ਯੋਗ ਦਰਸ਼ਨ

ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਯੋਗ ਸ਼ਾਸਤਰ ਵੀ ਭਾਰਤ ਦੇ ਦਰਸ਼ਨ ਸ਼ਾਸਤਰਾਂ ਵਿਚੋਂ ਇੱਕ ਅਹਿਮ ਸ਼ਾਸਤਰ ਹੈ। ਯੋਗ ਦੇ ਆਮ ਅਰਥ ਜੁੜਨਾ ਹੈ। ਇਹ ਵਿਧੀ ਬਹੁਤ ਹੀ ਪੁਰਾਣੀ ਹੈ। ਹੜੱਪਾ ਸਭਿਅਤਾ ‘ਚ ਵੀ ਕੁਝ ਚਿੱਤਰ ਅਤੇ ਮੂਰਤੀਆਂ ਮਿਲੀਆਂ ਹਨ, ਜੋ ਯੋਗ ਆਸਣ ‘ਚ ਸਥਿਤ ਵਿਅਕਤੀਆਂ ਨੂੰ ਦਰਸਾਉਂਦੀਆਂ ਹਨ ਤੇ ਸਾਬਤ ਕਰਦੀਆਂ ਹਨ ਕਿ ਉਹ ਸੱਭਿਅਤਾ ਯੋਗ ਸਾਧਨਾ ਬਾਰੇ ਜਾਣਕਾਰੀ ਰੱਖਦੀ ਸੀ। ਵੈਦਿਕ ਸੱਭਿਅਤਾ ਨੇ ਉਸ ਤੋਂ ਪ੍ਰਭਾਵ ਲੈ ਕੇ ਵਿਸਥਾਰ ‘ਚ ਖੋਜ ਕਰਕੇ ਯੋਗ ਸ਼ਾਸਤਰ ਦੇ ਰੂਪ ਵਿਚ ਇਕ ਵੱਖਰਾ ਦਰਸ਼ਨ ਸ਼ਾਸਤਰ ਸਥਾਪਿਤ ਕੀਤਾ ਹੈ।

ਮੰਨਿਆ ਜਾਂਦਾ ਹੈ ਕਿ ਸਾਂਖਿਆ ਸ਼ਾਸਤਰ ਸਿਧਾਂਤ ਹੈ ਅਤੇ ਯੋਗ ਸ਼ਾਸਤਰ ਉਸ ਦੀ ਪ੍ਰਯੋਗ ਸ਼ੈਲੀ ਤੇ ਪ੍ਰਯੋਗਸ਼ਾਲਾ ਹੈ। ਜੈਨ ਮੱਤ ਅਤੇ ਬੁੱਧ ਮੱਤ ‘ਚ ਵੀ ਯੋਗ ਅਭਿਆਸ ਅਤੇ ਇਸ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਸੀ। ਮਹਾਵੀਰ ਸਵਾਮੀ ਤੇ ਮਹਾਤਮਾ ਬੁੱਧ ਦੇ ਜਿੰਨੇ ਵੀ ਬੁੱਤ ਮਿਲਦੇ ਹਨ, ਉਹ ਯੋਗ ਦੇ ਵੱਖ ਵੱਖ ਆਸਣਾਂ ਵਿਚ ਹੀ ਮਿਲਦੇ ਹਨ ਅਤੇ ਉਨ੍ਹਾਂ ਦੇ ਕਾਫੀ ਸਿਧਾਂਤ ਵੀ ਯੋਗ ਸ਼ਾਸਤਰ ਨਾਲ ਸਾਂਝੇ ਹਨ। ਯਹੂਦੀ ਪਰੰਪਰਾ ਦੇ ਧਰਮਾਂ ਵਿਚ ਵੀ ਯੋਗ ਦੇ ਅੰਸ਼ ਮਿਲਦੇ ਹਨ। ਵਿਸ਼ੇਸ਼ ਤੌਰ ‘ਤੇ ਸੂਫੀ ਮੱਤ ਵਿਚ ਤਾਂ ਕਾਫੀ ਕੁਝ ਸਾਂਝਾ ਹੈ।
