ਤੇਰਾ ਥਾਨੁ ਸੁਹਾਵਾ

ਡਾ. ਗੁਰਨਾਮ ਕੌਰ, ਕੈਨੇਡਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸ਼ਹਿਰ ਕਸੂਰ ਲਾਹੌਰ ਤੋਂ ਕਰੀਬ 49 ਕਿਲੋਮੀਟਰ ਦੂਰ ਹੈ ਅਤੇ ਲਾਹੌਰ ਤੋਂ ਕਸੂਰ ਤੱਕ ਗੱਡੀ ‘ਚ ਘੰਟਾ ਕੁ ਲੱਗਦਾ ਹੈ| ਇਹ ਭਾਰਤੀ ਸਰਹੱਦ ਦੇ ਪੱਛਮ ਵੱਲ ਪੈਂਦਾ ਹੈ| ਕਸੂਰ ਜਿਲਾ ਹੈ, ਜਿਸ ਦੀ ਹੱਦ ਇਕ ਪਾਸੇ ਨਾਰੋਵਾਲ ਅਤੇ ਲਾਹੌਰ ਜਿਲਿਆਂ ਨਾਲ ਲੱਗਦੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਹੀ ਓਕਾਰਾ ਜਿਲੇ ਨਾਲ ਲੱਗਦੀ ਹੈ| ਅਰਬੀ ਭਾਸ਼ਾ ਦੇ ਸ਼ਬਦ ‘ਕਸੂਰ’ ਦਾ ਅਰਥ ਹੈ-ਮਹਿਲ, ਕਿਲੇ| ਹਿੰਦੂ ਪਰੰਪਰਾ ਅਨੁਸਾਰ ਇਸ ਨੂੰ ਰਮਾਇਣ ਦੇ ਪਾਤਰ ਕੁਸ਼ ਨੇ ਵਸਾਇਆ ਸੀ, ਜੋ ਸੀਤਾ ਅਤੇ ਰਾਮ ਚੰਦਰ ਦਾ ਪੁੱਤਰ ਸੀ; ਪਰ ਇਤਿਹਾਸਕ ਤੱਥ ਪੁਰਾਤਨ ਮਿਥਿਹਾਸਕ ਨੀਂਹ ਨੂੰ ਨਕਾਰਦੇ ਹਨ|

ਇਤਿਹਾਸਕਾਰਾਂ ਅਨੁਸਾਰ ਕਸੂਰ ਸ਼ਹਿਰ ਮੁਹੰਮਦਜ਼ਈ ਪਖਤੂਨਾਂ ਦੇ ਕਬੀਲੇ ਖੇਸ਼ਗੀ ਵੱਲੋਂ 1525 ਵਿਚ ਵਸਾਇਆ ਗਿਆ ਸੀ, ਜੋ ਅਫਗਾਨਿਸਤਾਨ ਤੋਂ ਬਾਬਰ ਦੇ ਸਮੇਂ ਦੱਰਾ ਖੈਬਰ ਪਖਤੂਨ ਖਵਾ (ਪਾਕਿਸਤਾਨ-ਅਫਗਾਨਿਸਤਾਨ) ਤੋਂ ਆਏ ਸਨ ਅਤੇ ਉਨ੍ਹਾਂ ਨੇ ਇਲਾਕੇ ਵਿਚ ਛੋਟੇ ਛੋਟੇ ਕਿਲੇ ਬਣਾਏ| ਇਸੇ ਸਮੇਂ ਸੂਫੀ ਸੰਤਾਂ ਦੇ ਪ੍ਰਚਾਰ ਸਦਕਾ ਪੰਜਾਬ ਦਾ ਇਹ ਇਲਾਕਾ ਧਰਮ ਬਦਲੀ ਕਰਕੇ ਕਾਫੀ ਗਿਣਤੀ ਵਿਚ ਮੁਸਲਿਮ ਹੋ ਗਿਆ ਸੀ| ਬਰਤਾਨਵੀ ਰਾਜ ਸਮੇਂ ਨਹਿਰਾਂ ਕੱਢ ਕੇ ਕਸੂਰ ਦੇ ਬਹੁਤ ਵੱਡੇ ਖੇਤਰ ਨੂੰ ਨਹਿਰੀ ਸਿੰਜਾਈ ਅਧੀਨ ਲਿਆਂਦਾ ਗਿਆ ਸੀ| 1947 ਵਿਚ ਹੋਈ ਮੁਲਕ ਦੀ ਵੰਡ ਸਮੇਂ ਹਿੰਦੂ-ਸਿੱਖ ਭਾਰਤ ਵੱਲ ਪਲਾਇਨ ਕਰ ਗਏ ਅਤੇ ਇਸ ਪਾਸਿਓਂ ਮੁਸਲਮਾਨ ਮੁਹਾਜ਼ਿਰ ਓਧਰ ਚਲੇ ਗਏ| ਵੰਡ ਪਿਛੋਂ ਕਸੂਰ ਚਮੜਾ ਰੰਗਣ ਦਾ ਵੱਡਾ ਕੇਂਦਰ ਬਣ ਗਿਆ, ਜਿੱਥੇ ਪਾਕਿਸਤਾਨ ਦੇ ਚਮੜਾ ਰੰਗਣ ਦੇ ਕਾਰੋਬਾਰ ਦਾ ਕਰੀਬ ਤੀਜਾ ਹਿੱਸਾ ਸਥਾਪਤ ਹੈ|
ਮਹਾਨ ਸੂਫੀ ਸੰਤ ਅਤੇ ਪੰਜਾਬੀ ਦੇ ਸਥਾਪਤ ਕਵੀ ਬਾਬਾ ਬੁੱਲ੍ਹੇ ਸ਼ਾਹ ਤੋਂ ਕੌਣ ਨਾਵਾਕਫ ਹੈ! ਇਧਰਲੇ ਜਾਂ ਉਧਰਲੇ ਪੰਜਾਬ ਦਾ ਕੋਈ ਸੂਫੀ ਗਾਇਕ ਨਹੀਂ ਹੋਣਾ, ਜਿਸ ਨੇ ਬਾਬਾ ਬੁੱਲ੍ਹੇ ਸ਼ਾਹ ਨੂੰ ਨਾ ਗਾਇਆ ਹੋਵੇ| ਪਾਕਿਸਤਾਨੀ ਫਨਕਾਰਾ ਫਰੀਹਾ ਪਰਵੇਜ਼ ਦੇ ਗਾਏ ‘ਜਾਣਾ ਜੋਗੀ ਦੇ ਨਾਲ’ ਅਤੇ ਭਾਰਤੀ ਪੰਜਾਬੀ ਗਾਇਕ ਰੱਬੀ ਗਿੱਲ ਦਾ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਸਿੱਧੇ ਦਿਲ ਵਿਚ ਉਤਰਦੇ ਹਨ| ਬੁੱਲ੍ਹੇ ਸ਼ਾਹ ਅਨੁਸਾਰ ਧਾਰਮਿਕ ਰਸਮਾਂ ਜਾਂ ਕਰਮਕਾਂਡ, ਭਾਵੇਂ ਉਹ ਕੋਈ ਵੀ ਹੋਣ ਅਤੇ ਕਿਸੇ ਵੀ ਧਰਮ ਦੀਆਂ ਹੋਣ ਰੱਬ ਦੇ ਮਿਲਾਪ ਦਾ ਰਸਤਾ ਨਹੀਂ ਹਨ; ਰੱਬ ਦਾ ਰਾਹ ਰੱਬ ਅਤੇ ਮਾਨਵਤਾ ਦੇ ਪ੍ਰੇਮ ਦਾ, ਇਮਾਨਦਾਰੀ, ਹਲੀਮੀ ਅਤੇ ਸੱਚਾਈ ਦਾ ਰਾਹ ਹੈ| ਕਸੂਰ ਵਿਚ ਬਾਬਾ ਬੁੱਲ੍ਹੇ ਸ਼ਾਹ ਦਾ ਮਜ਼ਾਰ ਬਹੁਤ ਹੀ ਖੁੱਲ੍ਹੀ ਥਾਂ ‘ਤੇ ਬਣਿਆ ਹੋਇਆ ਹੈ|
