ਸੁਣਿਐ ਸਰਾ ਗੁਣਾ ਕੇ ਗਾਹ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਸਭ ਸਿੱਖ ਵਿਦਵਾਨ ਕਹਿੰਦੇ ਹਨ ਕਿ ਗੁਰੂ ਨਾਨਕ ਬ੍ਰਾਹਮਣਵਾਦ ਦੇ ਖਿਲਾਫ ਸਨ। ਉਨ੍ਹਾਂ ਪਿੱਛੇ ਲੱਗ ਕੇ ਸਾਰੇ ਸਿੱਖ ਸ਼ਰਧਾਲੂ ਵੀ ਇਹੀ ਦੁਹਰਾਉਂਦੇ ਹਨ ਕਿ ਉਹ ‘ਬਿਪ੍ਰਨ ਕੀ ਰੀਤ’ ਦੇ ਵਿਰੁਧ ਹਨ ਭਾਵ ਉਹ ਬ੍ਰਾਹਮਣਵਾਦੀ ਨਹੀਂ ਹਨ। ਬ੍ਰਾਹਮਣਵਾਦ ਕੀ ਹੈ ਤੇ ਗੁਰੂ ਸਾਹਿਬ ਨੇ ਇਸ ਨੂੰ ਕਿਵੇਂ ਨਕਾਰਿਆ ਹੈ? ਸੰਖੇਪ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਅੱਖਾਂ ਬੰਦ ਕਰ ਕੇ ਮੰਤਰ ਪੜ੍ਹਨ ਤੇ ਕੱਟੜਤਾ ਨਾਲ ਉਨ੍ਹਾਂ ਅਨੁਸਾਰ ਚਲਣਾ ਹੀ ਬ੍ਰਾਹਮਣਵਾਦ ਹੈ। ਬ੍ਰਾਹਮਣਵਾਦੀ ਸੋਚ ਦੇ ਮਾਲਕ ਰਟੀ ਰਟਾਈ ਗੱਲ ਨੂੰ ਬਿਨਾ ਸੋਚੇ ਸਮਝੇ ਮੰਨਦੇ ਚਲੇ ਜਾਂਦੇ ਹਨ। ਵਿਚਾਰਾਂ ਦੀ ਕੱਟੜਤਾ ਕਾਰਨ ਉਹ ਰੂੜੀਵਾਦੀ ਹੁੰਦੇ ਹਨ ਤੇ ਅਕਲ ਤੋਂ ਬਿਨਾ ਨਕਲ ਕਰਦਿਆਂ ਕਰਮ-ਕਾਂਡੀ ਬਣ ਜਾਂਦੇ ਹਨ। ਬ੍ਰਾਹਮਣਵਾਦੀਆਂ ਦਾ ਮੁੱਖ ਲੱਛਣ ਹੀ ਕਹੀ ਕਹਾਈ ਭਾਵ ਸੁਣੀ-ਸੁਣਾਈ ਗੱਲ ‘ਤੇ ਯਕੀਨ ਕਰਨਾ ਹੈ। ਉਨ੍ਹਾਂ ਦਾ ਵਿਸ਼ਵਾਸ ਇੰਨਾ ਦ੍ਰਿੜ ਹੁੰਦਾ ਹੈ ਕਿ ਉਹ ਇਸ ਤੋਂ ਪਾਸੇ ਜਾਣ ਨੂੰ ਪਾਪ ਸਮਝਦੇ ਹਨ।

ਵਿਦਵਾਨਾਂ ਨੇ ਸਮੇਂ ਸਮੇਂ ਤੇ ਲੋਕਾਂ ਨੂੰ ਬ੍ਰਾਹਮਣਵਾਦੀ ਸੋਚ ਤੋਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕ ਰਸਮਵਾਦੀ ਬਣ ਕੇ ਆਪਣੀ ਸਮਝ ਤੋਂ ਮੂੰਹ ਨਾ ਮੋੜ ਲੈਣ। ਇਸ ਦੀ ਝਲਕ ਲੋਕ ਕਥਾਵਾਂ ਵਿਚ ਵੀ ਮਿਲਦੀ ਹੈ। ਇਕ ਲੋਕ ਕਥਾ ਅਨੁਸਾਰ ਇਕ ਲੱਕੜਹਾਰਾ ਨਦੀ ਕਿਨਾਰੇ ਇਕ ਦਰਖਤ ‘ਤੇ ਚੜ੍ਹ ਕੇ ਲੱਕੜਾਂ ਵੱਢ ਰਿਹਾ ਸੀ। ਉਸ ਦਾ ਕੁਹਾੜਾ ਹੇਠ ਵਗਦੀ ਨਦੀ ਵਿਚ ਡਿੱਗ ਪਿਆ। ਉਸ ਨੇ ਸੁਣਿਆ ਹੋਇਆ ਸੀ ਕਿ ਪਾਣੀ ਆਪਣੇ ਵਿਚ ਡਿਗੀ ਚੀਜ਼ ਨੂੰ ਨਾਲ ਬਹਾ ਕੇ ਲੈ ਜਾਂਦਾ ਹੈ। ਇਸ ਲਈ ਉਹ ਹੇਠ ਉਤਰ ਕੇ ਵਹਿੰਦੇ ਪਾਣੀ ਨਾਲ ਭੱਜਦਾ ਹੋਇਆ ਪੰਜ ਛੇ ਕਦਮ ਅੱਗੇ ਜਾ ਕੇ ਕੁਹਾੜਾ ਢੂੰਡਣ ਲੱਗਾ। ਜਦੋਂ ਨਾ ਮਿਲਿਆ ਤਾਂ ਹਾਰ ਕੇ ਪਿੰਡ ਦੇ ਇੱਕ ਸਿਆਣੇ ਮਨੁੱਖ ਨੂੰ ਪੁੱਛਣ ਗਿਆ ਕਿ ਦਰਿਆ ਵਿਚ ਡਿੱਗਿਆ ਉਸ ਦਾ ਕੁਹਾੜਾ ਲੱਭਦਾ ਕਿਉਂ ਨਹੀਂ?
ਸਿਆਣੇ ਮਨੁੱਖ ਨੇ ਸਾਰਾ ਮਸਲਾ ਸਮਝ ਕੇ ਉਸ ਨੂੰ ਸਲਾਹ ਦਿੱਤੀ ਕਿ ਜਿਸ ਥਾਂ ਤੋਂ ਟਾਹਣਾ ਕੱਟਦਿਆਂ ਕੁਹਾੜਾ ਡਿਗਿਆ ਸੀ, ਉਹ ਉਸ ਤੋਂ ਸਿੱਧਾ ਹੇਠ ਵਾਲੀ ਥਾਂ ‘ਤੇ ਗੋਤਾ ਮਾਰ ਕੇ ਲੱਭੇ। ਲੱਕੜਹਾਰੇ ਨੇ ਉਸ ਦੀ ਸਲਾਹ ‘ਤੇ ਅਮਲ ਕੀਤਾ ਤੇ ਉਸ ਨੂੰ ਉਸ ਦਾ ਕੁਹਾੜਾ ਮਿਲ ਗਿਆ। ਇਕ ਦਿਨ ਫਿਰ ਜਦੋਂ ਉਹੀ ਲੱਕੜਹਾਰਾ ਕਿਸ਼ਤੀ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ ਤਾਂ ਉਸ ਦਾ ਚੱਪੂ ਨਦੀ ਵਿਚ ਡਿੱਗ ਪਿਆ। ਉਸ ਲਕੀਰ ਦੇ ਫਕੀਰ ਨੇ ਕਿਸ਼ਤੀ ਰੋਕੀ ਤੇ ਉਤਰ ਕੇ ਚੱਪੂ ਘੁਮਾਉਣ ਵਾਲੇ ਕੁੰਡੇ ਦੇ ਬਿਲਕੁਲ ਹੇਠ ਜਿੱਥੋਂ ਚੱਪੂ ਡਿਗਿਆ ਸੀ, ਲੱਭਣ ਲੱਗਾ। ਉਦੋਂ ਤੀਕ ਕਿਸ਼ਤੀ ਕਈ ਕਦਮ ਅੱਗੇ ਵਹਿ ਆਈ ਸੀ, ਇਸ ਲਈ ਉਥੇ ਉਸ ਨੂੰ ਚੱਪੂ ਨਾ ਮਿਲਿਆ। ਉਹ ਕਿਸ਼ਤੀ ਨੂੰ ਕਿਨਾਰੇ ਲਾ ਪਿੰਡ ਦੇ ਉਸੇ ਸਿਆਣੇ ਪੁਰਸ਼ ਕੋਲ ਫਿਰ ਗਿਆ ਤੇ ਬੋਲਿਆ, “ਤੁਹਾਡੀ ਸਲਾਹ ਇਕੋ ਵਾਰ ਕੰਮ ਆਈ ਜੀ, ਦੂਜੀ ਵਾਰ ਨਹੀਂ। ਅੱਜ ਕਿਸ਼ਤੀ ‘ਚ ਜਾਂਦਿਆਂ ਚੱਪੂ ਨਦੀ ਵਿਚ ਡਿੱਗ ਪਿਆ। ਕਿਸ਼ਤੀ ਰੋਕ ਕੇ ਜਿਸ ਕੁੰਡੀ ਤੋਂ ਡਿਗਿਆ ਸੀ, ਉਸ ਦੇ ਹੇਠ ਵਾਲੀ ਥਾਂ ਗੋਤੇ ਮਾਰੇ, ਪਰ ਨਹੀਂ ਮਿਲਿਆ।”
ਸਿਆਣੇ ਮਨੁੱਖ ਨੇ ਪੂਰੀ ਗੱਲ ਸਮਝ ਕੇ ਕਿਹਾ, “ਸਲਾਹ ਤਾਂ ਮੈਂ ਠੀਕ ਦਿੱਤੀ ਸੀ, ਪਰ ਤੂੰ ਆਪਣੀ ਅਕਲ ਬਿਲਕੁਲ ਨਹੀਂ ਵਰਤੀ। ਵਾਪਸ ਜਾਹ। ਚੱਪੂ ਡਿਗਣ ਵੇਲੇ ਕਿਸ਼ਤੀ ਜਿਸ ਥਾਂ ‘ਤੇ ਸੀ, ਉਥੇ ਹੀ ਵਾਪਸ ਮੋੜ ਕੇ ਲਿਜਾ ਤੇ ਫਿਰ ਉਸ ਦੇ ਕੁੰਡੇ ਦੀ ਸੇਧ ਵਿਚ ਹੇਠ ਗੋਤਾ ਮਾਰ ਕੇ ਲੱਭੀਂ, ਮਿਲ ਜਾਵੇਗਾ।”
ਲੱਕੜਹਾਰੇ ਨੇ ਉਵੇਂ ਹੀ ਕੀਤਾ ਤੇ ਉਸ ਨੂੰ ਆਪਣਾ ਚੱਪੂ ਲੱਭ ਗਿਆ। ਪਿੰਡ ਦਾ ਸਿਆਣਾ ਮਨੁੱਖ ਕੋਈ ਪੀਰ ਪੈਗੰਬਰ ਨਹੀਂ ਸੀ। ਉਹ ਆਮ ਸਮਝ ਵਾਲਾ ਇਕ ਪੇਂਡੂ ਬੰਦਾ ਸੀ, ਜੋ ਜਾਣਦਾ ਸੀ ਕਿ ਲੱਕੜਹਾਰੇ ਦੇ ਔਜਾਰ ਦੋ ਵਾਰ ਪਾਣੀ ਵਿਚ ਡਿੱਗੇ, ਦੋਵੇਂ ਵਾਰ ਉਸ ਨੇ ਆਪਣੀ ਅਕਲ ਨਾ ਵਰਤਣ ਦੀ ਥਾਂ ਸੁਣੀ-ਸੁਣਾਈ ਵਰਤੀ ਤੇ ਉਨ੍ਹਾਂ ਨੂੰ ਕੱਢ ਨਾ ਸਕਿਆ। ਉਸ ਨੇ ਲੱਕੜਹਾਰੇ ਨੂੰ ਰੂੜ੍ਹੀ ਦੀ ਥਾਂ ਅਕਲ ਤੋਂ ਕੰਮ ਲੈਣ ਦੀ ਗੱਲ ਸਮਝਾਈ ਤਾਂ ਉਹ ਕਾਮਯਾਬ ਹੋਇਆ।
