‘ਦਿ ਗਰੈਂਡ ਈਵੈਂਟ’ ਅਤੇ ਲੌਕਡਾਊਨ ਪ੍ਰਸਾਰਣ

ਸ਼ਿਵਦੀਪ
ਜੋ ਦੌੜ ਕਰੋਨਾ ਮਹਾਮਾਰੀ ਨੂੰ ਇਕ ‘ਗ੍ਰੈਂਡ-ਈਵੈਂਟ’ ਵਿਚ ਬਦਲਣ ਦੀ ਮੈਂ ਆਪਣੇ ਮੁਲਕ ਯਾਨਿ ਭਾਰਤ ਵਿਚ ਦੇਖੀ ਹੈ, ਹਾਲੇ ਤੱਕ ਕਿਤੇ ਹੋਰ ਨਹੀਂ ਦੇਖੀ। ਸਾਡੇ ਬਹੁਤੇ ਫੈਸਲੇ ਇੰਜ ਲਗਦੇ ਹਨ, ਜਿਵੇਂ ਅਸੀਂ ‘ਕਰੋਨਾ-ਈਵੈਂਟ’ ਨੂੰ ਸੈਲੀਬ੍ਰੇਟ ਕਰਨ ਲਈ ਮਿਥੇ ਹਨ। ਇਹ ਸਾਡੇ ਅੰਦਰਲਾ ਮਦਾਰੀਪੁਣਾ ਅਤੇ ਪਖੰਡ ਹੈ। ਲਗਦਾ ਸੀ ਕਿ ਇਸ ਸਖਤ ਸਮੇਂ ਦੌਰਾਨ ਅਸੀਂ ਅੰਤਰ ਸੰਵਾਦ ਰਾਹੀਂ ਅੰਦਰਲੇ ਮਹਾਮਾਨਵ ਤੱਕ ਪਹੁੰਚਾਂਗੇ, ਪਰ ਉਲਟ ਹੋ ਰਿਹਾ ਹੈ; ਬ੍ਰਹਮਰਾਖਸ਼ ਵੱਡਾ ਹੋ ਰਿਹਾ ਹੈ। ਅਸੀਂ ਆਪਣੀ ਅੰਦਰਲੀ ਅੱਗ ਨੂੰ ਇਕ ਹੋਰ ਵਿਨਾਸ਼ਕਾਰੀ ਰਾਹ ਵੱਲ ਧੱਕ ਰਹੇ ਹਾਂ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਨਸਲਾਂ, ਉਨ੍ਹਾਂ ਅੰਦਰ ਬਣਦੀ ਜੁਗਤ ਰਾਹੀਂ ਭੁਗਤਿਆ ਜਾਏਗਾ। ਇਹ ਜੁਗਤ ਅਸੀਂ ਉਨ੍ਹਾਂ ਨੂੰ ਦੇ ਰਹੇ ਹਾਂ।

ਸਮੇਂ ਦੀ ਇਸ ਅਤੀ ਸੰਗੀਨ ਘਟਨਾ ਬਾਰੇ ਸੰਘਣੇ ਸੁਆਲ ਅਤੇ ਲਿਖਤਾਂ ਨਾਂ-ਮਾਤਰ ਹਨ; ਜੇ ਹਨ ਵੀ ਤਾਂ ਬਹੁਤ ਦਬਾਏ ਹੋਏ, ਸਾਹਮਣੇ ਨਹੀਂ ਆਉਣ ਦਿਤੇ ਜਾ ਰਹੇ। ਜਿਸ ਤਰ੍ਹਾਂ ਇਸ ਮਹਾਮਾਰੀ ਦਾ ਸਾਹਮਣਾ ਸਿਰਫ ਹੇਠਲੇ ਪੱਧਰ ਦੀ ਬਿਆਨਬਾਜ਼ੀ ਨਾਲ ਹੋਇਆ ਹੈ, ਠੀਕ ਉਸੇ ਤਰ੍ਹਾਂ ਬਿਆਨਬਾਜ਼ੀ ਦਾ ਵਿਰੋਧ ਵੀ ਬੜੇ ਸਤਹੀ ਪੱਧਰ ਦੇ ਵਿਅੰਗ ਅਤੇ ਚੁਟਕਲਿਆਂ ਨਾਲ ਹੋ ਰਿਹਾ ਹੈ। ਸਟਾਇਰ ਮਨੁੱਖੀ ਅਭਿਵਿਅਕਤੀ ਦੀ ਇਕ ਕਮਾਲ ਦੀ ਖੋਜ ਹੈ, ਪਰ ਮਸਖਰੀ ਅਤੇ ਸਟਾਇਰ ਦਾ ਅੰਤਰ ਵੀ ਸਪੱਸ਼ਟ ਹੋਣਾ ਚਾਹੀਦਾ। ਸਮੇਂ ਦੀ ਸੰਗੀਨਗੀ ਬਿਲਕੁਲ ਗਾਇਬ ਹੈ; ਪਰ ਯਕੀਨ ਕਰਨਾ ਇਸ ਮਹਾਮਾਰੀ ਪਿਛੋਂ ਹਾਲਾਤ ਅਤੇ ਬੰਦਾ ਇਕੋ ਜਿਹੇ ਨਹੀਂ ਰਹਿਣਗੇ। ਸਾਡੇ ਹੋਛੇਪਣ ਦੇ ਸਿੱਟੇ ਬਹੁਤ ਭਿਆਨਕ ਹਨ। ਸੱਤਾ ਨੇ ਉਹੀ ਗੱਲਾਂ ਦੁਹਰਾਈਆਂ ਹਨ, ਜਿਨ੍ਹਾਂ ‘ਤੇ ਅਕਸਰ ਬਿਆਨਬਾਜ਼ੀ ਹੁੰਦੀ ਹੈ; ਇਸ ਵਾਰ ਟਾਈਟਲ ‘ਕਰੋਨਾ’ ਹੈ।