ਯੋਗ ਦਰਸ਼ਨ ਦਾ ਪੁਰਾਣਾ ਕੋਈ ਗ੍ਰੰਥ ਨਹੀਂ ਮਿਲਦਾ। ਪਾਤੰਜਲੀ ਰਿਸ਼ੀ, ਜੋ ਈਸਾ ਪੂਰਵ ਦੂਸਰੀ ਸਦੀ ਵਿਚ ਹੋਏ ਹਨ ਤੇ ਪੁਸ਼ਿਆਮਿੱਤਰ ਸੁੰਗ ਦੇ ਸਮਕਾਲੀ ਸਨ, ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਹੈ ਅਤੇ ਉਹ ਪਾਨਣੀ ਰਿਸ਼ੀ ਦਾ ਸ਼ਿਸ਼ ਸੀ। ਉਸ ਨੇ ਯੋਗ ਸੂਤਰ ਨਾਮੀ ਗ੍ਰੰਥ ਵਿਚ 195 ਸੂਤਰਾਂ ਰਾਹੀਂ ਸੂਤਰ ਬੱਧ ਕੀਤਾ ਹੈ, ਜਿਸ ਦੇ ਚਾਰ ਅਧਿਆਏ (ਪਾਦ)-ਸਮਾਧੀ ਪਾਦ, ਸਾਧਨਾ ਪਾਦ, ਵਿਭੂਤੀ ਪਾਦ ਅਤੇ ਕੈਵਲਿਆ ਪਾਦ ਹਨ, ਜਿਨ੍ਹਾਂ ਰਾਹੀਂ ਯੋਗ ਦੇ ਸਿਧਾਂਤ ਦੀ ਵਿਆਖਿਆ ਕੀਤੀ ਹੈ। ਇਸ ਤੋਂ ਬਿਨਾ ਉਸ ਨੇ ਪਾਨਣੀ ਦੇ ਵਿਆਕਰਣ ਗ੍ਰੰਥ ਅਸ਼ਟਾਧਿਆਈ ਦਾ ਮਹਾਭਾਸ਼ਿਆ (ਟੀਕਾ) ਵੀ ਲਿਖਿਆ ਹੈ ਅਤੇ ਉਪਵੇਦ ਆਯੁਰਵੇਦ ਵੀ ਲਿਖਿਆ ਹੈ।
ਯੋਗ ਸ਼ਾਸਤਰ ਅਨੁਸਾਰ ਅਹੰਕਾਰ, ਜੋ ਤ੍ਰੈਗੁਣਾਤਮਕ ਹੈ ਅਤੇ ਉਸ ਦਾ ਕਾਰਨ ਪ੍ਰਕਿਰਤੀ ਹੈ, ਅਹੰਕਾਰ, ਮਹਿਤ ਭਾਵ ਬੁੱਧੀ ਦਾ ਕਾਰਨ ਹੈ, ਬੁੱਧੀ ਮਨ ਦਾ ਕਾਰਨ ਹੈ। ਇਸ ਤਰ੍ਹਾਂ ਅਹੰਕਾਰ, ਬੁੱਧੀ ਅਤੇ ਮਨ ਮਿਲ ਕੇ ਚਿੱਤ ਬਣ ਜਾਂਦੇ ਹਨ। ਚਿੱਤ ਕਰਕੇ ਹੀ ਜੀਵ-ਆਤਮਾ ਇਸ ਸੰਸਾਰ ‘ਚ ਕ੍ਰਿਆਸ਼ੀਲ ਹੁੰਦਾ ਹੈ। ਚਿੱਤ ਵਿਚ ਹੀ ਸੰਕਲਪ ਅਤੇ ਵਿਕਲਪ ਆਦਿ ਫੁਰਨੇ ਫੁਰਦੇ ਹਨ। ਉਨ੍ਹਾਂ ਫੁਰਨਿਆਂ, ਸੰਕਲਪਾਂ ਅਨੁਸਾਰ ਹੀ ਜੀਵ ਆਤਮਾ ਸੰਸਾਰ ਵਿਚ ਪ੍ਰਵਿਰਤੀ ਹੁੰਦਾ ਹੈ, ਜਿਨ੍ਹਾਂ ਨੂੰ ਯੋਗ ਸ਼ਾਸਤਰ ਨੇ ਚਿੱਤ ਵਿਰਤੀਆਂ ਕਿਹਾ ਹੈ। ਇਸ ਸੰਸਾਰ ਦਾ ਇਸ ਚਿੱਤ ਵਿਚ ਜੋ ਪਰਛਾਵਾਂ ਬਣਦਾ ਹੈ, ਉਸ ਨੂੰ ਹੀ ਚਿੱਤ ਵਿਰਤੀਆਂ ਕਿਹਾ ਜਾਂਦਾ ਹੈ। ਇਹ ਚਿੱਤ ਵਿਰਤੀਆਂ ਹੀ ਬੰਧਨ ਦਾ ਕਾਰਨ ਹਨ। ਇਨ੍ਹਾਂ ਕਾਰਨ ਹੀ ਜੀਵ (ਆਤਮਾ) ਸੰਸਾਰ ਨਾਲ ਸਬੰਧ ਬਣਾਉਂਦਾ ਹੈ। ਇਨ੍ਹਾਂ ਕਰਕੇ ਹੀ ਸੁਖ-ਦੁਖ ਭੋਗਦਾ ਹੈ ਅਤੇ ਸੰਸਾਰ ਵਿਚ ਵਿਚਾਰਦਾ ਹੈ। ਸੋ ਸੰਸਾਰ ਦੇ ਸਾਰੇ ਕਰਮ ਚਿੱਤ ਵਿਰਤੀਆਂ ਦੇ ਫੈਲਾਓ ਹਨ। ਕਿਉਂਕਿ ਪਹਿਲਾਂ ਸੰਕਲਪ ਪੈਦਾ ਹੁੰਦਾ ਹੈ, ਸੰਕਲਪ ਤੋਂ ਹੀ ਕਰਮ ਸ਼ੁਰੂ ਹੁੰਦਾ ਹੈ। ਸੰਕਲਪ ਹੀ ਕਰਮ ਵਿਚ ਬਦਲਦਾ ਹੈ। ਕਰਮ ਚੰਗਾ ਜਾਂ ਬੁਰਾ ਫਲ ਦਿੰਦਾ ਹੈ। ਫਲ ਅਨੁਸਾਰ ਹੀ ਬੰਧਨ ਜਾਂ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਚੱਕਰ ਦਾ ਰੋਕਣਾ ਹੀ ਚਿੱਤ ਵਿਰਤੀਆਂ ਦਾ ਨਿਰੋਧ ਹੈ। ਚਿੱਤ ਵਿਰਤੀਆਂ ਦੇ ਨਿਰੋਧ ਦਾ ਨਾਮ ਹੀ ਯੋਗ ਹੈ। ਨਿਰੋਧ ਤੋਂ ਭਾਵ ਜ਼ਬਰਦਸਤੀ ਰੋਕਣਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸ਼ਾਂਤ ਕਰਨਾ ਹੈ।
ਚਿੱਤ ਕਿਉਂਕਿ ਪ੍ਰਕਿਰਤੀ ਤੋਂ ਵਿਕਸਿਤ ਹੋਇਆ ਹੈ ਅਤੇ ਪ੍ਰਕਿਰਤੀ ਤਿਨਾਂ ਗੁਣਾਂ ਦੀ ਧਾਰਨੀ ਹੈ, ਸੋ ਚਿੱਤ ਵੀ ਤਿੰਨਾਂ ਗੁਣਾਂ ਦਾ ਧਾਰਨੀ ਹੈ। ਇਨ੍ਹਾਂ ਗੁਣਾਂ ਕਰਕੇ ਹੀ ਚਿੱਤ ਦੀਆਂ ਪੰਜ ਅਵਸਥਾਵਾਂ ਹਨ,
1. ਮੂੜ ਅਵਸਥਾ: ਜਿਥੇ ਤਮੋ ਗੁਣ ਪ੍ਰਧਾਨ ਹੁੰਦਾ ਹੈ, ਜੋ ਅਗਿਆਨ ਅਤੇ ਜੜਤਾ ਦਾ ਕਾਰਨ ਹੈ। ਇਸ ਵਿਚ ਅਗਿਆਨ ਅਤੇ ਮੰਦੇ ਵਿਚਾਰ ਭਾਰੂ ਹੁੰਦੇ ਹਨ।
2. ਕਛਿੱਪਤ ਅਵਸਥਾ: ਜਿਥੇ ਰਜੋ ਗੁਣ ਪ੍ਰਭਾਵੀ ਹੁੰਦਾ ਹੈ, ਜੋ ਗਤੀ ਅਤੇ ਕਰਮ ਪ੍ਰਧਾਨ ਹੈ। ਇਸ ਅਵਸਥਾ ਵਿਚ ਜੀਵ ਆਤਮਾ ਸੰਸਾਰ ਵਿਚ ਕਰਮ ਵਿਚ ਪ੍ਰਵਿਰਤੀ ਹੁੰਦਾ ਹੈ। ਜੋ ਵੀ ਚੰਗੇ ਮਾੜੇ ਕਰਮ ਕਰਦਾ ਹੈ, ਉਨ੍ਹਾਂ ਦਾ ਫਲ ਭੋਗਦਾ ਜਨਮ-ਮਰਨ ਦੇ ਚੱਕਰ ਵਿਚ ਘੁੰਮਦਾ ਫਿਰਦਾ ਹੈ।
3. ਵਕਛਿਪੱਤ ਅਵਸਥਾ: ਜਿਥੇ ਸਤੋਗੁਣੀ ਰਜੋਗੁਣ ਪ੍ਰਧਾਨ ਹੁੰਦਾ ਹੈ, ਜੋ ਵਿਅਕਤੀ ਨੂੰ ਸੁ.ਭ ਕਰਮ ਗਿਆਨ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਇਸ ਲਈ ਕਰਮ ਕਰਨ ਲਈ ਉਦਮ ਪ੍ਰਦਾਨ ਕਰਦਾ ਹੈ।
4. ਇਕਾਗਰ ਅਵਸਥਾ: ਇਥੇ ਸੁ.ਧ ਸਤੋਗੁਣ ਪ੍ਰਭਾਵੀ ਹੁੰਦਾ ਹੈ। ਇਸ ਅਵਸਥਾ ਵਿਚ ਚਿੱਤ ਵਿਰਤੀਆਂ ਸ਼ਾਂਤ ਹੋ ਜਾਂਦੀਆਂ ਹਨ ਅਤੇ ਚਿੱਤ ਟਿਕਾਓ ਵਿਚ ਹੁੰਦਾ ਹੈ।
5. ਨਿਰੁੱਧ ਅਵਸਥਾ: ਇਸ ਅਵਸਥਾ ‘ਚ ਤਿੰਨੋਂ ਗੁਣ ਸ਼ਾਂਤ ਹੋ ਜਾਂਦੇ ਹਨ। ਇਸ ਅਵਸਥਾ ਨੂੰ ਸਮਾਧੀ ਅਵਸਥਾ ਵੀ ਕਿਹਾ ਜਾਂਦਾ ਹੈ।
ਇਹ ਚਿੱਤ ਦੀਆਂ ਪੰਜ ਬਿਰਤੀਆਂ ਹਨ, ਜਿਨ੍ਹਾਂ ਕਰਕੇ ਜੀਵ ਆਤਮਾ ਸੰਸਾਰ ਨਾਲ ਸੰਬੋਧਤ ਹੁੰਦਾ ਹੈ ਅਤੇ ਸੰਸਾਰ ਵਿਚ ਕਰਮਾਂ ਵਿਚ ਪ੍ਰਵਿਰਤ ਹੁੰਦਾ ਹੈ, ਜਿਨ੍ਹਾਂ ਦੇ ਫਲਸਰੂਪ ਇਹ ਮੁਕਤੀ ਤੇ ਬੰਧਨ ਪ੍ਰਾਪਤ ਕਰਦਾ ਹੈ,
1. ਪ੍ਰਮਾਣ: ਜੋ ਸਪਸ਼ਟ ਦਿਸਦਾ ਹੈ ਜਾਂ ਸਮਝ ਆਉਂਦਾ ਹੈ। ਪ੍ਰਮਾਣ ਤਿੰਨ ਮੰਨੇ ਗਏ ਹਨ-(A) ਪ੍ਰਤੱਖ, ਜੋ ਦਿਸਦਾ ਜਾਂ ਸਪਸ਼ਟ ਸਮਝ ਆਉਂਦਾ ਹੈ; (ਅ) ਅਨੁਮਾਨ, ਜੋ ਹਾਲਤ ਵੇਖ ਕੇ ਅੰਦਾਜ਼ਾ ਲਾਇਆ ਜਾਂਦਾ ਹੈ, ਜਿਵੇਂ ਧਰਤੀ ਗਿੱਲੀ ਹੈ, ਹੋ ਸਕਦਾ ਹੈ, ਬਾਰਿਸ਼ ਪਈ ਹੋਵੇ ਅਤੇ (e) ਸ਼ਬਦ, ਜੋ ਕਿਸੇ ਅਨੁਭਵੀ ਵਿਅਕਤੀ ਦੇ ਵਚਨ ਜਾਂ (ਸ਼ਾਸਤਰ) ਵੇਦ ਦੇ ਸ਼ਬਦਾਂ ਦਾ ਪ੍ਰਮਾਣ।
