ਮੋਹਿ ਨੀਚੁ ਕਛੂ ਨ ਜਾਨਾ

ਡਾ. ਅਜੀਤ ਸਿੰਘ ਕੋਟਕਪੂਰਾ
ਹਿੰਦੁਸਤਾਨ ਨੂੰ ਪੂਰਨ ਤੌਰ ‘ਤੇ ਮੁਸਲਿਮ ਦੇਸ਼ ਬਣਾ ਦੇਣ ਲਈ ਔਰੰਗਜ਼ੇਬ ਵਲੋਂ ਅਪਨਾਈ ਗਈ ਨੀਤੀ ਨੂੰ ਸਫਲਤਾ ਨਾ ਮਿਲੀ, ਕਿਉਂਕਿ ਦੱਖਣ ਵਿਚ ਮਰਾਠੇ ਅਤੇ ਪੰਜਾਬ ਵਿਚ ਸਿੱਖ ਇਸ ਦੇ ਵਿਰੋਧ ਵਿਚ ਡੱਟ ਗਏ ਸਨ। ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਇਸ ਜ਼ੁਲਮ ਖਿਲਾਫ ਆਪਣੇ ਕੁਝ ਸੇਵਾਦਾਰਾਂ ਸਮੇਤ ਕੁਰਬਾਨੀ ਦਿਤੀ ਸੀ। ਉਧਰ ਬਾਦਸ਼ਾਹ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿਚ ਅਪਨਾਈ ਗਈ ਸਖਤੀ ਦੀ ਨੀਤੀ ਦੇ ਨਤੀਜਿਆਂ ਦਾ ਝਲਕਾਰਾ ਨਜ਼ਰ ਆਉਣ ਲੱਗ ਪਿਆ ਸੀ।

ਉਂਜ ਵੀ ਉਹ ਉਮਰ ਦੇ ਆਖਰੀ ਪੜਾਅ ਵਿਚ ਹੋਣ ਕਾਰਨ ਕਮਜ਼ੋਰ ਪੈ ਗਿਆ ਸੀ। ਕਾਰਨ ਕੁਝ ਵੀ ਹੋਣ, ਬਾਦਸ਼ਾਹ ਨੇ ਆਪਣੇ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾਈ ਲਈ ਇਕ ਚਿੱਠੀ ਲਿਖ ਭੇਜੀ ਅਤੇ ਗੱਲਬਾਤ ਕਰਨ ਦੀ ਇੱਛਾ ਜਾਹਰ ਕੀਤੀ। ਇਸ ਦੇ ਉਤਰ ਵਿਚ ਗੁਰੂ ਜੀ ਨੇ ਜ਼ਫਰਨਾਮਾ ਲਿਖ ਭੇਜਿਆ, ਜਿਸ ਵਿਚ ਉਨ੍ਹਾਂ ਨੇ ਔਰੰਗਜ਼ੇਬ ਦਾ ਧਿਆਨ ਦੇਸ਼ ਦੀ ਪਰਜਾ ਨਾਲ ਚੰਗਾ ਵਰਤਾਓ ਨਾ ਹੋਣ ਵਲ ਦੁਆਇਆ ਅਤੇ ਦੱਸਿਆ ਕਿ ਮੈਨੂੰ ਤਾਂ ਸਾਰੇ ਤੌਰ ਤਰੀਕੇ ਅਪਨਾ ਲੈਣ ਪਿਛੋਂ ਹੀ ਤਲਵਾਰ ਚੁੱਕਣੀ ਪਈ ਸੀ, ਤੇ ਮੈਂ ਤਾਂ ਹਾਲੇ ਵੀ ਗੱਲਬਾਤ ਲਈ ਤਿਆਰ ਹਾਂ,
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਅਰਥਾਤ ਜਦ ਕੋਈ ਕੰਮ-ਕਾਜ ਸਾਰੇ ਹੀਲਿਆਂ ਤੋਂ ਲੰਘ ਜਾਵੇ ਜਾਂ ਕਿਸੇ ਕੰਮ ਨੂੰ ਕਰਨ ਲਈ ਕੋਈ ਹੋਰ ਸਾਧਨ ਨਾ ਰਹਿ ਜਾਵੇ ਤਾਂ ਤਲਵਾਰ ਹੱਥ ਵਿਚ ਲੈਣੀ ਜਾਇਜ਼ ਹੈ।
