ਡਰ

‘ਡਰ’ ਕਹਾਣੀ ਵਿਚ ਦਰਜ ਹੋਇਆ ਡਰ ਅਸਲ ਵਿਚ ਬੰਦੇ ਦੇ ਮਨ ਅੰਦਰ ਹੀ ਕਿਤੇ ਲੁਕਿਆ ਬੈਠਿਆ ਹੁੰਦਾ ਹੈ। ਕੇ. ਐਲ਼ ਗਰਗ ਨੇ ਇਸ ਡਰ ਨੂੰ ਬਹੁਤ ਖੂਬਸੂਰਤ ਢੰਗ ਨਾਲ ਆਪਣੀ ਇਸ ਕਹਾਣੀ ਵਿਚ ਬਿਆਨ ਕੀਤਾ ਹੈ। ਇਹ ਅਸਲ ਵਿਚ ਆਮ ਬੰਦੇ ਦਾ ਉਹ ਡਰ ਹੈ, ਜੋ ਅਕਸਰ ਉਸ ਦਾ ਪਿੱਛਾ ਕਰਦਾ ਰਹਿੰਦਾ ਹੈ। ਇਸ ਡਰ ਦਾ ਆਧਾਰ ਤਾਂ ਜ਼ਰੂਰ ਹੁੰਦਾ ਹੈ, ਪਰ ਇਹ ਅਣਕਿਆਸਿਆ ਡਰ ਬੰਦੇ ਦੀਆਂ ਹੀਲਾਂ ਕਰਵਾ ਦਿੰਦਾ ਹੈ।

-ਸੰਪਾਦਕ

ਕੇ. ਐਲ਼ ਗਰਗ

ਬਾਬੂ ਸਰੂਪ ਚੰਦ ਗੁਰੂ ਨੇ ਬੱਸ ਵਿਚ ਵੜਦਿਆਂ ਹੀ ਚਾਰ-ਚੁਫੇਰੇ ਨਜ਼ਰ ਘੁਮਾਈ। ਕਿਸੇ ਆਰਾਮਦਾਇਕ ਸੀਟ ਦੀ ਭਾਲ ਕੀਤੀ। ਉਹ ਅਕਸਰ ਹੀ ਬੱਸ ਦੀਆਂ ਵਿਚਕਾਰਲੀਆਂ ਸੀਟਾਂ ‘ਤੇ ਬਹਿ ਕੇ ਖੁਸ਼ ਹੁੰਦਾ ਸੀ। ਇਸ ਗੱਲ ਵਿਚ ਵੀ ਉਹਦਾ ਖਾਸ ਮਕਸਦ ਹੁੰਦਾ ਸੀ। ਉਹ ਹੁੱਬ ਕੇ ਆਪਣੇ ਯਾਰਾਂ ਦੋਸਤਾਂ ਨੂੰ ਆਖਿਆ ਕਰਦਾ ਸੀ, “ਗੁਰੂ, ਆਪਾਂ ਤਾਂ ਬੱਸ ਦੇ ਵਿਚਕਾਰ ਈ ਬੈਠਿਆ ਕਰਦੇ ਆਂ। ਹੁਣ ਤੁਸੀਂ ਪੁੱਛੋ ਕਿਉਂ ਭਲਾ? ਓ ਗੁਰੂ ਇਸ ਲਈ ਕਿ ਬੱਸ ਦਾ ਐਕਸੀਡੈਂਟ ਭਾਵੇਂ ਮੂਹਰਿਉਂ ਹੋਵੇ ਜਾਂ ਪਿੱਛਿਉਂ, ਵਿਚਕਾਰਲੀਆਂ ਸਵਾਰੀਆਂ ਸੱਟ ਫੇਟ ਤੋਂ ਬਚੀਆਂ ਰਹਿੰਦੀਆਂ। ਜੇ ਸੱਟ ਲੱਗੇ ਵੀ ਤਾਂ ਬੰਦਾ ਮਰਨੋਂ ਤਾਂ ਬਚ ਹੀ ਜਾਂਦੈ। ਬਹੁਤਾ ਕੜਾਕਾ ਅਗਲੀਆਂ-ਪਿਛਲੀਆਂ ਸਵਾਰੀਆਂ ਦਾ ਈ ਪੈਂਦਾ ਐ।”
“ਪਰ ਜੇ ਗੁਰੂ ਬੱਸ ਮੂਧੀ ਹੋ ਜਾਏ, ਫੇਰ ਤਾਂ ਕੀ ਅਗਲੇ-ਪਿਛਲੇ, ਤੇ ਕੀ ਵਿਚਕਾਰਲੇ?” ਉਸ ਦਾ ਕੋਈ ਸਾਥੀ ਕਹਿ ਦਿੰਦਾ ਤਾਂ ਸਰੂਪ ਚੰਦ ਗੁਰੂ ਤਾੜੀ ਮਾਰ ਕੇ ਅੱਖਾਂ ਥਾਣੀਂ ਹੱਸਦਾ ਆਖਦਾ, “ਬੱਸਾਂ ਕਿਹੜਾ ਰੋਜ਼ ਈ ਮੂਧੀਆਂ ਹੁੰਦੀਆਂ? ਆਮ ਐਕਸੀਡੈਂਟ ਤਾਂ ਅੱਗੋਂ ਪਿੱਛੋਂ ਈ ਹੁੰਦੇ ਐ। ਨਾਲੇ ਆਪਣੇ ਵਰਗੀ ਭਾਰੀ ਸਵਾਰੀ ਦੇ ਬੈਠਿਆਂ ਬੱਸ ਮੂਧੀ ਕਿਵੇਂ ਹੋ ਜਾਊ?” ਆਖ ਉਹ ਫੇਰ ਅਗਲੇ ਦੇ ਮੋਢੇ ‘ਤੇ ਹੱਥ ਮਾਰ ਕੇ ਹੱਸ ਪੈਂਦਾ।
ਨਾਂ ਤਾਂ ਉਸ ਦਾ ਸਰੂਪ ਚੰਦ ਹੀ ਸੀ, ਪਰ ਸਾਰੇ ਦਫਤਰ ਵਾਲੇ ਉਸ ਨੂੰ ਗੁਰੂ ਕਹਿ ਕੇ ਹੀ ਸੱਦਦੇ। ਗੁਰੂ ਉਹਦਾ ਤਕੀਆ ਕਲਾਮ ਹੀ ਬਣਿਆ ਹੋਇਆ ਸੀ। ਉਹ ਜਦ ਵੀ ਗੱਲ ਕਰਦਾ ਗੁਰੂ ਸ਼ਬਦ ਜ਼ਰੂਰ ਵਰਤੋਂ ਵਿਚ ਲਿਆਉਂਦਾ, “ਗੁਰੂ, ਹਰ ਸਾਲ ਇੱਕੋ ਜਿਹਾ ਇੰਕਰੀਮੈਂਟ ਲੱਗਣ ਨਾਲ ਤਾਂ ਬੰਦਾ ਬੋਰ ਜਿਹਾ ਹੋ ਜਾਂਦੈ।”
