ਕਰੋਨਾ ਇਕਾਂਤਵਾਸ-ਉਚਾ ਮਨੋਬਲ ਸਹਾਈ ਹੋ ਸਕਦਾ

ਰਵਿੰਦਰ ਚੋਟ
ਫੋਨ: 91-98726-73703
ਸਾਡੇ ਘਰਾਂ ਵਿਚ ਡਰ, ਚੁੱਪ ਅਤੇ ਸੱਨਾਟਾ ਹੈ, ਜਿਵੇਂ ਘੁੱਪ ਰਾਤ ਸਮੇਂ ਜੰਗਲ ਵਿਚ ਪਹੁੰਚ ਗਏ ਹੋਈਏ। ਜਦੋਂ ਦੇ ਅਸੀਂ ਅੰਦਰ ਬੰਦ ਹੋਏ ਹਾਂ, ਬਾਹਰ ਪਾਰਕਾਂ ਵਿਚ ਚਿੜੀਆਂ ਦੀ ਚੀਂ ਚੀਂ ਤੇ ਪੰਛੀਆਂ ਦੀ ਚਹਿਚਹਾਟ ਵਾਪਿਸ ਆ ਗਈ ਹੈ। ਅਸਮਾਨ ਪਹਿਲਾਂ ਨਾਲੋਂ ਵੱਧ ਨੀਲਾ ਦਿਸ ਰਿਹਾ ਹੈ, ਜਿਵੇਂ ਉਸ ਨੂੰ ਵੀ ਕੁੱਝ ਸਮੇਂ ਲਈ ਗੱਡੀਆਂ, ਫੈਕਟਰੀਆਂ ਦੇ ਧੂੰਏ ਤੋਂ ਨਿਜ਼ਾਤ ਮਿਲ ਗਈ ਹੋਵੇ। ਹੁਣ ਪਹਾੜ ਪੰਜਾਬ ਦੇ ਸ਼ਹਿਰਾਂ ਤੋਂ ਦੇਖੇ ਜਾ ਸਕਦੇ ਹਨ। ਰੁੱਖਾਂ ਨੇ ਆਪਣੇ ਪੀਲੇ ਪੱਤੇ ਝਾੜ ਕੇ ਧਰਤੀ ਦੀ ਹਿੱਕ ‘ਤੇ ਵਿਛਾ ਦਿਤੇ ਹਨ, ਜਿਵੇਂ ਮਨੁੱਖ ਵਲੋਂ ਹੋਈ ਧਰਤੀ ਦੀ ਬੇਪਤੀ ਨੂੰ ਢਕ ਲੈਣਾ ਚਾਹੁੰਦੇ ਹੋਣ।

ਦੁੱਖ ਇਹ ਹੈ ਕਿ ਅਸੀਂ ਇਕ ਭਿਆਨਕ ਬੀਮਾਰੀ ਦੇ ਡਰ ਤੋਂ ਬਾਹਰਲੀ ਦੁਨੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੋਂ ਟੁੱਟ ਕੇ ਅੰਦਰ ਚਾਰ ਦੀਵਾਰੀ ਵਿਚ ਸਿਮਟੇ ਬੈਠੇ ਹਾਂ। ਭਾਵੇਂ ਇਸ ਬੀਮਾਰੀ, ਜੋ 200 ਦੇਸ਼ਾਂ ਵਿਚ ਆਪਣੀ ਖੂਨੀ ਦਸਤਕ ਦੇ ਚੁਕੀ ਹੈ, ਦੀ ਭਿਆਨਕਤਾ ਦਾ ਖਤਰਨਾਕ ਪੱਖ ਦੇਖਦਿਆਂ ਸਾਡੇ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਜਰੂਰੀ ਹੈ, ਪਰ ਇਸ ਦਾ ਦੂਜਾ ਪੱਖ, ਜੋ ਮਨੁੱਖ ਦੇ ਲੰਮੇ ਸਮੇਂ ਲਈ ਇਕੱਲ ਜਾਂ ਇਕਾਂਤਵਾਸ ਨਾਲ ਸਬੰਧਤ ਹੈ, ਮਾਨਸਿਕ ਸਿਹਤ ਲਈ ਚੰਗਾ ਨਹੀਂ ਹੈ, ਕਿਉਂਕਿ ਮਨੁੱਖ ਇਕ ਸਮਾਜਕ ਜੀਵ ਹੈ। ਮਾਮੂਲੀ ਖੰਘ ਹੋਣ ‘ਤੇ ਹੀ ਕਈ ਲੋਕਾਂ ਦੇ ਕਰੋਨਾ ਦੇ ਡਰ ਕਰਕੇ ਖੁਦਕੁਸ਼ੀ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ, ਜਦੋਂ ਕਿ ਉਨ੍ਹਾਂ ਨੂੰ ਕਰੋਨਾ ਅਜੇ ਸਾਬਤ ਨਹੀਂ ਸੀ ਹੋਇਆ। ਲੋਕ ਇਸ ਬੀਮਾਰੀ ਨਾਲ ਮਰੇ ਆਪਣੇ ਮਾਂ-ਪਿਓ ਦੀਆਂ ਲਾਸਾਂ ਲੈਣ ਤੋਂ ਇਨਕਾਰ ਕਰ ਰਹੇ ਹਨ। ਡਰ ਨੇ ਮਨੁੱਖਤਾ ਨੂੰ ਗਹਿਰੀ ਸੱਟ ਮਾਰੀ ਹੈ। ਇਹ ਹਾਲਤ ਬਜੁਰਗਾਂ ਅਤੇ ਬੱਚਿਆਂ ਲਈ ਬਹੁਤ ਖਤਰਨਾਕ ਹੈ।
ਇਕਾਂਤਵਾਸ ਵਿਚ ਵੀ ਸਾਰੇ ਲੋਕ ਕਰੋਨਾ ਵਇਰਸ ਦੇ ਫੈਲਾਓ ਬਾਰੇ ਸੋਚ ਕੇ ਖੌਫਜ਼ਦਾ ਹਨ। ਗਰੀਬ ਲੋਕਾਂ ਵਿਚ ਰੋਟੀ ਤੇ ਖਾਧ ਪਦਾਰਥਾਂ ਦੀ ਕਮੀ ਹੋਣ ਦਾ ਡਰ ਅਤੇ ਚਿੰਤਾ ਹੋ ਰਹੀ ਹੈ, ਭਾਵੇਂ ਸਰਕਾਰਾਂ, ਐਨ. ਜੀ. ਓ. ਅਤੇ ਭਾਈਚਾਰਕ ਜਥੇਬੰਦੀਆਂ ਇਸ ਕਮੀ ਨੂੰ ਪੂਰਾ ਕਰਨ ਲਈ ਬਣਦਾ ਜ਼ੋਰ ਲਾ ਰਹੀਆਂ ਹਨ, ਪਰ ਫਿਰ ਵੀ ਅਦਿਖ ਸਹਿਮ ਪਰਵਾਸੀਆਂ ਨੂੰ ਆਪਣੇ ਆਲਣੇ ਛੱਡ ਕੇ ਸੜਕਾਂ ‘ਤੇ ਆਉਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਬੀਮਾਰੀ ਦਾ ਡਰ ਬੀਮਾਰੀ ਨਾਲੋਂ ਵੀ ਖਤਰਨਾਕ ਹੁੰਦਾ ਜਾ ਰਿਹਾ ਹੈ। ਇਸ ਬੀਮਾਰੀ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ, ਜੋ ਘਰਾਂ ਵਿਚ ਕੰਮ ਕਰ ਰਹੇ ਹਨ, ਲੋਕ ਡਰ ਕਾਰਨ ਬੇਵਜ੍ਹਾ ਉਨ੍ਹਾਂ ਨਾਲ ਦੁਰ ਵਿਹਾਰ ਕਰ ਰਹੇ ਹਨ। ਹਵਾਈ ਜਹਾਜਾਂ ਵਿਚ ਕੰਮ ਕਰ ਰਹੇ ਅਮਲੇ ਨਾਲ ਵੀ ਇੰਜ ਹੀ ਵਾਪਰ ਰਿਹਾ ਹੈ, ਉਨ੍ਹਾਂ ਨੂੰ ਘਰੋਂ ਕੱਢਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਸਭ ਲੋਕਾਂ ਦੇ ਜ਼ਿਹਨ ਵਿਚ ਬੈਠੇ ਡਰ ਕਾਰਨ ਹੋ ਰਿਹਾ ਹੈ। ਉਹ ਸੋਚਣ ਲੱਗ ਪਏ ਹਨ, ‘ਆਪ ਮੋਏ ਜਗ ਪਰਲੋ।’
