ਅਣਬੋਲੇ ਰਿਸ਼ਤੇ ਦੀ ਖੁਸ਼ਬੂ

ਦਲੀਪ ਕੌਰ ਟਿਵਾਣਾ (4 ਮਈ 1935-31 ਜਨਵਰੀ 2020) ਦਾ ਪੰਜਾਬੀ ਸਾਹਿਤ ਵਿਚ ਨਿਵੇਕਲਾ ਮੁਕਾਮ ਹੈ। ਉਘੇ ਲਿਖਾਰੀ ਜਸਬੀਰ ਭੁੱਲਰ ਨੇ ਆਪਣੇ ਇਸ ਲੇਖ ਵਿਚ ਮੋਹ ਭਿੱਜੀਆਂ ਤੰਦਾਂ ਦਾ ਜ਼ਿਕਰ ਕੀਤਾ ਹੈ, ਜਿਸ ਵਿਚੋਂ ਦਲੀਪ ਕੌਰ ਟਿਵਾਣਾ ਦੀ ਸ਼ਖਸੀਅਤ ਹੋਰ ਗੂੜ੍ਹੀ ਹੋ ਕੇ ਉਭਰਦੀ ਹੈ। ਇਹ ਅਸਲ ਵਿਚ ਸਾਹਿਤ ਅਤੇ ਜ਼ਿੰਦਗੀ ਦੇ ਸੁਮੇਲ ਦੀ ਕੋਈ ਕਥਾ ਹੈ।

-ਸੰਪਾਦਕ
ਜਸਬੀਰ ਭੁੱਲਰ
ਉਨ੍ਹਾਬੀ ਜਿਹੇ ਰੰਗ ਦੀ ਕਾਰ ਗੇਟ ਅੱਗੇ ਆ ਕੇ ਰੁਕੀ। ਡਾ. ਦਲੀਪ ਕੌਰ ਟਿਵਾਣਾ ਕਾਰ ਵਿਚੋਂ ਉਤਰੀ। ਉਹਦੇ ਹੱਥਾਂ ‘ਚ ਕੈਰੀ ਬੈਗ ਸੀ। ਉਹ ਕੁਝ ਕਦਮ ਗੇਟ ਵੱਲ ਤੁਰੀ ਤੇ ਕਾਲ-ਬੈੱਲ ਦਾ ਬਟਨ ਦੱਬ ਦਿੱਤਾ। ਮੇਰੀ ਬੀਵੀ ਨੇ ਖਿੜਕੀ ਵਿਚੋਂ ਉਹਨੂੰ ਵੇਖ ਲਿਆ ਸੀ। ਉਹ ਬਾਹਰ ਵੱਲ ਅਹੁਲੀ। ਮੈਂ ਖਿਲਰਿਆ-ਪੁਲਰਿਆ ਜਿਹਾ ਬੈਠਾ ਸਾਂ। ਕਾਹਲੀ ਨਾਲ ਆਪਣਾ ਆਪ ਸੁਆਰਿਆ ਅਤੇ ਬੀਵੀ ਦੇ ਪਿੱਛੇ-ਪਿੱਛੇ ਤੁਰ ਪਿਆ। ਬਿਨਾ ਕਿਸੇ ਖਤ, ਖੁਆਬ ਤੋਂ ਉਹ ਅਚਨਚੇਤੀ ਆਈ ਸੀ, ਸੁੱਖ ਹੋਵੇ ਸਹੀ!
ਅਸੀਂ ਕੁਝ ਦਿਨ ਪਹਿਲਾਂ ਹੀ ਪਟਿਆਲੇ ਗਏ ਸਾਂ। ਉਦੋਂ ਪ੍ਰੋਫੈਸਰ ਭੁਪਿੰਦਰ ਅਤੇ ਡਾ. ਟਿਵਾਣਾ ਦੇ ਪੁੱਤਰ ਸਿਮਰਨਜੀਤ ਦੇ ਵਿਆਹ ਦਾ ਮੌਕਾ ਸੀ। ਉਸ ਦਿਨ ਮੈਰਿਜ ਪੈਲੇਸ ਫੁੱਲਾਂ ਨਾਲ ਕੁਝ ਇਸ ਤਰ੍ਹਾਂ ਸਜਿਆ ਹੋਇਆ ਸੀ ਕਿ ਹਰ ਫੁੱਲ ਵਿਚੋਂ ਖੇੜਾ ਫੁੱਟ-ਫੁੱਟ ਪੈ ਰਿਹਾ ਸੀ। ਖੁਸ਼ਬੂ ਹਵਾ ਵਿਚ ਰਲੀ ਹੋਈ ਸੀ। ਦੋਹਾਂ ਜੀਆਂ ਦੇ ਮੋਢਿਆਂ ‘ਤੇ ਚਾਵਾਂ ਦੇ ਖੰਭ ਉਗੇ ਹੋਏ ਸਨ। ਮੈਂ ਤੇ ਅਮਰਇੰਦਰ ਹੁੱਬ ਕੇ ਉਸ ਚਾਅ ਵਿਚ ਸ਼ਾਮਲ ਹੋਏ ਸਾਂ।
ਉਸ ਦਿਨ ਉਥੇ ਉਹ ਪਦਮਸ੍ਰੀ ਡਾ. ਦਲੀਪ ਕੌਰ ਟਿਵਾਣਾ ਨਹੀਂ ਸੀ, ਪੰਜਾਬੀ ਸਾਹਿਤ ਰਤਨ ਟਿਵਾਣਾ ਵੀ ਗੈਰਹਾਜ਼ਰ ਸੀ। ਉਥੇ ਹਾਜ਼ਰ ਸਿਰਫ ਤੇ ਸਿਰਫ ਮਾਂ ਸੀ। ਡਾ. ਟਿਵਾਣਾ ਨੇ ਸ਼ਗਨਾਂ ਦਾ ਸੂਟ ਜੋ ਪਾਇਆ ਹੋਇਆ ਸੀ, ਉਹ ਕਰੀਮ ਰੰਗ ਦਾ ਸੀ। ਚਾਂਦੀ ਰੰਗੀ ਕਢਾਈ ਉਸ ਸੂਟ ਉਤੇ ਫੱਬ ਰਹੀ ਸੀ ਤੇ ਸੂਟ ਵਾਂਗ ਹੀ ਫੱਬ ਰਹੀ ਸੀ ਗੋਟੇ ਕਿਨਾਰੀ ਵਾਲੀ ਚੁੰਨੀ।
ਮੈਂ ਸ਼ਰਾਰਤ ਨਾਲ ਆਖਿਆ ਸੀ, “ਦੀਦੀ! ਅੱਜ ਤਾਂ ਬਹੁਤ ਸੋਹਣੇ ਲੱਗ ਰਹੇ ਓ।”
“ਅੰਨ੍ਹੇ ਜੁਲਾਹੇ ਦੀਆਂ ਮਾਂ ਨਾਲ ਮਸ਼ਕਰੀਆਂ।” ਉਸ ਮੋੜਵਾਂ ਜੁਆਬ ਦਿੱਤਾ ਸੀ।
“ਵੇਖੋ ਦੀਦੀ! ਜਸਬੀਰ ਅੱਜ ਕੱਲ੍ਹ ਵਿਗੜ ਰਿਹਾ ਏ ਥੋੜ੍ਹਾ ਥੋੜ੍ਹਾ।” ਅਮਰਇੰਦਰ ਵੀ ਸ਼ਰਾਰਤ ਵਿਚ ਸ਼ਾਮਲ ਹੋ ਗਈ। ਅਸੀਂ ਤਿੰਨੇ ਹੱਸੇ ਸਾਂ।
…ਤੇ ਹੁਣ ਡਾ. ਟਿਵਾਣਾ ਨੇ ਬੈਗ ਚੁੱਕਿਆ ਹੋਇਆ ਸੀ ਤੇ ਲੋਹੇ ਦੇ ਗੇਟ ਮੂਹਰੇ ਖੜ੍ਹੀ ਸੀ।

ਉਸ ਦਿਨ ਮੈਨੂੰ ਇੱਕ ਹੋਰ ਮਾਂ ਚੇਤੇ ਆਈ ਸੀ, ਡਾ. ਦਲੀਪ ਕੌਰ ਟਿਵਾਣਾ ਜਿਸ ਦੀ ਜਾਈ ਸੀ। ਇੱਕ ਵਾਰ ਮਿਲਣ ਪਿੱਛੋਂ ਮੈਂ ਉਸ ਨੂੰ ਬਹੁਤ ਵਾਰ ਮਿਲਿਆ ਸਾਂ। ਮੈਂ ਉਸ ਮਾਂ ਨਾਲ ਲੋਕ ਗੀਤਾਂ ਦੀਆਂ ਗੱਲਾਂ ਕੀਤੀਆਂ ਸਨ। ਉਸ ਕੋਲੋਂ ਬਹੁਤ ਸਾਰੇ ਗੀਤ ਸੁਣੇ ਸਨ। ਇੱਕ ਵਾਰ ਤਾਂ ਉਸ ਮਾਂ ਨੇ ਉਹ ਸੁਹਾਗ ਗਾ ਕੇ ਵੀ ਸੁਣਾਏ ਸਨ, ਜੋ ਉਹ ਆਪਣੀਆਂ ਧੀਆਂ ਲਈ ਗੁਣਗੁਣਾਉਂਦੀ ਰਹੀ ਸੀ,
ਵਣ ਤਣ ਪੀਲਾਂ ਪੱਕੀਆਂ
ਨੀ ਮੇਰੀਏ ਰਾਣੀਏਂ ਮਾਏ।
ਕੋਈ ਹੋਈਆਂ ਲਾਲ-ਗੁਲਾਲ
ਨੀ ਭਲੀਏ!
ਧੀਆਂ ਨੂੰ ਸਹੁਰੇ ਤੋਰ ਕੇ
ਨੀ ਮੇਰੀਏ ਰਾਣੀਏਂ ਮਾਏ।
ਤੇਰਾ ਕੇਹਾ ਕੁ ਲੱਗਦਾ ਜੀਅ
ਨੀ ਭਲੀਏ।
ਘੜੀਆਂ ਗਿਣਦੀ ਦਿਨ ਆ ਗਿਆ
ਨੀ ਮੇਰੀਏ ਭੋਲੀਏ ਮਾਏ।
ਕੋਈ ਤਾਰੇ ਗਿਣਦਿਆਂ ਰਾਤ।
ਨੀ ਭਲੀਏ।…
…ਤੇ ਫੇਰ ਪਤਾ ਨਹੀਂ ਕਦੋਂ ਮਾਂ ਸੁਹਾਗ ਗਾਉਂਦੀ ਗਾਉਂਦੀ ਘੋੜੀ ਗਾਉਣ ਲੱਗ ਪਈ ਸੀ,
…ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ!
ਉਹ ਮਾਂ ਹੁਣ ਨਹੀਂ ਹੈ, ਪਰ ਮਾਂ ਨੂੰ ਮਿਲਣ ਸਾਰ ਹੀ ਮੈਂ ਜਾਣ ਲਿਆ ਸੀ ਕਿ ਟਿਵਾਣਾ ਦੀ ਸਮੁੱਚੀ ਰਚਨਾ ਵਿਚ ਫੈਲੀ ਹੋਈ ਕਵਿਤਾ ਦੀ ਖੁਸ਼ਬੂ ਦਰਅਸਲ ਉਸ ਮਾਂ ਦੀ ਹੈ। ਉਸ ਮਾਂ ਨੂੰ ਮਿਲ ਕੇ ਹੀ ਮੇਰਾ ਇਹ ਯਕੀਨ ਬਣਿਆ ਸੀ ਕਿ ਮਾਂਵਾਂ ਜਿਉਂਦੀਆਂ ਰਹਿੰਦੀਆਂ ਨੇ। ਮਾਂਵਾਂ ਕਦੀ ਮਰਦੀਆਂ ਨਹੀਂ। ਮਾਂਵਾਂ ਆਪਣੇ ਬੱਚਿਆਂ ਦੇ ਅੰਦਰ ਹੀ ਹੁੰਦੀਆਂ ਨੇ। ਜੇ ਦਲੀਪ ਕੌਰ ਟਿਵਾਣਾ ਦੇ ਅੰਦਰ ਉਹ ਮਾਂ ਨਾ ਹੁੰਦੀ ਤਾਂ ਉਸ ਕੋਲ ਕਵਿਤਾ ਨਹੀਂ ਸੀ ਹੋਣੀ। ਉਸ ਲੇਖਕ ਵੀ ਨਹੀਂ ਸੀ ਹੋਣਾ।

ਡਾ. ਦਲੀਪ ਕੌਰ ਟਿਵਾਣਾ ਨੂੰ ਮਿਲਣਾ ਮੈਨੂੰ ਕਦੀ ਲੇਖਕਾ ਨੂੰ ਮਿਲਣ ਵਾਂਗ ਨਹੀਂ ਲੱਗਾ। ਉਹ ਹਮੇਸ਼ਾ ਮੈਨੂੰ ਖੁਸ਼ਬੂ ਦੇ ਇੱਕ ਰਿਸ਼ਤੇ ਵਾਂਗ ਦਿਸਦੀ ਹੈ-ਕਦੇ ਮਾਂ, ਕਦੇ ਭੈਣ ਤੇ ਕਦੇ ਦੋਸਤ।
