ਧਰਤੀ ਦਾ ਆਵਾਰਾ ਪੁੱਤ ਚਾਰਲਸ ਡਾਰਵਿਨ

ਹਰਮਨ
ਇਹ ਸਾਰਾ ਕੁਝ ਇੰਗਲੈਂਡ ਦੇ ਸ਼ਹਿਰ ਸ਼ਰੂਜ਼ਬਰੀ ਨੇੜੇ ਨਿੱਕੇ ਜਿਹੇ ਪਹਾੜ ਹੌਗਮੰਡ ਕੋਲ ਵਾਪਰ ਰਿਹਾ ਸੀ, ਜਿੱਥੇ ਇੰਨੀਆਂ ਪੁਰਾਣੀਆਂ ਚੱਟਾਨਾਂ ਸਨ, ਜੋ ਧਰਤੀ ਦੇ ਮੁਢਲੇ ਦਿਨਾਂ ਦੀ ਨਿਸ਼ਾਨਦੇਹੀ ਕਰਦੀਆਂ ਸਨ। ਸ਼ਰੂਜ਼ਬਰੀ ਦਾ ਨਿੱਕੀ ਜਿਹੀ ਉਮਰ ਦਾ ਮੁੰਡਾ ਚਾਰਲਸ ਡਾਰਵਿਨ ਇਨ੍ਹਾਂ ਚੱਟਾਨਾਂ ਨੂੰ ਆਪਣੇ ਨੰਗੇ ਹੱਥਾਂ ਨਾਲ ਛੂਹ ਬੈਠਾ। ਚੱਟਾਨਾਂ ਵਿਚ ਤਪਦਾ ਕਰੋੜਾਂ ਸਾਲਾਂ ਦਾ ਇਲਮ ਡੂੰਘੀ ਨੀਂਦ ਵਿਚੋਂ ਜਾਗ ਉਠਿਆ ਤੇ ਕਿੱਸਾ, ਜਿਸ ਨੇ ਇੱਕ ਦਿਨ ਸ਼ੁਰੂ ਹੋਣਾ ਹੀ ਸੀ, ਸ਼ੁਰੂ ਹੋ ਗਿਆ।

ਡਾਰਵਿਨ ਦੇ ਸ਼ਹਿਰ ਦਾ ਮੈਲੀ ਜਿਹੀ ਦਾੜ੍ਹੀ ਤੇ ਮਧਰੇ ਜਿਹੇ ਕੱਦ ਵਾਲਾ ਬਜੁਰਗ, ਜਿਸ ਨੇ ਆਪਣੀ ਸਾਰੀ ਉਮਰ ਉਜਾੜਾਂ ਵਿਚੋਂ ਤੀਲ੍ਹੇ ਇਕੱਠੇ ਕਰਦਿਆਂ ਲੰਘਾ ਦਿੱਤੀ ਸੀ, ਰੋਜ਼ ਕਿਸੇ ਨੁੱਕਰ ਵਿਚ ਬੈਠਾ ਬੱਚਿਆਂ ਨੂੰ ਕੋਈ ਕਹਾਣੀ-ਨੁਮਾ ਗੱਲ ਸੁਣਾਉਂਦਾ। ਉਹਦੀ ਇਹ ਬਾਤ ਡਾਰਵਿਨ ਨੂੰ ਬੜੀ ਪਸੰਦ ਆਉਂਦੀ ਸੀ, “ਕਹਿੰਦੇ ਕੁਦਰਤ ਨੇ ਜਦੋਂ ਆਪਣੀਆਂ ਭਰਵੀਆਂ ਅੱਖਾਂ ਨਾਲ ਪਹਿਲੀ ਵਾਰੀ ਧਰਤੀ ਦਾ ਹੁਸਨ ਦੇਖਿਆ ਤੇ ਝਾੜੀਆਂ ਨਾਲ ਖਹਿੰਦੀਆਂ ਸੱਪਣੀਆਂ ਦੀ ਸਰਸਰਾਹਟ ਸੁਣੀ ਤਾਂ ਉਹ ਰੱਜ ਕੇ ਰੋਈ। ਉਹਦੀਆਂ ਅੱਖਾਂ ਦੇ ਪਾਣੀ ਨੇ ਰੇਤੇ-ਮਿੱਟੀ ਵਿਚ ਘੁਲ ਕੇ ਗਾਰੇ ਦੀ ਸਿਰਜਣਾ ਕੀਤੀ ਤੇ ਇਸੇ ਗਾਰੇ ਵਿਚੋਂ ਮਨੁੱਖਾਂ ਦੇ ਚੂਲਿਆਂ-ਚੱਪਣੀਆਂ ਨੇ ਆਕਾਰ ਲਿਆ। ਧੁੱਪ ਵਿਚ ਮਨੁੱਖ ਦੀ ਕੰਗਰੋੜ ਪੱਕਦੀ ਰਹੀ ਤੇ ਭਾਂਤ-ਭਾਂਤ ਦੇ ਪੰਛੀ ਉਹਦੇ ਸਿਰ ਤੋਂ ਉਡਦੇ ਗਏ।”
ਇਹ ਸਭ ਸੁਣਦੇ ਡਾਰਵਿਨ ਨੂੰ ਲੱਗਣ ਲੱਗਦਾ, ਜਿਵੇਂ ਉਸ ਬਜੁਰਗ ਦੇ ਪੁਰਾਣੇ ਤੇ ਬਦਬੂਦਾਰ ਕੋਟ ਵਿਚੋਂ ਰੰਗ-ਬਿਰੰਗੇ ਤੋਤੇ ਤੇ ਸੱਪ ਨਿਕਲ-ਨਿਕਲ ਕੇ ਬਾਹਰ ਭੱਜ ਰਹੇ ਹੋਣ। ਬਾਤ ਸੁਣ ਕੇ ਉਹ ਇਕਦਮ ਜੰਗਲ ਵਾਲੇ ਪਾਸੇ ਭੱਜ ਜਾਂਦਾ ਤੇ ਆਪਣੇ ਪਿੰਡੇ ਉਤੇ ਰੇਤਾ ਮਲ ਕੇ ਉਹ ਥਾਂ ਲੱਭਣ ਲੱਗ ਜਾਂਦਾ, ਜਿੱਥੇ ਉਚੇ ਰੁੱਖਾਂ ਦੀਆਂ ਟਾਹਣੀਆਂ ਵਿਚੋਂ ਚੱਪਾ ਕੁ ਧੁੱਪ ਡੁੱਲ੍ਹਦੀ ਹੁੰਦੀ ਸੀ। ਅਕਸਰ ਉਸ ਦਾ ਸਾਹ ਚੜ੍ਹਿਆ ਹੁੰਦਾ ਤੇ ਅਕਸਰ ਲੇਟੇ ਹੋਏ ਦਾ ਉਸ ਦਾ ਢਿੱਡ ਕਿਸੇ ਨਗਾਰੇ ਵਾਂਗੂੰ ਉਪਰ-ਥੱਲੇ ਵੱਜਦਾ। ਉਹਨੂੰ ਕੋਈ ਖਿਆਲ ਨਾ ਰਹਿੰਦਾ, ਕਦੋਂ ਉਹਦੇ ਪਿੰਡੇ ‘ਤੇ ਚੜ੍ਹ ਕੇ ਨਿੱਕੇ-ਨਿੱਕੇ ਕੀਟ ਕਈ ਤਰ੍ਹਾਂ ਦੀਆਂ ਖੇਡਾਂ ਖੇਡਣ ਲੱਗਦੇ।
ਜਦੋਂ ਸਕੂਲ ਵਿਚ ਸਾਰੀ ਜਮਾਤ ਅਲਜਬਰੇ ਦੇ ਸੁਆਲ ਸਮਝ ਰਹੀ ਹੁੰਦੀ, ਡਾਰਵਿਨ ਆਪਣੀ ਕਿਸੇ ਕਪਲਨਾ ਵਿਚ ਗੁੰਮ ਉਨ੍ਹਾਂ ਜੰਗਲੀ ਚਿੜੀਆਂ ਦੀ ਗਰਦਨ ‘ਤੇ ਬਣੇ ਨਿੱਕੇ-ਨਿੱਕੇ ਧੱਬਿਆਂ ਦੀ ਗਿਣਤੀ ਕਰ ਰਿਹਾ ਹੁੰਦਾ, ਜੋ ਸਕੂਲੋਂ ਮੁੜਦੇ ਨੂੰ ਰੋਜ਼ ਉਸ ਨੂੰ ਪੁਰਾਣੇ ਰੁੱਖ ਦੇ ਮੁੱਢ ਕੋਲ ਬੈਠੀਆਂ ਮਿਲਦੀਆਂ। ਜਮਾਤ ਵਿਚ ਬੈਠਿਆਂ ਉਸ ਦੀਆਂ ਅੱਖਾਂ ਕਦੇ ਤਾਂ ਮਿਰਗਾਂ ਵਾਂਗੂੰ ਲਿਸ਼ਕਣ ਲੱਗ ਜਾਂਦੀਆਂ ਤੇ ਕਦੇ ਕਿਸੇ ਅਣਜਾਣੀ ਉਦਾਸੀ ਵਿਚ ਗੁਆਚ ਜਾਂਦੀਆਂ। ਚੜ੍ਹਦੀ ਜਵਾਨੀ ਦੇ ਮੁੱਢਲੇ ਸਾਲਾਂ ਵਿਚ ਉਹਨੇ ਆਪਣੇ ਭਰਾ ਨਾਲ ਮਿਲ ਕੇ ਘਰ ਦੇ ਗਾਰਡਨ ਦੀ ਇੱਕ ਨੁੱਕਰ ਵਿਚ ਨਿੱਕੀ ਜਿਹੀ ਪ੍ਰਯੋਗਸ਼ਾਲਾ ਵੀ ਬਣਾ ਲਈ ਸੀ, ਜਿੱਥੇ ਉਹਨੇ ਰਸਾਇਣ ਵਿਗਿਆਨ ਦੇ ਮੁਢਲੇ ਸਿਧਾਂਤਾਂ ਬਾਰੇ ਜਾਣਿਆ। ਦਿਮਾਗ ਵਿਚ ਹੁੰਦੀ ਰਹਿੰਦੀ ਉਥਲ-ਪੁੱਥਲ ਉਹਦੀਆਂ ਨਾੜਾਂ ਵਿਚ ਬੇਚੈਨੀ ਬਣ ਕੇ ਨੱਸਦੀ ਰਹਿੰਦੀ। ਦੁਨੀਆਂ ਘੁੰਮਣ ਤੇ ਜੀਵ-ਜੰਤੂਆਂ ਦੀ ਅੱਥਰੀ ਦੁਨੀਆਂ ਬਾਰੇ ਜਾਣਨ ਦੇ ਸ਼ੌਕ ਅਤੇ ਪਿਤਾ ਵਲੋਂ ਰੋਜ਼ ਦੀਆਂ ਫਿਟਕਾਰਾਂ ਨੇ ਆਖਰ ਇੱਕ ਦਿਨ ਉਸ ਤੋਂ ਉਹਦਾ ਘਰ ਛੁਡਾ ਦਿੱਤਾ।
ਲਗਾਤਾਰ ਕਈ ਸਾਲ ਉਹ ਆਪਣੀ ਮਿੱਤਰ ਮੰਡਲੀ ਨਾਲ ਦੱਖਣੀ ਅਮਰੀਕਾ ਦੇ ਸੁਪਨਿਆਂ ਜਿਹੇ ਟਾਪੂਆਂ ‘ਤੇ ਮੰਡਰਾਉਂਦਾ ਰਿਹਾ। ਹਰ ਵਕਤ ਬਾਰਿਸ਼ਾਂ ਨਾਲ ਗਿੱਲੇ ਰਹਿੰਦੇ ਤੇ ਚਿੱਕੜ ਨਾਲ ਭਰੇ ਜੰਗਲ ਉਸ ਦਾ ਨਵਾਂ ਘਰ ਬਣ ਗਏ। ਧਰਤੀ ਵਿਚ ਦੱਬੀਆਂ ਹਜ਼ਾਰਾਂ ਸਾਲ ਪੁਰਾਣੀਆਂ ਹੱਡੀਆਂ ਉਹਨੂੰ ਪਵਿਤਰ ਗ੍ਰੰਥਾਂ ਜਿਹੀਆਂ ਲੱਗੀਆਂ ਤੇ ਉਹਦਾ ਸਾਰਾ ਦਿਨ ਖੁਦਾਈ ਕਰਦਿਆਂ ਲੰਘ ਜਾਂਦਾ। ਉਹਨੂੰ ਜਾਪਦਾ ਜਿਵੇਂ ਹਰ ਅਵਸ਼ੇਸ਼ ਆਪਣੇ ਅੰਦਰ ਦੁਨੀਆਂ ਦੀ ਮਹਾਨ ਵਿੱਦਿਆ ਸੰਭਾਲੀ ਬੈਠਾ ਹੋਵੇ। ਜਦੋਂ ਸਮੁੰਦਰ ਵਲੋਂ ਠੰਢੀ ਹਵਾ ਦੇ ਬੁੱਲੇ ਆਉਂਦੇ, ਉਦੋਂ ਕਦੇ ਕਦੇ ਵਿਹਲ ਵਿਚ ਉਹਨੂੰ ਸ਼ੇਕਸਪੀਅਰ ਪੜ੍ਹਨਾ ਚੰਗਾ ਲੱਗਦਾ।
ਪੌਦਿਆਂ ਦੇ ਤਣਿਆਂ ਦੇ ਬਾਰੀਕ ਰੇਸ਼ਿਆਂ ਨੂੰ ਪਿਆਰ ਨਾਲ ਨੇੜਿਓਂ ਤੱਕਣ ‘ਤੇ ਉਹਨੂੰ ਲੱਗਦਾ ਕਿ ਇਹ ਵੀ ਬੜੀ ਲੰਮੀ ਦਾਸਤਾਨ ਦੇ ਹਸੀਨ ਪਾਤਰ ਹਨ, ਜੋ ਅੱਜ ਵੀ ਇਨ੍ਹਾਂ ਰੇਸ਼ਿਆਂ ਦੀਆਂ ਰਹੱਸਮਈ ਦੇਹਾਂ ਵਿਚ ਸੁਰੱਖਿਅਤ ਪਈਆਂ ਹਨ। ਕਿਸੇ ਵੀ ਸਭਿਅਤਾ ਦੀ ਮਹਾਨ ਕਿਤਾਬ ਪਹਿਲਾਂ ਇਨ੍ਹਾਂ ਰੇਸ਼ਿਆਂ ਵਿਚੋਂ ਗੁਜ਼ਰਦੀ ਹੈ ਤੇ ਫਿਰ ਛਾਪੇਖਾਨਿਆਂ ਵਿਚ ਉਤਰਦੀ ਹੈ।
ਇਨ੍ਹਾਂ ਟਾਪੂਆਂ ਤੋਂ ਇਲਾਵਾ ਜਿਹੜੀ ਧਰਤੀ ਦੀ ਵੀ ਡਾਰਵਿਨ ਨੂੰ ਸੱਦ ਪਈ, ਉਹ ਹਰ ਉਸ ਥਾਂ ‘ਤੇ ਘੁੰਮਿਆ। ਸੁੱਕੇ ਹੋਏ ਪੱਤੇ, ਮੱਛੀਆਂ ਦੀ ਚਮੜੀ ਦੀਆਂ ਉਪਰਲੀਆਂ ਤਹਿਆਂ, ਚੀਲਾਂ ਜਿਹੇ ਕਿਸੇ ਪੰਛੀ ਦੇ ਖੰਭ, ਕਬੂਤਰਾਂ ਦੇ ਪੰਜੇ, ਸੱਪ ਤੇ ਬਾਘਾਂ ਦੇ ਜਬਾੜੇ ਦੀਆਂ ਬਣਤਰਾਂ ਉਸ ਦੀ ਪੋਟਲੀ ਵਿਚੋਂ ਬਾਹਰ ਖੁੱਲ੍ਹੇ ਅਸਮਾਨ ਵਲ ਝਾਕਦੇ ਤਾਂ ਡਾਰਵਿਨ ਮੁਸਕਰਾ ਪੈਂਦਾ। ਉਹ ਛੱਪੜ ਕਿਨਾਰੇ ਬੈਠਾ ਜੰਗਲੀ ਬੱਤਖਾਂ ਦੀਆਂ ਚੁੰਝਾਂ ਨੂੰ ਗਹੁ ਨਾਲ ਦੇਖਦਾ-ਪਰਖਦਾ ਤਾਂ ਸਾਰੀ ਪ੍ਰਿਥਵੀ ਦੇ ਪੌਣ-ਪਾਣੀਆਂ ਦੇ ਖਾਕੇ ਬੱਤਖਾਂ ਦੀ ਚੁੰਝ ਵਿਚੋਂ ਲੰਘਣ ਲੱਗਦੇ ਤੇ ਕੋਈ ਲੜੀ ਉਸ ਦੇ ਚੇਤਨ ਅਤੇ ਅਚੇਤ ਮਨ ਦੇ ਵਿਚਾਲੇ ਜੁੜਨ ਲੱਗਦੀ। ਜਦੋਂ ਕਾਫੀ ਸਾਲ ਦੀ ਆਵਾਰਗੀ ਪਿੱਛੋਂ ਡਾਰਵਿਨ ਘਰ ਪਰਤਿਆ ਤਾਂ ਉਹਦੀ ਖੋਪੜੀ ਪਹਿਲਾਂ ਜਿਹੀ ਨਾ ਰਹੀ। ਇਸ ਵਿਚ ਹੋਰ ਹਜ਼ਾਰਾਂ ਸਵਾਲ ਸਿਰ ਚੁੱਕਣ ਲੱਗੇ ਸਨ। ਉਸ ਦੇ ਵਹਿਮੀ ਪਿਤਾ ਨੂੰ ਤਾਂ ਇਉਂ ਵੀ ਲੱਗਦਾ ਜਿਵੇਂ ਡਾਰਵਿਨ ਦੇ ਸਿਰ ਦੀ, ਉਸ ਦੀ ਖੋਪੜੀ ਦੀ ਬਾਹਰੀ ਬਣਤਰ ਵਿਚ ਵੀ ਤਬਦੀਲੀ ਆ ਗਈ ਹੋਵੇ। ਮੱਥੇ ਉਤੇ ਹੱਥ ਮਾਰਦਾ ਉਹ ਆਪਣੇ ਪੁੱਤ ਦੀ ਕਿਸਮਤ ਨੂੰ ਕੋਸਦਾ। ਡਾਰਵਿਨ ਆਪਣੇ ਨਾਲ ਤਿੰਨ ਵੱਡ-ਆਕਾਰੀ ਕੱਛੂ ਵੀ ਲਿਆਇਆ ਸੀ, ਜਿਨ੍ਹਾਂ ‘ਚੋਂ ਇੱਕ ਦੀ ਮੌਤ 2007 ਵਿਚ ਆਸਟਰੇਲੀਆ ਦੇ ਚਿੜੀਆਘਰ ਵਿਚ ਹੋਈ।
ਜਦੋਂ ਘਰ ਦੇ ਮੈਂਬਰ ਕਿਸੇ ਪਾਰਟੀ ਵਿਚ ਸ਼ਿਰਕਤ ਕਰ ਰਹੇ ਹੁੰਦੇ ਜਾਂ ਜਸ਼ਨ ਦੇ ਮਾਹੌਲ ਵਿਚ ਨੱਚ ਰਹੇ ਹੁੰਦੇ ਤਾਂ ਡਾਰਵਿਨ ਮੁੰਡਿਆਂ ਦੀ ਭੀੜ ਨੂੰ ਕਿਸੇ ਸਮੁੰਦਰੀ ਜੀਵ ਦੇ ਲਾਰਵੇ ਦੇ ਰਹੱਸਮਈ ਢੰਗ ਨਾਲ ਪਾਣੀ ਵਿਚ ਤੈਰਨ ਬਾਰੇ ਦੱਸ ਰਿਹਾ ਹੁੰਦਾ। ਭਾਂਤ-ਭਾਂਤ ਦੇ ਸੁਆਲ ਉਹਨੂੰ ਟਿਕਣ ਨਾ ਦਿੰਦੇ। ਇਹ ਸਾਰੇ ਸੁਆਲ ਤੇ ਇਨ੍ਹਾਂ ਦੇ ਅਸਰਦਾਰ ਜਵਾਬ ਹੀ ਉਸ ਦੀ ਯੁੱਗ ਪਲਟਾਊ ਕਿਤਾਬ ‘ਔਰਿਜਨ ਔਫ ਸਪੀਸੀਜ਼’ ਦੇ ਰੂਪ ਵਿਚ ਦੁਨੀਆਂ ਸਾਹਮਣੇ ਆਏ ਤੇ ਸਾਰੇ ਜੱਗ ਸਾਹਮਣੇ ਡਾਰਵਿਨ ਨੇ ਐਲਾਨ ਕਰ ਦਿੱਤਾ ਕਿ ਸਾਨੂੰ ਕਿਸੇ ਰੱਬ ਨੇ ਸੱਤ ਦਿਨਾਂ ਵਿਚ ਨਹੀਂ ਸਾਜਿਆ। ਇਸ ਪ੍ਰਕ੍ਰਿਆ ਪਿੱਛੇ ਲੱਖਾਂ-ਕਰੋੜਾਂ ਸਾਲਾਂ ਦੀ ਤੇ ਹੌਲੀ-ਹੌਲੀ ਹੋ ਰਹੀ ਕ੍ਰਾਂਤੀਕਾਰੀ ਤਬਦੀਲੀ ਦਾ ਹੱਥ ਹੈ। ਮਨੁੱਖ ਦੇ ਮੌਜੂਦਾ ਸਰੂਪ ਦੀ ਕੋਈ ਤੰਦ ਵਣਮਾਨਸਾਂ ਨਾਲ ਜਾ ਜੁੜਦੀ ਹੈ। ਜੇ ਅਸੀਂ ਸਾਡੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ, ਸਿੱਧੀ ਪਿੱਠ, ਤੁਰ ਸਕਣ ਦੀ ਕਾਬਲੀਅਤ, ਸੋਹਣੀ ਤੋਰ ਦੀ ਗੱਲ ਕਰੀਏ ਤਾਂ ਇਸ ਪਿੱਛੇ ਉਨ੍ਹਾਂ ਵਣਮਾਨਸਾਂ ਦੀਆਂ ਪਿੰਜਣੀਆਂ, ਫੁਰਤੀਲੀਆਂ ਛਾਲਾਂ, ਪੌਣ-ਪਾਣੀਆਂ, ਧੁੱਪਾਂ-ਛਾਂਵਾਂ ਤੇ ਰੁੱਖਾਂ ਦੇ ਉਨ੍ਹਾਂ ਟਾਹਣਾਂ ਦੀ ਉਮਰਾਂ ਲੰਮੀ ਸਾਧਨਾ ਹੈ, ਜਿਨ੍ਹਾਂ ਤੋਂ ਸਾਡੇ ਪੂਰਵਜ ਉਤਰ ਕੇ ਖੁੱਲ੍ਹੀਆਂ ਜ਼ਮੀਨਾਂ ‘ਤੇ ਫਿਰਤ ਕਰਨ ਲੱਗੇ ਸਨ।
ਸਾਰਾ ਧਾਰਮਿਕ ਜਗਤ ਬੌਖਲਾ ਉਠਿਆ ਕਿ ਇਹ ਕੌਣ ਆ ਗਿਆ, ਜੋ ਪਵਿਤਰ ਬਾਈਬਲ ਵਿਚ ਸੋਧਾਂ ਕਰਦਾ ਫਿਰਦਾ ਹੈ ਤੇ ਸਾਡੀਆਂ ਠੋਸ ਦਲੀਲਾਂ ਤੇ ਸ਼ਿਕਾਇਤਾਂ ਨੂੰ ਆਪਣੇ ਵਣਜਾਰਿਆਂ ਵਰਗੇ ਵਾਲਾਂ ਤੋਂ ਝਾੜ-ਝਾੜ ਕੇ ਹੇਠਾਂ ਸੁੱਟ ਰਿਹਾ ਹੈ?
ਗਲੀਆਂ ਵਿਚ ਪਾਦਰੀ ਡਾਰਵਿਨ ਦੇ ਪਾਠਕਾਂ ਨੂੰ ਬਾਂਦਰ-ਬਾਂਦਰ ਕਹਿ ਕੇ ਛੇੜਦੇ। ਉਨ੍ਹਾਂ ਦਿਨਾਂ ਵਿਚ ਡਾਰਵਿਨ ਜੇਮਜ਼ ਹੋਲਮੈਨ ਦੇ ਟਰੈਵਲ ਨੋਟ ਪੜ੍ਹਦਾ ਰਹਿੰਦਾ ਸੀ, ਜਿਨ੍ਹਾਂ ਨੇ ਡਾਰਵਿਨ ਨੂੰ ਧੁਰ ਅੰਦਰ ਤਕ ਛੋਹਿਆ ਤੇ ਆਤਮ-ਵਿਸ਼ਵਾਸ ਦੀ ਨਵੀਂ ਬੁਲੰਦੀ ਵੀ ਦਿੱਤੀ। ਉਹ ਅਕਸਰ ਕਹਿੰਦਾ ਰਹਿੰਦਾ ਕਿ ਭਾਰਤੀ ਸਮੁੰਦਰੀ ਖੇਤਰਾਂ ਦੇ ਜੀਵਾਂ, ਜਵਾਲਾਮੁਖੀਆਂ ਉਪਰ ਬਲਦੇ ਆਸਮਾਨਾਂ, ਅਰਬ ਦੇ ਰੇਤੇ ਦੀ ਚਮਕ, ਜ਼ੈਂਜ਼ੀਬਾਰ ਦੀ ਗਰਮੀ, ਸਿਲੋਨ ਦੀ ਦਾਲਚੀਨੀ ਵਿਚ ਭਿੱਜੀ ਹਵਾ, ਈਡਨਬਰਗ ਦੀਆਂ ਛਾਂਵਾਂ, ਰੂਸ ਦੀਆਂ ਜੇਲ੍ਹਾਂ ਦੀ ਕੁਸੈਲੀ ਤੇ ਉਦਾਸ ਫਿਜ਼ਾ ਨੂੰ ਕਿਸੇ ਨੇ ਇੰਨੇ ਸੋਹਣੇ ਢੰਗ ਨਾਲ ਨਹੀਂ ਬਿਆਨਿਆ, ਜਿੰਨਾ ਹੋਲਮੈਨ ਨੇ। ਇੱਥੇ ਇਹ ਦੱਸਣਾ ਵੀ ਲਾਜ਼ਮੀ ਹੈ ਕਿ ਹੋਲਮੈਨ ਪੱਚੀ ਸਾਲਾਂ ਦੀ ਉਮਰ ਵਿਚ ਅੰਨ੍ਹਾ ਹੋ ਗਿਆ ਸੀ ਤੇ ਇਸ ਦੇ ਬਾਵਜੂਦ ਉਸ ਨੇ ਸੰਸਾਰ ਦਾ ਹਰ ਕੋਨਾ ਘੁੰਮਿਆ।