ਪੱਛਮੀ ਬੰਗਾਲ ਦੇ ਪੁਰੂਲੀਆ ਜਿਲ੍ਹੇ ਬਲਰਾਮਪੁਰ ਵਿਚ ਪਿੰਡ ਦੇ ਲੋਕਾਂ ਨੇ ਹੋਰ ਰਾਜਾਂ ਤੋਂ ਮੁੜ ਕੇ ਗਏ ਮਜ਼ਦੂਰਾਂ ਨੂੰ ਰੁੱਖਾਂ ‘ਤੇ ਘਰ ਬਣਾ ਕੇ ਚੌਦਾਂ ਦਿਨ ਕੱਟਣ ਲਈ ਮਜ਼ਬੂਰ ਕੀਤਾ ਹੈ। ਇਹ ਗੱਲ ਇਸੇ ਤਰ੍ਹਾਂ ਵਧਦੀ ਗਈ ਤਾਂ ਸਮੁੱਚਾ ਸਮਾਜ ਸਨਕੀ ਤਬੀਅਤ ਵਾਲਾ ਹੋਣ ਦਾ ਡਰ ਹੈ। ਸਮਾਜਕ ਡਰ ਜਾਂ ਚਿੰਤਾ ਆਪਣੇ ਆਪ ਵਿਚ ਗਭੀਰ ਰੋਗ ਹਨ, ਕਰੋਨਾ ਵਾਇਰਸ ਨੇ ਇਥੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਦੋਂ ਬੰਦਾ ਜਾਂ ਸਮਾਜ ਚਿੰਤਾ ਰੋਗ ਦਾ ਸ਼ਿਕਾਰ ਹੁੰਦਾ ਹੈ ਤਾਂ ਕਈ ਵਾਰੀ ਬਿਨਾ ਕਾਰਨ ਹੀ ਘੋਰ ਨਿਰਾਸ਼ਾ ਵਿਚ ਚਲੇ ਜਾਂਦਾ ਹੈ। ਬੱਚਿਆਂ ਵਿਚ ਇਸ ਦਾ ਡਰ ਵੱਧ ਹੁੰਦਾ ਹੈ। ਬਜੁਰਗਾਂ ਲਈ ਇਹ ਮਾਨਸਿਕ ਦਬਾਓ ਦਾ ਸਮਾਂ ਹੁੰਦਾ ਹੈ। ਉਹ ਸਰੀਰਕ ਤੌਰ ‘ਤੇ ਵੀ ਠੀਕ ਨਹੀਂ ਰਹਿੰਦੇ, ਉਨ੍ਹਾਂ ਦਾ ਇਮਿਊਨ ਸਿਸਟਿਮ ਪਹਿਲਾਂ ਹੀ ਕਮਜ਼ੋਰ ਹੁੰਦਾ ਹੈ।
ਪੰਜਾਬ ਵਿਚ, ਖਾਸ ਕਰਕੇ ਦੁਆਬੇ ਵਿਚ ਬਾਹਰਲੇ ਦੇਸ਼ਾਂ ਵਿਚ ਜਾਣ ਦਾ ਰੁਝਾਨ ਅੰਗਰੇਜ਼ਾਂ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ। ਇਸ ਵੇਲੇ 60-70 ਪ੍ਰਤੀਸ਼ਤ ਘਰਾਂ ਵਿਚ ਬਜੁਰਗ ਮੀਆਂ-ਬੀਬੀ ਹੀ ਹਨ ਜਾਂ ਕਈ ਥਾਂਵਾਂ ‘ਤੇ ਇਕੱਲੇ ਇਕੱਲੇ ਹੀ ਹਨ। ਹੁਣ ਉਹ ਬਾਹਰਲੇ ਸਮਾਜ ਨਾਲੋਂ ਬਿਲਕੁਲ ਟੁੱਟੇ ਬੈਠੇ ਹਨ। ਵਿਦੇਸ਼ਾਂ ‘ਚ ਬੈਠੇ ਬੱਚਿਆਂ ਦੀ ਕੁਸ਼ਲਤਾ ਬਾਰੇ ਸੋਚ ਸੋਚ ਕੇ ਉਹ ਨਿਰਾਸ਼ਾ ਵੱਲ ਜਾ ਰਹੇ ਹਨ। ਉਨ੍ਹਾਂ ਦੇ ਸੁਪਨੇ ਮਰ ਰਹੇ ਹਨ-‘ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ।’ ਫਿਰ ਉਨ੍ਹਾਂ ਨੂੰ ਨਾਂਹਪੱਖੀ ਵਿਚਾਰ ਘੇਰਨ ਲਗਦੇ ਹਨ।