ਮੈਂ ਉਸ ਮਾਂ ਨੂੰ ਉਹਦੇ ਚਿਹਰੇ ਤੋਂ ਵੇਖਣ ਦਾ ਯਤਨ ਕਰਦਾ ਹਾਂ, ਜਿਸ ਮਾਂ ਦੀਆਂ ਆਂਦਰਾਂ ਦਾ ਉਹ ਟੋਟਾ ਹੈ। ਉਸ ਮਾਂ ਨੂੰ ਬੇਸ਼ੱਕ ਮੈਂ ਮਿਲਿਆ ਸਾਂ, ਪਰ ਜਾਣਿਆ ਨਹੀਂ ਸੀ। ਡਾ. ਟਿਵਾਣਾ ਨੇ ਦੱਸਿਆ ਹੈ, “ਮਾਂ ਮੇਰੀ ਸੰਸਾਰੀ ਹੁੰਦਿਆਂ ਵੀ ਭਗਤਣੀ ਸੀ। ਲੋਕ ਨਾਲੋਂ ਪਰਲੋਕ ਦੇ ਫਿਕਰਾਂ ਵਿਚ ਗੁਆਚੀ ਹਮੇਸ਼ਾ ਅੱਗਾ ਸੁਆਰਨ ਦੇ ਆਹਰ ਵਿਚ ਲੱਗੀ ਰਹਿੰਦੀ। ਮੋਹ ਭੰਗ ਹੋਣ ਦੇ ਉਹਦੇ ਆਪਣੇ ਕਾਰਨ ਹੋਣਗੇ, ਮੈਂ ਨਹੀਂ ਜਾਣਦੀ। ਸ਼ਾਇਦ ਉਹ ਵੀ ਨਹੀਂ ਸੀ ਜਾਣਦੀ। … ਤੇ ਪਿਓ? ਪਿਓ ਸਰਦਾਰ ਸੀ, ਸੱਚੀਂ-ਮੁੱਚੀਂ ਦਾ ਸਰਦਾਰ। ਉਸ ਦੀ ਇੱਕੋ ਇੱਕ ਦਿਲਚਸਪੀ ਸੀ ਸ਼ਰਾਬ। ਇਉਂ ਆਪੋ-ਆਪਣੇ ਰਾਹ ਤੁਰਦੇ, ਉਹ ਬੱਚਿਆਂ ਨੂੰ ਤਾਂ ਭੁੱਲ ਹੀ ਗਏ ਸਨ। ਉਂਜ ਬੱਚਿਆਂ ਲਈ ਘਰ ਵਿਚ ਘਾਟਾ ਹੀ ਕਾਹਦਾ ਸੀ। ਆਖਦੇ ਨੇ, ਰਿੜ੍ਹਨ ਤੋਂ ਮਸਾਂ ਖੜ੍ਹਨ ਹੀ ਲੱਗੀ ਸੀ, ਜਦੋਂ ਵੱਡੀ ਭੂਆ ਨੇ ਵਾਸਤਾ ਪਾਇਆ ਕਿ ਬੇਟੀ ਮੈਨੂੰ ਦੇ ਦਿਉ। ਬਾਬਾ ਜੀ ਨੇ ਨਾਂਹ ਕਰ ਦਿੱਤੀ। ਕੋਈ ਆਪਣੀਆਂ ਧੀਆਂ ਵੀ ਕਿਸੇ ਨੂੰ ਦਿੰਦਾ ਹੁੰਦੈ? ਭੂਆ ਜੀ ਨੇ ਰੋ ਕੇ ਦੱਸਿਆ, ‘ਦੋ ਵਿਆਹ ਸਰਦਾਰ ਨੇ ਪਹਿਲੋਂ ਕੀਤੇ ਹੋਏ ਨੇ ਤੇ ਔਲਾਦ ਦੇ ਮਾਰੇ ਨੇ ਤੀਜਾ ਹੋਰ ਕਰ ਲੈਣਾ ਐ।’ ਜਿਸ ਕਾਰ ‘ਚ ਭੂਆ ਜੀ ਮੈਨੂੰ ਪਿੰਡ ਤੋਂ ਲੈ ਕੇ ਆਏ, ਮਾਂ ਬਹੁਤ ਦੇਰ ਤੱਕ ਖੜ੍ਹੀ ਉਸ ਕਾਰ ਨੂੰ ਜਾਂਦੀ ਨੂੰ ਵੇਖਦੀ ਰਹੀ।”
ਉਹ ਮਾਂ ਮੈਨੂੰ ਅੱਜ ਵੀ ਉਥੇ ਖਲੋਤੀ ਹੋਈ ਹੀ ਦਿਸਦੀ ਹੈ, ਪਰ ਵਕਤ ਦੇ ਗਰਦੋ-ਗੁਬਾਰ ਵਿਚ ਉਸ ਆਪਣਾ ਚਿਹਰਾ ਧੀ ਨਾਲ ਵਟਾ ਲਿਆ ਹੈ। … ਤੇ ਹੁਣ ਉਥੇ ਖਲੋਤੀ ਹੋਈ ਦਾ ਨਾਂ ਦਲੀਪ ਕੌਰ ਟਿਵਾਣਾ ਹੈ। ਉਸ ਦੇ ਉਥੇ ਖੜ੍ਹੀ ਖੜ੍ਹੀ ਦੇ ਜੜ੍ਹਾਂ ਉਗ ਆਈਆਂ ਹਨ। ਉਸ ਤੋਂ ਪਿੱਛੋਂ ਉਸ ਦੇ ਕਰੂੰਬਲਾਂ ਫੁੱਟੀਆਂ, ਕਰੂੰਬਲਾਂ ਟਾਹਣੀਆਂ ਬਣ ਕੇ ਫੈਲ ਗਈਆਂ ਤੇ ਫਿਰ ਉਹ ਇੱਕ ਘਣਛਾਵੇਂ ਰੁੱਖ ਦਾ ਰੂਪ ਹੋ ਗਈ। ਉਸ ਰੁੱਖ ਦੀ ਛਾਂ ਚਹੁੰ-ਦਿਸ਼ਾਵਾਂ ਵਿਚ ਫੈਲ ਗਈ ਹੈ। ਮੇਰੀ ਚੁੱਪ ਨੇ ਉਹਨੂੰ ਪੁੱਛਿਆ ਹੈ, ਮੈਂ ਕਿਸ ਦਿਸ਼ਾ ਵਿਚ ਖਲੋਤਾ ਹਾਂ?

ਚਿਰ ਹੋਇਆ, ਮੈਂ ਦਲੀਪ ਕੌਰ ਟਿਵਾਣਾ ਦੀ ਸ਼ਖਸੀਅਤ ਦੇ ਕਿੰਨੇ ਸਾਰੇ ਰੰਗ ਇਕੱਠੇ ਕੀਤੇ ਤੇ ਇੱਕ ਕਿਤਾਬ ਤਿਆਰ ਕਰ ਲਈ। ‘ਨਮ ਸ਼ਬਦਾਂ ਦੀ ਆਬਸ਼ਾਰ’, ਇਹੋ ਨਾਂ ਸੀ ਉਸ ਕਿਤਾਬ ਦਾ।
ਕਿਤਾਬ ਦਾ ਸਰਵਰਕ ਇਮਰੋਜ਼ ਨੇ ਬਣਾਇਆ ਸੀ। ਦਲੀਪ ਕੌਰ ਟਿਵਾਣਾ ਦੇ ਜਨਮ-ਜਨਮਾਤਰਾਂ ਵਾਲੇ ਰਿਸ਼ਤੇ ਵੇਲੇ ਇਮਰੋਜ਼ ਧਰਮੀ ਬਾਬਲ ਬਣਿਆ ਸੀ। ਉਸੇ ਨੇ ਪੱਲਾ ਫੜਾਇਆ ਸੀ। ਇਸ ਰਿਸ਼ਤੇ ਦੇ ਹੱਕ ਵਰਤਦਿਆਂ ਉਹ ਆਪਣੀ ਧੀ ਨੂੰ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ। ਕਿਤਾਬ ਦਾ ਸਰਵਰਕ ਬਣ ਕੇ ਆਇਆ ਤਾਂ ਇਮਰੋਜ਼ ਦੀ ਇੱਕ ਸਤਰ ਦੀ ਚਿੱਠੀ ਵੀ ਨਾਲ ਸੀ। ਲਿਖਿਆ ਸੀ, “ਜਸਬੀਰ! ਕੀ ਤੈਨੂੰ ਖਲੋਤਾ ਹੋਇਆ ਪਾਣੀ ਆਬਸ਼ਾਰ ਦਿਸਦਾ ਹੈ?”
ਮੈਂ ਸਰਵਰਕ ‘ਤੇ ਬਣੀ ਟਿਵਾਣਾ ਦੀ ਤਸਵੀਰ ਨੂੰ ਵੇਖਿਆ ਸੀ ਤੇ ਕੁਝ ਦੇਰ ਤੱਕ ਵੇਖਦਾ ਹੀ ਰਿਹਾ ਸਾਂ। ਤਸਵੀਰ ਵਿਚ ਟਿਵਾਣਾ ਦੇ ਚਿਹਰੇ ਉਤੇ ਗੰਭੀਰਤਾ ਸੀ, ਵਿਵੇਕ ਸੀ ਤੇ ਹਾਦਸਿਆਂ ਦੇ ਪਰਛਾਵੇਂ ਸਨ। ਉਹ ਚਿਹਰਾ ਉਦਾਸ ਸੀ। ਅਗਲੇ ਛਿਣ ਉਹਲੇ ਜਿਹੇ ਵਿਚ ਮੈਂ ਮੁਸਕਰਾਹਟ ਠਹਿਰੀ ਹੋਈ ਵੇਖ ਲਈ। ਮੈਂ ਕੋਰੇ ਕਾਗਜ਼ ‘ਤੇ ਮੋਟੇ ਹਰਫਾਂ ਵਿਚ ਲਿਖਿਆ, “ਜਿਹੜਾ ਸਮੁੰਦਰ ਸੁਨਾਮੀ ਨੂੰ ਜਿਉਂ ਕੇ ਵੀ ਸ਼ਾਂਤ ਦਿਸ ਰਿਹਾ ਹੋਵੇ, ਜ਼ਿੰਦਗੀ ਦੀ ਹਰ ਲਹਿਰ ਵਿਚੋਂ ਮੁਸਕਰਾਹਟ ਲੱਭ ਸਕਦਾ ਹੋਵੇ, ਉਹਨੂੰ ਤਾਂ ਸਲਾਮ ਕਹਿਣਾ ਬਣਦਾ ਹੈ।” ਆਬਸ਼ਾਰ ਕਦੇ ਛੱਪੜ ਨਹੀਂ ਬਣਦੀ, ਨਦੀ ਬਣਦੀ ਹੈ।…ਤੇ ਉਹ ਨਦੀ ਵਹਿ ਰਹੀ ਹੈ, ਨਿਰੰਤਰ ਵਹਿ ਰਹੀ ਹੈ।

ਪੁਰਾਣੇ ਲੋਕ ਵੱਡੀ ਭੈਣ ਨੂੰ ਆਮ ਤੌਰ ਉਤੇ ‘ਬੀਬੀ’ ਕਹਿ ਕੇ ਮੁਖਾਤਿਬ ਹੁੰਦੇ ਸਨ। ਪਿੰਡ ਦੀ ਜੰਮੀ ਪਲੀ, ਵੱਡੇ ਸਰਦਾਰਾਂ ਦੀ ਧੀ, ਜਬ੍ਹੇ ਵਾਲੀ ਜੱਟੀ ‘ਬੀਬੀ’ ਤੋਂ ‘ਦੀਦੀ’ ਕਿਵੇਂ ਹੋ ਗਈ?
ਇੱਕ ਗੱਲ ਸੌ ਵਿਸਵੇ ਪੱਕੀ ਹੈ ਕਿ ਕਿਸੇ ਵੀ ਹੋਰ ਨਾਂ ਨਾਲ ਇਹ ਸ਼ਬਦ ਓਪਰਾ ਹੀ ਲੱਗੂ। ਦਲੀਪ ਕੌਰ ਟਿਵਾਣਾ ਦੇ ਨਾਂ ਦਾ ਹਿੱਸਾ ਹੋ ਗਿਆ ਹੈ ਦੀਦੀ ਸੰਬੋਧਨ। ਹੁਣ ਫੌਜ ਦੇ ਰੈਂਕ ਵਾਂਗੂ ਦਲੀਪ ਕੌਰ ਟਿਵਾਣਾ ਦੇ ਨਾਂ ਨਾਲ ਜੁੜਿਆ ਹੀ ਰਹੇਗਾ।
‘ਦੀਦੀ’ ਦੁਆਲੇ ਮੈਨੂੰ ਤਾਂ ਰਹੱਸ ਦਾ ਧੂੰਆਂ ਜਿਹਾ ਉਡਦਾ ਵੀ ਪ੍ਰਤੀਤ ਹੁੰਦਾ ਹੈ।…ਸੰਘਣੀ ਧੁੰਦ ਵਿਚ ਗੁਆਚਾ ਜਿਹਾ ਆਕਾਰ।…ਝਾਂਜਰਾਂ ਦੀ ਛਣ ਛਣ। ਮੱਧਮ ਜਿਹਾ ਸੰਗੀਤ! ਤੇ ਫਿਰ ਹੂਕ ਜਿਹੀ ਅਵਾਜ਼,
ਕਹੀਂ ਦੀਪ ਜਲੇ, ਕਹੀਂ ਦਿਲ
ਜ਼ਰਾ ਦੇਖ ਲੇ ਆ ਕਰ ਪਰਵਾਨੇ
ਤੇਰੀ ਕੌਨ ਸੀ ਹੈ ਮੰਜ਼ਿਲ।
ਕੀ ਪਤੈ, ਇਹ ਧੁੰਦ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਨੇ ਸਿਰਜੀ ਹੋਵੇ! ਧੁੰਦ ਗਾੜ੍ਹੀ ਹੈ। ਉਸ ਨਾਲ ਸੁੱਖ-ਦੁੱਖ ਦੀ ਭਿਆਲੀ ਦੇ ਬਾਵਜੂਦ ਮੇਰੀ ਪਛਾਣ ਧੁੰਦਲਾਈ ਹੋਈ ਹੈ। ਕੀ ਪਤਾ, ਸਮੁੰਦਰ ਦੇ ਨੀਲੇ, ਹਰੇ ਪਾਣੀ ਹੇਠ ਕੀ ਹੈ। ਡੁੱਬੇ ਹੋਏ ਜਹਾਜ, ਮਾਹੀਗੀਰਾਂ ਦੀਆਂ ਟੁੱਟੀਆਂ ਹੋਈਆਂ ਬੇੜੀਆਂ, ਬੇਸ਼ਕੀਮਤੀ ਹੀਰੇ-ਮੋਤੀ ਕਿ ਸਮੁੰਦਰ ਵਿਚ ਰੋਂਦੀਆਂ ਮੱਛੀਆਂ?