“ਗੁਰੂ, ਅਫਸਰ ਦੇ ਅਗਾੜੀ ਤਾਂ ਕੀ, ਪਛਾੜੀ ਵੀ ਨ੍ਹੀਂ ਖੜ੍ਹਨਾ ਚਾਹੀਦਾ। ਅਫਸਰ ਦੀ ਦੁਲੱਤੀ ਪੈਂਦਿਆਂ ਹੀ ਬੰਦਾ ਮੋਗਿਉਂ ਅਬੋਹਰ, ਫਾਜ਼ਿਲਕਾ ਜਾ ਡਿੱਗਦੈ।”
“ਗੁਰੂ ਦਫਤਰਾਂ ਦੇ ਕੰਮ ਸਿੱਧੀ ਉਂਗਲੀ ਨਾਲ ਥੋੜ੍ਹੇ ਨਿਕਲਦੇ ਹੁੰਦੇ ਐ। ਸਿੱਧੀ ਉਂਗਲ ਨਾਲ ਤਾਂ ਪੀਪੀ ‘ਚੋਂ ਘਿਉ ਨ੍ਹੀਂ ਨਿਕਲਦਾ ਹੁੰਦਾ। ਉਂਗਲ ਥੋੜ੍ਹੀ ਘਣੀ ਟੇਢੀ ਤਾਂ ਕਰਨੀ ਈ ਪੈਂਦੀ ਐ।”
“ਗੁਰੂ, ਬਾਬੂਆਂ ਲਈ ਤਬਾਦਲਾ ਸਭ ਤੋਂ ਵੱਡੀ ਸਜ਼ਾ ਹੁੰਦੀ ਐ। ਚੰਗੀਆਂ ਭਲੀਆਂ ਜੰਮੀਆਂ ਲੱਤਾਂ ਚੂਲਾਂ ਨਿਕਲੇ ਪਾਵਿਆਂ ਵਾਂਗ ਢੀਚੂੰ-ਢੀਚੂੰ ਕਰਨ ਲੱਗਦੀਆਂ ਨੇ।”
ਵਾਰ-ਵਾਰ ਗੁਰੂ ਆਖੀ ਜਾਣ ਕਰਕੇ ਉਹ ਬਾਬੂ ਸਰੂਪ ਚੰਦ ਤੋਂ ਗੁਰੂ ਹੀ ਬਣ ਗਿਆ ਸੀ।
ਵਿਚਕਾਰ ਜਿਹੇ ਇੱਕ ਸੀਟ ਉਸ ਨੂੰ ਖਾਲੀ ਪਈ ਦਿਸੀ। ਭਾਵੇਂ ਹਾਲੇ ਸਵਾਰੀਆਂ ਆਉਣੀਆਂ ਸ਼ੁਰੂ ਹੀ ਹੋਈਆਂ ਸਨ, ਫਿਰ ਵੀ ਬੱਸ ਦਬਾਸੱਟ ਕਾਫੀ ਭਰ ਗਈ ਸੀ। ਸੀਟ ਦੀ ਤਸੱਲੀ ਹੋ ਜਾਣ ‘ਤੇ ਉਸ ਨੇ ਸਾਮਾਨ ਰੱਖਣ ਵਾਲੀ ਥਾਂ ਵਲ ਨਿਗ੍ਹਾ ਘੁਮਾਈ। ਉਸ ਦਾ ਮਨ ਸੀ ਕਿ ਉਹ ਆਪਣਾ ਬੈਗ ਦੂਜੇ ਲੋਕਾਂ ਦੇ ਸਾਮਾਨ ਵਿਚਾਲੇ ਜਿਹੇ ਹੀ ਕਿਤੇ ਰੱਖ ਕੇ ਇਤਮਿਨਾਨ ਨਾਲ ਬਹਿ ਜਾਵੇਗਾ, ਪਰ ਬੱਸ ਦੀਆਂ ਉਪਰਲੀਆਂ ਸਾਮਾਨ ਰੱਖਣ ਵਾਲੀਆਂ ਥਾਂਵਾਂ ਵੀ ਹਾਲੇ ਖਾਲੀ-ਖਾਲੀ ਹੀ ਪਈਆਂ ਸਨ। ਉਸ ਮੋਢਿਓਂ ਬੈਗ ਉਤਾਰ ਕੇ ਇੱਕ ਖਾਲੀ ਥਾਂ ‘ਤੇ, ਆਪਣੇ ਸਿਰ ਉਪਰ ਬਣੀ ਜਗ੍ਹਾ ‘ਤੇ ਹੀ ਟਿਕਾ ਦਿੱਤਾ ਤੇ ਆਪ ਸੀਟ ਮੱਲ ਕੇ ਬਹਿ ਗਿਆ। ਬੈਠਦਿਆਂ ਹੀ, ਉਸ ਨੇ ਦੋ-ਤਿੰਨ ਵਾਰ ਆਪਣੇ ਬੈਗ ਵਲ ਨਜ਼ਰ ਦੌੜਾਈ। ਪਲ ਦੀ ਪਲ ਉਸ ਨੂੰ ਲੱਗਾ ਜਿਵੇਂ ਉਸ ਦਾ ਬੈਗ ਤਲਾਬ ‘ਚ ਇੱਕ ਟੰਗ ‘ਤੇ ਖਲੋਤੇ ਬਗਲੇ ਜਿਹਾ ਹੋਵੇ। ‘ਬਗਲਾ ਭਗਤ’, ਉਹ ਮੂੰਹ ‘ਚ ਕਹਿ ਕੇ ਹੀ ਮੁਸਕਰਾ ਪਿਆ ਸੀ। ਹੁਣ ਪਤਾ ਨਹੀਂ ‘ਬਗਲਾ ਭਗਤ’ ਉਸ ਨੇ ਆਪਣੇ ਬੈਗ ਨੂੰ ਆਖਿਆ ਸੀ ਜਾਂ ਖੁਦ ਨੂੰ। ਗੁਰੂ ਦੀਆਂ ਗੁਰੂ ਜਾਣੇ!