ਫਿਰ ਗੁਰੂ ਨਾਨਕ ਤਾਂ ਹੋਇਆ ਜਗਤ ਗੁਰੂ, ਜਿਸ ਨੇ ਅਕਲ ਦੀ ਗੱਲ ਸਭ ਨੂੰ ਦੇਣੀ ਸੀ। ਬੇਸਮਝੀ ਦੀਆਂ ਰਸਮਾਂ ਦਾ ਤਾਂ ਉਨ੍ਹਾਂ ਧੁਰੋਂ ਵਿਰੋਧ ਕੀਤਾ ਸੀ, ਚਾਹੇ ਉਹ ਕਿਤੇ ਵੀ ਮੰਨੀਦੀਆਂ ਹੋਣ। ਬ੍ਰਾਹਮਣਵਾਦ ਕੋਈ ਬ੍ਰਾਹਮਣਾਂ ਨਾਲ ਚਿਮੜੀ ਚੀਜ਼ ਨਹੀਂ, ਸਗੋਂ ਇਹ ਤਾਂ ਇਕ ਮੋਰੀਬੰਦ ਸੋਚ ਪ੍ਰਣਾਲੀ ਹੈ, ਜੋ ਕਿਸੇ ਵੀ ਸੂਝ-ਰਹਿਤ ਇਨਸਾਨ ਦੇ ਦਿਮਾਗ ਵਿਚ ਪਈ ਹੋ ਸਕਦੀ ਹੈ। ਇਸ ਲਈ ਗੁਰੂ ਸਾਹਿਬ ਜਿੰਨੇ ਹਿੰਦੂ ਬ੍ਰਾਹਮਣਵਾਦੀਆਂ ਦੇ ਆਲੋਚਕ ਸਨ, ਉਨੇ ਹੀ ਇਸਲਾਮਿਕ ਰੂੜ੍ਹੀਵਾਦੀਆਂ ਦੇ ਵੀ। ਇਨ੍ਹਾਂ ਸੋਚ ਕੁਰੀਤੀਆਂ ਕਰਕੇ ਤਾਂ ਉਨ੍ਹਾਂ ਨੇ ਨਾਥ ਜੋਗੀਆਂ ਤੇ ਡੇਰੇਵਾਦੀਆਂ ਨੂੰ ਵੀ ਨਹੀਂ ਸੀ ਬਖਸ਼ਿਆ। ਉਨ੍ਹਾਂ ਨੇ ਆਪਣੇ ਸਮੇਂ ਦੇ ਤਿੰਨਾਂ ਰੂੜ੍ਹੀਵਾਦੀ ਸਮੁਦਾਇਆਂ ਦੀਆਂ ਕੁਰੀਤੀਆਂ ਦਾ ਪੁਰਜੋਰ ਖੰਡਨ ਕੀਤਾ। ਜੇ ਅਜੋਕਾ ਸਿੱਖ ਸਮਾਜ ਉਸ ਵੇਲੇ ਹੁੰਦਾ ਤਾਂ ਨਿਸ਼ਚਿਤ ਤੌਰ ‘ਤੇ ਉਹ ਇਸ ਦੀਆਂ ਤਰਕਹੀਣ ਪਰੰਪਰਾਵਾਂ ਨੂੰ ਵੀ ਉਨੀ ਹੀ ਬੇਕਿਰਕੀ ਨਾਲ ਨਕਾਰਦੇ। ਉਨ੍ਹਾਂ ਦਾ ਉਦੇਸ਼ ਗਲਤ ਸੋਚ ਦੀ ਨਿਖੇਧੀ ਕਰਨਾ ਸੀ, ਨਾ ਕਿ ਕਿਸੇ ਸਮੁਦਾਏ ਦੇ ਲੋਕਾਂ ਦੀ। ਉਹ ਲੋਕਾਂ ਦੀ ਹਰ ਉਸ ਸੋਚ ਨੂੰ ਸਹੀ ਲੀਹ ‘ਤੇ ਲਿਆਉਣਾ ਚਾਹੁੰਦੇ ਸਨ, ਜੋ ਯਥਾਰਥਕ ਭਾਵ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦੀ ਹੋਵੇ। ਉਹ ਭਗਤੀ ਲਹਿਰ ਦੇ ਨਹੀਂ, ਜਾਗ੍ਰਿਤੀ ਲਹਿਰ ਦੇ ਬਾਨੀ ਸਨ। ਉਨ੍ਹਾਂ ਦੀ ਜਾਗ੍ਰਿਤੀ ਪੱਛਮ ਦੀ ਪੁਨਰ-ਜਾਗ੍ਰਿਤੀ ਲਹਿਰ ਵਾਂਗ ਅਫਲਾਤੂਨ (ਫਲਅਟੋ) ਤੇ ਅਰਸਤੂ (Aਰਸਿਟੋਟਲe) ਦੀਆਂ ਲਿਖਤਾਂ ਤੋਂ ਪ੍ਰੇਰਿਤ ਨਹੀਂ ਸੀ, ਸਗੋਂ ਉਨ੍ਹਾਂ ਦੀ ਆਪਣੀ ਪ੍ਰਤਿਭਾ ਤੋਂ ਪ੍ਰੇਰਿਤ ਸੀ। ਉਹ ਆਮ ਸਮਝ (ਚੋਮਮੋਨ ਸeਨਸe) ਦੇ ਧਨੀ ਸਨ ਤੇ ਆਮ ਸਮਝ ਤਰਕ ਅਤੇ ਵਿਵੇਕ ਨੂੰ ਨਾਲ ਲੈ ਕੇ ਚਲਦੀ ਹੈ।
ਫਿਰ ਜੋ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਅੱਜ ਵੀ ਸੁਣੀ ਗੱਲ ‘ਤੇ ਭਰੋਸਾ ਕਰਕੇ ‘ਸਤਿ ਬਚਨ’ ਕਹਿਣ ਨੂੰ ਗੁਰਬਾਣੀ ਮੰਨਦੇ ਹਨ, ਉਨ੍ਹਾਂ ਨੂੰ ਕੀ ਕਹੀਏ? ‘ਸੁਣੀਐ’ ਦੀਆਂ ਸਾਰੀਆਂ ਪਉੜੀਆਂ ਬਾਰੇ ਉਨ੍ਹਾਂ ਦੀ ਇਹੀ ਧਾਰਨਾ ਰਹੀ ਹੈ। ਇਸ ਮੁੱਖ ਸ਼ਬਦ ਦੀ ਆਖਰੀ ਪਉੜੀ, ਜੋ ਹੇਠ ਦਿੱਤੀ ਗਈ ਹੈ, ਦੀ ਵਿਆਖਿਆ ਵੀ ਉਹ ਇਵੇਂ ਹੀ ਕਰਦੇ ਹਨ।
ਸੁਣਿਐ ਸਰਾ ਗੁਣਾ ਕੇ ਗਾਹ॥
ਸੁਣਿਐ ਸੇਖ ਪੀਰ ਪਾਤਿਸਾਹ॥
ਸੁਣਿਐ ਅੰਧੇ ਪਾਵਹਿ ਰਾਹੁ॥
ਸੁਣਿਐ ਹਾਥ ਹੋਵੈ ਅਸਗਾਹੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥੧੧॥
