ਦਿੱਲੀ ਵਿਚ ਬਣੇਗੀ ਚੁਰਾਸੀ ਦੇ ਸਿੱਖ ਕਤਲੇਆਮ ਦੀ ਯਾਦਗਾਰ

ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਵਿਚ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਚ ਇਕ ਯਾਦਗਾਰ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ ਇਸ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਨਵੰਬਰ 1984 ਵਿਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ 1984 ਵਿਚ ਹਮਲਾਵਰਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦੋ ਸੇਵਕਾਂ ਨੂੰ ਕਤਲ ਕਰ ਦਿੱਤਾ ਸੀ ਤੇ ਗੁਰਦੁਆਰੇ ਦੀ ਇਮਾਰਤ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਸੀ। 
ਇਸ ਲਈ ਇਸੇ ਕਤਲੇਆਮ ਦੇ ਸ਼ਿਕਾਰ ਹੋਏ ਹੋਰਨਾਂ ਸਿੱਖਾਂ ਦੀ ਯਾਦ ਵਿਚ ਗੁਰਦੁਆਰਾ ਰਕਾਬ ਗੰਜ ਵਿਖੇ ਯਾਦਗਾਰ ਉਸਾਰਨਾ ਬਿਲਕੁਲ ਢੁਕਵਾਂ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਬੁੱਧੀਜੀਵੀਆਂ, ਆਰਕੀਟੈਕਟਾਂ ਤੇ ਇਤਿਹਾਸਕਾਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ ਜੋ ਯਾਦਗਾਰ ਦੀ ਰੂਪ-ਰੇਖਾ ਬਾਰੇ ਆਪਣੇ ਸੁਝਾਅ ਗੁਰਦੁਆਰਾ ਕਮੇਟੀ ਨੂੰ ਦੇਵੇਗੀ। ਉਨ੍ਹਾਂ ਕਿਹਾ ਕਿ ਯਾਦਗਾਰ ਦੀ ਉਸਾਰੀ ਵਾਸਤੇ ਉਨ੍ਹਾਂ ਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਯਾਦਗਾਰ ਕਿਸੇ ਧਰਮ ਦੇ ਖਿਲਾਫ਼ ਭਾਵਨਾਵਾਂ ਭੜਕਾਉਣ ਲਈ ਨਹੀਂ ਬਲਕਿ ਮਾਰੇ ਗਏ ਬੇਦੋਸ਼ੇ ਲੋਕਾਂ ਦੀ ਯਾਦ ਨੂੰ ਸਮਰਪਤ ਕਰਕੇ ਬਣਾਈ ਜਾ ਰਹੀ ਹੈ। ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸਿੱਖ ਵਿਰੋਧੀ ਸਰਕਾਰ ਨੇ ਸਿੱਖਾਂ ਨੂੰ ਕਤਲ ਤਾਂ ਕਰਵਾਇਆ ਹੀ ਸਗੋਂ ਮ੍ਰਿਤਕਾਂ ਵਾਸਤੇ ਦੋ ਗਜ਼ ਜ਼ਮੀਨ ਵੀ ਨਾ ਦਿੱਤੀ। ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਉਨ੍ਹਾਂ ਨੇ ਕਤਲ ਹੋਏ ਲੋਕਾਂ ਦੀ ਯਾਦਗਾਰ ਬਣਾਉਣ ਵਾਸਤੇ ਕਾਤਲਾਂ ਕੋਲੋਂ ਇਜਾਜ਼ਤ ਨਹੀਂ ਲੈਣੀ। ਦਰਬਾਰ ਸਾਹਿਬ ਵਿਖੇ ਬਣੀ ਯਾਦਗਾਰ ਬਾਰੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਦਿੱਲੀ ਵਿਚ ਮਾਰੇ ਗਏ ਲੋਕ ਅਤਿਵਾਦੀ ਨਹੀਂ ਸਨ, ਇਸ ਲਈ ਯਾਦਗਾਰ ‘ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ ਜਾਣਾ ਚਾਹੀਦਾ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦ ਸਰਕਾਰ ਨੂੰ ਸੰਸਦ ਦੇ ਸਾਹਮਣੇ ਬਣਾਏ ਗਏ ਗੁਰਦੁਆਰੇ, ਦਫ਼ਤਰ ਤੇ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੀ ਉਸਾਰੀ ਨਾਲ ਕੋਈ ਦਿੱਕਤ ਨਹੀਂ ਹੋਈ ਤਾਂ ਸ਼ਹੀਦਾਂ ਦੀ ਯਾਦਗਾਰ ਦੀ ਉਸਾਰੀ ਨਾਲ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।
________________________________
‘ਸ਼ਹੀਦੀ ਯਾਦਗਾਰ ‘ਤੇ ਸਿੱਖ ਸੰਘਰਸ਼ ਦਾ ਇਤਿਹਾਸ ਰੂਪਮਾਨ ਹੋਵੇ’
