ਕਲਾ ਅਤੇ ਜ਼ਿੰਦਗੀ ਦੀ ਬਾਤ: ਔਡ ਟੂ ਸਿਨੇਮਾ

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮ ਜਿਊਂਦਾ-ਜਾਗਦਾ ਦਵੰਦ ਹੈ। ਫਿਲਮ ਕਲਾ ਮਾਧਿਅਮ ਦੇ ਤੌਰ ‘ਤੇ ਮਨੁੱਖੀ ਚੇਤਨਾ ਅਤੇ ਮਨੁੱਖ ਅੰਦਰਲੇ ਖਲਾਅ ਦੇ ਦੁਨਿਆਵੀ ਸੰਕਲਪਾਂ ਅਤੇ ਤਾਣੇ-ਬਾਣੇ ਨਾਲ ਟਕਰਾA ਨੂੰ ਦ੍ਰਿਸ਼ਾਂ, ਆਵਾਜ਼ਾਂ, ਪ੍ਰਤੀਕਾਂ, ਚਿੰਨਾਂ, ਚੁੱਪਾਂ, ਪਰਛਾਵਿਆਂ ਤੇ ਕਿਰਦਾਰਾਂ ਰਾਹੀਂ ਸਾਡੀ ਸੋਚ ਅਤੇ ਚੇਤਿਆਂ ਵਿਚ ਉਕਰਦੀ ਹੈ। ਇਸ ਵਰਤਾਰੇ ਵਿਚ ਸਮੇਂ ਅਤੇ ਸਪੇਸ ਦੀ ਪੁਨਰ-ਸਿਰਜਣਾ ਕਰਨ ਦੀ ਸਮਰੱਥਾ ਕਿਸੇ ਸੰਵੇਦਨਸ਼ੀਲ ਫਿਲਮਸਾਜ਼ ਦੇ ਹੁਨਰ ਅਤੇ ਕਲਪਨਾ ਦਾ ਅਸਲ ਇਮਤਿਹਾਨ ਹੋ ਨਿਬੜਦੀ ਹੈ।

ਆਪਣੀ ਫਿਲਮ ਬਾਰੇ ਗੱਲ ਕਰਦਿਆਂ ਕਵੀ ਅਤੇ ਫਿਲਮਸਾਜ਼ ਅਮਨਿੰਦਰ ਸਿੰਘ ਆਖਦਾ ਹੈ, “ਸਮਾਂ ਮੈਨੂੰ ਤਲਬ ਕਰਦਾ ਹੈ।” ਉਹ ਸਮੇਂ ਦੇ ਸਨਮੁਖ ਇਸ ਦੀ ਨਿਸ਼ਾਨਦੇਹੀ ਤੇ ਗਵਾਹੀ ਦੇ ਦ੍ਰਿਸ਼ ਬੁਣਦਾ ਹੈ। ਉਸ ਦੀ ਫਿਲਮ ਅਤੇ ਕਵਿਤਾ ਵਿਚ ਖਾਲੀਪਣ ਵਾਲਾ ਤਣਾਉ ਅਤੇ ਜਿਊਂਦੇ ਰਹਿਣ ਦੀ ਗਤੀ ਦੀਆਂ ਤੰਦਾਂ ਇਕ-ਦੂਜੀ ਨਾਲ ਜੁੜਦੀਆਂ ਹਨ। ਫਿਲਮ ਅਤੇ ਕਵਿਤਾ, ਦੋਵੇਂ ਉਸ ਨੂੰ ਇਕੋ ਜਿਹੀ ਸ਼ਿੱਦਤ ਨਾਲ ਜਿਊਂਦੇ ਹਨ।