ਇਸ ਪਉੜੀ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਭਾਈ ਵੀਰ ਸਿੰਘ ਆਪਣੇ ਜਪੁ ਜੀ ਸਟੀਕ ਵਿਚ ਲਿਖਦੇ ਹਨ, “ਸੁਣਨੇ ਨਾਲ ਗੁਣਾਂ ਦੇ ਸਰਾਂ ਦੇ ਜਾਣਨਹਾਰ ਹੋ ਜਾਈਦਾ ਹੈ। ਸੁਣਨੇ ਨਾਲ ਸ਼ੇਖ, ਪੀਰ ਤੇ ਪਾਤਸ਼ਾਹ (ਭਾਵ ਦੀਨ ਦੁਨੀ ਦੇ ਵੱਡੇ) ਬਣ ਜਾਈਦਾ ਹੈ। ਸੁਣਨੇ ਨਾਲ ਅੰਨ੍ਹੇ (ਗਯਾਨਹੀਨ ਲੋਕ ਗਯਾਨ ਦਾ) ਮਾਰਗ ਪਾ ਲੈਂਦੇ ਹਨ। ਸੁਣਨੇ ਨਾਲ (ਸੁਣਨ ਵਾਲੇ ਨੂੰ) ਅਥਾਹ (ਭਵ ਸਾਗਰ) ਹਥਾਲੜਾ ਹੋ ਜਾਂਦਾ ਹੈ। (ਪਰੰਤੂ) ਭਗਤਾਂ ਨੂੰ ਸੁਣਨੇ ਨਾਲ ਪਾਪਾਂ ਦਾ ਨਾਸ਼, ਦੁੱਖਾਂ ਦਾ ਵਿਨਾਸ਼ ਤੇ ਸਦਾ ਦਾ ਅਨੰਦ ਪ੍ਰਾਪਤ ਹੁੰਦਾ ਹੈ, ਹੇ ਨਾਨਕ।” (ਵੇਖੋ ੱੱੱ।ਸਕਿਹਬੋਕਚਲੁਬ।ਚੋਮ, ਫ। 77-78)।
ਇਸ ਪਉੜੀ ਦੀ ਅਜਿਹੀ ਵਿਆਖਿਆ ਇੱਕਲੇ ਭਾਈ ਵੀਰ ਸਿੰਘ ਨੇ ਨਹੀਂ ਕੀਤੀ, ਸਗੋਂ ਹਰ ਉਸ ਵਿਦਵਾਨ ਨੇ ਕੀਤੀ ਹੈ, ਜਿਸ ਨੇ ਵੀ ਇਸ ਦਾ ਟੀਕਾ (ਟਰਅਨਸਲਅਟਿਨ) ਕੀਤਾ ਹੈ।
ਆਪਣੀ ਇਸ ਵਿਆਖਿਆ ਵਿਚ ਵਿਚ ਭਾਈ ਸਾਹਿਬ ਨੇ ਸੁਣਨ ਦੀ ਪ੍ਰਸ਼ੰਸਾ ਤਾਂ ਕੀਤੀ ਹੈ, ਪਰ ਉਸ ਨੇ ਰੱਬ ਤੇ ਪਰਮਾਤਮਾ ਦਾ ਨਾਂ ਕਿਤੇ ਨਹੀਂ ਵਰਤਿਆ। ਉਂਜ ਇਹ ਗੱਲ ਉਸ ਨੂੰ ਦੂਜੇ ਅਧਿਆਤਮਵਾਦੀ ਟੀਕਾਕਾਰਾਂ ਤੋਂ ਨਿਖੇੜਦੀ ਨਹੀਂ, ਕਿਉਂਕਿ ਇਸੇ ਭਾਵ ਦੀਆਂ ਪਹਿਲੀਆਂ ਤਿੰਨੇ ਪਉੜੀਆਂ ਵਿਚ ਉਸ ਨੇ ਸੁਣਿਐ ਦੀ ਵਿਆਖਿਆ ‘ਨਾਮ’ ਦੇ ਸੰਦਰਭ ਵਿਚ ਹੀ ਕੀਤੀ ਹੈ। ਇਸ ਲਈ ਇਸ ਪਉੜੀ ਦੀ ਵਿਆਖਿਆ ਵਿਚ ਵੀ ‘ਨਾਮ’ ਦਾ ਅਰਥ ਅੰਦਰਖਾਤੇ ਸ਼ਾਮਲ ਹੈ। ਕਈ ਵਿਦਵਾਨ ਸੋਚਣਗੇ ਕਿ ਇਹ ਪਰਮਾਤਮਾ ਦੇ ਨਾਮ ਨਾਲ ਕੇਹੀ ਅਲਰਜ਼ੀ ਹੈ ਕਿ ਜਿਸ ਨੂੰ ਸਭ ਲੋਕ ਜਪਦੇ ਹਨ, ਉਸੇ ਨੂੰ ਗੁਰੂ ਸਾਹਿਬ ਦੀ ਬਾਣੀ ਤੋਂ ਦੂਰ ਰੱਖਣ ਨੂੰ ਵਡਿਆਇਆ ਜਾ ਰਿਹਾ ਹੈ! ਪਰ ਗੱਲ ਅਲਰਜ਼ੀ ਦੀ ਨਹੀਂ, ਸਗੋਂ ਗੱਲ ਨਦਰਿ ਦੀ ਹੈ, ਵਫਾਦਾਰੀ ਦੀ ਹੈ ਤੇ ਸਿਧਾਂਤ ਦੀ ਹੈ। ਜੋ ਗੱਲ ਗੁਰੂ ਸਾਹਿਬ ਨੇ ਲਿਖੀ ਹੀ ਨਹੀਂ, ਉਸ ਨੂੰ ਲਿਖਤ ਵਿਚ ਸ਼ਾਮਲ ਕਰਨਾ ਪੱਖਪਾਤੀ ਰੁਝਾਨ ਹੈ। ਜੋ ਮਿਲਾਵਟ ਕਰਨ ਦੇ ਤੁਲ ਹੈ।
ਗੁਰੂ ਸਾਹਿਬ ਵਲ ਵਫਾਦਾਰੀ ਦਾ ਪਹਿਲਾ ਪੜਾਉ ਇਹ ਹੈ ਕਿ ਉਨ੍ਹਾਂ ਦੀ ਲਿਖਤ ਵਲ ਵਫਾਦਾਰੀ ਨਿਭਾਈ ਜਾਵੇ, ਭਾਵ ਉਸ ਨੂੰ ਜਿਉਂ ਦੀ ਤਿਉਂ ਲਿਆ ਜਾਵੇ। ਇਹ ਇਸ ਲਈ ਕਿ ਵਿਗਾੜ ਪਾਉਣ ਵਾਲੇ ਦੀ ਸੋਚ ਗੁਰੂ ਸਾਹਿਬ ਦੀ ਸੋਚ ਤੋਂ ਨਿਸ਼ਚੇ ਹੀ ਭਿੰਨ ਹੈ। ਇਸ ਵਿਚ ਉਨ੍ਹਾਂ ਦਾ ਦਿੱਤਾ ਸਿੱਖੀ ਸਿਧਾਂਤ ਹੈ, ਜੋ ਵਾਲੋਂ ਨਿੱਕਾ ਖੰਨਿਓਂ ਤਿੱਖਾ ਹੈ। ਲਿਖਤ ਨੂੰ ਵਿਗਾੜਨ ਨਾਲ ਇਹ ਸਿਧਾਂਤ ਬਦਲ ਜਾਵੇਗਾ ਤੇ ਪਾਠਕ ਦਾ ਧਿਆਨ ਗੁਰੂ ਸਾਹਿਬ ਦੀ ਸੋਚ ਤੋਂ ਹਟ ਕੇ ਵਿਗਾੜ ਪਾਉਣ ਵਾਲੇ ਦੀ ਸੋਚ ਵਲ ਤਿਲ੍ਹਕ ਜਾਵੇਗਾ। ਸਿੱਖ ਸ਼ਰਧਾਲੂ ਗੁਰਬਾਣੀ ਨੂੰ ਗੁਰੂ ਦੀ ਸਿੱਖਿਆ ਨਾਲ ਜੁੜਨ ਲਈ ਪੜ੍ਹਦੇ ਹਨ, ਨਾ ਕਿ ਟੀਕਾਕਾਰਾਂ, ਪ੍ਰਚਾਰਕਾਂ, ਪੁਜਾਰੀਆਂ ਤੇ ਡੇਰੇਦਾਰ ਸਾਧਾਂ-ਸੰਤਾਂ ਦੀ ਸਿੱਖਿਆ ਨਾਲ। ਇਸ ਲਈ ਬਾਣੀ ਦੇ ਵਿਆਖਿਆਕਾਰਾਂ ਦੀ ਬੜੀ ਭਾਰੀ ਜਿੰਮੇਵਾਰੀ ਬਣਦੀ ਹੈ ਕਿ ਉਹ ਪੂਰੀ ਖੋਜ ਭਾਲ ਪਿਛੋਂ ਬਾਣੀ ਦੇ ਸਹੀ ਤੇ ਬਣਦੇ ਅਰਥ ਦੱਸਣ।