ਡਾਰਵਿਨ ਨੇ ਕਿਹਾ, “ਸਾਡੇ ਸਭ ਦੇ ਸਰੀਰਾਂ ‘ਤੇ ਅਫਰੀਕਾ ਦੇ ਜੰਗਲਾਂ ਦੇ ਨਿਸ਼ਾਨ ਹਨ ਤੇ ਉਹੀ ਕਦੇ ਸਾਡਾ ਪੁਰਾਣਾ ਰੈਣ ਬਸੇਰਾ ਸਨ। ਹੁਣ ਮੈਨੂੰ ਇਹ ਸਮਝਣਾ ਔਖਾ ਲੱਗ ਰਿਹਾ ਹੈ ਕਿ ਅਸੀਂ ਪਰਮਾਤਮਾ ਦੀ ਸ਼ਾਹਕਾਰ ਰਚਨਾ ਹਾਂ ਜਾਂ ਕਿਸੇ ਦੈਂਤ ਦੇ ਸਿੰਗਾਂ ਦੀ ਹੈਵਾਨੀਅਤ? ਅਸੀਂ ਮਨੁੱਖ ਆਪਣੇ ਆਪ ਦੇ ਵੈਰੀ, ਵਿਨਾਸ਼ਕ ਪਰਮਾਣੂ ਬੰਬਾਂ ਦੇ ਸਿਰਜਕ, ਜੋ ਚੁਟਕੀ ਵਿਚ ਸਭ ਕੁਝ ਪਿਘਲਾ ਦੇਣ, ਆਪ ਬਣਾਈਆਂ ਮਸ਼ੀਨਾਂ ਦੇ ਹੀ ਗੁਲਾਮ ਤੇ ਧਰਤੀ ਦੇ ਪਾਣੀਆਂ ਦੇ ਵੈਰੀ ਹਾਂ। ਉਹ ਵੀ ਅਸੀਂ ਹਾਂ ਜੋ ਹੱਸ ਸਕਦੇ ਹਨ, ਨੱਚ ਸਕਦੇ ਹਨ, ਕੀੜਿਆਂ ਦੇ ਥੁੱਕ ਵਿਚੋਂ ਰੇਸ਼ਮ ਦੇ ਸਿਰਜਕ, ਉਜਾੜਾਂ ਵਿਚ ਵੀ ਸੁੰਦਰਤਾ ਦੇਖਣ ਵਾਲੇ, ਸਤਰੰਗੀ ਪੀਂਘ ਤੋਂ ਵੀ ਪਾਰ ਦੇ ਰੰਗ ਖੋਜਣ ਵਾਲੇ, ਉਹ ਜਿਨ੍ਹਾਂ ਨੇ ਜੱਗ ਦੀਆਂ ਅਵਾਜ਼ਾਂ ਨੂੰ ਆਪਣਾ ਸੰਗੀਤ ਦੇ ਕੇ ਨਿਖਾਰ ਦਿੱਤਾ, ਜਿਨ੍ਹਾਂ ਨੇ ਭਾਸ਼ਾ ਸਿਰਜ ਲਈ ਤਾਂ ਕਿ ਕੋਈ ਯਾਦ ਸਿਰਫ ਯਾਦ ਹੀ ਬਣ ਕੇ ਨਾ ਰਹਿ ਜਾਵੇ, ਸਗੋਂ ਅੱਖਰਾਂ ਦੇ ਰੂਪ ਵਿਚ ਅੱਖਾਂ ਮੂਹਰੇ ਥਿਰਕਦੀ ਰਹੇ।”
ਧਰਤੀਆਂ ਘੁਮੱਕੜ ਪੈਰਾਂ ਤੇ ਬਾਗੀ ਨੈਣਾਂ ਨੂੰ ਕਦੇ ਨਹੀਂ ਭੁੱਲਦੀਆਂ।