ਲਾਹੌਰ ਤੋਂ ਕਸੂਰ ਨੂੰ ਜਾਂਦੀ ਫਿਰੋਜਪੁਰ ਸੜਕ ਬਹੁਤ ਹੀ ਵਧੀਆ ਬਣੀ ਹੋਈ ਹੈ| ਪਾਕਿਸਤਾਨ ਦੀਆਂ ਕਰੀਬ ਸਾਰੀਆਂ ਹੀ ਸੜਕਾਂ ਬਹੁਤ ਸੁਹਣੀਆਂ ਬਣੀਆਂ ਹੋਈਆਂ ਹਨ; ਕਿਧਰੇ ਵੀ ਟੋਏ-ਟਿੱਬੇ ਨਹੀਂ ਹਨ| ਮਜ਼ਾਰ ਵੱਲ ਜਾਂਦੀ ਬਾਜ਼ਾਰ ਦੀ ਸੜਕ ਸ਼ੁਰੂ ਹੋਣ ਤੋਂ ਪਹਿਲਾ ਹੀ ਇੱਕ ਖੁੱਲ੍ਹੀ ਜਿਹੀ ਪਾਰਕਿੰਗ ਲਈ ਬਣੀ ਥਾਂ ਦੇਖ ਕੇ ਮਨਜ਼ੂਰ ਭਾਈ ਨੇ ਗੱਡੀ ਖਲ੍ਹਾਰ ਲਈ ਅਤੇ ਅਸੀਂ ਉਥੋਂ ਉਤਰ ਕੇ ਸਲਮਾਨ ਦੇ ਪਿੱਛੇ ਪਿੱਛੇ ਬਾਜ਼ਾਰ ਵਿਚੋਂ ਦੀ ਪੈਦਲ ਹੋ ਲਏ; ਕਾਫੀ ਭੀੜ ਸੀ| ਆਸ ਪਾਸ ਬਾਜ਼ਾਰ ਵਿਚ ਹੋਰ ਨਿੱਕ-ਸੁੱਕ ਦੇ ਨਾਲ ਨਾਲ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਵੀ ਸਜੀਆਂ ਹੋਈਆਂ ਸਨ, ਪਰ ਸਾਨੂੰ ਮਜ਼ਾਰ ‘ਤੇ ਪਹੁੰਚਣ ਦੀ ਕਾਹਲ ਸੀ| ਕਾਫੀ ਲੋਕ ਮਜ਼ਾਰ ਵਿਚੋਂ ਆ-ਜਾ ਰਹੇ ਸਨ| ਅੰਦਰਲੇ ਪ੍ਰਵੇਸ਼ ਦੁਆਰ ‘ਤੇ ਹੀ ਜੋੜੇ ਖੋਲ੍ਹਣ ਦੀ ਥਾਂ ਬਣੀ ਹੋਈ ਸੀ ਅਤੇ ਉਥੇ ਕਸੂਰੀ ਮੇਥੀ ਅਤੇ ਹੋਰ ਪੰਜਾਬੀ ਸਭਿਆਚਾਰ ਨਾਲ ਸਬੰਧਤ ਆਮ ਵਰਤੋਂ ਦੀਆਂ ਕੁਝ ਚੀਜ਼ਾਂ ਤੇ ਸਜਾਵਟੀ ਸਮਾਨ ਵੀ ਵਿਕ ਰਿਹਾ ਸੀ|
ਜੋੜੇ ਉਤਾਰ ਕੇ ਮਜ਼ਾਰ ਦੀ ਚਾਰਦੀਵਾਰੀ ਅੰਦਰ ਬਹੁਤ ਖੁੱਲ੍ਹੀ ਥਾਂ ਹੈ, ਜਿੱਥੇ ਸ਼ਰਧਾਲੂ ਘੁੰਮ ਫਿਰ ਰਹੇ ਸਨ| ਬੀਬੀਆਂ ਨੂੰ ਸਾਈਂ ਬੁੱਲੇ ਸ਼ਾਹ ਦੀ ਕਬਰ ਵਾਲੇ ਖਾਸ ਸਥਾਨ ਤੇ ਮਜ਼ਾਰ ਵਿਚ ਜਾਣ ਦੀ ਆਗਿਆ ਨਹੀਂ ਹੈ; ਪਰ ਦੀਵਾਰਾਂ ਵਿਚ ਸੀਮਿੰਟ ਦੀਆਂ ਜਾਲੀਆਂ ਲਾ ਕੇ ਬਣਾਏ ਝਰੋਖਿਆਂ ਰਾਹੀਂ ਅੰਦਰ ਝਾਤ ਪਾਈ ਜਾ ਸਕਦੀ ਹੈ। ਇਨ੍ਹਾਂ ਝਰੋਖਿਆਂ ਦੀ ਜਾਲੀ ਨਾਲ ਹੀ ਔਰਤਾਂ ਧਾਗੇ ਬੰਨ੍ਹ ਕੇ ਆਪਣੀਆਂ ਸੁੱਖਾਂ ਸੁੱਖ ਰਹੀਆਂ ਸਨ| ਅਸੀਂ-ਮਿਸਿਜ ਗਿੱਲ, ਉਨ੍ਹਾਂ ਦੀਆਂ ਬੱਚੀਆਂ ਜੋਤੀ ਤੇ ਸਿਮਰ ਨੇ ਇਨ੍ਹਾਂ ਝਰੋਖਿਆਂ ਰਾਹੀਂ ਹੀ ਮਜ਼ਾਰ ਦੇ ਅੰਦਰਲੇ ਦਰਸ਼ਨ ਕੀਤੇ| ਜਦੋਂ ਹਰਜੀਤ ਗਿੱਲ ਆਪਣੇ ਬੇਟੇ ਪ੍ਰਤੀਕ ਸਮੇਤ ਬਾਹਰ ਆਇਆ ਤਾਂ ਵਾਰੀ ਵਾਰੀ ਉਥੇ ਦਰਸ਼ਨਾਂ ਲਈ ਆਏ ਕਈਆਂ ਨੇ ਉਨ੍ਹਾਂ ਨਾਲ ਫੋਟੋ ਖਿਚਾਉਣ ਦੀ ਇੱਛਾ ਪ੍ਰਗਟ ਕੀਤੀ ਅਤੇ ਫੋਟੋਆਂ ਖਿਚਾਈਆਂ| ਉਥੋਂ ਅਸੀਂ ਕਸੂਰੀ ਮੇਥੀ ਦੇ ਬੰਦ ਪੈਕਟ ਵੀ ਖਰੀਦੇ। ਮੇਥੀ ਦੀ ਖੁਸ਼ਬੋ ਦੂਰ ਦੂਰ ਤੱਕ ਫੈਲੀ ਹੋਈ ਸੀ| ਹਰਜੀਤ ਸਿੰਘ ਨੇ ਦੱਸਿਆ ਕਿ ਉਥੋਂ ਦੇ ਆਟੋ-ਰਿਕਸ਼ਾ ਵਿਚ ਬੈਠਣ ਦਾ ਆਪਣਾ ਹੀ ਸੁਆਦ ਹੈ| ਸਾਨੂੰ ਹਨੇਰਾ ਹੋ ਜਾਣ ਦਾ ਵੀ ਖਦਸ਼ਾ ਸੀ, ਕਿਉਂਕਿ ਫਰਵਰੀ ਦੇ ਦਿਨ ਹਾਲੇ ਬਹੁਤੇ ਵੱਡੇ ਨਹੀਂ ਹੋਏ ਹੁੰਦੇ| ਇਸ ਲਈ ਅਸੀਂ ਸਭ ਆਟੋ-ਰਿਕਸ਼ਾ ਵਿਚ ਬੈਠ ਗਏ ਅਤੇ ਬਾਜ਼ਾਰ ਪਾਰ ਕਰਕੇ ਗੱਡੀ ਤੱਕ ਪਹੁੰਚਣ ਵਿਚ ਬੜਾ ਚੰਗਾ ਲੱਗਾ|
ਵਾਪਸੀ ਤੇ ਰਾਤ ਦੇ ਖਾਣੇ ਦਾ ਪ੍ਰਬੰਧ ਸਲਮਾਨ ਨੇ ਸਾਨੂੰ ਬਿਨਾ ਦੱਸੇ ਹੀ ਆਪਣੇ ਪਰਿਵਾਰ ਨਾਲ ਆਪਣੇ ਘਰੇ ਬਰਕੀ ਰੋਡ ‘ਤੇ ਕੀਤਾ ਹੋਇਆ ਸੀ| ਅਸੀਂ ਜਦੋਂ ਰਸਤੇ ਵਿਚ ਕਿਧਰੇ ਖਾਣਾ ਖਾਣ ਦੀ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਪਰਿਵਾਰ ਰਾਤ ਦੇ ਖਾਣੇ ਲਈ ਸਾਡੀ ਉਡੀਕ ਕਰ ਰਿਹਾ ਹੈ| ਉਸ ਦੇ ਘਰ ਪਹੁੰਚਦਿਆਂ ਨੂੰ ਸਾਨੂੰ ਕਾਫੀ ਹਨੇਰਾ ਹੋ ਗਿਆ ਸੀ| ਘਰ ਵੜਦਿਆਂ ਹੀ ਡਿਉੜੀ ਦੇ ਸੱਜੇ ਹੱਥ ਵਾਹਵਾ ਹੀ ਖੁੱਲ੍ਹਾ ਮਹਿਮਾਨ ਕਮਰਾ ਬਣਿਆ ਹੋਇਆ ਸੀ, ਜਿਸ ਵਿਚ ਕੰਧ ਨਾਲ ਡਾਹੇ ਸੋਫਿਆਂ ਦੇ ਨਾਲ ਅੰਦਰ ਵੜਦਿਆਂ ਹੀ ਖੱਬੇ ਹੱਥ ਕੰਧ ਨਾਲ ਸੂਤ ਦਾ ਬੁਣਿਆ ਮੰਜਾ ਡਾਹਿਆ ਹੋਇਆ ਸੀ| ਲੰਮੇ ਰੁੱਖ ਵੱਡਾ ਸਾਰਾ ਡਾਈਨਿੰਗ ਟੇਬਲ ਲੱਗਾ ਸੀ, ਜਿਸ ‘ਤੇ ਵੱਡੇ ਪਰਿਵਾਰ ਨਾਲ ਕਾਫੀ ਗਿਣਤੀ ਵਿਚ ਮਹਿਮਾਨ ਖਾਣੇ ਦਾ ਅਨੰਦ ਮਾਣ ਸਕਦੇ ਹਨ| ਇਸ ਤੋਂ ਹੀ ਮਹਿਮਾਨ ਨਿਵਾਜੀ ਦਾ ਪਤਾ ਲਗਦਾ ਸੀ| ਸਲਮਾਨ ਦੀ ਅੰਮੀ, ਅੱਬਾ, ਵੱਡੇ ਭਰਾ-ਭਰਜਾਈਆਂ ਬਹੁਤ ਹੀ ਪਿਆਰ ਅਤੇ ਨਿੱਘ ਨਾਲ ਮਿਲੇ ਜਿਵੇਂ ਚਿਰਾਂ ਦੇ ਜਾਣਦੇ ਹੋਣ| ਵੈਸੇ ਵੀ ਟੱਬਰ ਕਾਫੀ ਪੜ੍ਹਿਆ ਲਿਖਿਆ ਅਤੇ ਨੌਕਰੀਆਂ ਕਰਨ ਵਾਲਾ ਹੈ; ਸਭ ਤੋਂ ਵੱਡਾ ਭਾਈ ਹਾਈ ਕੋਰਟ ਦਾ ਵਕੀਲ ਹੈ, ਜਦੋਂ ਕਿ ਸਲਮਾਨ ਤੋਂ ਬਿਨਾ ਬਾਕੀ ਤਿੰਨੋਂ ਪੰਜਾਬ ਪੁਲਿਸ ‘ਚ ਹਨ| ਦੋ ਵੱਡੀਆਂ ਭਰਜਾਈਆਂ ਉਚੀ ਵਿੱਦਿਆ ਪ੍ਰਾਪਤ ਹਨ ਅਤੇ ਸਕੂਲਾਂ ਵਿਚ ਪੜ੍ਹਾਉਂਦੀਆਂ ਹਨ| ਸਲਮਾਨ ਦੇ ਜੌੜੇ ਭਰਾ ਦੀ ਬੀਵੀ ਉਸ ਦੀ ਭਰਜਾਈ ਪੂਰੀ ਪੜਦੇਦਾਰ ਹੈ ਅਤੇ ਉਸ ਦਾ ਭਰਾ ਔਰਤ ਦਾ ਘਰੋਂ ਬਾਹਰ ਜਾ ਕੇ ਨੌਕਰੀ ਕਰਨ ਨੂੰ ਚੰਗਾ ਨਹੀਂ ਸਮਝਦਾ| ਇਸ ਲਈ ਉਹ ਨੌਕਰੀ ਨਹੀਂ ਕਰਦੀ| ਸਲਮਾਨ ਦੇ ਭਤੀਜੇ-ਭਤੀਜੀਆਂ ਭਾਰਤੀ ਮਹਿਮਾਨਾਂ ਨੂੰ ਦੇਖਣ ਦੀ ਉਤਸੁਕਤਾ ਨਾਲ ਉਡੀਕ ਉਡੀਕ ਕੇ ਸੌਂ ਗਏ ਸਨ|
ਖਾਣਾ ਭਾਵੇਂ ਘਰ ਦੀਆਂ ਸੁਆਣੀਆਂ ਨੇ ਤਿਆਰ ਕੀਤਾ ਸੀ, ਪਰ ਜਿਸ ਤਰ੍ਹਾਂ ਵੰਨ-ਸੁਵੰਨਾ ਭੋਜਨ ਸਮੇਤ ਦੇਸੀ ਘਿਉ ਦੇ ਕੜਾਹ ਦੇ ਸਜਾ ਕੇ ਰੱਖਿਆ ਹੋਇਆ ਸੀ, ਲੱਗਦਾ ਸੀ ਜਿਵੇਂ ਕਿਸੇ ਤਕੜੇ ਰੈਸਟੋਰੈਂਟ ਤੋਂ ਮੰਗਵਾਇਆ ਹੋਵੇ| ਛਾਬੇ ਵਿਚ ਰੱਖੇ ਫੁਲਕੇ ਦੇਖ ਕੇ ਬਚਪਨ ਯਾਦ ਆ ਗਿਆ, ਜਦੋਂ ਸਾਡੇ ਘਰਾਂ ਵਿਚ ਵੀ ਫੁਲਕੇ ਛਾਬੇ ਵਿਚ ਰੱਖੇ ਜਾਂਦੇ ਸਨ| ਬਹੁਤੇ ਪਾਕਿਸਤਾਨੀ ਪਰਿਵਾਰਾਂ ਵਾਂਗ ਉਸ ਦਾ ਘਰ ਵੀ ਪੜਦੇਦਾਰ ਬਣਿਆ ਹੋਇਆ ਸੀ| ਗੱਲਾਂ ਕਰਦਿਆਂ ਕਿ ਲਾਹੌਰ ਦੇ ਆਲੇ-ਦੁਆਲੇ ਕਿਹੜੇ ਕਿਹੜੇ ਗੋਤ ਦੇ ਜੱਟ ਵਸਦੇ ਹਨ, ਸਲਮਾਨ ਦੀ ਅੰਮੀ, ਜਿਸ ਦਾ ਆਪਣਾ ਗੋਤ ਸਿੱਧੂ ਹੈ, ਬੋਲੀ, “ਸਾਰੇ ਹੀ ਗੋਤ ਬਥੇਰੇ ਹਨ, ਪਰ ਸਿੱਧੂ ਬਹੁਤ ਘੱਟ ਨੇ|”
