ਤਾੜੀਆਂ ਦੀ ਗੂੰਜ

ਦੀਪਤੀ ਬਬੂਟਾ
ਸਹਿਜ ਨਾਲ ਆਮ ਬੋਲਚਾਲ ਲਈ ਵਰਤੇ ਜਾਂਦੇ ਛੋਟੇ-ਛੋਟੇ ਸ਼ਬਦ ਜ਼ਿੰਦਗੀ ‘ਚ ਵਡਮੁੱਲੀ ਥਾਂ ਰੱਖਦੇ ਹਨ। ਇਸ ਦੀ ਇੱਕ ਮਿਸਾਲ ਹੈ, ‘ਤਾੜੀ।’ ਇਨਸਾਨ ਦੇ ਹੱਥ ਮਨੁੱਖੀ ਜੀਵਨ ‘ਚ ਬੇਹੱਦ ਉਪਯੋਗੀ ਭੂਮਿਕਾ ਨਿਭਾਉਂਦੇ ਹਨ। ਮਨੁੱਖੀ ਕਿਰਤ ਦਾ ਸਬੰਧ ਹੱਥਾਂ ਨਾਲ ਹੈ। ਇਸ ਦੇ ਨਾਲ ਹੀ ਜੀਵਨ ਵਿਚ ਖੁਸ਼ੀ-ਗਮੀ ਦੇ ਪਲ ਸਾਂਝੇ ਕਰਨੇ ਹੋਣ ਜਾਂ ਫਿਰ ਕਿਸੇ ਦਾ ਮਜ਼ਾਕ ਉਡਾਉਣਾ ਹੋਵੇ ਤੇ ਭਾਵੇਂ ਕਿਸੇ ਦੇ ਕੀਤੇ ਕੰਮ ਦੀ ਦਾਦ ਦੇਣੀ ਹੋਵੇ, ਦੋ ਹੱਥ ਆਪ-ਮੁਹਾਰੇ ਚਾਲ ਪਕੜ ਕੇ ਆਪਸ ‘ਚ ਟਕਰਾਉਂਦਿਆਂ ਗੂੰਜ ਪੈਦਾ ਕਰਦੇ ਹਨ। ਇਹ ਗੂੰਜ ਕੋਈ ਆਮ ਅਵਾਜ਼ ਨਹੀਂ ਸਗੋਂ ‘ਤਾੜੀ’ ਕਹਾਉਂਦੀ ਹੈ, ਜੋ ਜਨਮ ਤੋਂ ਲੈ ਕੇ ਮੌਤ ਤਕ ਵੱਖ-ਵੱਖ ਰੂਪਾਂ ਵਿਚ ਬੰਦੇ ਦਾ ਸਾਥ ਨਿਭਾਉਂਦੀ ਹੈ। ਇਤਿਹਾਸਕ ਰੂਪ ਵਿਚ ਤਾੜੀ ਦੀ ਪ੍ਰਮਾਣਿਕਤਾ 13ਵੀਂ ਸਦੀ ਤੋਂ ਮਿਲਦੀ ਹੈ। ਧਾਰਮਿਕ ਗ੍ਰੰਥ ਬਾਈਬਲ ਮੁਤਾਬਿਕ ਬਿਰਖਾਂ ਦੇ ਪੱਤਿਆਂ ਦੇ ਆਪਸ ‘ਚ ਟਕਰਾਉਣ ਤੋਂ ਪੈਦਾ ਹੋਣ ਵਾਲੀ ਅਵਾਜ਼ ਤੋਂ ਹੀ ਤਾੜੀਆਂ ਦਾ ਸਰੂਪ ਜਨਮਿਆ ਹੈ।

ਹੁਲਾਸ ਅਤੇ ਚਾਅ ਨਾਲ ਮਨੁੱਖੀ ਮਨ ਹੁਲਾਰ ਮਾਰਦਾ ਹੈ ਤਾਂ ਖੁਸ਼ੀ ਨਾਲ ਆਪ-ਮੁਹਾਰੇ ਹੱਥ ਤਾੜੀਆਂ ਵਜਾਉਣ ਲੱਗਦੇ ਹਨ। ਅਜਿਹੇ ‘ਚ ਜੇ ਖੁਸ਼ੀ ਦਾ ਸਬੱਬ ਬਣਿਆ ਮਨੁੱਖ ਕੋਲ ਹੀ ਮੌਜੂਦ ਹੋਵੇ ਤਾਂ ਤਾੜੀ ਮਾਰਨ ਵਾਲਾ ਖੁਸ਼ੀ ਨਾਲ ਉਸ ਦੇ ਗਲੇ ਨਾਲ ਵੀ ਲਿਪਟ ਜਾਂਦਾ ਹੈ। ਇਹ ਤਾੜੀ ਰੂਹ ਨੂੰ ਸਕੂਨ ਅਤੇ ਸ਼ਾਂਤੀ ਬਖਸ਼ਦੀ ਹੈ।