ਬਾਦਸ਼ਾਹ ਇਸ ਸਮੇਂ ਤਕ ਬਹੁਤ ਬੁੱਢਾ ਤੇ ਕਮਜ਼ੋਰ ਹੋ ਚੁਕਾ ਸੀ ਅਤੇ ਸਿਹਤ ਵੀ ਦਿਨੋ ਦਿਨ ਕਮਜ਼ੋਰ ਹੋ ਰਹੀ ਸੀ। ਚਿੱਠੀ ਲੈ ਕੇ ਜਾਣ ਵਾਲਾ ਵੀ ਵਾਪਸ ਨਹੀਂ ਸੀ ਪੁੱਜਾ, ਇਸ ਲਈ ਸੱਚੇ ਪਾਤਸ਼ਾਹ ਨੇ ਆਪ ਹੀ ਦੱਖਣ ਜਾ ਕੇ ਉਸ ਨੂੰ ਮਿਲਣ ਦਾ ਇਰਾਦਾ ਕਰ ਲਿਆ ਸੀ। ਹਾਲੇ ਗੁਰੂ ਜੀ ਦਿੱਲੀ ਦੇ ਨੇੜੇ ਹੀ ਸਨ ਕਿ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਇਕ ਹੁਕਮਨਾਮੇ ਤੋਂ ਪਤਾ ਲਗਦਾ ਹੈ, ਜਿਸ ਵਿਚ ਲਿਖਿਆ ਸੀ, “ਅਸੀਂ ਵੀ ਥੋੜੇ ਹੀ ਦਿਨਾਂ ਨੌ ਆਵਤੇ ਹਾਂ, ਸਰਬਤ੍ਰ ਖਾਲਸੇ ਕੋ ਮੇਰਾ ਹੁਕਮ ਹੈ ਆਪਸ ਮੇਂ ਮੇਲ ਕਰਣਾ ਜਦ ਅਸੀਂ ਕਹਿਲੂਰ ਆਵਤੇ ਤਦ ਸਰਬਤ੍ਰ ਖਾਲਸੇ ਹਥਿਆਰ ਬੰਨ ਕੇ ਹਜ਼ੂਰ ਆਵਣਾ ਜੋ ਆਵੇਗਾ ਸੋ ਨਿਹਾਲ ਹੋਵੇਗਾ।”
ਉਸ ਵੇਲੇ ਦੇ ਹਾਕਮਾਂ ਨਾਲ ਗੱਲਬਾਤ ਸਿਰੇ ਨਾ ਚੜ੍ਹ ਸਕੀ ਤਾਂ ਗੁਰੂ ਸਾਹਿਬਾਂ ਨੇ ਕੁਝ ਸਮੇਂ ਲਈ ਨਾਂਦੇੜ ਵਿਚ ਹੀ ਡੇਰਾ ਲਾ ਲਿਆ, ਜਿਥੇ ਉਨ੍ਹਾਂ ਦਾ ਮਾਧੋ ਦਾਸ ਬੈਰਾਗੀ ਨਾਲ ਮੇਲ ਹੋਇਆ। ਜਦੋਂ ਹੰਕਾਰ ਦਾ ਭਰਿਆ ਮਾਧੋ ਦਾਸ ਆਪਣੇ ਪੁਰਾਣੇ ਜੰਤਰ ਮੰਤਰ ਵਰਤਣ ਵਿਚ ਕਾਮਯਾਬ ਨਾ ਹੋਇਆ ਤਾਂ ਉਹ ਘਾਬਰ ਗਿਆ। ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਆਤਮਾ ਸਨ, ਉਨ੍ਹਾਂ ਦੇ ਤੇਜ ਪ੍ਰਤਾਪ ਦੇ ਸਾਹਮਣੇ ਹੰਕਾਰੀ ਸਾਧੂ ਦੀਆਂ ਅੱਖਾਂ ਨਿਵ ਗਈਆਂ ਅਤੇ ਝੁਕੇ ਹੋਏ ਸਿਰ ਨਾਲ ਅੱਗੇ ਵੱਧ ਕੇ ਸਤਿਗੁਰੂ ਨੂੰ ਬੇਨਤੀ ਕੀਤੀ,
ਮਾਧੋ ਦਾਸ: (ਮਹਾਰਾਜ) ਆਪ ਕੌਣ ਹੋ?