ਰੋਂਦੀਆਂ ਮੱਛੀਆਂ ਦੇ ਅੱਥਰੂ ਕੌਣ ਵੇਖ ਸਕਦਾ ਹੈ ਭਲਾ? ਪਰ ਦਲੀਪ ਕੌਰ ਟਿਵਾਣਾ ਆਪਣੇ ਸਮੁੰਦਰ ਦੀਆਂ ਮੱਛੀਆਂ ਦੇ ਅੱਥਰੂ ਵੇਖ ਸਕਦੀ ਹੈ, ਪੂੰਝ ਵੀ ਸਕਦੀ ਹੈ। ਉਹ ਅੱਥਰੂ ਜਦੋਂ ਡਾ. ਟਿਵਾਣਾ ਕੋਲ ਆਉਂਦੇ ਨੇ ਤਾਂ ਸ਼ਬਦ ਹੋ ਜਾਂਦੇ ਨੇ। ਉਹ ਉਨ੍ਹਾਂ ਸ਼ਬਦਾਂ ਦੀ ਤਾਸੀਰ ਜਾਣ ਲੈਂਦੀ ਹੈ। ਫਿਰ ਤਾਂ ਕੋਈ ਵੀ ਉਨ੍ਹਾਂ ਅੱਥਰੂਆਂ ਦੇ ਦਰਦ ਦੀ ਇਬਾਰਤ ਪੜ੍ਹ ਲਵੇ ਭਾਵੇਂ।
ਉਹਨੂੰ ਆਪਣੇ ਨਾਵਲ ਲਿਖਣ ਲਈ ਉਚੇਚ ਨਹੀਂ ਕਰਨੀ ਪਈ ਕਦੇ। ਸਮੁੰਦਰ ਨੂੰ ਕਦੋਂ ਲੋੜ ਪਈ ਹੈ ਕਿ ਉਹ ਕਿਸੇ ਸ਼ੈਅ ਲਈ ਬਾਹਰ ਹੱਥ-ਪੈਰ ਮਾਰੇ। ਟਿਵਾਣਾ ਦੇ ਨਾਵਲ ਉਸੇ ਸਮੁੰਦਰ ਵਿਚੋਂ ਆਪਣਾ ਰੂਪ ਲੈ ਕੇ ਨਮੂਦਾਰ ਹੁੰਦੇ ਨੇ।

ਫੌਜ ਦਾ ਹਵਾਲਾ ਡਾ. ਦਲੀਪ ਕੌਰ ਟਿਵਾਣਾ ਨੂੰ ਉਦਾਸ ਕਰਦਾ ਹੈ। ਉਹਨੂੰ ਫੌਜੀ ਵਰਦੀ ਵਿਚ ਫਬਿਆ ਇੱਕ ਬਾਂਕਾ ਗੱਭਰੂ ਦਿਸਦਾ ਹੈ। ਉਹ ਪਛਾਣ ਲੈਂਦੀ ਹੈ, ਨਿੱਕੇ ਵੀਰ ਨੂੰ। ਉਹ ਹੱਥ ਉਲਾਰ ਕੇ ਹਾਕ ਮਾਰਦੀ ਹੈ, ਪਰ ਉਹ ਨਹੀਂ ਸੁਣਦਾ ਤੇ ਧੁੰਦ ਵਿਚ ਗੁਆਚ ਜਾਂਦਾ ਹੈ। ਟਿਵਾਣਾ ਉਹਨੂੰ ਲੱਭਣ ਲਈ ਆਪਣੇ ਅੰਦਰ ਵੱਲ ਤੁਰ ਪੈਂਦੀ ਹੈ ਤੇ ਫਿਰ ਧੁੰਦ ਦੇ ਬੱਦਲਾਂ ਵਿਚ ਆਪ ਵੀ ਗੁਆਚ ਜਾਂਦੀ ਹੈ। ਕਾਲ ਬੈੱਲ ਦੀ ਆਵਾਜ਼ ਨਾਲ ਉਹ ਆਪਣੇ ਵੱਲ ਪਰਤਦੀ ਹੈ, ਉਠ ਕੇ ਬੂਹਾ ਖੋਲ੍ਹਦੀ ਹੈ।
ਖੁੱਲ੍ਹੇ ਬੂਹੇ ਸਾਹਮਣੇ ਕੋਈ ਵੀ ਹੋ ਸਕਦਾ ਸੀ, ਕੋਈ ਲੇਖਕ, ਪਾਠਕ ਵਿਦਿਆਰਥੀ ਜਾਂ ਫਿਰ…।
ਉਸ ਦਿਨ ਬੂਹੇ ਸਾਹਵੇਂ ਮੈਂ ਸਾਂ। ਮੈਂ ਇਕੱਲਾ ਨਹੀਂ ਸਾਂ, ਮੇਰੀ ਬੀਵੀ ਅਮਰਇੰਦਰ ਨਾਲ ਸੀ ਮੇਰੇ। ਮੇਰੀ ਬੀਵੀ ਡਾ. ਟਿਵਾਣਾ ਦੀ ਖਾਸ ਪਾਠਕ ਹੈ। ਉਹ ਟਿਵਾਣਾ ਦੇ ਨਾਵਲ ਪੜ੍ਹਦੀ ਹੋਈ ਰੋ ਪੈਂਦੀ ਹੈ। ਡਾ. ਟਿਵਾਣਾ ਦਾ ਫੋਨ ਆਵੇ ਤਾਂ ਅਮਰਇੰਦਰ ਦੀ ਇੱਛਾ ਹੁੰਦੀ ਹੈ ਕਿ ਉਹ ਦੀਦੀ ਨਾਲ ਬਹੁਤ ਗੱਲਾਂ ਕਰ ਲਵੇ। ਉਹਦੇ ਭਾਣੇ ਦਲੀਪ ਕੌਰ ਟਿਵਾਣਾ ਆਪਣੇ ਨਾਵਲਾਂ ਦੀ ਨਾਇਕਾ ਹੈ। ਉਹਦੇ ਯਕੀਨ ਨੂੰ ਮੈਂ ਕਦੇ ਭਰਮ ਨਹੀਂ ਆਖਿਆ।
