ਮਹਾਮਾਰੀ ਕਿ ਕੁਦਰਤ ਦਾ ਨਿਆਂ!

ਰਸ਼ਪਿੰਦਰ ਸਰੋਏ, ਬਰੇਟਾ
ਫੋਨ: 91-98154-28027
ਅੱਜ ਕੱਲ੍ਹ ਕੁਦਰਤ ਪੂਰੇ ਜੋਬਨ ‘ਤੇ ਹੈ। ਸਵੇਰੇ ਉਠਦਿਆਂ ਹੀ ਸਾਨੂੰ ਪੰਛੀਆਂ ਦੀ ਚਹਿਚਹਾਟ ਤੇ ਮਿੱਠੇ-ਸੁਰੀਲੇ ਗੀਤ ਸੁਣਾਈ ਦਿੰਦੇ ਹਨ, ਜੋ ਪਹਿਲਾਂ ਸ਼ੋਰ ਪ੍ਰਦੂਸ਼ਣ ਤੇ ਸਾਡੀ ਪੂਰਨ ਤੌਰ ‘ਤੇ ਵਿਆਸਥ ਜ਼ਿੰਦਗੀ ਦੀ ਇਸ ਗਹਿਮਾ-ਗਹਿਮੀ ਅੰਦਰ ਕਿੱਧਰੇ ਅਲੋਪ ਹੋ ਗਏ ਸਨ। ਹਰ ਤਰ੍ਹਾਂ ਦੀ ਆਵਾਜਾਈ ਬੰਦ ਹੋ ਜਾਣ ਕਾਰਨ ਹਵਾ ਵਿਚ ਤਾਜ਼ਗੀ ਆਉਣੀ ਸ਼ੁਰੂ ਹੋ ਚੁਕੀ ਹੈ। ਨਹਿਰਾਂ, ਤਲਾਬਾਂ, ਨਦੀਆਂ ਵਿਚਲੇ ਦੂਸ਼ਿਤ ਹੋ ਰਹੇ ਪਾਣੀ ਕਾਫੀ ਮਾਤਰਾ ਵਿਚ ਸ਼ੁੱਧ ਤੇ ਜਲ-ਜੀਵਾਂ ਦੇ ਰਹਿਣ ਲਈ ਯੋਗ ਹੁੰਦੇ ਜਾ ਰਹੇ ਹਨ।

ਆਵਾਜਾਈ ਦੁਰਘਟਨਾ ਦੌਰਾਨ ਹੁੰਦੀ ਜਾਨਵਾਰਾਂ ਦੀ ਮੌਤ ਦੀ ਦਰ ਵਿਚ ਭਾਰੀ ਗਿਰਾਵਟ ਆਈ ਹੈ।
ਜ਼ਿੰਦਗੀ ਇੱਕ ਚੱਕਰ ਵਾਂਗ ਚੱਲਦੀ ਹੈ। ਇਹ ਮੰਨਿਆ ਗਿਆ ਹੈ ਕਿ ਜਿਸ ਤਰ੍ਹਾਂ ਕੁਝ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਸਾਡੇ ਸਰੀਰ ਵਿਚ ਕੁਦਰਤ ਨੇ ਪਹਿਲਾਂ ਤੋਂ ਪਾਈ ਹੈ, ਉਸੇ ਤਰ੍ਹਾਂ ਕੁਦਰਤ ਵਿਚ ਵੀ ਇਹ ਸਮਰੱਥਾ ਹੈ ਕਿ ਆਪਣੀ ਸਥਿਤੀ ਅਨੁਸਾਰ ਆਪਣੇ-ਆਪ ਨੂੰ ਦਰੁਸਤ ਰੱਖਣ ਲਈ ਉਹ ਆਪਣੀ ਸ਼ਕਤੀ ਵਰਤ ਸਕਦੀ ਹੈ। ਅੱਜ ਪੂਰਾ ਸੰਸਾਰ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਪੀੜਤ ਹੈ। ਵੱਡੇ-ਵੱਡੇ ਡਾਕਟਰਾਂ, ਚਿਕਿਤਸਿਕਾਂ ਵੱਲੋਂ ਅਜੇ ਤੱਕ ਇਸ ਦਾ ਤੱਕ ਇਲਾਜ ਨਹੀਂ ਲੱਭਿਆ ਜਾ ਸਕਿਆ। ਲੱਖਾਂ ਲੋਕ ਇਸ ਦੇ ਸ਼ਿਕਾਰ ਹੋ ਚੁਕੇ ਹਨ ਤੇ ਹਜ਼ਾਰਾਂ ਦੀ ਤਾਦਾਦ ਵਿਚ ਆਪਣੀ ਜਾਨ ਗੁਆ ਬੈਠੇ ਹਨ।
ਕੁਦਰਤੀ ਪੱਖ ਤੋਂ ਨਜ਼ਰ ਮਾਰੀਏ ਤਾਂ ਅੱਜ ਇਸ ਵਾਇਰਸ ਕਾਰਨ ਪੂਰਾ ਸੰਸਾਰ ਹੀ ਇਕ ਤਰ੍ਹਾਂ ਲੌਕਡਾਊਨ ਹੈ। ਇਹ ਕਿਹਾ ਜਾ ਸਕਦਾ ਹੈ ਕਿ ਜੇ ਇਹ ਦਿਨ ਨਾ ਆਉਂਦੇ ਤਾਂ ਸ਼ਾਇਦ ਹੀ ਕੁਦਰਤ ਨੂੰ ਅੱਜ ਦੇ ਪਦਾਰਥਵਾਦੀ ਮਨੁੱਖ ਤੋਂ ਕੁਝ ਰਾਹਤ ਮਿਲਦੀ। ਹੈਰਾਨੀ ਹੈ ਕਿ ਅੱਜ ਪਸੂਆਂ, ਪੰਛੀਆਂ ਨੂੰ ਕੈਦ ਕਰਨ ਵਾਲਾ, ਉਨ੍ਹਾਂ ਨੂੰ ਮਾਰਨ ਵਾਲਾ ਮਨੁੱਖ ਆਪ ਖੁਦ ਹੀ ਆਪਣੇ ਘਰ ਵਿਚ ਕੈਦ ਹੋ ਕੇ ਬੈਠਾ ਹੈ ਤੇ ਬੇਜ਼ੁਬਾਨ ਮਾਸੂਮ ਪੰਛੀ ਤੇ ਜਾਨਵਰ ਆਪਣੀ ਅਜ਼ਾਦੀ ਨਾਲ ਘੁੰਮਦਿਆਂ ਜੀਵਨ ਦਾ ਅਨੰਦ ਮਾਣ ਰਹੇ ਹਨ। ਸ਼ਾਇਦ ਇਹ ਅੱਜ ਦੇ ਪਦਾਰਥਵਾਦੀ, ਭਾਵਨਾ ਤੋਂ ਕੋਰੇ ਤੇ ਸਵਾਰਥੀ ਮਨੁੱਖ ਨੂੰ ਕੁਦਰਤ ਦਾ ਸੰਕੇਤ ਹੈ ਕਿ ਇਹ ਧਰਤੀ ਸਿਰਫ ਉਨ੍ਹਾਂ ਦੀ ਹੀ ਨਹੀਂ, ਇਸ ‘ਤੇ ਉਨ੍ਹਾਂ ਪੰਛੀਆਂ, ਪੌਦਿਆਂ ਤੇ ਹੋਰ ਜੀਵ-ਜੰਤੂਆਂ ਦਾ ਵੀ ਪੂਰਾ ਹੱਕ ਹੈ।
ਇਹ ਕਹਿਣਾ ਸਹੀ ਹੋਵੇਗਾ ਕਿ ਇਸ ਖਤਰਨਾਕ ਬਿਮਾਰੀ ਕਾਰਨ ਹੋਈਆਂ ਅਨੇਕਾਂ ਮੌਤਾਂ ਦਾ ਜਿੰਮੇਵਾਰ ਸਿਰਫ ਤੇ ਸਿਰਫ ਮਨੁੱਖ ਹੀ ਹੈ। ਕਿਉਂਕਿ ਆਪਣੇ ਸਵਾਰਥ ਲਈ ਮਨੁੱਖ ਲਗਾਤਾਰ ਕੁਦਰਤ ਨੂੰ ਤਬਾਹ ਕਰਦਾ ਜਾ ਰਿਹਾ ਹੈ, ਫਿਰ ਭਾਵੇਂ ਉਹ ਅਮਾਜ਼ੋਨ ਦੇ ਜੰਗਲਾਂ (ਜਿਸ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ) ਵਿਚ ਲੱਗੀ ਅੱਗ ਹੋਵੇ ਜਾਂ ਪਾਣੀ ਦੇ ਸੋਮੇਆਂ ਵਿਚ ਮਿਲਾਇਆ ਜ਼ਹਿਰ ਹੋਵੇ। ਕੁਦਰਤ ਨੇ ਪਹਿਲਾਂ ਹੀ ਸਾਨੂੰ ਸਵਸਥ ਤੇ ਨਿਰੋਗ ਸਰੀਰ ਦਿੱਤਾ ਹੈ, ਜਿਸ ਵਿਚ ਬਹੁਤ ਕਾਬਲੀਅਤ ਤੇ ਗੁਣ ਹਨ, ਪਰ ਜੇ ਅਸੀਂ ਬਨਾਵਟੀ ਗੁਣਾਂ ਲਈ ਕੁਦਰਤ ਨਾਲ ਖਿਲਵਾੜ ਕਰਾਂਗੇ, ਕੁਦਰਤੀ ਸੋਮਿਆਂ ਦੀ ਸਹੀ ਤੇ ਜਾਇਜ਼ ਵਰਤੋਂ ਦੀ ਥਾਂ ਬਨਾਵਟੀ ਸੋਮਿਆਂ ਨੂੰ ਤਰਜੀਹ ਦੇਵਾਂਗੇ ਤਾਂ ਇਹ ਮਾਨਵ ਸਰੀਰਾਂ ਲਈ ਕਿਸੇ ਨਾ ਕਿਸੇ ਰੂਪ ਵਿਚ ਘਾਤਕ ਤੇ ਜਾਨਲੇਵਾ ਸਾਬਿਤ ਹੋਣਗੇ।
ਇਸ ਗੰਭੀਰ ਤੇ ਮਹਾਮਾਰੀ ਦੀ ਸਥਿਤੀ ਦੌਰਾਨ ਜਿੱਥੇ ਹਰ ਕੋਈ ਆਰਥਕ ਸੰਕਟ ਨਾਲ ਜੂਝ ਰਿਹਾ ਹੈ, ਉਥੇ ਕਿਤੇ ਨਾ ਕਿਤੇ ਆਪਣੀਆਂ ਨਿਜੀ ਤੇ ਸਮਾਜਕ ਮੁਸ਼ਕਿਲਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਇਸ ਮਾੜੇ ਸਮੇਂ ਵਿਚ ਇਨਸਾਨ ਨੂੰ ਚਾਹੀਦਾ ਹੈ ਕਿ ਡਾਕਟਰਾਂ ਵੱਲੋਂ ਦੱਸੇ ਗਏ ਪਰਹੇਜ਼ਾਂ ਨੂੰ ਅਪਨਾਈਏ ਤੇ ਨਾਲ ਹੀ ਸਬਰ ਤੇ ਸੰਜਮ ਤੋਂ ਕੰਮ ਲੈਂਦਿਆਂ ਇੱਕ ਦੂਜੇ ਇਨਸਾਨ ਦੀ ਮਦਦ ਕਰੀਏ। ਇਨਸਾਨਾਂ ਵਿਚ ਭਾਵੇਂ ਦੇਖਣ, ਸੁਣਨ ਤੇ ਮਹਿਸੂਸ ਕਰਨ ਦੀ ਸ਼ਕਤੀ ਹੋਰਨਾਂ ਜੀਵਾਂ ਨਾਲੋਂ ਵੱਧ ਹੈ, ਪਰ ਇਨਸਾਨੀ ਇਤਿਹਾਸ ਵਿਚ ਸਭ ਤੋਂ ਵੱਧ ਜਾਨਵਰੀ ਰੂਪ ਅਸੀਂ ਹੀ ਧਾਰਿਆ ਹੈ-ਭਾਵੇਂ ਯੁੱਧ ਹੋਣ ਜਾਂ ਮੁਲਕ ਵੰਡ। ਵੇਲਾ ਹੈ ਕਿ ਅਸੀਂ ਚੌਕਸ ਰਹੀਏ, ਆਪਣੇ ਅੱਜ ਦੇ ਮਨੁੱਖੀ ਵਿਹਾਰ ‘ਤੇ ਗੌਰ ਕਰੀਏ, ਇਸ ਨੂੰ ਸੁਧਾਰੀਏ ਕਿ ਕਿਸ ਤਰ੍ਹਾਂ ਇੱਕ ਅਸਲੀ ਮਨੁੱਖ ਸੋਹਣੇ ਇਨਸਾਨੀ ਜਾਮੇ ਵਿਚ ਜ਼ਿੰਦਗੀ ਬਤੀਤ ਕਰ ਸਕਦਾ ਹੈ। ਅਜਿਹਾ ਇਨਸਾਨ ਬਣੀਏ, ਜੋ ਆਪਣੇ ਨਾਲ-ਨਾਲ ਹੋਰਨਾਂ ਇਨਸਾਨਾਂ ਦੀ ਜ਼ਿੰਦਗੀ ਦੀ ਵੀ ਕਦਰ ਕਰਦਾ ਹੈ, ਆਪਣੇ ਨਾਲ ਬੇਜ਼ੁਬਾਨ ਪੰਛੀ ਤੇ ਪਸੂਆਂ ਦਾ ਵੀ ਧਿਆਨ ਰੱਖਦਾ ਹੈ ਤੇ ਆਪਣੀ ਕੁਦਰਤ ਨਾਲ ਇੱਕ ਮਿੱਕ ਹੋ ਕੇ ਜੀਵਨ ਬਤੀਤ ਕਰਦਾ ਹੈ।