ਕਰੋਨਾ ਵਾਇਰਸ ਕੁਝ ਦੇਰ ਬਾਅਦ ਖਤਮ ਹੋ ਜਾਵੇਗਾ, ਪਰ ਇਹ ਸਮਾਜ ਦੀ ਆਤਮਾ ‘ਤੇ ਆਪਣੇ ਦਾਗ ਛੱਡ ਜਾਵੇ, ਜੋ ਲੰਮਾ ਸਮਾਂ ਇਸ ਨੂੰ ਕੁਰੇਦਦੇ ਰਹਿਣਗੇ। ਉਹ ਲੋਕ, ਜੋ ਇਸ ਬੀਮਾਰੀ ਤੋਂ ਪੀੜਤ ਰਹੇ ਹਨ ਤੇ ਇਲਾਜ ਪਿਛੋਂ ਹੁਣ ਉਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ ਜਾਂ ਉਹ ਲੋਕ, ਜੋ ਸ਼ੱਕ ਕਾਰਨ ਇਕਾਂਤਵਾਸ ਵਿਚ ਰਹਿ ਕੇ ਆਏ ਹਨ, ਉਹ ਮਾਨਸਿਕ ਤੌਰ ‘ਤੇ ਥੋੜਾ ਉਖੜ ਜਾਂਦੇ ਹਨ। ਉਨ੍ਹਾਂ ਦੇ ਮਨ ਵਿਚ ਡਰ, ਉਦਾਸੀ ਤੇ ਗੁੱਸੇ ਦੇ ਭਾਵ ਪੈਦਾ ਹੋ ਜਾਂਦੇ ਹਨ। ਇਸ ਸਬੰਧੀ ਕੁਝ ਮਨੋਵਿਗਿਆਨੀਆਂ ਦੀਆਂ ਰਾਵਾਂ ਤੇ ਸੁਝਾਓ ਵਾਚਣਯੋਗ ਹਨ।
ਬਰਮਿੰਘਮ ਯੁੰਗ ਯੂਨੀਵਰਸਿਟੀ ਦੇ ਸਾਇਕਾਲੋਜੀ ਅਤੇ ਨਿਊਰੋ ਸਾਇੰਸ ਦੇ ਪ੍ਰੋਫੈਸਰ-ਜੁਲੀਅਨ ਹੋਲਟ ਅਤੇ ਲੰਸਟਿਡ ਨੇ ਲਿਖਿਆ ਹੈ ਕਿ ਸਮਾਜ ਤੋਂ ਕਟੇ ਰਹਿਣਾ ਉਨਾ ਹੀ ਖਤਰਨਾਕ ਹੈ, ਜਿੰਨਾ ਹਰ ਰੋਜ਼ ਪੰਦਰਾਂ ਸਿਗਾਰ ਪੀਣ ਜਾਂ ਅਲਕੋਹਲ ਪੀ ਪੀ ਕੇ ਅਲਕੋਹਲਿਕ ਹੋ ਜਾਣਾ। ਇਹ ਗੱਲ ਮਾਨਸਿਕ ਸਿਹਤ ਲਈ ਘਾਤਕ ਹੈ। ਇਹ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾਉਂਦਾ ਹੈ ਅਤੇ ਜਿੰਦਗੀ ਨੂੰ ਛੋਟਾ ਕਰਦੀ ਹੈ। ਸਮਾਜਕ ਮੇਲ-ਜੋਲ ਮਨੁੱਖ ਦੇ ਜਿਉਂਦਾ ਰਹਿਣ ਲਈ ਜਰੂਰੀ ਹੈ। ਇਸੇ ਤਰ੍ਹਾਂ ਯਾਰਕ ਯੂਨੀਵਰਸਿਟੀ ਕੈਨੇਡਾ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਅਮੀ ਰੋਕਸ ਨੇ ਆਖਿਆ ਹੈ ਕਿ ਸਮਾਜਕ ਇਕੱਲ ਜੇ ਲੰਮੇ ਸਮੇਂ ਲਈ ਹੋਵੇ ਤਾਂ ਇਹ ਮਨ ਨੂੰ ਅੰਦਰੋਂ ਢਾਹ ਲਾਉਂਦੀ ਹੈ, ਮਨ ਨੂੰ ਬੇਚੈਨ ਕਰਦੀ ਹੈ। ਇਹ ਹੋਰ ਵੀ ਦੁੱਖਦਾਈ ਹੋ ਜਾਂਦੀ ਹੈ, ਜੇ ਮਨੁੱਖ ਕੋਲ ਜ਼ਜਬਾਤੀ ਸਾਥ, ਮਾਨਸਿਕ ਸਥਿਰਤਾ, ਸਮਾਜਕ ਦਾਇਰੇ ਅਤੇ ਆਰਥਕ ਸਾਧਨਾਂ ਦੀ ਘਾਟ ਹੋਵੇ।
ਸ਼ਿਕਾਗੋ ਯੂਨੀਵਰਸਿਟੀ ਦੇ ਮਨੋਵਿਗਿਆਨੀ ਲੁਈਸ ਹਾਕਲੇ ਨੇ ਕਿਹਾ ਹੈ ਕਿ ਲੰਮੇ ਸਮੇਂ ਦੇ ਇਕਾਂਤ ਵਿਚ ਲੋਕ ਅੰਦਰੋਂ ਖਾਲੀ ਮਹਿਸੂਸ ਕਰਨ ਲੱਗ ਪੈਂਦੇ ਹਨ। ਬਾਅਦ ਵਿਚ ਉਹ ਲੋਕਾਂ ਨੂੰ ਮਿਲਣ ‘ਤੇ ਜਾਂ ਇਕੱਠ ਵਿਚ ਵੀ ਇਕੱਲ ਮਹਿਸੂਸ ਕਰਨ ਲੱਗਦੇ ਹਨ ਤੇ ਉਹ ਉਦਾਸੀ ਰੋਗ (Aਨਣਇਟੇ ਦਸੋਰਦeਰ) ਵੱਲ ਵਧਦੇ ਹਨ। ਉਨ੍ਹਾਂ ਨੂੰ ਉਨੀਂਦਰਾਂ ਅਤੇ ਡਿਪਰੈਸ਼ਨ ਘੇਰ ਲੈਂਦੇ ਹਨ। ਰੋਗਾਂ ਨਾਲ ਲੜਨ ਦੀ ਉਨ੍ਹਾਂ ਦੀ ਸ਼ਕਤੀ, ਪੜ੍ਹਨ-ਲਿਖਣ ਦੀ ਸ਼ਕਤੀ ਅਤੇ ਦਿਲ ਦੀ ਕਾਰਜ ਪ੍ਰਣਾਲੀ ਦੀ ਸ਼ਕਤੀ ਵੀ ਘੱਟ ਜਾਂਦੀ ਹੈ।
ਨਿਊ ਕੇਸਲ ਯੂਨੀਵਰਸਿਟੀ ਦੇ ਮਨੋਵਿਗਿਆਨੀ ਨਿਕੋਲ ਵਲਤੇਰਾ ਅਨੁਸਾਰ ਘੋਰ ਇਕੱਲ ਵਿਚ ਮੈਂਟਲ ਸਟਰੋਕ ਅਤੇ ਦਿਲ ਦੀਆਂ ਬੀਮਾਰੀਆਂ ਦੇ 30% ਮੌਕੇ ਵੱਧ ਜਾਂਦੇ ਹਨ। ਇਸ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਵਿਹਾਰ ਵਿਚ ਬਦਲਾਓ ਆਉਂਦੇ ਹਨ, ਜਿਨ੍ਹਾਂ ਨਾਲ ਸਟਰੈਸ ਵੱਧਦਾ ਹੈ ਅਤੇ ਨੀਂਦ ਘਟ ਜਾਂਦੀ ਹੈ। ਜਦੋਂ ਅਸੀਂ ਘੋਰ ਚਿੰਤਾ ਅਤੇ ਉਦਾਸੀ ਵਿਚ ਹੁੰਦੇ ਹਾਂ ਜਾਂ ਜੇ ਕੋਈ ਕੰਮ ਡਰ ਵਿਚ ਵਾਰ ਵਾਰ ਦੁਹਰਾਉਂਦੇ ਹਾਂ ਤਾਂ ਉਹ ਸਾਡੇ ਅਰਧਚੇਤਨ ਮਨ ਦਾ ਹਿੱਸਾ ਬਣ ਜਾਂਦਾ ਹੈ। ਜਿਵੇਂ ਅਸੀ ਕਰੋਨਾ ਵਾਇਰਸ ਤੋਂ ਡਰਦੇ ਵਾਰ ਵਾਰ ਹੱਥ ਸਾਫ ਕਰਦੇ ਹਾਂ ਤਾਂ ਕਈ ਵਾਰੀ ਇਹ ਕਮਜ਼ੋਰ ਮਨ ਵਾਲਿਆਂ ਲਈ ਮਾਨਸਿਕ ਦੁਹਰਾਓ ਰੋਗ (ੌਬਸeਸਸਵਿe-ਛੋਮਪੁਲਸਵਿe ਦਸੋਰਦeਰ) ਵਿਚ ਬਦਲ ਸਕਦਾ ਹੈ, ਪਰ ਇਹ ਗੱਲ ਬਹੁਤ ਹੀ ਘੱਟ ਲੋਕਾਂ ਵਿਚ ਵਾਪਰਦੀ ਹੈ।
ਇਸੇ ਸਬੰਧ ਵਿਚ ਰੂਸ ਦੇ ਮਹਾਨ ਲੇਖਕ ਟਾਲਸਟਾਏ ਦੀ ਕਹਾਣੀ ‘ਸ਼ਰਤ’ ਦਾ ਪ੍ਰਸੰਗ ਵੀ ਦੇਖਿਆ ਜਾ ਸਕਦਾ ਹੈ। ਇਸ ਕਹਾਣੀ ਵਿਚ ਦੋ ਦੋਸਤ ਸ਼ਰਤ ਲਾਉਂਦੇ ਹਨ ਕਿ ਜੇ ਉਨ੍ਹਾਂ ਵਿਚੋਂ ਇਕ ਪੂਰੇ ਮਹੀਨੇ ਲਈ ਇਕਾਂਤ ਵਿਚ ਦੂਰ-ਦੁਰਾਡੇ ਵੱਖਰੇ ਘਰ ਵਿਚ ਰਹੇਗਾ ਤਾਂ ਉਹਨੂੰ ਭਾਰੀ ਰਕਮ ਇਨਾਮ ਵਜੋਂ ਦੂਜਾ ਦੋਸਤ ਦੇਵੇਗਾ। ਉਨ੍ਹਾਂ ਵਿਚੋਂ ਇਕ ਦੋਸਤ ਸ਼ਰਤ ਮੰਨ ਕੇ ਇਕਾਂਤ ਘਰ ਵਿਚ ਚਲਾ ਗਿਆ। ਉਸ ਨੂੰ ਖਾਣ-ਪੀਣ ਦਾ ਪੂਰਾ ਸਮਾਨ ਦੇ ਦਿੱਤਾ ਗਿਆ। ਉਸ ਨੂੰ ਆਖਿਆ ਗਿਆ ਕਿ ਜਦੋਂ ਉਹ ਠੀਕ ਮਹਿਸੂਸ ਨਾ ਕਰੇ ਤਾਂ ਘੰਟੀ ਵਜਾ ਦੇਵੇ ਤਾਂ ਉਸ ਨੂੰ ਉਥੋਂ ਕੱਢ ਲਿਆ ਜਾਵੇਗਾ। ਕੁਝ ਦਿਨ ਉਹ ਕਿਤਾਬਾਂ ਪੜ੍ਹਨ ਵਿਚ ਖੁਸ਼ ਰਿਹਾ, ਪਰ ਫਿਰ ਉਸ ਦਾ ਦਿਲ ਉਚਾਟ ਹੋਣ ਲੱਗਾ। ਕੁਝ ਹੋਰ ਦਿਨ ਬੀਤਣ ‘ਤੇ ਇਕੱਲ ਉਸ ਨੂੰ ਖਾਣ ਲੱਗੀ, ਉਹ ਚੀਕਣ ਲੱਗਾ, ਆਪਣੇ ਵਾਲ ਪੁੱਟਣ ਲੱਗਾ, ਹਵਾ ਨੂੰ ਗਾਲਾਂ ਕੱਢਣ ਲੱਗਾ, ਪਰ ਕੁਝ ਦਿਨਾਂ ਪਿਛੋਂ ਉਹ ਸਾਂਤ ਹੋਣ ਲੱਗਾ ਤੇ ਆਪਣੇ ਆਪ ਨੂੰ ਉਨ੍ਹਾਂ ਹਾਲਾਤ ਮੁਤਾਬਕ ਢਾਲਣ ਲੱਗਾ। ਸਮਾਂ ਪੂਰਾ ਹੋਣ ਤੋਂ ਦੋ ਦਿਨ ਪਹਿਲਾਂ ਹੀ ਉਹ ਉਥੋਂ ਆਪਣੇ ਦੋਸਤ ਲਈ ਇਕ ਪੱਤਰ ਲਿਖ ਕੇ ਭੱਜ ਗਿਆ। ਉਸ ਨੇ ਲਿਖਿਆ ਸੀ ਕਿ ਮਨੁੱਖ ਦੀਆਂ ਲੋੜਾਂ ਜਿੰਨੀਆਂ ਘੱਟਦੀਆਂ ਜਾਂਦੀਆਂ ਹਨ, ਉਸ ਨੂੰ ਉਨੀ ਜ਼ਿਆਦਾ ਸਾਂਤੀ ਅਤੇ ਖੁਸ਼ੀ ਪ੍ਰਾਪਤ ਹੁੰਦੀ ਹੈ। ਉਹ ਆਪਣੇ ਦੋਸਤ ਨੂੰ ਸ਼ਰਤ ਤੋਂ ਵੀ ਬਰੀ ਕਰ ਜਾਂਦਾ ਹੈ।