ਵਾਇਰਸ ਨੇ ਸਾਡੇ ਅੰਦਰ ਸੁੱਤੇ ਮਹਾਮਾਨਵ ਨੂੰ ਜਗਾਉਣ ਦੀ ਥਾਂ, ਉਸ ਨੂੰ ਹੋਰ ਗੂੜ੍ਹਾ ਐਨਸਥੀਸੀਆ ਦੇ ਦਿੱਤਾ ਹੈ। ਅੰਦਰ ਅਤੇ ਬਾਹਰ ਇਹ ਇਕ ਘਾਤਕ ਸਮਾਂ ਹੈ। ਵਾਇਰਸ ਦਾ ਮਰਹਮ ਮਿਲ ਜਾਵੇਗਾ, ਪਰ ਸਿਰ ਅੰਦਰਲੇ ਜ਼ਖਮ ਦਾ ਇਲਾਜ ਅੰਦਰੋਂ ਹੀ ਲੱਭਣਾ ਪੈਣਾ ਹੈ। ਜੇ ਨਹੀਂ ਸਮਝ ਆ ਰਿਹਾ ਤਾਂ ਜੋ ਸਾਡੇ ਡਾਕਟਰ, ਨਰਸਾਂ, ਸਿਹਤ ਕਰਮਚਾਰੀ, ਆਸ਼ਾ ਵਰਕਰ, ਸੁਰੱਖਿਆ ਕਰਮੀ, ਕੁਝ ਸੰਸਥਾਵਾਂ ਬਾਹਰ ਅਤੇ ਹਾਟ-ਸਪਾਟ ਖੇਤਰ ਵਿਚ ਹਨ, ਉਨ੍ਹਾਂ ਤੋਂ ਪੁਛਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਭਿਆਨਕ ਹੈ। ਉਹ ਸ਼ਲਾਘਾਯੋਗ ਹਨ, ਜੋ ਸਾਡੀਆਂ ਬੇਵਕੂਫੀਆਂ/ਬਿਆਨਬਾਜ਼ੀਆਂ ਨੂੰ ਪਾਸੇ ਰੱਖ ਅਤੇ ਸਰਕਾਰ ਵਲੋਂ ਦਿਤੀਆਂ ਨਾਂ-ਮਾਤਰ ਸਹੂਲਤਾਂ ਅਤੇ ਉਪਕਰਣਾਂ ਨਾਲ ਆਪਣਾ ਕਾਰਜ ਕਰ ਰਹੇ ਹਨ।
ਰਾਜਾ ਅਤੇ ਨਕਲੀ ਦਾਰਸ਼ਨਿਕਤਾ: ਸਮਾਂ ਬਦਲ ਗਿਆ ਹੈ। ਅਸੀਂ ਕਿਸੇ ਪਹਾੜੀ ਆਸ਼ਰਮ ਵਿਚ ਪੜ੍ਹਦੇ ਚੰਗੇ ਵਿਦਿਆਰਥੀ ਨਹੀਂ ਹਾਂ, ਜੋ ਇਕ ਤੀਰ ਚਲਾ ਕੇ ਹੱਡਾਂ ਵਿਚ ਜੰਮਿਆ ਹਿਮ ਪਿਘਲਾ ਲਵਾਂਗੇ। ਸਮੇਂ ਨੇ ਰਾਜੇ ਅਤੇ ਦਾਰਸ਼ਨਿਕ ਵਿਚ ਵੀ ਫਰਕ ਕੀਤਾ ਹੈ; ਇਹ ਰਹੇਗਾ: ਦੋਹਾਂ ਦੇ ਆਪਣੇ ਆਪਣੇ ਫਰਜ਼ ਅਤੇ ਸੀਮਾਵਾਂ ਹਨ। ਰਾਜੇ ਨੂੰ ਕਹੋ ਕਿ ਹੇਕ ਲਾ ਕੇ ਦਾਰਸ਼ਨਿਕ ਬਣਨ ਦਾ ਨਾਟਕ ਖਤਮ ਕਰੇ। ਦਾਰਸ਼ਨਿਕਤਾ ਅਤੇ ਅਧਿਆਤਮ ਵਾਸਤੇ ਸਾਡੇ ਕੋਲ ਸਾਡੇ ਵੇਦ-ਪੁਰਾਣ, ਧਾਰਮਿਕ ਗ੍ਰੰਥ, ਲਿਟਰੇਚ ਆਦਿ ਸਭ ਮੌਜੂਦ ਹੈ। ਇਹ ਵਾਇਰਸ ਸਾਡੇ ਸਮੇਂ ਦਾ ਇਕ ਬਹੁਤ ਵੱਡਾ ਹਾਹਾਕਾਰ ਹੈ, ਇਸ ਦੇ ਖਾਤਮੇ ਲਈ ਯਤਨ ਕਰੋ। ਰਾਜੇ ਅਤੇ ਉਸ ਦੇ ਦਰਬਾਰੀਆਂ ਨੇ ਇਸ ਸਮੇਂ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਦੀ ਨਾਜਾਇਜ਼ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇਸ ਕੋਸ਼ਿਸ਼ ਨੂੰ ਚਾਰ ਚੰਨ ਲਾਏ ਹਨ। ਅਸੀਂ ਉਨ੍ਹਾਂ ਦੀਆਂ ਆਪਹੁਦਰੀਆਂ ਵਿਚ ਬਰਾਬਰ ਦੇ ਜਵਾਬਦੇਹ ਹਾਂ; ਤਾੜੀ ਵਿਚ ਇਕ ਹੱਥ ਸਾਡਾ ਹੈ।
ਇਸ ਤੋਂ ਪਹਿਲਾਂ ਇਸ ਦਾ ਅਸਰ ਥੋੜ੍ਹਾ ਜਿਹਾ ਉਦੋਂ ਦੇਖਣ ਨੂੰ ਮਿਲਿਆ ਸੀ, ਜਦੋਂ ਚੀਨੀ ਲੋਕਾਂ ਨੂੰ ਵਾਇਰਸ ਦੇ ਨਾਂ ਨਾਲ ਪੁਕਾਰਿਆ ਜਾਣ ਲੱਗਾ ਸੀ। ਫਿਰ ਉਦੋਂ ਜਦੋਂ ਨਾਰਥ-ਈਸਟ ਦੇ ਲੋਕਾਂ ਨੂੰ ਅਸੀਂ ਕਰੋਨਾ ਕਹਿ ਕੇ ਸੰਬੋਧਨ ਕੀਤਾ, ਸਿਰਫ ਇਸ ਲਈ ਕਿ ਉਨ੍ਹਾਂ ਦੀ ਸੂਰਤ, ਬਣਤਰ ਚੀਨੀਆਂ ਨਾਲ ਮਿਲਦੀ ਸੀ। ਸਾਡੇ ਲਈ ਇਹ ਨਵਾਂ ਮਸਾਲਾ ਸੀ ਅਤੇ ਅਸੀਂ ਕੁਝ ਦੇਰ ਇਸ ਵਿਚ ਉਲਝੇ ਰਹੇ; ਬੋਰ ਹੋ ਗਏ, ਫਿਰ ਨਵੇਂ ਕਸੀਦੇ ਕੱਢ ਲਏ। ਫਿਰ ਅਸੀਂ ਆਪਣੇ ਅੰਦਰਲੀ ਨਫਰਤ ਨੂੰ ਇਕ ਨਵੇਂ ਮਸਾਲੇ ਵਿਚ ਲਪੇਟ ਕੇ ਪਰੋਸਣਾ ਸ਼ੁਰੂ ਕਰ ਦਿਤਾ। ਸੱਤਾ, ਸੱਤਾ ਵਿਚ ਰਹਿਣ ਲਈ ਇਹੀ ਕੁਝ ਕਰਵਾਉਂਦੀ ਹੈ ਅਤੇ ਵਿਰੋਧੀ ਧਿਰ ਸੱਤਾ ਵਿਚ ਆਉਣ ਲਈ ਆਪਣਾ ਮਸਾਲਾ ਤਿਆਰ ਕਰਦੀ ਹੈ, ਇਹ ਇਸੇ ਤਰ੍ਹਾਂ ਚਲਦਾ ਹੈ। ਅਸੀਂ ਬਸ ਪਿਆਦਿਆਂ ਦੀ ਕਤਾਰ ਹਾਂ। ਇਸ ਬਾਰੇ ਲੰਮੀਆਂ ਚੌੜੀਆਂ ਮਿਸਾਲਾਂ ਲਿਖੀਆਂ ਜਾ ਸਕਦੀਆਂ ਹਨ।
ਆਪਣੇ ਕੰਮਕਾਰ ਤਸੱਲੀ ਨਾਲ ਨਿਬੇੜ ਕੇ ਇਕ ਦਿਨ ਰਾਜਾ ਲੌਕਡਾਊਨ ਕਰਦਾ ਹੈ। ‘ਲੌਕਡਾਊਨ’ ਠੀਕ ਉਪਰਾਲਾ ਹੈ; ਅਸੀਂ ਇਸ ਦੇ ਨਾਲ ਕੁਝ ਹੋਰ ਸਪੋਟਿਵ ਅਨਾਊਂਸਮੈਂਟਸ ਦੀ ਉਡੀਕ ਕਰ ਰਹੇ ਸਾਂ, ਜੋ ਨਹੀਂ ਆਉਂਦੀਆਂ। ਫਿਰ ਇਸ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ। ਅਸੀਂ ਭਾਵਨਾ ਨਾਲ ਜੁੜੇ ਲੋਕ ਹਾਂ, ਸਾਡੇ ਬਹੁਤੇ ਲੋਕ ਹੋਰ ਮੁਲਕਾਂ ਵਾਂਗ ਨਿਜੀ ਸੋਚ ਦੇ ਧਾਰਨੀ ਨਹੀਂ। ਅਸੀਂ ਝੁੰਡ ਵਿਚ ਰਹਿੰਦੇ ਹਾਂ, ਇਕੱਲੇ ਹੋਣ ਤੋਂ ਡਰਦੇ ਹਾਂ। ‘ਮਨ ਕੀ ਬਾਤ’ ਸਾਡੇ ਮੁਲਕ ਵਿਚ ਇਕੋ ਬੰਦਾ ਕਰਦਾ ਹੈ। ਸਾਡੀ ਭਾਵਨਾਤਮਕ ਸੋਚ ਦਾ ਸੱਤਾ ਨੇ ਬੜੀ ਬਾਰੀਕੀ ਅਤੇ ਸਮਝਦਾਰੀ ਨਾਲ ਫਾਇਦਾ ਚੁਕਿਆ ਹੈ; ਅਸੀਂ ਚਾਹੁੰਦਿਆਂ, ਨਾ ਚਾਹੁੰਦਿਆਂ ਹਮੇਸ਼ਾ ਆਪਣੇ ਆਪ ਦੇ ਖਿਲਾਫ ਭੁਗਤ ਜਾਂਦੇ ਹਾਂ। ਇਨ੍ਹਾਂ ਦਿਨਾਂ ਵਿਚ ਵੀ; ਕਦੇ ਤਾੜੀ, ਕਦੇ ਥਾਲੀ, ਕਦੇ ਮੋਮਬੱਤੀਆਂ।
ਗਾਲ੍ਹ ਕੱਢਣ ਨੂੰ ਜੀਅ ਕਰਦਾ ਹੈ, ਕੱਢ ਨਹੀਂ ਸਕਦਾ; ਲਿਖ ਵੀ ਨਹੀਂ ਸਕਦਾ। ਇਸ ਲਈ ਨਹੀਂ ਕਿ ਸੱਭਿਅਕ ਹਾਂ, ਸਗੋਂ ਇਸ ਲਈ ਕਿ ਡਰਦਾ ਹਾਂ। ਜਦੋਂ ਮੇਰੀ ਪਹੁੰਣ ਬਾਹਰ ਰਾਸ਼ਣ ਤੱਕ ਵੀ ਨਹੀਂ, ਸੱਤਾ ਦੀ ਪਹੁੰਚ ਮੇਰੇ ਗਿਰੇਬਾਨ ਤੱਕ ਜਿਉਂ ਦੀ ਤਿਉਂ ਬਰਕਰਾਰ ਹੈ। ਮੈਂ ਕਿਹਾ ਹੈ ਕਿ ਰਾਜੇ ਅਤੇ ਦਾਰਸ਼ਨਿਕ ਵਿਚ ਫਰਕ ਹੁੰਦਾ ਹੈ ਸ਼ਾਇਦ ਮੇਰੀ ਇਸ ਗੱਲ ਨਾਲ ਰਾਜਾ ਅਤੇ ਉਸਦੇ ਸਿਪਾਹੀ ਸਹਿਮਤ ਨਹੀਂ ਹੋਣਗੇ। ਮੈਂ ਉਸ ਦੇ ਜਿੰਨੇ ਵੀ ਭਾਸ਼ਣ ਸੁਣੇ ਹਨ, ਉਕਤਾ ਜਾਂਦਾ ਹਾਂ, ਗੁੱਸਾ ਆਉਂਦਾ ਹੈ। ਉਮੀਦ ਕਰਦਾ ਹਾਂ, ਧੀਰਜ ਬਣਾਈ ਰੱਖਦਾ ਹਾਂ ਕਿ ਹੁਣ ਕੋਈ ਗੱਲ ਕਹੇਗਾ, ਜਿਸ ਨਾਲ ਲੋਕਾਂ ਲਈ ਜ਼ਮੀਨੀ ਪੱਧਰ ਦੀ ਕੋਈ ਗੱਲ ਹੋਵੇਗੀ, ਪਰ ਉਹ ਆਪਣੇ ਮੰਗਲ ਯਾਨ ਵਿਚ ਬੈਠਾ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦਾ ਹੈ। ਸੱਤਾ ਗੰਡ-ਗਡੋਏ ਵਾਂਗ ਆਪਣੀ ਹੀ ਮਿੱਟੀ ਵਿਚ ਘੁਸੀ ਜਾ ਰਹੀ ਹੈ। ਕਈ ਵਾਰ ਤਾਂ ਇਹ ਵੀ ਲਗਦਾ ਹੈ, ਸਰਕਾਰ ਨੂੰ ਆਪਣੇ ਮੰਤਰੀ ਪਦ ਵਿਚ ਇਕ ‘ਦਾਰਸ਼ਨਿਕ ਗੁਰੂ’ ਦੀ ਉਪਾਧੀ ਰੱਖ ਲੈਣੀ ਚਾਹੀਦੀ ਹੈ ਤਾਂ ਜੋ ਸਾਡੇ ਲੀਡਰ ਆਪਣੇ ਅਧਿਆਤਮ ਦਾ ਝੱਸ ਪੂਰਾ ਕਰ ਲਿਆ ਕਰਨ। ਜੋ ਕੰਮ ਜ਼ਮੀਨੀ ਪੱਧਰ ‘ਤੇ ਹੋ ਰਿਹਾ, ਉਹ ਕੁਝ ਪ੍ਰਤੀਸ਼ਤ ਲੋਕ ਆਪ ਹੀ ਕਰ ਰਹੇ ਹਨ; ਪਰ ਸਾਡੇ ਕੋਲ ਸੱਤਾ ਵਲੋਂ ਦਿਤੀ ਸੁਪਨਸਾਜ਼ੀ ਦੀ ਲਿਸਟ ਵੱਡੀ ਹੈ, ਜੋ ਉਨ੍ਹਾਂ ਮੁਤਾਬਿਕ ਪ੍ਰਦਾਨ ਹੋ ਚੁਕੀ ਹੈ। ਕਦੇ ਕਦੇ ਸੋਚਦਾ ਹਾਂ ਕਿ ਜੋ ਸਰਕਾਰੀ ਪੈਕਟ ਪਹੁੰਚ ਰਹੇ ਹਨ, ਉਨ੍ਹਾਂ ਉਪਰ ਰਾਜੇ ਅਤੇ ਉਸ ਦੇ ਦਰਬਾਰੀਆਂ ਦੀ ਫੋਟੋ ਕਿਸ ਪ੍ਰਿੰਟਿੰਗ ਪ੍ਰੈਸ ਵਿਚ ਛਪਦੀ ਹੈ; ਗਰੀਬ ਲਈ ਤੇ ਕੰਮ ਬੰਦ ਹੈ।
ਅਸੀਂ ਬੇਚਾਰੇ ਪਿਆਦੇ ਇਸ ਸੰਘਣੇ ਹਨੇਰੇ ਵਿਚ ਚੁਟਕਲਿਆਂ ਦੀਆਂ ਲੜੀਆਂ ਚਲਾ ਰਹੇ ਹਾਂ। ਅਸੀਂ ਨਾਰਥ-ਈਸਟ ਦੇ ਲੋਕਾਂ ਨੂੰ ਕਰੋਨਾ ਕਹਿ ਲਿਆ, ਲਤੀਫੇ ਘੜ ਲਏ, ਰਾਜੇ ਨੇ ਹਾਸੋਹੀਣੇ ਭਾਸ਼ਣ ਦੇ ਦਿਤੇ, ਹੱਕ ਅਤੇ ਵਿਰੋਧ ਵਿਚ ਚੁਟਕਲੇ ਘੜ ਲਏ, ਵਾਇਰਸ ਦਾ ਰਿਸ਼ਤਾ ਮੁਸਲਮਾਨਾਂ ਨਾਲ ਜੋੜ ਦਿੱਤਾ, ਗਰੀਬ ਨੂੰ ਹੋਰ ਗਰੀਬ ਅਤੇ ਅਨਪੜ੍ਹ ਨੂੰ ਹੋਰ ਅਨਪੜ੍ਹ ਕਰਾਰ ਕੀਤਾ ਗਿਆ, ਇਕ ਬਾਹਰੋਂ ਆਏ ਬਜੁਰਗ ਨੂੰ ਕਰੋਨਾ ਦਾ ਦੇਵਤਾ ਐਲਾਨ ਦਿੱਤਾ, ਸਮਾਨ ਸਟਾਕ ਕਰ ਲਿਆ ਤੇ ਸ਼ਮਸ਼ਾਨ ਬੰਦ ਕਰ ਦਿਤਾ। ਮੌਤ ਦੀ ਰਾਜਨੀਤੀ ਸਾਡੇ ਲਈ ਕੋਈ ਨਵਾਂ ਕਾਂਡ ਨਹੀਂ ਹੈ। ਡਾਕਟਰਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਨਿਕਲਣ ਲਈ ਕਹਿ ਦਿਤਾ ਅਤੇ ਆਸ ਦੀ ਮੋਮਬੱਤੀ ਜਲਾ ਲਈ; ਕਿਹਦੇ ਲਈ? ਰਾਜੇ ਨੂੰ ਸਰਵ ਕਲਾ ਸੰਪੂਰਨ ਹੋਣ ਦਾ ਸਿੰਡਰੋਮ ਹੋ ਗਿਆ ਹੈ, ਪਰ ਉਹ ਉਹੀ ਕੰਮ ਨਹੀਂ ਕਰਦਾ, ਜਿਸ ਲਈ ਉਸ ਨੂੰ ਚੁਣਿਆ ਗਿਆ ਸੀ।
ਕਰੋਨਾ ਵਾਇਰਸ ਨਾਲ ਲੜ ਰਹੇ ਸਾਡੇ ਸਿਪਾਹੀ ਡਾਕਟਰਾਂ ਅਤੇ ਇਰਾਨ ਵਿਚ ਹੋਈ ਨਰਸਾਂ ਦੀ ਮੌਤ ਇਕੋ ਹੈ, ਕਿਉਂਕਿ ਦੋਹਾਂ ਨੂੰ ਸਰਕਾਰੀ ਅਣਗਹਿਲੀ ਕਰਕੇ ਮੌਤ ਵੱਲ ਧੱਕਿਆ ਗਿਆ। ਸਾਡੇ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਸੇਵਾ ਲਈ ਅੱਗੇ ਨਹੀਂ ਆਏ, ਸਗੋਂ ਉਨ੍ਹਾਂ ਦੇ ਬਾਹਰ ਨੋਟਿਸ ਲੱਗੇ ਹੋਏ ਹਨ ਕਿ ਖੰਘ ਅਤੇ ਬੁਖਾਰ ਵਾਲੇ ਬਾਹਰ ਰਹਿਣ। ਪਿਛਲੇ ਦਿਨਾਂ ਵਿਚ ਹੀ ਪਾਣੀ ਖੁਣੋਂ ਇਕ ਬੰਦੇ ਦੀ ਸੜਕ ‘ਤੇ ਮੌਤ ਹੋਈ ਹੈ, ਹਸਪਤਾਲ ਦੇ ਬਾਹਰ ਫੱਟੇ ‘ਤੇ ਇਕ ਬੱਚੇ ਨੂੰ ਜਨਮ ਦਿਤਾ ਗਿਆ ਹੈ, ਆਇਸੋਲੇਟ ਵਾਰਡ ਵਿਚ ਇਕ ਦੰਪਤੀ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ, ਮਰਨ ਵਾਲਿਆਂ ਦੀ ਆਖਰੀ ਰਿਕਾਰਡਿੰਗ ਸੁਣ ਨਹੀਂ ਹੋ ਰਹੀ। ਅਸੀਂ ਹੋਰ ਕਿੰਨਾ ਗਰਕਣਾ ਹੈ? ਅਸੀਂ ਕਿਸ ਦੀ ਮੌਤ ‘ਤੇ ਖੜ ਕੇ ਥਾਲੀਆਂ, ਮੋਮਬੱਤੀਆਂ ਦੇ ਕਸੀਦੇ ਘੜ ਰਹੇ ਹਾਂ? ਠੀਕ ਉਦੋਂ ਜਦੋਂ ਇਕ ਕੰਪਨੀ ਲਗਾਤਾਰ ਮਾਸਕ ਬਣਾ ਕੇ ਦੂਜੇ ਮੁਲਕਾਂ ਨੂੰ ਭੇਜ ਰਹੀ ਹੈ ਅਤੇ ਸਾਡੇ ਡਾਕਟਰ ਮਾਸਕ ਅਤੇ ਦਸਤਾਨੇ ਨਾ ਮਿਲਣ ਕਾਰਨ ਮਰ ਰਹੇ ਹਨ, ਸੜਕਾਂ ‘ਤੇ ਆ ਰਹੇ ਹਨ ਤਾਂ ਰਾਜਾ ਕਹਿ ਰਿਹਾ ਹੈ, ਬਜਾਓ ਥਾਲੀ।
ਰੋਸ਼ਨੀ ਦੀ ਰਾਜਨੀਤੀ: ਸਦਮਾ ਛੋਟਾ ਹੋਵੇ ਜਾਂ ਵੱਡਾ, ਕਾਰਪੋਰੇਟ ਘਰਾਣਿਆਂ ਲਈ ਵਰਦਾਨ ਹੀ ਹੁੰਦਾ। ਕਿਹੜੇ ਲੋਕ ਹਨ, ਜੋ ਇਸ ਤਰ੍ਹਾਂ ਦੇ ਬਿਆਨਾਂ ‘ਤੇ ਪ੍ਰਤੀਕ੍ਰਿਆ ਦੇ ਰਹੇ ਹਨ? ਦੁਨੀਆਂ ਭਰ ਦਾ ਕੁਆਂਟਮ, ਫਿਜ਼ਿਕਸ, ਸਾਇੰਸ, ਗਣਿਤ, ਅੰਤਰਿਕਸ਼ ਵਿਦਿਆ ਰਾਜੇ ਦੇ ਭਾਸ਼ਣਾਂ ਵਿਚ ਹੀ ਕਿਉਂ ਉਤਰ ਆਇਆ ਹੈ। ਭਾਰਤੀ ਮੀਡੀਏ ਨੂੰ ਕੌਣ ਭੁੱਲੇਗਾ! ਥਾਲੀ ਨੂੰ ਸਾਊਂਡ ਵੇਵ ਅਤੇ ਰੋਸ਼ਨੀ ਨੂੰ ਟੈਪਰੇਚਰ ਟਰੈਪ ਕਹਿ ਕੇ ਜੋ ਇਹ ਰਾਜਾ ਇਸ ਬਾਜ਼ਾਰ ਵਿਚ ਵੇਚ ਰਿਹਾ ਅਤੇ ਇਸ ਦੀ ਮਸ਼ਹੂਰੀ ਕੌਣ ਕਰਦਾ ਹੈ? ਜੇ ਇਸੇ ਤਰ੍ਹਾਂ ਹੈ ਤਾਂ ਕਿਉਂ ਨਾ ਜੋ ਬਹੁਤੇ ਮੰਤਰੀ ਸੰਤਰੀ ਲੁਕੇ ਬੈਠੇ ਹਨ ਅਤੇ ਜਿਨ੍ਹਾਂ ਨੂੰ ਸੜਕ ‘ਤੇ ਮਰ ਰਹੇ ਲੋਕ ਦਿਸ ਨਹੀਂ ਰਹੇ, ਉਨ੍ਹਾਂ ਦੇ ਹੱਥ ਛੁਣਛੁਣਾ ਫੜਾ ਦਿਤਾ ਜਾਏ, ਵਜਾਈ ਜਾਣ!
ਕੀ ਅਸੀਂ ਆਪਣੇ ਘਰ ਵਿਚ ਬੈਠੇ ਐਨੇ ਨਿਰਾਸ਼ ਹਾਂ ਕਿ ਬੇਚਾਰੇ ਰਾਜੇ ਨੂੰ ਸਾਡੇ ਅੰਦਰ ਆਸ ਜਗਾਉਣ ਲਈ ਮੋਮਬੱਤੀ ਜਲਾਉਣ ਦਾ ਹੁਕਮ ਦੇਣਾ ਪੈਂਦਾ ਹੈ; ਐਨੇ ਬੋਲੇ ਹੋ ਗਏ ਹਾਂ ਕਿ ਚੀਕਾਂ ਸੁਣਾਈ ਨਹੀਂ ਦਿੰਦੀਆਂ, ਐਨੇ ਬੁਜ਼ਦਿਲ ਕਿ ਹਾਲੇ ਵੀ ਧਰਮ, ਮੁਖੌਟਾ ਅਤੇ ਨਫਰਤ ਸਾਡੇ ਦਿਲ ਵਿਚੋਂ ਨਹੀਂ ਉਤਰੀ? ਇਹ ਮੋਮਬੱਤੀਆਂ ਜਗਾਉਣ ਵਾਲੇ ਲੋਕ ਕੌਣ ਸਨ? ਉਹੀ, ਜੋ ਕੁਝ ਦਿਨ ਪਹਿਲਾਂ ਲੋਕਾਂ ਦਾ ਨਾਂ ਬਦਲ ਕੇ ਕਰੋਨਾ ਰੱਖ ਰਹੇ ਸਨ ਜਾਂ ਚੁਟਕਲਿਆਂ ਦੀ ਲੜਾਈ ਵਿਚ ਮਸ਼ਰੂਫ ਸਨ!
ਰੋਸ਼ਨੀ ਦੀ ਰਾਜਨੀਤੀ ‘ਤੇ ਹਰੀਸ਼ੰਕਰ ਪਰਸਾਈ ਦੀ ਕਹਾਣੀ ‘ਟਾਰਚ ਵੇਚਣ ਵਾਲੇ’ ਯਾਦ ਆ ਰਹੀ ਹੈ। ਕਹਾਣੀ ਦਾ ਸਿੱਧਾ ਸਬੰਧ ਹਨੇਰੇ ਤੋਂ ਡਰਾ ਕੇ ਰੋਸ਼ਨੀ ਵੇਚਣ ਵਾਲਿਆਂ ਨਾਲ ਹੈ। ਮੋਟੀ ਮੋਟੀ ਕਹਾਣੀ ਸੀ ਕਿ ਦੋ ਪਾਤਰ ਕੁਝ ਸਾਲਾਂ ਪਿਛੋਂ ਮਿਲੇ। ਇਕ ਟਾਰਚ ਵੇਚਦਾ ਹੈ, ਇਕ ਸਾਧ ਬਣ ਕੇ ਸੁਪਨਈ ਪ੍ਰਕਾਸ਼। ਹਨੇਰੇ ਦਾ ਇਲਾਜ ਕੋਈ ਨਹੀਂ ਕਰਦਾ। ਟਾਰਚ ਵੇਚਣ ਵਾਲਾ ਆਪਣਾ ਕਿਸਾ ਦੂਜੇ ਨੂੰ ਦੱਸਦਾ ਹੈ ਕਿ ਕਿਵੇਂ ਉਹ ਸਿਖਰ ਦੁਪਹਿਰੇ ਲੋਕਾਂ ਨੂੰ ਡਰਾਉਂਦਾ ਹੈ, ਫਿਰ ਪ੍ਰਕਾਸ਼ ਨਾ ਰਾਬਤਾ ਕਰਾਉਂਦਾ ਹੈ ਅਤੇ ਆਪਣੀ ‘ਸੂਰਜ ਛਾਪ’ ਟਾਰਚ ਵੇਚ ਦਿੰਦਾ ਹੈ। ਫਿਰ ਉਹ ਦੂਜੇ ਪਾਤਰ ਆਪਣੇ ਦੋਸਤ ਨੂੰ ਇਕ ਫਿਲਮੀ ਸੰਤ ਵਾਂਗ ਸਟੇਜ਼ ‘ਤੇ ਦੇਖਦਾ ਹੈ, ਜੋ ਕਰੀਬ ਕਰੀਬ ਮਿਲਦੇ-ਜੁਲਦੇ ਜੁਮਲਿਆ ਨਾਲ ਰਹੱਸਮਈ ਪ੍ਰਕਾਸ਼ ਵੇਚ ਰਿਹਾ ਹੈ। ਉਹ ਉਸ ਸੰਤ ਆਦਮੀ ਨੂੰ ਪੁੱਛਦਾ ਹੈ ਕਿ ਕਿਹੜੀ ਕੰਪਨੀ ਦੀ ਟਾਰਚ ਵੇਚਦਾ ਏਂ? ਸੰਤ ਜੁਆਬ ਦਿੰਦਾ ਹੈ ਕਿ ਮੈਂ ਟਾਰਚ ਕਿਉਂ ਵੇਚਾਂਗਾ, ਮੈਂ ਇਕ ਦਾਰਸ਼ਨਿਕ, ਸਾਧੂ ਅਤੇ ਸੰਤ ਹਾਂ। ਉਹ ਬੰਦਾ ਕਹਿੰਦਾ ਕਿ ਜੋ ਵੀ ਕਹੋ ਵੇਚਦਾ ਤੂੰ ਟਾਰਚ ਹੀ ਹੈਂ। ਤੇਰੇ ਅਤੇ ਮੇਰੇ ਪ੍ਰਵਚਨ ਇਕੋ ਜਿਹੇ ਹਨ।
ਸੂਰਜ ਵੱਡਾ ਬੰਦਾ ਹੈ: ਅਸੀਂ ਚੰਦ ਨੂੰ ਮਾਮਾ ਕਹਿ ਕੇ ਵੱਡੀ ਹੋਈ ਪੀੜ੍ਹੀ ਹਾਂ; ਸੂਰਜ ਵੱਡਾ ਬੰਦਾ ਹੈ। ਸ਼ਾਇਦ ਤਾਂ ਹੀ ਦਾਦੀ ਕਹਿੰਦੀ ਹੁੰਦੀ ਸੀ ਕਿ ਸੂਰਜ ਨੂੰ ਦੀਵਾ ਨਹੀਂ ਦਿਖਾਈਦਾ। ਸਾਡੇ ਪੁਰਖਿਆਂ ਦੀ ਆਸ ਦਾ ਇਤਿਹਾਸ ਬਹੁਤ ਡੂੰਘਾ ਹੈ। ਅਸੀਂ ਉਹੀ ਹਾਂ, ਜੋ ਫਸਲ ਬੀਜਣ ਵੇਲੇ ਚਾਰ ਮੁੱਠਾਂ ਜੀਆ-ਜੰਤ ਲਈ ਵੀ ਸੁਟਦੇ ਰਹੇ ਹਾਂ, ਬੰਦਾ ਅਜੇ ਸਾਡੇ ਕੋਲੋਂ ਟੁਟਿਆ ਨਹੀਂ। ਸਾਡੀ ਸਿਮਰਤੀ ਵਿਚ ਸਿਆਲਾਂ ਵਿਚ ਆਉਂਦੇ ਰਾਸ਼ੇ ਅਤੇ ਕਣਕ ਵੇਲੇ ਆਉਂਦਾ ਕੋਹੜੀ ਵੀ ਸਾਡੇ ਟੱਬਰ ਦਾ ਹੀ ਹਿੱਸਾ ਹਨ। ਇਸ ਸਮੇਂ ਵੀ ਸਾਡੇ ਕਿਸਾਨ, ਕਵੀ, ਆਰਟਿਸਟ, ਲੇਖਕ, ਦਾਰਸ਼ਨਿਕ, ਗੁਰੂ-ਚੇਲੇ ਆਸ ਦੇ ਰਹੇ ਹਨ। ਰਾਜਾ ਜੀ! ਮੇਰੀ ਆਸ ਦਾ ਫਿਕਰ ਨਾ ਕਰੋ।
ਹਾਲੇ ਤਾਂ ਸਾਡੇ ਪਿੰਡ ਆਲਾ ਅਮਲੀ ਨਸ਼ੇ ਦੀ ਤੋੜ ਭੁੱਲ ਕੇ ਕਹਿੰਦਾ ਹੈ, “ਕਾਕਾ, ਆ ਕੁਦਰਤ ਭਲੀ ਕਰੂ, ਚਿਤ ਹੌਲਾ ਨਾ ਕਰੋ।” ਰਾਜੇ ਨੂੰ ਕਹੋ ਕਿ ਹਾਲੇ ਸਮਾਂ ਹੈ, ਜਿਹੜਾ ਕੰਮ ਉਹਦੇ ਕਰਨ ਵਾਲਾ ਹੈ, ਉਹ ਕਰੇ!