ਏਕ ਸ਼ਜਰ ਮੁਹੱਬਤ ਕਾ

ਸੁਰਜੀਤ ਕੌਰ ਕੈਨੇਡਾ
ਬਹੁਤ ਪਵਿੱਤਰ ਜਜ਼ਬਾ ਹੈ ਮੁਹੱਬਤ! ਇਹ ਇਨਸਾਨੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੈ! ਕਾਇਨਾਤ ਦਾ ਜ਼ੱਰਾ ਜ਼ੱਰਾ ਇਸੇ ਸ਼ਕਤੀ ਦਾ ਹੀ ਵਿਸਤਾਰ ਹੈ, ਜਿਸ ਨੂੰ ਮਨੁੱਖ ਨੇ ਵੱਖਰੇ ਵੱਖਰੇ ਨਾਮ ਦਿੱਤੇ ਨੇ-ਕੋਈ ਰੱਬ ਆਖਦੈ, ਕੋਈ ਅੱਲ੍ਹਾ ਅਤੇ ਕੋਈ ਗੌਡ! ਨਾਮ ਕੋਈ ਵੀ ਹੋਵੇ, ਨਾਮ ਤਾਂ ਉਸੇ ਸ਼ਕਤੀ ਦਾ ਹੀ ਹੈ। ਸਾਰਾ ਬ੍ਰਹਿਮੰਡ ਇਕੋ ਸੂਤਰ ਵਿਚ ਬੱਝਿਐ; ਵੰਡੀਆਂ ਤਾਂ ਮਨੁੱਖ ਨੇ ਪਾਈਆਂ। ਉਸ ਕਾਦਰ ਨੇ ਤਾਂ ਸਭ ਜਗ੍ਹਾ ਇਕੋ ਜਿਹੀ ਧਰਤੀ, ਇਕੋ ਜਿਹਾ ਪੌਣ-ਪਾਣੀ ਮੁਹੱਈਆ ਕਰਵਾਇਐ। ਸਾਰਾ ਸੰਸਾਰ ਇਕ ਸੂਤਰ ਵਿਚ ਬੱਝਾ ਉਸੇ ਊਰਜਾ ਦਾ ਸਰੂਪ ਹੈ, ਫਿਰ ਨਫਰਤ ਕਿਸ ਨਾਲ ਕਰਨੀ?

ਨਫਰਤ ਨੂੰ ਖਤਮ ਕਰਨ ਲਈ ਮੁਆਫ ਕਰਨਾ ਬਹੁਤ ਲਾਜ਼ਮੀ ਹੈ। ਜੇ ਤੁਸੀਂ ਕਦੇ ਕਿਸੇ ਨੂੰ ਮੁਆਫ ਕਰਕੇ ਨਹੀਂ ਵੇਖਿਆ ਤਾਂ ਕਦੇ ਅਜ਼ਮਾ ਕੇ ਵੇਖ ਲੈਣਾ। ਮੁਆਫ ਕਰਕੇ ਤੁਸੀਂ ਨਫਰਤ-ਮੁਕਤ ਹੋ ਜਾਉਗੇ! ਹਾਂ, ਥੋੜ੍ਹਾ ਔਖਾ ਤਾਂ ਹੁੰਦਾ ਹੈ! ਆਪਣੇ ਅੰਦਰ ਦੀ ਭੱਠੀ ਵਿਚ ਸੜ੍ਹਦੇ ਰਹਿਣਾ ਕਿਹੜਾ ਸੌਖਾ ਹੁੰਦਾ ਹੈ? ਪ੍ਰਤੀਸ਼ੋਧ ਦੀ ਭਾਵਨਾ ਨਾਲ ਨੁਕਸਾਨ ਕਿਸੇ ਦਾ ਨਹੀਂ, ਨੁਕਸਾਨ ਤਾਂ ਆਪਣਾ ਹੀ ਹੁੰਦੈ। ਭਲਾ ਅੱਜ ਤੱਕ ਕੋਈ ਲੜ ਕੇ ਵੀ ਜਿੱਤਿਐ? ਮੁਆਫ ਕਰ ਦੇਣਾ ਇਕ ਦੈਵੀ ਗੁਣ ਹੈ। ਗਲਤੀਆਂ ਅਸੀਂ ਸਾਰੇ ਹੀ ਕਰਦੇ ਹਾਂ। ਜੇ ਅਸੀਂ ਇਕ-ਦੂਜੇ ਦੀਆਂ ਗਲਤੀਆਂ ਨੂੰ ਮੁਆਫ ਕਰ ਦਿੰਦੇ ਹਾਂ ਤਾਂ ਵੱਡੀਆਂ ਵੱਡੀਆਂ ਮੁਸ਼ਕਿਲਾਂ ਛੋਟੀਆਂ ਲੱਗਣ ਲੱਗਦੀਆਂ ਹਨ। ਮੁਆਫ ਕਰਕੇ ਅਸੀਂ ਹਲਕੇ ਫੁੱਲ ਹੋ ਜਾਂਦੇ ਹਾਂ। ਮੁਆਫ ਕਰਨ ਨਾਲ ਈਰਖਾ, ਦਵੈਸ਼ ਅਤੇ ਝਗੜੇ ਖਤਮ ਹੋ ਜਾਂਦੇ ਹਨ।
ਮੁਆਫ ਕਰਨ ਵਾਲੇ ਬੰਦੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ। ਇਕ ਮੈਡੀਟੇਸ਼ਨ ਸੈਂਟਰ ਜਾਣ ਦਾ ਮੌਕਾ ਮਿਲਿਆ, ਜਿੱਥੇ ਇਹ ਸਿਖਾਉਂਦੇ ਸਨ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁਆਫ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਹਮੇਸ਼ਾ ਆਪਣੇ ਆਪ ਨੂੰ ਦੋਸ਼ ਦਿੰਦੇ ਰਹਿੰਦੇ ਹਾਂ, ਜੋ ਬਿਲਕੁਲ ਗਲਤ ਹੈ। ਜਦੋਂ ਅਸੀਂ ਆਪਣੇ ਆਪ ਨੂੰ ਮੁਆਫ ਕਰ ਲੈਂਦੇ ਹਾਂ ਤਾਂ ਦੂਜਿਆਂ ਨੂੰ ਮੁਆਫ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ। ਜਦੋਂ ਤੱਕ ਅਸੀਂ ਕਿਸੇ ਲਈ ਆਪਣੇ ਮਨ ਵਿਚ ਗੁੱਸਾ ਰੱਖਦੇ ਹਾਂ, ਅਸੀਂ ਆਪਣੇ ਅੰਦਰ ਕੈਦ ਹੁੰਦੇ ਹਾਂ। ਨੁਕਸਾਨ ਫਿਰ ਆਪਣਾ ਹੀ ਹੈ। ਮੁਆਫੀ ਆਪਣੇ ਵਲੋਂ ਆਪਣੇ ਆਪ ਨੂੰ ਦੇਣ ਵਾਲਾ ਸਭ ਤੋਂ ਸੁੰਦਰ ਤੋਹਫਾ ਹੈ। ਇਹ ਤੋਹਫਾ ਆਪਣੇ ਆਪ ਨੂੰ ਦੇ ਕੇ ਦੇਖਣਾ ਚਾਹੀਦਾ ਹੈ! ਸ਼ਾਇਦ ਅਸੀਂ ਵੀ ਮੁਕਤ ਹੋ ਜਾਈਏ।
