ਚੰਡੀਗੜ੍ਹ: ਕੇਂਦਰ ਸਰਕਾਰ ਨੇ ਇਸ ਔਖੀ ਘੜੀ ਵਿਚ ਸੂਬਿਆਂ ਵਲੋਂ ਜੀ.ਐਸ਼ਟੀ. ਦੇ ਬਕਾਏ ਦੇਣ ਦੀ ਮੰਗ ਨੂੰ ਅੰਸ਼ਕ ਰੂਪ ‘ਚ ਪ੍ਰਵਾਨ ਕਰਦਿਆਂ ਕੁਝ ਪੈਸਾ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਜੀ.ਐਸ਼ਟੀ. ਬਕਾਏ ਦੇ 1136 ਕਰੋੜ ਰੁਪਏ ਮਿਲ ਗਏ ਹਨ ਪਰ 5664 ਕਰੋੜ ਰੁਪਏ ਅਜੇ ਵੀ ਕੇਂਦਰ ਵੱਲ ਬਕਾਇਆ ਖੜ੍ਹੇ ਹਨ। ਇਸ ਪੈਸੇ ਨਾਲ ਤਨਖਾਹਾਂ ਦੇਣ ਦਾ ਕੰਮ ਵੀ ਨਹੀਂ ਚਲਣਾ ਕਿਉਂਕਿ ਤਨਖਾਹਾਂ ਲਈ 2100 ਕਰੋੜ ਰੁਪਏ ਚਾਹੀਦੇ ਹਨ।
ਕਰੋਨਾ ਨਾਲ ਜੰਗ ਲੜਨ ਲਈ ਵੱਖਰੇ ਤੌਰ ਉਤੇ ਪੈਸਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੀ.ਐਸ਼ਟੀ. ਦਾ ਬਕਾਇਆ ਅਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖੇ ਸਨ। ਉਨ੍ਹਾਂ ਮੰਗ ਕੀਤੀ ਸੀ ਕਿ ਲੌਕਡਾਊਨ ਅਤੇ ਕਰਫਿਊ ਕਰਕੇ ਸੂਬੇ ਦੇ ਆਪਣੇ ਸਾਧਨਾਂ ਤੋਂ ਆਮਦਨ ਬੰਦ ਹੋ ਚੁੱਕੀ ਹੈ ਅਤੇ ਸੂਬੇ ਨੂੰ ਕੋਵਿਡ-19 ਖਿਲਾਫ ਲੜਾਈ ਲੜਨ ‘ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਜੀ.ਐਸ਼ਟੀ. ਦਾ ਬਕਾਇਆ ਅਤੇ ਮੁਆਵਜ਼ਾ ਫੌਰੀ ਤੌਰ ਉਤੇ ਜਾਰੀ ਕਰਨ ਲਈ ਕਿਹਾ ਸੀ। ਕੇਂਦਰ ਵੱਲੋਂ ਜੀ.ਐਸ਼ਟੀ. ਦੇ ਮਿਲੇ ਬਕਾਏ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਪੈਸਾ ਸਰਕਾਰ ਦੀ ਆਮਦਨ ਹੈ ਅਤੇ ਇਸ ਵਿਚੋਂ ਤਨਖਾਹਾਂ ਦੇਣ ਸਮੇਤ ਹੋਰ ਕੰਮਾਂ ‘ਚ ਇਸ ਨੂੰ ਵਰਤਿਆ ਜਾਵੇਗਾ। ਉਂਜ ਕਰੋਨਾ ਵਾਇਰਸ ਨਾਲ ਨਜਿੱਠਣਾ ਪ੍ਰਾਥਮਿਕਤਾ ਰਹੇਗੀ।
ਪੰਜਾਬ ਸਰਕਾਰ ਨੂੰ ਡੀਜ਼ਲ, ਪੈਟਰੋਲ, ਸ਼ਰਾਬ, ਜ਼ਮੀਨਾਂ ਦੀ ਵੇਚ ਵੱਟਤ, ਅਤੇ ਹੋਰ ਟੈਕਸਾਂ ਰਾਹੀਂ ਆਮਦਨ ਬੰਦ ਹੋ ਚੁੱਕੀ ਹੈ। ਹੁਣ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਟਰੱਕ ਚਲ ਰਹੇ ਹਨ ਅਤੇ ਕੰਬਾਈਨਾਂ ਤੇ ਟਰੈਕਟਰ ਚੱਲਣੇ ਸ਼ੁਰੂ ਹੋ ਜਾਣਗੇ ਜਿਸ ਨਾਲ ਕੁਝ ਆਮਦਨ ਆਉਣ ਲੱਗੇਗੀ। ਕਰੋਨਾ ਵਾਇਰਸ ਮਹਾਮਾਰੀ ਦਰਮਿਆਨ ਸੂਬਿਆਂ ਨੂੰ ਹੋਰ ਰਾਹਤ ਦੇਣ ਦੇ ਇਰਾਦੇ ਨਾਲ ਵਿੱਤ ਮੰਤਰਾਲੇ ਵੱਲੋਂ ਹੁਣ ਤੱਕ ਦੋ ਕਿਸ਼ਤਾਂ ਵਿਚ ਤਕਰੀਬਨ 34 ਹਜ਼ਾਰ ਕਰੋੜ ਰੁਪਏ ਜੀ.