ਹਰ ਗੱਲ ਨਾਲ ਅਖੇ ‘ਜੰਗਲ ਦਾ ਰਾਜ ਹੈ!’

ਜੰਗਲ ਦੇ ਬਾਦਸ਼ਾਹ ਦਾ ਪ੍ਰਧਾਨ ਮੰਤਰੀ ਨੂੰ ਖਤ
ਐਸ਼ ਅਸ਼ੋਕ ਭੌਰਾ
ਮੇਰੇ ਪਿਆਰੇ ਹਮਰੁਤਬਾ ਪ੍ਰਧਾਨ ਮੰਤਰੀ ਜੀਓ,
ਦੁਆ ਸਲਾਮ ਕਬੂਲ ਕਰਨੀ।
ਤੁਹਾਨੂੰ ਰੋਜ਼ਾਨਾ ਬੜੇ ਖਤ ਆਉਂਦੇ ਹੋਣਗੇ, ਪਰ ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਕੋਈ ਖਤ ਤੁਹਾਨੂੰ ਜੰਗਲ ‘ਚੋਂ ਲਿਖਿਆ ਜਾ ਰਿਹਾ ਹੋਵੇ। ਤੁਸੀਂ ਵੀ ਬਾਦਸ਼ਾਹ ਹੋ ਤੇ ਮੈਂ ਵੀ ਬਾਦਸ਼ਾਹ ਹਾਂ, ਪਰ ਫਰਕ ਇੰਨਾ ਹੀ ਹੈ ਕਿ ਮੈਂ ਜਾਨਵਰਾਂ ਦਾ ਬਾਦਸ਼ਾਹ ਹਾਂ ਤੇ ਤੁਸੀਂ ਬੰਦਿਆਂ ਦੇ ਬਾਦਸ਼ਾਹ ਹੋ, ਜਿਨ੍ਹਾਂ ‘ਚੋਂ ਬੰਦੇ ਕਹਿਣ ਨੂੰ ਜੀਅ ਨਹੀਂ ਕਰਦਾ। ਤੁਸੀਂ ਹਕੂਮਤਾਂ ਬੈਸਾਖੀਆਂ ਦੇ ਸਹਾਰੇ ਕਰਦੇ ਹੋ, ਪਰ ਮੈਂ ਕਿਸੇ ਦੇ ਸਹਾਰੇ ਤੋਂ ਬਿਨਾ ਠਾਠ-ਬਾਠ ਨਾਲ ਰਹਿੰਦਾ ਹਾਂ। ਤੁਸੀਂ ਵਿਰੋਧੀਆਂ ਦੇ ਅਗਨ-ਬਾਣ ਝੱਲਦੇ ਹੋ, ਪਰ ਮੈਂ ਨਿਰਵਿਰੋਧ ਸ਼ਾਸਨ ਚਲਾ ਰਿਹਾ ਹਾਂ। ਤੁਹਾਨੂੰ ਪੰਜ ਸਾਲ ਦਾ ਸਮਾਂ ਰਾਜ ਭਾਗ ਲਈ ਮਿਲਦਾ ਹੈ, ਮੈਂ ਜੰਗਲ ਦਾ ਸਦਾ-ਬਾਹਾਰ ਰਾਜਾ ਹਾਂ।

ਖੈਰ! ਅੱਜ ਮੇਰਾ ਖਤ ਲਿਖਣ ਦਾ ਮਕਸਦ ਕੁਝ ਹੋਰ ਹੈ। ਇਸ ਲਈ ਇਸ ਗੁੰਝਲਦਾਰ ਜਿਰਾਹ ਵਿਚ ਕਦੇ ਫੇਰ ਉਲਝ ਲਵਾਂਗੇ। ਤੁਸੀਂ ਸੋਚਦੇ ਹੋਵੋਗੇ ਕਿ ਕਿਸੇ ਹੋਰ ਦੇਸ਼ ਦਾ ਬਾਦਸ਼ਾਹ ਮੈਨੂੰ ਖਤ ਲਿਖਣ ਵੇਲੇ ਹਮਰੁਤਬਾ ਲਿਖੇ ਤਾਂ ਗੱਲ ਬਣਦੀ ਹੈ, ਇਹ ਜੰਗਲ ਦੇ ਰਾਜੇ ਦਾ ਕੱਦ ਮੇਰੇ ਬਰਾਬਰ ਕਿਵੇਂ ਹੋ ਗਿਆ? ਮੈਂ ਤਾਂ ਤੁਹਾਡਾ ਇਹ ਭਰਮ ਭੁਲੇਖਾ ਇਹ ਕਹਿ ਕੇ ਕੱਢ ਦੇਣਾ ਚਾਹੁੰਦਾ ਹਾਂ ਕਿ ਮੈਂ ਉਹ ਬਾਦਸ਼ਾਹ ਹਾਂ, ਜਿਸ ਦੇ ਰਾਜ ਵਿਚ ਸਾਰੀ ਪਰਜਾ ਸੁੱਖ ਨਾਲ ਸੌਂਦੀ ਹੈ, ਜਿੱਥੇ ਸ਼ਾਂਤੀ ਹੀ ਸ਼ਾਂਤੀ ਹੈ ਤੇ ਤੁਸੀਂ ਆਪਣੇ ਦਿਲ ‘ਤੇ ਹੱਥ ਰੱਖ ਕੇ ਇਹ ਗੱਲ ਹਰਗਿਜ਼ ਨਹੀਂ ਕਹਿ ਸਕਦੇ ਕਿ ਜਦੋਂ ਦੇ ਤੁਸੀਂ ਵੋਟਾਂ ਦੇ ਸਹਾਰੇ; ਚੋਰਾਂ, ਲੁਟੇਰਿਆਂ ਤੇ ਜੁਗਾੜੀ ਭ੍ਰਿਸ਼ਟ ਲੋਕਾਂ ਦੇ ਸਹਾਰੇ ਇਸ ਗੱਦੀ ‘ਤੇ ਬੈਠੇ ਹੋ, ਤੁਸੀਂ ਇਕ ਦਿਨ ਵੀ ਰੱਜ ਕੇ ਘੋੜੇ ਵੇਚ ਕੇ ਸੌਂ ਕੇ ਨਹੀਂ ਵੇਖਿਆ ਹੋਣਾ!