ਸਮਾਗਮਾਂ ਵਿਚ ਤਾੜੀ ਬੇਹੱਦ ਖਾਸ ਥਾਂ ਰੱਖਦੀ ਹੈ। ਹਾਜ਼ਰ ਮਹਿਮਾਨਾਂ ਦਾ ਸਵਾਗਤ ਤਾੜੀਆਂ ਦੀ ਗੂੰਜ ਨਾਲ ਕੀਤਾ ਜਾਂਦਾ ਹੈ। ਮਹਿਮਾਨ ਦੇ ਰੁਤਬੇ ਮੁਤਾਬਿਕ ਤਾੜੀਆਂ ਦੀ ਗੂੰਜ ਵੀ ਵੱਧ-ਘੱਟ ਹੁੰਦੀ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੀ ਪ੍ਰਾਪਤੀ ਦੀ ਦਾਦ ਵੀ ਤਾੜੀਆਂ ਦੀ ਗੂੰਜ ਨਾਲ ਦਿੱਤੀ ਜਾਂਦੀ ਹੈ। ਕਲਾਕਾਰਾਂ ਵਲੋਂ ਦਿੱਤੀ ਗਈ ਪੇਸ਼ਕਸ਼ ਕਿੰਨੀ ਦਮਦਾਰ ਰਹੀ, ਇਸ ਦਾ ਫੈਸਲਾ ਵੀ ਤਾੜੀਆਂ ਦੀ ਗੂੰਜ ਹੀ ਕਰਦੀ ਹੈ। ਜੇ ਮੰਚ ‘ਤੇ ਕੋਈ ਬੁਲਾਰਾ ਬੇ-ਸਿਰ ਪੈਰ ਦਾ ਭਾਸ਼ਣ ਝਾੜਨਾ ਬੰਦ ਨਹੀਂ ਕਰਦਾ ਤਾਂ ਸਰੋਤੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰ ਕੇ ਉਸ ਨੂੰ ਜ਼ਬਰਦਸਤੀ ਚੁੱਪ ਕਰਵਾ ਦਿੰਦੇ ਹਨ। ਕਿਸੇ ਬੰਦੇ ਦੀ ਕਿਸੇ ਕਾਰਨ ਸਮਾਜਕ ਬੇਪਤੀ ਦਾ ਢਿੰਡੋਰਾ ਪਿੱਟ ਜਾਣ ਦੇ ਪ੍ਰਸੰਗ ਵਿਚ ‘ਤਾੜੀ ਵੱਜ ਜਾਣਾ’ ਮੁਹਾਵਰਾ ਅਜੋਕੇ ਸਮਾਜ ਵਿਚ ਵੀ ਆਮ ਵਰਤਿਆ ਜਾਂਦਾ ਹੈ।
ਇੱਥੋਂ ਤਕ ਕਿ ਕੋਈ ਬੰਦਾ ਜੀਵਨ ‘ਚ ਮਿਲਿਆ ਚੰਗਾ ਮੌਕਾ ਹੱਥੋਂ ਗੁਆ ਬੈਠਦਾ ਹੈ ਤੇ ਫਿਰ ਦਰ-ਬ-ਦਰ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦਾ ਹੈ ਤਾਂ ਉਸ ਲਈ ‘ਤਾਲੋਂ ਘੁੱਥੀ ਡੂਮਣੀ ਬੋਲੇ (ਫਿਰਦੀ) ਤਾਲ ਬੇ-ਤਾਲ’ ਜਿਹੇ ਮੁਹਾਵਰੇ ਕਟਾਖਸ਼ ਰੂਪ ਵਿਚ ਵਰਤ ਕੇ ਤਾੜੀ ਵਜਾਈ ਜਾਂਦੀ ਹੈ।
ਸਿੱਧੇ ਹੱਥਾਂ ਦੀਆਂ ਹਥੇਲੀਆਂ ਨਾਲ ਮਾਰੀਆਂ ਜਾਣ ਵਾਲੀਆਂ ਤਾੜੀਆਂ ਹੌਸਲਾ ਅਫਜ਼ਾਈ ਦੀਆਂ ਸੂਚਕ ਹਨ। ਦੂਜੇ ਪਾਸੇ ਕਿਸੇ ਬੰਦੇ ਵਲੋਂ ਕੀਤੇ ਗਏ ਘਟੀਆ ਕੰਮਾਂ ਲਈ ਪੁੱਠੇ ਹੱਥਾਂ ਨਾਲ ਤਾੜੀਆਂ ਮਾਰ ਕੇ ਸ਼ਰਮਸਾਰ ਵੀ ਕੀਤਾ ਜਾਂਦਾ ਹੈ। ਵੱਖ-ਵੱਖ ਅੰਦਾਜ਼ ਵਿਚ ਤਾੜੀ ਮਾਰ ਕੇ ਕਿਸੇ ਨੂੰ ਆਕਾਸ਼ ਦੀਆਂ ਉਚਾਈਆਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ, ਪਰ ਤਾੜੀ ਘਟੀਆ ਕਾਰੇ ਕਰਨ ਵਾਲਿਆਂ ਨੂੰ ਬੇਇੱਜਤ ਕਰਨ ਦਾ ਵੀ ਦਮ ਰੱਖਦੀ ਹੈ। ਹੁਣ ਇਹ ਵਿਅਕਤੀ ਵਿਸ਼ੇਸ਼ ‘ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਕੰਮ ਕਰਕੇ ਕਿਸ ਢੰਗ ਦੀ ਤਾੜੀ ਵਜਵਾਉਣ ਦਾ ਹੱਕਦਾਰ ਬਣਦਾ ਹੈ। ਵਿਆਹ ਪਿਛੋਂ ਨਵੇਂ ਜੀਵਨ ਦਾ ਆਗਾਜ਼ ਕਰਨ ਅਤੇ ਮੁੰਡਾ ਜੰਮਣ ‘ਤੇ ਖੁਸ਼ੀ ਵਿਚ ਹੀਜੜੇ (ਕਿੰਨਰ) ਨਚਾਉਣ ਦਾ ਰਿਵਾਜ ਕਰੀਬ ਪੂਰੇ ਭਾਰਤ ਵਿਚ ਹੀ ਪ੍ਰਚਲਿਤ ਹੈ। ਇਸ ਤਾੜੀ ਦੀ ਗੂੰਜ ਹਰ ਤਰ੍ਹਾਂ ਦੀ ਤਾੜੀ ਦੀ ਅਵਾਜ਼ ਤੋਂ ਵੱਖਰੀ ਹੁੰਦੀ ਹੈ। ਨਵੇਂ ਵਿਆਹੇ ਜੋੜੇ ਲਈ ਜ਼ਿੰਦਗੀ ਦੀ ਗੱਡੀ ਦੀ ਰਵਾਨੀ ਦੀ ਵਧਾਈ ਦਿੱਤੀ ਜਾਂਦੀ ਹੈ ਤੇ ਨਵ-ਜਨਮੇ ਮੁੰਡੇ ਲਈ ਖੁਸ਼ਹਾਲ ਜ਼ਿੰਦਗੀ ਲਈ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਪੂਰੇ ਜੋਸ਼ ਨਾਲ ਨੱਚਦੇ-ਗਾਉਂਦੇ ਹੀਜੜੇ ਤਾੜੀ ਮਾਰਦੇ ਹਨ ਤੇ ਮਨ ਚਾਹਿਆ ਲਾਗ ਲੈਂਦੇ ਹਨ।