2. ਵਿਪਰਿਐ: ਅਧੂਰੀ, ਝੂਠੀ ਜਾਂ ਸ਼ੱਕੀ ਜਾਣਕਾਰੀ।
3. ਵਿਕਲਪ: ਕਲਪਨਾ ਜਾਂ ਜ਼ੁਬਾਨੀ ਜਾਣਕਾਰੀ, ਭਾਵੇਂ ਅਫਵਾਹ ਹੀ ਹੋਵੇ।
4. ਨਿੰਦਰਾ: ਨੀਂਦ ਵਿਚ ਜਿਵੇਂ ਕਿ ਕੁਝ ਵੀ ਪਤਾ ਨਹੀਂ ਹੁੰਦਾ, ਜਾਗਣ ਪਿਛੋਂ ਨੀਂਦ ਸਬੰਧੀ ਅਨੁਭਵ ਅਤੇ ਉਸ ਦੀ ਸਮਝ।
5. ਸਿਮ੍ਰਤੀ: ਪਹਿਲੇ ਅਨੁਭਵ ਨੂੰ ਲੋੜ ਪੈਣ ‘ਤੇ ਮੁੜ ਯਾਦ ਕਰ ਲੈਣਾ; ਜਾਂ ਯਾਦ ਆਉਣਾ।
ਚਿੱਤ ਵਿਰਤੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ-ਕਲਿਸ਼ਟ ਵਿਰਤੀਆਂ ਅਤੇ ਅਕਲਿਸ਼ਟ ਵਿਰਤੀਆਂ। ਕਲਿਸ਼ਟ ਤੋਂ ਭਾਵ ਕਸ਼ਟ ਜਾਂ ਮੋਹ ਪੈਦਾ ਕਰਦੀਆਂ ਹਨ, ਬੰਧਨ ਦਾ ਕਾਰਨ ਹਨ। ਜਦੋਂ ਰਜੋਗੁਣ ਅਤੇ ਤਮੋਗੁਣ ਕਾਰਜਸ਼ੀਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਲਿਸ਼ਟ ਵਿਰਤੀਆਂ ਕਿਹਾ ਜਾਂਦਾ ਹੈ। ਇਹ ਪੰਜ ਤਰ੍ਹਾਂ ਦੀਆਂ ਹੁੰਦੀਆਂ ਹਨ,
1. ਅਵਿਦਿਆ: ਅਗਿਆਨ, ਗਲਤ ਸਮਝ ਜਾਂ ਅਧੂਰੀ ਸਮਝ।
2. ਰਾਗ: ਲਗਾਓ ਜਾਂ ਮੋਹ, ਕਿਸੇ ਚੰਗੀ ਲਗਦੀ ਵਸਤੂ ਦੀ ਪ੍ਰਾਪਤੀ ਲਈ ਇੱਛਾ ਅਤੇ ਯਤਨਸ਼ੀਲ ਜਾਂ ਬੇਕਰਾਰ ਹੋ ਜਾਣਾ।
3. ਦਵੈਸ਼: ਵਿਰੋਧ ਜਾਂ ਬੁਰੀ ਲੱਗਣ ਵਾਲੀ ਵਸਤੂ ਜਾਂ ਘਟਨਾ ਤੋਂ ਕ੍ਰੋਧਿਤ ਹੋ ਜਾਣਾ ਅਤੇ ਬਚਣ ਲਈ ਬੇਕਰਾਰ ਹੋ ਜਾਣਾ।
4. ਅਸਮਿੱਤਾ: ਜੀਵ-ਆਤਮਾ ਦਾ ਆਪਣੇ ਆਪ ਨੂੰ ਸਰੀਰ ਸਮਝ ਕੇ ਕਰਮ ਕਰਨਾ।
5. ਅਭਿਨਿਵੇਸ਼: ਜੀਵਨ ਪ੍ਰਤੀ ਮੋਹ ਅਤੇ ਮੌਤ ਦਾ ਡਰ।
ਜਦੋਂ ਸਤੋਗੁਣ ਪ੍ਰਭਾਵੀ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਜਦੋਂ ਜੀਵ ਆਤਮਾ ਧਿਆਨ ਤੇ ਮੁਕਤੀ ਲਈ ਯਤਨਸ਼ੀਲ ਹੁੰਦਾ ਹੈ, ਉਸ ਕਲਿਆਣਕਾਰੀ ਵਿਰਤੀ ਨੂੰ ਅਕਲਿਸ਼ਟ ਵਿਰਤੀ ਕਿਹਾ ਜਾਂਦਾ ਹੈ।
ਚਿੱਤ ਵਿਰਤੀਆਂ ਦਾ ਨਿਰੋਧ ਉਨ੍ਹਾਂ ਨੂੰ ਜ਼ਬਰਦਸਤੀ ਦਬਾਉਣਾ ਨਹੀਂ ਹੈ, ਸਗੋਂ ਉਨ੍ਹਾਂ ਦਾ ਸ਼ਾਂਤ ਹੋ ਜਾਣਾ ਹੀ ਉਨ੍ਹਾਂ ਦਾ ਨਿਰੋਧ ਹੈ। ਇਸ ਅਵਸਥਾ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਯਤਨਾਂ ਨੂੰ ਹੀ ਯੋਗ ਕਿਹਾ ਗਿਆ ਹੈ, ਜਿਸ ਨੂੰ ਅਸ਼ਟਾਂਗ ਯੋਗ ਦਾ ਨਾਂ ਦਿੱਤਾ ਗਿਆ ਹੈ, ਜੋ ਨਿਮਨਲਿਖਤ ਹਨ,
ਯਮ: ਵਿਹਾਰਕ ਕਰਮ ਜਾਂ ਸਮਾਜਕ ਕਰਮ, ਜੋ ਪੰਜ ਹਨ,
1. ਅਹਿੰਸਾ (ਕਿਸੇ ਵੀ ਜੀਵ ਨੂੰ ਸਰੀਰਕ ਅਤੇ ਮਾਨਸਿਕ ਦੁੱਖ ਨਾ ਦੇਣਾ)
2. ਸੱਤਯ (ਸਦਾ ਮਨ ਬਚਨ ਅਤੇ ਕਰਮ ਕਰਕੇ ਸੱਚ ਦਾ ਧਾਰਨੀ ਹੋਣਾ)
3. ਅਸੇਤਿਅ (ਜੋ ਵਸਤੂ ਆਪਣੀ ਨਾ ਹੋਵੇ, ਉਸ ਨੂੰ ਆਪਣਾ ਸਮਝਣਾ ਜਾਂ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ)
4. ਬ੍ਰਹਮਾਚਾਰਿਅ (ਬ੍ਰਹਮ ਜੈਸਾ ਆਚਰਣ, ਸ਼ੁਭ ਕਰਮ ਕਰਨਾ)
5. ਅਪ੍ਰਾਰਿਗ੍ਰਿਹ (ਮਮਤਾ ਅਤੇ ਆਪਣੇਪਨ ਦੀ ਭਾਵਨਾ ਦਾ ਤਿਆਗ)
ਨਿਯਮ: ਸਰੀਰਕ ਅਤੇ ਮਾਨਸਿਕ ਕਰਮ, ਜੋ ਪੰਜ ਤਰ੍ਹਾਂ ਦੇ ਹਨ,
1. ਸ਼ੌਚ (ਸਰੀਰਕ ਅਤੇ ਮਾਨਸਿਕ ਸਫਾਈ)
2. ਸੰਤੋਖ (ਜੋ ਪ੍ਰਾਪਤ ਹੈ, ਉਸ ਤੋਂ ਹੀ ਸੰਤੁਸ਼ਟ ਹੋਣਾ)
3. ਤੱਪ (ਸਰੀਰਕ ਅਤੇ ਮਾਨਸਿਕ ਸ਼ੁੱਧੀ ਲਈ ਯਤਨ ਕਰਨਾ)
4. ਸਵਾਧਿਆਇ (ਹਰ ਵੇਲੇ ਆਪਣੀਆਂ ਵਿਰਤੀਆਂ ਪ੍ਰਤੀ ਸੁਚੇਤ ਰਹਿਣਾ ਅਤੇ ਉਨ੍ਹਾਂ ਦੀ ਸ਼ੁੱਧੀ ਲਈ ਯਤਨ ਕਰਦੇ ਰਹਿਣਾ)
5. ਈਸ਼ਵਰਪ੍ਰਾਣੀਧਾਨ (ਈਸ਼ਵਰ ‘ਤੇ ਭਰੋਸਾ ਰੱਖਣਾ ਤੇ ਉਸ ਅਨੁਸਾਰ ਕਰਮ ਕਰਨਾ)
ਆਸਣ: ਯੋਗ ਸ਼ਾਸਤਰ ਅਨੁਸਾਰ ਸਰੀਰ ਦੀਆਂ ਵੱਖ ਵੱਖ ਅਵਸਥਾਵਾਂ ਨੂੰ ਆਸਣ ਕਿਹਾ ਗਿਆ ਹੈ। ਜਿਸ ਆਸਣ ਵਿਚ ਵਿਅਕਤੀ ਸੁੱਖੀ ਤੇ ਸਹਿਜ ਮਹਿਸੂਸ ਕਰੇ ਅਤੇ ਸਮਝੇ, ਉਸ ਅਵਸਥਾ ਵਿਚ ਸਥਿਰ ਹੋ ਕੇ ਯੋਗ ਦਾ ਅਭਿਆਸ ਕਰੇ। ਇਨ੍ਹਾਂ ਆਸਣਾਂ ਨੂੰ ਹੀ ਯੋਗ ਆਸਣ ਕਹਿੰਦੇ ਹਨ।
ਪ੍ਰਾਣਾਯਾਮ: ਸਵਾਸਾਂ ਨੂੰ ਨਿਯਮਿਤ ਕਰਨਾ। ਸਵਾਸਾਂ ‘ਤੇ ਧਿਆਨ ਰੱਖਦਿਆਂ ਉਨ੍ਹਾਂ ਨੂੰ ਸਥੁਲ ਤੋਂ ਸੂਖਮ ਵੱਲ ਗਤੀਸ਼ੀਲ ਅਤੇ ਨਿਯਮਿਤ ਕਰਨਾ।
ਪ੍ਰਤੀਆਹਾਰ: ਜਿਨ੍ਹਾਂ ਕਾਰਨਾਂ ਕਰਕੇ ਅਕਲਿਸ਼ਟ ਵਿਰਤੀਆਂ ਵਧਦੀਆਂ ਹਨ, ਉਨ੍ਹਾਂ ਨੂੰ ਜਾਣਨਾ ਅਤੇ ਚਿੱਤ ਨੂੰ ਉਨ੍ਹਾਂ ਤੋਂ ਮੋੜਨ ਲਈ ਯਤਨਸ਼ੀਲ ਹੋਣਾ।
ਧਾਰਨਾ: ਸਤੋਗੁਣ ਵਿਰਤੀ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ ਅਤੇ ਸਤੋਗੁਣ ਨੂੰ ਦ੍ਰਿੜਤਾ ਨਾਲ ਧਾਰਨ ਕਰਨਾ।
ਧਿਆਨ: ਆਪਣੇ ਧਿਆਨ ਨੂੰ ਇਕਾਗਰ ਕਰਨ ਦਾ ਯਤਨ ਕਰਨਾ ਅਤੇ ਇਕਾਗਰ ਅਵਸਥਾ ਵਿਚ ਅਡੋਲ ਤੇ ਟਿਕੇ ਰਹਿਣਾ।
ਸਮਾਧੀ: ਧਿਆਨ ਦੀ ਪਰਪੱਕ ਅਵਸਥਾ, ਜਿੱਥੇ ਚਿੱਤ ਦੀਆਂ ਸਾਰੀਆਂ ਵਿਰਤੀਆਂ (ਕਲਿਸ਼ਟ ਤੇ ਅਕਲਿਸ਼ਟ) ਸ਼ਾਂਤ ਹੋ ਜਾਂਦੀਆਂ ਹਨ, ਉਸ ਅਵਸਥਾ ਨੂੰ ਸਮਾਧੀ ਦੀ ਅਵਸਥਾ ਕਿਹਾ ਗਿਆ ਹੈ, ਜੋ ਦੋ ਕਿਸਮ ਦੀਆਂ ਹਨ-ਸਵਿਕਲਪ ਸਮਾਧੀ ਤੇ ਨਿਰਵਿਕਲਪ ਸਮਾਧੀ।
