ਤਾਰਿਆਂ ਦੀਆਂ ਗੱਲਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਲੇਖ ਵਿਚ ਉਨ੍ਹਾਂ ਸੂਰਜ ਦੇ ਪ੍ਰਸੰਗ ਵਿਚ ਜ਼ਿੰਦਗੀ ਵਿਚਲੇ ਸੂਰਜਾਂ ਤੋਂ ਰੋਸ਼ਨੀ ਲੈ ਕੇ ਨਵੇਂ ਕੀਰਤੀਮਾਨ ਸਿਰਜਣ ਦੀ ਨਸੀਹਤ ਕੀਤੀ ਸੀ, “ਸਭ ਤੋਂ ਵੱਡੇ ਅਤੇ ਦਗਦੇ ਸੂਰਜ ਤਾਂ ਘਰ ਵਿਚ ਬੈਠੇ ਬਜੁਰਗ ਹੁੰਦੇ, ਜਿਨ੍ਹਾਂ ਦੀਆਂ ਸਲਾਹਾਂ ਅਤੇ ਮੱਤਾਂ ਕਾਰਨ ਸਾਡੀ ਸ਼ਖਸੀ ਸਿਰਜਣਾ ਹੋਈ ਹੁੰਦੀ। ਇਨ੍ਹਾਂ ਸੂਰਜਾਂ ਨੂੰ ਕਦੇ ਧੁਖਣ ਨਾ ਲਾਓ, ਸਗੋਂ ਇਨ੍ਹਾਂ ਦੇ ਧੁੱਪੀਲੇ ਸੇਕ ਵਿਚ ਆਪਣੇ ਅੰਤਰੀਵ ਨੂੰ ਰੁਸ਼ਨਾਓ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਅੰਬਰ ਦੇ ਮਾਣ ਤਾਰਿਆਂ ਨਾਲ ਗੱਲਾਂ ਕਰਦਿਆਂ ਪ੍ਰੇਰਿਆ ਹੈ, “ਤਾਰਿਆਂ ਵੱਲ ਦੇਖੋ। ਉਨ੍ਹਾਂ ਨੂੰ ਨਿਹਾਰੋ। ਉਨ੍ਹਾਂ ਦੇ ਦੀਦਿਆਂ ਵਿਚ ਝਾਕੋ। ਫਿਰ ਪਤਾ ਲੱਗੇਗਾ ਕਿ ਤਾਰੇ ਤੁਹਾਨੂੰ ਹੀ ਦੇਖਣ ਲਈ ਹਰ ਰਾਤ ਨੂੰ ਅੰਬਰ-ਵਿਹੜੇ ਵਿਚ ਦਸਤਕ ਦਿੰਦੇ।…ਤਾਰਿਆਂ ਨਾਲ ਗੱਲਾਂ ਕੀਤਿਆਂ ਹੀ ਮਨੁੱਖ ਸਵੈ-ਚਿੰਤਨ ਕਰਨ ਦੀ ਸੋਚੇਗਾ। ਤਾਰਿਆਂ ਨਾਲ ਗੱਲਾਂ ਕਰੋਗੇ ਤਾਂ ਤਾਰੇ ਦੀ ਆਭਾ ਤੁਹਾਨੂੰ ਕੁਝ ਚੰਗੇਰਾ ਕਰਨ ਲਈ ਪ੍ਰੇਰਿਤ ਕਰੇਗੀ। ਇਸ ਦੀ ਮਹੱਤਤਾ ਵਿਚੋਂ ਹੀ ਮਹਾਨਤਾ ਅਤੇ ਮਸ਼ਹੂਰ ਹੋਣ ਵਿਚਲੇ ਅੰਤਰ ਦੀ ਸੋਝੀ ਹੋਵੇਗੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਤਾਰਿਆਂ ਨਾਲ ਗੱਲਾਂ ਕਰੋ। ਤਾਰਾ ਬਣਨ ਦਾ ਖਿਆਲ ਮਨ ਵਿਚ ਪੈਦਾ ਹੋਵੇਗਾ। ਤਾਰੇ ਜਿਹਾ ਹੋਣ ਦਾ ਸੁਪਨ-ਬੀਜ ਸੋਚ-ਜਮੀਂ ‘ਚ ਪੁੰਗਰੇਗਾ। ਤਾਰਾ, ਚਾਨਣ ਦਾ ਵਣਜਾਰਾ। ਚਾਨਣ ਸੰਗ ਭਰਿਆ, ਚਾਨਣ ਚਾਨਣ ਹੋਇਆ, ਚਾਨਣ-ਵਿਹੜੇ ਦੀ ਹੋਂਦ ਅਤੇ ਹਾਸਲ।
ਤਾਰੇ ਨੂੰ ਆਪਣੇ ਮੁੱਢ, ਅਤੀਤ ਅਤੇ ਭਵਿੱਖ ਬਾਰੇ ਪੂਰਨ ਗਿਆਨ। ਉਸ ਨੂੰ ਯਾਦ ਹੈ। ਬਿੱਗ ਬੈਂਗ ਵਿਚੋਂ ਉਪਜਣਾ। ਊਰਜਾ ਦਾ ਸਰੋਤ ਬਣ ਕੇ ਆਲੇ-ਦੁਆਲੇ ‘ਚ ਚਾਨਣ ਦੀ ਚਾਦਰ ਵਿਛਾਉਣਾ ਅਤੇ ਕਿਰਨਾਂ ਦੀ ਕਲਾ-ਨਕਾਸ਼ੀ ਕਰਨਾ। ਉਸ ਨੂੰ ਯਾਦ ਹੈ ਕਿ ਉਸ ਦਾ ਅੰਤ ਨਿਸ਼ਚਿਤ ਹੈ, ਜਿਸ ਦਿਨ ਉਸ ਨੇ ਬਲੈਕ ਹੋਲ ਬਣ ਕੇ, ਆਖਰੀ ਸਫਰ ਨੂੰ ਤੁਰ ਪੈਣਾ; ਪਰ ਬੰਦੇ ਨੂੰ ਯਾਦ ਹੀ ਨਹੀਂ ਕਿ ਉਸ ਨੇ ਕਿਸ ਕੁੱਖ ਵਿਚੋਂ ਜਨਮ ਲਿਆ? ਉਸ ਦਾ ਮੂਲ ਕੀ ਏ? ਉਹ ਤਾਂ ਆਪਣੀ ਮੌਤ ਹੀ ਭੁੱਲ ਚੁਕਾ। ਤਾਰਿਆਂ ਨਾਲ ਗੱਲਾਂ ਕੀਤਿਆਂ ਹੀ ਮਨੁੱਖ ਸਵੈ-ਚਿੰਤਨ ਕਰਨ ਦੀ ਸੋਚੇਗਾ।