ਚਲੋ, ਇਹ ਗੱਲਾਂ ਤਾਂ ਰਾਮ ਕਹਾਣੀਆਂ ਵਾਂਗ ਬਹੁਤ ਲੰਮੀਆਂ ਹਨ। ਕਦੇ ਵਕਤ ਮਿਲਿਆ ਤਾਂ ਇਨ੍ਹਾਂ ਦਾ ‘ਕੱਠੇ ਬਹਿ ਕੇ ਖੁਲਾਸਾ ਕਰਾਂਗੇ। ਅੱਜ ਮੈਂ ਜਿਸ ਕੋਇਲੇ ਵਾਂਗ ਭਖਦੇ ਮਸਲੇ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ, ਉਹ ਮੈਂ ਜਾਣਦਾ ਤਾਂ ਹਾਂ ਕਿ ਫਿਰ ਕਈ ਦਿਨਾਂ ਤੱਕ ਤੁਹਾਡੀ ਨੀਂਦ ਦੇ ਲੱਤਾਂ ਮਾਰੇਗਾ; ਕਿਉਂਕਿ ਤੁਸੀਂ ਸਿਆਣੇ ਵੀ ਹੋ, ਸਮਝਦਾਰ ਵੀ; ਇਸ ਲਈ ਤੁਸੀਂ ਇਕ ਬਾਦਸ਼ਾਹ ਦੇ ਦਰਦ ਦੀ ਚੀਸ ਨੂੰ ਸਮਝੋਗੇ ਵੀ; ਪਰ ਇਸ ਗੱਲ ਦੀ ਮੈਨੂੰ ਆਸ ਬਹੁਤ ਫਿੱਕੀ ਲੱਗਦੀ ਹੈ ਕਿ ਤੁਸੀਂ ਇਸ ਦੇ ਚੰਗੇ ਨਤੀਜੇ ਕੱਢ ਸਕੋਗੇ। ਫਿਰ ਵੀ ਇਸ ਆਸ ਨਾਲ ਤੁਹਾਨੂੰ ਮੁਖਾਤਿਬ ਹੋਣ ਲੱਗਾਂ ਹਾਂ ਕਿ ਜਿਵੇਂ ਬਦਸੂਰਤ ਪਤੀ ਦੀ ਪਤਨੀ ਖੂਬਸੂਰਤ ਬੱਚੇ ਨੂੰ ਜਨਮ ਦੇਣ ਤੱਕ ਇਸੇ ਆਸ ‘ਤੇ ਬੈਠੀ ਹੁੰਦੀ ਹੈ ਕਿ ਇਹ ਮੇਰੇ ਜਿਹਾ ਹੋਵੇਗਾ।
ਬੜੇ ਲੰਮੇ ਸਮੇਂ ਤੋਂ ਮੈਂ ਜੰਗਲ ਦੇ ਹਰ ਜਾਨਵਰ ਨਾਲ ਸਲਾਹ ਕੀਤੀ ਹੈ ਕਿ ਗਲਤੀਆਂ ਬੰਦੇ ਕਰ ਰਹੇ ਹਨ, ਜੁਰਮ ਮਨੁੱਖ ਕਰ ਰਹੇ ਹਨ ਤੇ ਜਦੋਂ ਇਹ ਕਾਬੂ ਨਹੀਂ ਹੁੰਦੇ ਤਾਂ ਲੋਕ ਰੌਲਾ ਪਾਉਂਦੇ ਹਨ ਕਿ ਇਹ ਤਾਂ ਨਿਰ੍ਹਾ ਜੰਗਲ ਦਾ ਰਾਜ ਐ। ਲੋਕ ਸਭਾ ਜਾਂ ਵਿਧਾਨ ਸਭਾ ਵਿਚ ਉਹ ਲੋਕ, ਜਿਨ੍ਹਾਂ ਨੂੰ ਜਨਤਾ ਸਿਆਣੇ ਸਮਝ ਕੇ ਚੁਣ ਕੇ ਭੇਜਦੀ ਹੈ, ਮੂਰਖਾਂ ਵਾਂਗ ਸਿੰਗ ਫਸਾਉਂਦੇ ਹਨ ਤਾਂ ਤੁਸੀਂ ਇਕ ਵਾਰ ਖੁਦ ਵੀ ਟਿੱਪਣੀ ਕੀਤੀ ਸੀ, “ਇੱਥੇ ਜੰਗਲ ਦਾ ਰਾਜ ਨਹੀਂ!” ਦਿੱਲੀ ‘ਚ ਬਲਾਤਕਾਰ ਹੋਵੇ, ਧਰਮ ਦੇ ਨਾਂ ‘ਤੇ ਦੰਗਿਆਂ ‘ਚ ਲੋਕ ਮਰਨ ਤਾਂ ਅਵਾਜ਼ਾਂ ਉਠਦੀਆਂ ਨੇ, “ਇੱਥੇ ਤਾਂ ਜੰਗਲ ਦਾ ਰਾਜ ਹੈ।”
ਮੈਂ ਇਸ ਖਤ ਰਾਹੀਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ ਬਦਨਾਮ ਕਿਉਂ ਕਰ ਰਹੇ ਹੋ? ਸਵਾਲਾਂ ਦੀ ਜੋ ਵਿਥਿਆ ਮੈਂ ਹੇਠਾਂ ਸੁਣਾਉਣ ਲੱਗਾ ਹਾਂ, ਤੁਸੀਂ ਮੰਨਿਓ ਭਾਵੇਂ ਨਾ, ਪਰ ਇਹ ਸੱਚ ਹੈ ਕਿ ਜੰਗਲ ਵਿਚ ਉਹ ਕੁਝ ਨਾ ਕਦੇ ਹੋਇਆ ਹੈ, ਨਾ ਹੋ ਰਿਹਾ ਹੈ, ਨਾ ਹੋਵੇਗਾ। ਜੋ ਤੁਹਾਡੇ ਰਾਜ ਵਿਚ ਹੋ ਰਿਹਾ ਹੈ, ਉਹ ਕੁਝ ਜਾਨਵਰਾਂ ਦੇ ਰਾਜ ਵਿਚ ਨਹੀਂ ਹੋ ਸਕਦਾ। ਜੇ ਤੁਸੀਂ ਬੰਦਿਆਂ ਨੂੰ ਜਾਨਵਰਾਂ ਤੋਂ ਸਿਆਣੇ ਸਮਝ ਰਹੇ ਹੋ ਤਾਂ ਇਹ ਸਿਰਫ ਤੁਹਾਡਾ ਭਰਮ ਹੋ ਸਕਦਾ ਹੈ।