ਗੁਰੂ ਸਾਹਿਬ: ਉਹ, ਜਿਸ ਨੂੰ ਤੂੰ ਜਾਣਦਾ ਹੈਂ|
ਮਾਧੋ ਦਾਸ: ਮੈਂ ਕੀ ਜਾਣਦਾ ਹਾਂ?
ਗੁਰੂ ਸਾਹਿਬ: ਆਪਣੇ ਮਨ ਨੂੰ ਇਕਾਗਰ ਕਰ ਅਤੇ ਸੋਚ!
ਮਾਧੋ ਦਾਸ: (ਸੋਚਣ ਪਿਛੋਂ) ਆਪ ਗੁਰੂ ਗੋਬਿੰਦ ਸਿੰਘ ਹੋ?
ਗੁਰੂ ਸਾਹਿਬ: ਹਾਂ।
ਮਾਧੋ ਦਾਸ: ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ?
ਗੁਰੂ ਸਾਹਿਬ: ਮੈਂ ਇਥੇ ਤੈਨੂੰ ਆਪਣਾ ਸਿੰਘ ਸਜਾਉਣ ਲਈ ਆਇਆ ਹਾਂ।
ਮਾਧੋ ਦਾਸ: ਹਜ਼ੂਰ! ਮੈਂ ਹਾਜ਼ਰ ਹਾਂ, ਮੈਂ ਤਾਂ ਆਪ ਦਾ (ਗੁਲਾਮ) ਬੰਦਾ ਹਾਂ।
(ਇਹ ਵਾਰਤਾਲਾਪ ਫਾਰਸੀ ਦੀ ਇਕ ਕਿਤਾਬ ਵਿਚ ਦਰਜ ਹੈ)
ਅਸਲ ਵਿਚ ਮਾਧੋ ਦਾਸ ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਹੀ ਗੁਰੂ ਜੀ ਦਾ ਹੋ ਗਿਆ ਸੀ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰ ਉਸ ਅੰਦਰ ਬਿਜਲੀ ਜਿਹੀ ਰੁਮਕਣ ਲੱਗ ਪਈ ਸੀ ਅਤੇ ਉਹ ਇਕ ਪਾਰਸ ਦੇ ਸੰਪਰਕ ਵਿਚ ਆ ਜਾਣ ਕਾਰਨ ਲੋਹੇ ਤੋਂ ਸੁੱਧ ਸੋਨਾ ਬਣ ਗਿਆ ਸੀ। ਜਦੋਂ ਗੁਰੂ ਸਾਹਿਬ ਨੇ ਉਸ ਅੰਦਰ ਅੰਤਰ ਆਤਮਾ ਦੀ ਚਮਕਦੀ ਚਿਣਗ ਪ੍ਰਤੀਤ ਕੀਤੀ, ਜਿਸ ਨੂੰ ਉਨ੍ਹਾਂ ਨੇ ਆਪਣੀ ਮਿਹਰ ਸਦਕਾ ਜੋਤ ਬਣਾ ਕੇ ਜਗਾ ਦਿੱਤਾ। ਇਸ ਬਦਲੀ ਹੋਈ ਮਾਨਸਿਕ ਹਾਲਤ ਵਿਚ ਉਸ ਨੂੰ ਇੱਕ ਨਵੇਂ ਸੰਚੇ ਵਿਚ ਢਾਲ ਦੇਣ ਲਈ ਉਸੇ ਸਮੇਂ ਸ਼ਸ਼ਤਰਧਾਰੀ ਸਿੰਘਾਂ ਵਾਲਾ ਬਾਣਾ ਪਹਿਨਾ ਪੂਰਨ ਸਿੱਖ ਰੀਤਾਂ ਅਨੁਸਾਰ ਅੰਮ੍ਰਿਤ ਛਕਾ ਦਿੱਤਾ। ਉਸ ਨੂੰ ਨਵਾਂ ਨਾਂ ਬੰਦਾ ਸਿੰਘ ਦੇ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਬੈਰਾਗੀ ਮਾਧੋ ਦਾਸ ਪੰਜ ਕੱਕਾਰ ਪਹਿਨ ਕੇ ਬੰਦਾ ਸਿੰਘ ਬਣ ਗਿਆ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਕੌਮੀ ਸੇਵਾ ਦੇ ਸੰਗਰਾਮ ਵਿਚ ਆ ਨਿਤਰਿਆ। ਸਿੱਖੀ ਦੇ ਸਿਧਾਂਤਾਂ ਅਤੇ ਢਹਿੰਦੀਆਂ ਕਲਾ ਵਿਚ ਜਾ ਰਹੀ ਪੰਜਾਬ ਦੀ ਜਨਤਾ ਵਿਚੋਂ ਸੂਰਬੀਰਾਂ ਦੀ ਕੌਮ ਬਣਾ ਦੇਣ ਲਈ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਯਤਨ ਤੋਂ ਜਾਣੂੰ ਹੋਣ ਲਈ ਬੰਦਾ ਸਿੰਘ ਨੂੰ ਕੋਈ ਬਹੁਤਾ ਸਮਾਂ ਨਾ ਲੱਗਾ। ਸ਼ਹੀਦਾਂ ਦਾ ਇਤਿਹਾਸ ਸੁਣ ਕੇ ਬੰਦਾ ਸਿੰਘ ਰੋਹ ਨਾਲ ਭਰ ਗਿਆ ਅਤੇ ਮੁਗਲਾਂ ਦੇ ਜ਼ੁਲਮਾਂ ਨਾਲ ਭੰਨੀ ਜਾ ਰਹੀ ਹਿੰਦੂ ਲੋਕਾਈ ਦੀ ਹਾਲਤ ਉਸ ਨੇ ਆਪ ਵੀ ਡਿੱਠੀ ਹੋਈ ਸੀ। ਜਦੋਂ ਪਠਾਣਾਂ ਵਲੋਂ ਗੁਰੂ ਜੀ ‘ਤੇ ਕੀਤੇ ਘਾਤਕ ਵਾਰ ਦਾ ਬੰਦਾ ਸਿੰਘ ਨੂੰ ਪਤਾ ਲੱਗਾ ਤਾਂ ਉਹ ਹੋਰ ਗੁੱਸੇ ਨਾਲ ਭਰ ਗਿਆ ਅਤੇ ਉਸ ਦਾ ਖੂਨ ਉਬਾਲੇ ਖਾਣ ਲੱਗਾ। ਉਸ ਲਈ ਚੁੱਪ ਕਰ ਕੇ ਬਹਿਣਾ ਔਖਾ ਹੋ ਗਿਆ ਤਾਂ ਉਸ ਨੇ ਗੁਰੂ ਸਾਹਿਬ ਤੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਂ ਜੋ ਜ਼ੁਲਮੀ ਮੁਗਲਾਂ ਨੂੰ ਸੋਧ ਸਕੇ ਅਤੇ ਦੋਖੀਆਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦੇ ਸਕੇ।
ਇਤਿਹਾਸ ਗਵਾਹ ਹੈ ਕਿ ਜੇ ਗੁਰੂ ਸਾਹਿਬ ਜ਼ਖਮੀ ਨਾ ਹੋਏ ਹੁੰਦੇ ਤਾਂ ਉਨ੍ਹਾਂ ਨੇ ਭੀ ਉਸ ਵੇਲੇ ਪੰਜਾਬ ਵਲ ਮੁੜ ਪੈਣਾ ਸੀ। ਇਹ ਗੱਲ ਉਪਰ ਆਏ ਹੁਕਮਨਾਮੇ ਵਿਚੋਂ ਵੀ ਸਪਸ਼ਟ ਹੁੰਦੀ ਹੈ ਕਿ ਜੇ ਬਾਦਸ਼ਾਹ ਨਾਲ ਗਲਬਾਤ ਲੰਮੀ ਨਾ ਹੁੰਦੀ ਤਾਂ ਉਨ੍ਹਾਂ ਨੇ ਆਗਰੇ ਤੋਂ ਹੀ ਵਾਪਸ ਮੁੜ ਆਉਣਾ ਸੀ।
ਬੰਦਾ ਸਿੰਘ ਨੂੰ ਪੰਜਾਬ ਵਲ ਤੋਰਨ ਤੋਂ ਪਹਿਲਾਂ ਗੁਰੂ ਜੀ ਨੇ ਉਸ ਨੂੰ ਕੋਲ ਬੁਲਾ ਕੇ ਥਾਪੜਾ ਦਿੱਤਾ, ਪੰਜ ਤੀਰ ਆਪਣੇ ਭੱਠੇ ਵਿਚੋਂ ਬਖਸ਼ੇ। ਉਸ ਦੀ ਮਦਦ ਲਈ ਪੰਜ ਸਿੰਘਾਂ-ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ਼ ਸਿੰਘ, ਭਾਈ ਦਯਾ ਸਿੰਘ ਤੇ ਭਾਈ ਰਨ ਸਿੰਘ ਪੰਜ ਪਿਆਰੇ ਥਾਪ ਕੇ ਨਾਲ ਭੇਜੇ|
ਇਨ੍ਹਾਂ ਪੰਜ ਪਿਆਰਿਆਂ ਤੋਂ ਇਲਾਵਾ ਵੀਹ ਕੁ ਹੋਰ ਸੂਰਬੀਰ ਸਿੰਘ ਵੀ ਦਿਤੇ। ਇੱਕ ਨਿਸ਼ਾਨ ਸਾਹਿਬ ਅਤੇ ਨਗਾਰਾ ਵੀ ਬਖਸ਼ਿਆ, ਜੋ ਉਸ ਦੀ ਸੰਸਾਰਕ ਸੱਤਾ ਦੀਆਂ ਬਾਹਰਮੁਖੀ ਨਿਸ਼ਾਨੀਆਂ ਸਨ। ਉਸ ਨੂੰ ਇਹ ਵੀ ਹੁਕਮ ਕੀਤਾ ਕਿ ਪ੍ਰਭੂਤਾ ਪ੍ਰਾਪਤ ਹੋ ਜਾਣ ‘ਤੇ ਉਹ ਆਪੇ ਨੂੰ ਨਾ ਭੁੱਲੇ, ਜਤ-ਸਤ ਕਾਇਮ ਰੱਖਣਾ ਹੈ ਅਤੇ ਗੁਰੂ ਰੂਪ ਖਾਲਸੇ ਦੀ ਖੁਸ਼ੀ ਵਿਚ ਹੀ ਆਪਣੀ ਖੁਸ਼ੀ ਸਮਝੇ। ਸਫਲਤਾ ਦਾ ਭੇਦ ਇਸੇ ‘ਚ ਛੁਪਿਆ ਹੋਇਆ ਹੈ। ਇਸ ਤਰ੍ਹਾਂ ਬਖਸ਼ਿਸ਼ਾਂ ਪ੍ਰਾਪਤ ਕਰ ਸਿੱਖਾਂ ਦੇ ਨਾਮ ਹੁਕਮਨਾਮੇ ਲੈ ਕੇ ਬੰਦਾ ਸਿੰਘ ਨੂੰ ਖਾਲਸੇ ਦਾ ਜਥੇਦਾਰ ਥਾਪ ਪੰਜਾਬ ਵਲ ਨੂੰ ਤੋਰ ਦਿਤਾ।
ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਲਿਖਦੇ ਹਨ,
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ॥
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ॥
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ॥
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ॥
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ॥੩॥ (ਗੁਰੂ ਗ੍ਰੰਥ ਸਾਹਿਬ, ਪੰਨਾ 547)
ਅਰਥਾਤ, ਹੇ ਪਰਮਾਤਮਾ! ਤੂੰ ਵੱਡੀ ਤਾਕਤ ਵਾਲਾ ਹੈਂ ਅਤੇ ਮੇਰੀ ਅਕਲ ਤਾਂ ਨਿੱਕੀ ਜਿਹੀ ਹੈ, ਜੋ ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ। ਤੇਰੀ ਨਿਗਾਹ ਇਕਸਾਰ ਹੈ ਅਤੇ ਤੂੰ ਨਾ-ਸ਼ੁਕਰਿਆਂ ਦੀ ਵੀ ਪਾਲਣਾ ਕਰਦਾ ਹੈਂ। ਹੇ ਬੇਅੰਤ ਅਪਰੰਪਾਰ! ਤੂੰ ਜੀਵਨ ਦੀ ਸਮਝ ਤੋਂ ਪਰੇ ਹੈਂ, ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ ਤੇਰੇ ਬਾਬਤ ਕੁਝ ਵੀ ਨਹੀਂ ਜਾਣ ਸਕਦਾ। ਹੇ ਵਾਹਿਗੁਰੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕੌਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ ਹਾਂ, ਨੀਵਾਂ ਹਾਂ, ਅਣਜਾਣ ਹਾਂ। ਮੈਂ ਪਾਪ ਕਰ ਕਰ ਕੇ ਉਸ ਮਾਇਆ ਨੂੰ ਹੀ ਜੋੜਦਾ ਰਿਹਾ ਹਾਂ, ਜੋ ਕਦੇ ਵੀ ਟਿਕ ਕੇ ਨਹੀਂ ਬੈਠਦੀ, ਜੋ ਜੀਵਾਂ ਦਾ ਸਾਥ ਛੱਡ ਜਾਂਦੀ ਹੈ। ਹੇ ਨਾਨਕ! ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਮੇਰੀ ਲਾਜ ਰੱਖ ਲੈ।
ਉਪਰੋਕਤ ਅਨੁਸਾਰ ਮੈਂ ਥੋੜੀ ਮਤ ਵਾਲਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਉਣ ਦਾ ਮੰਤਵ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਅਤੇ ਇਹ ਹੀ ਮਹਿਸੂਸ ਕੀਤਾ ਕਿ ਦਸਵੇਂ ਗੁਰੂ ਸਾਹਿਬ ਦੇ ਮਨ ਅੰਦਰ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਬਦਲਾ ਲੈਣ ਦੀ ਇੱਛਾ ਸੀ। ਹੋਰ ਬਹੁਤ ਸਾਰੇ ਇਤਿਹਾਸਕਾਰ ਆਪਣੇ ਆਪਣੇ ਅੰਦਾਜ਼ਿਆਂ ਅਨੁਸਾਰ ਲਿਖਦੇ ਹਨ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਨਾ ਕੀਤੀ ਸੀ। ਕੁਝ ਲੇਖਕ ਲਿਖਦੇ ਹਨ ਕਿ ਦਸਵੇਂ ਨਾਨਕ ਨੇ ਆਪਣੇ ਬੱਚਿਆਂ ਦਾ ਬਦਲਾ ਲੈਣ ਲਈ ਭੇਜਿਆ ਸੀ, ਪਰ ਜਦੋਂ ਸਾਰੇ ਇਤਿਹਾਸ ਨੂੰ ਨਿੱਠ ਬੈਠ ਕੇ ਸੋਚਿਆ ਅਤੇ ਵਿਚਾਰਿਆ ਗਿਆ ਤਾਂ ਅਜਿਹੀ ਕੋਈ ਗੱਲ ਵੀ ਲਿਖਤ ਵਿਚ ਪ੍ਰਾਪਤ ਨਹੀਂ ਹੋਈ ਹੈ, ਜਿਸ ਤੋਂ ਅਜਿਹੇ ਕਿਸੇ ਸਿੱਟੇ ‘ਤੇ ਪੁੱਜਿਆ ਜਾ ਸਕੇ, ਕਿਉਂਕਿ ਦਸਵੇਂ ਪਾਤਸ਼ਾਹ ਇਸ ਤਰ੍ਹਾਂ ਦੀਆਂ ਨਿਜੀ ਦੁਸ਼ਮਣੀਆਂ ਤੋਂ ਬਹੁਤ ਹੀ ਉਚੇਰੇ ਸਨ। ਜੋ ਲੋਕ ਸਿੱਖੀ ਦੇ ਉਪਦੇਸ਼ਾਂ, ਗੁਰੂ ਜੀ ਦੀਆਂ ਲਿਖਤਾਂ ਅਤੇ ਜੀਵਨ ਦੀਆਂ ਵੱਖ ਵੱਖ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ, ਉਹ ਕਦੇ ਵੀ ਇਨ੍ਹਾਂ ਦਲੀਲਾਂ ਨਾਲ ਸਹਿਮਤ ਨਹੀਂ ਹੋ ਸਕਦੇ ਕਿ ਗੁਰੂ ਸਾਹਿਬ ਜੀ ਦਾ ਮਨੋਰਥ ਸਿਰਫ ਆਪਣੇ ਪੁੱਤਰਾਂ ਦਾ ਜਾਂ ਆਪਣੇ ਪਿਤਾ ਜੀ ਦਾ ਬਦਲਾ ਲੈਣਾ ਹੀ ਸੀ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਬੰਦਾ ਸਿੰਘ ਮੁਗਲ ਹਾਕਮਾਂ ਨੂੰ ਗੁਰੂ ਸਾਹਿਬ ਉਪਰ ਢਾਏ ਜ਼ੁਲਮਾਂ ਦੀ ਸਜ਼ਾ ਦੇਣ ਦੇ ਸੀਮਤ ਜਿਹੇ ਮਨੋਰਥ ਨੂੰ ਲੈ ਕੇ ਪੰਜਾਬ ਵਲ ਨਹੀਂ ਆਇਆ ਸੀ। ਬਾਜ਼ਾਂ ਵਾਲੇ ਸਤਿਗੁਰੂ ਨੇ ਉਸ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਅੱਗੇ ਵਲ ਤੋਰਨ ਲਈ ਭੇਜਿਆ ਸੀ।