ਤਾਰਾ ‘ਕੱਲਾ ਹੋ ਕੇ ਵੀ ‘ਕੱਲਾ ਨਹੀਂ ਹੁੰਦਾ। ਤਾਰਿਆਂ ਦੇ ਸੰਗ੍ਰਿਹ ਦੇ ਰੂਪ ਵਿਚ ਅਕਾਸ਼-ਗੰਗਾ ਦਾ ਨਿੱਕਾ ਜਿਹਾ ਹਿੱਸਾ ਹੁੰਦਾ। ਕੋਈ ਵੀ ਤਾਰਾ ਖੁਦ ਵੱਡਾ ਨਹੀਂ ਹੁੰਦਾ, ਸਗੋਂ ਸਾਥੀਆਂ ਦੇ ਸਮੂਹ ਵਿਚ ਹੀ ਆਪਣੀ ਹੋਂਦ ਨੂੰ ਸਹੀ ਸੰਦਰਭ ਵਿਚ ਸਮਝ ਅਤੇ ਸਮਝਾ ਸਕਦਾ। ਉਸ ਦੀ ਜੀਵਨ-ਜਾਚ ਵਿਚ ਸ਼ਾਮਲ ਹੈ, ਮਿਲ ਜੁਲ ਕੇ ਰਹਿਣ ਦਾ ਹੁਨਰ। ਤਾਂਹੀਓਂ ਰਾਤ ਵੇਲੇ ਤਾਰਿਆਂ ਨੂੰ ਵੱਖ-ਵੱਖ ਸ਼ਕਲਾਂ ਜਾਂ ਕਲਾ-ਕਿਰਤਾਂ ਦੇ ਰੂਪ ਵਿਚ ਕਲਪਿਤ ਕੀਤਾ ਜਾਂਦਾ।
ਤਾਰਾ ਰੋਸ਼ਨੀ ਵੰਡਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਵੰਡਣ ਨਾਲ ਕੁਝ ਘਟਦਾ ਨਹੀਂ, ਸਗੋਂ ਇਸ ਵਿਚ ਵਾਧਾ ਹੁੰਦਾ। ਮਨ ਦੀ ਤ੍ਰਿਪਤੀ, ਕੁਝ ਚੰਗੇਰਾ ਕਰਨ ਦਾ ਅਹਿਸਾਸ ਅਤੇ ਹਨੇਰੇ ਖੂੰਜਿਆਂ ਨੂੰ ਚਾਨਣ ਨਾਲ ਭਰਨ ਦਾ ਵਿਸਮਾਦ।
ਤਾਰਿਆਂ ਦੇ ਕਾਫਲੇ ਵਿਚ ਕੋਈ ਵੱਡਾ, ਕੋਈ ਛੋਟਾ। ਕੁਝ ਦੇ ਗ੍ਰਹਿ ਹੁੰਦੇ, ਪਰ ਕੁਝ ਗ੍ਰਹਿਹੀਣ। ਇਹ ਗ੍ਰਹਿ ਉਸ ਦੇ ਸੇਵਕ ਹੁੰਦੇ, ਜੋ ਆਪਣੇ ਆਕਾ ਦੇ ਹੁਕਮ ਵਿਚ ਬੱਧੇ, ਪਰਿਕਰਮਾ ਕਰਦੇ ਅਤੇ ਚਾਨਣ ਤੇ ਧੁੱਪ ਦੀਆਂ ਦਾਤਾਂ ਹਾਸਲ ਕਰਦੇ, ਆਪਣੇ ਆਪ ਨੂੰ ਵਡਭਾਗਾ ਸਮਝਦੇ। ਸੂਰਜੀ ਤਾਰੇ ਦੀ ਰਿਣੀ ਹੈ ਧਰਤੀ, ਕਿਉਂਕਿ ਧਰਤੀ ਦਾ ਸਮੁੱਚਾ ਜੀਵ-ਸੰਸਾਰ ਸੂਰਜ ਤੋਂ ਆਉਂਦੀ ਊਰਜਾ ਸਦਕਾ ਹੀ ਸੰਭਵ ਅਤੇ ਸਦੀਵ ਹੈ; ਪਰ ਤਾਰਾ ਕਦੇ ਵੀ ਅਹਿਸਾਨ ਨਹੀਂ ਜਿਤਾਉਂਦਾ ਸਗੋਂ ਨਿਆਮਤਾਂ ਦੀ ਨਿਰੰਤਰਤਾ ਵਰਤਾਉਂਦਾ। ਸੂਰਜ ਸਿਰਫ ਆਪਣੇ ਗ੍ਰਹਿਆਂ ਨੂੰ ਹੀ ਨਹੀਂ, ਸਗੋਂ ਚੰਦ ਜਿਹੇ ਉਪ-ਗ੍ਰਹਿਆਂ ਨੂੰ ਰੋਸ਼ਨੀ ਦਿੰਦਾ, ਜੋ ਬਦਲ ਕੇ ਚੰਨ-ਚਾਨਣੀ ਬਣ ਪੁੰਨਿਆ ਦਾ ਰੂਪ ਧਾਰਦੀ। ਸੂਰਜ ਕਦੇ ਵੀ ਆਪਣੇ ਸੂਰਜੀ ਪਰਿਵਾਰ ਨੂੰ ਹੀਣਾ ਨਹੀਂ ਹੋਣ ਦਿੰਦਾ, ਸਗੋਂ ਇਹ ਵਰਤਾਰਾ ਕਰੋੜਾਂ ਸਾਲਾਂ ਤੋਂ ਅਰੋਕ ਜਾਰੀ ਹੈ।
ਤਾਰੇ ਅੰਬਰ ਵਿਚ ਵੱਸਦੇ। ਇਨ੍ਹਾਂ ਦੀ ਆਪਣੀ ਬਸਤੀ ਤੇ ਹਸਤੀ। ਆਪਣਾ ਵਰਤਾਰਾ, ਖਲਾਰਾ, ਪਸਾਰਾ ਤੇ ਝਲਕਾਰਾ। ਰਾਤ ਦੀ ਸੁੰਦਰਤਾ। ਅੰਬਰ ਵਿਚ ਤਾਰਿਆਂ ਦੀਆਂ ਖਿੱਤੀਆਂ ਦੇ ਵੱਖ-ਵੱਖ ਅਕਾਰਾਂ ਨੂੰ ਨਿਹਾਰਨਾ, ਬਚਪਨੀ ਯਾਦਾਂ ਦਾ ਅਮੀਰ ਸਰਮਾਇਆ। ਗਰਮੀਆਂ ਦੀ ਰੁੱਤੇ ਕੋਠੇ ‘ਤੇ ਮੰਜੇ ਡਾਹੁਣਾ, ਬਜੁਰਗਾਂ ਦਾ ਤਾਰਿਆਂ ਦੀਆਂ ਕਹਾਣੀਆਂ ਸੁਣਾਉਣਾ ਅਤੇ ਇਨ੍ਹਾਂ ਨੂੰ ਰੂਹ ਦਾ ਖਜਾਨਾ ਬਣਾਉਣਾ।
ਤਾਰਿਆਂ ਦੀ ਨਗਰੀ ‘ਚ ਚਾਨਣ ਦੀ ਰੁੱਤ ਮੌਲੇ ਤੇ ਕਿਰਨਾਂ ਦਾ ਵੱਗੇ ਦਰਿਆ। ਅੰਬਰ ਦੇ ਵਿਹੜੇ ਵਿਚ ਰੰਗਾਂ ਦੀ ਇਬਾਦਤ ਅਤੇ ਸੋਚਾਂ ਵਿਚ ਸੰਦਲੀ ਸਦਾਅ। ਤਾਰਿਆਂ ਦੀ ਗੱਲਬਾਤ ਵਿਚ ਵੱਗਦੀ ਏ ਰਹਿਮਤ ਭਰੇ ਬੋਲਾਂ ਦੀ ਹਵਾ, ਜਿਹਦੇ ਵਿਚ ਭਿੱਜੀ ਹੋਈ ਅਨਾਇਤ ਜਿਹੀ ਬੰਦਗੀ, ਸੂਹੇ ਕਰੇ ਫਿੱਕੜੇ ਜਿਹੇ ਚਾਅ।
ਤਾਰਿਆਂ ਦੀ ਬੀਹੀ ਵਿਚ ਗਾਉਂਦਾ ਏ ਫਕੀਰ ਜਦ, ਜ਼ਿੰਦਗੀ ਦੀ ਉਘੜੇ ਤਕਦੀਰ; ਮੱਥੇ ਦੀਆਂ ਲਿਖੀਆਂ ਨੂੰ ਚਾਨਣਾਂ ਦੀ ਗੁੜਤੀ ਤੇ ਕਿਰਨਾਂ ਦੀ ਹਾਸਲ ਜਗੀਰ। ਤਾਰਿਆਂ ਦੇ ਸਾਥ ਨਾਲ ਫਿਜ਼ਾ ਵਿਚ ਨਾਦ ਗੂੰਜੇ, ਵਕਤ ਭਲਿਆਈ ਵਾਲਾ ਰਾਗ; ਰਹਿਮਤਾਂ ਦੀ ਨਗਰੀ ਵਿਚ ਜਾਗਦੇ ਨੇ, ਸੁੱਤੇ ਹੋਏ ਖਲਕਤ ਦੇ ਭਾਗ।
ਤਾਰਿਆਂ ਦੇ ਦੇਸ਼ ਦੀ ਧਰਤ ਨੂੰ ਉਡੀਕ ਰਹੇ, ਖੜੀ ਰਹੇ ਬਾਹਾਂ ਨੂੰ ਖਲਾਰ। ਉਸ ਦਿਆਂ ਨੈਣਾਂ ਵਿਚ ਸੁਪਨੇ ਦੀ ਸਾਦਗੀ ਨੂੰ, ਪਲ ਪਲ ਚੜ੍ਹਦਾ ਖੁਮਾਰ। ਧਰਤੀ ਦੀਆਂ ਸੋਚਾਂ ਵਿਚ ਤਾਰਿਆਂ ਦੇ ਸੰਗ ਰਹਿਣਾ, ਜੀਵਨ ਦਾ ਸੁਪਨ-ਸਕਾਰ ਅਤੇ ਇਹਦੇ ਵਿਚੋਂ ਹੋਣਾ ਨੇ ਹਾਸਲ ਸਰੂਰ ਤੇ ਮਿਲਣਾ ਏ ਭਿੰਨਾ ਭਿੰਨਾ ਪਿਆਰ। ਧਰਤੀ ਵੀ ਚਾਹੁੰਦੀ ਏ ਕਿ ਰੋਸ਼ਨੀ ਦੇ ਬੀਜ ਇਹਦੀ ਕੁੱਖ ਨੂੰ ਨਸੀਬ ਹੋਣਾ ਅਤੇ ਚਾਨਣ ਦਾ ਕਰਾਂ ਮੈਂ ਵਪਾਰ; ਤਾਂ ਕਿ ਇਹਦੀਆਂ ਜੂਹਾਂ ਵਿਚ ਮੁੱਕ ਜਾਵੇ ਨਫਰਤ ਤੇ ਹਿਰਦਿਆਂ ਵਿਚ ਵੱਸ ਜੇ ਪਿਆਰ। ਧਰਤੀ ਤਾਂ ਸੁੱਖਾਂ ਮੰਗੇ ਤਾਰਿਆਂ ਦੀਆਂ ਨਿਸ ਦਿਨ, ਤਾਰੇ ਬਿਨ ਕਾਹਦਾ ਇਹਦਾ ਜੀਣਾ; ਤਾਰਿਆਂ ਦੀ ਸੰਗਤਾ ਤੇ ਪਾਕੀਜ਼ਗੀ ਦੀ ਭਿੱਜਤਾ ‘ਚੋਂ, ਪਾਕ ਰੂਹਾਂ ਸੰਗ ਥੀਣਾ। ਤਾਰੇ ਜਦ ਜੂਹ ਵਿਚ ਦੀਵੇ ਬਣ ਜਗਦੇ ਨੇ, ਹਨੇਰਿਆਂ ਦਾ ਉਜੜਦਾ ਵਾਸਾ; ਤਾਰਿਆਂ ਦੇ ਸਾਥ ਵਿਚ ਕਾਲਖੀ ਜਿਹੇ ਵਕਤਾਂ ਦਾ, ਇਕ ਦਮ ਬਦਲਦਾ ਖਾਸਾ।
ਕਦੇ ਬਚਪਨ ਦੇ ਉਹ ਦਿਨ ਯਾਦ ਕਰਨਾ, ਜਦ ਤਾਰਿਆਂ ਨੂੰ ਫੜਨ ਨੂੰ ਜੀਅ ਕਰਦਾ ਸੀ। ਇਸ ਨੂੰ ਆਗੋਸ਼ ਵਿਚ ਲੈਣ ਨੂੰ ਮਨ ਕਰਦਾ ਸੀ। ਇਸ ਦੀ ਆਗੋਸ਼ ਵਿਚ ਬਹਿ ਕੇ ਤੋਤਲੀਆਂ ਗੱਲਾਂ ਕਰਨ ਅਤੇ ਤਾਰੇ ਨੂੰ ਆੜੀ ਬਣਾਉਣ ਦੀ ਬਹੁਤ ਤਮੰਨਾ ਹੁੰਦੀ ਸੀ; ਪਰ ਤਾਰੇ ਇੰਨੇ ਦੂਰ ਸਨ ਕਿ ਤਾਰਿਆਂ ਨੂੰ ਮੁੱਠ ਵਿਚ ਲੈਣਾ ਸੰਭਵ ਨਹੀਂ ਸੀ ਹੁੰਦਾ ਅਤੇ ਬਜੁਰਗਾਂ ਦਾ ਵਰਚਾਉਣਾ ਹੀ ਨੀਂਦ ਦੇ ਆਗੋਸ਼ ਵਿਚ ਲੈ ਜਾਂਦਾ ਸੀ। ਤਾਰੇ ਬਣਨ ਦੀ ਚਾਹਤ ਮਨ ਵਿਚ ਪਾਲਣ ਵਾਲੇ ਲੋਕ ਆਖਰ ਨੂੰ ਤਾਰੇ ਬਣਨ ਦੀ ਲੋਚਾ ਨੂੰ ਆਪਣਾ ਹਾਸਲ ਜਰੂਰ ਬਣਾਉਂਦੇ ਹਨ। ਉਨ੍ਹਾਂ ਦੀ ਭਲਿਆਈ ਤੇ ਚੰਗਿਆਈ ਦੀਆਂ ਬਾਤਾਂ ਪਾਓ। ਉਨ੍ਹਾਂ ਤੋਂ ਜ਼ਿੰਦਗੀ ਜਿਉਣ ਦੇ ਗੁਰ ਸਿੱਖੋ। ਉਨ੍ਹਾਂ ਵਾਂਗ ਅੰਤਰੀਵ ਦੀ ਪਵਿੱਤਰਤਾ ਨੂੰ ਆਪਣਾ ਹਕੂਕ ਬਣਾਉਣ ਵੰਨੀਂ ਕਦਮ ਉਠਾਓ। ਤਾਰੇ ਜਿਹਾ ਜਰੂਰ ਬਣ ਜਾਵੋਗੇ।
ਤਾਰਿਆਂ ਦਾ ਕਾਫਲਾ ਸਿਰਫ ਅੰਬਰ ਵਿਚ ਹੀ ਨਹੀਂ ਹੁੰਦਾ, ਤਾਰਿਆਂ ਜਿਹੇ ਕੁਝ ਲੋਕ ਸਾਡੇ ਆਲੇ-ਦੁਆਲੇ ਵੀ ਹੁੰਦੇ, ਉਨ੍ਹਾਂ ਦੇ ਚਾਨਣ ਵਿਚ ਨਹਾਓ। ਖੁਦ ਦੀ ਮਲੀਨਤਾ ਨੂੰ ਉਤਾਰੋ ਅਤੇ ਕਾਲਖੀ ਸੋਚਾਂ, ਕਮੀਨਗੀਆਂ, ਕੁਤਾਹੀਆਂ ਜਾਂ ਕੁਰੀਤੀਆਂ ਨੂੰ ਦੂਰ ਕਰਨ ਦਾ ਉਪਰਾਲਾ ਕਰੋ। ਤਾਰਿਆਂ ਜਿਹੇ ਲੋਕ ਤੁਹਾਡੇ ਅਧਿਆਪਕ, ਮਾਪੇ, ਕੋਈ ਬਜੁਰਗ ਜਾਂ ਚਾਨਣ-ਰੰਗੀ ਸ਼ਖਸੀਅਤ ਹੋ ਸਕਦਾ, ਜਿਨ੍ਹਾਂ ਤੋਂ ਚਾਨਣ ਦੀ ਗੁੜਤੀ ਮਿਲੀ ਹੋਵੇ। ਉਹ ਚਾਨਣ ਦੇ ਵਣਜ ਵਿਚੋਂ ਹੀ ਆਪਣੀ ਸਮੁੱਚਤਾ ਅਤੇ ਉਤਮਤਾ ਨੂੰ ਗ੍ਰਹਿਣ ਕਰਨ ਦੇ ਚਾਹਵਾਨ ਹੁੰਦੇ। ਅਜਿਹੇ ਲੋਕਾਂ ਦੀ ਸੰਗਤ ਮਾਣਨ ਵਾਲੇ ਲੋਕ ਪਾਈਆਂ ਪੈੜਾਂ ਨੂੰ ਹੋਰ ਵਿਸਥਾਰ ਦਿੰਦੇ। ਇਹ ਤਾਰੇ ਹੀ ਬਹੁਤ ਸਾਰੇ ਤਾਰਾ-ਕਾਫਲਿਆਂ ਨੂੰ ਜਨਮਦੇ, ਆਪਣਾ ਜੀਵਨ ਸਫਲਾ ਕਰ ਜਾਂਦੇ।
ਤਾਰਿਆ ਦੀ ਸੱਦ ਲਾਉਣ ਵਾਲੇ ਲੋਕ ਮਨੁੱਖਤਾ ਦੇ ਸੁੱਚੇ ਅਲੰਮਬਰਦਾਰ, ਸੱਚੇ-ਸੁੱਚੇ ਸੇਵਕ। ਉਨ੍ਹਾਂ ਸੇਵ-ਕਮਾਈ ਵਿਚੋਂ ਹੀ ਸਾਧਨਾ ਅਤੇ ਸਮਰਪਣ ਨੂੰ ਨਵੀਆਂ ਬੁਲੰਦੀਆਂ ਮਿਲਦੀਆਂ। ਇਹ ਲੋਕ-ਹੱਕਾਂ ਲਈ ਜੂਝਦੇ ਯੋਧੇ, ਕੁਦਰਤੀ ਸੁੰਦਰਤਾ ਦੀ ਬਰਕਰਾਰੀ ਵਿਚ ਯੋਗਦਾਨ ਪਾਉਣ ਵਾਲੇ ਕਰਮੀ, ਸਦਭਾਵਨਾ ਤੇ ਪ੍ਰੇਮ-ਭਾਵ ਦਾ ਸੁਨੇਹਾ ਦੇਣ ਵਾਲੇ ਸੁ.ਭ-ਚਿੰਤਕ ਅਤੇ ਗਿਆਨ-ਹੀਣਾਂ ਦੇ ਮਸਤਕਾਂ ਵਿਚ ਗਿਆਨ-ਜੋਤ ਜਗਾਉਣ ਵਾਲੇ ਉਦਮੀ ਹੁੰਦੇ, ਜਿਨ੍ਹਾਂ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਤਾਰੇ ਕਦੇ ਅਗਿਆਤ ਨਹੀਂ ਰਹਿੰਦੇ। ਇਨ੍ਹਾਂ ਦੀ ਚਾਨਣ-ਚੋਗ ਬਹੁਤ ਜਲਦੀ ਜੱਗ-ਜਾਹਰ ਹੁੰਦੀ। ਇਹ ਚਾਨਣ-ਸੁਰਤੀ ਨਾਲ ਸੀਰਤ ਤੇ ਸੂਰਤ ਵਿਚੋਂ ਸੁਹਜ, ਸੂਖਮਤਾ ਅਤੇ ਸੁਖਨਭਾਵੀ ਅਹਿਸਾਸ ਮਨ ਵਿਚ ਪੈਦਾ ਕਰਦੇ।
ਤਾਰੇ ਖੁਦ ਨੂੰ ਮਹਾਨ ਨਹੀਂ ਅਖਵਾਉਂਦੇ। ਤਾਰੇ ਸਿਰਫ ਤਾਰੇ ਹੁੰਦੇ ਅਤੇ ਉਨ੍ਹਾਂ ਦਾ ਕਰਮ-ਧਰਮ ਹੁੰਦਾ ਚਾਨਣ ਦੀ ਸੱਦ ਉਸ ਬੀਹੀ ਵਿਚ ਲਾਉਣਾ, ਜਿਸ ਨੂੰ ਰੌਸ਼ਨ-ਰਾਹਾਂ ਦੀ ਲੋੜ ਹੋਵੇ, ਜਿਥੇ ਕੁੱਲੀ ਵਿਚ ਹਨੇਰਾ ਹੋਵੇ ਜਾਂ ਜਿਸ ਘਰ ਦੇ ਆਲ੍ਹੇ ਵਿਚ ਤੇਲ ਹੀਣ ਦੀਵਿਆਂ ਨੂੰ ਬੁੱਝੇ ਰਹਿਣ ਦਾ ਸਰਾਪ ਮਿਲਿਆ ਹੋਵੇ।
ਤਾਰਿਆਂ ਨਾਲ ਗੱਲਾਂ ਕਰੋਗੇ ਤਾਂ ਤਾਰੇ ਦੀ ਆਭਾ ਤੁਹਾਨੂੰ ਕੁਝ ਚੰਗੇਰਾ ਕਰਨ ਲਈ ਪ੍ਰੇਰਿਤ ਕਰੇਗੀ। ਇਸ ਦੀ ਮਹੱਤਤਾ ਵਿਚੋਂ ਹੀ ਮਹਾਨਤਾ ਅਤੇ ਮਸ਼ਹੂਰ ਹੋਣ ਵਿਚਲੇ ਅੰਤਰ ਦੀ ਸੋਝੀ ਹੋਵੇਗੀ।
ਤਾਰੇ ਚੜ੍ਹਦੇ ਨਹੀਂ, ਸਗੋਂ ਤਾਰੇ ਉਗਮਦੇ ਨੇ, ਕਾਲਖੀ ਫਿਜ਼ਾ ‘ਚੋਂ, ਤੰਗੀਆਂ-ਤੁਰਸ਼ੀਆਂ ‘ਚੋਂ, ਪੇਟ ਦੀ ਭੁੱਖ ਨੂੰ ਪੂਰਾ ਕਰਨ ਦੀ ਤਮੰਨਾ ‘ਚੋਂ, ਪਿੰਡੇ ‘ਤੇ ਲੱਗੇ ਫੱਟਾਂ ਦੀ ਚਸਕ ‘ਚੋਂ, ਮਿੱਧੀਆਂ ਲਾਸ਼ਾਂ ‘ਚੋਂ, ਮਧੋਲੇ ਫੁੱਲਾਂ ਦੇ ਦਰਦ ‘ਚੋਂ ਅਤੇ ਬੇਦਰਦਪੁਣੇ ਨੂੰ ਕਿਸਮਤ ਲਕੀਰ ਵਿਚ ਉਕਰਿਆਂ ਦੇਖ ਕੇ।
ਤਾਰੇ ਤਾਂ ਸ਼ਬਦਾਂ ਵਿਚੋਂ ਵੀ ਅਰਥ ਬਣ ਕੇ ਉਗਦੇ ਬਸ਼ਰਤੇ ਸਾਨੂੰ ਅਰਥਾਂ ਦੀ ਤਹਿ ਤੀਕ ਜਾਣ ਅਤੇ ਇਸ ਦੀਆਂ ਪਰਤਾਂ ਫਰੋਲ ਕੇ ਸੁਗਮ ਸੋਚ, ਸ਼ੁਭ-ਸੰਵੇਦਨਾ ਤੇ ਚਾਹਤ-ਚਿੰਤਾ ਨੂੰ ਜੁਸਤਜੂ ਬਣਾਉਣ ਦੀ ਆਦਤ ਹੋਵੇ। ਫਿਕਰ ਵਿਚ ਖੁਦ ਨੂੰ ਧੁਖਾਉਣ ਨਾਲੋਂ ਚੰਗਾ ਹੈ ਕਿ ਫਿਕਰਮੰਦ ਹੋ ਕੇ, ਫਿਕਰਾਂ ਨੂੰ ਫੱਖਰਤਾ ਵਿਚ ਤਬਦੀਲ ਕਰਨ ਦਾ ਰਿਆਜ਼ ਕੀਤਾ ਜਾਵੇ।
ਤਾਰੇ ਤਾਂ ਧਾਰਮਿਕ ਗ੍ਰੰਥਾਂ, ਮਹਾਨ ਕਲਾ-ਕਿਰਤਾਂ ਅਤੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਵਿਚੋਂ ਹੀ ਝਲਕਾਰੇ ਮਾਰਦੇ। ਸਿਰਫ ਇਨ੍ਹਾਂ ਝਲਕਾਰਿਆਂ ਨੂੰ ਰੂਹ ਵਿਚ ਉਤਾਰਨ ਅਤੇ ਇਨ੍ਹਾਂ ਜਿਹਾ ਬਣਨ ਦਾ ਮਨ ਬਣਾ ਲਿਆ ਜਾਵੇ ਤਾਂ ਇਨ੍ਹਾਂ ਤਾਰਿਆਂ ਨੂੰ ਆਪਣੇ ਹੋਂਦ ਦਾ ਮਾਣ ਜਰੂਰ ਹੁੰਦਾ।
ਆਪਣੇ ਹਿੱਸੇ ਦੇ ਤਾਰੇ ਨੂੰ ਉਡੀਕਦੀ ਵਿਯੋਗਣ ਵੀ ਕੂਕਦੀ,
ਤਾਰੇ ਵਰਗਿਆ ਸੱਜਣਾ
ਮੈਂ ਗਲੀਓ ਗਲੀਏ ਕੂਕਾਂ,
ਕੰਨ ਵਲੇਟ ਕਿਥੇ ਤੁਰ ਗਿਉਂ
ਕਦੇ ਸੁਣ ਤੱਤੜੀ ਦੀਆਂ ਹੂਕਾਂ।

ਤਾਰੇ ਵਰਗਿਆ ਸੱਜਣਾ
ਕਦੇ ਆ ਜਾ ਰਾਤ-ਬਰਾਤੇ,
ਅੱਖੀਆਂ ਸੁੱਜੀਆਂ, ਆਸਾਂ ਮੁੱਕੀਆਂ
ਅਸੀਂ ਹਾਰੇ ਕੱਟ ਜਗਰਾਤੇ।

ਤਾਰੇ ਵਰਗਿਆ ਸੱਜਣਾ