ਅਖਿਰ ਫਿਲਮ ਕਿਉਂ ਜ਼ਰੂਰੀ ਹੈ? ਖਾਸ ਕਰਕੇ ਸਾਡੇ ਵਰਗੇ ਸਮਾਜਾਂ ਵਿਚ ਫਿਲਮ ਨਾਲ ਰਿਸ਼ਤਾ ਨਿਭਣਾ ਕਿੰਨਾ ਕੁ ਔਖਾ ਹੈ? ਅਮਨਿੰਦਰ ਸਿੰਘ ਦੱਸਦਾ ਹੈ, ਫਿਲਮਸ਼ਾਜ਼ ਲਈ ਫਿਲਮ ਉਨ੍ਹਾਂ ਚੀਜ਼ਾਂ ਨੂੰ ਸਾਂਭਣ ਦੀ ਜੱਦੋ-ਜਹਿਦ ਹੈ ਜਿਨ੍ਹਾਂ ਨੂੰ ਸਮਾਂ ਲਗਾਤਾਰ ਸਾਡੇ ਕੋਲੋਂ ਖੋਹ ਰਿਹਾ ਹੈ। ਫਿਲਮ ਯਾਦਾਂ ਨੂੰ ਬਚਾਉਣ ਦਾ ਤਰੱਦਦ ਹੈ। ਉਸ ਅਨੁਸਾਰ ਫੋਟੋਗਰਾਫੀ ਦੀ ਈਜ਼ਾਦ ਨੇ ਪੇਂਟਿੰਗ ਤੋਂ ਬੋਲਣ ਦੀ ਜਾਂਚ ਖੋਹ ਲਈ। ਫਿਲਮ ਬਣਾਉਣਾ ਕਹਾਣੀ ਕਹਿਣ ਦੇ ਬਹਾਨੇ ਖੁਦ ਨੂੰ ਟੋਹਣ ਅਤੇ ਫਰੋਲਣ ਦਾ ਯਤਨ ਹੈ। ਕਹਾਣੀ ਵਾਪਰਦੀ ਰਹਿੰਦੀ ਹੈ। ਇਸ ਨੇ ਕੈਮਰੇ ਤੋਂ ਬਿਨਾਂ ਵੀ ਜਾਰੀ ਰਹਿਣਾ ਹੈ। ਸਵਾਲ ਇਹ ਹੈ ਕਿ ਇਸ ਕਹਾਣੀ ਨੂੰ ਫਿਲਮਸਾਜ਼ ਦਰਸ਼ਕਾਂ ਨੂੰ ਕਿਉਂ ਸੁਣਾਉਣਾ ਚਾਹੁੰਦਾ ਹੈ? ਆਪਣੀ ਇਕ ਕਵਿਤਾ ਵਿਚ ਉਹ ਇਸ ਸਵਾਲ ਦਾ ਜਵਾਬ ਇਉਂ ਦਿੰਦਾ ਹੈ:
ਲੱਖਾਂ ਵਰ੍ਹਿਆਂ ਦਾ ਝੰਬਿਆ ਮਨੁੱਖ
ਮੰਗ ਕਰਦਾ ਹੈ
ਚਾਹੁੰਦਾ ਹੈ ਹਾਸਲ ਉਸ ਸ਼ੈਅ ਦਾ
ਖਿਆਲ ਜਿਸ ਦਾ ਉਸ ਨੂੰ ਧੂਹ ਲਿਆਉਂਦਾ ਹੈ
ਤੇ ਉਹ ਜਨਮਦਾ ਹੈ
ਵਾਰ-ਵਾਰ ਮਰਦਾ ਹੈ।
ਫਿਲਮ ‘ਕਸੀਦਾ ਸਿਨੇਮੇ ਲਈ: ਜਲਾਵਤਨ ਹੋਂਦ ਨੂੰ ਜਜ਼ਬ ਕਰਨ ਲਈ ਸ਼ੁਕਰੀਆ’ (ਔਡ ਟੂ ਸਿਨੇਮਾ) ਦੇ ਪਹਿਲੇ ਦ੍ਰਿਸ਼ ਦੀ ਸਿਰਜਣਾ ਬਲੱਬ ਦੀ ਰੌਸ਼ਨੀ, ਕਮਰੇ ਦੀ ਕੰਧ ਅਤੇ ਪਾਣੀ ਵਿਚ ਬਣ ਰਹੇ ਉਸ ਦੇ ਪਰਛਾਵੇਂ ਦੀ ਛਿਣ-ਭੰਗਰ ਹੋਂਦ, ਇਨਸਾਨੀ ਹੱਥਾਂ ਦੁਆਰਾ ਖੁਦ ਦੀ ਹਸਤੀ ਦੀ ਕਿਰਚਾਂ ਚੁਗਣ ਦੇ ਤਰੱਦਦ ਅਤੇ ਅੰਤ ਇਨ੍ਹਾਂ ਭਰਮਾਂ/ਸੰਸਿਆਂ/ਨਿਰੰਤਰਤਾ ਤੇ ਦੁਹਰਾਉ ਦੇ ਪਾਣੀ ਵਾਂਗ ਕਿਰ ਜਾਣ ਨਾਲ ਹੁੰਦੀ ਹੈ। ਪਾਣੀ ਵਿਚੋਂ ਪਰਛਾਵਾਂ ਫੜਦਾ ਹੱਥ ਕਿੰਨਾ ਅਕਹਿ ਹੋ ਨਿਬੜਦਾ ਹੈ? ਇਸ ਵਰਤਾਰੇ ਵਿਚ ਜਿਊਣ ਦਾ ਸ਼ੋਰ ਵੀ ਨਿਰਾਰਥਕ ਭਾਸਦਾ ਹੈ। ਆਪਣੇ ਕਾਨਸ ‘ਤੇ ਸਲੀਕੇ ਨਾਲ ਚਿਣੇ ਫਰਾਂਜ਼ ਕਾਫਕਾ, ਦੋਸਤੋਵਸਕੀ, ਬੀਥੋਵਿਨ, ਲਿਉ ਤਾਲਸਟਾਏ, ਬਾਲਜ਼ਾਕ ਅਤੇ ਚੈਖਵ ਵਰਗਿਆਂ ਦੇ ਸਾਹਮਣੇ ਫਿਲਮਸਾਜ਼ ਮਹਿਸੂਸ ਕਰਦਾ ਹੈ: ‘ਕਿੰਨੀ ਸ਼ਿੱਦਤ ਨਾਲ ਮੈਂ ਚਾਹੁੰਦਾ ਹਾਂ ਕਿ ਸ਼ਬਦ ਆਪਣੇ ਹਾਣੀਆਂ ਨੂੰ ਮੇਰੇ ਭਿੱਟੇ ਹੋਏ ਦਿਮਾਗ ਤੋਂ ਆਜ਼ਾਦ ਹੋ ਕੇ ਮਿਲ ਸਕਣ। ਕੀਚਰਾਂ-ਕੀਚਰਾਂ ਹੋਈ ਹਰ ਸ਼ੈਅ … ਸਭਿਅਤਾ ਨੇ ਜਿਸ ਵਿਚੋਂ ਜ਼ਿੰਦਗੀ ਵਰਗਾ ਸਭ ਕੁਝ ਨਿਚੋੜ ਲਿਆ ਹੋਵੇ।’
ਸ਼ਬਦਾਂ ਦੀ ਆਪਣੀ ਹੋਂਦ ਬਚਾਉਣ ਦੀ ਕਸ਼ਮਕਸ਼ ਨੂੰ ਬਿਆਨ ਕਰਦਿਆਂ ਉਸ ਦੀ ਕਵਿਤਾ ਉਮੀਦ ਕਰਦੀ ਹੈ: ‘ਸ਼ਬਦ ਆਉਣ, ਤੇ ਫੂਕ ਕੇ ਲੰਘ ਜਾਣ ਆਰ-ਪਾਰ, ਆਉਣ ਵਾਲੀ ਪੀੜ੍ਹ ਲਈ ਖਾਲੀ ਥਾਂ ਕਰ ਦੇਣ’। ਇਹ ਦਲੀਲ ਜਿੰਨਾ ਦਰਸ਼ਕ ਦਾ ਸਾਹ ਸੂਤਦੀ ਹੈ, ਓਨਾ ਹੀ ਫਿਲਮਸਾਜ਼ ਨੂੰ ਹਫਾਉਂਦੀ ਹੈ। ਇਥੇ ਵਰਤੇ ਦ੍ਰਿਸ਼ ਅਤੇ ਆਵਾਜ਼ ਦੀ ਅਗਲੀ ਇਬਾਰਤ ਕਵੀ ਦੀ ਡਾਇਰੀ ਦੇ ਪੰਨਿਆਂ ‘ਤੇ ਖੁੱਲ੍ਹਦੀ ਹੈ। ਸ਼ਬਦਾਂ ਦਾ ਹੁਣ ਤਕ ਦਾ ਸਭਿਆਚਾਰਕ ਅਤੇ ਸਮਾਜਕ ਵਰਤਾਰਾ ਫਿਲਮਸਾਜ਼ ਦੀ ਕਵਿਤਾ ‘ਤੇ ਟੇਕ ਲਗਾਉਂਦਾ ਹੈ। ਕਵਿਤਾ ਦੱਸਦੀ ਹੈ: ‘ਨਵਜਨਮੇ ਵਿਚਾਰ ਲਈ ਇਹ ਲਾਜ਼ਮ ਹੈ ਕਿ ਉਹ ਆਪਣੇ ਕਦਮ ਅੱਗੇ ਵਧਾਏ ਅਤੇ ਇਸ ਦੁਨੀਆਂ ਨੂੰ ਆਪਣੀਆਂ ਲੋੜਾਂ ਅਨੁਸਾਰ ਸਦਾ ਲਈ ਬਦਲ ਦੇਵੇ।’
ਇਸ ਤੋਂ ਅਗਲਾ ਸਵਾਲ ਸਾਡੀ ਅੱਜ ਦੀ ਤਰਜ਼ੇ-ਜ਼ਿੰਦਗੀ ਬਾਬਤ ਹੈ: ‘ਕਿਉਂ ਸ਼ਬਦਾਂ ਦੇ ਪੈਰ ਇੰਨੇ ਕਮਜ਼ੋਰ ਹੁੰਦੇ ਹਨ ਕਿ ਕਿਸੇ ਵਿਚਾਰ ਦਾ ਭਾਰ ਵੀ ਨਹੀਂ ਚੁੱਕ ਸਕਦੇ?’ ਰੂਸ ਦਾ ਫਿਲਮਸਾਜ਼ ਆਂਦਰੇਈ ਤਰਾਸਕੋਵਸਕੀ ਆਖਦਾ ਹੈ, “ਇਹ ਤਾਂ ਤੈਅ ਹੋ ਹੀ ਚੁੱਕਾ ਹੈ ਕਿ ਕਲਾ ਕਿਸੇ ਨੂੰ ਕੁਝ ਵੀ ਨਹੀਂ ਸਿਖਾ ਸਕੀ, ਕਿਉਂਕਿ ਪਿਛਲੀਆਂ ਚਾਰ ਸਦੀਆਂ ਵਿਚ ਤਾਂ ਮਾਨਵਤਾ ਨੇ ਕਲਾ ਤੋਂ ਕੁਝ ਸਿੱਖਿਆ ਨਹੀਂ। ਜੇਕਰ ਅਸੀਂ ਕਲਾਤਮਿਕ ਤਜਰਬਿਆਂ ਅਤੇ ਇਸ ਦੇ ਤੱਤਾਂ ਤੋਂ ਰਤਾ ਵੀ ਸਿੱਖਣ ਦੀ ਕੋਸ਼ਿਸ ਕੀਤੀ ਹੁੰਦੀ, ਜਾਂ ਇਸ ਦੇ ਆਦਰਸ਼ਾਂ ਅਨੁਸਾਰ ਖੁਦ ਨੂੰ ਢਾਲਿਆ ਹੁੰਦਾ ਤਾਂ ਅਸੀਂ ਹੁਣ ਤੱਕ ਫਰਿਸ਼ਤੇ ਬਣ ਜਾਂਦੇ।
ਕਲਾ ਅੰਦਰ ਸਾਨੂੰ ਝੰਜੋੜਨ ਅਤੇ ਨਵੇਂ ਸਿਰਿਉਂ ਘੜਨ ਦੀ ਅਪਾਰ ਸਮਰੱਥਾ ਹੈ, ਬਸ਼ਰਤੇ ਅਸੀਂ ਚੰਗਿਆਈ ਤੇ ਸੱਚ ਨੂੰ ਝੱਲਣ ਲਈ ਤਿਆਰ ਹੋਈਏ। ਕੀ ਅਸੀਂ ਕਲਾ ਨਾਲ ਭਾਵਨਾਤਮਕ ਤੌਰ ‘ਤੇ ਜੁੜਨਾ ਭੁੱਲ ਨਹੀਂ ਚੁੱਕੇ?”