ਇਸ ਬਹੁ ਰੰਗੇ ਸੰਸਾਰ ਅੰਦਰ ਆਦਮੀ ਦਾ ਸਦਾ ਸੰਤਾਂ, ਮਹਾਤਮਾ ਅਤੇ ਫਿਲਾਸਫਰਾਂ ਨਾਲ ਹੀ ਵਾਹ ਨਹੀਂ ਪੈਂਦਾ, ਕਈ ਵਾਰੀ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ, ਜੋ ਰਾਜ-ਮਦ ਜਾਂ ਸੱਤਾ ਦੇ ਨਸ਼ੇ ‘ਚ ਅੰਨ੍ਹੇ ਬੋਲੇ ਹੋ ਚੁਕੇ ਹੁੰਦੇ ਹਨ। ਰੋਜ਼ ਰੋਜ਼ ਦੇ ਅਨਿਆਂ ਅਤੇ ਅਤਿਆਚਾਰਾਂ ਨਾਲ ਇਨ੍ਹਾਂ ਦੀ ਅਕਲ ਅਤੇ ਆਤਮਾ ‘ਤੇ ਐਸਾ ਪਰਦਾ ਪੈ ਜਾਂਦਾ ਹੈ ਕਿ ਇਨ੍ਹਾਂ ਨੂੰ ਆਪਣੇ ਸੁਆਰਥਾਂ ਅਤੇ ਪੱਖਪਾਤ ਤੋਂ ਬਿਨਾ ਕੁਝ ਵੀ ਨਜ਼ਰ ਹੀ ਨਹੀਂ ਪੈਂਦਾ, ਭਾਵੇਂ ਉਹ ਮਸਲੇ ਕੌਮੀ ਹੋਣ, ਰਾਜਸੀ ਹੋਣ ਜਾਂ ਧਾਰਮਿਕ। ਅਮਨ ਦੇ ਸੁਨੇਹੇ ਅਤੇ ਧਾਰਮਿਕ ਫਿਲਾਸਫੀਆਂ ਇਨ੍ਹਾਂ ਲਈ ਕੋਈ ਅਰਥ ਨਹੀਂ ਰੱਖਦੀਆਂ ਅਤੇ ਨਾ ਹੀ ਇਨ੍ਹਾਂ ਨੂੰ ਸਿੱਧੇ ਰਾਹ ਲਿਆ ਸਕਦੀਆਂ ਸਨ/ਹਨ। ਇਹ ਸਿਰਫ ਖੜਕਦੇ ਖੰਡੇ ਦੀ ਬੋਲੀ ਹੀ ਸਮਝਦੇ ਹਨ। ਕਿਰਪਾਨ ਦੀ ਤੇਜ਼ ਧਾਰ ਹੀ ਇਨ੍ਹਾਂ ਦੀ ਮੇਲ ਨੂੰ ਕੱਟ ਸਕਦੀ ਹੈ। ਇਸ ਮਨੋਰਥ ਦੀ ਪੂਰਤੀ ਲਈ ਰਾਹ ਦੀਆਂ ਰੁਕਾਵਟਾਂ ਨੂੰ ਤਾਕਤ ਦੀ ਵਰਤੋਂ ਨਾਲ ਦੂਰ ਕਰਨਾ ਸਿੱਖ ਲਹਿਰ ਲਈ ਅਤਿ ਜ਼ਰੂਰੀ ਬਣ ਗਿਆ ਸੀ। ਇਸ ਤਰ੍ਹਾਂ ਰਾਜਸੀ ਅਤੇ ਸਮਾਜੀ ਪੱਧਰ ‘ਤੇ ਉਚ ਜਾਤੀ ਹਿੰਦੂ ਵਰਗਾਂ ਦੀ ਸੱਤਾ ਨੂੰ ਤਹਿਸ ਨਹਿਸ ਕਰ ਕੇ ਪੰਜਾਬ ‘ਚ ਖਾਲਸੇ ਦੀ ਅਜ਼ਾਦ ਸੱਤਾ ਕਾਇਮ ਕਰਨ ਦਾ ਕੌਮੀ ਕਾਰਜ ਸਿੱਖ ਲਹਿਰ ਦੇ ਫੌਰੀ ਏਜੰਡੇ ‘ਤੇ ਆ ਗਿਆ|