ਕਰੋਨਾ ਦੀ ਕਹਾਣੀ: ਕਨਟੇਜੀਅਨ

ਕਰੋਨਾ ਮਹਾਂਮਾਰੀ ਅੱਜ ਸਮੁੱਚੀ ਮਨੁੱਖਤਾ ਲਈ ਖਤਰਾ ਬਣ ਚੁੱਕੀ ਹੈ ਪਰ ਕਰੀਬ ਦਹਾਕਾ ਪਹਿਲਾਂ 2011 ਵਿਚ ਅਮਰੀਕਾ ਵਿਚ ਬਣਾਈ ਗਈ ਥ੍ਰਿਲਰ ਅੰਗਰੇਜ਼ੀ ਫਿਲਮ ḔਕਨਟੇਜੀਅਨḔ ਕਰੋਨਾ ਵਾਇਰਸ ਦਾ ਨਾਂ ਲਏ ਬਗੈਰ ਕਰੋਨਾ ਦੇ ਮੌਜੂਦਾ ਸੰਤਾਪ ਦੀ ਮੁਕੰਮਲ ਤਰਜਮਾਨੀ ਕਰਦੀ ਹੈ। ਹੈਰੀ ਪੌਟਰ ਸੀਰੀਜ਼ ਤੋਂ ਬਾਅਦ ਇਹ ਵਿਸ਼ਵ ਦੀ ਦੂਜੀ ਸਭ ਤੋਂ ਸਫਲ ਫਿਲਮ ਬਣ ਗਈ ਹੈ। ਇਟਲੀ ਵਿਖੇ ਕਰਵਾਏ ਗਏ 68ਵੇਂ ਕੌਮਾਂਤਰੀ ਫਿਲਮ ਫੈਸਟੀਵਲ ਦੌਰਾਨ 3 ਸਤੰਬਰ 2011 ਨੂੰ ਪ੍ਰੀਮੀਅਰ ਤੋਂ ਬਾਅਦ ਇਹ ਫਿਲਮ 9 ਸਤੰਬਰ 2011 ਨੂੰ ਰਿਲੀਜ਼ ਹੋਈ ਸੀ। ਸਕਾਟ ਜ਼ੈੱਡæ ਬਰਨਸ ਦੀ ਲਿਖੀ ਅਤੇ ਸਟੀਵਨ ਸੋਡਰਬਰਗ ਦੀ ਨਿਰਦੇਸ਼ਤ ਕੀਤੀ ਇਹ ਫਿਲਮ ਇਸ ਵਾਇਰਸ ਦੇ ਹਮਲੇ ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲ ਕੇ ਸਮੁੱਚੀ ਮਾਨਵਤਾ ਲਈ ਮੁਸੀਬਤ ਬਣਨ ਦੇ ਕਾਰਨਾਂ ਨੂੰ ਬਾਖੂਬੀ ਬਿਆਨ ਕਰਦੀ ਹੈ।

ਫਿਲਮ ਵਿਚ ਕਿਸੇ ਵਿਸ਼ੇਸ਼ ਦੇਸ਼ ਤੋਂ ਬਿਮਾਰੀ ਦੀ ਸ਼ੁਰੂਆਤ ਜਾਂ ਕੰਪਨੀ ਦੀ ਕੋਈ ਖਾਸ ਦਵਾਈ ਵੇਚਣ ਦੇ ਟੀਚੇ ਪ੍ਰਤੀ ਸ਼ੱਕ ਦੇ ਦ੍ਰਿਸ਼ ਦੇਖਦਿਆਂ ਅਚੰਭਾ ਹੁੰਦਾ ਹੈ ਕਿ ਵਿਸ਼ਵ ਪੱਧਰ Ḕਤੇ ਚੱਲ ਰਹੇ ਮੌਜੂਦਾ ਘਟਨਾਕ੍ਰਮਾਂ ਦਾ ਫਿਲਮ ਨਾਲ ਏਨਾ ਨੇੜੇ ਦਾ ਮੇਲ ਕਿਵੇਂ ਬਣ ਗਿਆ? ਇਹ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ ਕਿ ਲਗਭਗ 10 ਸਾਲ ਪਹਿਲਾਂ ਇਸ ਬਿਮਾਰੀ ਦਾ ਸ਼ੁਰੂਆਤੀ ਸਥਾਨ ਸਮੇਤ ਫੈਲਾਅ ਸਭ ਕੁਝ ਨਿਰਧਾਰਤ ਸੀ ਜਾਂ ਇਹ ਕੁਦਰਤੀ ਵਰਤਾਰਾ ਹੈ। ਫਿਲਮ ਦੀ ਕਹਾਣੀ ਮੌਜੂਦਾ ਸਮੇਂ ਵਿਚ ਕਰੋਨਾ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਉਠੇ ਉਨ੍ਹਾਂ ਸਾਰੇ ਸਵਾਲਾਂ ਨਾਲ ਭਰਪੂਰ ਹੈ ਜਿਨ੍ਹਾਂ ਵਿਚ ਇਸ ਬਿਮਾਰੀ ਦੀ ਜੈਵਿਕ ਬੰਬ ਨਾਲ ਤੁਲਨਾ ਕਰਨਾ ਜਾਂ ਬਿਮਾਰੀ ਦਾ ਇਲਾਜ ਪ੍ਰਚਲਿਤ ਵਿਧੀ ਦੀ ਬਜਾਏ ਹੋਰਨਾਂ ਵਿਧੀਆਂ ਵਿਚ ਉਪਲਬਧ ਹੋਣ ਦੇ ਦਾਅਵੇ ਕਰਨਾ ਆਦਿ ਸ਼ਾਮਲ ਹੈ। ਫਿਲਮ ਦਾ ਪਾਤਰ ਐਲੇਨ ਕਰੁਮਵਿਡ (ਜਿਊਡ ਲਾਅ) ਫਰੀਲਾਂਸ ਪੱਤਰਕਾਰ ਅਤੇ ਬਲਾਗਰ ਹੈ। ਆਪਣੇ ਕੋਲ ਇਸ ਜੈਵਿਕ ਬੰਬ ਦਾ ਹੋਮਿਓਪੈਥਿਕ ਇਲਾਜ ਉਪਲਬਧ ਹੋਣ ਦਾ ਦਾਅਵਾ ਕਰਦਿਆਂ ਕਹਿੰਦਾ ਹੈ ਕਿ ਉਹ ਇਸ ਦਵਾਈ ਨਾਲ ਠੀਕ ਹੋਇਆ ਹੈ।
ਫਿਲਮ ਦੀ ਸ਼ੁਰੂਆਤ ਬੈੱਥ ਹੇਮਔਫ (ਜੀæ ਪਾਲਟਰੋ) ਦੀ ਭੇਤਭਰੀ ਮੌਤ ਦੇ ਰਹੱਸ ਨਾਲ ਹੁੰਦੀ ਹੈ। ਫਿਰ ਉਸ ਦੇ ਬੇਟੇ ਦੀ ਵੀ ਮੌਤ ਹੋ ਜਾਂਦੀ ਹੈ। ਬੈੱਥ ਹੇਮਔਫ ਦੀ ਇਹ ਬਿਮਾਰੀ ਉਸ ਦੇ ਹਾਂਗਕਾਂਗ ਦੇ ਵਪਾਰਕ ਦੌਰੇ ਤੋਂ ਪਰਤਣ ਦੌਰਾਨ ਸ਼ਿਕਾਗੋ ਵਿਚ ਰੁਕਣ ਕਾਰਨ ਸਾਹਮਣੇ ਆਉਂਦੀ ਦੱਸੀ ਜਾਂਦੀ ਹੈ। ਇਸ ਭੇਤਭਰੀ ਬਿਮਾਰੀ ਦੀ ਜਾਂਚ ਕਰਨ ਲਈ ਅਟਲਾਂਟਾ ਤੋਂ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਮੁਖੀ ਡਾæ ਐਲਿਸ ਚੀਵਰ (ਲਾਰੈਂਸ ਫਿਸ਼ਬਰਨ) ਵਲੋਂ ਸੀਨੀਅਰ ਡਾæ ਐਰਿਨ ਮੀਰਜ (ਕੇਟ ਵਿੰਸਲੈਟ) ਨੂੰ ਬਿਮਾਰੀ ਦੀ ਜਾਂਚ ਲਈ ਘਟਨਾ ਸਥਾਨ Ḕਤੇ ਭੇਜਿਆ ਜਾਂਦਾ ਹੈ, ਪਰ ਉਸ ਦੀ ਵੀ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਜਾਂਦੀ ਹੈ। ਫਿਰ ਪਤਾ ਲੱਗਦਾ ਹੈ ਕਿ ਇਹ ਲਾਗ ਦੀ ਬਿਮਾਰੀ ਹੈ ਜੋ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਜਾਂ ਪੀੜਤ ਵਿਅਕਤੀ ਵਲੋਂ ਛੂਹੀਆਂ ਚੀਜ਼ਾਂ ਨੂੰ ਛੂਹਣ ਨਾਲ ਹੁੰਦੀ ਹੈ। ਇਨ੍ਹਾਂ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਵਿਸ਼ਵ ਸਿਹਤ ਸੰਗਠਨ ਵਲੋਂ ਇਸ ਬਿਮਾਰੀ ਨੂੰ ਮਹਾਂਮਾਰੀ ਵਜੋਂ ਐਲਾਨ ਦਿੱਤਾ ਜਾਂਦਾ ਹੈ। ਫਿਲਮ ਦੇ ਫਲੈਸ਼ਬੈਕ Ḕਤੇ ਇਸ ਬਿਮਾਰੀ ਦਾ ਦੱਸਿਆ ਜਾਂਦਾ ਕਾਰਨ ਉਸੇ ਦੇਸ਼ ਭਾਵ ਚੀਨ ਦੇ ਇਕ ਸ਼ਹਿਰ ਵਿਚੋਂ ਇਕ ਚਮਗਿੱਦੜ ਵਲੋਂ ਦੂਸ਼ਿਤ ਕੇਲਾ ਜੋ ਸੂਰਾਂ ਦੇ ਇਕ ਫਾਰਮ ਵਿਚ ਸੂਰ ਨੂੰ ਪ੍ਰਭਾਵਿਤ ਕਰਦਾ ਹੈ, ਦਿਖਾਇਆ ਜਾਂਦਾ ਹੈ। ਇਸ ਸੂਰ ਤੋਂ ਰੇਸਤਰਾਂ ਦਾ ਕੁੱਕ ਪੀੜਤ ਹੁੰਦਾ ਹੈ ਜੋ ਬੈੱਥ ਹੇਮਔਫ ਨੂੰ ਲਾਗ ਲਾ ਦਿੰਦਾ ਹੈ। ਫਿਲਮ ਦੌਰਾਨ ਇਸ ਬਿਮਾਰੀ ਤੋਂ ਬਚਾਅ ਵਾਸਤੇ ਟੀਕਾ ਤਿਆਰ ਕਰ ਲਿਆ ਗਿਆ ਦਿਖਾਇਆ ਗਿਆ ਹੈ। ਫਿਲਮ ਵਿਚ ਅਫਵਾਹਾਂ ਕਾਰਨ ਲੋਕਾਂ ਦੇ ਮਨ Ḕਤੇ ਭਾਰੀ ਬੋਝ ਲੋਕਾਂ ਨੂੰ ਅਸਮਾਜਿਕ ਕਦਮ ਚੁੱਕਣ ਲਈ ਮਜਬੂਰ ਕਰਦਾ ਹੈ ਜਿਨ੍ਹਾਂ ਵਿਚ ਮਾਸਕ ਅਤੇ ਰਾਸ਼ਨ ਦੀ ਜਮਾਂਖੋਰੀ ਸ਼ੁਰੂ ਹੋ ਜਾਂਦੀ ਹੈ। ਫਿਲਮ ਵਿਚ ਦਿਖਾਈ ਵਿਅਕਤੀ ਤੋਂ ਵਿਅਕਤੀ, ਸਰੀਰਕ ਦੂਰੀ ਅਤੇ ਇਕਾਂਤਵਾਸ, ਗੱਲ ਕੀ, ਹਰ ਗਤੀਵਿਧੀ ਅੱਜ ਦੇ ਸਮੇਂ ਵਾਪਰ ਰਹੀ ਲੱਗਦੀ ਹੈ। ਅੱਜ ਕਰੋਨਾ ਵਲੋਂ ਪੈਦਾ ਕੀਤੇ ਗਏ ਹਾਲਾਤ ਦੇ ਮੱਦੇਨਜ਼ਰ ਇਹ ਫਿਲਮ ਅੱਜ ਦੀ ਹਾਲਤ ਨਾਲ ਬਿਲਕੁਲ ਮੇਲ ਖਾਂਦੀ ਹੈ। ਹੁਣ ਇਹ ਪਤਾ ਨਹੀਂ ਕਿ ਇਹ ਕੋਈ ਇਤਫਾਕ ਹੈ ਜਾਂ ਕਿਸੇ ਸਾਜ਼ਿਸ਼ ਤਹਿਤ ਇਸ ਵਾਇਰਸ ਨੂੰ ਛੱਡਿਆ ਗਿਆ ਹੈ।
-ਡਾæ ਸੁਰਜੀਤ ਸਿੰਘ ਭਦੌੜ