ਗੁਰੂ ਨੇ ਫਿਰ ਇੱਕ-ਦੋ ਵਾਰ ਆਪਣੇ ਬੈਗ ਵਲ ਦੇਖਿਆ। ਵਾਰ-ਵਾਰ ਬੈਗ ਵਲ ਦੇਖਦਿਆਂ, ਇੱਕ ਸਹਿਮ ਜਿਹਾ ਉਸ ‘ਤੇ ਤਾਰੀ ਹੋਣ ਲੱਗਾ। ਇੱਕ ਵਾਰ ਤਾਂ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਵੀ ਲੱਗਾ। ਉਸ ਉਡਦੀ-ਉਡਦੀ ਨਜ਼ਰ ਬੱਸ ਦੀਆਂ ਸਾਰੀਆਂ ਸਵਾਰੀਆਂ ‘ਤੇ ਸੁੱਟੀ। ਸਭ ਕੁਝ ਠੀਕ-ਠਾਕ ਲੱਗਣ ‘ਤੇ ਉਸ ਨੂੰ ਤਸੱਲੀ ਜਿਹੀ ਹੋ ਗਈ। ਸਤੰਬਰ ਦਾ ਮਹੀਨਾ ਹੋਣ ਕਾਰਨ ਗਰਮੀ ਦੀ ਸ਼ਿੱਦਤ ਹੁਣ ਬਹੁਤੀ ਤੰਗ ਨਹੀਂ ਸੀ ਕਰਦੀ। ਮੁੜ੍ਹਕਾ ਨਾ ਆਉਣ ਦੀ ਸੂਰਤ ਵਿਚ ਵੀ ਉਸ ਨੇ ਦਬਾਸੱਟ ਰੁਮਾਲ ਜੇਬ ‘ਚੋਂ ਕੱਢ ਕੇ ਮੱਥੇ ‘ਤੇ ਫੇਰਿਆ। ਇੱਕ ਵਾਰ ਉਸ ਨੇ ਫਿਰ ਆਪਣੇ ਬੈਗ ਵਲ ਦੇਖਿਆ। ਬੈਗ ਤਾਂ ਕੱਲਮ-ਕੱਲਾ ਥਾਂਏਂ ਦੀ ਥਾਂਏਂ ਪਿਆ ਸੀ। ਹਾਲੇ ਕਿਸੇ ਵੀ ਹੋਰ ਸਵਾਰੀ ਨੇ ਆਪਣਾ ਸਾਮਾਨ ਬੈਗ ਕੋਲ ਨਹੀਂ ਟਿਕਾਇਆ ਸੀ।
ਬੱਸ ਫਟਾਫਟ ਭਰ ਗਈ। ਗੁਰੂ ਦੇ ਅਗਲੀਆਂ-ਪਿਛਲੀਆਂ ਸੀਟਾਂ ‘ਤੇ ਵੀ ਕੁਝ ਸਵਾਰੀਆਂ ਆ ਕੇ ਬਹਿ ਗਈਆਂ। ਕੰਡਕਟਰ ਦੇ ਸੀਟੀ ਮਾਰਦਿਆਂ ਹੀ ਇੱਕ ਹੋਰ ਸਵਾਰੀ ਛੇਤੀ ਦੇਣੇ ਬੱਸ ਵਿਚ ਵੜਦੇ ਗੁਰੂ ਦੇ ਮੂਹਰੇ ਪਈ ਇੱਕ ਖਾਲੀ ਸੀਟ ਵਲ ਅਹੁਲੀ। ਪੁਲਿਸ ਵਰਦੀ ‘ਚ ਮੋਟਾ ਜਿਹਾ ਆਦਮੀ ਹੈਂਡ ਬੈਗ ਕੱਛ ‘ਚ ਘੁੱਟੀ ਗੁਰੂ ਦੀ ਅਗਲੀ ਸੀਟ ‘ਚ ਆ ਫਸਿਆ। ਉਸ ਦੇ ਮੋਢੇ ਲੱਗੇ ਬੈਜਾਂ ਤੋਂ ਉਹ ਕੋਈ ਛੋਟਾ-ਮੋਟਾ ਥਾਣੇਦਾਰ ਲੱਗਦਾ ਸੀ। ਉਸ ਨੇ ਸੀਟ ਮੱਲਦਿਆਂ ਹੀ ਉਪਰ ਪਏ ਗੁਰੂ ਦੇ ਬੈਗ ਵਲ ਨਜ਼ਰ ਸੁੱਟੀ। ਫਿਰ ਪਿਛਾਂਹ ਮੁੜ ਕੇ ਗੁਰੂ ਵਲ ਦੇਖਿਆ। ਭੋਰਾ ਕੁ ਮੁਸਕਰਾਇਆ ਤੇ ਮੁੜ ਉਸ ਆਪਣਾ ਹੈਂਡ ਬੈਗ ਆਪਣੀ ਸੱਜੀ ਵੱਖੀ ਨਾਲ ਘੁੱਟ ਲਿਆ। ਪੁਲਿਸ ਵਾਲੇ ਨੂੰ ਦੇਖਦਿਆਂ ਹੀ ਗੁਰੂ ਦਾ ਚਿਹਰਾ ਪੀਲਾ ਫੱਕ ਹੋ ਗਿਆ। ਬਹੁਤੀ ਗਰਮੀ ਨਾ ਹੋਣ ਦੇ ਬਾਵਜੂਦ ਉਸ ਦੇ ਨੱਕ ਅਤੇ ਮੱਥੇ ‘ਤੇ ਮੁੜ੍ਹਕਾ ਸਿੰਮ ਆਇਆ। ਉਸ ਦਬਾਸੱਟ ਪੈਂਟ ਦੀ ਜੇਬ ‘ਚੋਂ ਰੁਮਾਲ ਕੱਢ ਕੇ ਆਪਣਾ ਚਿਹਰਾ ਪੂੰਝਿਆ। ਪਤਾ ਨਹੀਂ ਕਿਵੇਂ, ਝਟਪਟ ਹੀ ਉਸ ਦੇ ਮੂੰਹੋਂ ਹੌਲੀ ਦੇਣੇ ਨਿਕਲ ਗਿਆ ਸੀ, “ਮਾਰੇ ਗਏ ਗੁਰੂ।”
ਨਾਲ ਦੀ ਸਵਾਰੀ ਨੇ ਝੱਟ ਹੀ ਪੁੱਛ ਲਿਆ, “ਬਾਊ ਜੀ, ਤੁਸੀਂ ਕੁਸ਼ ਆਖਿਆ?”