ਐਸ਼ਟੀ. ਮੁਆਵਜ਼ੇ ਵਜੋਂ ਜਾਰੀ ਕੀਤੇ ਜਾ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ 14,103 ਕਰੋੜ ਰੁਪਏ ਜਾਰੀ ਕੀਤੇ ਜਾਣ ਨਾਲ ਕੇਂਦਰ ਨੇ ਅਕਤੂਬਰ ਅਤੇ ਨਵੰਬਰ ਦਾ ਬਕਾਇਆ ਜੀ.ਐਸ਼ਟੀ. ਮੁਆਵਜ਼ਾ 34,053 ਕਰੋੜ ਰੁਪਏ ਅਦਾ ਕਰ ਦਿੱਤਾ ਹੈ। 19,950 ਕਰੋੜ ਰੁਪਏ ਦੀ ਪਹਿਲੀ ਕਿਸ਼ਤ 17 ਫਰਵਰੀ ਨੂੰ ਅਦਾ ਕੀਤੀ ਜਾ ਚੁੱਕੀ ਹੈ।
ਸੂਤਰਾਂ ਨੇ ਕਿਹਾ ਕਿ ਵਿੱਤ ਮੰਤਰਾਲਾ ਦਸੰਬਰ ਅਤੇ ਜਨਵਰੀ ਦਾ ਬਕਾਇਆ ਵੀ ਸੂਬਿਆਂ ਨੂੰ ਕਿਸ਼ਤਾਂ ਵਿਚ ਛੇਤੀ ਜਾਰੀ ਕਰ ਸਕਦਾ ਹੈ। ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀ.ਐਸ਼ਟੀ. ਮੁਆਵਜ਼ੇ ਵਜੋਂ ਕਰੀਬ 1.35 ਲੱਖ ਕਰੋੜ ਰੁਪਏ ਜਾਰੀ ਕੀਤੇ ਹਨ। ਕਾਨੂੰਨ ਤਹਿਤ ਜੀ.ਐਸ਼ਟੀ. ਲਾਗੂ ਹੋਣ ਦੇ ਪਹਿਲੇ ਪੰਜ ਸਾਲਾਂ ਦੌਰਾਨ ਜੇਕਰ ਮਾਲੀਏ ‘ਚ ਕੋਈ ਨੁਕਸਾਨ ਹੁੰਦਾ ਹੈ ਤਾਂ ਕੇਂਦਰ ਵੱਲੋਂ ਸੂਬਿਆਂ ਨੂੰ ਇਸ ਦੀ ਭਰਪਾਈ ਕੀਤੀ ਜਾਵੇਗੀ। ਕੇਂਦਰ ਪਹਿਲੀ ਜੁਲਾਈ 2017 ਨੂੰ ਜੀ.ਐਸ਼ਟੀ. ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਤਕ ਸੂਬਿਆਂ ਨੂੰ ਮੁਆਵਜ਼ੇ ਵਜੋਂ ਕਰੀਬ 2.45 ਲੱਖ ਕਰੋੜ ਰੁਪਏ ਜਾਰੀ ਕਰ ਚੁੱਕਾ ਹੈ। ਲੌਕਡਾਊਨ ਦਾ ਅਸਰ ਜੀ.ਐਸ਼ਟੀ. ਇਕੱਤਰ ਕਰਨ ਉਤੇ ਵੀ ਪਿਆ ਹੈ ਅਤੇ ਮਾਰਚ ‘ਚ ਇਹ ਅੰਕੜਾ ਇਕ ਲੱਖ ਕਰੋੜ ਦੇ ਨਿਸ਼ਾਨੇ ਤੋਂ ਖੁੰਝ ਗਿਆ। ਪਿਛਲੇ ਮਹੀਨੇ 97,597 ਕਰੋੜ ਰੁਪਏ ਜੀ.ਐਸ਼ਟੀ. ਇਕੱਤਰ ਹੋਇਆ ਸੀ। ਮਾਰਚ 2019 ਵਿਚ ਜੀ.ਐਸ਼ਟੀ. 1.06 ਲੱਖ ਕਰੋੜ ਰੁਪਏ ਇਕੱਠਾ ਹੋਇਆ ਸੀ ਜਿਸ ਦੇ ਮੁਕਾਬਲੇ ‘ਚ ਇਸ ਸਾਲ 8.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।