ਸ਼ਾਸਕਾਂ ਦਾ ਵਿਹਾਰ

ਇਸ ਵਕਤ ਜਦੋਂ ਸਾਰਾ ਸੰਸਾਰ ਕਰੋਨਾ ਵਾਇਰਸ ਨਾਲ ਨਾਲ ਜੂਝ ਰਿਹਾ ਹੈ ਤਾਂ ਬਹੁਤੇ ਮੁਲਕਾਂ ਦੇ ਸ਼ਾਸਕ ਆਪੋ-ਆਪਣੀ ਸਿਆਸਤ ਵਿਚ ਰੁਝੇ ਹੋਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਤਾਂ ਇਸ ਸੰਕਟ ਵਲ ਧਿਆਨ ਹੀ ਨਹੀਂ ਦਿੱਤਾ, ਸਗੋਂ ਇਸ ਮਾਮਲੇ ‘ਤੇ ਆਪਣੇ ਟਵਿੱਟਰ ਅਕਾਊਂਟ ‘ਤੇ ਮਖੌਲ ਵੀ ਉਡਾਇਆ; ਫਿਰ ਜਦੋਂ ਸੰਕਟ ਗਹਿਰਾ ਹੁੰਦਾ ਗਿਆ ਤਾਂ ਦੂਜਿਆਂ ਉਤੇ ਦੋਸ਼ ਮੜ੍ਹਨੇ ਅਰੰਭ ਕਰ ਦਿੱਤੇ। ਪਹਿਲਾਂ ਚੀਨ ਅਤੇ ਹੁਣ ਸੰਸਾਰ ਸਿਹਤ ਸੰਸਥਾ ਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ ਵਿਚ ਜਦੋਂ ਕਰੋਨਾ ਸੰਕਟ ਦੀ ਮਾਰ ਦਿਨ ਪ੍ਰਤੀ ਦਿਨ ਵਧਦੀ ਗਈ ਤਾਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣੀ ਚੋਣ ਮੁਹਿੰਮ ਵਿਚ ਮੋਰੀਆਂ ਹੁੰਦੀਆਂ ਜਾਪੀਆਂ।

ਯਾਦ ਰਹੇ, ਅਮਰੀਕੀ ਰਾਸ਼ਟਰਪਤੀ ਦੀ ਚੋਣ ਇਸੇ ਸਾਲ ਨਵੰਬਰ ਵਿਚ ਹੋਣੀ ਹੈ ਅਤੇ ਹੁਣ ਜਾਪ ਇਸ ਤਰ੍ਹਾਂ ਰਿਹਾ ਹੈ ਕਿ ਕਰੋਨਾ ਸੰਕਟ ਇਨ੍ਹਾਂ ਚੋਣਾਂ ਦੌਰਾਨ ਖਾਸ ਮੁੱਦਾ ਬਣ ਸਕਦੀ ਹੈ। ਕਰੋਨਾ ਸੰਕਟ ਟਰੰਪ ਦੀ ਮੁਹਿੰਮ ਉਤੇ ਚੰਗਾ ਅਸਰ ਛੱਡੇਗਾ ਜਾਂ ਮਾੜਾ ਅਸਰ ਪਾਵੇਗਾ, ਇਹ ਤਾਂ ਫਿਲਹਾਲ ਸਪਸ਼ਟ ਨਹੀਂ, ਪਰ ਇਕ ਗੱਲ ਸਪਸ਼ਟ ਹੈ ਕਿ ਇਸ ਵਾਰ ਝੂਠ ਬੋਲ ਹੀ ਟਰੰਪ ਬਚ ਕੇ ਨਹੀਂ ਨਿਕਲ ਸਕੇਗਾ। ਇਸ ਵਾਰ ਉਸ ਨੂੰ ਕੋਰਨਾ ਸੰਕਟ ਬਾਰੇ ਉਠ ਰਹੇ ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਹਨ। ਦੂਜੇ ਬੰਨੇ ਜੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਅਤੇ ਉਸ ਦੀ ਚੋਣ ਮੁਹਿੰਮ ਦੇ ਸਾਥੀ ਕਰੋਨਾ ਸੰਕਟ ਦੌਰਾਨ ਡੋਨਲਡ ਟਰੰਪ ਦੀ ਨਾ-ਅਹਿਲੀਅਤ ਸਾਬਤ ਕਰਨ ਵਿਚ ਸਫਲ ਹੋ ਗਏ ਤਾਂ ਕੋਈ ਵੱਡੀ ਗੱਲ ਨਹੀਂ ਕਿ ਟਰੰਪ ਦੀਆਂ ਸੱਜੇਪੱਖੀ ਨੀਤੀਆਂ ਨੂੰ ਪਛਾੜ ਕੇ ਉਹ ਮੁਲਕ ਦੇ ਅਗਲੇ ਰਾਸ਼ਟਰਪਤੀ ਬਣ ਜਾਣ। ਉਂਜ, ਇਹ ਬੜਾ ਔਖੇਰਾ ਕਾਰਜ ਹੈ, ਕਿਉਂਕਿ ਟਰੰਪ ਆਪਣੀ ਸੱਜੇਪੱਖੀ ਪਹੁੰਚ ਕਾਰਨ ਆਮ ਅਮਰੀਕੀਆਂ ਉਤੇ ਵਾਹਵਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਿਹਾ ਹੈ।
ਹੁਣ ਭਾਰਤੀ ਸ਼ਾਸਕਾਂ ਦੀ ਗੱਲ। ਜਦੋਂ ਦਾ ਕਰੋਨਾ ਸੰਕਟ ਆਇਆ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਵਾਰ ਲੋਕਾਂ ਨੂੰ ਸੰਬੋਧਨ ਕਰ ਚੁਕੇ ਹਨ। ਪਹਿਲੀ ਵਾਰ ਉਨ੍ਹਾਂ ਇਕ ਦਿਨ ਦੇ ਜਨਤਾ ਕਰਫਿਊ ਦਾ ਐਲਾਨ ਕੀਤਾ। ਇਹ ਅਸਲ ਵਿਚ ਕੀਤੇ ਜਾਣ ਵਾਲੇ ਲੰਮੇ ਲੌਕਡਾਊਨ ਦੀ ਰਿਹਰਸਲ ਹੀ ਸੀ। ਦੂਜੇ ਸੰਬੋਧਨ ਦੌਰਾਨ ਉਨ੍ਹਾਂ ਲੋਕਾਂ ਨੂੰ ਆਪੋ-ਆਪਣੇ ਘਰਾਂ ਅੰਦਰ ਤਾੜੀਆਂ ਵਜਾਉਣ ਅਤੇ ਭਾਂਡੇ ਖੜਕਾਉਣ ਦਾ ਸੱਦਾ ਦੇ ਦਿੱਤਾ। ਤੀਜੇ ਸੰਬੋਧਨ ਵਿਚ ਮੋਮਬੱਤੀਆਂ/ਦੀਵੇ ਜਗਾਉਣ ਲਈ ਕਿਹਾ ਅਤੇ ਹੁਣ ਚੌਥੇ ਸੰਬੋਧਨ ਵਿਚ ਖੁਦ ਸਾਵਧਾਨ ਰਹਿਣ ਦਾ ਸੱਦਾ ਦਿੱਤਾ ਹੈ। ਲੋਕ ਸਵਾਲ ਉਠਾ ਰਹੇ ਹਨ ਕਿ ਸੰਕਟ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਉਨ੍ਹਾਂ ਕੀ ਕੀਤਾ ਹੈ? ਸੰਕਟ ਨਾਲ ਲੜਾਈ ਲਈ ਜਿਸ ਪੈਕੇਜ ਦਾ ਐਲਾਨ ਕੀਤਾ ਗਿਆ ਸੀ, ਉਹ ਰਾਸ਼ੀ ਅਜੇ ਤੱਕ ਲੋੜਵੰਦਾਂ ਤਕ ਅੱਪੜੀ ਨਹੀਂ ਹੈ। ਮੁਲਕ ਦੇ ਡਾਕਟਰ ਖੁਦ ਦੀ ਸੁਰੱਖਿਆ ਵਾਲੇ ਸਾਜ਼ੋ-ਸਮਾਨ ਤੋਂ ਬਿਨਾ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹਨ। ਸਿਹਤ ਸਹੂਲਤਾਂ ਡਾਵਾਂਡੋਲ ਹਨ। ਇਸ ਪਾਸੇ ਉਕਾ ਹੀ ਧਿਆਨ ਨਹੀਂ ਕੀਤਾ ਗਿਆ। ਲੌਕਡਾਊਨ ਕਾਰਨ ਆਮ ਬੰਦੇ ਦਾ ਜੋ ਹਸ਼ਰ ਹੋਇਆ ਹੈ, ਉਸ ਦੀਆਂ ਰਿਪੋਰਟਾਂ ਨਿਤ ਦਿਨ ਮੀਡੀਆ ਦਾ ਸ਼ਿੰਗਾਰ ਬਣ ਰਹੀਆਂ ਹਨ। ਪਰਵਾਸੀ ਮਜ਼ਦੂਰ ਕੰਮ ਛੁੱਟਣ ਕਾਰਨ ਭੁੱਖਮਰੀ ਦਾ ਸ਼ਿਕਾਰ ਹਨ। ਇਨ੍ਹਾਂ ਲਈ ਰਾਸ਼ਨ ਦਾ ਪ੍ਰਬੰਧ ਤਕ ਨਹੀਂ ਕੀਤਾ ਗਿਆ। ਮੁਲਕ ਦੇ ਕਈ ਉਘੇ ਅਰਥ ਸ਼ਾਸਤਰੀ ਵਾਰ-ਵਾਰ ਕਹਿ ਚੁਕੇ ਹਨ ਕਿ ਮੁਲਕ ਕੋਲ ਬੇਅੰਤ ਅਨਾਜ ਜਮ੍ਹਾਂ ਪਿਆ ਹੈ, ਇਹ ਹੁਣ ਲੋੜਵੰਦਾਂ ਨੂੰ ਵੰਡ ਦੇਣਾ ਚਾਹੀਦਾ ਹੈ ਤਾਂ ਕਿ ਸੰਕਟ ਨੂੰ ਤੁਰੰਤ ਹੱਲ ਕਰਨ ਵਿਚ ਮਦਦ ਮਿਲ ਸਕੇ, ਪਰ ਸਰਕਾਰ ਨੇ ਅਜੇ ਤਕ ਇਸ ਮਸਲੇ ਉਤੇ ਵਿਚਾਰ ਵੀ ਨਹੀਂ ਕੀਤੀ ਹੈ।
ਪੰਜਾਬ ਦੀ ਹਾਲਤ ਇਸ ਤੋਂ ਵੀ ਬਦਤਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਤ ਦਿਨ ਐਲਾਨ ਤਾਂ ਕਰੀ ਜਾਂਦੇ ਹਨ, ਪਰ ਉਨ੍ਹਾਂ ਉਤੇ ਅਮਲ ਨਹੀਂ ਹੋ ਰਿਹਾ ਅਤੇ ਲੋਕ ਆਖਰਾਂ ਦੇ ਤੰਗ ਹੋ ਰਹੇ ਹਨ। ਪਹਿਲਾਂ ਤਾਂ ਲੌਕਡਾਊਨ ਅਰੰਭ ਹੁੰਦੇ ਸਾਰ ਹੀ ਪੁਲਿਸ ਨੇ ਲੋਕਾਂ ‘ਤੇ ਤਸ਼ੱਦਦ ਕੀਤਾ, ਫਿਰ ਜਦੋਂ ਨੁਕਤਾਚੀਨੀ ਹੋਈ ਤਾਂ ਪੁਲਿਸ ਨੂੰ ਲੋਕਾਂ ਨਾਲ ਨਰਮ ਵਿਹਾਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈ, ਪਰ ਪੁਲਿਸ ਦੇ ਵਿਹਾਰ ਵਿਚ ਤਬਦੀਲੀ ਫਿਰ ਵੀ ਨਹੀਂ ਆਈ ਹੈ। ਪੁਲਿਸ ਲੋਕਾਂ ਨਾਲ ਅਜਿਹਾ ਵਿਹਾਰ ਕਰ ਰਹੀ ਹੈ ਜਿਵੇਂ ਡਾਵਾਂਡੋਲ ਹੋਈ ਕਾਨੂੰਨ-ਵਿਵਸਥਾ ਸੰਭਾਲ ਰਹੀ ਹੋਵੇ, ਜਦਕਿ ਹੁਣ ਮੁੱਖ ਮਸਲਾ ਇਹ ਹੈ ਕਿ ਲੋਕਾਂ ਨੂੰ ਸਰੀਰਕ ਦੂਰੀ ਬਣਾਉਣ ਲਈ ਪ੍ਰੇਰਿਆ ਜਾਵੇ। ਸਿਹਤ ਸਹੂਲਤਾਂ ਦਾ ਮਸਲਾ ਤਾਂ ਹੁਣ ਹੱਦਾਂ ਹੀ ਪਾਰ ਕਰ ਗਿਆ ਹੈ। ਲੋਕਾਂ ਦਾ ਇਲਾਜ ਸਿਰਫ ਸਰਕਾਰੀ ਹਸਪਤਾਲਾਂ ਵਿਚ ਹੀ ਹੋ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਵਾਲਿਆਂ ਨੇ ਸਰਕਾਰੀ ਹੁਕਮਾਂ ਦੇ ਬਾਵਜੂਦ ਮਰੀਜ਼ਾਂ ਲਈ ਹਸਪਤਾਲਾਂ ਦੇ ਦਰਵਾਜੇ ਅਜੇ ਤਕ ਵੀ ਨਹੀਂ ਖੋਲ੍ਹੇ ਹਨ। ਕਰੋਨਾ ਤੋਂ ਇਲਾਵਾ ਦੂਜੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਕਿਤੇ ਕੋਈ ਪੁੱਛ-ਪ੍ਰਤੀਤ ਨਹੀਂ। ਲੋਕਾਂ ਅੰਦਰ ਖੌਫ ਇੰਨਾ ਜ਼ਿਆਦਾ ਹੈ ਕਿ ਲੋਕ ਦੇਹਾਂ ਦੇ ਸਸਕਾਰ ਦਾ ਵਿਰੋਧ ਕਰਨ ਲੱਗੇ ਹਨ। ਇਸ ਮਸਲੇ ਨੂੰ ਜਿੰਨੀ ਤੇਜ਼ੀ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ, ਨਜਿੱਠਿਆ ਨਹੀਂ ਗਿਆ। ਸਭ ਤੋਂ ਵੱਡੀ ਗੱਲ, ਸੰਕਟ ਦੀ ਇਸ ਘੜੀ ਵਿਚ ਸਭ ਸਿਆਸੀ ਆਗੂ ਅੰਦਰ ਦੜੇ ਬੈਠੇ ਹਨ। ਜਿਹੜੇ ਬਾਹਰ ਨਿਕਲ ਰਹੇ ਹਨ, ਉਹ ਸਿਰਫ ਆਪਣੀਆਂ ਫੋਟੋਆਂ ਵਾਲੇ ਪੈਕਟ ਵੰਡਣ ਲਈ ਹੀ ਬਾਹਰ ਨਿਕਲ ਰਹੇ ਹਨ। ਕੱਟੜਪੰਥੀਆਂ ਦੇ ਪ੍ਰਚਾਰ ਕਾਰਨ ਆਮ ਲੋਕ, ਗੁੱਜਰ ਭਾਈਚਾਰੇ ਦੇ ਖਿਲਾਫ ਹੋ ਗਏ ਹਨ, ਜਿਨ੍ਹਾਂ ਦਾ ਸਬੰਧ ਮੁਸਲਮਾਨ ਭਾਈਚਾਰੇ ਨਾਲ ਹੈ। ਇਨ੍ਹਾਂ ਤੋਂ ਦੁੱਧ ਨਾ ਖਰੀਦਣ ਦੀਆਂ ਅਨਾਊਂਸਮੈਂਟਾਂ ਧਾਰਮਿਕ ਸਥਾਨਾਂ ਤੋਂ ਹੋ ਰਹੀਆਂ ਹਨ ਅਤੇ ਸਰਕਾਰ ਇਸ ਮਸਲੇ ‘ਤੇ ਕੋਈ ਸਾਰਥਕ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ। ਜਾਹਰ ਹੈ ਕਿ ਸੰਕਟ ਦੇ ਇਸ ਸਮੇਂ ਅੰਦਰ ਸ਼ਾਸਕਾਂ ਨੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਹੈ। ਇਸ ਦਾ ਅਸਰ ਆਉਣ ਵਾਲੀ ਸਿਆਸਤ ਉਤੇ ਕਿੰਨਾ ਕੁ ਪਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ!