ਸਿਦਕ ਨੇ ਇੱਦਾਂ ਉਧੇੜੇ ਗਮ-ਗਲੋਟੇ…

ਮੇਜਰ ਕੁਲਾਰ (ਬੋਪਾਰਾਏ ਕਲਾਂ)
ਫੋਨ: 916-273-2856
ਮੇਰੇ ਨਾਨਕੇ ਪਿੰਡ ਤੋਂ ਲੱਗਦੀ ਮਾਮੀ ਨੇ ਅਖ਼ਬਾਰ ਵਿਚੋਂ ਫੋਨ ਨੰਬਰ ਪੜ੍ਹ ਕੇ ਕਾਲ ਕੀਤੀ। ਮਾਮੀ ਨੇ ਜਾਣ-ਪਛਾਣ ਕੱਢ ਕੇ ਮੈਨੂੰ ਮਾਮੀ ਭਾਣਜੇ ਦੇ ਰਿਸ਼ਤੇ ਦੀ ਬੁੱਕਲ ਵਿਚ ਲੈਂਦਿਆਂ ਅਸੀਸਾਂ ਦਿੱਤੀਆਂ। ਸਮੇਂ ਦੇ ਬਦਲਣ ਨਾਲ ਸਾਡੀ ਰਿਸ਼ਤੇਦਾਰੀ ਗੂੜ੍ਹੀ ਹੁੰਦੀ ਗਈ। ਮਾਮੀ ਨਾਲ ਗੱਲਾਂ ਕਰ ਕੇ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਨਾਨਕੇ ਪਿੰਡ ਛੁੱਟੀਆਂ ਕੱਟ ਆਇਆ ਹੋਵਾਂ। ਮਾਮੀ ਮੇਰੇ ਨਾਲ ਗੱਲਾਂ ਕਰ ਕੇ ਆਪਣਾ ਮਨ ਹੌਲਾ ਕਰ ਲੈਂਦੀ। ਸਾਡੇ ਦੋਵਾਂ ਵਿਚ ਸੜਕ ਰਸਤੇ ਦੀ ਪੰਜ ਘੰਟੇ ਦੀ ਦੂਰੀ ਹੈ ਪਰ ਪਰਿਵਾਰਕ ਗੱਲਾਂ ਕਰ ਕੇ ਅਸੀਂ ਇਕ ਦੂਜੇ ਦੇ ਬਹੁਤ ਨੇੜੇ ਹਾਂ।
ਮਾਮੀ ਨੇ ਦੱਸਿਆ ਕਿ ਉਹ ਸੰਨ ਦੋ ਹਜ਼ਾਰ ਵਿਚ ਇੱਥੇ ਆ ਗਏ ਸੀ। ਮਾਮੇ ਦਾ ਰਫਿਊਜੀ ਕੇਸ ਪਾਸ ਹੋਣ ‘ਤੇ ਮਾਮੀ ਦੋਵਾਂ ਧੀਆਂ ਨੂੰ ਲੈ ਕੇ ਮਾਮੇ ਕੋਲ ਪਹੁੰਚ ਗਈ ਸੀ। ਮਾਮਾ ਬਹੁਤ ਖ਼ੁਸ਼ ਸੀ। ਉਸ ਨੇ ਮਾਮੀ ਤੇ ਧੀਆਂ ਨੂੰ ਪੰਜ ਸਾਲ ਬਾਅਦ ਦੇਖਿਆ ਸੀ। ਅਜੇ ਸਾਰੇ ਪਰਿਵਾਰ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਕਿ ਕੰਪਨੀ ਵਿਚ ਕੰਮ ਕਰਦਿਆਂ ਮਾਮੇ ਦੇ ਸਿਰ ਵਿਚ ਸੱਟ ਲੱਗ ਗਈ। ਛੇ ਮਹੀਨੇ ਬਿਸਤਰੇ ‘ਤੇ ਮੌਤ ਨਾਲ ਘੁਲਦਾ ਅਖੀਰ ਮੌਤ ਹੱਥੋਂ ਹਾਰ ਗਿਆ। ਮਾਮੀ ਸਿਰ ਦੁੱਖਾਂ ਦਾ ਪਹਾੜ ਟੁੱਟ ਪਿਆ। ਮਾਮੇ-ਮਾਮੀ ਦਾ ਵਿਆਹ ਹੋਇਆਂ ਅਜੇ ਤਿੰਨ ਸਾਲ ਹੀ ਹੋਏ ਸਨ ਕਿ ਮਾਮਾ ਅਮਰੀਕਾ ਆ ਗਿਆ। ਫਿਰ ਮਾਮੀ ਨੇ ਪੰਜ ਸਾਲ ਸਬਰ ਦਾ ਘੁੱਟ ਪੀਤਾ। ਜਦੋਂ ਦਿਲ ਦੇ ਅਰਮਾਨਾਂ ਨੂੰ ਬੂਰ ਪਿਆ ਤਾਂ ਮੌਤ ਦੇ ਝੱਖੜ ਨੇ ਫਲ ਖਾਣ ਹੀ ਨਾ ਦਿੱਤਾ। ਪਰਿਵਾਰ ਰੂਪੀ ਆਲ੍ਹਣਾ ਬਣਨ ਤੋਂ ਪਹਿਲਾਂ ਹੀ ਤੀਲਾ ਤੀਲਾ ਹੋ ਗਿਆ।
ਕੰਪਨੀ ਨੇ ਮਾਮੀ ਦੇ ਅੱਲ੍ਹੇ ਜ਼ਖ਼ਮਾਂ ‘ਤੇ ਮਦਦ ਰੂਪੀ ਮਲ੍ਹਮ ਲਾਈ ਜਿਸ ਨਾਲ ਮਾਮੀ ਦਾ ਚੁੱਲ੍ਹਾ ਤਪਣ ਲੱਗਿਆ। ਧੀਆਂ ਨੂੰ ਪੜ੍ਹਨ ਤੋਰ ਕੇ ਆਪ ਕਿਸੇ ਪੰਜਾਬੀ ਰੈਸਟੋਰੈਂਟ ‘ਤੇ ਪੰਜ ਸੱਤ ਘੰਟੇ ਲਾ ਆਉਂਦੀ, ਜਿਸ ਨਾਲ ਸਮਾਂ ਵੀ ਲੰਘ ਜਾਂਦਾ ਤੇ ਚਾਰ ਡਾਲਰ ਵੀ ਬਣ ਜਾਂਦੇ। ਮਾਮੀ ਉਮਰੋਂ ਅਜੇ ਮੁਟਿਆਰ ਲੱਗਦੀ ਸੀ। ਮਾਮੀ ਨੂੰ ਦੇਖ ਕੇ ਕਈਆਂ ਨੇ ਇਸ਼ਕ ਦਾ ਪੇਚਾ ਪਾਉਣਾ ਚਾਹਿਆ, ਪਰ ਮਾਮੀ ਦੀ ਦੁਨਿਆਵੀ ਸਮੁੰਦਰ ਵਿਚ ਠਿੱਲ੍ਹ ਹੋਈ ਗ੍ਰਹਿਸਥ ਦੀ ਕਿਸ਼ਤੀ ਭਾਰੀ ਤੂਫਾਨਾਂ ਦੀ ਭੇਟ ਚੜ੍ਹ ਗਈ ਸੀ। ਉਸ ਦੀ ਕਿਸ਼ਤੀ ਦਾ ਮਲਾਹ ਨਾ ਚਾਹੁੰਦਾ ਹੋਇਆ ਵੀ, ਉਸ ਨੂੰ ਅੱਧ ਵਿਚਾਲੇ ਛੱਡ ਗਿਆ ਸੀ। ਮਾਮੀ ਤਾਂ ਕੁੱਛੜ ਚੁੱਕੇ ਹੋਏ ਦੋ ਮਾਸੂਮ ਬੋਟਾਂ ਨੂੰ ਉਡਾਰ ਕਰਨਾ ਚਾਹੁੰਦੀ ਸੀ। ਆਪਣੇ ਹੱਥੀਂ ਉਨ੍ਹਾਂ ਦੇ ਆਲ੍ਹਣੇ ਬਣਾਉਣਾ ਚਾਹੁੰਦੀ ਸੀ। ਜੇ ਇਸ਼ਕ ਦੀਆਂ ਗੁੱਡੀਆਂ ਹੀ ਚਾੜ੍ਹਨੀਆਂ ਸੀ ਤਾਂ ਜੋਬਨ ਰੁੱਤੇ ਹੁਸਨ ਨੂੰ ਸ਼ਰਮ ਦੀ ਫੁਲਕਾਰੀ ਨਾਲ ਨਾ ਢਕਦੀ! ਵਿਧਵਾ ਔਰਤ ਨੂੰ ਲੋਕ ਤਾਂ ਆਟੇ ਦੀ ਚਿੜੀ ਸਮਝਦੇ ਨੇ। ਘਰੋਂ ਨਿਕਲਦੀ ਨੂੰ ਕਾਮ ਵਾਸਨਾ ਦੇ ਭੁੱਖੇ ਸ਼ੈਤਾਨੀ ਕਾਂ ਪੈ ਜਾਂਦੇ ਨੇ।
