ਪ੍ਰਿੰਸੀਪਲ ਸਾਹਿਬ!

ਹਰਜੀਤ ਦਿਓਲ, ਬਰੈਂਪਟਨ
ਸੈਰ ਕਰਦਿਆਂ ਉਹ ਅਕਸਰ ਮੈਨੂੰ ਮਿਲਦੇ। ਕਾਫੀ ਸਮਾਂ ਗੱਲ ਦੁਆ ਸਲਾਮ ਤੱਕ ਹੀ ਸੀਮਤ ਰਹੀ। ਇੱਕ ਦਿਨ ਉਹ ਸੈਰ ਤੋਂ ਥੱਕ ਕੇ ਉਸੇ ਬੈਂਚ ‘ਤੇ ਆ ਬਿਰਾਜੇ, ਜਿੱਥੇ ਮੈਂ ਪਹਿਲਾਂ ਤੋਂ ਬੈਠਾ ਸਾਂ। ਸਤਿ ਸ੍ਰੀ ਅਕਾਲ ਪਿਛੋਂ ਗੱਲਬਾਤ ਚੱਲ ਨਿਕਲੀ। ਕਹਿੰਦੇ, “ਆਹ ਜਗਮੀਤ ਸਿਓਂ ਕਮਾਲ ਕਰ’ਤੀ, ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਦਾਵੇਦਾਰ ਬਣ ਗਿਆ।”

ਮੈਂ ਕਿਹਾ, “ਜਨਾਬ ਇਹ ਤਾਂ ਠੀਕ ਆ, ਪਰ ਉਸ ਨੇ ਅਤਿਵਾਦ ਦੀ ਸਪਸ਼ਟ ਨਿੰਦਾ ਨਾ ਕਰਕੇ ਚੰਗਾ ਨਹੀਂ ਕੀਤਾ।”
ਕਹਿੰਦੇ, “ਵੀਰਿਆ! ਉਸ ਵੇਲੇ ਉਹ ਨਿੱਕਾ ਜਿਹਾ ਸੀ।”
ਮੈਂ ਕਿਹਾ, “ਜਨਾਬ! 1984 ਵੇਲੇ ਤਾਂ ਉਹ ਹੋਰ ਵੀ ਨਿੱਕਾ ਜਿਹਾ ਸੀ ਤੇ ਕਾਮਾਗਾਟਾਮਾਰੂ ਵੇਲੇ ਤਾਂ ਜੰਮਿਆ ਹੀ ਨਹੀਂ ਸੀ, ਤਾਂ ਉਨ੍ਹਾਂ ਘਟਨਾਵਾਂ ਬਾਰੇ ਕਿਵੇਂ ਜਾਣ ਗਿਆ?”
ਕਹਿੰਦੇ, “ਆਪਾਂ ਉਸੇ ਨੂੰ ਸਪੋਟ (ਸੁਪੋਰਟ) ਕਰਨੀ ਆ, ਮੇਰਾ ਗਵਾਂਢੀ ਵੀ ਕਹਿੰਦਾ, ਪ੍ਰਿੰਸੀਪਲ ਸਾਹਿਬ! ਆਪਾਂ ਜਗਮੀਤ ਸਿਓਂ ਜਿਤੌਣਾ।”
“ਪ੍ਰਿੰਸੀਪਲ ਸਾਹਿਬ?” ਮੇਰਾ ਮੱਥਾ ਠਣਕਿਆ। ਪੁੱਛਿਆ, “ਸਰ ਜੀ! ਆਪ ਦਾ ਸ਼ੁਭ ਨਾਂ?”
ਕਹਿੰਦੇ, “ਪ੍ਰਿੰਸੀਪਲ ਨਛੱਤਰ ਸਿਓਂ।”
ਮੈਂ ਸ਼ਸ਼ੋਪੰਜ ਵਿਚ। ਕੁਝ ਸੋਚ ਕੇ ਕਿਹਾ, “ਛੱਡੀਏ ਖਹਿੜਾ ਰਾਜਨੀਤੀ ਦਾ, ਕੁਝ ਸਾਹਿਤਕ ਗੱਲ ਕਰੀਏ। ਸੁਣਿਆ, ਪਈ ਬਲਦੇਵ ਸਿੰਘ ਸੜਕਨਾਮਾ ਦੀ ਨਵੀਂ ਪੁਸਤਕ ‘ਸੂਰਜ ਦੀ ਅੱਖ’ ਪੜ੍ਹਨਯੋਗ ਹੈ, ਕਿਤੋਂ ਮਿਲੇ ਤਾਂ ਪੜ੍ਹਾਂਗੇ। ਤੁਸਾਂ ਪੜ੍ਹੀ?” ਉਹ ਚੁੱਪ ਰਹੇ।
ਮੈਂ ਫਿਰ ਕਿਹਾ, “ਪਈ ਪ੍ਰਿੰਸੀਪਲ ਸਰਵਣ ਸਿੰਘ ਹੋਰੀਂ ਖਬਰਨਾਮਾ ‘ਚ ਗਾਰਗੀ ਬਾਰੇ ਲਿਖ ਰਹੇ ਆ। ਬੜਾ ਦਿਲਚਸਪ ਹੁੰਦੈ। ਤੁਸਾਂ ਪੜ੍ਹਿਆ ਹੋਣੈ?” ਉਹ ਫਿਰ ਚੁੱਪ ਰਹੇ।
ਮੈਂ ਸੋਚਿਆ, ਪਈ ਧਾਰਮਿਕ ਸਾਹਿਤ ਪੜ੍ਹਦੇ ਹੋਣੇ ਆ। ਪੁੱਛਿਆ, “ਸਰ ਜੀ! ਪਾਂਧੀ ਸਾਹਿਬ ਤਾਂ ਜਰੂਰ ਪੜ੍ਹੇ ਹੋਣੇ ਆ।”
ਉਹ ਕੁਝ ਖਿਝ ਕੇ ਬੋਲੇ, “ਭਰਾਵਾ ਪੜ੍ਹੇ ਹੁੰਦੇ ਤਾਂ ਇੱਥੇ ਵੀਹ ਸਾਲ ਫਾਰਮਾਂ ‘ਚ ਧੱਕੇ ਕਿਓਂ ਖਾਂਦੇ? ਕੋਈ ਸੌਖੀ ਚੱਜ ਦੀ ਜੌਬ ਨਾ ਕਰਦੇ। ਸਕੂਲ ਦੇ ਤਾਂ ਅਸੀਂ ਨੇੜਿਓਂ ਨਹੀਂ ਲੰਘੇ, ਤੇ ਵੀਰਿਆ, ਤੂੰ ਕਿਤਾਬਾਂ ਦੀ ਗੱਲ ਕਰਦੈਂ।”
ਮੈਂ ਪੁੱਛਿਆ, “ਸਰ ਜੀ! ਆਹ ਨਾਂ ਨਾਲ ਪ੍ਰਿੰਸੀਪਲ?”
ਕਹਿੰਦੇ, “ਤੂੰ ਹੁਣ ਖਹਿੜੇ ਹੀ ਪੈ ਗਿਆ ਦੱਸ ਦਿੰਨੇ ਆਂ, ਨਹੀਂ ਤਾਂ ਕੰਮ ਇਵੇਂ ਹੀ ਚੱਲੀ ਜਾਂਦੈ। ਕਿਸੇ ਨਹੀਂ ਪੁੱਛਿਆ ਅੱਜ ਤਾਂਈਂ। ਪੰਜਵੀਂ ‘ਚ ਪੜ੍ਹਦਾ ਸਾਂ ਤਾਂ ਇੱਕ ਦਿਨ ਪਤਾ ਨਹੀਂ ਮੈਨੂੰ ਕੀ ਸੁੱਝੀ, ਮੈਂ ਪ੍ਰਿੰਸੀਪਲ ਦੀ ਗੈਰਹਾਜਰੀ ‘ਚ ਖਾਲੀ ਪਈ ਉਸ ਦੀ ਕੁਰਸੀ ‘ਤੇ ਜਾ ਬੈਠਾ। ਮਾੜੀ ਕਿਸਮਤ ਉਸੇ ਵੇਲੇ ਪ੍ਰਿੰਸੀਪਲ ਸਾਹਿਬ ਆ ਗਏ। ਇਸ ਪਿਛੋਂ ਵੀਰਿਆ ਜੋ ਹੋਈ, ਦੱਸਣ ਦੀ ਲੋੜ ਨਹੀਂ। ਮੈਂ ਜਿਦ ਠਾਣ ਲਈ, ਪਈ ਸਕੂਲੇ ਨਹੀਂ ਵੜਨਾ। ਪੜ੍ਹਨ ਵਿਚ ਅਸਾਂ ਪਹਿਲਾਂ ਹੀ ਫਾਡੀ ਸਾਂ। ਬਾਪੂ ਬਥੇਰਾ ਜੋਰ ਲਾਇਆ, ਪਰ ਆਪਾਂ ਅੱਗ ਲੱਗਣੀਆਂ ਕਿਤਾਬਾਂ ਤੋਂ ਖਹਿੜਾ ਛੁੜਾ ਹੀ ਲਿਆ ਤੇ ਵਾਹੀ ‘ਚ ਪੈ ਗਏ। ਮੇਰੀ ਹਰਕਤ ਸਭ ਨੂੰ ਪਤਾ ਲੱਗ ਗਈ ਤੇ ਮੇਰੀ ਅੱਲ ‘ਪ੍ਰਿੰਸੀਪਲ’ ਪੈ ਗਈ। ਬੁੜ੍ਹਾਪੇ ‘ਚ ਕਨੇਡਾ ਆ ਵੜੇ ਤੇ ਵੀਰਿਆ! ਮਾੜੀ ਕਿਸਮਤ ਕਹੋ ਜਾਂ ਚੰਗੀ, ਮੇਰੇ ਪਿੰਡ ਦੇ ਦੋ ਜਣੇ ਇੱਥੇ ਵੀ ਆਣ ਮਿਲੇ ਤੇ ਜੁੜ ਗਿਆ ਨਾਂ ਨਾਲ ਪ੍ਰਿੰਸੀਪਲ। ਓਦਾਂ ਤੂੰ ਹੀ ਪਹਿਲੀ ਵਾਰ ਮੇਰੇ ਪੋਤੜੇ ਫਰੋਲੇ ਆ, ਨਹੀਂ ਤਾਂ ਵਧੀਆ ਚੱਲੀ ਜਾਂਦੀ ਆ। ਲੋਕ ਇੱਜਤ ਈ ਬੜੀ ਕਰਦੇ ਆ। ਕਈ ਕਲੱਬਾਂ ਆਲੇ ਮੈਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਸੀ, ਮੈਂ ਈ ਜਵਾਬ ਦੇ’ਤਾ। ਢਕੀ ਈ ਠੀਕ ਆ। ਚੰਗਾ ਸਾਸਰੀ ਕਾਲ, ਬਹੂ ਪਰੌਂਠੇ ਬਣਾਈਂ ‘ਬੇਕਫਾਸਟ’ ਲਈ ਵੇਟ ਕਰਦੀ ਹੋਣੀ ਆ।” ਤੇ ਉਹ ਉਠ ਕੇ ਤੁਰ ਗਏ।
ਮੈਂ ਦੇਰ ਤੱਕ ਤੁਰੇ ਜਾਂਦੇ ‘ਐਕਸੀਡੈਂਟਲ ਪ੍ਰਿੰਸੀਪਲ’ ਸਾਹਿਬ ਦੀ ਪਿੱਠ ਤੱਕਦਾ ਰਿਹਾ।