ਅਮਨਿੰਦਰ ਦੀ ਫਿਲਮ ਵਿਚ ਇਸ ਦਾ ਜਵਾਬ ਫਰਸ਼ ‘ਤੇ ਖਿੱਲਰੇ ਵਰਕਿਆਂ ਦੇ ਰੂਪ ਵਿਚ ਮਿਲਦਾ ਹੈ ਜਿਥੇ ਸ਼ਬਦਾਂ ਦੀ ਜ਼ਰੂਰਤ ਅਤੇ ਅਰਥ ਉਨ੍ਹਾਂ ਦੇ ਵਾਰ-ਵਾਰ ਹੁੰਦੇ ਦੁਹਰਾਓ ਕਾਰਨ ਨਿਸ਼ਬਦ ਹੋਣ ਦੇ ਅਮਲ ਤਕ ਬਦਲ ਚੁੱਕੀ ਹੈ/ਚੁੱਕੇ ਹਨ। ਇਨ੍ਹਾਂ ਹਾਲਾਤ ਵਿਚ ਫਿਲਮਸਾਜ਼ ਅਤੇ ਕਵੀ ਕੋਲ ਕੀ ਬਦਲ ਬਚਦਾ ਹੈ? ਥਰਮਲ ਪਲਾਂਟ ਦੇ ਦੈਂਤ ਵਰਗੇ ਭੌਂਪੂ ਦੀ ਡਰਾਵਣੀ ਆਵਾਜ਼ ਨਾਲ ਹੁੰਦੇ ਸਿੱਧੇ ਦਸਤਪੰਜੇ ਵਿਚ ਕਾਗਜ਼ਾਂ ‘ਤੇ ਖੁਦ ਨੂੰ ਲਿਖੀਆਂ ਪ੍ਰੇਮ-ਕਹਾਣੀਆਂ ਦੀ ਭਲਾ ਕੀ ਔਕਾਤ ਹੈ?
ਇਸ ਫਿਲਮ ਦੇ ਇਕ ਦ੍ਰਿਸ਼ ਵਿਚ ਕਵੀ ਦਾ ਆਪਣੀ ਡਾਇਰੀ ਵਿਚੋਂ ਝਟਕੇ ਨਾਲ ਤੋੜ ਕੇ ਸੁੱਟਿਆ ਕਾਗਜ਼ ਦਾ ਪੰਨਾ ਫਰਸ਼ ‘ਤੇ ਪਿਆ ਆਪਣੇ ਮੂਲ ਵਿਚ ਮੁੜਨ ਲਈ ਤਾਂਘਦਾ ਨਜ਼ਰ ਆਉਂਦਾ ਹੈ। ਉਸ ਨਾਲ ਵਾਪਰ ਰਿਹਾ ਵਰਤਾਰਾ ਵੀ ਅਸਲ ਵਿਚ ਉਹੀ ਹੈ। ਕਵੀ ਅਤੇ ਕਵਿਤਾ ਨਾਲੋਂ ਉਸ ਦਾ ਟੁੱਟਣਾ ਉਸ ਦੀ ਹੋਂਦ ਦੇ ਭੁਰਭੁਰੇਪਣ ਅਤੇ ਸਾਰੇ ਹਾਲਾਤ ਜਾਂ ਵਰਤਾਰੇ ਵਿਚੋਂ ਨਿਰਾਰਥਕ ਹੋਣ ਤੱਕ ਦਾ ਸਫਰ ਹੈ। ਉਹ ਦੁਬਾਰਾ ਡਾਇਰੀ ਜਾਂ ਕਵੀ ਦੇ ਹੱਥ ਵਿਚ ਨਹੀਂ ਜਾ ਸਕਦਾ … ਪਰ ਉਸ ਦੀ ਲਗਾਤਾਰ ਖੁੱਲ੍ਹਣ ਦੀ ਕੋਸ਼ਿਸ਼ ਉਸ ਵਾਤਾਵਰਣ ਦੀ ਸਿਰਜਣਾ ਕਰਦੀ ਹੈ ਜਿਸ ਬਾਰੇ ਫਿਲਮਸਾਜ਼ ਰਾਬਰਟ ਬਰਸੌਨ ਲਿਖਦਾ ਹੈ: ‘ਮੱਛੀ ਫੜਨ ਲਈ ਤਲਾਬ ਨੂੰ ਖਾਲੀ ਕਰ ਦਿਉ’।
ਨਿਰੰਤਰਤਾ ਦੇ ਇਸ ਲਗਾਤਾਰ ਚਲਦੇ ਯੁੱਧ ਵਿਚ ਬੰਦਿਆਂ ਦੇ ਸਰੀਰਾਂ ਦਾ ਟੁੱਟਣਾ, ਜੁੜਨਾ, ਮਿਲਣਾ, ਗੁੰਮ-ਗੁਆਚ ਜਾਣਾ ਅਤੇ ਸੁਪਨਿਆਂ ਜਾਂ ਚੇਤਿਆਂ ਵਿਚ ਬਦਲ ਜਾਣਾ ਜਾਰੀ ਹੈ। ਫਿਲਮਸਾਜ਼ ਪੁੱਛਦਾ ਹੈ, ‘ਮੈਂ ਇਹ ਸਭ ਕੁਝ ਖਤਮ ਕਿਉਂ ਨਹੀਂ ਕਰ ਦਿੰਦਾ? ਕਿਹੜੀਆਂ ਚੀਜ਼ਾਂ ਮੈਨੂੰ ਪਿੱਛੇ ਧੱਕ ਦਿੰਦੀਆਂ ਨੇ, ਮੇਰੀ ਹੋਣੀ ਤੋਂ ਇਕ ਫਾਸਲੇ ‘ਤੇ … ਤੇ ਕਿਉਂ? ‘ਹੋਣੀ’ ਦਾ ਇਹ ਸਵਾਲ ਹਰ ਯੁੱਗ, ਹਰ ਦੌਰ ਵਿਚ ਸਾਡਾ ਪਿੱਛਾ ਕਰਦਾ ਹੈ। ਬਾਬਾ ਨਾਨਕ ਇਸ ਨੂੰ ‘ਆਪਣਾ ਮੂਲ ਪਛਾਣ’ ਦੇ ਰੂਪ ਵਿਚ ਪੁੱਛਦਾ ਹੈ। ਮਹਾਤਮਾ ਬੁੱਧ ਤੋਂ ‘ਹੋਣੀ’ ਦਾ ਇਹ ਸਵਾਲ ਘਰ ਛੁਡਾਉਂਦਾ ਹੈ। ਸ਼ੇਕਸਪੀਅਰ ਇਸ ਨੂੰ ਆਪਣੀ ਕਾਵਿਕ ਤੇ ਦਾਰਸ਼ਨਿਕ ਭਾਸ਼ਾ ਵਿਚ ‘ਹੋਵਾਂ ਜਾਂ ਨਾ ਹੋਵਾਂ’ ਦੀ ਤਿੱਖੀ ਸੁਰ ਵਿਚ ਪੁੱਛਦਾ ਹੈ। ਬੁੱਲੇ ਸ਼ਾਹ ਇਸ ਸਵਾਲ ਨੂੰ ਆਪਣੀ ਸੂਫੀ ਰਵਾਇਤੀ ਸੁਰ ਵਿਚ ਪੁੱਛਦਾ ਹੈ, ‘ਜੋ ਭਾਲ ਤੁਸਾਡੀ ਕਰਦਾ ਹੈ, ਮੋਇਆ ਤੋਂ ਅੱਗੇ ਮਰਦਾ ਹੈ, ਉਹ ਮੋਇਆ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ, ਹੁਣ ਕਿਸ ਥੀਂ ਆਪ ਛੁਪਾਈਦਾ’।