ਦੂਜੇ ਦਿਨ ਸਵੇਰ ਵੇਲੇ ਫਿਰ ਉਸ ਨੇ ਘਰ ਵਿਚ ਹੀ ਦੇਸੀ ਘਿਉ ਦੇ ਪਰੌਂਠਿਆਂ ਦਾ ਨਾਸ਼ਤਾ ਤਿਆਰ ਕਰਵਾ ਰੱਖਿਆ ਸੀ| ਸਾਡੇ ਮਨ੍ਹਾਂ ਕਰਨ ‘ਤੇ ਬੋਲਿਆ ਕਿ ਸਾਡੇ ਬੱਚਿਆਂ ਨੂੰ ਤੁਹਾਨੂੰ ਦੇਖਣ ਦਾ ਬਹੁਤ ਚਾਅ ਸੀ, ਜੋ ਰਾਤੀ ਉਡੀਕਦੇ ਸੌਂ ਗਏ ਸਨ| ਇਸ ਲਈ ਹੁਣ ਨਾਸ਼ਤੇ ‘ਤੇ ਉਨ੍ਹਾਂ ਨੂੰ ਮਿਲਣ ਦਾ ਸਬੱਬ ਵੀ ਬਣ ਜਾਵੇਗਾ|
ਖੈਰ! 15 ਫਰਵਰੀ ਨੂੰ ਸਾਡਾ ਸਭ ਤੋਂ ਪਹਿਲਾ ਪ੍ਰੋਗਰਾਮ ਨਨਕਾਣਾ ਸਾਹਿਬ ਜਾਣ ਦਾ ਸੀ ਤਾਂ ਕਿ ਜਿਸ ਮਕਸਦ ਲਈ ਆਏ ਸਾਂ, ਉਹ ਪੂਰਾ ਹੋ ਜਾਵੇ| ਸਲਮਾਨ ਨੇ ਹਰਜੀਤ ਸਿੰਘ ਨੂੰ ਪੁੱਛਿਆ ਕਿ ਕੀ ਉਸ ਦੇ ਮਾਮੇ ਦੀਆਂ ਦੋ ਬੇਟੀਆਂ ਸਾਡੇ ਨਾਲ ਚੱਲ ਸਕਦੀਆਂ ਹਨ, ਜਿਨ੍ਹਾਂ ਨੇ ਕਦੀ ਪਹਿਲਾਂ ਨਨਕਾਣਾ ਸਾਹਿਬ ਨਹੀਂ ਦੇਖਿਆ| ਸਾਨੂੰ ਕੀ ਉਜਰ ਹੋ ਸਕਦਾ ਸੀ, ਜਦੋਂ ਕਿ ਗੱਡੀ ਵਿਚ ਲੋੜ ਤੋਂ ਵੀ ਵੱਧ ਸੀਟਾਂ ਹੈਗੀਆਂ ਸਨ| ਅਸੀਂ ਨਾਸ਼ਤੇ ਪਿਛੋਂ ਉਨ੍ਹਾਂ ਨੂੰ ਵੀ ਨਾਲ ਲਿਆ, ਜੋ ਜੀ. ਸੀ. ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ| ਇੱਕ ਬੀ.ਐਸਸੀ. ਕਰ ਰਹੀ ਹੈ, ਦੂਜੀ ਪਰਸ਼ੀਅਨ ਦੀ ਮਾਸਟਰ ਡਿਗਰੀ| ਨਨਕਾਣਾ ਸਾਹਿਬ ਲਾਹੌਰ ਤੋਂ ਕੋਈ 57 ਮੀਲ ਪੱਛਮ ਵੱਲ ਅਤੇ ਫੈਸਲਾਬਾਦ ਤੋਂ ਪੂਰਬ ਵੱਲ 47 ਮੀਲ ‘ਤੇ ਹੈ| ਅਸੀਂ ਜਾਣਦੇ ਹੀ ਹਾਂ ਕਿ ਨਨਕਾਣਾ ਸਾਹਿਬ ਦਾ ਪਹਿਲਾ ਨਾਂ ਰਾਇ ਭੋਇੰ ਦੀ ਤਲਵੰਡੀ ਸ, ਜਿਸ ਨੂੰ ਰਾਏ ਬੁਲਾਰ ਭੱਟੀ ਦੇ ਪੂਰਵਜ ਰਾਇ ਭੋਇੰ ਨੇ ਵਸਾਇਆ ਸੀ| ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੋਣ ਕਰਕੇ ਪਿੱਛੋਂ ਇਸ ਦਾ ਨਾਂ ਨਨਕਾਣਾ ਸਾਹਿਬ ਪੈ ਗਿਆ| ਰਾਇ ਬੁਲਾਰ ਭੱਟੀ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਬਚਪਨ ਤੋਂ ਹੀ ਪਛਾਣ ਲਿਆ ਸੀ ਕਿ ਉਹ ਰੱਬੀ ਜੋਤਿ ਹਨ| ਉਸ ਨੇ ਗੁਰੂ ਨਾਨਕ ਦੇ ਨਾਮ 7500 ਏਕੜ ਜ਼ਮੀਨ ਕੀਤੀ ਸੀ, ਜੋ ਅੱਜ ਵੀ ਗੁਰੂ ਨਾਨਕ ਦੇ ਨਾਂ ਹੀ ਬੋਲਦੀ ਹੈ|
ਸੰਨ 2005 ਤੱਕ ਨਨਕਾਣਾ ਸਾਹਿਬ ਜਿਲਾ ਸ਼ੇਖੂਪੁਰਾ ਦੀ ਤਹਿਸੀਲ ਸੀ, ਪਰ 2005 ਵਿਚ ਨਨਕਾਣਾ ਸਾਹਿਬ ਨੂੰ ਜਿਲਾ ਬਣਾ ਦਿਤਾ ਗਿਆ, ਜਿਸ ਵਿਚ ਹੁਣ ਤਿੰਨ ਤਹਿਸੀਲਾਂ-ਨਨਕਾਣਾ ਸਾਹਿਬ, ਸ਼ਾਹਕੋਟ ਅਤੇ ਸੰਗਲਾ ਹਿੱਲ ਸ਼ਾਮਲ ਹਨ| 2008 ਤੋਂ ਪਹਿਲਾਂ ਸਫਦਰਾਬਾਦ ਦੀ ਤਹਿਸੀਲ ਵੀ ਨਨਕਾਣਾ ਸਾਹਿਬ ਵਿਚ ਹੀ ਸ਼ਾਮਲ ਸੀ| 100 ਏਕੜ ਜ਼ਮੀਨ ਵਿਚ ਸਥਾਨਕ ਭਾਈਚਾਰਿਆਂ ਅਤੇ ਰਾਇ ਬੁਲਾਰ ਪਰਿਵਾਰ ਨਾਲ ਮਿਲ ਕੇ ਯੂਨੀਵਰਸਿਟੀ ਅਤੇ ਹਸਪਤਾਲ ਬਣਾਉਣ ਦੀ ਵਿਉਂਤ ਹੈ, ਜਿਸ ਬਾਰੇ 2007 ਵਿਚ ਪਾਕਿਸਤਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਨਾਂ ‘ਤੇ ਯੂਨੀਵਰਸਿਟੀ ਬਣਾਈ ਜਾਵੇ, ਜਿਸ ਵਿਚ ਸਿੱਖ ਧਰਮ ਅਤੇ ਸਭਿਅਚਾਰ ‘ਤੇ ਖੋਜ ਕੀਤੀ ਜਾਵੇ|