ਸਵਿਕਲਪ ਸਮਾਧੀ ਉਹ ਅਵਸਥਾ ਹੈ, ਜਿੱਥੇ ਸਾਰੀਆਂ ਚਿੱਤ ਵਿਰਤੀਆਂ ਸ਼ਾਂਤ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਜਾਣਨ ਵਾਲਾ ਵੱਖ ਹੁੰਦਾ ਹੈ, ਭਾਵ ਗਿਆਨ ਅਤੇ ਗਿਆਤਾ ਦੋ ਹੁੰਦੇ ਹਨ। ਇਸ ਨੂੰ ਸਬੀਜ ਸਮਾਧੀ ਵੀ ਕਿਹਾ ਗਿਆ ਹੈ, ਜਿੱਥੇ ਅਗਲੇ ਜਨਮ ਦੀ ਸੰਭਾਵਨਾ ਹੈ।
ਨਿਰਵਿਕਲਪ ਸਮਾਧੀ ਉਹ ਅਵਸਥਾ ਹੈ, ਜਿੱਥੇ ਸਿਰਫ ਜੀਵ ਆਤਮਾ ਹੀ ਬਾਕੀ ਰਹਿ ਜਾਂਦੀ ਹੈ, ਬਾਕੀ ਸਭ ਕੁਝ ਪਿੱਛੇ ਛੁਟ ਜਾਂਦਾ ਹੈ। ਇਸ ਨੂੰ ਨਿਰਬੀਜ ਸਮਾਧੀ ਵੀ ਕਿਹਾ ਗਿਆ ਹੈ। ਇੱਥੇ ਜਨਮ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ।
ਕੈਵਲਿਆ: ਇਸ ਅਵਸਥਾ ਨੂੰ ਹੀ ਯੋਗ ਸ਼ਾਸਤਰ ਨੇ ਮੋਕਸ਼, ਮੁਕਤੀ ਅਤੇ ਕੈਵਲਿਆ ਅਵਸਥਾ ਕਿਹਾ ਹੈ, ਇਹ ਉਹ ਅਵਸਥਾ ਹੈ, ਜਿੱਥੇ ਜੀਵ ਆਤਮਾ, ਜੋ ਚੇਤੰਨ, ਨਿਰਗੁਣ ਅਤੇ ਨਿਹਚੱਲ ਹੈ, ਆਪਣੇ ਨਿੱਜ ਸਰੂਪ ਵਿਚ ਸਥਿਤ ਹੋ ਜਾਂਦਾ ਹੈ ਅਤੇ ਪ੍ਰਕਿਰਤੀ ਤੇ ਉਸ ਦੀ ਰਚਨਾ ਸਰੀਰ ਵੱਖਰਾ ਹੋ ਜਾਂਦਾ ਹੈ, ਆਪਣੇ ਆਪ ਨੂੰ ਜਾਣ ਤੇ ਪ੍ਰਗਟ ਕਰ ਲੈਂਦਾ ਹੈ। ਇਸ ਪਿਛੋਂ ਫਿਰ ਅਗਲੇ ਜਨਮ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਪੁਰਸ਼ ਅਤੇ ਪ੍ਰਕਿਰਤੀ ਦਾ ਸੰਯੋਗ ਹੀ ਸੰਸਾਰ ਦਾ ਕਾਰਨ ਹੈ। ਪੁਰਸ਼ ਦਾ ਪ੍ਰਕਿਰਤੀ ਤੋਂ ਵੱਖਰਾ ਹੋਣਾ ਹੀ ਮੋਕਸ਼, ਮੁਕਤੀ ਅਤੇ ਕੈਵਲਿਆ ਹੈ। ਇਹ ਸਾਂਖਿਆ ਤੇ ਯੋਗ-ਦੋਹਾਂ ਦਾ ਸਾਂਝਾ ਵਿਸ਼ਾ ਹੈ ਅਤੇ ਅੰਤਿਮ ਟੀਚਾ ਹੈ।