ਜ਼ਰਾ ਸੋਚ ਕੇ ਦੱਸੋਗੇ ਕਿ ਨਾ ਤਾਂ ਮੇਰੇ ਕੋਲ ਗੰਨਮੈਨ ਹਨ, ਨਾ ਮੇਰੇ ਕੋਲ ਮਹਿੰਗੀਆਂ ਕਾਰਾਂ ਹਨ, ਨਾ ਸਲਾਹਕਾਰਾਂ/ਚਮਚਿਆਂ ਦੀ ਭੀੜ ਹੈ, ਨਾ ਸ਼ਾਹੀ ਮਹਿਲ ਹੈ, ਨਾ ਮੈਨੂੰ ਤਨਖਾਹ ਮਿਲਦੀ ਹੈ, ਨਾ ਖਾਣਾ ਪਕਾਉਣ ਵਾਲਾ, ਨਾ ਜਹਾਜ ਤੇ ਨਾ ਕੋਈ ਮਹਿਕਮਾ। ਫਿਰ ਵੀ ਮੈਨੂੰ ਨਾ ਕਿਸੇ ਤੋਂ ਖਤਰਾ ਹੈ, ਨਾ ਭੁੱਖ ਦਾ ਫਿਕਰ ਹੈ, ਨਾ ਬਿਮਾਰ ਹੋਣ ਦਾ ਡਰ ਹੈ, ਨਾ ਸ਼ੇਰਨੀ ਮੇਰੇ ਨਾਲ ਸਰਕਾਰੀ ਦੌਰਿਆਂ ‘ਤੇ ਜਾਂਦੀ ਐ। ਨਾ ਕਿਤੇ ਚੈਕਿੰਗ, ਨਾ ਅਸਲਾ ਲੱਭਣ ਵਾਲੇ ਕੁੱਤੇ। ਮੇਰਾ ਰਾਜ ਭਾਗ ਸ਼ਾਨੋ-ਸ਼ੌਕਤ ਨਾਲ ਚੱਲ ਰਿਹਾ ਹੈ। ਇਹ ਸਾਰੀਆਂ ਮਾੜੀਆਂ ਅਲਾਮਤਾਂ ਸਿਰਫ ਤੁਹਾਨੂੰ ਚਿੰਬੜੀਆਂ ਹੋਈਆਂ ਹਨ। ਜੰਗਲ ਦੀ ਪਰਜਾ ਇੰਨੀ ਸਿਆਣੀ ਰਹੀ ਹੈ ਕਿ ਉਨ੍ਹਾਂ ਕਦੇ ਸੋਚਿਆ ਹੀ ਨਹੀਂ ਕਿ ਬਾਦਸ਼ਾਹ ਵੋਟਾਂ ਪਾ ਕੇ ਚੁਣ ਲਈਦੇ ਹਨ। ਮੈਂ ‘ਕੱਲਾ ਵੀ ਤੁਰਿਆ ਜਾ ਰਿਹਾ ਹੋਵਾਂ, ਤਦ ਵੀ ਹਰ ਜਾਨਵਰ ਸਲੂਟ ਮਾਰ ਕੇ ਲੰਘਦਾ ਹੈ। ਤੁਸੀਂ ਜੰਗਲ ਦੇ ਰਾਜੇ ਦੀ ਰੀਸ ਕਦੇ ਵੀ ਨਹੀਂ ਕਰ ਸਕਦੇ। ਕਿਤੇ ਮੈਨੂੰ ਦੋ ਪੈਰ ਇਨ੍ਹਾਂ ਕਾਲੇ ਕੱਪੜਿਆਂ ਵਾਲੇ ਜਮਾਂ ਤੇ ਰਫਲਾਂ, ਬੰਦੂਕਾਂ ਤੋਂ ਬਿਨਾ ਤੁਰ ਕੇ ਤਾਂ ਵਿਖਾਇਓ! ਆਪਣੀ ਪੀੜ੍ਹੀ ਹੇਠ ਸੋਟਾ ਨਹੀਂ, ਡਾਂਗ ਫੇਰੋ। ਭੰਡੀ ਖਾਹ-ਮਖਾਹ ਸਾਨੂੰ ਜਾਨੇ ਓਂ!
ਤੁਹਾਡੇ ਥਾਂ-ਥਾਂ ‘ਤੇ ਬਾਲੜੀਆਂ ਨਾਲ, ਧੀਆਂ ਨਾਲ, ਬਜੁਰਗ ਔਰਤਾਂ ਨਾਲ ਨਿੱਤ ਬਲਾਤਕਾਰ ਹੋ ਰਹੇ ਹਨ। ਜੰਗਲ ਦੀ ਖਬਰ ਕਦੇ ਸੁਣੀ ਐ ਕਿ ਕਿਸੇ ਨਿਹੱਥੇ ਜਾਂ ਬੇਸਹਾਰਾ ਜਾਨਵਰ ਨਾਲ ਕਿਸੇ ਨੇ ਇੱਦਾਂ ਕੀਤਾ ਹੋਵੇ? ਜੰਗਲ ਦੇ ਬਘਿਆੜ ਗਊਆਂ ਜਿਹੇ ਆ, ਤੇ ਬੰਦੇ ਬਘਿਆੜਾਂ ਤੋਂ ਹਜ਼ਾਰ ਗੁਣਾ ਦਰਿੰਦੇ ਜ਼ਾਲਮ। ਇੱਥੇ ਕਦੇ ਕਿਸੇ ਨੇ, ਕਿਸੇ ਵੀ ਜਾਨਵਰ ਨੂੰ ਰੰਗ-ਰਲੀਆਂ ਮਨਾਉਂਦੇ ਨਹੀਂ ਦੇਖਿਆ ਤੇ ਤੁਹਾਡੇ ਹੋਟਲਾਂ ‘ਚ ਰੋਜ਼ ਵੱਗ ਫੜੇ ਜਾ ਰਹੇ ਹਨ। ਤੁਹਾਡੇ ਮੰਤਰੀਆਂ ‘ਤੇ ਬਲਾਤਕਾਰ ਦੇ ਕੇਸ ਚੱਲ ਰਹੇ ਹਨ। ਜੰਗਲ ਦੀ ਕੋਈ ਵੀ ਇਕ ਮਿਸਾਲ ਪੇਸ਼ ਕਰ ਦਿਓ ਖਾਂ। ਦਿੱਲੀ ਵਿਚ ਅਬਲਾ ਨਾਲ ਜੋ ਹੋਇਆ, ਸਾਰਾ ਜੱਗ ਜਾਣਦੈ ਤੇ ‘ਜੰਗਲ ਦਾ ਰਾਜ’ ਕਹਿ ਕੇ ਦਫਾ ਸਾਡੀ ਪੁੱਟ ਰਹੇ ਹੋ। ਸੰਗ ਆਉਣੀ ਚਾਹੀਦੀ ਐ ਇੱਦਾਂ ਦੇ ਰਾਜ ‘ਤੇ!!
ਮੇਰੇ ਹਮਰੁਤਬਾ ਪ੍ਰਧਾਨ ਮੰਤਰੀ ਜੀਓ! ਤੁਹਾਡੇ ਕੋਲ ਪੁਲਿਸ, ਫੌਜਾਂ ਦਾ ਲਾਮ-ਲਸ਼ਕਰ, ਬਾਰੂਦ, ਤੋਪਾਂ, ਰਾਕਟ, ਮਿਜ਼ਾਈਲਾਂ-ਇਹ ਹੇੜ੍ਹ ਫਿਰ ਵੀ ਲੋਕਾਂ ਨੂੰ ਕਾਬੂ ਨਹੀਂ ਰੱਖ ਸਕੀ। ਜੰਗਲ ਦੁਆਲੇ ਨਾ ਬੀ. ਐਸ਼ ਐਫ, ਨਾ ਕੰਡਿਆਲੀ ਤਾਰ; ਕੀਹਦੀ ਮਜਾਲ ਅੰਦਰ ਆ ਜਾਵੇ! ਬੰਦਿਆਂ ਦਾ ਪੈਂਟ-ਪਜਾਮਾ ਗਿੱਲਾ ਨਾ ਕਰ ਦੇਈਏ ਵੜਦਿਆਂ ਦਾ।
ਤੁਸੀਂ ਇੰਨੇ ਵੱਗ ਨਾਲ ਵੀ ਸ਼ਾਂਤੀ ਨਹੀਂ ਰੱਖ ਸਕੇ। ਕਿਤੇ ਬੰਬ ਫਟ ਰਹੇ ਨੇ, ਕਿਤੇ ਸਰਹੱਦ ਪਾਰੋਂ ਦੁਸ਼ਮਣ ਨੇ ਤੁਹਾਡੀਆਂ ਪੂਛਾਂ ਚੁਕਾਈਆਂ ਹੋਈਆਂ ਨੇ। ਕਿਤੇ ਦੰਗੇ-ਫਸਾਦ ਹੋ ਰਹੇ ਨੇ, ਜੇਲ੍ਹਾਂ ਖੂੰਖਾਰ ਅਤਿਵਾਦੀਆਂ ਨਾਲ ਭਰੀਆਂ ਪਈਆਂ ਨੇ। ਸੱਚ ਪੁੱਛੋ ਤਾਂ ਮੁਲਕ ਦੇ ਹਰ ਹਿੱਸੇ ਵਿਚ ਹਾਹਾਕਾਰ ਮੱਚੀ ਹੋਈ ਹੈ ਤੇ ਮੇਰੇ ਜੰਗਲ ਦੇ ਲਾਅ ਐਂਡ ਆਰਡਰ ਦੀ ਸਥਿਤੀ ਕਿਸੇ ਤੋਂ ਲੁਕੀ ਹੋਈ ਨਹੀਂ। ਜਾਨਵਰ ਜ਼ਿੰਦਗੀ ਮਾਣ ਰਹੇ ਨੇ, ਤੁਸੀਂ ਭੋਗ ਰਹੇ ਹੋ। ਨਾ ਕਿਤੇ ਰੋਸ ਮੁਜਾਹਰਾ, ਨਾ ਹੜਤਾਲ, ਤੇ ਨਾ ਤਨਖਾਹਾਂ ਦਾ ਰੌਲਾ, ਨਾ ਤਰੱਕੀਆਂ ਦੀ ਲੜਾਈ। ਸਭ ਜਾਨਵਰਾਂ ਕੋਲ ਸਬਰ ਵੀ ਹੈ ਤੇ ਸੰਜਮ ਵੀ। ਤੁਸੀਂ ਤੀਏ ਦਿਨ ਬੇਨਿਆਈਂ ਮੌਤ ਮਰਨ ਵਾਲਿਆਂ ‘ਤੇ ਹਾਅ ਦੇ ਨਾਅਰੇ ਮਾਰਦੇ ਹੋ, ਪਰਿਵਾਰਾਂ ਨੂੰ ਨੌਕਰੀਆਂ, ਪੈਸੇ ਵੰਡਦੇ ਹੋ। ਕਿਹੜਾ ਜੰਗਲ ਐ ਜਿੱਥੇ ਬੰਬਾਂ, ਗੋਲੀਆਂ ਨਾਲ ਜਾਨਵਰ ਮਰਦੇ ਹੋਣ? ਪ੍ਰਧਾਨ ਮੰਤਰੀ ਜੀਓ! ਐਵੇਂ ਪਰਦਾ ਈ ਐ। ਚਾਰ ਜਮਾਤਾਂ ਪੜ੍ਹ ਕੇ ਬੰਦੇ, ਬੰਦੇ ਹੋਣ ਦੀ ਰਾਗਣੀ ਛੇੜੀ ਬੈਠੇ ਜੇ, ਇਹ ਤਾਂ ਜਾਨਵਰਾਂ ਦੇ ਬਰਾਬਰ ਬਹਿਣ ਜੋਗੇ ਵੀ ਨਹੀਂ ਰਹੇ।
ਜੰਗਲ ‘ਚ ਜਾਨਵਰਾਂ ਦਾ ਧਰਮ ਸਿਰਫ ਨੇਕ ਬਣੇ ਰਹਿਣਾ ਤੇ ਪਾਪ ਨਾ ਕਰਨਾ ਹੈ। ਅਸੀਂ ਘੁਰਨਿਆਂ ਵਿਚ ਨਹੀਂ ਰਹਿੰਦੇ, ਉਹਦੀ ਰਜ਼ਾ ਵਿਚ ਸਬਰ ਨਾਲ ਵੀ ਰਹਿੰਦੇ ਹਾਂ। ਤੁਸੀਂ ਧਰਮ ਕੋਲ ਮੁਲਕ ਗਿਰਵੀ ਰੱਖ ਦਿੱਤਾ ਹੈ। ਮੰਦਿਰਾਂ, ਮਸੀਤਾਂ ਦੇ ਰੌਲੇ ਪਾ ਕੇ ਮਨੁੱਖਤਾ ਵਿਚ ਵੰਡੀਆਂ ਪਾ ਦਿੱਤੀਆਂ ਹਨ। ਧਰਮ ਦਾ ਵਾਸਤਾ ਪਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਕਿਤੇ ਧਰਮ ਦੇ ਨਾਂ ‘ਤੇ ਪਾਰਟੀਆਂ, ਕਿਤੇ ਧਰਮ ਦੇ ਨਾਂ ‘ਤੇ ਕਤਲ। ਰੱਬ ਜਿਵੇਂ ਤੁਹਾਡਾ ਸਿੱਧਾ ਰਿਸ਼ਤੇਦਾਰ ਹੋਵੇ! ਚੰਦਰਾ ਸਵਾਮੀ ਤੋਂ ਲੈ ਕੇ ਆਸਾ ਰਾਮ, ਰਾਮ ਰਹੀਮ ਤੱਕ ਧਰਮ ਦੇ ਚੋਲੇ ਦੀ ਆੜ ਵਿਚ ਕੀ ਕੀ ਹੁੰਦਾ ਰਿਹਾ ਹੈ, ਸਭ ਜਾਣਦੇ ਨੇ? ਕੋਈ ਚਿਮਟੇ ਵਜਾ ਕੇ ਲੁੱਟ ਰਿਹੈ, ਕੋਈ ਖੜਤਾਲਾਂ ਵਜਾ ਕੇ। ਜੰਗਲ ‘ਚ ਕਿੱਥੇ ਹੈ ਇਹ ਸਭ? ਮੰਦਿਰ ਕਿੱਥੇ ਹੈ? ਤੇ ਮਸਜਿਦ ਕਿੱਥੇ? ਕਿਥੇ ਹੈ ਗਿਰਜਾਘਰ ਤੇ ਕਿੱਥੇ ਹੈ ਗੁਰਦੁਆਰਾ? ਸ਼ੈਤਾਨ ਬੰਦੇ ਧਰਮ ਦੀਆਂ ਕੂਕਾਂ ਮਾਰ ਕੇ ਭੋਲੀ ਜਨਤਾ ਨੂੰ ਦੋਹਾਂ ਹੱਥਾਂ ਨਾਲ ਲੁੱਟ ਰਹੇ ਹਨ। ਜੇ ਸੱਚੀਂ ਰੱਬ ਵਸਦਾ ਵੇਖਣੈ, ਤਾਂ ਜੰਗਲ ਦਾ ਗੇੜਾ ਮਾਰ ਕੇ ਦੇਖੋ। ਜ਼ਰੂਰੀ ਨਹੀਂ, ਰੱਬ ਦੇ ਰਹਿਣ ਲਈ ਇਮਾਰਤਾਂ ਦੀ ਲੋੜ ਐ! ਤੇ ਤੁਸੀਂ ਜੰਗਲ ਰਾਜ ਦੀਆਂ ਵੱਖੀਆਂ ਭੰਨ੍ਹ ਰਹੇ ਹੋ। ਰੱਬ ਦੇ ਵਾਸਤੇ ਚੋਰਾਂ ਦੀ ਸਾਧਾਂ ਨਾਲ ਤੁਲਨਾ ਨਾ ਕਰੋ।
ਪਰਮ ਸਤਿਕਾਰਯੋਗ ਪ੍ਰਧਾਨ ਮੰਤਰੀ ਜੀਓ! ਅੱਖਾਂ ਤੋਂ ਪੱਟੀ ਥੋੜ੍ਹੀ ਜਿਹੀ ਹੇਠਾਂ ਕਰੋ। ਕਿਸੇ ਜਾਨਵਰ ‘ਤੇ ਦੁਨੀਆਂ ‘ਚ ਹਾਲੇ ਤੀਕ ਭ੍ਰਿਸ਼ਟ ਹੋਣ ਦਾ ਦੋਸ਼ ਨਹੀਂ ਲੱਗਾ। ਤੁਹਾਡੇ ਮੰਤਰੀ ਅਰਬਾਂ ‘ਚ ਰਿਸ਼ਵਤ ਲੈਣ ਦੇ ਚੱਕਰਾਂ ‘ਚ ਫਸੇ ਹੋਏ ਹਨ। ਕਾਮਨਵੈਲਥ ਖੇਡਾਂ ‘ਚ ਕੀ ਨਹੀਂ ਹੋਇਆ? ਟੈਲੀਫੋਨ ਘੋਟਾਲੇ ‘ਚ ਛੱਡਿਆ ਹੀ ਕੀ ਹੈ? ਥੋਡੇ ਰਾਜ ਦੇ ਲੋਕ ਪਸੂਆਂ ਦਾ ਚਾਰਾ ਵੀ ਖਾ ਗਏ, ਬੰਦੇ ਜਾਨਵਰਾਂ ਦੀ ਖੁਰਾਕ ਖਾਣ ਲੱਗ ਪਏ! ਹੱਦ ਈ ਕਰ’ਤੀ ਤੁਸੀਂ ਤਾਂ!! ਤੇ ਉਲਾਂਭਿਆਂ ਦੇ ਠੀਕਰੇ ਸਾਡੇ ਸ਼ਰੀਫਾਂ ਦੇ ਸਿਰ ਭੰਨਦੇ ਓ! ਓਨਾਵ ਕਾਂਡ ‘ਚ ਸਾਂਗਰ ‘ਤੇ ਕਿਹੜੇ ਦੋਸ਼ ਲੱਗੇ ਨੇ, ਕਦੇ ਸੋਚੋ ਤਾਂ ਸਹੀ। ਇਕ ਬੱਚੀ ਨਾਲ ਦੁਸ਼ਕਰਮ ਪਿਛੋਂ ਉਸ ਦਾ ਪਰਿਵਾਰ ਹੀ ਮਾਰ ਮੁਕਾਇਆ ਹੋਵੇ, ਦੇਸ਼ ਦੇ ਲੋਕਾਂ ਦਾ ਪੈਸਾ ਲੈ ਕੇ ਕਿੰਨੇ ਮੋਦੀ/ਮਾਲਿਆ ਭੱਜੇ ਫਿਰਦੇ ਨੇ? ਸਮਝ ਨਹੀਂ ਆਉਂਦੀ, ਮੈਂ ਮੱਥੇ ‘ਤੇ ਹੱਥ ਮਾਰਾਂ ਜਾਂ ਮੱਥਾ ਦਰਖਤ ‘ਚ ਮਾਰਾਂ!
ਉਧਰ ਪੰਜਾਬ ਦੀਆਂ ਖਬਰਾਂ ਸੁਣੀਆਂ ਹੀ ਹੋਣੀਆਂ! ਉਥੇ ਤਾਂ ਜਮ੍ਹਾਂ ਗੱਲ ਸਿਰੇ ਲੱਗੀ ਪਈ ਐ। ਜੋ ਵਸਤਾਂ ਕਿਸੇ ਤੋਂ ਵੀ ਖਾ ਨਹੀਂ ਹੋਈਆਂ, ਉਥੇ ਹਕੂਮਤਾਂ ਕਰਨ ਵਾਲੇ ਉਹ ਵੀ ਛਕ ਗਏ। ਰੇਤੇ, ਬਜਰੀ ਦੇ ਰੌਲੇ ਦਾ ਤੁਹਾਨੂੰ ਕਿਹੜਾ ਪਤਾ ਨਹੀਂ ਹੋਣਾ? ਸ਼ਰਾਬ ਵੇਚ ਕੇ ਰਾਜ ਭਾਗ ਚਲਾਇਆ ਜਾ ਰਿਹਾ, ਪੰਜਾਬ ‘ਚ ਇਕ ਸਾਲ ਸ਼ਰਾਬ ਬੰਦ ਕਰਕੇ ਵੇਖ ਲਵੋ, ਜੇ ਮੰਤਰੀ, ਮੁੱਖ ਮੰਤਰੀ ਸਾਈਕਲਾਂ ‘ਤੇ ਨਾ ਘੁੰਮਣ ਲੱਗ ਜਾਣ। ਚਲੋ ਸ਼ਰਾਬ ਵੇਚੀ ਜਾਂਦੇ ਕੋਈ ਗੱਲ ਨਹੀਂ ਸੀ, ਜਵਾਨੀ ਨੂੰ ਨਸ਼ਿਆਂ ‘ਚ ਗਾਲਣ ਤੋਂ ਕੌਣ ਬਚਾਵੇਗਾ? ਚਿੱਟੇ ਨਾਲ ਜਵਾਨ ਮਾਂਵਾਂ ਦੇ ਪੁੱਤ ਰੋਜ਼ ਮਰ ਰਹੇ ਹਨ। ਹਰ ਚੌਥਾ ਬੰਦਾ ਨਸ਼ਈ ਹੋਇਆ ਫਿਰਦਾ। ਮਾੜੇ ਦਾ ਜਿਉਣਾ ਹਰਾਮ ਹੋਇਆ ਪਿਐ। ਲੁਟੇਰਿਆਂ ਨੇ ਅੱਜ ਕੱਲ੍ਹ ਕਾਲੇ ਕੱਛੇ ਸਿਲਾ ਲਏ ਨੇ। ਕਦੇ ਕਿਸੇ ਨੇ ਜੰਗਲ ‘ਚ ਸ਼ਰਾਬ ਦਾ ਠੇਕਾ ਵੇਖਿਆ? ਕੋਈ ਜਾਨਵਰ ਨਸ਼ੇ ਦੀ ਓਵਰ ਡੋਜ਼ ਕਰਕੇ ਮਰਿਆ? ਸਹੁੰ ਖਾ ਕੇ ਕਹੋ ਕਿ ਇਹ ਧੰਦਾ ਵੱਡਿਆਂ ਦੀ ਸ਼ਹਿ ਤੋਂ ਬਿਨਾ ਚੱਲ ਸਕਦਾ? ਸਰਹੱਦਾਂ ‘ਤੇ ਨਸ਼ੇ ਦੀ ਤਸਕਰੀ ਜੰਗਲ ਦੇ ਜਾਨਵਰ ਨਹੀਂ ਕਰਦੇ, ਤੁਹਾਡੇ ਰਾਜ ਦੇ ਬੰਦੇ ਕਰਵਾ ਰਹੇ ਹਨ। ਫਿਰ ਦੱਸੋ ਰਾਜ ਥੋਡਾ ਚੰਗਾ ਜਾਂ ਸਾਡੇ ਜੰਗਲ ਦਾ? ਜੰਗਲ ਵਿਚ ਕੋਈ ਪੈਸੇ ਟਕੇ ਦਾ ਲੈਣ-ਦੇਣ ਨਹੀਂ ਚੱਲਦਾ। ਮੇਰੇ ਕੋਲ ਕੋਈ ਖਜਾਨਾ ਨਹੀਂ, ਪਰ ਭੁੱਖੇ ਅਸੀਂ ਫਿਰ ਵੀ ਨਹੀਂ ਮਰਦੇ। ਇੱਥੇ ਕਿਸੇ ਅਨਾਜ ਸੁਰੱਖਿਆ ਬਿੱਲ ਦੀ ਚਰਚਾ ਨਹੀਂ। ਇੱਥੇ ਸਭ ਰਾਤ ਨੂੰ ਢਿੱਡ ਭਰ ਕੇ ਖਾਂਦੇ ਆ, ਢੋਲੇ ਦੀਆਂ ਲਾਉਂਦੇ ਆ, ਤੇ ਤੜਕੇ ਤੱਕ ਘਰਾੜੇ ਵੱਜਦੇ ਨੇ।
ਘੱਟ-ਗਿਣਤੀ ਲੋਕਾਂ ਦਾ ਜਿਉਣਾ ਹਰਾਮ ਹੋਇਆ ਪਿਐ। ਮੈਥੋਂ ਪੁੱਛਣਾ ਚਾਹੁੰਨੇ ਹੋ? ਇਹ ਸੱਚਾਈ ਜੱਗ ਜਾਹਰ ਹੈ। ਜੰਗਲ ‘ਚ ਕੋਈ ਘੱਟ ਗਿਣਤੀ ਵਿਚ ਹੋਏ, ਚਾਹੇ ਵੱਧ ‘ਚ, ਮਜਾਲ ਐ, ਮੇਰੇ ਰਾਜ ‘ਚ ਕਿਸੇ ਵੱਲ ਕੋਈ ਅੱਖ ਭਰ ਕੇ ਵੀ ਤੱਕ ਸਕੇ। ਮੈਂ ਸੰਗਤ ਦਰਸ਼ਨ ਨਹੀਂ ਕਰਦਾ, ਕੰਮ ਪ੍ਰਦਰਸ਼ਨ ਕਰਦਾ ਹਾਂ।
ਤੁਹਾਡੇ ਰਾਜ ਵਿਚ ਲੀਡਰ ਘੱਟ ਐ, ਪਾਰਟੀਆਂ ਬਹੁਤ ਨੇ। ਹਰ ਕੋਈ ਆਪੋ ਆਪਣੀ ਟਿੰਡ ਵਜਾਈ ਫਿਰਦੈ। ਜੰਗਲ ‘ਚ ਕਿਸੇ ਨੇ ਵੀ ਕਦੇ ਕਿਸੇ ਪਾਰਟੀ ਦਾ ਨਾਂ ਸੁਣਿਐ? ਇਹ ਧੜੇਬੰਦੀਆਂ, ਦੁਸ਼ਮਣੀਆਂ, ਵਿਰੋਧ ਸਭ ਮਨੁੱਖ ਕਰ ਰਿਹੈ। ਕਿਸੇ ਦਾ ਕੋਈ ਦੀਨ-ਮਜ਼ਹਬ ਨਹੀਂ। ਕੱਲ੍ਹ ਅਲਾਦੀਨ ਨਾਲ ਹੁੰਦੇ ਨੇ ਤੇ ਅੱਜ ਚਿਰਾਗਦੀਨ ਨਾਲ। ਜਿੱਥੋਂ ਖਾਣ ਨੂੰ ਮਿਲਦਾ, ਉਧਰ ਭੱਜੀ ਫਿਰਦੇ ਨੇ। ਇਹ ਭੋਲੇ ਲੋਕਾਂ ਨੂੰ ਲੜਾ ਕੇ ਆਪ ਕੰਧ ‘ਤੇ ਬੈਠ ਕੇ ਤਮਾਸ਼ਾ ਵੇਖ ਰਹੇ ਨੇ। ਕਾਹਦੇ ਪ੍ਰਧਾਨ ਮੰਤਰੀ ਹੋ ਤੁਸੀਂ? ਮੈਂ ਜੰਗਲ ਵਿਚ ਕਿਸੇ ਨੂੰ ਘੂਰਦਾ ਵੀ ਨਹੀਂ, ਮਜਾਲ ਐ ਕਿ ਕੋਈ ਮੂਹਰੇ ਅੱਖ ਵੀ ਚੁੱਕ ਲਵੇ। ਮੈਂ ਹਾਥੀ ਕੁੱਜੇ ‘ਚ ਨਹੀਂ ਪਾਇਆ, ਕੁੱਜੀ ‘ਚ ਬੰਦ ਕੀਤਾ ਹੋਇਆ ਹੈ। ਘੋੜੇ, ਗੈਂਡੇ ਸਭ ਮੇਰੇ ਕਹਿਣ ‘ਚ ਨੇ। ਤੇ ਜੋ ਹਾਲਤ ਥੋਡੀ ਹੈ, ਭਲਾ ਦੱਸਣ ਦੀ ਲੋੜ ਹੈਗੀ ਆ ਮੇਰੀ?
ਆਬਾਦੀ ਵਧਾ ਕੇ ਸ਼ਰਮਿੰਦਾ ਕੀਹਨੇ ਕੀਤਾ ਏ ਮੁਲਕ ਨੂੰ? ਰੋਜ਼ ਜਿਹੜੀ ਇੰਨੀ ਆਬਾਦੀ ਵਧੀ ਜਾਂਦੀ ਆ, ਇਹ ਨਿਆਣਿਆਂ ਦੀਆਂ ਢੇਰੀਆਂ ਕੌਣ ਲਾ ਰਿਹੈ? ਮੁੰਡੇ-ਕੁੜੀ ‘ਚ ਫਰਕ ਪਾ ਕੇ ਕੁੱਖ ‘ਚ ਧੀਆਂ ਕੌਣ ਮਰਵਾ ਰਿਹੈ? ਅਦਾਲਤਾਂ ਸਹੀ ਹਨ, ਪਰ ਸਬੂਤ ਫੂਕੇ ਜਾ ਰਹੇ ਨੇ। ਜੰਗਲ ‘ਚ ਵੰਸ਼ ਚਲਾਉਣ ਲਈ ਜਾਨਵਰ ਬੱਚੇ ਪੈਦਾ ਕਰ ਰਹੇ ਹਨ ਤੇ ਤੁਸੀਂ ਰੌਣਕਾਂ ਲਾਉਣ ਲਈ। ਜੰਗਲ ‘ਚ ਨਾ ਕੋਈ ਸੁਪਰੀਮ ਕੋਰਟ ਹੈ, ਨਾ ਹਾਈ ਕੋਰਟ। ਇਨਸਾਫ ਦਾ ਉਲਾਂਭਾ ਫਿਰ ਵੀ ਕੋਈ ਨਹੀਂ ਦੇ ਰਿਹਾ। ਫਿਰ ਰਾਮ ਰਾਜ ਜੰਗਲ ‘ਚ ਹੈ ਕਿ ਤੁਹਾਡੇ ਕੋਲ?