ਜੇ ਇਸ ਪਉੜੀ ਨੂੰ ਨਿਰਪੱਖਤਾ ਨਾਲ ਪੜ੍ਹਿਆ ਜਾਵੇ ਤਾਂ ਅਰਥ ਕੁਝ ਹੋਰ ਬਣਦੇ ਹਨ। ਸੁਣਿਐ ਸ਼ਬਦ ਨਾਲ ਅਰੰਭ ਹੋਣ ਵਾਲੀਆਂ ਚਾਰੇ ਪਉੜੀਆਂ ਦੇ ਮੁਢਲੇ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਪਹਿਲੀਆਂ ਤਿੰਨ ਹਿੰਦੂਵਾਦ ਨਾਲ ਸਬੰਧ ਰੱਖਦੀਆਂ ਹਨ ਤੇ ਚੌਥੀ ਇਸਲਾਮ ਨਾਲ। ਇਸ ਲਈ ਇੱਥੇ ‘ਸਰਾ’ ਦਾ ਸ਼ਬਦ ਗੁਰੂ ਸਾਹਿਬ ਨੇ ਸਰੋਵਰ ਜਾਂ ਸਾਗਰ ਵਜੋਂ ਨਹੀਂ ਵਰਤਿਆ, ਸਗੋਂ ਇਸਲਾਮੀ ਸ਼ਰੀਅਤ ਭਾਵ ਕੁਰਾਨ ਸ਼ਰੀਫ ਦੇ ਨਿਯਮਾਂ ਲਈ ਵਰਤਿਆ ਹੈ। ਇਸ ਨੂੰ ਸਰੋਵਰ ਦੱਸ ਕੇ ਭਾਈ ਸਾਹਿਬ ਨੇ ਇਸ ਸ਼ਬਦ ਦੇ ਵਾਜਬ ਅਰਥ ਨਹੀਂ ਕੀਤੇ ਹਨ; ਪਰ ਜੇ ਇਸ ਤੱਥ ਨੂੰ ਅਣਗੌਲਿਆ ਵੀ ਕਰ ਦੇਈਏ ਤਾਂ ਵੀ ਉਨ੍ਹਾਂ ਦੀ ਵਿਆਖਿਆ ਮੰਨਣਯੋਗ ਨਹੀਂ, ਕਿਉਂਕਿ ਇਹ ਯਥਾਰਥਕ ਮੁੱਲਾਂ ਦੇ ਨੇੜੇ-ਤੇੜੇ ਵੀ ਨਹੀਂ ਹੈ। ਮਿਸਾਲ ਵਜੋਂ ਸੁਣਨ ਨਾਲ ਲੋਕ ਗੁਣਾਂ ਦੇ ਸਾਗਰ ਭਾਵ ਰੱਬ ਦੇ ਜਾਣਨਹਾਰ ਨਹੀਂ ਹੋ ਸਕਦੇ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ‘ਗੁਣਾਂ ਦੇ ਸਾਗਰ’ ਦਾ ਤਾਂ ਹਾਲੇ ਨਾਮ ਵੀ ਪਤਾ ਨਹੀਂ ਹੈ। ਉਸ ਦੇ ਤਾਂ ਹਾਲੇ ਗੁਣ ਵੀ ਪਤਾ ਕਰਨੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਸ ਨਾਮ ਦਾ ਪਤਾ ਚਲੇਗਾ। ਉਸ ਦੀ ਤਾਂ ਅਜੇ ਸੇਧ ਵੀ ਪਤਾ ਨਹੀਂ ਹੈ। ਇਹ ਸੇਧ ਵੀ ਉਸ ਦੇ ਨਿਯਮਾਂ ਦਾ ਅਧਿਐਨ ਕਰਨ ਪਿਛੋਂ ਹੀ ਪਤਾ ਚਲੇਗੀ। ਇਹ ਸੇਧ ਵੀ ਧੁੰਦਲੇ ਹਨੇਰੇ ਵਿਚ ਦੂਰ ਝੂਲਦੇ ਨਿਸ਼ਾਨ ਜਿਹੀ ਹੀ ਹੋਵੇਗੀ। ਇਸ ਹਨੇਰੇ ਨੂੰ ਉਜਾਲੇ ਵਿਚ ਬਦਲਣ ਲਈ ਪਤਾ ਨਹੀਂ ਹੋਰ ਕਿੰਨੀ ਮਿਹਨਤ ਕਰਨੀ ਪਵੇਗੀ?
ਗੁਰੂ ਸਾਹਿਬ ਅਨੁਸਾਰ ਇਸ ਮੁਸ਼ੱਕਤ ਭਰੇ ਕਾਰਜ ਨੂੰ ਸਦੀਆਂ ਭਰ ਤੋਂ ਅਣਗਿਣਤ ਲੋਕ ਕਰ ਕੇ ਚਲੇ ਗਏ ਹਨ ਤੇ ਬਾਕੀ ਰਹਿੰਦੇ ਨੂੰ ਅਣਗਿਣਤ ਖੋਜੀ ਭਵਿੱਖ ਵਿਚ ਕਰਨਗੇ, ਤਾਂ ਜਾ ਕੇ ਕਿਤੇ ਗੋਹੜੇ ‘ਚੋਂ ਕੋਈ ਪੂਣੀ ਕੱਤੀ ਜਾਵੇਗੀ। ਭਾਈ ਵੀਰ ਸਿੰਘ ਦੀ ਵਿਆਖਿਆ ਅਨੁਸਾਰ ਸੁਣਨ ਵਾਲਿਆਂ ਨੂੰ ਉਸ ਦਾ ਨਾਮ ਵੀ ਪਤਾ ਹੈ ਤੇ ਇਸ ਨੂੰ ਸੁਣ ਨਾਲ ਉਨ੍ਹਾਂ ਨੂੰ ਗਿਆਨ ਵੀ ਹੋ ਚੁਕਾ ਹੈ! ਹੈਰਾਨੀ ਹੈ ਕਿ ਇੱਡੀ ਵੱਡੀ ਅਤਿ-ਕਥਨੀ ਸੁਣ ਕੇ ਸ਼ਰਧਾਵਾਨ ਸਿੱਖ ਸ਼ਰਧਾਲੂ ਇਸ ਨੂੰ ਬੜੇ ਸਾਲਾਂ ਤੋਂ ਸਨਮਾਨਪੂਰਵਕ ਮੰਨੀ ਜਾ ਰਹੇ ਹਨ!
