ਹਸਨ ਦੀਨ ਦਾ ਹਾਸਾ

1930ਵਿਆਂ ਦੇ ਦਹਾਕੇ ਦੇ ਮਸ਼ਹੂਰ ਮਜ਼ਾਹੀਆ ਅਤੇ ਚਰਿੱਤਰ ਅਦਾਕਾਰ ਮੁਹੰਮਦ ਹਸਨ ਉਰਫ ਹਸਨ ਦੀਨ ਦੀ ਪੈਦਾਇਸ਼ 1905 ਵਿਚ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਸ ਨੇ 1924 ਵਿਚ ਲਾਹੌਰ ਤੋਂ ਦਸਵੀਂ ਪਾਸ ਕੀਤੀ। 1928 ਵਿਚ ਫਿਲਮਾਂ ਪ੍ਰਤੀ ਲਗਨ ਅਤੇ ਖਿੱਚ ਦੇ ਚੱਲਦਿਆਂ 23 ਸਾਲਾ ਗੱਭਰੂ ਹਸਨ ਨੇ ਯੂਨਾਈਟਿਡ ਪਲੇਅਰਜ਼ ਦਾ ਰੁਖ ਕੀਤਾ ਜੋ ਲਾਹੌਰ ਦੀ ਪਹਿਲੀ ਫਿਲਮ ਕੰਪਨੀ ਸੀ ਜਿਸ ਨੂੰ ਮੀਆਂ ਅਬਦੁੱਲ ਰਸ਼ੀਦ ਕਾਰਦਾਰ ਨੇ ਰਾਵੀ ਰੋਡ Ḕਤੇ ਕਾਇਮ ਕੀਤਾ ਸੀ। ਇਹ ਖਾਮੋਸ਼ ਫਿਲਮਾਂ ਦਾ ਜ਼ਮਾਨਾ ਸੀ, ਜਦੋਂ ਨਵੇਂ ਭਰਤੀ ਹੋ ਰਹੇ ਫਨਕਾਰਾਂ ਨੂੰ ਬਤੌਰ ਸਿਖਿਆਰਥੀ ਰੱਖਿਆ ਜਾਂਦਾ ਅਤੇ ਮਨਮਰਜ਼ੀ ਦੇ ਕੰਮ ਲਏ ਜਾਂਦੇ ਸਨ। ਇਸ ਸਿਖਲਾਈ ਦੌਰਾਨ ਹਸਨ ਦੀਨ ਨੂੰ ਵੀ ਫਿਲਮਾਂ ਵਿਚ ਕੰਮ ਕਰਨ ਦਾ ਖੂਬਸੂਰਤ ਮੌਕਾ ਮਿਲਿਆ।

ਹਸਨ ਦੀਨ ਦੀ ਪਹਿਲੀ ਖਾਮੋਸ਼ ਫਿਲਮ ਯੂਨਾਈਟਿਡ ਪਲੇਅਰਜ਼, ਕਾਰਪੋਰੇਸ਼ਨ, ਲਾਹੌਰ ਦੀ ਏæ ਆਰæ ਕਾਰਦਾਰ ਨਿਰਦੇਸ਼ਿਤ Ḕਮਿਸਟੀਰੀਅਸ ਈਗਲḔ ਉਰਫ Ḕਹੁਸਨ ਕਾ ਡਾਕੂḔ (1929) ਸੀ। ਫਿਲਮ ਵਿਚ ਮੀਆਂ ਕਾਰਦਾਰ ਨੇ ਮੁਹੰਮਦ ਹਸਨ ਨੂੰ Ḕਹਸਨ ਦੀਨḔ ਦੇ ਨਾਮ ਨਾਲ ਨਵੇਂ ਅਦਾਕਾਰ ਵਜੋਂ ਪੇਸ਼ ਕਰਵਾਇਆ। ਇਸੇ ਬੈਨਰ ਦੀ ਹੀ ਖਾਮੋਸ਼ ਫਿਲਮ Ḕਵਾਨਡੈਰਿੰਗ ਡਾਂਸਰḔ ਉਰਫ Ḕਆਵਾਰਾ ਰੱਕਾਸਾḔ (1931) ਜੋ ਹੌਲੀਵੁੱਡ ਦੀ ਕਲਾਸਿਕ ਫਿਲਮ Ḕਦਿ ਸਨ ਆਫ ਦਿ ਸ਼ੇਖḔ (1926) ਤੋਂ ਮੁਤਾਸਿਰ ਹੋ ਕੇ ਬਣਾਈ ਸੀ, ਵਿਚ ਵੀ ਹਸਨ ਦੀਨ ਨੇ ਅਦਾਕਾਰੀ ਕੀਤੀ। ਇਸ ਤੋਂ ਬਾਅਦ ਉਹ ਕਲਕੱਤਾ ਦੀ ਈਸਟ ਇੰਡੀਆ ਫਿਲਮ ਕੰਪਨੀ ਵਿਚ ਸ਼ਾਮਿਲ ਹੋ ਗਿਆ।
ਹਸਨਦੀਨ ਦੀ ਪਹਿਲੀ ਬੋਲਦੀ ਹਿੰਦੀ ਫੀਚਰ ਫਿਲਮ ਪਲੇਆਰਟ ਫੋਟੋਟੋਨ ਕਾਰਪੋਰੇਸ਼ਨ, ਲਾਹੌਰ ਦੀ Ḕਹੀਰ ਰਾਂਝਾḔ ਉਰਫ Ḕਹੂਰ-ਏ-ਪੰਜਾਬḔ (1932) ਸੀ। ਇਸ ਫਿਲਮ ਦੇ ਮਰਕਜ਼ੀ ਕਿਰਦਾਰ ਅਨਵਰੀ ਬੇਗਮ ਤੇ ਰਫੀਕ ਗਜ਼ਨਵੀ ਨੇ ਨਿਭਾਏ ਸਨ। ਇਹ ਫਿਲਮ 9 ਸਤੰਬਰ 1932 ਨੂੰ ਕੈਪੀਟਲ ਥੀਏਟਰ, ਭਾਟੀ ਦਰਵਾਜ਼ਾ, ਲਾਹੌਰ ਵਿਖੇ ਰਿਲੀਜ਼ ਹੋਈ ਪਰ ਉਰਦੂ ਹਿੰਦੀ/ਉਰਦੂ Ḕਚ ਬਣਨ ਕਰਕੇ ਇਹ ਫਿਲਮ ਦਰਸ਼ਕਾਂ ਵਲੋਂ ਨਕਾਰ ਦਿੱਤੀ ਗਈ ਸੀ। ਅਮਰ ਮੂਵੀਟੋਨ, ਬੰਬਈ ਦੀ ਜਯ ਕਿਸ਼ਨ ਨੰਦਾ ਨਿਰਦੇਸ਼ਿਤ ਫਿਲਮ ḔਇੰਤਕਾਮḔ (1933) ਹਸਨਦੀਨ ਦੀ ਮਜ਼ਾਹੀਆ ਅਦਾਕਾਰ ਵਜੋਂ ਦੂਜੀ ਫਿਲਮ ਸੀ। ਈਸਟ ਇੰਡੀਆ ਕੰਪਨੀ, ਕਲਕੱਤਾ ਦੀ ਏæ ਆਰæ ਕਾਰਦਾਰ ਨਿਰਦੇਸ਼ਿਤ ḔਸੁਲਤਾਨਾḔ (1934) ਉਸ ਦੀ ਤੀਜੀ ਹਿੰਦੀ ਫਿਲਮ ਸੀ, ਜਿਸ Ḕਚ ਉਸਨੇ ਮਜ਼ਾਹੀਆ ਅਦਾਕਾਰ ਦਾ ਕਿਰਦਾਰ ਨਿਭਾਇਆ। ਫਿਲਮ ਦਾ ਟਾਈਟਲ ਰੋਲ ਜ਼ਰੀਨਾ ਖਾਤੂਨ ਤੇ ਹੀਰੋ ਗੁਲ ਹਮੀਦ ਸਨ। ਫਿਰ ਇਸੇ ਕੰਪਨੀ ਦੀਆਂ ਹੀ ਮਧੂ ਬੋਸ ਨਿਰਦੇਸ਼ਿਤ ਫਿਲਮ ḔਸਲੀਮਾḔ (1935), ਧੀਰੇਨ ਗਾਂਗੁਲੀ ਨਿਰਦੇਸ਼ਿਤ ḔਵਿਦਰੋਹੀḔ (1935), ਜੀæ ਆਰæ ਸੇਠੀ ਨਿਰਦੇਸ਼ਿਤ ḔਮਰਡਰਰḔ ਉਰਫ Ḕਸੁਲਗਤਾ ਸੰਸਾਰḔ (1935), ਦੇਵਕੀ ਬੋਸ ਨਿਰਦੇਸ਼ਿਤ Ḕਸੁਨਹਿਰਾ ਸੰਸਾਰḔ (1936), ਗੁਲ ਹਮੀਦ ਨਿਰਦੇਸ਼ਿਤ Ḕਖੈਬਰ ਪਾਸḔ (1936) ਅਤੇ ਜੀæ ਆਰæ ਸੇਠੀ ਨਿਰਦੇਸ਼ਿਤ ਫਿਲਮ Ḕਨੂਰ-ਏ-ਵਹਿਦਤḔ (1936) ਵਿਚ ਹਸਨ ਦੀਨ ਨੇ ਆਪਣੀ ਸ਼ਾਨਦਾਰ ਮਜ਼ਾਹੀਆ ਅਦਾਕਾਰੀ ਦੀ ਅਮਿੱਟ ਛਾਪ ਛੱਡੀ। ਮੋਤੀ ਮਹਿਲ ਥੀਏਟਰਜ਼, ਕਲਕੱਤਾ ਦੀ ਫਿਲਮ ḔਮਿਲਾਪḔ (1937) ਅਤੇ ਸ੍ਰੀ ਸ਼ੰਕਰ ਟਾਕੀ ਕਾਰਪੋਰੇਸ਼ਨ, ਕਲਕੱਤਾ ਦੀ ਏæ ਆਰæ ਕਾਰਦਾਰ ਨਿਰਦੇਸ਼ਿਤ ਫਿਲਮ ḔਮੰਦਿਰḔ (1937) Ḕਚ ਵੀ ਉਹ ਆਪਣੀ ਮਖੌਲੀਆ ਅਦਾਕਾਰੀ ਨਾਲ ਛਾਏ ਰਹੇ।
ਹਸਨ ਦੀਨ ਦੀ ਪਹਿਲੀ ਪੰਜਾਬੀ ਫਿਲਮ ਮੋਤੀ ਮਹਿਲ ਥੀਏਟਰਜ਼ ਲਿਮਟਿਡ, ਕਲਕੱਤਾ ਦੀ ਬੀæ ਐਸ਼ ਰਾਜਹੰਸ ਨਿਰਦੇਸ਼ਿਤ Ḕਭਗਤ ਸੂਰਦਾਸḔ ਉਰਫ ḔਸੂਰਦਾਸḔ (1939) ਸੀ। ਇਸ ਫਿਲਮ ਵਿਚ ਉਸਨੇ ḔਪੰਡਿਤḔ ਦਾ ਪਾਰਟ ਅਦਾ ਕੀਤਾ। ਇਹ ਫਿਲਮ 15 ਸਤੰਬਰ 1939 ਨੂੰ ਪੈਲੇਸ ਥੀਏਟਰ, ਲਾਹੌਰ ਵਿਖੇ ਨੁਮਾਇਸ਼ ਹੋਈ। ਹਸਨਦੀਨ ਦੀ ਦੂਜੀ ਪੰਜਾਬੀ ਫਿਲਮ ਵੀ ਇਸੇ ਬੈਨਰ ਦੀ ਬੀæ ਐੱਸ਼ ਰਾਜਹੰਸ ਨਿਰਦੇਸ਼ਿਤ Ḕਸੋਹਣੀ ਕੁਮਾਰਨḔ ਉਰਫ Ḕਸੋਹਣੀ ਮਹੀਂਵਾਲḔ (1939) ਸੀ। ਇਸ ਫਿਲਮ ਵਿਚ ਉਸ ਨੇ Ḕਝੰਡੂ ਮੁਲਾਜ਼ਮḔ ਦਾ ਕਿਰਦਾਰ ਨਿਭਾਇਆ। ਈਸਟ ਇੰਡੀਆ ਸਟੂਡੀਓ ਦੀ ਪੇਸ਼ਕਸ਼ ਇਹ ਫਿਲਮ 3 ਮਾਰਚ 1939 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ। ਉਸਦੀ ਤੀਜੀ ਪੰਜਾਬੀ ਫਿਲਮ ਸਿਨੇ ਸਟੂਡੀਓਜ਼, ਲਾਹੌਰ ਦੀ ਜੀæਆਰæ ਸੇਠੀ ਨਿਰਦੇਸ਼ਿਤ ḔਗਵਾਂਢੀḔ (1942) ਸੀ। ਇਸ ਫਿਲਮ ਵਿਚ ਉਸ ਨੇ Ḕਪੰਡਿਤ ਜੀḔ ਦਾ ਪਾਤਰ ਅਦਾ ਕੀਤਾ। ਇਹ ਫਿਲਮ 8 ਅਪਰੈਲ 1942 ਨੂੰ ਰਾਵਲਪਿੰਡੀ ਵਿਖੇ ਰਿਲੀਜ਼ ਹੋਈ।
ਕਾਰਦਾਰ ਪ੍ਰੋਡਕਸ਼ਨਜ਼, ਬੰਬਈ ਦੀ ਏæ ਆਰæ ਕਾਰਦਾਰ ਨਿਰਦੇਸ਼ਿਤ ਫਿਲਮ ḔਸਨਿਆਸੀḔ (1945) Ḕਚ ਉਸ ਨੇ ḔਤੁਲਸੀḔ ਦਾ ਪਾਰਟ ਅਦਾ ਕੀਤਾ। ਫਿਲਮ ਦੀ ਕਹਾਣੀ ਤੇ ਸੰਵਾਦ ਅਜ਼ਮ ਬਜ਼ੀਦਪੁਰੀ, ਗੀਤ ਮਧੁਰ ਅਤੇ ਸੰਗੀਤ ਨੌਸ਼ਾਦ ਅਲੀ ਨੇ ਤਿਆਰ ਕੀਤਾ ਸੀ। ਹਿੰਦੋਸਤਾਨ ਵਿਚ ਇਹ ਹਸਨ ਦੀਨ ਦੀ ਆਖਰੀ ਫਿਲਮ ਕਰਾਰ ਪਾਈ।
ਦੇਸ਼ ਵੰਡ ਤੋਂ ਬਾਅਦ ਉਹ ਲਾਹੌਰ ਦੇ ਭਾਟੀ ਗੇਟ ਜਾ ਵੱਸਿਆ। ਪਾਕਿਸਤਾਨ ਜਾ ਕੇ ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਇਹ ਮਾਰੂਫ ਮਜ਼ਾਹੀਆ ਅਦਾਕਾਰ 17 ਅਕਤੂਬਰ 1984 ਨੂੰ ਲਾਹੌਰ ਵਿਖੇ 79 ਸਾਲਾਂ ਦੀ ਉਮਰ ਵਿਚ ਵਫਾਤ ਪਾ ਗਿਆ।
-ਮਨਦੀਪ ਸਿੰਘ ਸਿੱਧੂ