ਜੀਨ ਪਾਲ ਸਾਰਤਰ ਇਸ ਸਵਾਲ ਦੀ ਅਗਲੀ ਗੁੰਝਲ ਵਲ ਇਸ਼ਾਰਾ ਕਰਦਾ ਹੈ ਕਿ ਸਾਰਾ ਕੁਝ ਵਿਉਂਤਿਆਂ ਜਾ ਚੁੱਕਾ ਹੈ, ਸਿਰਫ ਇਹ ਛੁੱਟ ਗਿਆ ਕਿ ਜਿਊਣਾ ਕਿਵੇਂ ਹੈਂ? ਅਮਨਿੰਦਰ ਇਸ ਫਿਲਮ ਦੇ ਨਿਊਡ ਦ੍ਰਿਸ਼ ਰਾਹੀਂ ਇਨ੍ਹਾਂ ਸਵਾਲਾਂ ਦੇ ਮੱਦੇਨਜ਼ਰ ਮਨੁੱਖ ਦੀ ਜ਼ਰਜ਼ਰ ਤੇ ਭੁਰਭੁਰੀ ਹੋਂਦ ਨੂੰ ਨੰਗਿਆਂ ਕਰਦਾ ਹੈ। ਕੈਮਰਾ ਨਾਉਮੀਦੀ, ਭਟਕਣਾ, ਦਰਦ ਤੇ ਬੇਵਸੀ ਦੀਆਂ ਹਜ਼ਾਰਾਂ ਤਿੱਖੀਆਂ ਸੂਲਾਂ ਨਾਲ ਟਕਰਾਉਂਦਾ ਹੈ। ਆਪਣੀ ਫਿਲਮ ਬਾਰੇ ਗੱਲ ਕਰਦਿਆਂ ਅਮਨਿੰਦਰ ਆਪਣੇ ਮਨਪਸੰਦ ਬੁੱਤਸਾਜ਼ ਮਾਈਕਲ ਏਂਜਲੋ ਨੂੰ ਯਾਦ ਕਰਦਾ ਹੈ, ‘ਆਪਣੀ ਗੋਦੀ ਵਿਚ ਜੀਸਸ ਕ੍ਰਾਈਸਟ ਦਾ ਮ੍ਰਿਤਕ ਸਰੀਰ ਸਾਂਭੀ ਬੈਠੀ ਮੇਰੀ ਦਾ ਮੇਰੇ ਨਾਲ ਕੀ ਰਿਸ਼ਤਾ ਹੈ?’
ਇਸ ਦਾ ਜਵਾਬ ਆਂਦਰੇਈ ਤਰਾਕੋਵਸਕੀ ਦੀ ਕਿਤਾਬ ‘ਸਕਲਪਟਿੰਗ ਇਨ ਟਾਈਮ’ ਵਿਚ ਪਿਆ ਹੈ। ਉਸ ਅਨੁਸਾਰ, ‘ਕਲਾਕਾਰ ਆਪਣੀ ਖੁਦ ਦੀ ਦੁਨੀਆਂ ਸਿਰਜਦਾ ਹੈ। ਅਸੀਂ ਕਲਾ ਨੂੰ ਸੰਪਾਦਕਾਂ ਵਾਂਗ ਦੇਖਦੇ ਹਾਂ। ਹਕੀਕਤ ਵਿਚ ਕਲਾ-ਕ੍ਰਿਤ ਤਾਂ ਸਿਰਜਕ ਦੇ ਅੰਦਰ ਪਨਪਦੀ ਹੈ। ਇਹ ਬੱਚਾ ਜੰਮਣ ਵਾਂਗ ਹੈ। ਸਿਰਜਣਾ ਹੀ ਜਿਊਣ ਦਾ ਇਕਲੌਤਾ ਮਹਾਨਤਮ ਉਦੇਸ਼ ਹੋ ਸਕਦੀ ਹੈ। ਸਿਰਜਕ ਆਪਣੀ ਕਲਾ ਦਾ ਬੰਨ੍ਹਿਆਂ ਗੁਲਾਮ ਹੁੰਦਾ ਹੈ। ਉਹ ਉਸ ਦੇ ਅੰਦਰ ਪੱਕਦੀ ਹੈ, ਉਸੇ ਨੂੰ ਖਾਂਦੀ ਹੈ।’
