੈਦਾ ਹੋਈਆਂ, ਇਨ੍ਹਾਂ ਵਿਚੋਂ ਕੋਈ ਇੱਕ ਵੀ ਏਦਾਂ ਦੀ ਨਹੀਂ ਜਾਪਦੀ, ਜੋ ਜੰਗਲਾਂ ਵਿਚ ਇਨਸਾਨ ਦੇ ਘੁੰਮਣ ਵਾਲੇ ਸਮੇਂ ਤੋਂ ਸਰੀਰ ਵਿਚ ਜੜ੍ਹਾਂ ਜਮਾਈ ਬੈਠੀ ਹੋਵੇ। ਇਹ ਸਭ ਕਸੂਰ ਇਨਸਾਨ ਦਾ ਆਪਣਾ ਹੈ।
ਸਾਡੇ ਕੋਲ ਬੜੀ ਵਾਰ ਇਹ ਖਬਰਾਂ ਪੁੱਜਦੀਆਂ ਹਨ ਕਿ ਫਲਾਣੀ ਕੰਪਨੀ ਨੇ ਦਵਾਈ ਜਾਣਬੁੱਝ ਕੇ ਇਸ ਕਿਸਮ ਦੀ ਬਣਾਈ ਸੀ ਤਾਂ ਕਿ ਲੋਕਾਂ ‘ਤੇ ਇਸ ਬਾਰੇ ਚੁੱਪ-ਚੁਪੀਤੇ ਤਜਰਬਾ ਕੀਤਾ ਜਾ ਸਕੇ। ਕਰੋੜਾਂ ਕੀ, ਅਰਬਾਂ ਰੁਪਏ ਕਮਾਉਣ ਦੇ ਸਮਰੱਥ ਇਹ ਕੰਪਨੀਆਂ ਲਗਭਗ ਹਰ ਦੇਸ਼ ਦੇ ਆਗੂਆਂ ਦੀ ਜ਼ਮੀਰ ਨੂੰ ਸਿੱਧੇ ਜਾਂ ਟੇਢੇ ਤਰੀਕੇ ਨਾਲ ਖਰੀਦਣ ਜੋਗੇ ਪੈਸੇ ਖਰਚ ਕਰਦੀਆਂ ਹਨ। ਇਹੋ ਕਾਰਨ ਹੈ ਕਿ ਉਹ ਆਗੂ ਅੱਖੀਂ ਵੇਖ ਕੇ ਵੀ ਮੱਖੀ ਖਾਈ ਜਾਂਦੇ ਹਨ। ਜਿਹੜੀ ਦਵਾਈ ਆਮ ਲੋਕਾਂ ਵਾਸਤੇ ਖਤਰਨਾਕ ਹੈ, ਕਿਸੇ ਨਾ ਕਿਸੇ ਤਰ੍ਹਾਂ ਉਸ ਦੀ ਲਾਗ ਆਗੂਆਂ ਦੇ ਘਰਾਂ ਤੱਕ ਵੀ ਜਾਂਦੀ ਹੈ, ਪਰ ਪੈਸਾ ਜ਼ਮੀਰ ਅਤੇ ਭਵਿੱਖ-ਦੋਹਾਂ ਤੋਂ ਅੱਖਾਂ ਚੁਰਾਉਣਾ ਸਿਖਾ ਦਿੰਦਾ ਹੈ। ਫਿਰ ਬੰਦਾ ਆਤਮ ਘਾਤੀ ਰਾਹੇ ਤੁਰੀ ਜਾਂਦਾ ਹੈ ਤੇ ਨਤੀਜੇ ਵਜੋਂ ਇੱਕ ਦਿਨ ਇਹੋ ਜਿਹਾ ਆ ਜਾਂਦਾ ਹੈ, ਜਦੋਂ ਕੀਤੀ ਹੋਈ ਭੁੱਲ ਸੁਧਾਰਨ ਦਾ ਵਕਤ ਵੀ ਨਹੀਂ ਰਹਿੰਦਾ ਤੇ ਉਸ ਦੀ ਕੀਤੀ ਭੁੱਲ ਸਿਰਫ ਉਸ ਨੂੰ ਨਹੀਂ, ਸਮੁੱਚੇ ਸਮਾਜ ਨੂੰ ਭੁਗਤਣੀ ਪੈ ਜਾਂਦੀ ਹੈ।
ਮਹਾਸ਼ਕਤੀ ਹੋਣ ਜਾਂ ਮਹਾਸ਼ਕਤੀ ਬਣਨ ਦੇ ਸੁਫਨੇ ਵੇਖਣ ਵਾਲੇ ਦੇਸ਼ਾਂ ਦੇ ਹਾਕਮਾਂ ਤੇ ਵਿਗਿਆਨੀਆਂ ਨੇ ਪਿਛਲੇ ਸਮੇਂ ਵਿਚ ਜੋ ਭੁੱਲਾਂ ਕੀਤੀਆਂ, ਉਨ੍ਹਾਂ ਦਾ ਖਮਿਆਜ਼ਾ ਕਈ ਵਾਰ ਭੁਗਤ ਚੁਕਾ ਮਨੁੱਖ ਅੱਜ ਕਰੋਨਾ ਦੇ ਅਸਰ ਹੇਠ ਵੀ ਭੁਗਤ ਰਿਹਾ ਹੈ। ਮਹਾਬਲੀ ਹੋਣ ਦਾ ਜੋ ਭਰਮ ਇਸ ਨੂੰ ਕਦੀ ਐਟਮੀ ਜੰਗਾਂ ਦੇ ਨੇੜੇ ਲੈ ਜਾਂਦਾ ਹੈ, ਕਦੀ ਸਪੇਸ ਵਾਰ ਦੇ ਤਜਰਬੇ ਕਰਨ ਦੇ ਰਾਹ ਪਾਉਂਦਾ ਹੈ ਤੇ ਕਦੀ ਜੈਵਿਕ ਹਥਿਆਰ ਬਣਾਉਣ ਦੇ ਰਾਹ ਤੋਰਦਾ ਹੈ, ਉਹ ਕਿਸੇ ਦਿਨ ਸਾਰੀ ਦੁਨੀਆਂ ਦੀ ਤਬਾਹੀ ਦਾ ਸਬੱਬ ਬਣ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਮੂਹਰੇ ਖੜੇ ਮਨੁੱਖ ਲਈ ਬਹਿਸ ਦਾ ਮੁੱਖ ਵਿਸ਼ਾ ਅਜੋਕੀ ਮਹਾਮਾਰੀ ਤੋਂ ਬਚਾਓ ਤੱਕ ਸੀਮਤ ਹੈ, ਸਮੁੱਚੀਆਂ ਮਹਾਮਾਰੀਆਂ ਤੋਂ ਬਚਾਓ ਦੀ ਚਰਚਾ ਨਹੀਂ ਹੁੰਦੀ।