ਸੰਸਦ ਮੈਂਬਰਾਂ ਦੇ ਗ੍ਰਾਂਟ ਵਾਲੇ ਕਰੋੜਾਂ ਰੁਪਏ ਜ਼ਬਤ
ਚੰਡੀਗੜ੍ਹ: ਪੂਰਾ ਸੰਸਾਰ ਇਸ ਵਕਤ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਕੰਜਾ ਹੋਰ ਕੱਸਣਾ ਆਰੰਭ ਕਰ ਦਿੱਤਾ ਹੈ। ਯਾਦ ਰਹੇ ਕਿ ਸੰਸਾਰ ਭਰ ਦੇ ਮਾਹਿਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਕਰੋਨਾ ਸੰਕਟ ਨੂੰ ਸੱਤਾ ਉਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਵਰਤ ਸਕਦੀਆਂ ਹਨ।
ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਸੰਸਦ ਮੈਂਬਰਾਂ ਦਾ ਦੋ ਸਾਲਾਂ ਦਾ ਐਮæਪੀæ ਲੈਡ ਫੰਡ ਜ਼ਬਤ ਕਰ ਲਿਆ ਹੈ। ਹਰ ਸੰਸਦ ਮੈਂਬਰ ਨੂੰ ਆਪਣੇ ਹਲਕੇ ਦੇ ਵਿਕਾਸ ਲਈ ਇਕ ਸਾਲ ਵਿਚ 5 ਕਰੋੜ ਰੁਪਏ ਗ੍ਰਾਂਟਾਂ ਵਜੋਂ ਦੇਣ ਲਈ ਮਿਲਦੇ ਹਨ। ਇਸ ਤੋਂ ਪਹਿਲਾਂ ਮੋਦੀ ਨੇ ਪੀæਐਮæ ਕੇਅਰਜ਼ ਫੰਡ ਦੇ ਮਾਮਲੇ ਵਿਚ ਵੀ ਕਥਿਤ ਹੇਰਾਫੇਰੀ ਕੀਤੀ ਹੈ। ਮਾਹਿਰਾਂ ਦਾ ਸਵਾਲ ਹੈ ਕਿ ਜਦੋਂ ਪਹਿਲਾਂ ਹੀ ਅਜਿਹੀਆਂ ਆਫਤਾਂ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਮੌਜੂਦ ਹੈ ਤਾਂ ਪੀæਐਮæ ਕੇਅਰਜ਼ ਫੰਡ ਦੀ ਕੀ ਲੋੜ ਸੀ। ਉਂਜ, ਇਸ ਫੰਡ ਬਾਰੇ ਹਕੀਕਤ ਇਹ ਹੈ ਕਿ ਇਸ ਫੰਡ ਵਿਚ ਆਈ ਰਕਮ ਬਾਰੇ ਮੋਦੀ ਸਰਕਾਰ ਨੂੰ ਕਿਸੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪਵੇਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦੇਣਾ ਪੈਂਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਮੋਦੀ ਕਰੋਟਾ ਸੰਕਟ ਨਾਲ ਲੜਨ ਦੇ ਬਹਾਨੇ ਅਜਿਹੀਆਂ ਹੋਰ ਕੇਂਦਰੀਕ੍ਰਿਤ ਨੀਤੀਆਂ ਲਿਆ ਸਕਦਾ ਹੈ।