“ਨਹੀਂ ਜੀ, ਨਹੀਂ ਜੀ, ਕੁਸ਼ ਨ੍ਹੀਂ, ਕੁਸ਼ ਨ੍ਹੀਂ।” ਬਾਬੂ ਸਰੂਪ ਚੰਦ ਗੁਰੂ ਨੇ ਝੂਠਾ ਜਿਹਾ ਪੈਂਦਿਆਂ ਆਖਿਆ।
ਪੁਲਿਸ ਵਾਲੇ ਨੇ ਇੱਕ ਵਾਰ ਫਿਰ ਉਪਰ ਪਏ ਬੈਗ ਵਲ ਝਾਤੀ ਮਾਰੀ। ਉਸ ਨੂੰ ਝਾਤੀ ਮਾਰਦਿਆਂ ਦੇਖ ਕੇ, ਗੁਰੂ ਦਾ ਤਾਂ ਮਾਨੋ ਦਿਲ ਹੀ ਉਹਦੇ ਹੱਥਾਂ ‘ਚ ਆ ਡਿੱਗਿਆ ਹੋਵੇ। ਪਲ ਦੀ ਪਲ ਉਸ ਨੂੰ ਲੱਗਾ, ਜਿਵੇਂ ਉਹਦਾ ਦਿਲ ਤੇਜ਼ੀ ਨਾਲ ਡੁੱਬ ਰਿਹਾ ਹੋਵੇ। ਉਸ ਦੀਆਂ ਅੱਖਾਂ ਭਾਰੀ-ਭਾਰੀ ਹੋਣ ਲੱਗੀਆਂ।
ਪੁਲਿਸ ਵਾਲਾ ਆਪਣੀ ਸੀਟ ‘ਚ ਚੰਗੀ ਤਰ੍ਹਾਂ ਸੈਟਲ ਹੋ ਕੇ, ਕੱਛ ‘ਚ ਦਿੱਤੇ ਆਪਣੇ ਬੈਗ ਨੂੰ ਪਲੋਸਣ ਲੱਗਾ। ਉਸ ਆਪਣੇ ਸਾਈਜ਼ ਮੁਤਾਬਕ ਜਗ੍ਹਾ ਬਣਾਉਣ ਲਈ ਦੋ-ਤਿੰਨ ਪਾਸੇ ਇੱਧਰ ਉਧਰ ਮਾਰੇ। ਨਾਲ ਦੀਆਂ ਸਵਾਰੀਆਂ ਨੂੰ ਭੋਰਾ-ਭੋਰਾ ਸਰਕਾ ਕੇ ਉਹ ਮੋਕਲਾ ਹੋ ਕੇ ਬਹਿ ਗਿਆ।
ਹੁਣ ਗੁਰੂ ਦੀ ਨਜ਼ਰ ਪੂਰੀ ਤਰ੍ਹਾਂ ਪੁਲਿਸ ਵਾਲੇ ਦੀਆਂ ਹਰਕਤਾਂ ‘ਤੇ ਟਿਕੀ ਹੋਈ ਸੀ। ਉਹ ਭੋਰਾ ਕੁ ਹਿਲਜੁਲ ਵੀ ਕਰਦਾ ਤਾਂ ਗੁਰੂ ਇੱਕ ਦਮ ਚੌਕੰਨਾ ਹੋ ਜਾਂਦਾ।
ਪੁਲਿਸ ਵਾਲੇ ਨੇ ਆਪਣਾ ਬੈਗ ਖੋਲ੍ਹ ਕੇ ਕੁਝ ਕਾਗਜ਼ ਕੱਢ ਕੇ ਪੜ੍ਹੇ। ਕਾਗਜ਼ ਪੜ੍ਹ ਕੇ ਉਸ ਫਿਰ ਉਪਰ ਪਏ ਗੁਰੂ ਦੇ ਬੈਗ ਵਲ ਦੇਖਿਆ। ਫਿਰ ਪਿਛਾਂਹ ਮੁੜ ਕੇ ਗੁਰੂ ਵਲ ਝਾਤੀ ਮਾਰੀ। ਉਹਦੇ ਚਿਹਰੇ ‘ਤੇ ਉਹੀ ਮੁਸਕਰਾਹਟ ਇੱਕ ਵਾਰ ਫਿਰ ਖੇਡ ਰਹੀ ਸੀ।
“ਇਹ ਤਾਂ ਕੋਈ ਸੀ. ਆਈ. ਡੀ. ਦਾ ਬੰਦਾ ਜਾਪਦੈ, ਜਿਵੇਂ ਮੇਰਾ ਈ ਪਿੱਛਾ ਕਰ ਰਿਹਾ ਹੋਵੇ। ਮੇਰੇ ਵਲ ਦੇਖ-ਦੇਖ ਮੁਸਕਰਾਈ ਕਾਹਤੋਂ ਜਾਂਦੈ?…ਕਿਵੇਂ ਬੱਕਰੇ ਨੂੰ ਵੱਢਣ ਵਾਲੇ ਕਸਾਈ ਵਾਂਗ ਝਾਕਦੈ। ਗੁਰੂ ਅੱਜ ਤਾਂ ਤੇਰੀ ਖੈਰ ਨ੍ਹੀਂ। ਕਿੱਥੇ ਪੰਗਾ ਲੈ ਲਿਆ ਤੂੰ?” ਗੁਰੂ ਬੈਠੇ-ਬੈਠੇ ਕਿੰਨੀਆਂ ਹੀ ਗੱਲਾਂ ਮਨ ਹੀ ਮਨ ਸੋਚ ਗਿਆ ਸੀ।
ਤਦ ਹੀ ਉਸ ਨੂੰ ਆਪਣੇ ਪਿੱਛੇ ਬੈਠੀਆਂ ਸਵਾਰੀਆਂ ਦੀ ਗੱਲਬਾਤ ਸੁਣਾਈ ਦਿੱਤੀ। ਉਸ ਪਿੱਛੇ ਮੁੜ ਕੇ ਦੇਖਿਆ ਤਾਂ ਤਿੰਨ ਨੌਜਵਾਨ ਜਿਹੇ ਗੱਭਰੂ ਬੈਠੇ ਹੋਏ ਸਨ।
“ਚੰਡੀਗੜ੍ਹ ਵਿਸਕੀ ਸਸਤੀ ਐ। ਸਾਡੇ ਠੇਕੇ ਵਾਲਿਆਂ ਨੇ ਤਾਂ ਲੁੱਟ ਮਚਾਈ ਹੋਈ ਐ।” ਇੱਕ ਨੇ ਕਿਹਾ।
“ਅੱਧੋ-ਅੱਧ ਦਾ ਫਰਕ ਐ ਯਾਰ।” ਦੂਜੇ ਨੇ ਕਿਹਾ।
“ਮੁਹਾਲੀ ਤੇ ਆਲੇ-ਦੁਆਲੇ ਦੇ ਲੋਕ ਵਿਸਕੀ ਪੀਣ ਲਈ ਚੰਡੀਗੜ੍ਹ ਆ ਜਾਂਦੇ ਐ। ਲੈ ਮੁਹਾਲੀ ਤੇ ਚੰਡੀਗੜ੍ਹ ਦਾ ਕਿੰਨਾ ਕੁ ਫਰਕ ਐ ਭਲਾ?” ਤੀਜੇ ਨੇ ਕਿਹਾ।
ਉਨ੍ਹਾਂ ਦੀਆਂ ਗੱਲਾਂ ਗੁਰੂ ਦੇ ਕੰਨੀਂ ਪੈਂਦਿਆਂ ਹੀ, ਉਸ ਝੱਟ ਪਿਛਾਂਹ ਮੁੜ ਕੇ ਉਨ੍ਹਾਂ ਵਲ ਦੇਖਿਆ। ਉਸ ਨੂੰ ਆਪਣੇ ਵਲ ਤਾੜਦਿਆਂ ਦੇਖ ਕੇ ਤਿੰਨੇ ਗੱਭਰੂ ਮੁਸਕਰਾ ਪਏ। ਜਿਵੇਂ ਕਹਿ ਰਹੇ ਹੋਣ, “ਅਸੀਂ ਜਾਣਦੇ ਆਂ ਬਾਊ ਤੇਰੀਆਂ ਕਾਰਸਤਾਨੀਆਂ ਨੂੰ। ਤੇਰੇ ਵਰਗੇ ਬੰਦੇ ਈ ਜੇਬਕਤਰੇ ਹੁੰਦੇ ਐ।”
ਉਨ੍ਹਾਂ ਦੇ ਮਨ ‘ਚ ਭਾਵੇਂ ਕੁਝ ਵੀ ਨਾ ਹੋਵੇ, ਪਰ ਗੁਰੂ ਨੂੰ ਤਾਂ ਇਸ ਪਲ ਇਉਂ ਲੱਗਦਾ ਸੀ, ਜਿਵੇਂ ਸਾਰੀ ਦੁਨੀਆਂ ਹੀ ਉਸ ਵਲ ਦੇਖ-ਦੇਖ ਉਸ ਦੀਆਂ ਗੱਲਾਂ ਕਰ ਰਹੀ ਹੋਵੇ। ਉਸ ਦੀ ਕਿਸੇ ਚੋਰੀ ਨੂੰ ਫੜਨ ਦਾ ਯਤਨ ਕਰ ਰਹੀ ਹੋਵੇ। ਪਲ ਦੀ ਪਲ ਗੁਰੂ ਫਿਰ ਇੱਕ ਵਾਰ ਅੰਤਾਂ ਦੀ ਬੇਚੈਨੀ ਮਹਿਸੂਸ ਕਰਨ ਲੱਗਾ।
ਪਿਛਲੀਆਂ ਸਵਾਰੀਆਂ ਵਲ ਝਾਤੀ ਮਾਰਨ ਪਿਛੋਂ ਉਸ ਨੇ ਇੱਕ ਵਾਰ ਫਿਰ ਅਡੋਲ ਪਏ ਆਪਣੇ ਬੈਗ ਵਲ ਦੇਖਿਆ। ਪਲ ਦੀ ਪਲ ਉਸ ਨੂੰ ਜਾਪਿਆ ਜਿਵੇਂ ਦੋ ਕਾਲੇ ਨਾਗ, ਉਸ ਦੇ ਬੈਗ ਦੀ ਜਿੱਪ ਤੋੜ ਕੇ ਸਿਰੀਆਂ ਕੱਢੀ ਹਵਾ ‘ਚ ਫਨ ਲਹਿਰਾ ਰਹੇ ਹੋਣ। ਉਹਨੂੰ ਤਾਂ ਉਨ੍ਹਾਂ ਦੇ ਫੁੰਕਾਰਿਆਂ ਦੀ ਅਵਾਜ਼ ਵੀ ਸੁਣਨ ਲੱਗ ਪਈ ਸੀ। ਉਸ ਦਾ ਚਿੱਤ ਇੱਕ ਵਾਰ ਫਿਰ ਘਿਰਨ ਲੱਗ ਪਿਆ। ਉਦੋਂ ਹੀ ਬੱਸ ਕਿਸੇ ਸਟਾਪ ‘ਤੇ ਰੁਕੀ। ਉਸ ਨੇ ਦਬਾਸੱਟ ਹੇਠਾਂ ਜਾ ਕੇ ਬਿਸਲੇਰੀ ਦੀ ਬੋਤਲ ਲੈ ਆਂਦੀ। ਘੁੱਟ-ਘੁੱਟ ਕਰ ਕੇ ਪਾਣੀ ਪੀਣ ਲੱਗਾ। ਠੰਢੇ ਪਾਣੀ ਦੀਆਂ ਦੋ-ਚਾਰ ਘੁੱਟਾਂ ਅੰਦਰ ਜਾਂਦਿਆਂ ਹੀ ਉਸ ਨੇ ਕੁਝ ਰਾਹਤ ਮਹਿਸੂਸ ਕੀਤੀ। ਉਸ ਦਾ ਦਿਲ ਤੇ ਮਨ ਕੁਝ-ਕੁਝ ਟਿਕਾਣੇ ਲੱਗਦਾ ਲੱਗਣ ਲੱਗਾ। ਦੋ-ਚਾਰ ਮਿੰਟਾਂ ‘ਚ ਹੀ ਉਸ ਅੱਧੀਓਂ ਵੱਧ ਬੋਤਲ ਖਾਲੀ ਕਰ ਦਿੱਤੀ ਸੀ।