ਆ ਮਹਿਕਣ ਲਾ ਦੇ ਰਾਹਾਂ,
ਸਦੀਆਂ ਬੀਤੀਆਂ ਤੈਨੂੰ ਉਡੀਕਾਂ
ਖੜੀ ਹਾਂ ਖੋਲ੍ਹ ਕੇ ਬਾਹਾਂ।

ਤਾਰੇ ਵਰਗਿਆ ਸੱਜਣਾ
ਕਦੇ ਚੜ੍ਹ ਬਨੇਰੇ ਆ ਕੇ,
ਹੌਲੀ ਜਿਹੇ ਹੇਠਾਂ ਆ ਜਾ
ਚਾਅ ਚਹਿਕਣ ਹਿੱਕ ‘ਨਾ ਲਾ ਕੇ।

ਤਾਰੇ ਵਰਗਿਆ ਸੱਜਣਾ
ਕਦੇ ਢੁੱਕ ਨੈਣਾਂ ਦੇ ਬੂਹੇ,
ਮੁੰਦ ਨੈਣੀਂ ਕਰਨ ਵਸੇਬਾ
ਸਾਥੋਂ ਵਿਛੜੇ ਸੁਪਨੇ ਸੂਹੇ।
ਤਾਰੇ ਜਿਹੇ ਸੰਗੀ-ਸਾਥੀਆਂ ਨਾਲ ਦਿਲ ਦੀਆਂ ਤਹਿਆਂ ਫਰੋਲੋ। ਸੁਪਨਿਆਂ ਦੀ ਸਾਂਝ ਪਾਵੋ ਅਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਤਦਬੀਰਾਂ ਦੀ ਘਾੜਤ ਘੜੋ। ਹੋ ਸਕਦਾ ਹੈ ਕਿ ਇਹ ਤਦਬੀਰਾਂ, ਤਕਦੀਰਾਂ ਬਣਨ ਲਈ ਕਾਹਲੀਆਂ ਹੋਣ। ਸਿਰਫ ਤੁਹਾਡੇ ਹੋਸ਼, ਜੋਸ਼ ਅਤੇ ਲੋਚ ਨੂੰ ਹੀ ਉਡੀਕਦੀਆਂ ਹੋਣ। ਤਾਂ ਹੀ ਕਿਹਾ ਜਾਂਦਾ,
ਇਕ ਤਾਰਾ ਮਨ ਦੀ ਜੂਹੇ
ਚਾਨਣ ਵਣਜ ਕਰੇਂਦਾ,
ਅੰਤਰ-ਮਨ ਵਿਚ ਸੁੱਤੀਆਂ ਰੀਝਾਂ
ਹੁੱਝਾਂ ਮਾਰ ਉਠੀਂਦਾ।

ਇਕ ਤਾਰਾ ਆ ਸਰਦਲੀਂ ਵਿਛਿਆ
ਰਾਹਾਂ ਨੂੰ ਰੁਸ਼ਨਾਏ,
ਦਰ ਦੀ ਦਸਤਕ ਬਣ ਕੇ
ਭਾਗ ਬੂਹਿਆਂ ਨੂੰ ਲਾਏ।

ਇਕ ਤਾਰਾ ਵਰਕੀਂ ਚੜ੍ਹਿਆ
ਸ਼ਬਦਾਂ ਦੀ ਜੂਨ ਹੰਢਾਵੇ,
ਸਤਰ ਸਤਰ ਬਣ ਫੈਲਦਾ
ਅਰਥ-ਕਿਰਤ ਬਣ ਜਾਵੇ।

ਇਕ ਤਾਰਾ ਰਾਤੀਂ ਅੰਦਰ ਆ
ਕੰਧਾਂ ਨੂੰ ਘਰ ਬਣਾਵੇ,
ਹਰ ਕਮਰੇ ਤੇ ਖੂੰਜੇ ‘ਚ
ਜੀਵਨ-ਨਾਦ ਉਪਜਾਵੇ।

ਇਕ ਤਾਰਾ ਨੈਣਾਂ ਵਿਚ ਜਗਦਾ
ਸੁਪਨ-ਸੁਪਨ ਹੋ ਜਾਵੇ,
ਤੇ ਇਕ ਰੰਗਲੀ ਰੁੱਤ ਨੂੰ
ਜ਼ਿੰਦਗੀ ਦੇ ਨਾਂ ਲਾਵੇ।

ਇਕ ਤਾਰਾ, ਤਾਰਿਆਂ ਸੰਗ ਰਲ
ਕਾਫਲਾ ਬਣਦਾ ਜਾਵੇ,
ਤੇ ਪਿੰਡ ਦੀ ਫਿਰਨੀ ਦੇ ਵਿਚ
ਸੱਦ ਮਹਿਕ ਦੀ ਲਾਵੇ।

ਇਕ ਤਾਰਾ ਜੋ ਤਾਰੇ ਵਰਗਾ
ਕਿਰਨ-ਕਮਾਈ ਜਾਵੇ,
ਤੇ ਮੋਢੇ ਲਟਕੀ ਖਾਲੀ ਬਗਲੀ
ਮੁੱਠ ਚਾਨਣ ਦੀ ਪਾਵੇ।

ਇਕ ਤਾਰਾ ਮਨ ਦੀ ਨਗਰੀ
ਉਚਾ ਹੋਕਰਾ ਲਾਵੇ,
ਤੇ ਸੁਖਨ-ਸੋਚਾਂ ਦਾ ਸ਼ਜਰਾ
ਕੀਰਤੀ-ਕਰਮ ਬਣਾਵੇ।

ਇਕ ਤਾਰਾ ਅੰਬਰ ਜੂਹੇ
ਤਾਰਿਆਂ ਦਾ ਸੰਗ ਹੰਢਾਵੇ,
ਸਾਹ-ਸੁਰੰਗੀ ਦੀ ਸੋਗੀ ਸੁਰ ਨੂੰ
ਸੂਹੀ ਰਾਗ ਬਣਾਵੇ।
ਤਾਰੇ, ਅੰਬਰ ਦਾ ਮਾਣ। ਕੁਦਰਤੀ ਬਖਸ਼ਿਸਾਂ ਦਾ ਭੰਡਾਰ ਅਤੇ ਨਹੀਂ ਕੋਈ ਪਾਰਾਵਾਰ। ਤਾਰਿਆਂ ਕਾਰਨ ਹੀ ਅੰਬਰ ਦੀ ਪਛਾਣ। ਤਾਰਿਆਂ ਬਿਨਾ ਅੰਬਰ ਕਾਹਦਾ ਅਤੇ ਕੀ ਏ ਇਸ ਦੀ ਔਕਾਤ। ਅੰਬਰ ਹੋਵੇ ਤਾਂ ਤਾਰੇ ਵੱਸਦੇ, ਬਿਨ ਤਾਰੇ ਅੰਬਰ ਨਹੀਂ ਜੱਚਦੇ।
ਤਾਰਿਆਂ ਦੀਆਂ ਬਹੁਤ ਸਾਰੀਆਂ ਅਕਾਸ਼-ਗੰਗਾਵਾਂ। ਅਣਮਿਣੀਆਂ ਨੇ ਇਨ੍ਹਾਂ ਦੀਆਂ ਦੂਰੀਆਂ। ਅਣਗਿਣਤ ਏ ਇਨ੍ਹਾਂ ਦੀ ਗਿਣਤੀ, ਪਰ ਹਰ ਤਾਰੇ ਦਾ ਆਪੋ-ਆਪਣਾ ਕਿਰਦਾਰ, ਵਿਹਾਰ ਅਤੇ ਪਸਾਰ; ਪਰ ਇਹ ਤਾਰੇ ਰੋਸ਼ਨੀ ਨੂੰ ਚੌਫੇਰੇ ਵੰਡਣ ਵਿਚ ਕੋਈ ਹੇਰਾਫੇਰੀ ਜਾਂ ਕਾਣੀ ਵੰਡ ਨਹੀਂ ਕਰਦੇ, ਸਗੋਂ ਹਰ ਤਲੀ ‘ਤੇ ਤਾਰਿਆਂ ਦੀ ਮੁੱਠ ਧਰਦੇ।
ਕਈ ਵਾਰ ਜਦ ਤਾਰਿਆਂ ਨੂੰ ਦੇਖਦੇ ਹਾਂ ਤਾਂ ਤਾਰਾ ਬਣ ਚੁਕੇ ਆਪਣੇ ਯਾਦ ਆਉਂਦੇ। ਭਾਵੇਂ ਉਹ ਮਾਪੇ ਹੋਣ, ਜੀਵਨ ਸਾਥੀ ਹੋਵੇ ਜਾਂ ਪਿਆਰਾ, ਜਿਸ ਨੇ ਸਾਨੂੰ ਆਪਣੇ ਸਾਹਾਂ ਨਾਲੋਂ ਵੀ ਵੱਧ ਪਿਆਰ ਕੀਤਾ ਹੋਵੇ ਅਤੇ ਜਿਨ੍ਹਾਂ ਦੀਆਂ ਮਿਹਰਬਾਨੀਆਂ ਸਦਕਾ ਜ਼ਿੰਦਗੀ ਹੀ ਜਿਉਣ ਦਾ ਨਾਮ ਬਣੀ।
ਚਾਨਣ ਵੰਡਦੇ ਤਾਰੇ ਬਹੁਤ ਚੰਗੇ ਲੱਗਦੇ, ਪਰ ਰਾਤ ਵੀ ਚੰਗੀ ਲੱਗਦੀ ਕਿਉਂਕਿ ਰਾਤ ਕਰਕੇ ਹੀ ਸਾਨੂੰ ਤਾਰਿਆਂ ਦੀ ਹੋਂਦ ਅਤੇ ਇਨ੍ਹਾਂ ਦੇ ਜਲੌਅ ਦਾ ਜਲਵਾ ਨਜ਼ਰ ਆਉਂਦਾ। ਦਿਨ ਵੇਲੇ ਤਾਂ ਸੂਰਜ ਦੀ ਰੋਸ਼ਨੀ ਵਿਚ ਬਾਕੀ ਤਾਰੇ ਓਹਲੇ ਹੋ ਜਾਂਦੇ ਨੇ।
ਤਾਰਿਆਂ ਵੱਲ ਦੇਖੋ। ਉਨ੍ਹਾਂ ਨੂੰ ਨਿਹਾਰੋ। ਉਨ੍ਹਾਂ ਦੇ ਦੀਦਿਆਂ ਵਿਚ ਝਾਕੋ। ਫਿਰ ਪਤਾ ਲੱਗੇਗਾ ਕਿ ਤਾਰੇ ਤੁਹਾਨੂੰ ਹੀ ਦੇਖਣ ਲਈ ਹਰ ਰਾਤ ਨੂੰ ਅੰਬਰ-ਵਿਹੜੇ ਵਿਚ ਦਸਤਕ ਦਿੰਦੇ; ਪਰ ਅਜੋਕੇ ਮਨੁੱਖ ਨੇ ਖੁਦ ਨੂੰ ਕਮਰਿਆਂ ਵਿਚ ਬੰਦ ਕਰਕੇ ਤਾਰਿਆਂ ਦੀ ਇਹ ਚਾਹਨਾ ਵੀ ਮਰਨਾਊ ਕਰ ਦਿਤੀ ਏ।
ਤਾਰਿਆਂ ਭਰੀ ਰਾਤ ਵਿਚ ਸੱਜਣ-ਪਿਆਰੇ ਨਿੱਘਾ ਸਾਥ ਮਾਣਦੇ। ਨਿੱਕੀਆਂ-ਨਿੱਕੀਆਂ ਗੱਲਾਂ ਜਾਂ ਚੁੱਪ ‘ਚੋਂ ਬਹੁਤ ਕੁਝ ਕਹਿਣ ਦਾ ਅੰਦਾਜ਼ ਤੇ ਅਭਾਵ ਜਦ ਤਾਰਿਆਂ ਨੂੰ ਹੁੰਦਾ ਤਾਂ ਤਾਰੇ ਹੁਲਾਸ ਨਾਲ ਭਰ ਜਾਂਦੇ। ਇਸ ਵਿਚੋਂ ਹੀ ਸੱਜਣ-ਪਿਆਰਿਆਂ ਨੂੰ ਰੂਹ-ਸ਼ਰਸ਼ਾਰਤਾ ਨਸੀਬ ਹੁੰਦੀ।
ਤਾਰਿਆਂ ਜਿਹੇ ਵਿਚਾਰ ਜਦ ਕਿਸੇ ਸ਼ਖਸੀਅਤ ਨੂੰ ਬਿਆਨਦੇ ਤਾਂ ਤਾਰਿਆਂ ਦਾ ਸ਼ਰਫ ਮਨ ਦੀਆਂ ਝੀਤਾਂ ਵਿਚੋਂ ਬਾਹਰ ਨੂੰ ਝਾਤੀਆਂ ਮਾਰਦਾ।
ਤਾਰੇ ਹੀ ਯਾਦ ਕਰਵਾਉਂਦੇ ਨੇ ਪਿਆਰ-ਪਰੁੱਚੀ ਮਿਲਣੀ, ਇਕਾਂਤ ਵਿਚ ਮਾਣੀ ਰੂਬਰੂਤਾ, ਇਕੱਲ ਨਾਲ ਰਚਾਏ ਸੰਵਾਦ, ਮਨ-ਬਰੂਹਾਂ ਵਿਚ ਮਾਰੀਆਂ ਝਾਤੀਆਂ ਅਤੇ ਹਨੇਰੀਆਂ ਕੰਦਕਾਂ ਵਿਚ ਮਾਰੇ ਚਾਨਣ ਦੇ ਛੱਟੇ।