ਭਾਈ ਸਾਹਿਬ ਹੋਰ ਅੱਗੇ ਲਿਖਦੇ ਹਨ ਕਿ ਸੁਣਨ ਨਾਲ ਸ਼ੇਖ, ਪੀਰ ਤੇ ਪਾਤਸ਼ਾਹ ਭਾਵ ਦੀਨ ਦੁਨੀ ਦੇ ਵੱਡੇ ਬਣ ਜਾਈਦਾ ਹੈ, ਪਰ ਜੇ ਇੱਦਾਂ ਹੋਵੇ ਫਿਰ ਤਾਂ ਦੁਨੀਆਂ ਵਿਚ ਸਾਰੇ ਹੀ ਪੀਰ ਪਾਤਸ਼ਾਹ ਹੋ ਜਾਣ ਤੇ ਆਮ ਆਦਮੀ ਕੋਈ ਨਾ ਰਹੇ, ਕਿਉਂਕਿ ਕੁਝ ਨਾ ਕੁਝ ਤਾਂ ਸਾਰੇ ਹੀ ਸੁਣਦੇ ਹਨ। ਚਾਰੇ ਪਾਸੇ ਸੁਣਨ ਦਾ ਹੀ ਤਾਂ ਬੋਲ ਬਾਲਾ ਹੈ। ਨਾਲ ਸਮੱਸਿਆ ਇਹ ਵੀ ਹੈ ਕਿ ਸੁਣਨ ਵਾਲਾ ਸੁਣੇ ਕੀ? ਕੀ ਉਹ ਕੁਰਾਨ ਸ਼ਰੀਫ ਸੁਣੇ ਕਿ ਉਪਨਿਸ਼ਦ ਸੁਣੇ? ਕਈ ਸੁਣਨ ਵਾਲੇ ਇਨ੍ਹਾਂ ਨੂੰ ਵੀ ਸੁਣਦੇ ਹਨ, ਪਰ ਉਹ ਤਾਂ ਕੋਈ ਪੀਰ ਪਾਤਸ਼ਾਹ ਨਹੀਂ ਹੋਏ। ਫਿਰ ਕੀ ਉਹ ਗੁਰੂ ਸਾਹਿਬ ਨੂੰ ਜਾਂ ਉਨ੍ਹਾਂ ਦੀ ਬਾਣੀ ਨੂੰ ਸੁਣਨ? ਉਹ ਵੀ ਕਈ ਕੋਟ ਲੋਕਾਂ ਨੇ ਪੜ੍ਹੀ ਤੇ ਸੁਣੀ। ਕਈਆਂ ਨੂੰ ਤਾਂ ਲਾਊਡ ਸਪੀਕਰਾਂ ‘ਤੇ ਘਰ ਬੈਠੇ ਹੀ ਸੁਣਾਈ ਗਈ, ਪਰ ਉਨ੍ਹਾਂ ਵਿਚੋਂ ਵੀ ਕੋਈ ਵੀ ਸ਼ੇਖ ਪੀਰ ਪਾਤਸ਼ਾਹ ਨਹੀਂ ਬਣਿਆ। ਕਿਸੇ ਦਾ ‘ਅਥਾਹ ਭਵਸਾਗਰ ਹਥਾਲੜਾ’ ਵੀ ਨਾ ਹੋਇਆ। ਉਨ੍ਹਾਂ ਦੇ ਦੂਖ ਪਾਪ ਵੀ ਦੂਰ ਨਹੀਂ ਹੋਏ ਤੇ ਨਾ ਹੀ ਕਿਸੇ ਦੇ ਕਸ਼ਟਾਂ ਦਾ ਨਾਸ਼ ਹੋਇਆ ਹੈ। ਜੇ ਕਿਸੇ ਦਾ ਕੁਝ ਵੀ ਦੱਸੇ ਅਨੁਸਾਰ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਅਨੰਦ ਕਿਸ ਚੀਜ਼ ਦਾ ਆਇਆ?
ਸਵਾਲ ਹੈ ਕਿ ਕੀ ਗੁਰੂ ਸਾਹਿਬ ਅਜਿਹੀਆਂ ਅਰਥਹੀਣ ਗੱਲਾਂ ਕਹਿ ਸਕਦੇ ਸਨ, ਜੋ ਤਰਕ ਦੇ ਕਲਾਵੇ ਵਿਚ ਨਾ ਆ ਸਕਣ? ਜੇ ਨਹੀਂ, ਤਾਂ ਜਾਂ ਲਿਖਣ ਵਾਲਾ ਗਲਤ ਹੈ ਜਾਂ ਵਿਆਖਿਆਕਾਰ ਗਲਤ ਹੈ; ਪਰ ਲਿਖਣ ਵਾਲਾ ਗੁਰੂ ਤਾਂ ਤਰਕ-ਮਜ਼ਮੂਨ ਦਾ ਪੂਰਾ ਮਾਹਿਰ ਹੈ, ਜੋ ਅਜਿਹੀ ਗਲਤੀ ਨਹੀਂ ਕਰ ਸਕਦਾ। ਇਹ ਸਿੱਧ ਕਰਦਾ ਹੈ ਕਿ ਵਿਆਖਿਆਕਾਰ ਹੀ ਗਲਤ ਹੈ।
ਫਿਰ ਸਹੀ ਵਿਆਖਿਆ ਕੀ ਹੈ? ਸਹੀ ਵਿਆਖਿਆ ਇਹ ਹੈ ਕਿ ਗੁਰੂ ਸਾਹਿਬ ਇਹ ਸਭ ਗੱਲਾਂ ਆਪਣੇ ਵਲੋਂ ਨਹੀਂ ਕਹਿ ਰਹੇ, ਸਗੋਂ ਲੋਕਾਂ ਵਲੋਂ ਅਜਿਹੀਆਂ ਪ੍ਰਚਾਰੀਆਂ ਜਾਣ ਵਾਲੀਆਂ ਗੱਲਾਂ ਦੀ ਪੋਲ ਕੱਢ ਰਹੇ ਹਨ। ਉਹ ਇਨ੍ਹਾਂ ਗੱਲਾਂ ਦੀ ਭਰੋਸੇਯੋਗਤਾ ‘ਤੇ ਸਵਾਲ ਕਰ ਕੇ ਲੋਕਾਂ ਨੂੰ, ਭਾਵ ਆਪਣੇ ਹੋਣ ਵਾਲੇ ਸਿੱਖਾਂ ਨੂੰ ਇਹ ਸੋਝੀ ਦੇ ਰਹੇ ਹਨ ਕਿ ਉਹ ਸੁਣੀਆਂ ਗੱਲਾਂ ‘ਤੇ ਬਿਨਾ ਕਿਸੇ ਪ੍ਰਮਾਣ ਯਕੀਨ ਨਾ ਕਰਨ। ਇਹ ਸਹੀ ਵਿਆਖਿਆ ਦਾ ਮੁੱਢ ਹੈ, ਕਿਉਂਕਿ ਆਮ ਸਮਝ ਅਨੁਸਾਰ ਸੁਣੀ-ਸੁਣਾਈ ਗੱਲ ਦਾ ਸਬੂਤ ਲੈ ਕੇ ਹੀ ਉਸ ਉਤੇ ਯਕੀਨ ਕੀਤਾ ਜਾਂਦਾ ਹੈ। ਇਹ ਗੱਲ ਪੂਰੀ ਤਰ੍ਹਾਂ ਤਰਕ-ਸੰਗਤ ਹੈ ਤੇ ਗੁਰੂ ਸਾਹਿਬ, ਜੋ ਆਮ ਸਮਝ ਤੇ ਤਰਕ-ਵਿਵੇਕ ਦੇ ਧਨੀ ਸਨ, ਨੇ ਵੀ ਇਹੀ ਗੱਲ ਕਹੀ ਹੈ।