ਬੱਸ ਮੁੜ ਚੱਲ ਪਈ। ਪੁਲਿਸ ਵਾਲੇ ਨੇ ਬੈਗ ‘ਚੋਂ ਚਿਪਸ ਦਾ ਪੈਕਟ ਕੱਢਿਆ ਤੇ ਚਿਪਸ ਖਾਣ ਲੱਗਾ। ਚਿਪਸ ਚੱਬਣ ਦੀ ਅਵਾਜ਼ ਗੁਰੂ ਨੂੰ ਸਾਫ ਸੁਣਦੀ। ਪਲ ਦੀ ਪਲ ਤਾਂ ਉਸ ਨੂੰ ਜਾਪਿਆ, ਜਿਵੇਂ ਪੁਲਿਸ ਵਾਲਾ ਚਿਪਸ ਦੀ ਥਾਂ ਉਸ ਨੂੰ ਹੀ ਆਪਣੇ ਜਬਾੜਿਆਂ ਹੇਠ ਚੱਬ ਰਿਹਾ ਹੋਵੇ। ਚਿਪਸ ਪੁਲਿਸ ਵਾਲਾ ਖਾ ਰਿਹਾ ਸੀ, ਔਖ ਗੁਰੂ ਮਹਿਸੂਸ ਕਰ ਰਿਹਾ ਸੀ। ਜਿੰਨੀ ਦੇਰ ਪੁਲਿਸ ਵਾਲਾ ਚਿਪਸ ਖਾਂਦਾ ਰਿਹਾ, ਗੁਰੂ ਆਪਣੀ ਸੀਟ ਵਿਚ ਉਸਲਵੱਟੇ ਲੈਂਦਾ ਰਿਹਾ। ਪਾਸੇ ਜਿਹੇ ਮਾਰਦਾ ਰਿਹਾ।
ਇੱਕ ਵਾਰ ਤਾਂ ਨਾਲ ਬੈਠੀ ਸਵਾਰੀ ਨੇ ਕਹਿ ਵੀ ਦਿੱਤਾ ਸੀ, “ਬਾਊ ਜੀ, ਤੁਹਾਥੋਂ ਟਿਕ ਕੇ ਨਹੀਂ ਬੈਠਿਆ ਜਾਂਦਾ?”
ਗੁਰੂ ਬੋਲਿਆ ਤਾਂ ਕੁਝ ਨਹੀਂ ਸੀ, ਬੱਸ ਐਵੇਂ ਕੌੜਾ ਕੌੜਾ ਝਾਕਦਾ ਚੁੱਪ ਵੱਟ ਗਿਆ ਸੀ।
ਚਿਪਸ ਵਾਲਾ ਪੈਕੇਟ ਮੁਕਾ ਕੇ ਪੁਲਿਸ ਵਾਲਾ ਸੌਣ ਦੀ ਤਿਆਰੀ ਕਰਨ ਲੱਗਾ। ਚੱਲਦੀ ਬੱਸ ‘ਚ ਉਸ ਦੀ ਗਰਦਨ ਨੇ ਇਧਰ-ਉਧਰ ਝਟਕੇ ਜਿਹੇ ਮਾਰੇ ਸਨ। ਉਸ ਨੂੰ ਸੁੱਤਾ ਜਾਣ, ਗੁਰੂ ਨੇ ਸੁੱਖ ਦਾ ਸਾਹ ਲਿਆ। ‘ਜਾਨ ਬਚੀ ਸੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ’ ਉਸ ਮਨ ਹੀ ਮਨ ਆਖਿਆ। ਪੁਲਿਸ ਵਾਲੇ ਦੇ ਸੌਣ ਪਿਛੋਂ ਗੁਰੂ ਨੇ ਪਾਣੀ ਦੀ ਬਾਕੀ ਬਚੀ ਬੋਤਲ ਵੀ ਡਕਾਰ ਲਈ। ਪਾਣੀ ਪੀ ਕੇ ਉਸ ਵੱਡਾ ਸਾਰਾ ਡਕਾਰ ਮਾਰਿਆ ਤੇ ਆਪਣੇ ਬੈਗ ਵਲ ਮੁੜ ਦੇਖਿਆ।
ਇਉਂ ਕਰਦਿਆਂ ਲੁਧਿਆਣੇ ਦਾ ਬੱਸ ਸਟਾਪ ਆ ਗਿਆ। ਪੁਲਿਸ ਵਾਲਾ ਆਪਣਾ ਬੈਗ ਕੱਛ ‘ਚ ਦੇ ਕੇ ਉਤਰਨ ਦੀ ਤਿਆਰੀ ਕਰਨ ਲੱਗਾ। ਜਾਂਦਿਆਂ-ਜਾਂਦਿਆਂ ਵੀ ਉਸ ਗੁਰੂ ਦੇ ਬੈਗ ਅਤੇ ਗੁਰੂ ਵਲ ਤਿਰਛੀ ਨਜ਼ਰ ਨਾਲ ਦੇਖਿਆ। ਉਹੀਓ ਜ਼ਾਲਿਮ ਮੁਸਕਰਾਹਟ ਸੁੱਟੀ ਸੀ। ਪਲ ਦੀ ਪਲ ਗੁਰੂ ਨੂੰ ਲੱਗਾ, ਜਿਵੇਂ ਉਹ ਉਸ ਨੂੰ ਕਹਿ ਰਿਹਾ ਹੋਵੇ, “ਇਸ ਵਾਰ ਤਾਂ ਛੱਡ’ਤਾ, ਮੁੜ ਕੇ ਨਾ ਕਰੀਂ ਇਹੋ ਜਿਹਾ ਕੰਮ, ਫਿਰ ਨ੍ਹੀਂ ਛੱਡਣਾ ਮੈਂ।”