ਕਦੇ ਕਦਾਈਂ ਚਾਹ ਦੇ ਘੁੱਟ ਭਰਦਿਆਂ ਉਹ ਟਿਵਾਣਾ ਦੇ ਨਾਵਲਾਂ ਦੇ ਫਿਕਰੇ ਸੁਣਾਉਣ ਲੱਗ ਪੈਂਦੀ ਹੈ।
“ਵੀਰਾ! ਰਿਸ਼ਤੇ ਰੂਹਾਂ ਦੇ, ਸਾਂਝਾਂ ਧੁਰ ਦੀਆਂ। ਬੰਦਾ ਬੰਬਈ ਵਿਚ ਗੁੰਮ ਹੋ ਜਾਵੇ ਤਾਂ ਨਹੀਂ ਲੱਭਦਾ। ਆਪਾਂ ਅਗਲੇ ਜਨਮ ਵਿਚ ਕਿਵੇਂ ਮਿਲਾਂਗੇ।”
ਦਲੀਪ ਕੌਰ ਟਿਵਾਣਾ ਦੇ ਨਾਵਲਾਂ ਦਾ ਬੜਾ ਕੁਝ ਅਮਰਇੰਦਰ ਦੇ ਚੇਤੇ ਵਿਚ ਹੈ। ਉਸ ਚੇਤੇ ਵਿਚ ਇੱਕ ਸਾਂਝਾ ਦਰਦ ਵੀ ਸ਼ਾਮਲ ਹੈ।
ਵੇਖ ਨਦੀ ਦੇ ਲੇਖ। ਮੁਕੱਦਰ ਨੇ ਉਹ ਲੇਖ ਸਿਆਹੀ ਦੇ ਇੱਕੋ ਟੋਭੇ ਨਾਲ ਲਿਖੇ ਹੋਏ ਸਨ। ਇੱਕ ਵੀਰ ਉਸ ਦਾ ਸੀ। ਤੇ ਇੱਕ ਵੀਰ ਦੂਜੀ ਦਾ। ਦੋਵਾਂ ਭੈਣਾਂ ਦੇ ਉਹ ਵੀਰ ਲਗਪਗ ਇੱਕੋ ਵੇਲੇ, ਇੱਕੋ ਜਿਹੇ ਤਰੀਕੇ ਨਾਲ ਤੁਰ ਗਏ ਸਨ।
ਦੋਵਾਂ ਨੇ ਵੀਰ ਨੂੰ ਗੋਦ ਖਿਡਾਇਆ ਸੀ। ਲਾਡ ਲਡਾਏ ਸਨ, ਉਨ੍ਹਾਂ ਲਈ ਮਾਂਵਾਂ ਬਣੀਆਂ ਸਨ, ਪਰ ਉਹ ਵੀਰ ਹੋਣੀ ਦੇ ਮਾਰੇ ਹੋਏ ਸਨ।
ਉਸ ਦਿਨ ਵੀ ਉਹ ਤੁਰ ਗਏ ਵੀਰ ਦੀਆਂ ਗੱਲਾਂ ਦੱਸਦੀਆਂ, ਸੁਣਦੀਆਂ ਰਹੀਆਂ ਸਨ। ਅੱਖਾਂ ਦੇ ਸਰਵਰ ਵਾਰ ਵਾਰ ਭਰ ਉਛਲੇ ਸਨ।

ਡਾ. ਟਿਵਾਣਾ ਦੇ ਘਰ ਦਾ ਇੱਕ ਰੁੱਖ ਬਾਹਰਲੇ ਫਾਟਕ ਦੇ ਅੰਦਰਵਾਰ ਹੈ। ਉਸ ਰੁੱਖ ਦੀਆਂ ਟਾਹਣੀਆਂ ਤੇ ਪੱਤਿਆਂ ‘ਚ ਲੁਕੇ ਪਰਿੰਦਿਆਂ ਦੀ ਚਹਿਚਹਾਟ ਸੁਣਦੀ ਰਹਿੰਦੀ ਹੈ। ਉਸ ਬੋਹੜ ਦੀ ਪਨਾਹ ਵਿਚ ਚਿੜੀਆਂ, ਤੋਤੇ ਵੀ ਨੇ, ਗੁਟਾਰਾਂ, ਘੁੱਗੀਆਂ ਵੀ ਅਤੇ ਹੋਰ ਵੀ ਕਈ ਪੰਛੀ। ਉਨ੍ਹਾਂ ਨੂੰ ਹੱਥੀਂ ਚੋਗਾ ਪਾਉਂਦਿਆਂ ਉਹ ਗੁਣਗੁਣਾਉਂਦੀ ਹੈ,
ਨੀਲੀ ਨੀਲੀ ਘੋੜੀ ਮੇਰਾ ਵੀਰ ਚੜ੍ਹੇ
ਵੇ ਨਿੱਕਿਆ!
ਭੈਣ ਸੁਹਾਗਣ ਤੇਰੀ ਵਾਗ ਫੜੇ।
ਮੋਰਾਂ ਨੂੰ ਉਹਦੀ ਗੁਣਗੁਣਾਹਟ ਸੁਣ ਪੈਂਦੀ ਹੈ। ਉਹ ਰੁੱਖਾਂ ਦੇ ਜ਼ਖੀਰੇ ਵੱਲੋਂ ਕੰਧ ਟੱਪ ਕੇ ਕੋਠੀ ‘ਚ ਪਹੁੰਚ ਜਾਂਦੇ ਹਨ। ਉਹ ਗੁਣਗੁਣਾਉਂਦੀ ਹੋਈ ਮਨ ਭਰ ਲੈਂਦੀ ਹੈ, ਕਿੱਥੇ ਹੈ ਉਹ ਵੀਰ? ਪਰਿੰਦੇ ਆਪਣੇ ਹਿੱਸੇ ਦਾ ਚੋਗਾ ਚੁਗਦੇ ਨੇ ਤੇ ਉਡ ਜਾਂਦੇ ਨੇ। ਮੋਰ ਉਹਦੇ ਵਿਹੜੇ ਦੀ ਦੀਵਾਰ ਟੱਪ ਕੇ ਜੰਗਲ ਵਿਚ ਗੁਆਚ ਜਾਂਦੇ ਨੇ।
ਉਨ੍ਹਾਂ ਦੇ ਪਿੱਛੇ ਜਾਣ ਲਈ ਉਹ ਉਠਦੀ ਹੈ ਤੇ ਫਿਰ ਬੈਠ ਜਾਂਦੀ ਹੈ। ਉਸ ਨੂੰ ਚੇਤੇ ਆਉਂਦਾ ਹੈ ਕਿ ਉਹ ਤਾਂ ਰੁੱਖ ਹੈ। ਰੁੱਖ ਕੋਲ ਖੰਭ ਨਹੀਂ ਹੁੰਦੇ। ਰੁੱਖ ਪਰਿੰਦਿਆਂ ਦੇ ਨਾਲ ਉਡ ਨਹੀਂ ਸਕਦੇ।
ਕਦੇ ਕਦਾਈਂ ਉਸ ਨੂੰ ਲੱਗਦਾ ਹੈ, ਉਹ ਸਿਰਫ ਇੱਕ ਮੋਢਾ ਹੈ, ਇੱਕ ਧੜਕਦਾ ਮੋਢਾ। ਕੋਈ ਭਾਵੇਂ ਕਦੇ ਵੀ ਉਸ ਮੋਢੇ ਉਤੇ ਸਿਰ ਰੱਖ ਕੇ ਰੋ ਲਵੇ। ਜਿਸ ਮੋਢੇ ਨੂੰ ਹਰ ਕੋਈ ਅੱਥਰੂਆਂ ਨਾਲ ਭਿਉਂ ਸਕਦਾ ਹੋਵੇ, ਉਹਦੇ ਆਪਣੇ ਲਈ ਇਹੋ ਜਿਹਾ ਮੋਢਾ ਕਿੱਥੇ ਹੈ? ਉਸ ਪਲ ਉਹ ਆਪਣੀ ਹਿਫਾਜ਼ਤ ਖਾਤਰ ਇੱਕ ਲਤੀਫਾ ਤਾਮੀਰ ਕਰਦੀ ਹੈ ਤੇ ਫਿਰ ਖੁੱਲ੍ਹ ਕੇ ਹੱਸਦੀ ਹੈ।
ਇੱਕ ਦਿਨ ਉਹ ਬਾਹਰੋਂ ਮੁੜੀ ਤਾਂ ਫਾਟਕ ਖੋਲ੍ਹਦਿਆਂ ਡੱਡੋਲਿਕੀ ਹੋ ਗਈ। ਉਹਦੀ ਗੈਰਹਾਜ਼ਰੀ ਵਿਚ ਰੁੱਖ ਛਾਂਗ ਦਿੱਤਾ ਗਿਆ ਸੀ। ਰੁੱਖ ਦੀਆਂ ਟਾਹਣੀਆਂ ਅਤੇ ਪੱਤੇ ਪੰਛੀਆਂ ਦੇ ਖੰਭਾਂ ਵਾਗੂੰ ਵਲੂੰਧਰੇ ਹੋਏ ਪੂਰੇ ਵਿਹੜੇ ਵਿਚ ਖਿਲਰੇ ਪਏ ਸਨ। ਉਹ ਰੁੱਖ ਦੇ ਨਵੇਂ ਪੁੰਗਾਰੇ ਦੀ ਉਡੀਕ ਕਰਨ ਲੱਗ ਪਈ। ਜਦੋਂ ਵੀ ਰੁੱਖ ਮੁੜ ਹਰਿਆ ਭਰਿਆ ਹੋਇਆ, ਪਰਿੰਦੇ ਪਰਤ ਆਉਣਗੇ ਤੇ ਮੁੜ ਉਹਦੇ ਹੱਥੋਂ ਚੋਗਾ ਚੁਗਣਗੇ।
ਨੇੜਲੇ ਗੁਰਦੁਆਰੇ ਵੱਲੋਂ ਕੀਰਤਨ ਦੀ ਮੱਧਮ ਜਿਹੀ ਅਵਾਜ਼ ਹਵਾ ਦੀਆਂ ਲਹਿਰਾਂ ਨਾਲ ਉਹਦੇ ਤੱਕ ਪਹੁੰਚ ਰਹੀ ਸੀ,
ਇਕ ਕਟੇ, ਇਕ ਲਹਿਰ ਵਿਆਪੇ
ਮੌਲਾ ਖੇਲ ਕਰੇ ਸਭ ਆਪੇ।
ਉਸ ਲੰਮਾ ਹਉਕਾ ਭਰਿਆ, ਉਹ ਨਹੀਂ ਆਉਣਗੇ। ਤੁਰ ਜਾਣ ਵਾਲੇ ਮੁੜ ਨਹੀਂ ਆਉਂਦੇ। ਉਹ ਐਵੇਂ ਆਪਣੇ ਆਪ ਨੂੰ ਵਰਚਾ ਰਹੀ ਸੀ। ਕੀ ਪਤੈ, ਨਵੇਂ ਪੁੰਗਾਰੇ ਵੇਲੇ ਉਸ ਦੇ ਹੀ ਖੰਭ ਉਗ ਆਉਣ। ਉਹ ਤਾਂ ਉਡ ਕੇ ਉਨ੍ਹਾਂ ਦੇ ਦੇਸ਼ ਜਾ ਹੀ ਸਕਦੀ ਸੀ। ਉਦਾਸ ਵੇਲੇ ਦੇ ਉਹ ਪਿਘਲੇ ਹੋਏ ਪਲ ਸਨ।
ਉਹ ਫੇਰ ਵੀ ਹੱਸਦੀ ਹੈ, ਕਿਉਂਕਿ ਉਸ ਕੋਲ ਮੋਹ-ਮਮਤਾ ਦਾ ਵਰ ਹੈ। ਇਸ ਵਰ ਸਦਕਾ ਕਾਇਨਾਤ ਉਸ ਦੀਆਂ ਬਾਹਵਾਂ ਵਿਚ ਹੈ। ਉਹ ਰੋਂਦੀ ਹੈ ਕਿ ਉਸ ਦੇ ਵਰ ਨਾਲ ਇੱਕ ਸਰਾਪ ਵੀ ਜੁੜਿਆ ਹੋਇਆ ਹੈ, ਨਜ਼ਰਾਂ ਸਾਹਮਣੇ ਆਪਣੀਆਂ ਟਾਹਣੀਆਂ ਛਾਂਗੇ ਜਾਣ ਦਾ ਸਰਾਪ।
