ਪੰਜਾਬ ਵਿਚ ਮਹਾਮਾਰੀਆਂ ਦੇ ਕਹਿਰ ਦਾ ਇਤਿਹਾਸ

ਕਰੋਨਾ ਵਾਇਰਸ ਨੇ ਅੱਜ ਸਾਰੇ ਸੰਸਾਰ ਨੂੰ ਡਰਾਇਆ ਹੋਇਆ ਹੈ। ਪਹਿਲਾਂ ਵੀ ਕਈ ਅਜਿਹੀਆਂ ਬਿਮਾਰੀਆਂ ਫੈਲਦੀਆਂ ਰਹੀਆਂ ਹਨ, ਜਿਨ੍ਹਾਂ ਕਾਰਨ ਬੇਅੰਤ ਮੌਤਾਂ ਹੋਈਆਂ ਅਤੇ ਲੋਕਾਂ ਅੰਦਰ ਖੌਫ ਵੀ ਫੈਲਿਆ। ਆਖਰਕਾਰ ਸਰਕਾਰੀ ਪਹਿਲਕਦਮੀ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ‘ਤੇ ਕਾਬੂ ਪਾਇਆ ਗਿਆ। ਅਜਿਹੇ ਮਾਰਮਿਕ ਵੇਰਵੇ ਕਿਰਪਾਲ ਸਿੰਘ ਦਰਦੀ ਨੇ ਆਪਣੇ ਇਸ ਲੇਖ ਵਿਚ ਸਾਂਝੇ ਕੀਤੇ ਹਨ।

-ਸੰਪਾਦਕ

ਕਿਰਪਾਲ ਸਿੰਘ ਦਰਦੀ

ਮਹਾਮਾਰੀਆਂ ਸਮੇਂ-ਸਮੇਂ ਸੰਸਾਰ ਵਿਚ ਵਾਪਰਦੀਆਂ ਰਹੀਆਂ ਹਨ ਅਤੇ ਲੋਕ ਇਨ੍ਹਾਂ ਦਾ ਸਮਰੱਥਾ ਅਨੁਸਾਰ ਸਾਹਮਣਾ ਕਰਦੇ ਆਏ ਹਨ। ਮੌਜੂਦਾ ਵਿਗਿਆਨ ਅਤੇ ਮੈਡੀਕਲ ਸਾਇੰਸ ਦੇ ਯੁੱਗ ਵਿਚ ਕਰੋਨਾ ਵਾਇਰਸ ਨਾਲ ਲੱਗਣ ਵਾਲੀ ਨਾਮੁਰਾਦ ਬਿਮਾਰੀ ਕੋਵਿਡ-19 ਨੇ ਦੁਨੀਆਂ ਭਰ ਨੂੰ ਲਪੇਟੇ ਵਿਚ ਲੈ ਲਿਆ ਹੈ। ਲੋਕ ਇਸ ਤੋਂ ਡਾਢੇ ਫਿਕਰਮੰਦ ਅਤੇ ਡਰੇ ਹੋਏ ਹਨ। ਇਸ ਬਿਮਾਰੀ ਦੇ ਵਾਇਰਸ ਕਾਰਨਾਂ ਦਾ ਚੰਗੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ, ਭਾਵੇਂ ਇਹ ਚੀਨ ਦੇਸ਼ ਤੋਂ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਈ। ਇਸ ਬਿਮਾਰੀ ਦਾ ਸਟੀਕ ਇਲਾਜ ਅਜੇ ਤੱਕ ਨਹੀਂ ਲੱਭ ਸਕਿਆ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਨਿਕਟ ਭਵਿਖ ਵਿਚ ਇਲਾਜ ਲੱਭ ਲਿਆ ਜਾਵੇਗਾ।
ਮਲੇਰੀਆ, ਚੇਚਕ (ਸੀਤਲਾ, ਵੱਡੀ ਮਾਤਾ), ਹੈਜ਼ਾ, ਪਲੇਗ ਆਦਿ ਬਿਮਾਰੀਆਂ ਭਾਰਤ ਵਿਚ ਭੂਤਕਾਲ ਪਸਰਦੀਆਂ ਰਹੀਆਂ ਹਨ। ਪੰਜਾਬ ਜਿਸ ਵਿਚ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਸ਼ਾਮਿਲ ਹੈ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸਨ, ‘ਤੇ ਮਲੇਰੀਏ ਨੇ 1850 ਤੋਂ ਲੈ ਕੇ 1947 ਤੱਕ 15 ਹਮਲੇ ਕੀਤੇ, ਜਿਸ ਨਾਲ ਕਰੀਬ 51 ਲੱਖ 78 ਹਜ਼ਾਰ ਜ਼ਿੰਦਗੀਆਂ ਖਤਮ ਹੋਈਆਂ। 1891 ਵਿਚ ਕਈ ਵਰਗਮੀਲ ਵਿਚ ਬੀਜੀ ਝੋਨੇ ਦੀ ਪੱਕੀ ਫਸਲ ਇਸ ਵਾਸਤੇ ਵੱਢੀ ਅਤੇ ਸਾਂਭੀ ਨਾ ਜਾ ਸਕੀ ਕਿ ਪਿੰਡਾਂ ਦੇ ਲੋਕ ਏਨੇ ਕਮਜ਼ੋਰ ਹੋ ਗਏ ਸਨ ਕਿ ਉਹ ਫਸਲ ਨੂੰ ਵੱਢ ਅਤੇ ਸਾਂਭ ਨਾ ਸਕੇ। ਸ਼ਹਿਰਾਂ ਵਿਚ ਰੋਟੀ ਕਮਾਉਣ ਵਾਲੇ ਮਰਦ ਬਿਮਾਰ ਸਨ, ਜਿਸ ਕਾਰਨ ਪਰਿਵਾਰ ਭੁੱਖੇ ਮਰ ਰਹੇ ਸਨ। ਇਸ ਬਿਮਾਰੀ ਨੇ ਪੰਜਾਬ ਦੇ 25 ਕੇਂਦਰੀ ਜਿਲਿਆਂ ਵਿਚ ਤਬਾਹੀ ਮਚਾਈ ਹੋਈ ਸੀ, ਜਿਥੇ 22 ਲੱਖ ਤੋਂ ਉਪਰ (22,03,576) ਜ਼ਿੰਦਗੀਆਂ ਖਤਮ ਹੋਈਆਂ। ਜਲੰਧਰ, ਅੰਮ੍ਰਿਤਸਰ, ਲਾਹੌਰ, ਗੁੱਜਰਾਂਵਾਲਾ ਤੇ ਸ਼ਾਹਪੁਰ ਜਿਲਿਆਂ ਅਤੇ ਰਾਵਲਪਿੰਡੀ ਤੇ ਪੇਸ਼ਾਵਰ ਦੇ ਨੀਮ ਪਹਾੜੀ ਖੇਤਰਾਂ ਵਿਚ ਵਧੇਰੇ ਬਾਰਸ਼ ਹੋਈ, ਮੱਛਰ ਬਹੁਤ ਪੈਦਾ ਹੋਇਆ। ਮਿੰਟਗੁਮਰੀ, ਲਾਇਲਪੁਰ, ਝੰਗ, ਮੁਲਤਾਨ ਅਤੇ ਡੇਰਾ ਗਾਜ਼ੀ ਖਾਂ ਦੇ ਖੁਸ਼ਕ ਖੇਤਰਾਂ ਵਿਚ ਵੀ ਕਰੀਬ 8 ਲੱਖ 79 ਹਜ਼ਾਰ ਲੋਕ ਜਾਨ ਗੁਆ ਬੈਠੇ। ਪੰਜਾਬ ਦੇ ਹਿਮਾਲੀਆ ਖੇਤਰ ਵਿਚ ਵੀ ਕਰੀਬ ਡੇਢ ਲੱਖ (1,55,493) ਮੌਤਾਂ ਹੋਈਆਂ।
ਚੇਚਕ ਦੀ ਬਿਮਾਰੀ ਤੋਂ 1868-1947 ਤੱਕ ਪੰਜਾਬ ਦੇ ਖੇਤਰ ਵਿਚ ਸਵਾ 8 ਲੱਖ ਤੋਂ ਉਪਰ (8,30,591) ਮੌਤਾਂ ਹੋਈਆਂ। 1875-1919 ਵਿਚ ਜਦ ਚੇਚਕ ਨੇ ਬਹੁਤ ਜ਼ੋਰ ਫੜਿਆ ਤਾਂ 27 ਜ਼ਿਲ੍ਹਿਆਂ ਵਿਚ ਢਾਈ ਲੱਖ ਲੋਕਾਂ ਨੇ ਜਾਨ ਗੁਆਈ। ਉਤਰ-ਪੱਛਮੀ ਅਤੇ ਦੱਖਣ-ਪੂਰਬੀ ਜਿਲਿਆਂ ਵਿਚ ਇਸ ਬਿਮਾਰੀ ਦਾ ਬਹੁਤ ਜ਼ੋਰ ਸੀ, ਜਿਥੇ ਲੋਕ ਟੀਕੇ ਲਵਾਉਣ ਦੀ ਥਾਂ ਪੂਜਾ-ਅਰਚਨਾ ਵਿਚ ਯਕੀਨ ਰੱਖਦੇ ਸਨ। ਕਰਨਾਲ, ਰੋਹਤਕ ਅਤੇ ਨਾਲ ਦੇ ਖੇਤਰਾਂ ਦੇ ਲੋਕ ਗੁੜਗਾਉਂ ਵਿਖੇ ਸ਼ੀਤਲਾ ਦੇਵੀ ਦੇ ਮੰਦਿਰ ਬਹੁਤਾ ਜਾਂਦੇ ਸਨ ਅਤੇ ਟੀਕੇ ਲਵਾਉਣੇ ਪਸੰਦ ਨਹੀਂ ਸਨ ਕਰਦੇ।
