ਮਾਹੁ ਜੇਠ ਭਲਾ

ਬਲਜੀਤ ਬਾਸੀ
ਕੜਾਕੇ ਦੀ ਗਰਮੀ ਵਾਲੇ ਦੋ ਮਹੀਨਿਆਂ ਵਿਚੋਂ ਪਹਿਲਾ ਮਹੀਨਾ ਜੇਠ ਕਹਾਉਂਦਾ ਹੈ। ਗੁਰੂ ਅਰਜਨ ਦੇਵ ਫਰਮਾਉਂਦੇ ਹਨ, “ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ” ਅਰਥਾਤ ਗਰਮੀ ਦੀ ਰੁਤ ਬੜੀ ਔਖੀ ਹੁੰਦੀ ਹੈ, ਜੇਠ ਤੇ ਹਾੜ ਵਿਚ ਬਹੁਤ ਗਰਮੀ ਹੁੰਦੀ ਹੈ। ਪਾਠਕ ਧਿਆਨ ਦੇਣ, ਇਥੇ ਅਖਾੜੈ ਸ਼ਬਦ ਦਾ ਅਰਥ ‘ਹਾੜ’ ਹੈ। ‘ਘਾਮ’ ਦਾ ਅਰਥ ਗਰਮ ਹੈ ਤੇ ਇਹ ਇਸ ਦਾ ਸੁਜਾਤੀ ਅਰਥਾਤ ਸਕਾ ਵੀ ਹੈ। ਹੋਰ ਤਾਂ ਹੋਰ ਅੰਗਰੇਜ਼ੀ ਸ਼ਬਦ ੱਅਰਮ ਦੀ ਵੀ ਇਸ ਨਾਲ ਮੂਲਕ ਸਾਂਝ ਹੈ ਪਰ ਇਸ ਦੀ ਚਰਚਾ ਫਿਰ ਕਰਾਂਗੇ। ਇਸ ਮਹੀਨੇ ਦੀ ਗਰਮੀ ਗੁਰੂ ਨਾਨਕ ਦੇਵ ਜੀ ਨੇ ਵੀ ਖੂਬ ਬਿਆਨ ਕੀਤੀ ਹੈ, “ਮਾਹੁ ਜੇਠੁ ਭਲਾ ਪ੍ਰੀਤਮ ਕਿਉ ਬਿਸਰੈ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥’ ਭਾਵ ਜੇਠ ਮਹੀਨਾ ਉਨ੍ਹਾਂ ਨੂੰ ਹੀ ਚੰਗਾ ਲਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ ਕਦੇ ਨਹੀਂ ਵਿਸਰਦਾ। ਇਸ ਮਹੀਨੇ ਧਰਤੀ ਭੱਠ ਵਾਂਗ ਤਪਦੀ ਹੈ, ਜੀਵ ਇਸਤਰੀ ਪ੍ਰਾਰਥਨਾ ਕਰਦੀ ਹੈ। ਵਾਰਿਸ ਸ਼ਾਹ ਹੁਰੀਂ ਵੀ ਪੰਜਾਬ ਦੀ ਕਿਹੜੀ ਗੱਲ ਨਹੀਂ ਜਾਣਦੇ,
ਜੇਠ ਮੀਂਹ ਤੇ ਸਿਆਲ ਨੂੰ ਵਾਉ ਮੰਦੀ,
ਕਟਕ ਮਾਘ ਵਿਚ ਮਨ੍ਹਾਂ ਹਨੇਰੀਆਂ ਨੀ।
ਰੋਵਣ ਵਿਆਹ ਵਿਚ, ਗਾਵਣਾ ਵਿਚ ਸਿਆਪੇ,