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ 28 ਅਕਤੂਬਰ 2019 ਨੂੰ ਪਾਕਿਸਤਾਨ ਸਦਰ ਜਨਾਬ ਇਮਰਾਨ ਖਾਨ ਨੇ ‘ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦਾ ਮੁੜ ਨੀਂਹ ਪੱਥਰ ਰੱਖਿਆ, ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਸਿੱਖ ਧਰਮ ਅਤੇ ਸਭਿਆਚਾਰ, ਪੰਜਾਬੀ ਬੋਲੀ ਦੇ ਨਾਲ ਨਾਲ ਸਾਇੰਸ, ਇੰਜੀਨੀਅਰਿੰਗ, ਮੈਡੀਕਲ ਆਦਿ ਦੀ ਤਾਲੀਮ ਸਮੇਤ ਹਰ ਤਰ੍ਹਾਂ ਨਾਲ ਉਚ ਪਾਏ ਦੀ ਯੂਨੀਵਰਸਿਟੀ ਬਣਾਉਣ ਦੀ ਵਿਉਂਤ ਹੈ| ਨਵੇਂ ਅੰਦਾਜ਼ੇ ਅਨੁਸਾਰ ਇਸ ਲਈ ਕਰੀਬ 2500 ਏਕੜ ਜ਼ਮੀਨ ਦੀ ਲੋੜ ਪਵੇਗੀ| ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਹੋਰ ਵੀ ਕਈ ਗੁਰਦੁਆਰੇ ਹਨ, ਪਰ ਸਮੇਂ ਦੀ ਘਾਟ ਕਰਕੇ ਸਾਡਾ ਮਕਸਦ ਮੁਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਸੀ|
ਲਾਹੌਰ ਤੋਂ ਨਨਕਾਣਾ ਸਾਹਿਬ ਜਾਂਦਿਆਂ ਬਹੁਤ ਚੰਗਾ ਲੱਗ ਰਿਹਾ ਸੀ; ਲਗਦਾ ਹੀ ਨਹੀਂ ਸੀ ਕਿ ਪੰਜਾਬ ਦਾ ਇਹ ਕੋਈ ਹੋਰ ਹਿੱਸਾ ਜਾਂ ਦੂਜਾ ਮੁਲਕ ਹੈ| ਰਸਤੇ ਵਿਚ ਕਣਕ, ਸਰੋਂ੍ਹ, ਗੰਨੇ ਅਤੇ ਗੋਭੀ ਦੇ ਖੁੱਲ੍ਹੇ ਖੇਤ ਨਜ਼ਰ ਆ ਰਹੇ ਸਨ| ਸਲਮਾਨ ਦੇ ਨਾਨਕੇ ਸਿੱਧੂ ਜੱਟ ਹਨ, ਪਰ ਸਾਡੇ ਇਧਰਲੇ ਬੱਚਿਆਂ ਵਾਂਗ ਹੀ ਸ਼ਹਿਰਾਂ ਵਿਚ ਪਲਣ ਕਰਕੇ ਉਨ੍ਹਾਂ ਨੂੰ ਵੀ ਖੇਤਾਂ ਵਿਚ ਉੱਗੀਆਂ ਫਸਲਾਂ ਦੀ ਘੱਟ ਪਛਾਣ ਹੈ| ਇਸੇ ਲਈ ਸਲਮਾਨ ਦੀਆਂ ਭੈਣਾਂ (ਮਾਮੇ ਦੀਆਂ ਧੀਆਂ) ਜਦੋਂ ਕਹਿੰਦੀਆਂ, “ਸਲਮਾਨ ਵੀਰ! ਇਹ ਗੋਭੀ ਹੈ ਨਾ; ਇਹ ਗੰਨੇ ਦਾ ਖੇਤ ਹੈ, ਇਹ ਕਣਕ ਹੈ?” ਤੇ ਜਦੋਂ ਸਲਮਾਨ ਵੱਲੋਂ ਜਾਂ ਸਾਡੇ ਵੱਲੋਂ ਕਿਸੇ ਕੋਲੋਂ ‘ਹਾਂ’ ਵਿਚ ਉਤਰ ਮਿਲਦਾ ਤਾਂ ਖੁਸ਼ ਹੋ ਜਾਂਦੀਆਂ, “ਦੇਖਿਆ ਮੈਨੂੰ ਪਛਾਣ ਹੈ|”
ਚਾਰ-ਚੁਫੇਰੇ ਖੇਤਾਂ ਦੇ ਨਜ਼ਾਰਿਆਂ ਨੂੰ ਆਪਣੀਆਂ ਅੱਖਾਂ ਵਿਚ ਭਰਦਿਆਂ ਅਸੀਂ ਛੇਤੀ ਹੀ ਨਨਕਾਣਾ ਸਾਹਿਬ ਪਹੁੰਚ ਗਏ| ਮਨ ਕਰਦਾ ਸੀ, ਇਸ ਸਾਰੇ ਕੁਝ ਨੂੰ ਆਪਣੇ ਅੰਦਰ ਸਦਾ ਲਈ ਭਰ ਲਿਆ ਜਾਵੇ; ਕੀ ਪਤਾ ਮੁੜ ਇਸ ਧਰਤੀ ਦੇ ਦਰਸ਼ਨ ਕਰਨੇ ਨਸੀਬ ਹੋਣ ਕਿ ਨਾ! ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਪਾਸੇ ਬਣੀ ਪਾਰਕਿੰਗ ਵਿਚ ਮਨਜ਼ੂਰ ਭਾਈ ਨੇ ਗੱਡੀ ਲਾਈ ਤਾਂ ਅਸੀਂ ਉਤਰ ਕੇ ਗੁਰਦੁਆਰਾ ਸਾਹਿਬ ਦੇ ਮੁਖ ਦੁਆਰ ਵੱਲ ਗਏ| ਸਿਕਿਉਰਿਟੀ ਵਾਲਿਆਂ ਨੇ ਸਾਡੇ ਪਾਸਪੋਰਟ ਦੇਖ ਕੇ ਕੋਲ ਰੱਖ ਲਏ, ਇਥੇ ਦੱਸਣਾ ਪਿਆ ਕਿ ਲੋਕਲ ਯਾਤਰੀ ਕੌਣ ਕੌਣ ਹਨ? ਅੰਦਰ ਲੰਘਦਿਆਂ ਹੀ ਸਾਡੇ ਨਾਲ ਦੋ ਜਣੇ ਗਾਈਡ ਕਰਨ ਲਈ ਤੁਰ ਪਏ, ਜੋ ਸਾਨੂੰ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਵੀ ਦੇਈ ਜਾਂਦੇ ਸਨ ਤੇ ਨਾਲ ਛੋਟੇ ਛੋਟੇ ਸਵਾਲ ਵੀ ਕਰੀ ਜਾਂਦੇ ਸਨ-ਅਸੀਂ ਕਿੱਥੋਂ ਆਏ ਹਾਂ, ਕੀ ਕਰਦੇ ਹਾਂ, ਵਗੈਰਾ ਵਗੈਰਾ| ਉਨ੍ਹਾਂ ਨੇ ਹੀ ਸਾਨੂੰ ਉਹ ਜੰਡ ਦਿਖਾਇਆ, ਜਿਸ ਨਾਲ ਬੰਨ੍ਹ ਕੇ ਮਹੰਤ ਨਰਾਇਣ ਦਾਸ ਦੇ ਬੰਦਿਆਂ ਨੇ ਭਾਈ ਲਛਮਣ ਸਿੰਘ ਨੂੰ ਜਿਉਂਦਿਆਂ ਅੱਗ ਲਾ ਦਿੱਤੀ ਸੀ|
ਕੁਝ ਫੋਟੋਆਂ ਖਿੱਚ ਕੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਗਏ, ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਬੂਟਾ ਸਿੰਘ ਨੇ ਵਾਕ ਲਿਆ ਤੇ ਸ਼ਬਦ ਦਾ ਪਾਠ ਕੀਤਾ| ਉਪਰੰਤ ਸੰਖੇਪ ਵਿਚ ਇਤਿਹਾਸ ਦੱਸਿਆ| ਉਨ੍ਹਾਂ ਤੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰੇ ਪਾਕਿਸਤਾਨ ਵਿਚ ਉਹ ਇਕੱਲੇ ਗ੍ਰੰਥੀ ਸਿੰਘ ਹਨ, ਜਿਨ੍ਹਾਂ ਨੇ ਗਰੈਜੂਏਸ਼ਨ ਕੀਤੀ ਹੈ ਅਤੇ ਅੱਗੋਂ ਮਾਸਟਰ ਡਿਗਰੀ ਕਰਨ ਦਾ ਵੀ ਇਰਾਦਾ ਹੈ; ਆਮ ਤੌਰ ‘ਤੇ ਸਭ ਗ੍ਰੰਥੀ ਸਿੰਘ ਦਸਵੀਂ ਪਾਸ ਹੀ ਹਨ| ਕੁਝ ਫੋਟੋਆਂ ਅਸੀਂ ਉਨ੍ਹਾਂ ਨਾਲ ਵੀ ਖਿਚੀਆਂ| ਗੁਰਦੁਆਰਾ ਕੰਪਲੈਕਸ ਕਾਫੀ ਵਿਸ਼ਾਲ ਹੈ| ਉਥੇ ਕੁਝ ਸਥਾਨਕ ਸਿੱਖ ਪਰਿਵਾਰ ਵੀ ਦਰਸ਼ਨਾਂ ਲਈ ਆਏ ਹੋਏ ਸਨ| ਜਦੋਂ ਅਸੀਂ ਵਾਪਸ ਸਿਕਿਉਰਿਟੀ ਚੈੱਕ ‘ਤੇ ਆਏ ਤਾਂ ਸਾਨੂੰ ਪਤਾ ਲੱਗਾ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਹੁਣ ਸਾਡੇ ਨਾਲ ਜਿਲਾ ਪੁਲਿਸ ਦੀ ਗੱਡੀ ਰਹੇਗੀ| ਸਿਰ ‘ਤੇ ਦਸਤਾਰ ਦੇਖ ਕੇ ਪਾਰਕਿੰਗ ਵਿਚ ਖੜ੍ਹੇ ਕੁਝ ਲੋਕਾਂ ਨੇ ਹਰਜੀਤ ਸਿੰਘ ਨਾਲ ਫੋਟੋ ਖਿਚਾਉਣ ਦੀ ਇੱਛਾ ਜਾਹਰ ਕੀਤੀ ਅਤੇ ਫੋਟੋਆਂ ਖਿਚਾਈਆਂ|
ਇਥੋਂ ਅਸੀਂ ਗੁਰਦੁਆਰਾ ਸੱਚਾ ਸੌਦਾ, ਚੂਹੜਕਾਣੇ ਜਾਣਾ ਸੀ, ਜੋ ਮਾਨਾਂ ਵਾਲੀ ਸੜਕ ‘ਤੇ ਨਨਕਾਣਾ ਸਾਹਿਬ ਤੋਂ ਕੋਈ 40 ਮੀਲ ਅਤੇ ਲਾਹੌਰ ਤੋਂ 37 ਮੀਲ ਦੂਰ ਲਾਇਲਪੁਰ ਰੇਲਵੇ ਲਾਈਨ ‘ਤੇ ਪੈਂਦਾ ਹੈ| ਅਸੀਂ ਸੱਚਾ ਸੌਦਾ ਸਾਖੀ ਬਾਰੇ ਸਭ ਨੇ ਪੜ੍ਹਿਆ/ਸੁਣਿਆ ਹੋਇਆ ਹੈ। ਜਦੋਂ ਪਿਤਾ ਕਾਲੂ ਨੇ ਬਾਬੇ ਨਾਨਕ ਨੂੰ 20 ਰੁਪਏ ਦੇ ਕੇ ਚੂਹੜਕਾਣੇ ਦੀ ਮੰਡੀ ਕੋਈ ‘ਖਰਾ ਸੌਦਾ’ ਕਰਨ ਲਈ ਤੋਰਿਆ ਸੀ, ਪਰ ਬਾਬੇ ਨੇ ਉਨ੍ਹਾਂ ਰੁਪਿਆਂ ਦਾ ਰਾਸ਼ਨ ਖਰੀਦ ਕੇ ਕਈ ਦਿਨ ਦੇ ਭੁੱਖੇ ਫਕੀਰਾਂ-ਸਾਧੂਆਂ ਨੂੰ ਭੋਜਨ ਛਕਾ ਦਿੱਤਾ ਸੀ| ਬਾਬੇ ਦੀ ਪਾਈ ਪਿਰਤ ਅੱਜ ਵੀ ਨਾਨਕ ਨਾਮ ਲੇਵਾ ਉਸੇ ਤਨਦੇਹੀ ਨਾਲ ਨਿਭਾ ਰਹੇ ਹਨ, ਭਾਵੇਂ ਉਹ ਸੀਰੀਆ ਦੀ ਘਰੇਲੂ ਜੰਗ ਦੇ ਉਜਾੜੇ ਹੋਏ ਬਾਰਡਰ ‘ਤੇ ਕੈਂਪਾਂ ਵਿਚ ਬੈਠੇ ਸ਼ਰਨਾਰਥੀ ਹੋਣ, ਭਾਵੇਂ ਹਿੰਦੁਸਤਾਨ ਦੇ ਵੱਖ ਵੱਖ ਖੇਤਰਾਂ ਵਿਚ ਆਏ ਹੜ੍ਹਾਂ ਦੀ ਮਾਰ ਹੋਵੇ; ਕੈਲੀਫੋਰਨੀਆਂ ਜਾਂ ਆਸਟਰੇਲੀਆ ‘ਚ ਲੱਗੀ ਅੱਗ ਦਾ ਪਰਕੋਪ ਹੋਵੇ, ਸ਼ਾਹੀਨ ਬਾਗ ਦਾ ਸ਼ਾਂਤਮਈ ਮੋਰਚਾ ਹੋਵੇ ਜਾਂ ਫਿਰ ਕਰੋਨਾ ਵਾਇਰਸ ਦੀ ਲਪੇਟ ਵਿਚ ਆਏ ਸੰਸਾਰ ਭਰ ਦੇ ਮੁਲਕ| ਸਿੱਖ ਭਾਈਚਾਰਾ ਬਾਬੇ ਦੇ ਉਸ ਸੱਚੇ ਸੌਦੇ ਨੂੰ ਨਿਭਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੈ|
ਚੂਹੜਕਾਣੇ ਦਾ ਨਾਂ ਬਦਲ ਕੇ ਹੁਣ ਫਰੂਕਾਬਾਦ ਰੱਖ ਦਿਤਾ ਗਿਆ ਹੈ, ਜੋ ਜਿਲਾ ਸ਼ੇਖੂਪੁਰਾ ਵਿਚ ਪੈਂਦਾ ਹੈ| ਹੁਣ ਸਾਨੂੰ ਰਸਤਾ ਪੁੱਛਣ-ਦੱਸਣ ਦਾ ਫਿਕਰ ਨਹੀਂ ਸੀ, ਕਿਉਂਕਿ ਅੱਗੇ ਅੱਗੇ ਪੁਲਿਸ ਦੀ ਗੱਡੀ ਸੀ ਅਤੇ ਪਿੱਛੇ ਪਿੱਛੇ ਸਾਡੀ| ਛੇਤੀ ਹੀ ਅਸੀਂ ਗੁਰਦੁਆਰਾ ਸੱਚਾ ਸੌਦਾ ਪਹੁੰਚ ਗਏ| ਇਥੇ ਖਾਸ ਗੱਲ ਮੈਂ ਦੱਸਣਾ ਚਾਹਾਂਗੀ ਕਿ ਹਰ ਥਾਂ ਸਾਡੇ ਨਾਲ ਪਾਕਿਸਤਾਨੀ ਅਧਿਕਾਰੀਆਂ ਦਾ ਵਤੀਰਾ ਬੇਹੱਦ ਖਲੂਸ ਭਰਿਆ ਅਤੇ ਸਤਿਕਾਰ ਵਾਲਾ ਸੀ| ਪੁਲਿਸ ਸੁਰੱਖਿਆ ਤੋਂ ਪਹਿਲਾਂ ਵੀ ਨਾ ਸਾਡੀ ਗੱਡੀ ਕਿਸੇ ਥਾਂ ਰੋਕੀ ਗਈ ਸੀ ਅਤੇ ਨਾ ਹੀ ਕਿਸੇ ਨੇ ਕੁਝ ਪੁੱਛਿਆ ਸੀ|
ਮੱਥਾ ਟੇਕਣ ਅਤੇ ਆਲਾ-ਦੁਆਲਾ ਨਿਹਾਰਨ ਪਿਛੋਂ ਅਸੀਂ ਜਦੋਂ ਸਾਹਮਣੇ ਖੁਲ੍ਹੀ ਥਾਂ ਲੱਗੇ ਬੈਂਚ ‘ਤੇ ਬੈਠ ਕੇ ਜੁੱਤੀਆਂ ਪਾ ਰਹੇ ਸਾਂ ਤਾਂ ਥੋੜ੍ਹੇ ਜਿਹੇ ਕਦਮਾਂ ਦੀ ਦੂਰੀ ‘ਤੇ ਆਪਣੇ ਮੋਟਰ ਬਾਈਕ ਕੋਲ ਖੜ੍ਹੇ ਦੋ ਬਹੁਤ ਹੀ ਸੁਨੱਖੀ ਦਿਖ ਵਾਲੇ ਮੁੰਡੇ ਝਕਦੇ ਝਕਦੇ ਸਾਡੇ ਵੱਲ ਦੇਖ ਰਹੇ ਸਨ| ਜਦੋਂ ਅਸੀਂ ਜੁੱਤੀਆਂ ਪਾ ਕੇ ਖੜ੍ਹੇ ਹੋਏ ਤਾਂ ਹਰਜੀਤ ਸਿੰਘ ਨੂੰ ਆ ਕੇ ਪੁੱਛਣ ਲੱਗੇ, “ਸਰਦਾਰ ਜੀ ਸਾਡੇ ਨਾਲ ਇੱਕ ਫੋਟੋ ਖਿਚਾ ਲਵੋ?” ਹਰਜੀਤ ਸਿੰਘ ਨੇ ਕਿਹਾ, “ਕਿਉਂ ਨਹੀਂ, ਜ਼ਰੂਰ|”
ਮੈਂ ਪੁੱਛਿਆ, “ਕਿਥੋਂ ਆਏ ਹੋ?” ਕਹਿੰਦੇ, “ਫੈਸਲਾਬਾਦ ਤੋਂ|” ਫੋਟੋ ਖਿਚਾ ਕੇ ਬੋਲੇ, “ਅਸੀਂ ਪੰਜਾਬੀ ਮੂਵੀਆਂ ਬਹੁਤ ਦੇਖਦੇ ਹਾਂ| ਸਾਨੂੰ ਸਰਦਾਰ ਬਹੁਤ ਹੀ ਚੰਗੇ ਲੱਗਦੇ ਆ|” ਮੈਂ ਅੱਗੋਂ ਹੱਸ ਕੇ ਪੁੱਛਿਆ ਕਿ ਰੀਸੈਂਟਲੀ ਕਿਹੜੀ ਮੂਵੀ ਦੇਖੀ ਆ? ਕਹਿੰਦੇ, “ਰੱਬ ਦਾ ਰੇਡੀਓ|”