ਇਸੇ ਦੌਰਾਨ ਪੂਰੇ ਵਿਸ਼ਵ ਵਿਚ ਹੁਣ ਤੱਕ ਇਸ ਵਾਇਰਸ ਨਾਲ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਇਹ ਵਾਇਰਸ ਅਮਰੀਕਾ, ਇਟਲੀ, ਸਪੇਨ, ਜਰਮਨੀ, ਬਰਤਾਨੀਆ, ਜਾਪਾਨ ਤੇ ਇਰਾਨ ਵਰਗੇ ਵੱਡੀ ਅਰਥ-ਵਿਵਸਥਾ ਵਾਲੇ ਮੁਲਕਾਂ ਵਿਚ ਤਬਾਹੀ ਮਚਾ ਰਿਹਾ ਹੈ। ਅਜਿਹੇ ਮੁਲਕਾਂ ਵਲੋਂ ਵੱੱਡੇ ਪੱਧਰ ਉਤੇ ਕੀਤੀਆਂ ਤਿਆਰੀਆਂ ਵੀ ਨਾਕਾਫੀ ਸਾਬਤ ਹੋਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਭਾਰਤ ਵਿਚ ਵਾਇਰਸ ਪੀੜਤਾਂ ਦੀ ਗਿਣਤੀ ਇਕਦਮ ਵਧੀ ਹੈ, ਤੈਅ ਹੈ ਕਿ ਭਾਰਤ ਦਾ ਹਸ਼ਰ ਵੀ ਇਹੀ ਹੋਣ ਵਾਲਾ ਹੈ। ਅਜਿਹੇ ਵਿਚ ਵਾਇਰਸ ਦੇ ਟਾਕਰੇ ਲਈ ਮੋਦੀ ਸਰਕਾਰ ਵਲੋਂ ਕੀਤੀਆਂ ‘ਤਿਆਰੀਆਂ’ ਨੇ ਪੂਰੇ ਵਿਸ਼ਵ ਦਾ ਧਿਆਨ ਖਿੱਚਿਆ ਹੈ। 3 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਸ਼ਟਰ ਦੇ ਨਾਮ ਸੰਬੋਧਨ ਬਾਰੇ ਪਤਾ ਲੱਗਣ ਉਤੇ ਆਮ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਉਨ੍ਹਾਂ ਲਈ ਕੋਈ ਰਾਹਤ ਦਾ ਐਲਾਨ ਹੋਣ ਵਾਲਾ ਹੈ ਪਰ ਮੋਦੀ ਨੇ ਐਤਵਾਰ ਨੂੰ ਰਾਤ ਦੇ 9 ਵਜੇ 9 ਮਿੰਟ ਬਿਜਲੀ ਬੰਦ ਕਰਨ ਅਤੇ ਉਸ ਸਮੇਂ ਮੋਮਬੱਤੀਆਂ ਜਗਾ ਕੇ ਕਰੋਨਾ ਨੂੰ ਭਜਾਉਣ ਬਾਰੇ ਦੱਸੀ ਜੁਗਤ ਨੇ ਸਭ ਨੂੰ ਹੈਰਾਨ ਤੇ ਨਿਰਾਸ਼ ਕਰ ਦਿੱਤਾ।
ਮੋਦੀ ਦੀ ਇਸ ਸਲਾਹ ਤੋਂ ਤੁਰਤ ਬਾਅਦ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ ਭੜਕ ਗਿਆ ਤੇ ਹਸਪਤਾਲਾਂ ਦੇ ਅੱਗੇ ਹੀ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਸਿਰਫ ਹੌਸਲੇ ਦੇਣ ਨਾਲ ਕੰਮ ਨਹੀਂ ਸਰਨਾ। ਮੋਦੀ ਨੇ ਇਹ ਸਲਾਹ ਉਸ ਸਮੇਂ ਦਿੱਤੀ ਜਦੋਂ ਕੇਂਦਰੀ ਮੁੰਬਈ ਦੇ ਵੋਕਹਾਰਟ ਹਸਪਤਾਲ ਵਿਚ ਤਿੰਨ ਡਾਕਟਰ ਤੇ 26 ਨਰਸਾਂ ਦੇ ਇਸ ਵਾਇਰਸ ਦੇ ਲਪੇਟੇ ਵਿਚ ਆਉਣ ਦੀ ਖਬਰ ਸਾਹਮਣੇ ਆ ਰਹੀ ਸੀ। ਇਸ ਦਾ ਕਾਰਨ ਇਸ ਹਸਪਤਾਲ ਵਿਚ ਸਹੂਲਤਾਂ ਦੀ ਘਾਟ ਸੀ। ਅਜਿਹੀਆਂ ਘਾਟਾਂ ਇਸ ਸਮੇਂ ਤਕਰੀਬਨ ਦੇਸ਼ ਦੇ ਹਰ ਹਸਪਤਾਲ ਵਿਚ ਹਨ ਪਰ ਇਸ ਪਾਸੇ ਧਿਆਨ ਦੇਣ ਦੀ ਬਜਾਏ ਮੋਦੀ ਸਰਕਾਰ ਵਲੋਂ ਅਪਣਾਈ ਜਾ ਰਹੀ ਜੁਮਲੇਬਾਜ਼ੀ ਵਾਲੀ ਰਣਨੀਤੀ ਖਿਲਾਫ ਲੋਕਾਂ ਵਿਚ ਰੋਹ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ, ਇਸ ਤੋਂ ਪਹਿਲਾਂ ਜਨਤਕ ਕਰਫਿਊ ਲਗਾਉਣ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਸ਼ਾਮ ਦੇ 5 ਵਜੇ ਆਪਣੇ ਘਰਾਂ ਦੀਆਂ ਬਾਲਕੋਨੀਆਂ ਅਤੇ ਵਿਹੜਿਆਂ ਵਿਚ ਆ ਕੇ ਤਾਲੀਆਂ ਤੇ ਥਾਲੀਆਂ ਵਜਾ ਕੇ ਉਨ੍ਹਾਂ ਲੋਕਾਂ ਦਾ ਹੌਸਲਾ ਵਧਾਉਣ ਲਈ ਕਿਹਾ ਸੀ ਜਿਹੜੇ ਮੂਹਰਲੀਆਂ ਸਫਾਂ ਵਿਚ ਕਰੋਨਾ ਵਾਇਰਸ ਦੇ ਵਿਰੁਧ ਲੜ ਰਹੇ ਹਨ। ਉਨ੍ਹਾਂ ਵਿਚ ਡਾਕਟਰ, ਨਰਸਾਂ, ਪੈਰਾ-ਮੈਡੀਕਲ ਸਟਾਫ, ਸਿਹਤ ਖੇਤਰਾਂ ਦੇ ਹੋਰ ਕਾਮੇ ਸ਼ਾਮਲ ਹਨ। ਇਸ ਸਮੇਂ ਡਾਕਟਰਾਂ ਤੇ ਆਮ ਲੋਕਾਂ ਵਲੋਂ ਮੋਦੀ ਦੀ ਤਾਰੀਫ ਵੀ ਕੀਤੀ ਪਰ ਦੂਜੀ ਵਾਰ ਫਿਰ ਪ੍ਰਧਾਨ ਮੰਤਰੀ ਇਸ ਵਾਇਰਸ ਨਾਲ ਟਾਕਰੇ ਲਈ ਤਿਆਰੀਆਂ ਦੀ ਥਾਂ ਮੋਮਬੱਤੀਆਂ ਵਾਲਾ ਫਾਰਮੂਲਾ ਲੈ ਕੇ ਆਣ ਖੜ੍ਹੇ।
ਦੱਸ ਦਈਏ ਕਿ ਬਹੁਤ ਸਾਰੇ ਹਸਪਤਾਲਾਂ, ਡਾਕਟਰਾਂ ਅਤੇ ਹੋਰ ਸਟਾਫ ਕੋਲ ਨਾ ਤਾਂ ਆਪਣੀ ਸੁਰੱਖਿਆ ਲਈ ਸਾਜ਼ੋ-ਸਾਮਾਨ ਹੈ ਅਤੇ ਨਾ ਹੀ ਮਰੀਜ਼ ਦੀ ਸਾਂਭ-ਸੰਭਾਲ ਲਈ। ਦੂਸਰੇ ਪਾਸੇ ਸਰਕਾਰੀ ਅੰਕੜੇ ਖੁਦ ਦੱਸਦੇ ਹਨ ਕਿ 2018-19 ਵਿਚ ਸਿਹਤ ਦੇ ਖੇਤਰ ‘ਤੇ ਕੇਂਦਰੀ ਤੇ ਸੂਬਾ ਸਰਕਾਰਾਂ ਦੁਆਰਾ ਕੀਤਾ ਗਿਆ ਖਰਚ ਕੁੱਲ ਘਰੇਲੂ ਉਤਪਾਦਨ ਦਾ 1æ28 ਫੀਸਦੀ ਸੀ। ਇਹੋ ਜਿਹੇ ਖਰਚ ਨਾਲ ਸਰਕਾਰੀ ਹਸਪਤਾਲਾਂ ਦੇ ਹਾਲਾਤ ਕਿਹੋ ਜਿਹੇ ਹੋ ਸਕਦੇ ਹਨ, ਇਸ ਦਾ ਅਨੁਮਾਨ ਲਗਾਉਣਾ ਮੁਸ਼ਕਲ ਨਹੀਂ।
ਅਸਲ ਵਿਚ ਭਾਜਪਾ ਕਰੋਨਾ ਸੰਕਟ ਦਾ ਬਹਾਨੇ ਸਿਆਸਤ ਚਮਕਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੀ ਹੋਈ ਹੈ। ਇਸ ਦੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ ਤੇ ਚੀਨੀ ਲੋਕਾਂ ਨੂੰ ਚੂਹੇ, ਚਮਗਿੱੱਦੜ ਅਤੇ ਸੱਪ ਖਾਣਿਆਂ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਰੋਨਾ ਦੇ ਇਲਾਜ ਲਈ ਗਊ ਮੂਤਰ, ਹਵਨ, ਯੋਗ, ਰਾਮ ਪੂਜਾ ਆਦਿ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਲਾਕਡਾਊਨ ਦੌਰਾਨ ਟੀਵੀ ਰਾਹੀਂ ‘ਰਮਾਇਣ’ ਅਤੇ ‘ਮਹਾਭਾਰਤ’ ਵਰਗੇ ਲੜੀਵਾਰ ਲੋਕਾਂ ਅੱਗੇ ਪਰੋਸ ਕੇ ਆਪਣੀ ਹਿੰਦੂਤਵੀ ਸਿਆਸਤ ਨੂੰ ਅੱਗੇ ਵਧਾ ਰਹੀ ਹੈ। ਵਾਇਰਸ ਫੈਲਾਉਣ ਦੇ ਦੋਸ਼ ਇਕ ਧਰਮ ਉਤੇ ਮੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਇਕੱਠ ਨੂੰ ਇਸ ਵਾਇਰਸ ਦੇ ਫੈਲਾਅ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਭਾਜਪਾ ਆਗੂ ਜਮਾਤ ਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਣ ਦੀ ਸਲਾਹ ਦੇ ਰਹੇ ਹਨ। ਜੇ ਪਰਵਾਸੀ ਮਜ਼ਦੂਰਾਂ ਦੇ ਆਪਣੇ ਘਰਾਂ ਨੂੰ ਪਰਤਣ ਲਈ ਲੱਗੀਆਂ ਭੀੜਾਂ ਦੀ ਜ਼ਿੰਮੇਵਾਰੀ ਦੀ ਗੱਲ ਤੁਰਦੀ ਹੈ ਤਾਂ ਇਸ ਦਾ ਸਾਰਾ ਦੋਸ਼ ਮੀਡੀਆ ਉਤੇ ਮੜ੍ਹਿਆ ਜਾ ਰਿਹਾ ਹੈ। ਐਡੀਟਰਜ਼ ਗਿਲਡ ਆਫ ਇੰਡੀਆ ਵਲੋਂ ਕੇਂਦਰੀ ਸਰਕਾਰ ਦੀ ਅਜਿਹੀ ਕੋਸ਼ਿਸ਼ ਉਥੇ ਡੂੰਘੀ ਚਿੰਤਾ ਵੀ ਪ੍ਰਗਟਾਈ ਗਈ ਹੈ।
ਅਸਲ ਵਿਚ ਸਰਕਾਰ ਕੋਲ ਨਾ ਡਾਕਟਰ ਹਨ, ਨਾ ਟੈਸਟ ਕਿੱਟਾਂ; ਨਾ ਹਸਪਤਾਲ ਹਨ, ਨਾ ਦਵਾਈਆਂ ਹਨ ਅਤੇ ਨਾ ਹੀ ਖੋਜ ਸੰਸਥਾਵਾਂ ਹਨ। 133 ਕਰੋੜ ਵਸੋਂ ਵਾਲੇ ਭਾਰਤ ਕੋਲ ਕੇਵਲ 40 ਹਜ਼ਾਰ ਵੈਂਟੀਲੇਟਰ ਹਨ। ਦੱਖਣੀ ਕੋਰੀਆ ਵਿਚ ਪ੍ਰਤੀ 10 ਲੱਖ ਵਿਅਕਤੀਆਂ ਪਿਛੇ 4631, ਚੀਨ ਵਿਚ 2820, ਨਾਰਵੇ ਵਿਚ 1515, ਇਟਲੀ ਵਿਚ 1421, ਰੂਸ ਵਿਚ 1421 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ, ਭਾਰਤ ਵਰਗੀ ‘ਵੱਡੀ ਆਰਥਿਕ ਸ਼ਕਤੀ’ ਕੋਲ ਕੇਵਲ 0æ8 ਜਣਿਆਂ ਦੇ ਟੈਸਟ ਕਰਾਏ ਜਾਂਦੇ ਹਨ। ਸੰਸਾਰ ਸਿਹਤ ਸੰਸਥਾ ਦੀਆਂ ਹਦਾਇਤਾਂ ਅਨੁਸਾਰ ਏਕਾਂਤਵਾਸ ਕਰੋਨਾ ਦਾ ਇਲਾਜ ਨਹੀਂ। ਅਜਿਹਾ ਕਰਨ ਲਈ ਦਵਾਈਆਂ ਅਤੇ ਫਾਰਮਸਿਊਟੀਕਲ ਸਾਜ਼ੋ-ਸਮਾਨ ਦੀ ਪੂਰਤੀ ਨਹਾਇਤ ਜ਼ਰੂਰੀ ਹੈ ਪਰ ਭਾਰਤ ਦੇ ਮੈਡੀਕਲ ਸਟਾਫ ਕੋਲ ਨਾ ਲੋੜੀਂਦੇ ਸੈਨੇਟਾਈਜ਼ਰ, ਨਾ ਮਾਸਕ, ਨਾ ਪੀæਪੀæਈæ (ਜਾਤੀ ਸੁਰੱਖਿਆ ਉਪਕਰਨ), ਨਾ ਦਵਾਈਆਂ, ਨਾ ਲੋੜੀਂਦੀ ਮਾਤਰਾ ਵਿਚ ਵੈਂਟੀਲੇਟਰ ਅਤੇ ਨਾ ਲੋੜੀਂਦਾ ਸਿਹਤ ਬਜਟ ਹੈ।
ਕਰੋਨਾ ਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿਚ 21 ਦਿਨਾਂ ਦਾ ਲਾਕਡਾਊਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬੰਦ/ਲਾਕਡਾਊਨ ਨੂੰ ਕਰਫਿਊ ਹੀ ਸਮਝਣਾ ਚਾਹੀਦਾ ਹੈ। ਲਗਭਗ ਸਾਰੇ ਸੂਬਿਆਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚਲੀ ਦ੍ਰਿਸ਼ਟੀ ‘ਤੇ ਅਮਲ ਕਰਦਿਆਂ ਇਸ ਬਿਮਾਰੀ ਨਾਲ ਲੜਨ ਲਈ ਅਜਿਹੀ ਪਹੁੰਚ ਅਪਣਾਈ ਜਿਹੜੀ ਦੰਗਿਆਂ ਅਤੇ ਹਿੰਸਾ ਉਤੇ ਕਾਬੂ ਪਾਉਣ ਲਈ ਅਪਣਾਈ ਜਾਂਦੀ ਹੈ। ਪੁਲਿਸ ਅਤੇ ਕੇਂਦਰੀ ਸੁਰੱਖਿਆ ਦਲਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਤੋਂ ਰੋਕਣ। ਪੁਲਿਸ ਨੇ ਕਈ ਥਾਵਾਂ ਉਤੇ ਲੋਕਾਂ ਨਾਲ ਅਣਮਨੁੱਖੀ ਵਿਹਾਰ ਵੀ ਕੀਤਾ ਹੈ। ਸਭ ਤੋਂ ਵੱਡਾ ਸਵਾਲ ਸਰਕਾਰਾਂ ਦੁਆਰਾ ਅਪਣਾਈ ਗਈ ਪਹੁੰਚ ਬਾਰੇ ਹੈ ਜਿਸ ਕਾਰਨ ਸਰਕਾਰਾਂ ਨੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਸਿਹਤ ਖੇਤਰ ਦੇ ਕਾਮਿਆਂ ਦੇ ਨਾਲ ਨਾਲ ਬਹੁਤਾ ਕੰਮ ਪੁਲਿਸ ਤੇ ਸੁਰੱਖਿਆ ਦਲਾਂ ਉਤੇ ਛੱਡ ਦਿੱਤਾ ਗਿਆ ਹੈ। ਅਨਾਜ, ਸਬਜ਼ੀਆਂ ਅਤੇ ਦਵਾਈਆਂ ਦੀ ਘਾਟ ਕਾਰਨ ਲੋਕਾਂ ਦਾ ਘਰ ਤੋਂ ਬਾਹਰ ਆਉਣਾ ਨਿਸ਼ਚਿਤ ਹੈ। ਪਰਵਾਸੀ ਮਜ਼ਦੂਰਾਂ ਦੇ ਘਰਾਂ ਨੂੰ ਪਰਤਣ ਦੀਆਂ ਔਕੜਾਂ ਇਹ ਦਰਸਾਉਂਦੀਆਂ ਹਨ ਕਿ ਕੇਂਦਰੀ ਅਤੇ ਸੂਬਾ ਸਰਕਾਰਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਸਮੁੱਚਤਾ ਵਿਚ ਨਹੀਂ ਸੋਚਿਆ। ਅਸਲ ਵਿਚ ਸ਼ੁਰੂਆਤੀ ਸਮੇਂ ਵਿਚ ਕਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਜਦੋਂ ਇਸ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ ਤਾਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਤੇਜ਼ੀ ਨਾਲ ਹੁਕਮ ਜਾਰੀ ਕਰਨੇ ਸ਼ੁਰੂ ਕਰ ਦਿੱਤੇ। ਪ੍ਰਧਾਨ ਮੰਤਰੀ ਵਲੋਂ 22 ਮਾਰਚ ਨੂੰ ਜਨਤਾ ਕਰਫਿਊ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ 31 ਮਾਰਚ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ। ਹੁਣ ਇਹ 14 ਅਪਰੈਲ ਤੱਕ ਵਧਾ ਦਿੱਤਾ ਗਿਆ ਹੈ।
_______________________
ਪੰਜਾਬ ਸਰਕਾਰ ਦੇ ਪ੍ਰਬੰਧਾਂ ਉਤੇ ਝਾਤæææ