1866 ਤੋਂ 1921 ਦੌਰਾਨ 12 ਹੈਜ਼ੇ ਦੇ ਹਮਲੇ ਹੋਏ, ਜਿਨ੍ਹਾਂ ਨਾਲ ਕਰੀਬ ਢਾਈ ਲੱਖ ਲੋਕਾਂ ਨੇ ਜਾਨ ਗਵਾਈ। ਸਾਲ ਵਿਚ ਔਸਤਨ 4357 ਜਾਨਾਂ ਖਤਮ ਹੋਈਆਂ। ਗੁੱਜਰਾਂਵਾਲਾ, ਹਜ਼ਾਰਾ, ਰਾਵਲਪਿੰਡੀ, ਅੰਬਾਲਾ, ਗੁੜਗਾਉਂ, ਲਾਹੌਰ, ਜਲੰਧਰ, ਪੇਸ਼ਾਵਰ, ਅੰਮ੍ਰਿਤਸਰ ਅਤੇ ਸ਼ਾਹਪੁਰ ਜਿਲੇ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਇਨ੍ਹਾਂ ਜਿਲਿਆਂ ਵਿਚ ਸਥਾਨਕ ਅਤੇ ਖੇਤਰੀ ਮੇਲਿਆਂ ‘ਤੇ ਭੀੜ-ਭੜੱਕਾ, ਸਿਹਤਯਾਬ ਹਾਲਾਤ ਵਿਚ ਨਾ ਰਹਿਣ ਅਤੇ ਇਸ ਤੋਂ ਇਲਾਵਾ ਸਾਫ ਪਾਣੀ ਦੀ ਅਣਹੋਂਦ ਕਾਰਨ ਮਹਾਮਾਰੀ ਫੈਲੀ।
1897-1918 ਦੇ ਸਮੇਂ ਪੰਜਾਬ ਦੇ 26 ਜਿਲਿਆਂ ਵਿਚ ਪਲੇਗ ਦੀ ਬਿਮਾਰੀ ਮਹਾਮਾਰੀ ਦਾ ਰੂਪ ਅਖਤਿਆਰ ਕਰ ਗਈ ਅਤੇ ਕੁੱਲ ਹਿੰਦ ਦੀ ਔਸਤਨ ਮੌਤ ਦਰ ਤੋਂ ਇਹ ਦਰ ਚੌਗੁਣੀ ਸੀ। ਦੂਜੀਆਂ ਮਹਾਮਾਰੀਆਂ ਨਾਲੋਂ ਇਹ ਬਹੁਤੀ ਭਿਆਨਕ ਸੀ। ਪਲੇਗ ਜਿਲਾ ਜਲੰਧਰ ਦੇ ਪਿੰਡ ਖਟਕੜ ਕਲਾਂ (ਹੁਣ ਜਿਲਾ ਸ਼ਹੀਦ ਭਗਤ ਸਿੰਘ ਨਗਰ) ਤੋਂ ਸ਼ੁਰੂ ਹੋਈ, ਜਿਥੇ ਇਸ ਬਿਮਾਰੀ ਦਾ ਪਹਿਲਾ ਮਰੀਜ਼ 17 ਅਕਤੂਬਰ 1897 ਨੂੰ ਮਿਲਿਆ। 1899 ਤੱਕ ਪਲੇਗ ਜਲੰਧਰ ਤੇ ਹੁਸ਼ਿਆਰਪੁਰ ਜਿਲਿਆਂ ਤੱਕ ਸੀਮਤ ਰਹੀ ਅਤੇ ਇਸ ਦੇ ਕਾਰਨਾਂ ਦੀ ਵਜ੍ਹਾ ਅਤੇ ਵਧਣ ਦੇ ਕਾਰਨਾਂ ਤੋਂ ਲੋਕਾਂ ਦੇ ਅਣਜਾਣ ਹੋਣ ਕਾਰਨ ਇਹ 1900 ਤੱਕ ਰਿਆਸਤ ਪਟਿਆਲਾ ਵਿਚ ਵੀ ਫੈਲ ਗਈ।
1901 ਵਿਚ ਇਹ ਮਹਾਮਾਰੀ ਹੋਰ ਵਧੇਰੇ ਖੇਤੀ ਵਾਲੇ ਤੇ ਸੰਘਣੀ ਆਬਾਦੀ ਵਾਲੇ ਮੱਧ ਪੰਜਾਬ ਦੇ ਖੇਤਰਾਂ ਵਿਚ ਪਸਰੀ ਅਤੇ 7 ਜਿਲੇ ਪ੍ਰਭਾਵਿਤ ਹੋਏ ਅਤੇ ਨਾਲ ਹੀ ਫਿਰੋਜ਼ਪੁਰ, ਗੁਰਦਾਸਪੁਰ ਤੇ ਸਿਆਲਕੋਟ ਜਿਲੇ ਵੀ ਇਸ ਦੀ ਮਾਰ ਥੱਲੇ ਆ ਗਏ। 1901-02 ਵਿਚ ਇਹ ਉਨ੍ਹਾਂ ਦੱਖਣ-ਪੱਛਮੀ ਖੇਤਰਾਂ ਵਿਚ ਵੀ ਚਲੀ ਗਈ, ਜਿਥੇ ਨਹਿਰਾਂ ਦੀ ਉਸਾਰੀ ਕਰਕੇ ਲੋਕਾਂ ਨੂੰ ਸਥਾਪਤ ਕੀਤਾ ਜਾ ਰਿਹਾ ਸੀ। ਨਹਿਰੀ ਸਿੰਜਾਈ ਨਾਲ ਨਮੀ ਦਾ ਪੱਧਰ ਵਧ ਗਿਆ, ਜਿਸ ਨੇ ਇਸ ਬਿਮਾਰੀ ਦੇ ਫੈਲਾਉਣ ਵਿਚ ਵਾਧਾ ਕੀਤਾ। 