ਸ਼ੇਖੂਪੁਰੇ ਦੀ ਹੱਦ ਖਤਮ ਹੋਣ ਤੋਂ ਥੋੜ੍ਹੇ ਕਦਮ ਪਹਿਲਾਂ ਸ਼ੇਖੂਪੁਰਾ ਪੁਲਿਸ ਦੀ ਗੱਡੀ ਰੁਕ ਗਈ ਅਤੇ ਉਨ੍ਹਾਂ ਸਾਨੂੰ ਦੱਸਿਆ ਕਿ ਅਗਲੇ ਚੌਂਕ ‘ਤੇ ਲਾਹੌਰ ਦੀ ਪੁਲਿਸ ਸਾਡੇ ਨਾਲ ਹੋਵੇਗੀ| ਅੱਗੋਂ ਜੋ ਪੁਲਿਸ ਪਾਰਟੀ ਸਾਡੇ ਨਾਲ ਲੱਗੀ, ਬਾਕੀ ਸਾਰਾ ਦਿਨ ਨਾਲ ਰਹੀ| ਸਾਡਾ ਦੁਪਹਿਰ ਦਾ ਖਾਣਾ ਜੀ. ਸੀ. ਯੂਨੀਵਰਸਿਟੀ ਲਾਹੌਰ ਦੇ ਪਰਸ਼ੀਅਨ ਡਿਪਾਰਟਮੈਂਟ ਵਿਚ ਡਾ. ਇਕਬਾਲ ਸ਼ਾਹਿਦ ਨੇ ਵਰਜਿਆ ਸੀ| ਅਸੀਂ ਕੁਝ ਲੇਟ ਹੋ ਗਏ ਸਾਂ, ਪਰ ਉਹ ਸਾਡੀ ਉਡੀਕ ਕਰ ਰਹੇ ਸਨ| ਤੁਆਰਫ ਹੋ ਜਾਣ ਪਿਛੋਂ ਪਰਸ਼ੀਅਨ ਵਿਭਾਗ ਦੇ ਅਧਿਆਪਨ ਅਮਲੇ ਨਾਲ ਰਲ ਕੇ ਅਸੀਂ ਦੁਪਹਿਰ ਦਾ ਖਾਣਾ ਖਾਧਾ| ਇਥੇ ਹੀ ਕੈਨੇਡਾ ਵਾਲੇ ਗਿਆਨ ਕੰਗ ਵੀ ਮਿਲ ਗਏ| ਇਸ ਪਿਛੋਂ ਡਾ. ਇਕਬਾਲ ਸ਼ਾਹਿਦ ਨੇ ਮੇਰਾ, ਮਿਸਿਜ਼ ਸੁਖਬੀਰ ਕੌਰ ਗਿੱਲ ਅਤੇ ਹਰਜੀਤ ਸਿੰਘ ਗਿੱਲ ਦਾ ਸਨਮਾਨ ਕੀਤਾ|
ਇੱਥੋਂ ਚਾਹ ਪੀ ਕੇ ਗਿੱਲ ਪਰਿਵਾਰ ਦੇ ਬੱਚੇ ਟੋਰਾਂਟੋ ਤੋਂ ਗਏ ਆਪਣੇ ਪਾਕਿਸਤਾਨੀ ਦੋਸਤ ਨਾਲ ਚਲੇ ਗਏ, ਸਲਮਾਨ ਦੀਆਂ ਭੈਣਾਂ ਆਪਣੇ ਘਰ ਅਤੇ ਅਸੀਂ ਪਾਕਿ ਹੈਰੀਟੇਜ ਹੋਟਲ, ਜਿੱਥੇ ਆਲਮੀ ਪੰਜਾਬੀ ਕਾਨਫਰੰਸ ਚੱਲ ਰਹੀ ਸੀ, ਪਹੁੰਚ ਗਏ| ਹਰਜੀਤ ਸਿੰਘ ਪੰਜਾਬੀ ਪੱਤ੍ਰਿਕਾ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਅਤੇ ਉਨ੍ਹਾਂ ਦੀ ਪਤਨੀ ਕਮਲ ਦੁਸਾਂਝ ਨਾਲ ਕੁਝ ਦੱਸਣ-ਪੁੱਛਣ ਲਈ ਚਲੇ ਗਏ ਅਤੇ ਮੈਂ ਹਾਲ ਵਿਚ ਚਲੀ ਗਈ| ਮੈਂ ਸੁਲਤਾਨਾ ਬੇਗਮ ਨੂੰ ਵੀ ਮਿਲਣਾ ਸੀ, ਬਹੁਤ ਸਾਲ ਹੋ ਗਏ ਸੀ ਮਿਲਿਆਂ| ਇਥੇ ਭਾਰਤੀ ਪੰਜਾਬੀ ਗਾਇਕ ਪੰਮੀ ਬਾਈ ਅਤੇ ਇੱਕ ਪਾਕਿਸਤਾਨੀ ਗਾਇਕ ਨੇ ਆਪਣੇ ਗੀਤਾਂ ਨਾਲ ਮਹਿਫਿਲ ਸਜਾਈ ਹੋਈ ਸੀ| ਸੁਲਤਾਨਾ ਨੇ ਮੈਨੂੰ ਇਕਬਾਲ ਕੈਸਰ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਕਾਫੀ ਲਿਖਿਆ ਹੈ ਅਤੇ ਬਾਬਾ ਨਜ਼ਮੀ ਨੂੰ ਮਿਲਾਇਆ|
ਇਥੋਂ ਅਸੀਂ ਸੁਸ਼ੀਲ ਦੁਸਾਂਝ ਨਾਲ ਹੋਟਲ ਦੇ ਸਾਹਮਣੇ ਹੀ ਸੜਕ ਦੇ ਦੂਜੇ ਕਿਨਾਰੇ ਬਣੀ ਲਾਹੌਰ ਪ੍ਰੈਸ ਕਲੱਬ ਵਿਚ ਚਲੇ ਗਏ, ਜਿੱਥੇ ਮੁਸ਼ਾਇਰਾ ਚੱਲ ਰਿਹਾ ਸੀ| ਰਾਤ ਦਾ ਖਾਣਾ ਸਾਨੂੰ ਸਾਡੀ ਰਿਹਾਇਸ਼ ਦੇ ਹੀ ਨੇੜੇ ਰੈਸਟੋਰੈਂਟ ਵਿਚ ਸਲਮਾਨ ਦੇ ਸਭ ਤੋਂ ਛੋਟੇ ਮਾਮੇ ਜਨਾਬ ਤਾਲਿਬ ਸਿੱਧੂ ਵੱਲੋਂ ਰੱਖਿਆ ਗਿਆ ਸੀ, ਜਿਨ੍ਹਾਂ ਦੀਆਂ ਬੱਚੀਆਂ ਸਾਡੇ ਨਾਲ ਨਨਕਾਣਾ ਸਾਹਿਬ ਹੋ ਕੇ ਆਈਆਂ ਸਨ| ਇਹ ਸੁਨੇਹਾ ਸਲਮਾਨ ਨੇ, ਜਦੋਂ ਸਾਨੂੰ ਵਾਘੇ ਲੈਣ ਗਿਆ ਸੀ, ਉਦੋਂ ਹੀ ਦੇ ਦਿੱਤਾ ਸੀ| ਜਨਾਬ ਤਾਲਿਬ ਸਿੱਧੂ ਪਾਕਿਸਤਾਨੀ ਪੰਜਾਬ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਹਿ ਚੁਕੇ ਹਨ| ਸਾਡੇ ਵਾਲੇ ਪਾਸੇ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਨ; ਇਸ ਲਈ ਅਸੀਂ ਐਮ. ਐਲ਼ ਏ ਬੋਲਦੇ ਹਾਂ| ਉਨ੍ਹਾਂ ਦੀ ਨੈਸ਼ਨਲ ਅਸੈਂਬਲੀ ਹੈ, ਇਸ ਲਈ ਉਹ ਐਮ. ਐਨ. ਏ ਬੋਲਦੇ ਹਨ| ਇਸ ਖਾਣੇ ਵਿਚ ਸਲਮਾਨ ਦੀ ਅੰਮੀ, ਬੀਵੀ ਸਲਮਾ ਅਤੇ ਮਾਮੇ ਦਾ ਆਪਣਾ ਪੂਰਾ ਪਰਿਵਾਰ ਸ਼ਾਮਲ ਸੀ|
(ਚਲਦਾ)