ਮਾਮੀ ਨੇ ਕਿਸੇ ਨੂੰ ਵੀ ਆਪਣੇ ਨਜ਼ਦੀਕ ਨਾ ਆਉਣ ਦਿੱਤਾ। ਵਿਧਵਾ ਦੀ ਚਾਦਰ ਬਚਾਉਣ ਲਈ ਉਸ ਨੂੰ ਕਈ ਥਾਂਵਾਂ ਤੋਂ ਆਪਣੀ ਜੌਬ ਤੋਂ ਹੱਥ ਧੋਣੇ ਪਏ। ਦੁੱਖਾਂ ਦੇ ਚਰਖੇ ਨਾਲ ਗ਼ਮਾਂ ਦੇ ਗਲੋਟੇ ਲਾਹੁੰਦੀ ਨੇ ਸਮਾਂ ਕੱਢਿਆ। ਦੋਵੇਂ ਧੀਆਂ ਨੇ ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਿਆ। ਫੁੱਲਾਂ ਵਾਂਗ ਪਾਲੀਆਂ ਧੀਆਂ ਰੱਜ ਕੇ ਸੁਨੱਖੀਆਂ ਨਿਕਲੀਆਂ। ਮਾਮੀ ਨੇ ਦੱਸਿਆ-ਮੇਰੇ ਦੁੱਖਾਂ ਦੇ ਦਿਨਾਂ ਨੇ ਮੇਰੇ ਰੂਪ ਨੂੰ ਲੁਕੋ ਲਿਆ। ਮੈਂ ਧੀਆਂ ਨੂੰ ਹਮੇਸ਼ਾਂ ਚੰਗੀ ਸਿੱਖਿਆ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਅਡੋਲ ਰੱਖਿਆ। ਅਸੀਂ ਤਿੰਨੇ ਹੀ ਸਿਟੀਜ਼ਨ ਹੋ ਗਈਆਂ। ਮੈਂ ਅੰਮ੍ਰਿਤ ਛਕ ਕੇ ਗੁਰੂ ਵਾਲੀ ਬਣ ਗਈ। ਬਾਣੀ ਨਾਲ ਮਨ ਜੋੜਨ ਲੱਗ ਗਈ। ਦੋਵੇਂ ਧੀਆਂ ਕੰਮ ‘ਤੇ ਲੱਗ ਗਈਆਂ। ਸਮਾਂ ਮਿਲਦਾ ਤਾਂ ਗੁਰਦੁਆਰੇ ਸੇਵਾ ਕਰ ਕੇ ਹੱਥ ਸਫ਼ਲੇ ਕਰਨ ਦਾ ਉਪਰਾਲਾ ਕਰਦੀਆਂ। ਗੁਰਦੁਆਰੇ ਵਿਚ ਵੀ ਨਤਮਸਤਕ ਹੋਣ ਵਾਲੇ ਕਈ ਮੇਰੇ ਭਰਾਵਾਂ ਵਰਗੇ, ਸਾਡੇ ਵੱਲ ਮੈਲੀ ਅੱਖ ਨਾਲ ਦੇਖਦੇ। ਮੇਰੀਆਂ ਧੀਆਂ ਵੱਲ ਇਸ ਤਰ੍ਹਾਂ ਦੇਖਦੇ ਜਿਵੇਂ ਅਸੀਂ ਕਿਸੇ ਹੋਰ ਧਰਮ ਦੀਆਂ ਹੋਈਏ। ਮੈਂ ਇਤਿਹਾਸ ਨੂੰ ਬਹੁਤ ਪੜ੍ਹਿਆ ਪਰ ਮੈਨੂੰ ਕਿਤੇ ਵੀ ਕਿਸੇ ਸਿੱਖ ਵੱਲੋਂ ਕਿਸੇ ਵੀ ਧਰਮ ਦੀ ਔਰਤ ਨੂੰ ਜ਼ਲੀਲ ਕਰਨ ਦਾ ਇਤਿਹਾਸ ਨਹੀਂ ਮਿਲਿਆ ਪਰ ਅੱਜ ਦੇ ਸਿੱਖ ਇਹ ਇਤਿਹਾਸ ਬਣਾਉਣ ‘ਤੇ ਤੁਲੇ ਹੋਏ ਹਨ। ਮੇਰੀ ਗੁਰਦੁਆਰੇ ਪ੍ਰਤੀ ਸ਼ਰਧਾ ਦੇਖ ਕੇ ਗੁਰੂ ਘਰ ਦੇ ਹੈਡ ਗ੍ਰੰਥੀ ਤੇ ਪ੍ਰਧਾਨ ਗੱਲਾਂ ਦਾ ਕੜਾਹ ਵੰਡਦੇ ਸਾਡੇ ਨਜ਼ਦੀਕ ਢੁਕਣ ਲੱਗੇ। ਉਸ ਦਿਨ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਦੋਵਾਂ ਨੇ ਸਾਡੇ ਨਾਲ ਸੌਦਾ ਕਰਨਾ ਚਾਹਿਆ। ਪੰਜਾਂ ਕੱਕਿਆਂ ਦਾ ਧਾਰਨੀ ਪ੍ਰਧਾਨ ਬੋਲਿਆ ਸੀ, “ਅਸੀਂ ਤੈਨੂੰ ਸੱਠ ਹਜ਼ਾਰ ਡਾਲਰ ਦੇਵਾਂਗੇ। ਤੁਸੀਂ ਤਿੰਨੇ ਇੰਡੀਆ ਤੋਂ ਝੂਠਾ ਵਿਆਹ ਕਰਵਾ ਕੇ ਤਿੰਨ ਬੰਦੇ ਲੈ ਆਓ! ਸੱਠ ਹਜ਼ਾਰ ਡਾਲਰ ਤੁਹਾਡੇ ਕੋਲੋਂ ਸਾਰੀ ਜ਼ਿੰਦਗੀ ਨਹੀਂ ਜੁੜਨਾ।”
ਮਧਰੇ ਕੱਦ ਅਤੇ ਵੱਡੇ ਢਿੱਡ ਵਾਲਾ ਹੈਡ ਗ੍ਰੰਥੀ ਛੱਪੜ ਦਾ ਗਵਾਹ ਡੱਡੂ ਬਣਦਾ ਬੋਲਿਆ ਸੀ, “ਭੈਣ ਜੀ, ਪ੍ਰਧਾਨ ਸਾਹਿਬ ਤਾਂ ਤੁਹਾਡੀ ਮਦਦ ਕਰਨਾ ਚਾਹੁੰਦੇ ਹਨ।”
“ਭਾਈ ਸਾਹਿਬ! ਤੁਹਾਡੇ ਵੱਲੋਂ ਮਦਦ ਦੀ ਪੇਸ਼ਕਸ਼ ਮੇਰੀ ਜੁੱਤੀ ‘ਤੇ। ਮੈਂ ਆਪਣੀਆਂ ਧੀਆਂ ਨਹੀਂ ਵੇਚਣੀਆਂ। ਤੁਸੀਂ ਅਜਿਹੀ ਨੀਤ ਸਾਡੇ ਉਤੇ ਕਿਉਂ ਰੱਖੀ। ਅਸੀਂ ਤੇਰੇ ਸੱਠ ਹਜ਼ਾਰ ਦੀਆਂ ਭੁੱਖੀਆਂ ਨਹੀਂ। ਸਾਨੂੰ ਭਰੋਸਾ ਹੈ ਉਸ ਸਰਬੰਸਦਾਨੀ ‘ਤੇ। ਤੁਸੀਂ ਸਾਡੀ ਕੀ ਮਦਦ ਕਰ ਸਕਦੇ ਹੋ!” ਮੇਰੇ ਮੂੰਹੋਂ ਖਰੀਆਂ ਸੁਣ ਕੇ ਉਹ ਵਾਪਸ ਮੁੜ ਗਏ।