ਉਸ ਰੁੱਖ ਦੀ ਹਰੀ ਭਰੀ ਗੁਫਾ ਦਾ ਹਨੇਰਾ ਟਾਹਣੀਆਂ ਛਾਂਗੇ ਜਾਣ ਪਿੱਛੋਂ ਵੀ ਉਥੇ ਹੀ ਟਿਕਿਆ ਰਹਿ ਗਿਆ ਸੀ। ਹਨੇਰੇ ਨੂੰ ਉਹਨੇ ਟਾਹਣੀਆਂ ਅਤੇ ਪੱਤਿਆਂ ਦੇ ਭਰਮ ਵਿਚ ਪਾਲਿਆ ਹੋਇਆ ਸੀ। ਚਾਹੀਦਾ ਸੀ ਕਿ ਹਨੇਰੇ ਨੂੰ ਉਹ ਆਪ ਛਾਂਗ ਦਿੰਦੀ।

ਗੇਟ ਤੱਕ ਪਹੁੰਚਦਿਆਂ ਮੈਂ ਬੀਤੇ ਦਾ ਕਈ ਜੋਜਨ ਪੈਂਡਾ ਤੈਅ ਕਰ ਲਿਆ ਸੀ। ਡਾ. ਟਿਵਾਣਾ ਹਮੇਸ਼ਾ ਵਾਂਗ ਗੇਟ ਖੋਲ੍ਹ ਕੇ ਅੰਦਰ ਨਹੀਂ ਸੀ ਆਈ। ਉਹ ਉਥੇ ਹੀ ਖੜ੍ਹੀ ਰਹੀ ਸੀ। ਮੈਂ ਅੱਗਲਵਾਂਢੀ ਹੋ ਕੇ ਗੇਟ ਖੋਲ੍ਹਿਆ। “ਨਈਂ ਜਸਬੀਰ। ਮੈਂ ਅੰਦਰ ਨਈਂ ਆਉਣਾ। ਮੈਨੂੰ ਕਾਹਲੀ ਐ ਕੁਸ਼। ਮੈਂ ਛੇਤੀ ਜਾਣੈਂ। ਦਰਅਸਲ ਮੈਂ ਕੋਠੀ-ਝਾੜ ਲੈ ਕੇ ਆਈ ਆਂ।” ਉਸ ਮੁਸਕਰਾ ਕੇ ਦੱਸਿਆ।
“ਕੋਠੀ-ਝਾੜ।” ਮੈਂ ਇਸ ਰੀਤ ਬਾਰੇ ਨਹੀਂ ਸਾਂ ਜਾਣਦਾ। ਅਮਰਇੰਦਰ ਨੂੰ ਕੋਠੀ-ਝਾੜ ਦਾ ਮਾਅਨਾ ਆਉਂਦਾ ਸੀ। ਉਹ ਛੋਹਲੇ ਕਦਮੀਂ ਅੰਦਰ ਗਈ ਤੇ ਤੇਲ ਵਾਲੀ ਸ਼ੀਸ਼ੀ ਚੁੱਕ ਲਿਆਈ। ਸ਼ਗਨਾਂ ਦਾ ਕਾਰਜ ਸੁੱਖ-ਸੁਖਾਂ ਨਾਲ ਨੇਪਰੇ ਚੜ੍ਹਨ ਪਿੱਛੋਂ ਧੀ ਆਪਣੇ ਪੇਕੇ ਘਰ ਖੁਸ਼ੀ ਸਾਂਝੀ ਕਰਨ ਆਈ ਸੀ। ਉਹਨੇ ਗੇਟ ਦੇ ਦੋਹੀਂ ਪਾਸੀਂ ਤੇਲ ਚੋਇਆ ਤੇ ਬੋਲੀ, “ਦੀਦੀ! ਤੁਸੀਂ ਕੋਠੀ-ਝਾੜ ਲੈ ਕੇ ਪੇਕੇ ਘਰ ਆਏ ਹੋ। ਕੀ ਧੀ ਪੇਕੇ ਘਰ ਦੇ ਬੂਹੇ ਤੋਂ ਹੀ ਵਾਪਸ ਮੁੜ ਜਾਂਦੀ ਹੁੰਦੀ ਐ?”
ਡਾ. ਟਿਵਾਣਾ ਹੱਸੀ ਤੇ ਲੋਹੇ ਦਾ ਗੇਟ ਟੱਪ ਲਿਆ। ਉਹਦੇ ਨਾਲ ਅਣਬੋਲੇ ਰਿਸ਼ਤੇ ਦੀ ਖੁਸ਼ਬੂ ਵੀ ਅੰਦਰ ਲੰਘ ਆਈ। ਡਾ. ਟਿਵਾਣਾ ਨੇ ਬੈਠ ਕੇ ਕੈਰੀ ਬੈਗ ਵਿਚੋਂ ਇੱਕ ਸੂਟ ਬਾਹਰ ਕੱਢਿਆ ਤੇ ਅਮਰਇੰਦਰ ਵੱਲ ਕਰ ਦਿੱਤਾ, “ਗੁੱਡ, ਇਹ ਸੂਟ ਤੇਰੇ ਲਈ ਐ। ਲਿਫਾਫੇ ਵਿਚ ਜਸਬੀਰ ਦੀ ਪੱਗ ਲਈ ਪੈਸੇ ਨੇ ਤੇ ਅਹਿ ਮਠਿਆਈ।”
ਉਹ ਜਾਣ ਲਈ ਉਠ ਕੇ ਖਲੋ ਗਈ, “ਚੰਗਾ ਜਸਬੀਰ। ਜਿਉਂਦਾ ਰਹੁ ਭਾਈ।…ਚੰਗਾ ਚੰਗਾ ਲਿਖ। ਗੁੱਡ ਨੂੰ ਤੰਗ ਨਾ ਕਰੀਂ। ਜੇ ਮੈਨੂੰ ਪਤਾ ਲੱਗ ਗਿਆ ਤਾਂ…।” ਮੈਂ ਹੱਸਿਆ।
“ਕੋਠੀ ਝਾੜ ਲੈ ਕੇ ਆਈ ਕੋਈ ਧੀ ਪੇਕੇ ਘਰੋਂ ਖਾਲੀ ਹੱਥ ਨਹੀਂ ਜਾਂਦੀ ਹੁੰਦੀ।” ਅਮਰਇੰਦਰ ਨੇ ਸ਼ਗਨ ਵਜੋਂ ਕੁਝ ਰੁਪਏ ਡਾ. ਟਿਵਾਣਾ ਦੀ ਮੁੱਠੀ ਵਿਚ ਧਰ ਦਿੱਤੇ।
ਮੈਂ ਸੋਚ ਰਿਹਾ ਸਾਂ, ਉਹ ਕੋਠੀ-ਝਾੜ ਨਾ ਮਠਿਆਈ ਸੀ, ਨਾ ਰੇਸ਼ਮੀ ਸੂਟ। ਉਹ ਕੋਠੀ-ਝਾੜ ਨਿਰੀ ਮੁਹੱਬਤ ਸੀ। ਰਿਸ਼ਤੇ ਨੇ ਉਸ ਮੁਕਾਮ ਤੱਕ ਪਹੁੰਚਦਿਆਂ ਉਮਰ ਜੇਡਾ ਪੈਂਡਾ ਕਰ ਲਿਆ ਸੀ। ਉਸ ਰਿਸ਼ਤੇ ਦੀ ਮਹੀਨ ਜਿਹੀ ਤੰਦ ਮੇਰੇ ਦੁਆਲੇ ਵੀ ਵਲੀ ਹੋਈ ਸੀ।
ਉਹ ਪਰਤ ਗਈ ਸੀ। ਮੈਂ ਨਮ ਅੱਖਾਂ ਨਾਲ ਉਨ੍ਹਾਬੀ ਕਾਰ ਨੂੰ ਜਾਂਦਿਆਂ ਵੇਖਦਾ ਰਿਹਾ ਸਾਂ।