ਮਹਿਫਿਲ ਵਿਚ ਬੈਠਿਆਂ ਹੋਰਨਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਵੀ ਤਾੜੀਆਂ ਮਾਰ ਕੇ ਧਿਆਨ ਵਟਾਇਆ ਜਾਂਦਾ ਹੈ। ‘ਸਲੋ ਹੈਂਡ ਕਲੈਪ’ ਦੀ ਫਿਲਮੀ ਜਗਤ ਵਿਚ ਖਾਸ ਥਾਂ ਹੈ। ਫਿਲਮਾਂ ਵਿਚ ਡਰਾਮੈਟਿਕ ਟਰਨਿੰਗ ਪੁਆਇੰਟ ‘ਤੇ ਪਹੁੰਚ ਜਾਣ ਉਤੇ ਵਿਚਾਰ-ਚਰਚਾ ਵਿਚ ਹਿੱਸਾ ਲੈਣ ਵਾਲੇ ਮੈਂਬਰ ਇੱਕ-ਇੱਕ ਕਰਕੇ ਹੌਲੀ-ਹੌਲੀ ਤਾੜੀ ਮਾਰਨੀ ਸ਼ੁਰੂ ਕਰਦੇ ਹਨ। ਫਿਰ ਤਾੜੀਆਂ ਦੀ ਗੂੰਜ ਨਾਲ ਖੜ੍ਹੇ ਹੋ ਕੇ ਫੈਸਲੇ ਦੀ ਪ੍ਰਮਾਣਿਕਤਾ ਦਾ ਦਮ ਭਰਿਆ ਜਾਂਦਾ ਹੈ। 7 ਜੂਨ 2000 ਨੂੰ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਵਿਮੈਨ ਇੰਸਟੀਚਿਊਟ ਵਲੋਂ ਦਿੱਤੀ ਗਈ ਸਲੋ ਹੈਂਡ ਕਲੈਪ ਯਾਦਗਾਰੀ ਪਲਾਂ ਵਿਚ ਦਰਜ ਕੀਤੀ ਗਈ ਹੈ। ਵੱਖ-ਵੱਖ ਦੇਸ਼ਾਂ ਦੇ ਸਮਾਜਕ ਆਚਾਰ-ਵਿਹਾਰ ਵਿਚ ਵੀ ਤਾੜੀ ਵੱਖਰੀ ਪਛਾਣ ਰੱਖਦੀ ਹੈ।
ਗੌਲਫ ਖੇਡ ਰਹੇ ਸਾਥੀ ਗੌਲਫਰਾਂ ਦਾ ਧਿਆਨ ਭੰਗ ਨਾ ਹੋਵੇ, ਇਸ ਵਾਸਤੇ ਖਾਸ ਢੰਗ ਨਾਲ ਤਾੜੀ ਵਜਾਈ ਜਾਂਦੀ ਹੈ, ਜੋ ‘ਕੁਆਈਟ ਕਲੈਪਿੰਗ’ ਭਾਵ ਸ਼ਾਂਤ ਤਾੜੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਸੰਗੀਤ ਜਗਤ ਵਿਚ ਤਾੜੀ ਦਾ ਸਰਵਉਚ ਸਥਾਨ ਹੈ। ਇੱਥੇ ਤਾੜੀ ਇਕਸੁਰਤਾ ਅਤੇ ਤਾਲ ਦਾ ਰੂਪ ਧਾਰਨ ਕਰ ਜਾਂਦੀ ਹੈ।
ਵੰਨ-ਸਵੰਨੀਆਂ ਨਾਚ ਸ਼ੈਲੀਆਂ ਵਿਚ ਵੱਖ-ਵੱਖ ਢੰਗ ਨਾਲ ਤਾੜੀ ਵਜਾਈ ਜਾਂਦੀ ਹੈ, ਜੋ ਵਿਸ਼ੇਸ਼ ਤਰ੍ਹਾਂ ਦੀ ਨਾਚ-ਸ਼ੈਲੀ ਦੀ ਪਛਾਣ ਹੁੰਦੀ ਹੈ। ਦੂਰੋਂ ਆਉਂਦੀ ਤਾੜੀ ਦੀ ਅਵਾਜ਼ ਸੁਣ ਕੇ ਕਲਾ ਪਾਰਖੂ ਦੱਸ ਦਿੰਦੇ ਹਨ ਕਿ ਨਾਚ ਦੀ ਕਿਹੜੀ ਸ਼ੈਲੀ ਚੱਲ ਰਹੀ ਹੈ।