ਉਸ ਦਿਨ ਤੋਂ ਬਾਅਦ ਪ੍ਰਧਾਨ ਅਤੇ ਹੈਡ ਗ੍ਰੰਥੀ ਜਿਵੇਂ ਸਾਡੇ ਪੱਕੇ ਵੈਰੀ ਬਣ ਗਏ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜ੍ਹ ਕੇ ਗੁਰੂ ਨਾਲ ਜੋੜਨ ਵਾਲੇ ਪ੍ਰਧਾਨ ਤੇ ਹੈਡ ਗ੍ਰੰਥੀ ਖੁਦ ਆਪ ਅੰਦਰੋਂ ਨਫ਼ਰਤ ਨਾਲ ਭਰੇ ਹੋਏ ਸਨ। ਹੋਰ ਕੋਈ ਚਾਰਾ ਨਾ ਚਲਦਾ ਦੇਖ ਕੇ ਉਨ੍ਹਾਂ ਨੇ ਸਾਡੀ ਇੱਜ਼ਤ ‘ਤੇ ਚਿੱਕੜ ਉਛਾਲਣਾ ਸ਼ੁਰੂ ਕਰ ਦਿੱਤਾ। ਸਾਡੀ ਸ਼ਰਧਾ ਤੇ ਸੇਵਾ ਭਾਵਨਾ ‘ਤੇ ਸ਼ੱਕ ਦੀਆਂ ਸੂਈਆਂ ਘੁੰਮਾਈਆਂ। ਸਿੱਧੇ ਤੇ ਅਸਿੱਧੇ ਰੂਪ ਵਿਚ ਸਾਡਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਪੱਖੀ ਮੁੰਡਿਆਂ ਤੋਂ ਫੋਨ ‘ਤੇ ਡਰਾਵੇ ਦਿਵਾਉਣੇ ਸ਼ੁਰੂ ਕਰ ਦਿੱਤੇ। ਜਦੋਂ ਅਸੀਂ ਪੁਲਿਸ ਦਾ ਸਹਾਰਾ ਲਿਆ ਤਾਂ ਲੁਕਣ ਨੂੰ ਥਾਂ ਨਾ ਮਿਲੀ। ਮੈਂ ਹੈਰਾਨ ਹੁੰਦੀ ਕਿ ਪਹਿਲਾਂ ਜਦੋਂ ਕਿਸੇ ਔਰਤ ਨਾਲ ਜਬਰ ਜ਼ੁਲਮ ਹੁੰਦਾ ਸੀ ਤਾਂ ਉਹ ਭੱਜ ਕੇ ਪੱਗ ਵਾਲੇ ਸਰਦਾਰ ਕੋਲ ਆ ਜਾਂਦੀ ਸੀ ਤੇ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਸੀ ਕਿ ਹੁਣ ਉਹ ਹਰ ਪਾਸਿਉਂ ਬੇਫਿਕਰ ਹੈ ਪਰ ਸਾਨੂੰ ਇੰਜ ਲੱਗਦਾ ਕਿ ਅਸੀਂ ਗੁਰੂ ਘਰ ਜਾ ਕੇ ਪਤਾ ਨਹੀਂ ਦੋਵਾਂ ਤੋਂ ਕੀ ਸੁਣਨਾ ਪੈਣਾ ਹੈ। ਖ਼ੈਰ! ਫਿਰ ਸਮਾਂ ਆ ਗਿਆ, ਗੁਰੂ ਘਰ ਦੀ ਨਵੀਂ ਕਮੇਟੀ ਚੁਣਨ ਦਾ। ਪ੍ਰਧਾਨ ਦੇ ਉਲਟ ਵਾਲੀ ਪਾਰਟੀ ਮੇਰੇ ਮੋਢੇ ‘ਤੇ ਰੱਖ ਕੇ ਪ੍ਰਧਾਨ ਵੱਲ ਨਿਸ਼ਾਨਾ ਲਾਉਣਾ ਚਾਹੁੰਦੀ ਸੀ ਪਰ ਮੈਂ ਸਿਆਣਪ ਵਰਤੀ ਤੇ ਆਪਣਾ ਮੂੰਹ ਬੰਦ ਰੱਖਿਆ। ਫਿਰ ਉਸ ਸ਼ਹਿਰ ਤੋਂ ਆਪਣਾ ਟਿਕਾਣਾ ਹੀ ਬਦਲ ਲਿਆ।
ਹੁਣ ਨਵੇਂ ਸ਼ਹਿਰ ਵਿਚ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਅਸੀਂ ਤਿੰਨਾਂ ਨੇ ਹੌਸਲਾ ਨਾ ਹਾਰਿਆ। ਦੋਵਾਂ ਧੀਆਂ ਨੇ ਵੀ ਅੰਮ੍ਰਿਤ ਛਕ ਲਿਆ। ਨੇੜੇ-ਤੇੜੇ ਵਾਲੇ ਸੰਗੀ ਮੈਨੂੰ ਡਰਾਉਣ ਲੱਗ ਗਏ, “ਪ੍ਰੀਤਮ ਕੁਰੇ! ਤੂੰ ਆਹ ਕੀ ਕੀਤਾ। ਮੁਟਿਆਰ ਧੀਆਂ ਦੇ ਗਾਤਰਾ ਪੁਆ ਦਿੱਤਾ। ਹੁਣ ਅੰਮ੍ਰਿਤਧਾਰੀ ਮੁੰਡੇ ਕਿੱਥੋਂ ਭਾਲੇਂਗੀ।” ਮੈਂ ਕਹਿ ਦਿੰਦੀ ਕਿ ਇਹ ਦੋਵੇਂ ਧੀਆਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੀਆਂ ਸ਼ੇਰ ਪੁੱਤਰੀਆਂ ਨੇ, ਇਨ੍ਹਾਂ ਦਾ ਫ਼ਿਕਰ ਹੁਣ ਮੈਨੂੰ ਨਹੀਂ। ਸਰਬੰਸਦਾਨੀ ਆਪੇ ਕਾਰਜ ਸਫ਼ਲੇ ਕਰੂਗਾ।” ਸਾਰੇ ਕਹਿਣ ਹੁਣ ਅੰਮ੍ਰਿਤਧਾਰੀ ਮੁੰਡੇ ਨਹੀਂ ਮਿਲਦੇ। ਸਾਰਾ ਪੰਜਾਬ ਤਾਂ ਨਸ਼ਈ ਹੋ ਗਿਆ ਹੈ। ਤੈਨੂੰ ਇੱਥੇ ਵੀ ਕੋਈ ਅੰਮ੍ਰਿਤਧਾਰੀ ਨਹੀਂ ਮਿਲਣਾ। ਮੁੰਡੇ ਅੰਮ੍ਰਿਤ ਨਹੀਂ ਛਕਦੇ ਕਿਉਂਕਿ ਕੁੜੀਆਂ ਤਾਂ ਸਰਦਾਰ ਤੇ ਅੰਮ੍ਰਿਤਧਾਰੀ ਨੂੰ ਪਸੰਦ ਨਹੀਂ ਕਰਦੀਆਂ। ਮੈਂ ਸਭ ਦੀ ਸੁਣੀ ਜਾਂਦੀ। ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਤੁਸੀਂ ਆਪ ਸਹਾਈ ਹੋ ਕੇ ਬੱਚੀਆਂ ਦੇ ਕਾਰਜ ਕਰਨੇ ਹਨ। ਇਹ ਵੀ ਸੋਚਦੀ ਕਿ ਆਪਣੇ ਆਪ ਨੂੰ ਸਿੱਖ ਧਰਮ ਦੇ ਦਰਦੀ ਅਖਵਾਉਣ ਵਾਲੇ ਆਪਣੀ ਚੌਧਰ ਦੀ ਖਾਤਰ ਝੱਟ ਨਿਸ਼ਾਨ ਸਾਹਿਬ ਗੱਡ ਦਿੰਦੇ ਹਨ, ਆਪ ਪ੍ਰਧਾਨ ਬਣਨ ਦੀ ਖਾਤਰ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਕਰੀ ਜਾਂਦੇ ਹਨ। ਕਿਵੇਂ ਬਣੂ ਬਾਤ!