ਪੰਜਾਬ ਸਰਕਾਰ ਵਲੋਂ ਕੀਤੀ ਗਈ ਤਿਆਰੀ ਸਵਾਲਾਂ ਦੇ ਘੇਰੇ ਵਿਚ ਹੈ। ਕਰੋਨਾ ਵਾਇਰਸ ਨਾਲ ਜੂਝਣ ਵਾਲੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ ਅਤੇ ਸਿਹਤ ਵਿਭਾਗ ਦੇ ਹੋਰ ਕਾਮਿਆਂ ਲਈ ਵੀ ਜ਼ਰੂਰੀ ਸਮਾਨ ਨਹੀਂ ਹੈ। ਪਟਿਆਲੇ ਵਿਚ ਰਾਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਕਿ ਉਨ੍ਹਾਂ ਨੂੰ ਲੋੜੀਂਦੀਆਂ ਨਿੱਜੀ ਸੁਰੱਖਿਆ ਕਿੱਟਾਂ ਨਹੀਂ ਦਿੱਤੀਆਂ ਗਈਆਂ; ਅਜਿਹਾ ਕਰਕੇ ਉਨ੍ਹਾਂ ਨੂੰ ਰੋਗ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਸ ਰੋਗ ਨਾਲ ਲੜਨ ਲਈ ਵੈਂਟੀਲੇਟਰ ਦੀ ਅਹਿਮੀਅਤ ਉਤੇ ਦੁਨੀਆਂ ਭਰ ਵਿਚ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਵੈਂਟੀਲੇਟਰਾਂ ਦੀ ਸਾਧਾਰਨ ਸਮੇਂ ਵਿਚ ਵੀ ਕਮੀ ਰਹਿੰਦੀ ਹੈ। ਦੂਸਰੇ ਪਾਸੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ 14 ਵੈਂਟੀਲੇਟਰ ਮਹੀਨਿਆਂ ਤੋਂ ਖਰੀਦ ਕੇ ਤਾਂ ਰੱਖ ਲਏ ਗਏ ਪਰ ਹੁਣ ਤਕ ਉਨ੍ਹਾਂ ਦੀ ਵਰਤੋਂ ਵਿਚ ਲਿਆਉਣ ਲਈ ਲਗਾਇਆ ਨਹੀਂ ਗਿਆ। ਵੈਂਟੀਲੇਟਰ ਦੇ ਚਲਾਉਣ ਵਾਲੇ ਸਟਾਫ਼ ਦੀ ਮੌਜੂਦਗੀ ਬਾਰੇ ਵੀ ਸਪਸ਼ਟਤਾ ਨਹੀਂ ਹੈ। ਇਸ ਤੋਂ ਇਲਾਵਾ ਆਮ ਲੋਕਾਂ ਦੀ ਸਮੱਸਿਆਵਾਂ ਵਲ ਵੀ ਭੋਰਾ ਧਿਆਨ ਨਹੀਂ ਦਿੱਤਾ ਗਿਆ। ਇਸ ਸਮੇਂ ਦੁਕਾਨਾਂ ਤੋਂ ਰਾਸ਼ਨ ਮੁੱਕਣ ਕੰਢੇ ਹੈ। ਲੋਕ ਇਕ ਡੰਗ ਦੀ ਰੋਟੀ ਨੂੰ ਵੀ ਔਖੇ ਹੋਏ ਬੈਠੇ ਸਰਕਾਰ ਨੂੰ ਕੋਸ ਰਹੇ ਹਨ। ਸਭ ਤੋਂ ਔਖਾ ਸਮਾਂ ਕਿਸਾਨਾਂ ਲਈ ਹੈ। ਹਾੜ੍ਹੀ ਦੀਆਂ ਫਸਲਾਂ ਪੱਕ ਕੇ ਤਿਆਰ ਹਨ ਪਰ ਸਰਕਾਰ ਦੀਆਂ ‘ਤਿਆਰੀਆਂ’ ਇਹੀ ਦੱਸ ਰਹੀਆਂ ਹਨ ਕਿ ਕਿਸਾਨਾਂ ਨੂੰ ਪੱਕੀ-ਪਕਾਈ ਫਸਲ ਤੋਂ ਹੱਥ ਧੋਣੇ ਪੈ ਸਕਦੇ ਹਨ।