ਜੰਗਲ ‘ਚ ਕੋਈ ਸਕੂਲ, ਕਾਲਜ ਨਹੀਂ; ਥਾਣਾ ਨਹੀਂ, ਹਸਪਤਾਲ ਨਹੀਂ। ਫਿਰ ਦੱਸੋ, ਪੜ੍ਹੇ-ਲਿਖੇ ਬੰਦਿਆਂ ਨਾਲੋਂ ਜਾਨਵਰਾਂ ਵਿਚ ਲਿਆਕਤ ਕਿੱਥੇ ਘੱਟ ਐ? ਜਾਨਵਰ, ਜੋ ਤੁਸੀਂ ਘਰਾਂ ‘ਚ ਪਾਲਦੇ ਹੋ, ਉਹੀ ਬਿਮਾਰ ਹੁੰਦੇ ਹਨ। ਇਸੇ ਕਰ ਕੇ ਡੰਗਰਾਂ, ਬਿੱਲੀਆਂ, ਕੁੱਤਿਆਂ ਦੇ ਹਸਪਤਾਲ ਅਤੇ ਡਾਕਟਰ ਤੁਸੀਂ ਬਣਾਏ ਹਨ, ਜੰਗਲ ‘ਚੋਂ ਕਦੇ ਕਿਸੇ ਜਾਨਵਰ ਦੇ ਬਿਮਾਰ ਹੋਣ ਦੀ ਕਦੇ ਖਬਰ ਆਈ ਹੈ? ਫਿਰ ਸੰਗ ਕਰੋ, ਆਪਣੇ ਰਾਜ ਦੀ ਜੰਗਲ ਦੇ ਰਾਜ ਨਾਲ ਤੁਲਨਾ ਕਰਨ ਵੇਲੇ।
ਜੰਗਲ ‘ਚ ਨਾ ਟੈਲੀਫੋਨ ਹੈ, ਨਾ ਟੈਲੀਵਿਜ਼ਨ ਹੈ। ਨਾ ਫਿਲਮਾਂ ਨੇ, ਨਾ ਕੋਈ ਕੋਇਲ ਤੋਂ ਸਿਵਾ ਗਾਉਂਦਾ ਹੈ। ਕੋਇਲ ਜੰਗਲ ਦੀ ਹਰ ਸਵੇਰੇ ਸੰਗੀਤਮਈ ਬਣਾ ਦਿੰਦੀ ਹੈ ਤੇ ਤੁਸੀਂ ਲੁੱਚ-ਗੜੁੱਚ ਤੇ ਨੰਗੇ-ਅੱਧਨੰਗੇ ਗੀਤਾਂ ਦੀ ਖੱਪ ਪਾਈ ਹੋਈ ਹੈ। ਜੰਗਲ ਵਿਚ ਨਾ ਬਿਜਲੀ ਦੀ ਸਮੱਸਿਆ ਹੈ, ਨਾ ਰੇਲਾਂ ਜਾਂ ਬੱਸਾਂ ਦੀ। ਨਾ ਟੈਲੀਫੋਨ ਨੇ ਤੇ ਨਾ ਹੀ ਅੜੇ ਇੰਟਰਨੈਟ। ਨਾ ਹੀ ਸਾਨੂੰ ਇਨ੍ਹਾਂ ਬੇਲੋੜੀਆਂ ਚੀਜ਼ਾਂ ਦੀ ਲੋੜ ਹੈ। ਜੰਗਲ ‘ਚ ਪਖੰਡ ਤੇ ਝੂਠ ਦੀ ਕੋਈ ਦੁਕਾਨ ਵੀ ਨਹੀਂ।
ਪ੍ਰਧਾਨ ਮੰਤਰੀ ਜੀ! ਸਿਰਫ ਹੈਲੋ ਕਹਿ ਕੇ ਗੱਲ ਨਾ ਮੁਕਾ ਦਿਓ। ਇਹਦੇ ‘ਤੇ ਅਮਲ ਕਰਿਓ! ਹੁਕਮ ਕਰ ਦਿਓ ਕਿ ਤੁਹਾਡੇ ਰਾਜ ਵਿਚ ਹੁਣ ਕੋਈ ਭੈੜੀ ਹਰਕਤ ਜੰਗਲ ਦੇ ਰਾਜ ਨਾਲ ਨਾ ਜੋੜੇ। ਜੇ ਕੰਨ, ਅੱਖਾਂ ਇਕ ਵਾਰ ਨਾਲ ਨਾ ਖੁੱਲ੍ਹਣ ਤਾਂ ਇਸ ਨੂੰ ਤਿੰਨ-ਚਾਰ ਵਾਰ ਪੜ੍ਹ ਲਿਓ। ਲੱਗਦੈ, ‘ਭਲਾਮਾਣਸ’ ਪ੍ਰਧਾਨ ਮੰਤਰੀ ਸਾਡੀ ਬੇਨਤੀ ਸਵੀਕਾਰ ਕਰੇਗਾ।
ਜੰਗਲ ‘ਚ ਨਾ ਈ-ਮੇਲ ਹੈ, ਨਾ ਡਾਕ ਸੇਵਾਵਾਂ।
ਉਂਜ ਹਮਰੁਤਬਾ ਲੋਕਾਂ ਤੱਕ ਦਿਲ ਦੀ ਗੱਲ ਪੁੱਜ ਹੀ ਜਾਂਦੀ ਹੈ।
ਆਸ ਤੇ ਉਮੀਦ ਨਾਲ,
ਜੰਗਲ ਦਾ ਬਾਦਸ਼ਾਹ।