ਸਤਰ ਮਜਲਸਾਂ ਕਰਨ ਸੁਖੇਰੀਆਂ ਨੀ।
ਕਹਾਵਤ ਹੈ, ‘ਜੇਠ ਹਾੜ ਕੁੱਖੀਂ, ਸੌਣ ਭਾਦੋਂ ਰੁਖੀਂ’ ਅਰਥਾਤ ਜੇਠ ਹਾੜ ਦੀ ਭੱਠ ਗਰਮੀ ਵਿਚ ਘਰ ਦੇ ਅੰਦਰ ਹੀ ਰਹਿਣ ਵਿਚ ਬਚਾਉ ਹੈ ਜਦ ਕਿ ਸਾਵਣ ਭਾਦਉਂ ਦੇ ਮੀਹਾਂ ਕਾਰਨ ਹੁੰਮਸ ਤੋਂ ਬਚਣ ਲਈ ਰੁੱਖਾਂ ਹੇਠਾਂ ਬੈਠਣਾ ਚਾਹੀਦਾ ਹੈ। ਅੱਜ ਕਲ੍ਹ ਹਾਇਕੂ ਦਾ ਜ਼ਮਾਨਾ ਹੈ, ਇਹ ਲੰਗੜਾ ਜਿਹਾ ਕਾਵਿ ਰੂਪ ਇਸ ਸਮੇਂ ਚੜ੍ਹਤ ਵਿਚ ਹੈ। ਚਲੋ ਜੇਠ ਬਾਰੇ ਇਕ ਦੋ ਹਾਇਕੂ ਹੋ ਜਾਣ,
ਜੇਠ ਦੀ ਸਵੇਰ
ਬਾਰੀ ਥਾਣੀ ਪੌਣ ਨਾਲ ਆਈ
ਚਿੜੀਆਂ ਦੀ ਆਵਾਜ਼।
-ਅਰਵਿੰਦਰ ਕੌਰ

ਚੜ੍ਹਿਆ ਜੇਠ
ਉਡਦੀ ਰੇਤ
ਖਾਲੀ ਖੇਤ।
-ਰਚਨਾ ਸਿੱਧੂ
ਇਸ ਮਹੀਨੇ ਹਾੜੀ ਦੀ ਫਸਲ ਸਾਂਭ ਕੇ ਜੱਟ ਖੁਸ਼ੀ ਵਿਚ ਮਿਉਂਦੇ ਨਹੀਂ। ਸਾਉਣੀ ਬਾਰੇ ਸੋਚਾਂ ਸ਼ੁਰੂ ਹੋ ਜਾਂਦੀਆਂ। ਪਹਿਲੀਆਂ ਵਿਚ ਤਾਂ ਹਾੜੂ ਚਰੀ ਬੀਜ ਕੇ ਤੇ ਫਿਰ ਰੇਹ ਪਾ ਕੇ ਸਾਉਣੀ ਦਾ ਕੰਮ ਸਮੇਟ ਲਿਆ ਜਾਂਦਾ ਸੀ ਪਰ ਦੋ ਤਿੰਨ ਸਦੀਆਂ ਪਹਿਲਾਂ ਅਮਰੀਕਾ ਤੋਂ ਮੱਕੀ ਦੇ ਆਉਣ ਨਾਲ ਇਸ ਨਕਦੀ ਫਸਲ ਮੱਕੀ ਦੀ ਮੁਹਾਰਨੀ ਰਟੀ ਜਾਣ ਲੱਗੀ। ਫਿਰ ਚੌਲ ਧਾਨਾਂ ਦੀ ਪ੍ਰਧਾਨਤਾ ਹੋਣ ਨਾਲ ਮੱਕੀ ਦਾ ਮੱਕੂ ਬੱਝ ਗਿਆ। ਜ਼ਮੀਨ ਵਿਚਲਾ ਪਾਣੀ ਧਾਨ ਖਾਣ ਲੱਗ ਪਿਆ ਤੇ ਹੁਣ ਮੁੜ ਮੱਕੀ ਦੇ ਦਿਨ ਆਉਣ ਦੀਆਂ ਖਬਰਾਂ ਹਨ। ਅਤਿ ਦੀ ਗਰਮੀ ਹੋਣ ਕਾਰਨ ਜੇਠ ਦੀ ਮਹੱਤਤਾ ਦਰਸਾਉਣ ਲਈ ਇਸ ਨੂੰ ਜਲ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਲਈ ਗੰਗਾ ਦੁਸਹਿਰਾ ਤੇ ਨਿਰਜਲਾ ਇਕਾਦਸ਼ੀ ਇਸ ਮਹੀਨੇ ਹੀ ਮਨਾਏ ਜਾਂਦੇ ਹਨ। ਨਿਰਜਲਾ ਇਕਾਦਸ਼ੀ ਜਲ ਦੀ ਕੀਮਤ ਦੱਸਣ ਲਈ ਹੈ। ਗੰਗਾ ਨੂੰ ਜੇਠ ਵੀ ਕਿਹਾ ਗਿਆ ਹੈ ਕਿਉਂਕਿ ਇਸ ਦੇ ਪਿਛੇ ਗੰਗਾ ਦੇ ਗੁਣਾਂ ਦੀ ਜੇਠਤਾ ਕੰਮ ਕਰ ਰਹੀ ਹੈ। ਇਸ ਮਹੀਨੇ ਦੀ ਪੁੰਨਿਆ ਨੂੰ ਹੀ ਜਗਨਨਾਥ ਪੁਰੀ ਦੀਆਂ ਮੂਰਤੀਆਂ ਨੂੰ ਸ਼ਰਧਾ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ।
ਜੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ ਚੰਦਰਮਾ ‘ਜੇਠ’ ਨਛੱਤਰ ਵਿਚ ਹੁੰਦਾ ਹੈ। ਸੰਸਕ੍ਰਿਤ ਵਿਚ ਇਸ ਮਹੀਨੇ ਤੇ ਨਛੱਤਰ ਦਾ ਨਾਂ ‘ਜਯੈਸ਼ਠ’ ਜਾਂ ‘ਜਯੇਸ਼ਠ’ ਹੈ। ਸੂਰਜੀ ਮਹੀਨੇ ਦੇ ਹਿਸਾਬ ਨਾਲ ਜੇਠ ਵ੍ਰਿਸਚਕ ਸੰਗਰਾਂਦ ਤੋਂ ਮਿਥੁਨ ਸੰਗਰਾਂਦ ਤੱਕ ਰਹਿੰਦਾ ਹੈ। ਜੇਠ ਦਾ ਚਿੰਨ੍ਹ ਤਾਵੀਤ, ਛਤਰੀ ਜਾਂ ਕੰਨ ਦੀ ਵਾਲੀ ਹੈ। ਇਸ ਦਾ ਸਬੰਧ ਸਭ ਤੋਂ ਵੱਡੇ ਇੰਦਰ ਦੇਵਤੇ ਨਾਲ ਜੋੜਿਆ ਜਾਂਦਾ ਹੈ। ਇਸ ਲਈ ਵਿਚਾਰ ਹੈ ਕਿ ਇਸ ਮਹੀਨੇ ਪੈਦਾ ਹੋਣ ਵਾਲਾ ਵਿਅਕਤੀ ਜਿੰਮੇਵਾਰ, ਰੱਖਿਅਕ ਅਤੇ ਲੀਡਰੀ ਦੇ ਗੁਣਾਂ ਵਾਲਾ ਹੁੰਦਾ ਹੈ। ਇਸੇ ਲਈ ਇਸ ਦਾ ਇਕ ਚਿੰਨ੍ਹ ਛਤਰੀ ਹੈ।
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ, ਜੇਠ ਸ਼ਬਦ ਦਾ ਸੰਸਕ੍ਰਿਤ ਰੂਪ ‘ਜਯੈਸ਼ਠ’/ਜਯੇਸ਼ਠ ਹੈ। ਸੰਸਕ੍ਰਿਤ ਦੀ ‘ਸ਼ਟ’ ਜਾਂ ਸ਼ਠ’ ਧੁਨੀ ਪੰਜਾਬੀ ਵਿਚ ਅਕਸਰ ‘ਠ’ ਰਹਿ ਜਾਂਦੀ ਹੈ। ਇਕ ਹੋਰ ਪ੍ਰਮਾਣ ਦੇਖੋ ਸ੍ਰੇਸ਼ਟ> ਸੇਠ। ਸੋ ਸੰਸਕ੍ਰਿਤ ਦਾ ਇਹ ਸ਼ਬਦ ਦੋ ਜੁਜ਼ਾਂ ਤੋਂ ਬਣਿਆ ਹੈ: ਜਯਾ+ਸ਼ਠ। ‘ਜਯਾ’ ਸ਼ਬਦ ਵਿਚ ਬੁਢੇ, ਵੱਡੇ, ਪਹਿਲ ਜਾਂ ਮੁਖੀ ਹੋਣ ਦੇ ਭਾਵ ਹਨ। ਪਹਿਲੇ ਜਾਂ ਵੱਡੇ ਦੇ ਅਰਥਾਂ ਤੋਂ ਹੀ ਮੁਖੀ ਦੇ ਅਰਥ ਬਣੇ। ਇਸ ਸ਼ਬਦ ਨਾਲ ਜਦ ਤੀਜੀ ਡਿਗਰੀ ਦੇ ਅਰਥ ਦਿੰਦਾ ‘ਸ਼ਠ’ ਪਿਛੇਤਰ ਲਗ ਜਾਂਦਾ ਹੈ ਤਾਂ ਇਹ ਹੋਰ ਵੀ ਵੱਡੇ ਜਾਂ ਪ੍ਰਮੁਖ ਹੋਣ ਦਾ ਭਾਵ ਦੇਣ ਲਗਦਾ ਹੈ। ਜੇਠ ਨਛੱਤਰ ਵਿਚ ਏਹੀ ਭਾਵ ਹਨ। ਪਹਿਲਾਂ ਦੱਸਿਆ ਜਾ ਚੁਕਾ ਹੈ ਕਿ ਜੇਠ ਨਛੱਤਰ ਇੰਦਰ ਦੇਵਤਾ ਦੇ ਅਧੀਨ ਵਿਚਰਦਾ ਹੈ ਤੇ ਸੂਰਜ ਅਤੇ ਇੰਦਰ ਨੂੰ ਸਭ ਤੋਂ ਵੱਡੇ ਦੇਵਤੇ ਹੋਣ ਦੀ ਮਾਨਤਾ ਹੈ। ਕਈ ਥਾਂਵਾਂ ‘ਤੇ ਤਾਂ ਜੇਠ ਨਛੱਤਰ ਨੂੰ ਇੰਦਰ ਵੀ ਕਿਹਾ ਮਿਲਦਾ ਹੈ।
ਕੁਝ ‘ਸ਼ਠ’ ਅੰਸ਼ ਦੀ ਵੀ ਗੱਲ ਕਰ ਲਈਏ। ਅਸੀਂ ਜਾਣਦੇ ਹਾਂ ਕਿ ਅੰਗਰੇਜ਼ੀ ਵਿਸ਼ੇਸ਼ਣਾਂ ਦੀਆਂ ਤਿੰਨ ਡਿਗਰੀਆਂ ਹੁੰਦੀਆਂ ਹਨ ਜਿਵੇਂ ‘ਸੱeeਟ, ਸੱeeਟeਰ, ਸੱeeਟeਸਟ’ ਅਰਥਾਤ ਤੀਸਰੀ ਜਾਂ ਸਰਬੋਤਮ ਡਿਗਰੀ ਦਰਸਾਉਣ ਲਈ ਅਕਸਰ ਵਿਸ਼ੇਸ਼ਣੀ ਸ਼ਬਦ ਦੇ ਪਿਛੇ ‘eਸਟ’ ਪਿਛੇਤਰ ਲੱਗ ਜਾਂਦਾ ਹੈ। ਇਹ ਤੱਥ ਬਹੁਤ ਲੋਕਾਂ ਦੇ ਧਿਆਨਗੋਚਰੇ ਨਹੀਂ ਤੇ ਨਾ ਹੀ ਵਿਆਕਾਰਣ ਵਿਚ ਪੜ੍ਹਾਇਆ ਜਾਂਦਾ ਹੈ ਕਿ ਡਿਗਰੀਆਂ ਦਾ ਪ੍ਰਬੰਧ ਕੁਝ ਹੱਦ ਤੱਕ ਸਾਡੀਆਂ ਭਾਸ਼ਾਵਾਂ ਵਿਚ ਵੀ ਮੌਜੂਦ ਹੈ। ਪੰਜਾਬੀ ਵਿਚ ਦੂਜੀ ਡਿਗਰੀ ਤਾਂ ਬਹੁਤ ਹੀ ਵਰਤੀ ਜਾਂਦੀ ਹੈ ਤੇ ਇਹ ਆਮ ਤੌਰ ‘ਤੇ ਵਿਸ਼ੇਸ਼ਣ ਦੇ ਪਿਛੇ ‘ਰਾ’ ਪਿਛੇਤਰ ਲਾ ਕੇ ਬਣਾਈ ਜਾਂਦੀ ਹੈ, ਜਿਵੇਂ ਚੌੜੇਰਾ, ਕਚੇਰਾ, ਪਕੇਰਾ, ਬਥੇਰਾ (ਬਹੁਤੇਰਾ), ਵਧੇਰਾ ਆਦਿ। ਅੰਗਰੇਜ਼ੀ ਦਾ ‘eਰ’ ਪਿਛੇਤਰ ਵੀ ਇਹੀ ਕੰਮ ਕਰਦਾ ਹੈ (ਹਗਿਹeਰ = ਹਗਿਹ+eਰ)। ਇਸੇ ਤਰ੍ਹਾਂ ਅੰਗਰੇਜ਼ੀ ‘eਸਟ’ ਦੇ ਟਾਕਰੇ ‘ਤੇ ਸੰਸਕ੍ਰਿਤ ‘ਸ਼ਟ’ ਜਾਂ ‘ਸ਼ਠ’ ਹੈ। ਇਹ ਸਾਂਝ ਭਾਰੋਪੀ ਸਾਂਝ ਹੀ ਹੈ। ਅਸੀਂ ਕੁਝ ਹੋਰ ਮਿਸਾਲਾਂ ਲੈਂਦੇ ਹਾਂ, ਸ੍ਰੇਸ਼ਟ (ਸਭ ਤੋਂ ਉਤਮ), ਸਵਾਦਿਸ਼ਟ (ਸਭ ਤੋਂ ਸੁਆਦੀ) ਆਦਿ। ਇਸ ਸਿਲਸਿਲੇ ਵਿਚ ‘ਜਯੈਸ਼ਠ’ ਦਾ ਅਰਥ ਬਣਦਾ ਹੈ, ਸਭ ਤੋਂ ਵੱਡਾ ਜਾਂ ਪਰਮੁਖ।
ਪੰਜਾਬੀ ਤੇ ਹੋਰ ਹਿੰਦ ਆਰੀਆਈ ਭਾਸ਼ਾਵਾਂ ਵਿਚ ‘ਜੇਠ’ ਦਾ ਹੀ ਇਕ ਹੋਰ ਸੁਜਾਤੀ ਤੇ ਹਮਨਾਮ ਸ਼ਬਦ ਹੈ ਜਿਸ ਦਾ ਅਰਥ ਪਤੀ ਦਾ ਵੱਡਾ ਭਰਾ ਹੈ, ‘ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰ ਕਿਸੁ’ -ਗੁਰੂ ਨਾਨਕ ਦੇਵ। ਇਥੇ ਦੇਵਰ-ਜੇਠ ਜੀਵ ਇਸਤਰੀ ਦੀਆਂ ਭ੍ਰਿਸ਼ਟ ਖਾਹਸ਼ਾਂ ਨੂੰ ਕਿਹਾ ਗਿਆ ਹੈ, ਜਿਨ੍ਹਾਂ ਦੇ ਮਰਨ ਨਾਲ ਮਾਇਆ ਦਾ ਡਰ ਨਹੀਂ ਰਹਿੰਦਾ। ਇਨ੍ਹਾਂ ਸ਼ਬਦਾਂ ਵਿਚ ‘ਜਯਾ’ ਅੰਸ਼ ਦੇ ‘ਵੱਡੇ’ ਹੋਣ ਵਾਲੇ ਅਰਥ ਸਾਹਮਣੇ ਆਉਂਦੇ ਹਨ। ਜੇਠ ਤਾਂ ਵਿਚਾਰਾ ਵੱਡਾ ਹੋਣ ਕਰਕੇ ਖੰਗੂਰਾ ਮਾਰ ਕੇ ਹੀ ਘਰ ਵੜ ਸਕਦਾ ਹੈ,
ਡਿਗ ਪਈ ਸੁਰਮੇਦਾਨੀ
ਸੁਰਮਾ ਪਾਉਂਦਿਆਂ
ਜੇਠ ਦਾ ਖੰਘੂਰਾ।
-ਸੁਰਿੰਦਰ ਸਪੇਰਾ
ਸਾਡੇ ਸਭਿਆਚਾਰ ਵਿਚ ਜੇਠ ਦਾ ਸਤਿਕਾਰ ਉਸ ਪ੍ਰਤੀ ਅਣਗਹਿਲੀ ਹੀ ਨਹੀਂ, ਇਕ ਤਰ੍ਹਾਂ ਦੇ ਤ੍ਰਿਸਕਾਰ ਦਾ ਵੀ ਕਾਰਨ ਬਣਦਾ ਹੈ, “ਜੇਠ ਨੂੰ ਲੱਸੀ ਨਹੀਓਂ ਦੇਣੀ ਦਿਉਰ ਭਾਵੇਂ ਮੱਝ ਚੁੰਘ ਜਾਏ।” ਜੋਗੀ ਬਣੇ ਰਾਂਝੇ ਨਾਲ ਬੋਲ ਕੁਬੋਲ ਕਰਦੀ ਸਹਿਤੀ ਦੇ ਜਵਾਬ ਵਿਚ ਰਾਂਝੇ ਦੇ ਕੁਝ ਸ਼ਬਦ ਹਾਜ਼ਿਰ ਹਨ,
ਸ਼ਰਮ ਜੇਠ ਤੇ ਸਹੁਰਿਉ ਕਰਨ ਆਈ,
ਮੂੰਹ ਫਕਰ ਤੋਂ ਕਾਸ ਨੂੰ ਲੱਜੀਏ ਨੀ।
ਵਾਰਿਸ ਸ਼ਾਹ ਤਾਂ ਇਸ਼ਕ ਦੀ ਨਬਜ਼ ਦਿਸੇ,
ਜਦੋਂ ਆਪਣੀ ਜਾਨ ਨੂੰ ਤੱਜੀਏ ਨੀ।
ਜੇਠ ਦੀ ਪਤਨੀ ਜੇਠਾਣੀ ਹੁੰਦੀ ਹੈ, “ਸਗਲ ਸੰਤੋਖੀ ਦੇਰ ਜੇਠਾਨੀ” -ਗੁਰੂ ਅਰਜਨ ਦੇਵ। ਇਥੇ ਕਾਵਿਕ ਪਰਵਾਹ ਕਾਇਮ ਰੱਖਣ ਲਈ ਦੇਰਾਣੀ ਦੀ ਜਗ੍ਹਾ ਦੇਰ ਹੀ ਲਿਖਿਆ ਗਿਆ ਹੈ। ‘ਜੇਠਾਨੀ’ ਦਾ ‘ਆਨੀ’ ਅੰਸ਼ ਸਮਝੋ ਦੇਰ ਦੇ ਨਾਲ ਵੀ ਲੱਗਾ ਹੋਇਆ ਹੈ। ਸੰਸਕ੍ਰਿਤ ਵਿਚ ਤਾਂ ‘ਜਯੇਸ਼ਠ’ ਦੇ ਹੋਰ ਵੀ ਕਈ ਅਰਥ ਹੁੰਦੇ ਹਨ, ਜਿਵੇਂ-ਵੱਡਾ, ਬਜ਼ੁਰਗ; ਸਰਵਸ੍ਰੇਸ਼ਟ, ਸਰਵੋਤਮ; ਸਰਵਪ੍ਰਥਮ, ਪਲੇਠਾ, ਪ੍ਰਮੁਖ, ਮੁਹਰੀ, ਸਰਵਉਚ। ਬ੍ਰਹਮ ਨੂੰ ਵੀ ਜਯੇਸ਼ਠ ਕਿਹਾ ਗਿਆ ਹੈ। ਜੇਠਾ ਰੰਗ ਉਹ ਹੁੰਦਾ ਹੈ ਜੋ ਕਈ ਵਾਰ ਦੀ ਰੰਗਾਈ ਤੋਂ ਪਿਛੋਂ ਅਖੀਰ ਵਿਚ ਰੰਗਿਆ ਜਾਂਦਾ ਹੈ। ਜੇਠਾ ਐਤਵਾਰ ਦਾ ਮਤਲਬ ਮਹੀਨੇ ਦਾ ਸਭ ਤੋਂ ਪਹਿਲਾ ਦਿਨ। ਪੰਜਾਬੀ ਵਿਚ ਵਡਿੱਕਿਆਂ ਨੂੰ ਜਠੇਰੇ ਕਿਹਾ ਜਾਂਦਾ ਹੈ। ਪਿੰਡਾਂ ਵਿਚ ਹਰ ਪਰਿਵਾਰ ਦੇ ਜਠੇਰਿਆਂ ਦੀ ਮਾਨਤਾ ਲਈ ਵਿਸ਼ੇਸ਼ ਥਾਂ ਹੁੰਦੀ ਹੈ ਜਿਸ ਨੂੰ ਜਠੇਰੇ ਕਿਹਾ ਜਾਂਦਾ ਹੈ। ਅੱਜ ਕਲ੍ਹ ਬਹੁਤ ਸਾਰੇ ਪਰਿਵਾਰ ਜਠੇਰਿਆਂ ਉਪਰ ਸ਼ਾਨਦਾਰ ਇਮਾਰਤਾਂ ਉਸਾਰਨ ਲੱਗ ਪਏ ਹਨ। ਗੁਰੂ ਅਰਜਨ ਦੇਵ ਫਰਮਾਉਂਦੇ ਹਨ,
ਸਸੂ ਤੇ ਪਿਰ ਕੀਨੀ ਵਾਖਿ॥
ਦੇਰ ਜਿਠਾਣੀ ਮੁਈ ਦੂਖਿ ਸੰਤਾਪ॥
ਘਰ ਕੇ ਜਿਠੇਰੇ ਕੀ ਚੂਕੀ ਕਾਣਿ॥
ਪਿਰਿ ਰਖਿਆ ਕੀਨੀ ਸੁਘੜ ਸੁਜਾਣਿ॥
ਇਥੇ ਜਿਠੇਰੇ ਸ਼ਬਦ ਧਰਮ-ਰਾਜ ਅਰਥਾਤ ਮੌਤ ਲਈ ਵਰਤਿਆ ਗਿਆ ਹੈ।
‘ਜਯੇਸ਼ਠਾ’ ਦੇ ਅਰਥ ਵੱਡੀ ਭੈਣ ਤੋਂ ਇਲਾਵਾ ਹੱਥ ਦੀ ਸਭ ਤੋਂ ਵੱਡੀ ਅਰਥਾਤ ਵਿਚਕਾਰਲੀ ਉਂਗਲ ਵੀ ਹੈ। ਇਸੇ ਨਾਲ ਜੇਠਾ ਸ਼ਬਦ ਦੇ ਅਰਥ ਪੰਜਾਬੀ ਵਿਚ ਸਭ ਤੋਂ ਪਹਿਲਾ ਜਾਂ ਵੱਡਾ ਹੁੰਦਾ ਹੈ ਜਿਵੇਂ ਜੇਠਾ ਪੁੱਤਰ। ਪਹਿਲੇ ਪੁੱਤਰ ਦਾ ਨਾਂ ਜੇਠਾ ਰੱਖਣ ਦਾ ਵੀ ਰਿਵਾਜ ਹੈ। ਗੁਰੂ ਰਾਮ ਦਾਸ ਦਾ ਪਹਿਲਾ ਨਾਂ ਜੇਠਾ ਸੀ ਕਿਉਂਕਿ ਉਹ ਆਪਣੇ ਮਾਂ ਬਾਪ ਦੇ ਪਲੇਠੇ ਪੁੱਤਰ ਸਨ। ਗੁਰੂ ਰਾਮ ਦਾਸ ਦੇ ਹੀ ਇਕ ਪ੍ਰੇਮੀ ਦਾ ਨਾਂ ਵੀ ਜੇਠਾ ਸੀ। ਹੋਰ ਗੁਰੂਆਂ ਦੇ ਸੇਵਕਾਂ ਦਾ ਨਾਂ ਵੀ ਜੇਠਾ ਹੈ। ਹਰਬਲਭ ਦੇ ਸੰਗੀਤ ਨਾਲ ਮਸ਼ਹੂਰ ਜਲੰਧਰ ਦੇ ਮਸ਼ਹੂਰ ਦੇਵੀ ਤਲਾਬ ਲਾਗੇ ਇਕ ਪਹਿਲਵਾਨਾਂ ਦਾ ਅਖਾੜਾ ਹੁੰਦਾ ਸੀ ਜਿਸ ਨੂੰ ‘ਜੇਠੂ ਮੱਲ ਦਾ ਅਖਾੜਾ’ ਕਿਹਾ ਜਾਂਦਾ ਹੈ।
ਇਸ ਪ੍ਰਸੰਗ ਵਿਚ ਮਸ਼ਹੂਰ ਵਕੀਲ ਤੇ ਭਾਜਪਾ ਦੇ ਨੇਤਾ ਰਾਮ ਜੇਠਮਲਾਨੀ ਦੇ ਉਪਨਾਮ ਦੀ ਵੀ ਥੋੜ੍ਹੀ ਚਰਚਾ ਕਰ ਲਈਏ। ਹਿੰਦੂ ਸਿੰਧੀਆਂ ਦੇ ਉਪਨਾਵਾਂ ਪਿਛੇ ਆਮ ਤੌਰ ‘ਤੇ ਉਨ੍ਹਾਂ ਦੇ ਬਜ਼ੁਰਗਾਂ ਦੇ ਰਿਹਾਇਸ਼ੀ ਨਗਰਾਂ ਜਾਂ ਉਨ੍ਹਾਂ ਦੇ ਖਾਸ ਨਾਂਵਾਂ ਪਿਛੇ ‘ਆਨੀ’ ਪਿਛੇਤਰ ਲਗ ਕੇ ਬਣਦੇ ਹਨ। ਮਿਸਾਲ ਵਜੋਂ ਅਡਵਾਨੀ, ਕਿਰਪਲਾਨੀ, ਮਲਕਾਨੀ, ਗੁਰਬਾਨੀ ਆਦਿ। ਇਹ ਸੰਸਕ੍ਰਿਤ ‘ਆਂਸ਼ੀ’ (ਅੰਸ਼ ਤੋਂ) ਦਾ ਘਸਿਆ ਰੂਪ ਹੈ। ਜੇਠਮਲਾਨੀ ਸਾਹਿਬ ਸਿੰਧੀ ਹਨ। ਉਨ੍ਹਾਂ ਦੇ ਨਕੜਦਾਦੇ ਦਾ ਨਾਂ ਜੇਠਮਲ ਸੀ ਜਿਥੋਂ ਪਰਿਵਾਰਕ ਨਾਮ ਜੇਠਮਲਾਨੀ ਚੱਲਿਆ। ਉਹ ਸ਼ਕਰਪੁਰ ਦਾ ਗਵਰਨਰ ਅਤੇ ਪਿਛੋਂ ਅਫਗਾਨਿਸਤਾਨ ਦਾ ਵਜ਼ੀਰ ਬਣਿਆ। ਉਨ੍ਹਾਂ ਦੀ ਸੰਤਾਨ ਬਹੁਤ ਵੱਡੇ ਅਹੁਦਿਆਂ ‘ਤੇ ਰਹੀ। ਕੁਝ ਪਿੰਡਾਂ ਥਾਂਵਾਂ ਦੇ ਨਾਂ ਵਿਚ ਵੀ ਜੇਠ ਅੰਸ਼ ਆਉਂਦਾ ਹੈ ਜਿਵੇਂ ਜੇਠੂਮਾਜਰਾ, ਜਠੌਲ ਆਦਿ।

Be the first to comment

Leave a Reply

Your email address will not be published.