ਇਕ ਵਾਰੀ ਇਕ ਕਵੀ ਦੀ ਕੋਈ ਕਵਿਤਾ ਕਿਸੇ ਨੇ ਚੋਰੀ ਕਰ ਲਈ। ਉਹ ਇਸ ਗੱਲ ‘ਤੇ ਬਹੁਤ ਭੜਕਿਆ। ਉਨ੍ਹਾਂ ਨੂੰ ਬਥੇਰਾ ਕਿਹਾ ਕਿ ਚਲੋ ਮੁਆਫ ਕਰ ਦਿਉ; ਉਸ ਤੋਂ ਗਲਤੀ ਹੋ ਗਈ। ਅੰਗਰੇਜ਼ੀ ਦੀ ਕੁਟੇਸ਼ਨ ਦਾ ਹਵਾਲਾ ਦਿਤਾ, ‘ਠੋ eਰਰ ਸਿ ਹੁਮਅਨ ਟੋ ੋਰਗਵਿe ਸਿ ਦਵਿਨਿe।’ ਪਰ ਕਵੀ ਸਾਹਿਬ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਉਸ ਤੋਂ ਲਿਖਤੀ ਮੁਆਫੀ ਮੰਗਵਾਈ। ਫਿਰ ਵੀ ਉਨ੍ਹਾਂ ਦੀ ਤਸੱਲੀ ਨਾ ਹੋਈ। ਤਲਖੀ ਵਧਦੀ ਗਈ ਅਤੇ ਕੋਰਟ ਤੱਕ ਜਾਣ ਦੀਆਂ ਧਮਕੀਆਂ ਦਾ ਰੂਪ ਧਾਰ ਗਈ। ਵਿਚਾਰੇ ਕਵੀ ਸਾਹਿਬ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ, ਪਰ ਕੁੜਿੱਤਣ ਨਾਲ ਲੈ ਗਏ ਅਤੇ ਕਵਿਤਾ ਇੱਥੇ ਹੀ ਰਹਿ ਗਈ। ਨਫਰਤ ਨਾਲ ਨਫਰਤ ਪੈਦਾ ਹੁੰਦੀ ਹੈ। ਜ਼ਿੰਦਗੀ ਬਹੁਤ ਛੋਟੀ ਹੈ। ਇਹ ਵੀ ਤਾਂ ਸੰਭਵ ਹੈ ਕਿ ਸਾਡੇ ਜਾਣ ਪਿਛੋਂ ਕੋਈ ਸਾਡੀ ਰਚਨਾ ਚੋਰੀ ਕਰ ਲਏ। ਜੇ ਜਿਉਂਦੇ ਜੀਅ ਅਸੀਂ ਮੁਆਫ ਕਰ ਦੇਈਏ ਤਾਂ ਚੈਨ ਨਾਲ ਇਸ ਦੁਨੀਆਂ ਤੋਂ ਜਾ ਸਕਦੇ ਹਾਂ।
ਮੁਆਫ ਕਰਨ ਲਈ ਬੰਦੇ ਨੂੰ ਜ਼ਰਾ ਜਿਹਾ ਝੁਕਣਾ ਪੈਂਦਾ ਹੈ। ਇਹ ਗੱਲ ਅਸੀਂ ਕੁਦਰਤ ਤੋਂ ਸਿੱਖ ਸਕਦੇ ਹਾਂ। ਪਾਣੀ ਸਦਾ ਨਿਵਾਣ ਵੱਲ ਵਹਿੰਦਾ ਹੈ; ਨਿਵ ਜਾਣਾ ਇਕ ਦੈਵੀ ਗੁਣ ਹੈ; ਫੁੱਲਾਂ ਨਾਲ ਲੱਦੀਆਂ ਟਾਹਣੀਆਂ ਝੁੱਕ ਜਾਂਦੀਆਂ ਹਨ। ਸਾਗਰ ਜਿੰਨਾ ਗਹਿਰਾ ਹੁੰਦਾ ਹੈ, ਉਨਾ ਹੀ ਸ਼ਾਂਤ ਹੁੰਦਾ ਹੈ। ਭਰਿਆ ਘੜਾ ਛਲਕਦਾ ਨਹੀਂ। ਜੇ ਅਸੀਂ ਸਦੈਵ ਆਪਣੇ ਆਲੇ-ਦੁਆਲੇ ਪ੍ਰਤੀ ਚੇਤੰਨ ਹੋ ਕੇ ਜੀਵੀਏ ਤਾਂ ਕੁਦਰਤ ਸਾਨੂੰ ਪੈਰ ਪੈਰ ‘ਤੇ ਜੀਵਨ ਦੇ ਇਹੋ ਜਿਹੇ ਅਸੂਲ ਸਿਖਾਉਂਦੀ ਹੈ। ਗੁਰਬਾਣੀ ਵਿਚ ਵੀ ਲਿਖਿਆ ਹੈ, “ਨਿਵੇ ਸੋ ਗਉਰਾ ਹੋਇ॥” ਜੰਗਲ ਵਿਚ ਭਾਂਤ ਭਾਂਤ ਦੇ ਬੂਟੇ ਹੁੰਦੇ ਹਨ, ਜੋ ਆਪੋ ਆਪਣੀ ਜਗ੍ਹਾ ‘ਤੇ ਬੜੀ ਸਹਿਨਸ਼ੀਲਤਾ ਨਾਲ ਖੜੇ ਰਹਿੰਦੇ ਹਨ, ਅਸੀਂ ਵੀ ਆਪਣੇ ਆਲੇ-ਦੁਆਲੇ ਨਾਲ ਮੁਹੱਬਤ ਨਾਲ ਰਹਿ ਸਕਦੇ ਹਾਂ।
ਜੋ ਧਰਮ ਦੇ ਨਾਂ ‘ਤੇ ਮਨੁੱਖਤਾ ਦਾ ਘਾਣ ਕਰਦੈ ਤੇ ਨਫਰਤ ਫੈਲਾਉਂਦੈ, ਅਸਲ ਵਿਚ ਉਹ ਉਸੇ ਦਾ ਹੀ ਕਤਲ ਕਰਦੈ, ਜਿਸ ਦੇ ਨਾਂ ‘ਤੇ ਉਹ ਕਿਸੇ ਧਰਮ ਦਾ ਰੱਖਿਅਕ ਬਣ ਬੈਠੈ। ਧਰਮ ਕਿਸੇ ਇਕ ਬੰਦੇ ਦਾ ਬਣਾਇਆ ਇਕ ਮੱਤ ਹੈ, ਜੋ ਬੰਦੇ ਦੀ ਰਹਿਨੁਮਾਈ ਕਰਨ ਲਈ ਹੋਂਦ ਵਿਚ ਆਉਂਦੈ; ਬੰਦੇ ਨੂੰ ਧਰਮ ‘ਤੇ ਬਲੀ ਚੜ੍ਹਾਉਣ ਲਈ ਨਹੀਂ। ਅਜਿਹੇ ਜਨੂੰਨੀ ਬੰਦਿਆਂ ਨੂੰ ਆਪਣੇ ਆਪ ਨੂੰ ਧਾਰਮਿਕ ਕਹਾਉਣ ਦਾ ਕੋਈ ਹੱਕ ਨਹੀਂ ਹੁੰਦਾ, ਜਿਹੜੇ ਉਸ ਕਾਦਰ ਦੇ ਨਿਜਾਮ ਨੂੰ ਆਪਣੇ ਹੱਥਾਂ ਵਿਚ ਲੈ ਕੇ, ਨਿੱਕੇ ਨਿੱਕੇ ਬੱਚਿਆਂ ਨੂੰ ਕਤਲ ਕਰ ਦਿੰਦੇ ਨੇ ਤੇ ਬੱਚਿਆਂ ਦੀ ਪਾਕ-ਪਵਿੱਤਰ ਰੂਹ ਵਿਚੋਂ ਉਨ੍ਹਾਂ ਨੂੰ ਖੁਦਾ ਨਜ਼ਰ ਨਹੀਂ ਆਉਂਦਾ। ਧਰਮ ਦੇ ਨਾਂ ‘ਤੇ ਫੈਲਾਈ ਜਾਂਦੀ ਨਫਰਤ ਦੀ ਤਹਿ ਤੱਕ ਜਾਣ ਦੀ ਲੋੜ ਹੈ। ਅੱਖਾਂ ਮੀਟ ਕੇ ਇਸ ‘ਤੇ ਵਿਸ਼ਵਾਸ ਕਰਨ ਦੀ ਥਾਂ ਸੁਚੇਤ ਹੋ ਕੇ ਇਸ ਨੂੰ ਖਤਮ ਕਰਨ ਦੀ ਲੋੜ ਹੈ; ਮਨੁੱਖਤਾ ‘ਤੇ ਮੁਹੱਬਤ ਦਾ ਰੰਗ ਚੜ੍ਹਾਉਣ ਦੀ ਲੋੜ ਹੈ।
ਅੱਜ ਦਾ ਮਨੁੱਖ ਮਨੁੱਖਤਾ ਨਾਲੋਂ ਟੁੱਟ ਕੇ ਜੀਅ ਰਿਹਾ ਹੈ ਅਤੇ ਕੁਦਰਤ ਦੇ ਨਿਯਮਾਂ ਨੂੰ ਸਮਝਣ ਦੀ ਸ਼ਕਤੀ ਗੁਆ ਬੈਠਾ ਹੈ। ਅਜੋਕੇ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਸਹਿਜ ਜੀਵਨ ਦਾ ਅਨੰਦ ਪ੍ਰਾਪਤ ਕਰਨਾ ਨਹੀਂ, ਸਗੋਂ ਪਦਾਰਥ ਇਕੱਤਰ ਕਰਨਾ ਹੈ, ਇਸੇ ਲਈ ਉਹ ਸਹਿਜ ਜੀਵਨ ਜਿਉਣ ਦਾ ਉਦੇਸ਼ ਭੁੱਲ ਕੇ ਬਹੁਲਤਾ ਦੀ ਦੌੜ ਵਿਚ ਪੈ ਗਿਆ ਹੈ। ਦੌੜ ਵਿਚ ਮੁਕਾਬਲਾ ਹੈ ਅਤੇ ਮੁਕਾਬਲੇ ਵਿਚੋਂ ਬੇਚੈਨੀ, ਦਵੈਤ ਅਤੇ ਹਉਮੈ ਦਾ ਜਨਮ ਹੁੰਦਾ ਹੈ। ਜੇ ਅਸੀਂ ਇਸ ਤੱਥ ਨੂੰ ਸਮਝ ਸਕੀਏ ਕਿ ਦੁਨੀਆਂ ਵਿਚ ਥੋੜਾ ਚਿਰ ਰਹਿ ਕੇ ਜੀਵਨ ਨੂੰ ਮਾਣਨ ਲਈ ਆਏ ਹਾਂ ਤਾਂ ਜੀਵਨ ਬਹੁਤ ਸਰਲ ਹੋ ਜਾਵੇਗਾ; ਅਸੀਂ ਕਿਸੇ ਨੂੰ ਨਫਰਤ ਕਰ ਹੀ ਨਹੀਂ ਸਕਾਂਗੇ। ਆਉ ਨਫਰਤ ਨੂੰ ਮਿਟਾ ਕੇ ਮੁਹੱਬਤ ਕਰਨਾ ਸਿੱਖੀਏ ਅਤੇ ਕੁਦਰਤ ਦੇ ਅਸੂਲਾਂ ਅਨੁਸਾਰ ਜ਼ਿੰਦਗੀ ਬਤੀਤ ਕਰੀਏ ਤਾਂ ਜੋ ਕੁਦਰਤ ਸਾਡੇ ‘ਤੇ ਮਿਹਰਬਾਨ ਰਹੇ।
ਏਕ ਸ਼ਜਰ ਐਸਾ ਮੁਹੱਬਤ ਕਾ ਲਗਾਇਆ ਜਾਏ
ਜਿਸਕਾ ਹਮਸਾਏ ਕੇ ਆਂਗਨ ਮੇਂ ਭੀ ਸਾਇਆ ਜਾਏ। (ਜ਼ਫਰ ਜ਼ੈਦੀ)