ਪੰਜਾਬੀ ਲੋਕ-ਨਾਚ ਗਿੱਧੇ ਦੀ ਤਾਂ ਜਾਨ ਹੀ ਤਾੜੀਆਂ ਵਿਚ ਵੱਸਦੀ ਹੈ। ਪੂਰੇ ਗਰੁੱਪ ਵਿਚੋਂ ਕਿਸੇ ਇੱਕ ਦੀ ਵੀ ਤਾੜੀ ਬੇ-ਤਾਲ ਹੋ ਜਾਵੇ ਤਾਂ ਪੂਰੇ ਗਿੱਧੇ ਦਾ ਰੂਪ-ਰੰਗ ਗੁਆਚ ਜਾਂਦਾ ਹੈ ਤੇ ਗਿੱਧਾ ਨਾਚ ਨਾ ਰਹਿ ਕੇ ਸ਼ੋਰ-ਸ਼ਰਾਬਾ ਹੀ ਬਣ ਜਾਂਦਾ ਹੈ, ਜੋ ਸਕੂਨ ਦੀ ਥਾਂ ਸਿਰਦਰਦੀ ਦਾ ਸਬੱਬ ਹੋ ਨਿਬੜਦਾ ਹੈ। ਇਸੇ ਲਈ ਗਿੱਧੇ ਦੀ ਬੋਲੀ ਸ਼ੁਰੂ ਕਰਨ ਤੋਂ ਪਹਿਲਾਂ ਗਰੁੱਪ ਵਲੋਂ ਤਾੜੀ ਦੀ ਤਾਲ ਮਿਲਾਈ ਜਾਂਦੀ ਹੈ ਤੇ ਫਿਰ ਢੋਲਕੀ ਦੀ ਥਾਪ ‘ਤੇ ਬੋਲੀਆਂ ਪਾ ਕੇ ਧਰਤੀ ਅੰਬਰ ਨੂੰ ਹਿਲਾ ਦੇਣ ਦਾ ਦਮ ਭਰਿਆ ਜਾਂਦਾ ਹੈ। ਕੱਵਾਲੀ ਗਾਇਨ ਸ਼ੈਲੀ ਵਿਚ ਵੀ ਤਾੜੀ ਆਪਣੀ ਪ੍ਰਧਾਨਗੀ ਦੀ ਮੋਹਰ ਲਵਾਉਂਦੀ ਹੈ।
ਬੋਧੀ ‘ਇੱਕ ਹੱਥ ਤਾੜੀ’ ਅਤੇ ‘ਦੋਹੱਥੀ’ ਤਾੜੀਆਂ ਨੂੰ ਸਮਝਣ ਅਤੇ ਇਸ ਦਾ ਗਿਆਨ ਹਾਸਿਲ ਕਰਨ ਲਈ ਪੂਰੀ ਖੋਜ ਪ੍ਰਕ੍ਰਿਆ ਵਿਚੋਂ ਗੁਜ਼ਰਨਾ ਪੈਂਦਾ ਹੈ।
ਯੋਗ ਵਿਚ ਤਾੜੀ ਆਪਣੀ ਖਾਸ ਥਾਂ ਰੱਖਦੀ ਹੈ ਅਤੇ ਇੱਕ ਕਸਰਤ ਦੇ ਰੂਪ ਵਿਚ ਤਾੜੀ ਵਜਾਉਣ ਦਾ ਨਿਰਦੇਸ਼ ਦਿੱਤਾ ਜਾਂਦਾ ਹੈ। ਇਹ ‘ਤਣਾਅ’ ਉਤੇ ਕਾਬੂ ਪਾਉਣ, ਚਮੜੀ ਰੋਗਾਂ ਦੀ ਰੋਕਥਾਮ ‘ਚ ਸਹਾਇਕ ਹੋਣ ਦੇ ਨਾਲ-ਨਾਲ ਮਨ ਨੂੰ ਇਕਾਗਰਤਾ ਬਖਸ਼ਦੀ ਹੈ। ਦਸ ਮਿੰਟ ਰੋਜ਼ਾਨਾ ਤਾੜੀਆਂ ਵਜਾਉਣ ਨਾਲ ਨਾ ਸਿਰਫ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ, ਸਗੋਂ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ। ਐਕਿਊਪ੍ਰੈਸ਼ਰ ਅਨੁਸਾਰ ਜਿਨ-ਸ਼ਿਨ-ਡੂ ਅਤੇ ਸੂਜ਼ੋਕ ਸਿਸਟਮ ਤਹਿਤ ਮਨੁੱਖੀ ਹੱਥਾਂ ਵਿਚ ਸਾਰੀਆਂ ਬਿਮਾਰੀਆਂ ਦੇ ਇਲਾਜ ਦਾ ਭੇਤ ਲੁਕਿਆ ਹੋਇਆ ਹੈ, ਲੋੜ ਹੈ ਤਾਂ ਹੱਥਾਂ ਦੇ ਹਰ ਪੁਆਇੰਟ ਨੂੰ ਸਮਝਣ ਦੀ। ਕੁਝ ਹੋਰ ਨਹੀਂ ਤਾਂ ਨਿਰੰਤਰ ਤਾੜੀਆਂ ਵਜਾਉਣ ਦਾ ਅਭਿਆਸ ਕਰਨ ਨਾਲ ਹੀ ਹਥੇਲੀਆਂ ਦੇ ਸਾਰੇ ਪੁਆਇੰਟ ਹਰਕਤ ਵਿਚ ਆ ਜਾਂਦੇ ਹਨ, ਜੋ ਹਰ ਤਰ੍ਹਾਂ ਦੇ ਰੋਗ ਦੀ ਮੁਕਤੀ ਦਾ ਸਾਧਨ ਬਣਦੇ ਹਨ। ਪ੍ਰਾਚੀਨ ਕਾਲ ਤੋਂ ਹੀ ਤਾੜੀਆਂ ਨਾਲ ਰੋਗ ਮੁਕਤ ਹੋਣ ਦੀ ਪ੍ਰਕ੍ਰਿਆ ਅਪਨਾਈ ਜਾਂਦੀ ਰਹੀ ਹੈ। ਸੰਗੀਤ ਨੂੰ ਆਤਮਿਕ ਸ਼ਾਂਤੀ ਦਾ ਸਾਧਨ ਮੰਨਿਆ ਜਾਂਦਾ ਰਿਹਾ ਹੈ। ਧਾਰਮਿਕ ਗੀਤ-ਸੰਗੀਤ ਨਾਲ ਤਾੜੀਆਂ ਦਾ ਮਹੱਤਵ ਵੀ ਇਸੇ ਕਾਰਨ ਹੀ ਜੁੜਿਆ, ਜੋ ਸਮੇਂ ਦੇ ਨਾਲ ਆਸਥਾ ਦਾ ਪ੍ਰਤੀਕ ਬਣ ਗਈਆਂ। ਧਾਰਮਿਕ ਸਮਾਗਮਾਂ ਦੌਰਾਨ ਮਾਰੀਆਂ ਜਾਣ ਵਾਲੀਆਂ ਤਾੜੀਆਂ ਦੀ ਗੂੰਜ ਪਵਿੱਤਰਤਾ ਦਾ ਰੂਪ ਅਖਤਿਆਰ ਕਰ ਗਈ। ਧਾਰਮਿਕ ਆਸਥਾ ਨਾਲ ਇਕ ਸੁਰ-ਤਾਲ ਹੋ ਕੇ ਮਸਤੀ ‘ਚ ਮਾਰੀਆਂ ਜਾਣ ਵਾਲੀਆਂ ਤਾੜੀਆਂ ਮਨੁੱਖੀ ਮਨ-ਮਸਤਕ ਨੂੰ ਸ਼ਾਂਤੀ ਦਿੰਦੀਆਂ ਹਨ, ਜੋ ਆਤਮਿਕ ਸ਼ਾਂਤੀ ਅਤੇ ਤਾਜ਼ਗੀ ਬਖਸ਼ਦੀਆਂ ਹਨ।
ਅੰਤਰ-ਮਨ ਵਿਚ ਕਿਸੇ ਵਿਚਾਰ ‘ਤੇ ਚੱਲਦੀ ਸਵੈ-ਪੜਚੋਲ ਦੇ ਨਤੀਜੇ ‘ਤੇ ਪਹੁੰਚਦਿਆਂ ਹੀ ਖੁਸ਼ੀ ਨਾਲ ਵੱਜਣ ਵਾਲੀ ਤਾੜੀ ਆਪਣੀ ਜਿੱਤ ਦਾ ਪ੍ਰਤੀਕ ਬਣ ਜਾਂਦੀ ਹੈ। ਜ਼ਮਾਨੇ ਦੇ ਸਫਰ ਨਾਲ ਹਮਸਫਰ ਹੁੰਦੀ ਤਾੜੀ ਵੀ ਹਾਈਟੈਕ ਹੋ ਗਈ ਹੈ ਤੇ ਮਾਹਿਰਾਂ ਨੇ ਤਾੜੀ ਨੂੰ ਰਿਮੋਟ ਵਾਂਗ ਉਪਯੋਗ ‘ਚ ਲਿਆ ਕੇ ਇਸ ਦੀ ਪਛਾਣ ਹਾਈਟੈਕ ਕਰ ਦਿੱਤੀ ਹੈ। ਵਿਸ਼ੇਸ਼ ਸੰਕੇਤਕ ਰੂਪ ‘ਚ ਤਾੜੀ ਵਜਾਉਣ ‘ਤੇ ਬਿਜਲੀ ਉਪਕਰਨ ਤਕ ਚੱਲ ਪੈਂਦੇ ਹਨ ਤੇ ਤਾੜੀ ਰਿਮੋਟ ਦਾ ਕੰਮ ਕਰਦੀ ਹੈ।