ਫਿਰ ਸਮਾਂ ਆ ਗਿਆ ਵੱਡੀ ਧੀ ਦੇ ਵਿਆਹ ਲਈ ਵਰ ਲੱਭਣ ਦਾ। ਮੈਂ ਆਪਣੇ ਪੇਕੇ ਤੇ ਸਹੁਰੇ ਪਰਿਵਾਰ ਨੂੰ ਕਹਿ ਦਿੱਤਾ, “ਅਨੂਪ ਕੌਰ ਲਈ ਅੰਮ੍ਰਿਤਧਾਰੀ ਵਰ ਦੇਖੋ।” ਮੁੰਡਿਆਂ ਦੀਆਂ ਕਈ ਥਾਂ ਦੱਸਾਂ ਪਈਆਂ ਜੋ ਅੰਮ੍ਰਿਤਧਾਰੀ ਨਹੀਂ ਸਨ ਪਰ ਵਿਆਹ ਤੋਂ ਬਾਅਦ ਅੰਮ੍ਰਿਤ ਛਕਣ ਨੂੰ ਤਿਆਰ ਸਨ। ਕਈਆਂ ਨੇ ਲੱਖਾਂ ਰੁਪਏ ਦੇ ਕੇ ਰਿਸ਼ਤਾ ਪੱਕਾ ਕਰਨ ਲਈ ਵੀ ਕਿਹਾ।
ਫਿਰ ਅਸੀਂ ਤਿੰਨੇ ਜਣੀਆਂ ਇੰਡੀਆ ਚਲੇ ਗਈਆਂ। ਸਾਰੇ ਰਿਸ਼ਤੇਦਾਰਾਂ ਨੇ ਮੁੰਡਿਆਂ ਦੀ ਦੇਖ-ਦਿਖਾਈ ਕਰਵਾਈ। ਕਿਤੇ ਮੁੰਡਾ ਘੱਟ ਪੜ੍ਹਿਆ ਹੁੰਦਾ, ਕਿਤੇ ਮੁੰਡਾ ਸਹਿਜਧਾਰੀ ਹੁੰਦਾ ਪਰ ਅੰਮ੍ਰਿਤ ਛਕਣ ਲਈ ਤਿਆਰ ਨਾ ਹੁੰਦਾ। ਇਸ ਤਰ੍ਹਾਂ ਕਰਦਿਆਂ ਮਹੀਨਾ ਲੰਘ ਗਿਆ। ਫਿਰ ਮੈਂ ਮਨ ਬਣਾਇਆ ਕਿ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਜਾਣ। ਮੈਂ ਦੋਵਾਂ ਧੀਆਂ ਅਤੇ ਆਪਣੇ ਭਰਾ-ਭਰਜਾਈ ਨੂੰ ਨਾਲ ਲੈ ਕੇ ਕੇਸਗੜ੍ਹ ਸਾਹਿਬ ਜਾ ਮੱਥਾ ਟੇਕਿਆ। ਮਨ ਦੀ ਇਕਾਗਰਤਾ ਨਾਲ ਦੋਵੇਂ ਹੱਥ ਜੋੜ ਅਰਦਾਸ ਕੀਤੀ। ਨੇਤਰਾਂ ਵਿਚੋਂ ਵੈਰਾਗ ਦੇ ਹੰਝੂ ਵਗਣ ਲੱਗੇ। ਸਰਬੰਸਦਾਨੀ ਨੂੰ ਅੰਗ-ਸੰਗ ਹੋ ਕੇ ਕਾਰਜ ਕਰਨ ਲਈ ਭਰੇ ਮਨ ਨਾਲ ਬੇਨਤੀ ਕੀਤੀ। ਪ੍ਰਸ਼ਾਦ ਲੈ ਕੇ ਬਾਹਰ ਨਿਕਲੀਆਂ ਤਾਂ ਸਾਹਮਣੇ ਛੇ ਫੁੱਟ ਦਾ ਉੱਚਾ ਲੰਮਾ ਸੋਹਣਾ ਸੁਨੱਖਾ ਅੰਮ੍ਰਿਤਧਾਰੀ ਸਿੰਘ ਦਿਖਾਈ ਦਿੱਤਾ। ਉਸ ਦੇ ਨਾਲ ਮੇਰੇ ਵਰਗੀ ਹੀ ਇਕ ਔਰਤ ਸੀ।