ਅੰਮ੍ਰਿਤਸਰ: ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਵੱਲੋਂ ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਬਾਰੇ ਚੱਲ ਰਹੇ ਵਿਵਾਦ ਬਾਰੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਯਾਦਗਾਰ ਵਿਖੇ ਲਾਏ ਇਤਿਹਾਸ ਬੋਰਡ ਉਪਰ 13 ਅਪਰੈਲ, 1978 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਅਤਿ ਆਧੁਨਿਕ ਢੰਗ ਨਾਲ ਰੂਪਮਾਨ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਇਸ ਇਤਿਹਾਸ ਤੋਂ ਜਾਣੂ ਹੋ ਸਕਣ।
ਇਸ ਬਾਰੇ ਸ੍ਰੀ ਹਰਿਮੰਦਰ ਸਾਹਿਬ ਵਿਚ ਜਥੇਬੰਦੀ ਦੇ ਪ੍ਰਧਾਨ ਗਿਆਨੀ ਰਾਮ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਯਾਦਗਾਰ ਸਥਾਪਤ ਕਰਨ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਵਿਚ ਹਾਜ਼ਰ ਧਾਰਮਿਕ ਆਗੂਆਂ ਨੇ ਯਾਦਗਾਰ ਦੇ ਰੱਖੇ ਨਾਂਅ ਨੂੰ ਵੀ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਇਕ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ਼ਹੀਦੀ ਯਾਦਗਾਰ ਬਾਰੇ ਸਥਾਪਤ ਕੀਤੇ ਗਏ ਇਤਿਹਾਸ ਬੋਰਡ ਉਤੇ 13 ਅਪਰੈਲ, 1978 ਤੋਂ ਲੈ ਕੇ ਹੁਣ ਤੱਕ ਦੇ ਸਿੱਖ ਸੰਘਰਸ਼ ਦੇ ਇਤਿਹਾਸ ਨੂੰ ਰੂਪਮਾਨ ਕੀਤਾ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਅਜਿਹੇ ਇਤਿਹਾਸ ਬੋਰਡ ਦੀ ਥਾਂ ਇਥੇ ਸਕਰੀਨ ਸਥਾਪਤ ਕੀਤੀ ਜਾਣੀ ਚਾਹੀਦੀ ਹੈ ਜਿਸ ਵਿਚੋਂ ਸਿੱਖ ਇਤਿਹਾਸ ਰੂਪਮਾਨ ਹੋਵੇ।
ਇਸ ਬਾਰੇ ਗਿਆਨੀ ਰਾਮ ਸਿੰਘ ਨੇ ਆਖਿਆ ਕਿ ਇਕੱਤਰਤਾ ਵਿਚ ਮਹਿਸੂਸ ਕੀਤਾ ਗਿਆ ਕਿ ਇਥੇ ਸ਼ਹੀਦੀ ਯਾਦਗਾਰ ਜਿਸ ਮਕਸਦ ਤੇ ਸੰਕਲਪ ਨੂੰ ਲੈ ਕੇ ਕਾਇਮ ਕੀਤੀ ਗਈ ਹੈ, ਉਹ ਉਸ ਸੰਕਲਪ ‘ਤੇ ਪੂਰੀ ਨਹੀਂ ਉਤਰਦੀ। ਇਸ ਬਾਰੇ ਲਾਏ ਗਏ ਬੋਰਡ ਸਿੱਖ ਸੰਘਰਸ਼ ਦੇ ਇਤਿਹਾਸ ਨਾਲ ਨਿਆਂ ਨਹੀਂ ਕਰਦੇ। ਉਨ੍ਹਾਂ ਆਖਿਆ ਕਿ ਇਸ ਯਾਦਗਾਰ ਉਤੇ ਸ਼ਹੀਦ ਪਰਿਵਾਰ, ਧਰਮੀ ਫੌਜੀਆਂ ਤੇ ਹਰ ਉਸ ਵਿਅਕਤੀ ਦਾ ਨਾਂ ਦਰਜ ਕੀਤਾ ਜਾਵੇ ਜਿਸ ਨੇ ਕੌਮ ਦੀ ਖਾਤਰ ਕੁਰਬਾਨੀ ਦਿੱਤੀ ਹੈ।
ਉਨ੍ਹਾਂ ਆਖਿਆ ਕਿ ਯਾਦਗਾਰ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਨਾਂ ਦਰਜ ਕਰਨਾ ਬਿਲਕੁਲ ਜਾਇਜ਼ ਹੈ ਪਰ ਇਥੇ ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ, ਭਾਈ ਅਮਰੀਕ ਸਿੰਘ ਸਮੇਤ ਅਖੰਡ ਕੀਰਤਨੀ ਜਥਾ, ਬੱਬਰ ਖਾਲਸਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਕਾਰ ਸੇਵਾ ਵਾਲੇ ਬਾਬੇ, ਨਿਹੰਗ ਸਿੰਘ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਮੈਂਬਰ ਤੇ ਕਰਮਚਾਰੀ ਜੋ ਸ਼ਹੀਦ ਹੋਏ ਹਨ, ਉਨ੍ਹਾਂ ਦੇ ਨਾਵਾਂ ਦੀ ਸੂਚੀ ਵੀ ਯਾਦਗਾਰ ਵਿਚ ਦਰਜ ਹੋਣੀ ਚਾਹੀਦੀ ਹੈ। ਇਕ ਹੋਰ ਮਤੇ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਲਈ ਵੱਡੀ ਲਹਿਰ ਪ੍ਰਚੰਡ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ। ਉਨ੍ਹਾਂ ਯਾਦਗਾਰ ਦਾ ਵਿਰੋਧ ਕਰਨ ਵਾਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

Be the first to comment

Leave a Reply

Your email address will not be published.