ਤਾਰੇ ਹੀ ਹੁੰਦੇ, ਜੋ ਕਿਸਮਤ ਸਿਤਾਰੇ ਬਣ ਕੇ ਕਰਮ-ਰੇਖਾਵਾਂ ਨੂੰ ਉਲੀਕਣ ਲਈ ਹੱਥ ਦੀਆਂ ਲਕੀਰਾਂ ਵਿਚ ਉਗਦੇ ਅਤੇ ਕਰਮਸ਼ੈਲੀ ਵਿਚ ਕਰਮਯੋਗਤਾ ਉਪਜਾਉਂਦੇ।
ਤਾਰਿਆਂ ਦੀ ਰਾਤ-ਥਾਲੀ ਨੂੰ ਛਲਕਾਉਣਾ ਅਤੇ ਰਾਤ ਦੀ ਚੁੱਪ ਨਾਲ ਸੰਵਦ ਰਚਾਉਣਾ, ਤੁਹਾਨੂੰ ਕਾਇਨਾਤੀ ਅਹਿਸਾਸ ਦੀ ਭਰਪੂਰਤਾ ਦਾ ਅਹਿਸਾਸ ਹੋਵੇਗਾ। ਇਸੇ ਲਈ ਹੀ ਘਰ-ਰੂਪੀ ਘੁਰਨਿਆਂ ਵਿਚ ਬੰਦ ਲੋਕ, ਛੁੱਟੀਆਂ ਦੌਰਾਨ ਕੈਂਪਿੰਗ ਕਰਨ ਲਈ, ਘਰਾਂ ਤੋਂ ਦੂਰ ਜੰਗਲਾਂ ਵਿਚ ਕੁਝ ਦਿਨ ਕੱਟ, ਤਰੋ-ਤਾਜ਼ੇ ਹੋ ਕੇ ਜੀਵਨ-ਦੌੜ ਵਿਚ ਮੁੜ ਤੋਂ ਸ਼ਾਮਲ ਹੋ ਜਾਂਦੇ ਨੇ। ਸ਼ਾਇਦ ਉਹ ਬੀਤੇ ਨੂੰ ਫਿਰ ਜਿਉਣਾ ਲੋਚਦੇ ਨੇ, ਜੋ ਕਦੇ ਉਨ੍ਹਾਂ ਦੇ ਬਜੁਰਗਾਂ ਦਾ ਜੀਵਨ ਢੰਗ ਹੁੰਦਾ ਸੀ।
ਤਾਰਿਆਂ ਦੇ ਛੱਜ ਵਿਚ ਜਦ ਕਿਸੇ ਨੂੰ ਛੱਟਿਆ ਜਾਂਦਾ ਤਾਂ ਇਸ ਵਿਚੋਂ ਨਾ-ਚਾਹੁੰਦਿਆਂ ਵੀ ਕਿਰਨਾਂ ਦੀ ਖੁਸ਼ਬੋਈ ਹੀ ਬਾਹਰ ਨਿਕਲਦੀ। ਤਾਰਿਆਂ ਵਿਚ ਕਦੇ ਮਿੱਟੀ-ਘੱਟਾ ਜਾਂ ਕੱਖ-ਕਾਨ ਨਹੀਂ ਹੁੰਦਾ। ਸਗੋਂ ਉਹ ਤਾਂ ਮੋਤੀ ਹੁੰਦੇ, ਜਿਸ ਦੇ ਚਾਨਣ ਵਿਚ ਜ਼ਿੰਦਗੀ ਨੂੰ ਆਪਣੇ ਹੁਸੀਨ, ਸੁੰਦਰਤਾ ਅਤੇ ਸੁਹੱਪਣ ਦਾ ਸਦਭਾਵ ਹੁੰਦਾ।
ਤਾਰਾ ਹਰ ਪੜਾਅ ‘ਤੇ ਆਪਣੀ ਨੇਕਨੀਤੀ ਨੂੰ ਨਹੀਂ ਤਿਆਗਦਾ। ਟੁੱਟਦਾ ਤਾਰਾ ਵੀ ਚਾਨਣ ਦੀ ਲਕੀਰ ਅੰਬਰ ਦੀ ਜੂਹ ਵਿਚ ਖਿੱਚਦਾ, ਧਰਤ ਨਾਂਵੇਂ ਰੋਸ਼ਨੀ ਹੀ ਕਰਦਾ ਤਾਂ ਕਿ ਉਹ ਆਖਰੀ ਪਲਾਂ ਵਿਚ ਵੀ ਰਾਹ ਭੁੱਲ ਚੁਕੇ ਰਾਹਗੀਰ ਦਾ ਰਾਹ ਰੁਸ਼ਨਾ ਕੇ ਉਸ ਨੂੰ ਮੰਜ਼ਿਲ ਦੀ ਦੱਸ ਪਾ ਸਕੇ ਅਤੇ ਕਿਸੇ ਦੇ ਜੀਵਨ ਨੂੰ ਸੁਹੰਢਤਾ ਅਤੇ ਸਦੀਵਤਾ ਦੇਣ ਵਿਚ ਯੋਗਦਾਨ ਪਾ ਸਕੇ।
ਖੁਦਾ ਕਰੇ! ਤੁਹਾਡੇ ਕਰਮ-ਖੇਤ ਵਿਚ ਤਾਰਿਆਂ ਦੀ ਫਸਲ ਮੌਲਦੀ ਰਹੇ ਤਾਂ ਕਿ ਤਾਰਿਆਂ ਦੇ ਬੋਹਲ ਨਾਲ ਜ਼ਿੰਦਗੀ ਨੂੰ ਜਿਉਣ ਦਾ ਹੁਨਰ ਅਤੇ ਹਾਸਲ ਨਸੀਬ ਹੁੰਦਾ ਰਹੇ। ਤਾਰਿਆਂ ਨਾਲ ਭਰੇ ਹੋਏ ਭੜੋਲੇ ਹੀ ਘਰਾਂ ਦੇ ਭਾਗ ਹੁੰਦੇ। ਬੋਝੇ ਵਿਚ ਪਏ ਤਾਰਿਆਂ ਦਾ ਬਹੁਤ ਆਸਰਾ ਹੁੰਦਾ, ਕਿਉਂਕਿ ਤਾਰੇ ਹੀ ਡੋਲਦੇ ਕਦਮਾਂ ਨੂੰ ਸਥਿਰਤਾ, ਔਝੜ ਰਾਹਾਂ ਨੂੰ ਪੈੜ ਦਾ ਸਿਰਨਾਂਵਾਂ ਅਤੇ ਅਪਹੁੰਚ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦਾ ਸੰਦੇਸ਼ ਹੁੰਦੇ।
ਤਾਰੇ ਜਿਹਾ ਬਣਨ ਦੀ ਲੋਚਾ ਮਨ ਵਿਚ ਪੈਦਾ ਕਰਨੀ। ਇਹ ਧਰਤੀ ਵੀ ਤਾਰਿਆਂ ਦੀ ਜਾਈ ਬਣ ਕੇ, ਅੰਬਰ ਨਾਲ ਹਿੱਕ ਮੇਚਣ ਦੇ ਯੋਗ ਹੋ ਜਾਵੇਗੀ।