ਇਸ ਪੱਕੀ ਗੱਲ ਨੂੰ ਆਧਾਰ ਬਣਾ ਕੇ ਉਪਰੋਕਤ ਪਉੜੀ ਦੇ ਸਹੀ ਅਰਥ ਇਸ ਤਰ੍ਹਾਂ ਕੀਤੇ ਜਾ ਸਕਦੇ ਹਨ, “ਸੁਣਨ ਵਿਚ ਆਉਂਦਾ ਹੈ ਕਿ ਸ਼ਰੀਅਤ ਦੇ ਐਡੇ ਵੱਡੇ ਵੱਡੇ ਧੁਰੰਦਰ ਵਿਦਵਾਨ ਪਏ ਹਨ, ਜਿਨ੍ਹਾਂ ਨੂੰ ਇਸਲਾਮੀ ਫਲਸਫੇ ਤੇ ਕਾਨੂੰਨ ਦਾ ਪੂਰਾ ਗਿਆਨ ਹੈ। ਇਹ ਵੀ ਸੁਣਨ ਵਿਚ ਆਉਂਦਾ ਹੈ ਕਿ ਇਸਲਾਮ ਦੇ ਕਈ ਗਿਆਨੀਆਂ ਨੇ ਤਾਂ ਆਪਣੀ ਵਿਦਵਤਾ ਕਾਰਨ ਸ਼ੇਖਾਂ, ਪੀਰਾਂ ਤੇ ਪਾਤਸ਼ਾਹਾਂ ਦੀਆਂ ਮਾਨਯੋਗ ਪਦਵੀਆਂ ਹਾਸਲ ਕਰ ਲਈਆਂ ਹਨ। ਸੁਣੀਦਾ ਹੈ ਕਿ ਉਹ ਅੰਨ੍ਹਿਆਂ ਨੂੰ ਵੀ ਰਸਤਾ ਦਿਖਾ ਦਿੰਦੇ ਹਨ, ਭਾਵ ਅਕਲ ਦੇ ਅੰਨ੍ਹਿਆਂ ਨੂੰ ਸਮਝ ਦੇ ਦਿੰਦੇ ਹਨ ਜਾਂ ਅਣਜਾਣ ਆਦਮੀ ਨੂੰ ਜਾਣਕਾਰੀ ਦੇ ਕੇ ਉਸ ਦੀਆਂ ਅੱਖਾਂ ਖੋਲ੍ਹ ਦਿੰਦੇ ਹਨ। ਇਹ ਵੀ ਸੁਣਿਆ ਹੈ ਕਿ ਇਨ੍ਹਾਂ ਕਰਨੀ ਵਾਲੇ ਪੁਰਸ਼ਾਂ ਦੇ ਹੱਥ ਕੋਈ ਡੂੰਘੀ ਭਾਵ ਗੈਬੀ ਸ਼ਕਤੀ ਹੁੰਦੀ ਹੈ, ਜਿਸ ਨਾਲ ਉਹ ਆਪਣਾ ਤੇ ਆਪਣੇ ਭਗਤਾਂ ਦਾ ਹਰ ਕੰਮ ਰਾਸ ਕਰ ਦਿੰਦੇ ਹਨ ਅਰਥਾਤ ਹੱਥ ਦੇ ਫੇਰ ਨਾਲ ਹੀ ਮਰਦੇ ਨੂੰ ਬਚਾ ਲੈਂਦੇ ਹਨ, ਅਣਸੁਖਾਵੀਆਂ ਘਟਨਾਵਾਂ ਮੋੜ ਦਿੰਦੇ ਹਨ, ਭਵਿੱਖਵਾਣੀ ਕਰ ਦਿੰਦੇ ਹਨ ਤੇ ਕੁਦਰਤ ਨੂੰ ਉਂਗਲੀਆਂ ‘ਤੇ ਨਚਾ ਲੈਂਦੇ ਹਨ। ਫਿਰ ਇਹ ਵੀ ਸੁਣਦੇ ਹਾਂ ਕਿ ਅਜਿਹੇ ਮਹਾਂਪੁਰਸ਼ਾਂ ਦੀ ਸੰਗਤ ਵਿਚ ਦੂਖ ਤੇ ਪਾਪ ਕੱਟੇ ਜਾਂਦੇ ਹਨ, ਭਾਵ ਕੁਦਰਤ ਦੀਆਂ ਕਰੋਪੀਆਂ ਕਾਰਨ ਆਏ ਕਸ਼ਟ ਅਤੇ ਲੋਕਾਂ ਦੇ ਆਪਣੇ ਗੁਨਾਹਾਂ ਕਾਰਨ ਪੈਦਾ ਹੋਏ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ। ਅਜਿਹਾ ਸੁਣ ਕੇ ਭਗਤ ਜਨਾਂ ਭਾਵ ਸੁਣਨ ਵਾਲਿਆਂ ਦੇ ਮਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ।” ਫਿਰ ਉਹ ਖਾਮੋਸ ਭਾਸ਼ਾ ਵਿਚ ਪੁੱਛਦੇ ਹਨ, “ਕੀ ਇਨ੍ਹਾਂ ਗੱਲਾਂ ਨੂੰ ਮੰਨ ਲਈਏ?”
ਇਹ ਲਿਖ ਕੇ ਗੁਰੂ ਸਾਹਿਬ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਂਦੇ ਹਨ। ਪਹਿਲਾ, ਉਹ ਇਹ ਦੱਸਦੇ ਹਨ ਕਿ ਗੈਬੀ ਸ਼ਕਤੀਆਂ ਬਾਰੇ ਸੁਣੀਆਂ ਸੁਣਾਈਆਂ ਕਥਾਵਾਂ ਗੱਪਾਂ ਹੁੰਦੀਆਂ ਹਨ। ਇਸ ਸੰਸਾਰ ਵਿਚ ਕਿਸੇ ਵਲੋਂ ਕੁਦਰਤ ਦੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਅਸੰਭਵ ਹੈ। ਕੋਈ ਮਨੁੱਖ ਕਿੰਨਾ ਵੀ ਗਿਆਨੀ ਕਿਉਂ ਨਾ ਹੋਵੇ, ਉਹ ਹੱਥਾਂ ‘ਤੇ ਸਰ੍ਹੋਂ ਨਹੀਂ ਜਮਾ ਸਕਦਾ। ਕੁਦਰਤ ਨੂੰ ਹੱਥ ਪਾਉਣ ਲਈ ਵਿਗਿਆਨ ਦੀ ਲੋੜ ਹੈ ਤੇ ਵਿਗਿਆਨ ਦੀ ਵਿਧੀ ਸਿੱਖੀ ਦੇ ਰਸਤੇ ਤਾਈਂ ਆਉਂਦੀ ਹੈ। ਸਿੱਖੀ ਨਦਰਿ, ਤਰਕ ਤੇ ਬੁੱਧੀ ਦੇ ਪ੍ਰਯੋਗ ਰਾਹੀਂ ਛੋਟੀਆਂ ਛੋਟੀਆਂ ਜਾਣਕਾਰੀਆਂ ਨੂੰ ਪੁਣ-ਪਰਖ ਕੇ ਸਥਾਈ ਤੱਥਾਂ ਵਿਚ ਢਾਲਣਾ ਸਿਖਾਉਂਦੀ ਹੈ। ਇਸ ਤੋਂ ਪੈਦਾ ਹੋਈ ਪ੍ਰਬੀਨਤਾ (ਸਕਲਿਲ) ਇਕ ਅਜਿਹਾ ਔਜ਼ਾਰ ਹੈ, ਜੋ ਕੁਦਰਤ ਦੀਆਂ ਪਰਤਾਂ ਫਰੋਲਦਾ ਹੈ ਤੇ ਇਸ ਦੇ ਗੁਪਤ ਨਿਯਮਾਂ ਦੀ ਖੋਜ ਕਰਦਾ ਹੈ। ਇਨ੍ਹਾਂ ਨਿਯਮਾਂ ਦੀ ਵਰਤੋਂ ਰਾਹੀਂ ਇਹ ਸ਼ਕਤੀਸ਼ਾਲੀ ਤੇ ਅਧਭੁਤ ਪ੍ਰਾਪਤੀਆਂ ਦੀ ਸਮਰੱਥਾ ਪੈਦਾ ਕਰਨ ਦਾ ਦਾਈਆ ਕਰਦੀ ਹੈ। ਸਿੱਖੀ ਹੀ ਵਿਗਿਆਨ ਹੈ ਤੇ ਹਰ ਵਿਗਿਆਨ ਅੰਦਰੋਂ ਸਿੱਖੀ ਦੇ ਵਿਧੀ-ਵਿਧਾਨ ‘ਤੇ ਹੀ ਚਲ ਰਿਹਾ ਹੈ। ਗੈਬੀ ਸ਼ਕਤੀਆਂ ਦੀ ਕਲਪਨਾ ਤੇ ਅਧਿਆਤਮਕ ਗੱਲਾਂ ਮਿਥਿਹਾਸਕ ਹਨ। ਇਨ੍ਹਾਂ ਤੋਂ ਮਨ ਨੂੰ ਮੁਕਤ ਰੱਖਣਾ ਹੀ ਸਹੀ ਸੇਧ ਹੈ।
ਦੂਜੇ ਗੁਰੂ ਸਾਹਿਬ ਨੇ ਇਸ ਪਉੜੀ ਰਾਹੀਂ ਇਹ ਧਾਰਨਾ ਨੱਕਾਰੀ ਹੈ ਕਿ ਸੁਣੀਆਂ ਗੱਲਾਂ ਸੱਚ ਹੁੰਦੀਆਂ ਹਨ। ਜਿਵੇਂ ਪਹਿਲਾਂ ਵਰਣਨ ਕੀਤਾ ਗਿਆ ਹੈ ਕਿ ਇਹ ਸੱਚ ਵੀ ਹੋ ਸਕਦੀਆਂ ਹਨ ਤੇ ਗਲਤ ਵੀ। ਸਭ ਅਫਵਾਹਾਂ ਸੁਣੀਆਂ ਸੁਣਾਈਆਂ ਹੁੰਦੀਆਂ ਹਨ ਤੇ ਇਹ ਕਿਸੇ ਗਿਆਨ ਦਾ ਹਿੱਸਾ ਨਹੀਂ ਹੋ ਸਕਦੀਆਂ। ਸੱਚ ਮੰਨਣ ਤੋਂ ਪਹਿਲਾਂ ਇਨ੍ਹਾਂ ਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਸਹੀ ਪਾਈਆਂ ਜਾਣ ਤਾਂ ਹੀ ਇਨ੍ਹਾਂ ਨੂੰ ਸੱਚ ਮੰਨਣਾ ਚਾਹੀਦਾ ਹੈ, ਨਹੀਂ ਤਾਂ ਨਹੀਂ। ਜਾਂਚ ਪੜਤਾਲ ਆਮ ਪੁੱਛ-ਗਿੱਛ ਕਰ ਕੇ ਭਾਵ ਸਰਵੇ ਰਾਹੀਂ ਵੀ ਹੋ ਸਕਦੀ ਹੈ ਤੇ ਕਿਸੇ ਗਵਾਹੀ ਦੇ ਆਧਾਰ ‘ਤੇ ਵੀ। ਇਹ ਕੋਈ ਲਿਖਤੀ ਸਬੂਤ ਜਾਂ ਪ੍ਰਮਾਣ ਪੱਤਰ ਵੇਖ ਕੇ ਵੀ ਹੋ ਸਕਦੀ ਹੈ ਤੇ ਪ੍ਰੀਖਣ ਕਰ ਕੇ ਜਾਂ ਲੈਬਾਰਟਰੀ ਟੈਸਟ ਰਾਹੀਂ ਵੀ। ਸੁਣੀ-ਸੁਣਾਈ ਗੱਲ ਨੂੰ ਪਰਖਣ ਦਾ ਇਕ ਮੋਟਾ ਤੇ ਅਹਿਮ ਤਰੀਕਾ ਇਸ ਨੂੰ ਤਰਕ ਦੀ ਕਸੌਟੀ ‘ਤੇ ਪਰਖਣਾ ਹੈ, ਪਰ ਜਾਂਚ ਪੜਤਾਲ ਕਿਸੇ ਢੰਗ ਨਾਲ ਵੀ ਹੋਵੇ, ਇਸ ਦੇ ਸਿੱਟੇ ਤਰਕ ਦੇ ਤਰਾਜ਼ੂ ਵਿਚ ਪੂਰੇ ਉਤਰਨੇ ਚਾਹੀਦੇ ਹਨ। ਪਰਖ ਜਿੰਨੀ ਸਖਤ ਹੋਵੇਗੀ, ਉਨਾ ਹੀ ਗਿਆਨ ਦਾ ਆਧਾਰ ਪੱਕਾ ਹੋਵੇਗਾ। ਵਿਗਿਆਨ ਜਿੰਨਾ ਪੱਕਾ ਤੇ ਸਥਾਈ ਹੋਵੇਗਾ, ਉਨਾ ਹੀ ਇਹ ਕੁਦਰਤ ਦੇ ਨੇੜੇ ਹੋਵੇਗਾ। ਕੁਦਰਤ ਦੇ ਪੱਕੇ ਨਿਯਮਾਂ ਦਾ ਗਿਆਨ ਵੀ ਪੱਕਾ ਹੀ ਹੋਵੇਗਾ। ਜੇ ਕੁਦਰਤ ਦੇ ਨਿਯਮਾਂ ਨੂੰ ਸਮਝ ਲਿਆ ਜਾਵੇ ਤਾਂ ਇਸ ਦੇ ਕਾਦਰ ਦੀ ਪਛਾਣ ਵੀ ਹੋ ਜਾਵੇਗੀ। ਇਸ ਤਰ੍ਹਾਂ ਗਿਆਨ ਤੇ ਵਿਗਿਆਨ ਇੱਕਠੇ ਹੋ ਕੇ ਇਕੋ ਮੰਜ਼ਿਲ ਵਿਚ ਸਮਾ ਜਾਣਗੇ। ਜੇ ਇਹ ਸਿੱਖੀ ਹੈ ਤਾਂ ਵਿਗਿਆਨ ਵੀ ਇਹੀ ਹੈ।
ਸਪਸ਼ਟ ਹੈ ਕਿ ਜੋ ਵਿਦਵਾਨ ਹੁਣ ਤੀਕ ਇਹ ਕਹਿੰਦੇ ਆ ਰਹੇ ਸਨ ਕਿ ਸਿੱਖੀ ਦਾ ਵਿਗਿਆਨ ਨਾਲ ਕੋਈ ਸਬੰਧ ਨਹੀਂ, ਉਹ ਇਸ ਲਈ ਖੰਭ ਮਾਰ ਰਹੇ ਸਨ ਕਿ ਉਨ੍ਹਾਂ ਨੇ ਹਾਲੇ ਜਪੁਜੀ ‘ਪੜ੍ਹਿਆ’ ਨਹੀਂ ਸੀ। ਉਨ੍ਹਾਂ ਵਿਚੋਂ ਜੇ ਕੋਈ ਹੁਣ ਵੀ ਉਸੇ ਸ਼ੱਕ ਵਿਚ ਫਸਿਆ ਹੋਵੇ ਤਾਂ ਉਹ ਅਗਲੀ ਪਉੜੀ ਦੀ ਵਿਆਖਿਆ ਦਾ ਇੰਤਜਾਰ ਕਰੇ।