ਬੇਹੋਸ਼ੀ ਦੀ ਹਾਲਤ ਵਿਚ ਪਹੁੰਚੇ ਬੰਦੇ ਨੂੰ ਹੋਸ਼ ਵਿਚ ਲਿਆਉਣ ਲਈ ਸਭ ਤੋਂ ਪਹਿਲਾਂ ਉਸ ਦੇ ਕੰਨਾਂ ਲਾਗੇ ਤਾੜੀ ਵਜਾ ਕੇ ਹੋਸ਼ ‘ਚ ਲਿਆਉਣ ਦਾ ਉਪਰਾਲਾ ਕੀਤਾ ਜਾਂਦਾ ਹੈ।
ਦੋ ਧਿਰਾਂ ਵਿਚ ਲੜਾਈ ਝਗੜਾ ਹੋ ਜਾਵੇ ਤਾਂ ਉਥੇ ਅਕਸਰ ‘ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ’ ਅਖਾਣ ਵਰਤਦਿਆਂ ਮੁੱਦਾ ਉਭਾਰਿਆ ਜਾਂਦਾ ਹੈ। ਜੇ ਸੁਲ੍ਹਾ-ਸਫਾਈ ਕਰਵਾਉਣੀ ਹੋਵੇ ਤਾਂ ਵੀ ਵਿਰੋਧੀ ਧਿਰ ਵਲੋਂ ਹਾਮੀ ਭਰਨ ਤੋਂ ਪਹਿਲਾਂ ਇਸ ਮੁਹਾਵਰੇ ਦਾ ਰੂਪ ਬਦਲ ਕੇ ਵਰਤਦਿਆਂ ਆਪਣੀ ਗਰਦਨ ਅਕੜਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਸੀ ਸੁਲ੍ਹਾ ਹੋ ਜਾਣ ‘ਤੇ ਤਾੜੀਆਂ ਦੀ ਗੂੰਜ ਵਿਚ ਗਲਵੱਕੜੀ ਪੁਆ ਦਿੱਤੀ ਜਾਂਦੀ ਹੈ ਤੇ ਤਾੜੀ ਆਪਸੀ ਸਾਂਝ ਦੀ ਸੂਚਕ ਹੋ ਜਾਂਦੀ ਹੈ।
ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਤਾੜੀ ਮਾਰ ਕੇ ਲੋਰੀ ਗਾਈ ਜਾਂਦੀ ਹੈ ਤਾਂ ਮਨੁੱਖੀ ਜੀਵਨ ਵਿਚ ਤਾੜੀਆਂ ਦੀ ਗੂੰਜ ਆਪਣਾ ਪਹਿਲਾ ਪ੍ਰਵੇਸ਼ ਕਰਦੀ ਹੈ। ਜਦੋਂ ਮੌਤ ਦੇ ਸਮੇਂ ਅੱਖਾਂ ਦੀ ਨਜ਼ਰ ਇੱਕ ਥਾਂ ‘ਤੇ ਇੱਕ ਟੱਕ ਠਹਿਰ ਜਾਂਦੀ ਹੈ ਤਾਂ ਉਸ ਨੂੰ ‘ਤਾੜੀ ਲੱਗਣੀ’ ਕਿਹਾ ਜਾਂਦਾ ਹੈ।