ਇੱਕ ਵਾਰ ਫਿਰ ਗੁਰੂ ਦਾ ਦਿਲ ਧੜਕਿਆ। ਬੇਚੈਨੀ ਜਿਹੀ ਹੋਈ ਸੀ, ਪਰ ਝੱਟ ਹੀ ਪੁਲਿਸ ਵਾਲਾ ਬੱਸ ਤੋਂ ਹੇਠਾਂ ਜਾ ਚੁਕਾ ਸੀ। ਬੱਸ ਵੀ ਕਰੀਬ ਖਾਲੀ ਹੋ ਚੁਕੀ ਸੀ। ਨਵੀਆਂ ਸਵਾਰੀਆਂ ਨੇ ਆ ਕੇ ਆਪਣਾ ਸਾਮਾਨ ਉਪਰਲੀਆਂ ਸੀਟਾਂ ‘ਤੇ ਟਿਕਾਉਣਾ ਸ਼ੁਰੂ ਕਰ ਦਿੱਤਾ ਸੀ। ਕੁਝ ਬੈਗ ਤੇ ਅਟੈਚੀ ਗੁਰੂ ਦੇ ਬੈਗ ਦੇ ਆਲੇ-ਦੁਆਲੇ ਆ ਟਿਕੇ ਸਨ। ਗੁਰੂ ਦਾ ਬੈਗ ਹੁਣ ਕੱਲਮ-ਕੱਲਾ ਨਹੀਂ ਦਿਸ ਰਿਹਾ ਸੀ। ਆਪਣੇ ਬੈਗ ਨੂੰ ਬਾਕੀਆਂ ਵਿਚ ਰਲਿਆ ਦੇਖ ਗੁਰੂ ਨੂੰ ਕੁਝ-ਕੁਝ ਤਸੱਲੀ ਜਿਹੀ ਹੋਈ। ਕੁਝ-ਕੁਝ ਸੁੱਖ ਦਾ ਸਾਹ ਆਇਆ।
ਇੱਕ ਪੜਾਅ ‘ਤੇ ਇੱਕ-ਦੋ ਸਿਪਾਹੀ ਬੱਸ ਦੀ ਚੈਕਿੰਗ ਕਰਨ ਲਈ ਚੜ੍ਹੇ ਵੀ, ਪਰ ਉਹ ਐਵੇਂ ਤਰਦੀ-ਤਰਦੀ ਨਜ਼ਰ ਮਾਰ ਕੇ ਹੇਠਾਂ ਉਤਰ ਗਏ ਸਨ। ਅੱਜ ਗੁਰੂ ਦਾ ਮਨ ਤਾਂ ਪਾਣੀਓਂ ਪਤਲਾ ਹੋਇਆ ਪਿਆ ਸੀ। ਕਿਸੇ ਸਿਪਾਹੀ ਨੂੰ ਦੇਖ ਕੇ ਵੀ ਉਸ ਦਾ ਦਿਲ ਘਿਰਨ ਲੱਗ ਪੈਂਦਾ ਸੀ।
ਥੋੜ੍ਹਾ ਨਿਸਚਿੰਤ ਹੋ ਕੇ ਉਹ ਅੱਖਾਂ ਮੀਟ ਸੋਚਣ ਲੱਗਾ, “ਐਵੇਂ ਪੰਗਾ ਲੈਣ ਦੀ ਕੀ ਲੋੜ ਸੀ? ਜਿੰਨਾ ਕੁ ਫਾਇਦਾ ਹੋਣਾ ਸੀ, ਉਹਤੋਂ ਵੱਧ ਤਾਂ ਖੂਨ ਸੁੱਕ ਗਿਆ। ਲੱਤਾਂ ‘ਚ ਤਾਂ ਜਿਵੇਂ ਜਾਨ ਈ ਨਾ ਰਹੀ ਹੋਵੇ।”
ਉਸ ਨੂੰ ਬੈਠੇ-ਬੈਠੇ ਦਫਤਰ ਦੇ ਬਾਬੂਆਂ ਦੀ ਗੱਲ ਚੇਤੇ ਆਉਣ ਲੱਗੀ। ਭੈਂਗੇ ਮੱਦੀ ਨੇ ਆਖਿਆ ਸੀ, “ਗੁਰੂ, ਚੰਡੀਗੜ੍ਹ ਵਿਸਕੀ ਸਸਤੀ ਐ। ਜਾਣਾ ਤਾਂ ਹੈ ਹੀ ਤੂੰ, ਇੱਕ-ਦੋ ਬੋਤਲਾਂ ਖਿੱਚ ਲਿਆਈਂ।”
ਬਾਬੂ ਘੋਗੜ ਨੇ ਵੀ ਮੁਹਾਵਰਾ ਸੁਣਾ ਦਿੱਤਾ ਸੀ, “ਆਮ ਕੇ ਆਮ, ਗੁਠਲੀਓਂ ਕੇ ਦਾਮ।”
ਮਹਿਕਮੇ ਦੇ ਕਿਸੇ ਮੁਲਾਜ਼ਮ ਨੇ ਹਾਈ ਕੋਰਟ ‘ਚ ਕੋਈ ਅਪੀਲ ਪਾਈ ਸੀ। ਕੋਰਟ ਨੇ ਗੁਰੂ ਕੇ ਦਫਤਰ ਦਾ ਕੋਈ ਰਿਕਾਰਡ ਮੰਗਵਾ ਲਿਆ ਸੀ। ਦਫਤਰ ਵਲੋਂ ਰਿਕਾਰਡ ਲਿਜਾਣ ਦੀ ਡਿਊਟੀ ਗੁਰੂ ਦੀ ਲੱਗੀ ਸੀ। ਜਾਣ ਵੇਲੇ ਸਾਰੇ ਬਾਬੂਆਂ ਨੇ ਗੁਰੂ ਨੂੰ ਏਦਾਂ ਦੀਆਂ ਸਲਾਹਾਂ ਦਿੱਤੀਆਂ ਸਨ। ਕੋਰਟ ਤੋਂ ਵਿਹਲਾ ਹੋ ਕੇ, ਗੁਰੂ ਨੇ ਦੋ ਬੋਤਲਾਂ ਮਹਿੰਗੀ ਵਿਸਕੀ ਦੀਆਂ ਲੈ ਕੇ ਬੈਗ ‘ਚ ਤੁੰਨ ਲਈਆਂ ਸਨ। ਬਦਕਿਸਮਤੀ ਨਾਲ ਗੁਰੂ ਦੀ ਇਹ ਪਹਿਲੀ ਹੀ ਚੋਰੀ ਸੀ।
ਅੱਲਾ ਅੱਲਾ ਕਰਕੇ ਗੁਰੂ ਆਪਣੇ ਟਿਕਾਣੇ ਪੁੱਜਾ। ਘਰ ਪਹੁੰਚ ਕੇ ਉਸ ਲੰਮਾ ਸਾਹ ਹਉਕੇ ਵਾਂਗ ਖਿੱਚਿਆ। ਪਾਣੀ-ਧਾਣੀ ਪੀ ਕੇ ਪਤਨੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਝੱਟ ਹੀ ਕਹਿਣ ਲੱਗੀ, “ਸ਼ੁਕਰ ਐ ਜੀ, ਅੱਜ ਬਚ ਗਏ। ਫੜੇ ਜਾਂਦੇ ਤਾਂ ਬਹੁਤ ਬੇਇੱਜਤੀ ਹੋਣੀ ਸੀ। ਬੰਦੇ ਦੀ ਇੱਜਤ ਤਾਂ ਲੱਖੀਂ ਨਾ ਕਰੋੜੀਂ। ਅਖਬਾਰਾਂ ‘ਚ ਕਿੰਨੀਆਂ ਤਾਂ ਖਬਰਾਂ ਛਪਦੀਆਂ ਨੇ ਰੋਜ਼। ਆਪਣੇ ਵਰਗਿਆਂ ਕੋਲ ਆਹ ਭੋਰਾ ਫੋਕੀ ਕੁ ਇੱਜਤ ਈ ਐ, ਜੇ ਉਹ ਵੀ ਨਾ ਬਚੇ, ਆਪਾਂ ਤਾਂ ਕਿਸੇ ਕੰਮ ਦੇ ਨਹੀਂ ਰਹਿੰਦੇ।”
ਪਤਨੀ ਦੀਆਂ ਗੱਲਾਂ ਤਾਂ ਸੱਚੀਆਂ ਸਨ, ਪਰ ਹਜ਼ਾਰ ਰੁਪਏ ਬਚ ਜਾਣ ਦੀ ਗੁਰੂ ਨੂੰ ਡਾਢੀ ਖੁਸ਼ੀ ਸੀ।
“ਲੈ ਹਜ਼ਾਰ ਬਚ ਗਿਆ। ਹਜ਼ਾਰ ਕਿਤੇ ਐਵੇਂ ਹੁੰਦੈ?” ਉਸ ਆਖਿਆ ਸੀ।
“ਪੈਸਾ ਤਾਂ ਕੰਜਰਾਂ ਦੇ ਘਰ ਵੀ ਬਥੇਰਾ ਹੁੰਦੈ! ਪਰ ਇੱਜਤ ਵੀ ਕੋਈ ਚੀਜ਼ ਹੁੰਦੀ ਐ ਜੀ। ਇੱਕ ਵਾਰ ਗੁਆਚੀ ਇੱਜਤ ਮੁੜ ਕਦੀ ਹੱਥ ਨੀਂ ਆਉਂਦੀ।” ਪਤਨੀ ਨੇ ਫਿਰ ਕਹਿ ਦਿੱਤਾ।
ਪਤਨੀ ਦੀ ਗੱਲ ਵੀ ਸਹੀ ਸੀ, ਪਰ ਹਜ਼ਾਰ ਰੁਪਏ ਬਚ ਜਾਣ ਦੀ ਹੁਣ ਉਸ ਨੂੰ ਡਾਢੀ ਖੁਸ਼ੀ ਸੀ। ਉਸ ਖੁਸ਼ੀ-ਖੁਸ਼ੀ ਵਿਚ ਉਠ ਕੇ ਵੱਡੇ ਸ਼ੀਸ਼ੇ ‘ਚ ਆਪਣੀ ਸ਼ਕਲ ਨਿਹਾਰੀ। ਇੱਕ ਵਾਰ ਤਾਂ ਉਸ ਤੋਂ ਆਪਣੀ ਸ਼ਕਲ ਹੀ ਪਛਾਣੀ ਨਹੀਂ ਗਈ। ਉਸ ਨੇ ਆਪਣੇ ਗੁੱਟ ‘ਤੇ ਚੂੰਡੀ ਭਰ ਕੇ ਦੇਖੀ। ਉਸ ਨੂੰ ਕੁਝ ਵੀ ਮਹਿਸੂਸ ਨਾ ਹੋਇਆ।
“ਇਹ ਮੈਂ ਹੀ ਆਂ? ਇਹ ਤਾਂ ਕੋਈ ਹੋਰ ਲੱਗਦੈ? ਮੇਰੀ ਸ਼ਕਲ ਏਨੀ ਵਿਗੜੀ ਹੋਈ ਤਾਂ ਨਹੀਂ ਸੀ? ਚੰਡੀਗੜ੍ਹ ਜਾਣ ਤੋਂ ਪਹਿਲਾਂ ਚੰਗੀ-ਭਲੀ ਤਾਂ ਸੀ ਮੇਰੀ ਸ਼ਕਲ?” ਗੁਰੂ ਸੋਚਣ ਲੱਗਾ। ਉਸ ਨੂੰ ਕੁਝ ਸਮਝ ਨਹੀਂ ਸੀ ਪੈ ਰਹੀ।
ਹਜ਼ਾਰ ਰੁਪਏ ਬਚਣ ਦੀ ਖੁਸ਼ੀ ਦੇ ਬਾਵਜੂਦ ਗੁਰੂ ਨੂੰ ਆਪਣੀ ਹੀ ਸ਼ਕਲ ਪਛਾਣਨੀ ਔਖੀ ਹੋਈ ਪਈ ਸੀ।