1902-03 ਦੇ ਅੰਤ 21 ਜਿਲੇ ਪ੍ਰਭਾਵਿਤ ਹੋਏ ਅਤੇ 1904-05 ਤੱਕ 26 ਜਿਲੇ ਇਸ ਦੀ ਮਾਰ ਥੱਲੇ ਆ ਗਏ, ਸਮੇਤ ਸਿੰਧ ਤੋਂ ਪਾਰ ਦਾ ਡੇਰਾ ਗਾਜ਼ੀ ਖਾਂ ਦਾ ਜਿਲਾ ਵੀ। ਇਸ ਬਿਮਾਰੀ ਕਰਕੇ ਇਹ ਹਾਲ ਸੀ ਕਿ ਲੋਕ ਘਰ ਦੇ ਇਕ ਜੀਅ ਦਾ ਸਸਕਾਰ ਕਰਕੇ ਆਉਂਦੇ, ਘਰ ਆਉਂਦਿਆਂ ਇਕ ਹੋਰ ਜੀਅ ਮਰਿਆ ਹੁੰਦਾ ਸੀ।
ਪੇਂਡੂ ਆਬਾਦੀ, ਜਿਥੇ ਗਿੱਲੇ ਅਤੇ ਦਲਦਲੀ ਹਾਲਾਤ ਹੁੰਦੇ ਸਨ, ਮੱਛਰਾਂ ਦੇ ਪਲਣ ਲਈ ਵਧੀਆ ਥਾਂ ਸੀ। ਪੈਸੇ ਦੀ ਕਮੀ ਕਾਰਨ ਪਿੰਡਾਂ ਦੇ ਛੱਪੜਾਂ, ਟੋਇਆਂ ਆਦਿ ਵਿਚੋਂ ਜਲ-ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਬੰਦੇ ਅਤੇ ਡਾਕਟਰੀ ਮਦਦ ਵੀ ਲੋੜ ਅਨੁਸਾਰ ਉਪਲਬਧ ਨਹੀਂ ਸਨ। ਲੋਕਾਂ ਨੂੰ ਕੁਝ ਸੁਝਦਾ ਨਹੀਂ ਸੀ ਤੇ ਉਨ੍ਹਾਂ ਪਾਸ ਬਿਮਾਰੀ ਦੇ ਕਾਰਨਾਂ ਅਤੇ ਲੋੜੀਂਦੇ ਰੋਗ ਰੋਕੂ ਤਰੀਕੇ ਅਪਨਾਉਣ ਲਈ ਕੋਈ ਜਾਣਕਾਰੀ ਨਹੀਂ ਸੀ।
1868 ਤੋਂ 1890 ਤੱਕ ਪੇਂਡੂ ਖੇਤਰਾਂ ਵਿਚ ਹੈਜ਼ੇ ਨਾਲ ਮਰਨ ਵਾਲਿਆਂ ਦੀ ਦਰ ਸ਼ਹਿਰੀ ਖੇਤਰਾਂ ਨਾਲੋਂ 4 ਗੁਣਾ ਵੱਧ ਸੀ। ਪਿੰਡਾਂ ਵਿਚ ਪੀਣ ਵਾਲਾ ਪਾਣੀ, ਜੋ ਕੱਚੇ ਤਾਲਾਬਾਂ ਜਾਂ ਖੁੱਲ੍ਹੇ ਖੂਹਾਂ ਤੋਂ ਉਪਲਬਧ ਹੁੰਦਾ ਸੀ, ਉਹ ਗੰਦਾ ਹੁੰਦਾ ਸੀ। ਖਾਣ-ਪੀਣ ਦੇ ਪਦਾਰਥ ਜੋ ਪਿੰਡਾਂ ਵਿਚ ਵੇਚੇ ਜਾਂਦੇ ਸਨ, ਮਿਲਾਵਟੀ ਅਤੇ ਗਲੇ-ਸੜੇ ਹੁੰਦੇ ਸਨ। ਸ਼ਹਿਰਾਂ ਵਿਚ ਦੁੱਧ, ਮੱਖਣ ਅਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਫਰੋਖਤ ਮਿਉਂਸਪਲ ਕਮੇਟੀਆਂ ਦੀ ਦੇਖ-ਰੇਖ ਅਧੀਨ ਹੋਣ ਕਾਰਨ ਉਥੇ ਹਾਲਾਤ ਕੁਝ ਚੰਗੇ ਸਨ।
ਪਲੇਗ ਦਾ ਵੀ ਬਹੁਤਾ ਪਿੰਡਾਂ ਵਿਚ ਹੀ ਕਹਿਰ ਸੀ, ਕਿਉਂਕਿ ਉਥੇ ਰਿਹਾਇਸ਼ੀ ਮਕਾਨ ਘੱਟ ਹਵਾਦਾਰ ਸਨ। ਅਜਿਹੇ ਮਕਾਨ ਜਿਨ੍ਹਾਂ ਦੀ ਉਸਾਰੀ ਦੀ ਵਿਉਂਤ ਵੀ ਗਲਤ ਹੁੰਦੀ ਅਤੇ ਛੋਟੇ ਹੋਣ ਕਾਰਨ ਭੀੜ-ਭੜੱਕਾ ਬਹੁਤਾ ਹੁੰਦਾ ਰਹਿੰਦਾ ਸੀ। ਉਥੇ ਬਿਮਾਰੀ ਛੇਤੀ ਫੈਲਦੀ ਸੀ। ਪਿੰਡਾਂ ਵਿਚ ਅਨਾਜ ਦਾ ਭੰਡਾਰਨ ਸ਼ਹਿਰਾਂ ਨਾਲੋਂ ਵੱਧ ਹੁੰਦਾ ਸੀ ਅਤੇ ਮਕਾਨ ਵੀ ਕੱਚੇ ਹੁੰਦੇ ਸਨ, ਜਿਸ ਕਰਕੇ ਚੂਹੇ ਬਹੁਤ ਪਲਦੇ ਸਨ। ਇਸ ਕਰਕੇ ਪਿੰਡਾਂ ਵਿਚ ਪਲੇਗ ਦਾ ਫੈਲਾਓ ਸ਼ਹਿਰਾਂ ਨਾਲੋਂ ਬਹੁਤਾ ਹੁੰਦਾ ਸੀ। ਚੂਹੇ ਇਸ ਬਿਮਾਰੀ ਦਾ ਵੱਡਾ ਕਾਰਨ ਸਨ।
ਮਹਾਮਾਰੀਆਂ ਦਾ ਬਹੁਤਾ ਪਸਾਰ ਸਮਾਜਕ ਰਹਿਣ-ਸਹਿਣ, ਗਰੀਬੀ, ਅਨਪੜ੍ਹਤਾ ਅਤੇ ਗੈਰ-ਸਿਹਤਮੰਦ ਜੀਵਨ ਕਰਕੇ ਸੀ। ਬ੍ਰਿਟਿਸ਼ ਸ਼ਾਸਕ ਭਾਰਤ ਨੂੰ ਬਿਮਾਰੀਆਂ ਦਾ ਘਰ ਸਮਝਦੇ ਸਨ। ਪਲੇਗ ਨੂੰ ਗਰੀਬੀ ਅਤੇ ਗੰਦਗੀ ਦੀ ਬਿਮਾਰੀ ਸਮਝਿਆ ਗਿਆ। ਪਿੰਡਾਂ ਵਿਚ ਘਰਾਂ ਦੇ ਫਰਸ਼ ਕੱਚੇ ਹੋਣ ਕਾਰਨ ਗੰਦਗੀ ਛੇਤੀ ਫੜਦੇ ਸਨ ਅਤੇ ਬਾਰਿਸ਼ਾਂ ਦੇ ਦਿਨਾਂ ਵਿਚ ਹੋਰ ਗੰਦੇ ਹੋ ਜਾਂਦੇ ਸਨ ਤੇ ਪੈਰਾਂ ਨਾਲ ਘਰਾਂ ਵਿਚ ਰੋਗਾਂ ਦੇ ਕੀਟਾਣੂ ਆਉਂਦੇ ਸਨ। ਚੇਚਕ ਦੀ ਬਿਮਾਰੀ ਨੂੰ ਰੋਕਣ ਦੀ ਥਾਂ ਵਧਣ ਦਿੱਤਾ ਜਾਂਦਾ ਸੀ ਤੇ ਪੂਜਾ ਕੀਤੀ ਜਾਂਦੀ ਸੀ। 1873 ਵਿਚ ਕਾਂਗੜਾ, ਹੁਸ਼ਿਆਰਪੁਰ, ਜਲੰਧਰ ਅਤੇ ਗੁਜਰਾਤ ਵਿਚ ਬਹੁਤਾ ਪੂਜਾ ਵਲ ਧਿਆਨ ਦਿੱਤਾ ਜਾਂਦਾ ਸੀ, ਜਿਸ ਕਾਰਨ ਬਿਮਾਰੀ ਮਾਰੂ ਰੂਪ ਧਾਰਨ ਕਰ ਗਈ। ਲੋਕ ਇਕੱਠੇ ਹੋ ਕੇ ਮਰੀਜ਼ਾਂ ਅਤੇ ਲਾਸ਼ਾਂ ਦੇ ਕੋਲ ਹਮਦਰਦੀ ਕਰਨ ਖਾਤਰ ਬੈਠਦੇ ਸਨ, ਜਿਸ ਨਾਲ ਬਿਮਾਰੀ ਨੂੰ ਵਧਣ ਲਈ ਬਲ ਮਿਲਦਾ ਸੀ।
ਧਾਰਮਿਕ ਮੇਲਿਆਂ ਵਿਚ ਯਾਤਰਾ ‘ਤੇ ਜਾਣਾ ਹੈਜ਼ੇ ਦੇ ਫੈਲਣ ਦਾ ਵੱਡਾ ਕਾਰਨ ਸੀ, ਕਿਉਂਕਿ ਇਨ੍ਹਾਂ ਸਥਾਨਾਂ ‘ਤੇ ਵੱਡੀ ਭੀੜ ਹੁੰਦੀ ਸੀ। ਸਫਾਈ ਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਅਣਹੋਂਦ ਕਾਰਨ ਲੋਕ ਛੂਤ ਦੇ ਰੋਗ ਤੋਂ ਪ੍ਰਭਾਵਿਤ ਹੋ ਜਾਂਦੇ ਸਨ ਅਤੇ ਇਨ੍ਹਾਂ ਥਾਂਵਾਂ ਤੋਂ ਜੋ ਪਾਣੀ ਪ੍ਰਸ਼ਾਦ ਦੇ ਰੂਪ ਵਿਚ ਲਿਆਉਂਦੇ ਸਨ, ਉਹ ਵੀ ਅਸ਼ੁੱਧ ਹੁੰਦਾ ਸੀ ਤੇ ਇਹ ਯਾਤਰੂ ਵਾਪਸੀ ਵੇਲੇ ਹੋਰਨਾਂ ਲੋਕਾਂ ਨੂੰ ਬਿਮਾਰ ਕਰ ਦਿੰਦੇ ਸਨ। ਹਰਿਦੁਆਰ ਦਾ ਕੁੰਭ ਦਾ ਮੇਲਾ, ਨੂਰਪੁਰ, ਕਟਾਸਰਾਜ, ਜਵਾਲਾਮੁਖੀ ਅਤੇ ਨੈਣਾ ਦੇਵੀ ਦੇ ਮੇਲਿਆਂ ਵਿਚ ਜਾਣ ਕਰਕੇ ਹਜ਼ਾਰਾਂ ਲੋਕਾਂ ਦਾ ਰੋਗਾਂ ਤੋਂ ਪ੍ਰਭਾਵਿਤ ਹੋਣਾ ਕਰੀਬ ਤੈਅ ਹੀ ਹੁੰਦਾ ਸੀ। 1872 ਵਿਚ ਪੇਸ਼ਾਵਰ ਮਾਊਨਟੇਨ ਬੈਟਰੀ ਦੇ ਫੌਜੀ ਲੁਸ਼ਾਈ ਮੁਹਿੰਮ ਤੋਂ ਜਦੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਤੋਂ ਜਿਹਲਮ, ਰਾਵਲਪਿੰਡੀ, ਲਾਹੌਰ ਅਤੇ ਮੀਆਂਮੀਰ ਵਿਚ ਹੈਜ਼ਾ ਫੈਲ ਗਿਆ।
ਬ੍ਰਿਟਿਸ਼ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਸਨ ਕਿ ਨਹਿਰਾਂ ਬਣਾਉਣ, ਰੇਲਵੇ ਅਤੇ ਸੜਕਾਂ ਬਣਾਉਣ ਨਾਲ ਮਹਾਮਾਰੀਆਂ ਫੈਲਣ ਵਿਚ ਵਾਧਾ ਹੋਇਆ, ਫਿਰ ਵੀ ਭਾਰਤ ਸਰਕਾਰ ਨੇ 1875 ਵਿਚ ਇਹ ਦੇਖਿਆ ਕਿ ਪੱਛਮੀ ਯਮਨਾ ਨਹਿਰ ਦੇ ਪਾਣੀ ਨਾਲ ਸਿੰਜਾਈ ਵਾਲੇ ਜਿਲਿਆਂ ਵਿਚ ਦੂਜੇ ਜਿਲਿਆਂ ਦੇ ਮੁਕਾਬਲੇ ਵੱਧ ਲੋਕ ਮਹਾਮਾਰੀਆਂ ‘ਚ ਗ੍ਰਸਤ ਸਨ। ਕਰਨਾਲ ਲਾਗੇ ਨਹਿਰ ਦੀ ਕਤਾਰਬੰਦੀ ਚਾਰ ਸੌ ਸਾਲ ਪਹਿਲਾਂ ਵਾਲੀ ਨਹਿਰ ਦੀ ਸੀ, ਜੋ ਗਲਤ ਸੀ ਤੇ ਉਹ ਸੇਮ ਦੀ ਵੱਡੀ ਸਮੱਸਿਆ ਦਾ ਕਾਰਨ ਬਣੀ। ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਮੱਛਰ ਪੈਦਾ ਹੋਇਆ ਅਤੇ ਮਲੇਰੀਆ ਫੈਲਿਆ। ਝੋਨੇ ਦੀ ਫਸਲ ਨੂੰ ਪਾਣੀ ਦੇਣ ਨਾਲ ਬਿਮਾਰੀ ਫੈਲੀ। ਇਹੋ ਹਾਲ ਬਾਰੀ ਦੁਆਬ ਨਹਿਰ ਅਤੇ ਚਨਾਬ ਨਹਿਰਾਂ ਦੇ ਖੇਤਰ ਵਿਚ ਸੀ। ਰੇਲਵੇ ਲਾਈਨ ਬਣਾਉਣ ਲਈ ਜੋ ਖਤਾਨ ਲਾਏ ਗਏ, ਉਹ ਬਾਰਸ਼ੀ ਪਾਣੀ ਦੇ ਭਰਨ ਨਾਲ ਮੱਛਰਾਂ ਦੀ ਬਰੀਡਿੰਗ ਨਰਸਰੀ ਸਾਬਤ ਹੋਏ। ਰੇਲਵੇ ਲਾਈਨਾਂ ਬਣਨ ਨਾਲ ਲਾਏ ਬੰਨ੍ਹਾਂ ਕਰਕੇ ਪਾਣੀ ਦਾ ਨਿਕਾਸ ਰੁਕ ਗਿਆ ਅਤੇ ਨੀਵੀਆਂ ਥਾਂਵਾਂ ‘ਚ ਪਾਣੀ ਭਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਹੋਇਆ ਤੇ ਸੇਮ ਦੀ ਸਮੱਸਿਆ ਵਧੀ, ਜਿਸ ਨੇ ਮਲੇਰੀਏ ਨੂੰ ਜਨਮ ਦਿੱਤਾ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵੇਖਿਆ ਕਿ ਦਿੱਲੀ, ਅੰਮ੍ਰਿਤਸਰ ਰੇਲਵੇ ਲਾਈਨ ਅਤੇ ਜੀ. ਟੀ. ਰੋਡ ਦੇ ਬੰਨ੍ਹਾਂ ਕਾਰਨ ਜਲੰਧਰ ਦੁਆਬ ਵਿਚ ਮਲੇਰੀਏ ਨਾਲ ਹੋਈਆਂ ਮੌਤਾਂ ਦੀ ਦਰ ਉਚੀ ਸੀ।
ਨਹਿਰੀਕਰਨ ਨੇ ਨਮੀ ਦੀ ਪੱਧਰ ਵਧਾਈ, ਜਿਸ ਕਾਰਨ ਝੰਗ, ਗੁਜਰਾਂਵਾਲਾ ਅਤੇ ਲਾਹੌਰ ਵਿਚ ਕ੍ਰਮਵਾਰ 1902-1906, 1892-1905 ਅਤੇ 1904-06 ਵਿਚ ਮਲੇਰੀਆ ਬਹੁਤ ਫੈਲਿਆ। 1897 ਵਿਚ ਇਹ ਨਤੀਜਾ ਕੱਢਿਆ ਗਿਆ ਕਿ ਮਲੇਰੀਆ ਦੀ ਬਿਮਾਰੀ ਮੱਛਰਾਂ ਕਾਰਨ ਹੁੰਦੀ ਹੈ ਅਤੇ ਇਸ ਤਰ੍ਹਾਂ ਮੱਛਰ ਮਾਰ ਮੁਹਿੰਮ ਸ਼ੁਰੂ ਹੋਈ। ਲੋਕਾਂ ਨੂੰ ਕੁਨੀਨ ਦੀਆਂ ਗੋਲੀਆਂ ਦਿੱਤੀਆਂ ਜਾਣ ਲੱਗੀਆਂ। 1898 ਤੋਂ ਡਾਕੀਏ ਵੀ ਪਿੰਡਾਂ ਵਿਚ ਕੁਨੀਨ ਵੰਡਣ ਲਾਏ ਗਏ। 1901 ਅਤੇ 1908 ਵਿਚ ਫੈਸਲਾ ਹੋਇਆ ਕਿ ਮੱਛਰਾਂ ਦੀਆਂ ਪਨਾਹਗਾਹਾਂ ਨੂੰ ਖਤਮ ਕੀਤਾ ਜਾਵੇ। ਸੋ, ਜਮ੍ਹਾਂ ਹੋਏ ਪਾਣੀ ਦਾ ਨਿਕਾਸ ਕੀਤਾ ਗਿਆ, ਛੱਪੜਾਂ, ਛੰਭਾਂ ਵਿਚ ਤੇਲ ਛਿੜਕਿਆ ਗਿਆ ਅਤੇ ਮੱਛਰਾਂ ਨੂੰ ਮਾਰਨ ਲਈ ਹਰ ਹੀਲਾ ਵਰਤਿਆ ਗਿਆ। 1940 ਵਿਚ ਜਾਵਾਦੀਪ ਅੰਗਰੇਜ਼ਾਂ ਦੇ ਹੱਥੋਂ ਜਾਂਦਾ ਰਿਹਾ, ਜਿਸ ਕਾਰਨ ਕੁਨੀਨ ਦਵਾਈ ਦੀ ਕਮੀ ਆ ਗਈ। 1944 ਵਿਚ ਮੱਛਰ ਮਾਰਨ ਲਈ ਡੀ. ਡੀ. ਟੀ. ਦੀ ਵਰਤੋਂ ਸ਼ੁਰੂ ਕੀਤੀ ਗਈ। ਲਾਹੌਰ ਵਿਚ ਮਹਿਕਮਾ ਨਹਿਰ ਵਲੋਂ ਇਕ ਜਲ ਨਿਕਾਸ ਸਰਕਲ ਖੋਲ੍ਹਿਆ ਗਿਆ।