ਮੈਨੂੰ ਪਤਾ ਵੀ ਨਾ ਲੱਗਾ ਜਦੋਂ ਮੈਂ ਉਨ੍ਹਾਂ ਨੂੰ ਜਾ ਕੇ ਫਤਿਹ ਬੁਲਾ ਦਿੱਤੀ। ਸਾਡੀਆਂ ਗੱਲਾਂ ਤੁਰੀਆਂ ਤਾਂ ਉਸ ਔਰਤ ਨੇ ਦੱਸਿਆ ਕਿ ਉਸ ਦੇ ਦੋ ਜੌੜੇ ਪੁੱਤਰ ਹਨ। ਆਹ ਪੁੱਤਰ ਇੰਜੀਨੀਅਰਿੰਗ ਕਰ ਕੇ ਹਟਿਆ ਹੈ, ਦੂਜਾ ਪੁੱਤਰ ਅਜੇ ਪੜ੍ਹ ਰਿਹਾ ਹੈ। ਮੇਰੇ ਸਿਰ ਦਾ ਸਾਈਂ ਖਾੜਕੂ ਸੰਘਰਸ਼ ਵਿਚ ਸ਼ਹੀਦੀ ਜਾਮ ਪੀ ਗਿਆ ਸੀ। ਬੱਸ, ਇਨ੍ਹਾਂ ਦੋਵਾਂ ਪੁੱਤਰਾਂ ਸਹਾਰੇ ਦਿਨ ਕੱਢੇ ਹਨ। ਅੱਜ ਕਲਗੀਧਰ ਦਾ ਸ਼ੁਕਰਾਨਾ ਕਰਨ ਆਏ ਸੀ। ਅਸੀਂ ਗੱਲਾਂ ਕਰਦੇ ਬਹੁਤ ਨੇੜੇ ਹੋ ਗਏ। ਫੋਨ ਨੰਬਰ ਵਟਾ ਕੇ ਅਸੀਂ ਸਾਰੀ ਪੁੱਛ-ਪੜਤਾਲ ਕਰ ਲਈ। ਮੈਂ ਤਾਂ ਇਕ ਧੀ ਦਾ ਕਾਰਜ ਕਰਨ ਗਈ ਸੀ ਪਰ ਸਰਬੰਸਦਾਨੀ ਨੇ ਤਾਂ ਦੋ ਤਿਆਰ-ਬਰ-ਤਿਆਰ ਸਿੰਘ ਮਿਲਾ ਦਿੱਤੇ। ਉਧਰ ਜੌੜੇ ਭਰਾ ਸਨ ਤੇ ਇੱਧਰ ਜੌੜੀਆਂ ਭੈਣਾਂ। ਬਿਲਕੁਲ ਸਾਦੇ ਵਿਆਹ ਕੀਤੇ। ਸਾਰਾ ਕੁਝ ਵੀਹ ਕੁ ਦਿਨਾਂ ਵਿਚ ਹੋ ਗਿਆ। ਫਿਰ ਅਸੀਂ ਸਾਰੇ ਕੇਸਗੜ੍ਹ ਸਾਹਿਬ ਸਰਬੰਸਦਾਨੀ ਦਾ ਸ਼ੁਕਰਾਨਾ ਕਰ ਕੇ ਆਏ। ਐਤਕੀਂ ਨੇਤਰਾਂ ਵਿਚ ਹੰਝੂ ਨਹੀਂ ਸਨ, ਸਗੋਂ ਮਨ ਵਿਚ ਭਰੋਸੇ ਦੇ ਜੈਕਾਰੇ ਗੂੰਜ ਰਹੇ ਸਨ। ਮਨ ਆਪਣੇ ਆਪ ਗਾ ਰਿਹਾ ਸੀ-ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ।
ਹੁਣ ਦੋਵੇਂ ਜਵਾਈ ਆ ਗਏ ਹਨ। ਸਾਰਾ ਕੁਝ ਬਹੁਤ ਵਧੀਆ ਹੋ ਰਿਹਾ ਹੈ। ਮਨ ਵਿਚ ਇਕ ਤਮੰਨਾ ਹੈ ਕਿ ਉਹ ਹੈਡ ਗ੍ਰੰਥੀ ਤੇ ਪ੍ਰਧਾਨ ਜੇ ਮਿਲਣ ਤਾਂ ਉਨ੍ਹਾਂ ਨੂੰ ਕਹਾਂ ਕਿ ਅਜੇ ਹੰਸ ਡੱਡਾਂ ਨਹੀਂ ਖਾਣ ਲੱਗੇ ਤੇ ਬਗਲਿਆਂ ਨੂੰ ਮੋਤੀਆਂ ਦੀ ਪਛਾਣ ਕਦੇ ਵੀ ਨਹੀਂ ਹੋ ਸਕਦੀ।
ਮਾਮੀ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਉਸ ਦੇ ਭਰੋਸੇ ਦੀ ਅਡੋਲਤਾ ਬਾਰੇ ਸੁਣ ਕੇ ਮੇਰਾ ਵੀ ਮਨ ਭਰੋਸੇ ਵਿਚ ਝੁਕ ਗਿਆ।

Be the first to comment

Leave a Reply

Your email address will not be published.