ਮੌਜੂਦਾ ਦੌਰ ਵਿਚ ਕਲਾ ਨਾਲ ਇੱਦਾਂ ਦਾ ਦਰਦਮੰਦ ਰਿਸ਼ਤਾ ਕਿੰਨੀ ਦੇਰ ਨਿਭ ਸਕਦਾ ਹੈ? ਅਮਨਿੰਦਰ ਦਾ ਇਸ ਫਿਲਮ ਨੂੰ ਬਣਾਉਣ ਦਾ ਤਜਰਬਾ ਵਿੱਤੀ ਅਤੇ ਭਾਵਨਾਤਮਿਕ ਤੌਰ ‘ਤੇ ਜਿੰਨਾ ਦੁਖਦ ਰਿਹਾ ਹੈ, ਉਸ ਨੇ ਉਸ ਨੂੰ ਲਗਾਤਾਰ ਤਿੰਨ ਸਾਲ ਅਗਲੀ ਫਿਲਮ ਬਾਰੇ ਸੋਚਣ ਤੱਕ ਤੋਂ ਵੀ ਮਹਿਰੂਮ ਰੱਖਿਆ ਹੈ। ਉਸ ਤੋਂ ਜ਼ਿਆਦਾ ਭੈਅ ਉਸ ਨੂੰ ਆਪਣੇ ਵਰਗੇ ਫਿਲਮਸਾਜ਼ਾਂ ਲਈ ਅਜਿਹੀ ਜ਼ਮੀਨ ਦੀ ਅਣਹੋਂਦ ਤੋਂ ਲੱਗਦਾ ਹੈ ਜਿਹੜੀ ਉਨ੍ਹਾਂ ਨੂੰ ਉਗਣ, ਸੁਪਨੇ ਲੈਣ ਅਤੇ ਕਲਾ ਲਈ ਆਪਣੀ ਮੁਹੱਬਤ ਲਈ ਠਾਹਰ ਦੇ ਸਕੇ। ਉਸ ਦਾ ਆਪਣੀ ਫਿਲਮ ਨੂੰ ਫਿਲਮ ਮੇਲਿਆਂ ਵਿਚ ਲਿਜਾਣ ਦਾ ਤਜਰਬਾ ਵੀ ਇਸ ਖਪਤਕਾਰੀ ਤੇ ਇਸ਼ਤਿਹਾਰਬਾਜ਼ੀ ਦੇ ਅੰਨ੍ਹੇ ਖੂਹ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਤਾਂ ਤੈਅ ਹੈ ਕਿ ਅਜਿਹੇ ਬੌਧਿਕ ਅਤੇ ਦਾਰਸ਼ਿਨਕ ਸਿਨੇਮੇ ਵਲ ਪਿੱਠ ਕਰਦਾ ਸਮਾਜ ਆਪਣੇ ਆਪ ਤੋਂ ਭੈਅ-ਭੀਤ ਸਮਾਜ ਹੀ ਹੋ ਸਕਦਾ ਹੈ। ਪੰਜਾਬੀ ਵਿਚ ਸਿਨੇਮੇ ਦੇ ਨਾਮ ‘ਤੇ ਬਣ ਰਹੀਆਂ ਵਿਆਹਾਂ ਦੀਆਂ ਵੀਡੀਓਜ਼-ਐਲਬਮਾਂ ਦੇ ਦੌਰ ਵਿਚ ਅਮਨਿੰਦਰ ਨੇ ‘ਖਾਲਸ ਸਿਨੇਮਾ’ ਦੀ ਅਲਖ ਜਗਾਈ ਹੈ। ਕੀ ਪੰਜਾਬੀ ਅਜਿਹੀ ਬੌਧਿਕ ਅਤੇ ਦਾਰਸ਼ਨਿਕ ਸੱਦ ਨੂੰ ਅਣਗੌਲੇ ਕਰੀ ਰੱਖਣਗੇ? ਪਰ ਕਦੋਂ ਤੱਕ?