ਚੇਚਕ ਦੀ ਬਿਮਾਰੀ ਦੇ ਟੀਕੇ ਲੱਗਣੇ ਸ਼ੁਰੂ ਹੋਏ। ਇਸ ਖਾਤਰ ਇਕ ਮਹਿਕਮਾ ਖੋਲ੍ਹਿਆ ਗਿਆ। ਲੋਕਾਂ ਨੂੰ ਇਕੱਠੇ ਕਰਕੇ ਟੀਕੇ ਲਾਏ ਜਾਂਦੇ ਸਨ। ਬੱਚਿਆਂ ਨੂੰ ਟੀਕੇ ਲਵਾਉਣੇ ਜ਼ਰੂਰੀ ਕਰ ਦਿੱਤੇ। 1929 ਵਿਚ ਟੀਕਾਕਰਨ ਨੂੰ ਪੇਂਡੂ ਖੇਤਰਾਂ ਵਿਚ ਲਿਜਾਇਆ ਗਿਆ। ਕਈ ਥਾਂਈਂ ਵਿਰੋਧ ਹੋਇਆ। ਜਿਲੇ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਮੁਲਾਜ਼ਮਾਂ ਵਲੋਂ ਲੋਕਾਂ ਨੂੰ ਟੀਕੇ ਲਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਇਹ ਟੀਕੇ 1947 ਤੋਂ ਪਿਛੋਂ ਵੀ ਕਈ ਸਾਲ ਲਗਦੇ ਰਹੇ।
ਪਲੇਗ ਦੀ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਕਈ ਜਿਲਿਆਂ ਦੇ ਅਫਸਰਾਂ ਨੂੰ ਖਾਸ ਹਦਾਇਤਾਂ ਦਿੱਤੀਆਂ ਗਈਆਂ। ਫਿਜ਼ੀਕਲ ਡਿਸਟੈਂਸਿੰਗ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ। ਪਿੰਡਾਂ ਨੂੰ ਲਾਗ ਤੋਂ ਮੁਕਤ ਕਰਨ ਲਈ ਪੂਰੀ ਤਰ੍ਹਾਂ ਖਾਲੀ ਕਰਾਇਆ ਗਿਆ। ਪਲੇਗ ਗ੍ਰਸਤ ਖੇਤਰਾਂ ਨੂੰ ਸੀਲ ਕੀਤਾ ਗਿਆ ਅਤੇ ਲੋਕਾਂ ਨੂੰ 48 ਘੰਟਿਆਂ ਵਿਚ ਜ਼ਰੂਰੀ ਸਾਮਾਨ ਲੈ ਕੇ ਕੈਂਪਾਂ ‘ਚ ਜਾਣ ਲਈ ਕਿਹਾ ਗਿਆ। ਛੱਡੇ ਗਏ ਘਰਾਂ ਨੂੰ ਸ਼ੁੱਧ ਤੇ ਕੀਟਾਣੂ ਰਹਿਤ ਕੀਤਾ ਗਿਆ, ਰੌਸ਼ਨਦਾਨ ਰੱਖੇ ਗਏ ਅਤੇ ਮਕਾਨਾਂ ਨੂੰ ਸਫੈਦੀ ਕਰਵਾਈ ਗਈ। ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਦਾ ਦੂਜੀ ਥਾਂ ਜਾਣਾ ਮਨ੍ਹਾਂ ਕਰ ਦਿੱਤਾ ਗਿਆ। ਰੇਲ ਮੁਸਾਫਿਰਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ ਤੇ ਉਨ੍ਹਾਂ ਦਾ ਕਈ ਥਾਂਈਂ ਮੁਆਇਨਾ ਹੁੰਦਾ ਸੀ, ਕਿਉਂਕਿ ਪਲੇਗ ਬ੍ਰਿਟਿਸ਼ ਸਰਕਾਰ ਦੇ ਆਰਥਕ ਆਧਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਸੀ, ਜੋ ਸਰਕਾਰ ਨੇ ਉਚੇਚੇ ਤਰੀਕੇ ਅਖਤਿਆਰ ਕਰਦਿਆਂ ਇਸ ਬਿਮਾਰੀ ਨੂੰ ਦੂਰ ਕਰਨ ਲਈ ਆਪਣੇ ਦ੍ਰਿੜ੍ਹ ਇਰਾਦੇ ਦਾ ਪ੍ਰਯੋਗ ਕੀਤਾ, ਜਿਸ ਕਾਰਨ ਬਿਮਾਰੀ ਛੇਤੀ ਹੀ ਖਤਮ ਹੋ ਗਈ। ਲੋਕਾਂ ਨੇ ਵੀ ਆਪਣਾ ਬੜਾ ਯੋਗਦਾਨ ਪਾਇਆ।