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਪਰ ਲੜਾਈ-ਝਗੜੇ ਨੂੰ ਮਿਟਾ ਕੇ ਪਰਿਵਾਰਕ ਇਕਸੁਰਤਾ ਦੀ ਤਾੜੀ ਵਜਾਈ ਜਾਵੇ ਤਾਂ ਪਰਿਵਾਰਕ ਜ਼ਿੰਦਗੀ ਖੁਸ਼ਹਾਲ ਹੋ ਜਾਂਦੀ ਹੈ। ਸਮਾਜ ਵਿਚ ਵਿਚਰਦਿਆਂ ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਇੱਕ ਤਾਲ ਵਿਚ ਤਾੜੀ ਮਿਲਾਈ ਜਾਵੇ ਤਾਂ ਸਮਾਜਕ ਇਕਸੁਰਤਾ ਸਥਾਪਿਤ ਹੋ ਸਕਦੀ ਹੈ। ਸਿਆਸੀ ਦਲ ਆਪੋ-ਆਪਣੀ ਤਾੜੀ ਮਾਰਨੀ ਛੱਡ ਕੇ ਦੇਸ਼ ਹਿੱਤ ਲਈ ਹੱਥ ਨਾਲ ਹੱਥ ਜੋੜ ਕੇ ਤਾੜੀ ਵਜਾਉਣ ਦੀ ਪਹਿਲਕਦਮੀ ਕਰ ਦਿਖਾਉਣ ਤਾਂ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਸਕਦੇ ਹਨ। ਸੰਸਾਰ ਪੱਧਰ ਦੀਆਂ ਸਮੱਸਿਆਵਾਂ ਸੁਲਝਾਉਣ ਲਈ ਆਪਸੀ ਵਿਚਾਰ-ਵਟਾਂਦਰੇ ਦੀ ਰਣਨੀਤੀ ਅਪਨਾ ਕੇ ਮੁੱਦੇ ਸੁਲਝਾਉਣ ਦਾ ਰਾਹ ਅਪਨਾ ਲਿਆ ਜਾਵੇ ਤਾਂ ਗੋਲੀ-ਬਾਰੂਦ ਦੀਆਂ ਅਵਾਜ਼ਾਂ ਦੀ ਹੋਂਦ ਮਿਟ ਸਕਦੀ ਹੈ ਤੇ ਸੰਸਾਰਕ ਇਕਸੁਰਤਾ ਦੀ ਤਾਲ ਦੀ ਤਾੜੀ ਪੂਰੇ ਆਲਮ ‘ਚ ਗੂੰਜਾਈ ਜਾ ਸਕਦੀ ਹੈ। ਕੌਣ ਕਹਿੰਦਾ ਹੈ ਕਿ ਤਾੜੀ ਮਾਮੂਲੀ ਜਿਹੀ ਚੀਜ਼ ਹੈ? ਤਾਂ ਫਿਰ ਕਿਉਂ ਨਾ ਦੋਹੀਂ ਹੱਥੀਂ ਮਿਲਾਪ ਦੀ ਤਾੜੀ ਵਜਾਉਣ ਦੀ ਪਹਿਲਕਦਮੀ ਕੀਤੀ ਜਾਵੇ। ਗੋਲੀ-ਬਾਰੂਦ ਦੀ ਨੋਕ ‘ਤੇ ਦਹਿਸ਼ਤ ਦੇ ਸਾਏ ਹੇਠ ਨਿਰੰਤਰ ਦਬ ਰਹੀ ਮਨੁੱਖਤਾ ਤਾੜੀਆਂ ਦੀ ਭਾਸ਼ਾ ਸਮਝ ਜਾਵੇ ਤਾਂ ਪੂਰੀ ਦੁਨੀਆਂ ‘ਚੋਂ ਤਾੜੀਆਂ ਦੀ ਇਕਸੁਰਤਾ ਦੀ ਅਵਾਜ਼ ਗੂੰਜ ਸਕਦੀ ਹੈ। ਲੋੜ ਹੈ ਤਾਂ ਬਸ ਤਾੜੀਆਂ ਦੇ ਮਹੱਤਵ ਨੂੰ ਸਮਝਣ ਦੀ।