ਹੁਣ ਅਸੀਂ ਸ਼ਾਇਦ ਇਸੇ ਹਾਲਤ ਵਿਚੋਂ ਗੁਜ਼ਰ ਰਹੇ ਹਾਂ। ਸਾਨੂੰ ਮੀਡੀਆ ‘ਤੇ ਆ ਰਹੀਆਂ ਕਰੋਨਾ ਬਾਰੇ ਗਲਤ ਅਤੇ ਡਰਾਉਣੀਆਂ ਪੋਸਟਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਪੌਸ਼ਟਿਕ ਖੁਰਾਕ ਲੈਣੀ, ਲਗਾਤਾਰ ਕਸਰਤ ਕਰਨੀ ਅਤੇ ਪੂਰੀ ਨੀਂਦ ਲੈਣ ਨਾਲ ਅਸੀਂ ਬੀਮਾਰੀ ਨੂੰ ਕੁਝ ਹੱਦ ਤਕ ਦੂਰ ਰੱਖ ਸਕਦੇ ਹਾਂ। ਇਸ ਸਮੇਂ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ, ਕਿਉਂਕਿ ਇਹ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਘਟਾਉਂਦੇ ਹਨ। ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ। ਅਸੀਂ ਵੀ ਇਕਾਂਤ ਦੇ ਨਾਲ ਇਕ ਮਿਕ ਹੁੰਦੇ ਜਾ ਰਹੇ ਹਾਂ, ਪਰ ਇਸ ਨਾਲ ਇਹ ਵੀ ਸ਼ਰਤ ਹੈ ਕਿ ਹਰ ਪ੍ਰਾਣੀ ਦੀਆਂ ਖਾਣ ਪੀਣ ਦੀਆਂ ਅਤੇ ਹੋਰ ਜਰੂਰੀ ਲੋੜਾਂ ਪੂਰੀਆਂ ਹੁੰਦੀਆਂ ਰਹਿਣ, ਫਿਰ ਇਹ ਸੰਕਟ ਦੀਆਂ ਘੜੀਆਂ ਸੌਖੀਆਂ ਕੱਟੀਆਂ ਜਾਣਗੀਆਂ, ਕਿਉਂਕਿ ਲੋਕ ਆਪਣੀਆਂ ਜਰੂਰੀ ਲੋੜਾਂ ਲਈ ਇਕੱਠੇ ਨਹੀਂ ਹੋਣਗੇ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰਾ ਪਾਲਣ ਕਰਨ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਆਮ ਲੋਕਾਂ ਵਿਚ ਪੈਦਾ ਹੋ ਰਹੇ ਮਾਨਸਿਕ ਵਿਕਾਰਾਂ ਵੱਲ ਵੀ ਧਿਆਨ ਦੇਣ, ਇਹ ਵੀ ਆਫਤ ਬਣ ਸਕਦੇ ਹਨ।