ਪੰਜਾਬ ਵਿਚ ਨਿਹੱਥੇ ਜੰਗ ਲੜ ਰਿਹੈ ਡਾਕਟਰ ਤੇ ਹੋਰ ਅਮਲਾ

ਮੈਡੀਕਲ ਸਟਾਫ ਪੌਲੀਥੀਨ ਦੇ ਲਿਫਾਫੇ ਪਾ ਕੇ ਬੁੱਤਾ ਸਾਰਨ ਲਈ ਮਜਬੂਰ
ਜਲੰਧਰ: ਸਿਵਲ ਹਸਪਤਾਲ ਵਿਚ ਕਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਕਰ ਰਹੀਆਂ ਨਰਸਾਂ ਤੇ ਹੋਰ ਸਟਾਫ ਨੇ ਲੋੜੀਂਦੀਆਂ ਪੀਪੀਈ ਕਿੱਟਾਂ ਨਾ ਦੇਣ ਉਤੇ ਮੈਡੀਕਲ ਸੁਪਰਡੈਂਟ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਦੇਖਣ ਵਾਲਾ ਸਟਾਫ ਪੌਲੀਥੀਨ ਦੇ ਲਿਫਾਫੇ ਪਾਉਣ ਲਈ ਮਜਬੂਰ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਕਿੱਟਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਨੂੰ ਕਰੋਨਾ ਵਾਇਰਸ ਦੇ ਮਰੀਜ਼ਾਂ ਲਈ ਆਈਸੋਲੇਟ ਵਾਰਡ ਵਜੋਂ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਤੇ ਮੈਡੀਕਲ ਸੁਪਰਡੈਂਟ ਦਾ ਪਿਟ ਸਿਆਪਾ ਕਰਦਿਆਂ ਇਨ੍ਹਾਂ ਨਰਸਾਂ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਨੂੰ ਦਵਾਈਆਂ ਤੇ ਹੋਰ ਖਾਣਾ ਆਦਿ ਦੇਣ ਲਈ ਤਾਂ ਭੇਜਿਆ ਜਾਂਦਾ ਹੈ ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਨ੍ਹਾਂ ਪੀੜਤਾਂ ਨੇ ਇਹ ਦੋਸ਼ ਵੀ ਲਾਇਆ ਕਿ ਉਹ ਜਦੋਂ ਡਿਊਟੀ ਕਰਕੇ ਆਪਣੇ ਪਰਿਵਾਰਾਂ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਜੀਵਨ ਵੀ ਖਤਰੇ ਵਿਚ ਪੈ ਜਾਂਦਾ ਹੈ। ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਅਤੇ ਪਾਜ਼ੇਟਿਵ ਮਰੀਜ਼ਾਂ ਨੂੰ ਦੇਖਣ ਵਾਲੀਆਂ ਨਰਸਾਂ ਵਿਚੋਂ ਬਹੁਤੀਆਂ ਠੇਕੇ ਉਤੇ ਵੀ ਰੱਖੀਆਂ ਹੋਇਆਂ ਹਨ। ਉਨ੍ਹਾਂ ਨੇ ਵੀ ਮੰਗ ਕੀਤੀ ਕਿ ਸਰਕਾਰ ਨੇ ਕਦੇ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਤੇ ਹੁਣ ਸਭ ਤੋਂ ਔਖੇ ਤੇ ਜ਼ੋਖਮ ਭਰੇ ਕੰਮ ਵਿਚ ਉਨ੍ਹਾਂ ਨੂੰ ਅੱਗੇ ਡਾਹ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇਥੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਥਾਪਿਤ ਆਈਸੋਲੇਸ਼ਨ ਵਾਰਡ ਵਿਚ ਅੱਗੇ ਹੋ ਕੇ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਬਿਨਾਂ ਹਥਿਆਰਾਂ ਦੇ ਇਕ ਸਿਪਾਹੀ ਨੂੰ ਸਰਹੱਦ ਉਤੇ ਜੰਗ ਲੜਨ ਲਈ ਭੇਜ ਦਿੱਤਾ ਹੋਵੇ। ਆਈਸੋਲੇਸ਼ਨ ਵਾਰਡ ਵਿਚ ਹੁਣ ਤੱਕ ਕਈ ਕਰੋਨਾ ਪੀੜਤ ਮਰੀਜ਼ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 2 ਦੀ ਮੌਤ ਵੀ ਹੋ ਚੁੱਕੀ ਹੈ। ਇਥੇ ਆਈਸੋਲੇਸ਼ਨ ਵਾਰਡ ਵਿਚ ਵਧੇਰੇ ਡਿਊਟੀ ਜੂਨੀਅਰ ਰੈਜ਼ੀਡੈਂਟ ਡਾਕਟਰਾਂ, ਸਟਾਫ ਨਰਸਾਂ ਤੇ ਹੋਰ ਪੈਰਾ ਮੈਡੀਕਲ ਸਟਾਫ ਦੀ ਲਾਈ ਗਈ ਹੈ। ਤਿੰਨ ਸ਼ਿਫਟਾਂ ਵਿਚ 24 ਘੰਟੇ ਡਿਊਟੀ ਦਿੱਤੀ ਜਾ ਰਹੀ ਹੈ। ਰਾਤ ਦੀ ਡਿਊਟੀ ਵਾਲੇ ਅਮਲੇ ਨੂੰ 12 ਘੰਟੇ ਇਥੇ ਇਸੇ ਵਾਰਡ ਵਿਚ ਬਿਤਾਉਣੇ ਪੈਂਦੇ ਹਨ, ਜਦਕਿ ਬਾਕੀ ਦੋ ਸ਼ਿਫਟਾਂ ਵਿਚ 6-6 ਘੰਟੇ ਦੀ ਡਿਊਟੀ ਹੈ। ਸੀਨੀਅਰ ਡਾਕਟਰ ਸਿਰਫ ਇਥੇ ਰਾਊਂਡ ਵਾਸਤੇ ਜਾਂ ਫਿਰ ਐਮਰਜੈਂਸੀ ਵੇਲੇ ਹੀ ਆਉਂਦੇ ਹਨ। ਵਧੇਰੇ ਜੋਖਮ ਭਰੀ ਇਹ ਡਿਊਟੀ ਕਰਨ ਵਾਲੇ ਅਮਲੇ ਨੂੰ ਤਾਂ ਇਸ ਵਾਇਰਸ ਤੋ ਬਚਾਅ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਪਰ ਅਮਲੇ ਨੂੰ ਬਚਾਅ ਵਾਲੇ ਸਾਜ਼ੋ-ਸਾਮਾਨ ਵਾਸਤੇ ਵੀ ਜੂਝਣਾ ਪੈ ਰਿਹਾ ਹੈ।
ਅਮਲੇ ਨੇ ਇਥੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਕੋਲ ਇਹ ਮੰਗਾਂ ਰੱਖੀਆਂ ਹਨ ਅਤੇ ਇਸ ਬਾਰੇ ਬਹਿਸ ਵੀ ਕਰਨੀ ਪਈ ਸੀ। ਇਸ ਤੋਂ ਪਹਿਲਾਂ ਵੀ ਇਹ ਅਮਲਾ ਰੋਸ ਦਾ ਪ੍ਰਗਟਾਵਾ ਕਰ ਚੁੱਕਾ ਹੈ। ਆਈਸੋਲੇਸ਼ਨ ਵਾਰਡ ਵਿਚ ਕੰਮ ਕਰ ਰਹੀ ਇਕ ਸਟਾਫ ਨਰਸ ਦਿਲਰਾਜ ਕੌਰ ਨੇ ਦੱਸਿਆ ਕਿ ਉਹ ਆਪਣੀ ਇਸ ਡਿਊਟੀ ਕਾਰਨ ਇਕ ਅਪਰੈਲ ਤੋਂ ਘਰ ਇਸ ਲਈ ਨਹੀਂ ਗਈ ਕਿਉਂਕਿ ਘਰ ਵਿਚ ਉਸ ਦੇ ਦੋ ਛੋਟੇ ਬੱਚੇ ਅਤੇ ਹੋਰ ਮੈਂਬਰ ਹਨ। ਵਾਇਰਸ ਦੀ ਲਾਗ ਲੱਗਣ ਦੇ ਡਰ ਕਾਰਨ ਉਹ ਬਾਹਰ ਰਹਿ ਰਹੀ ਹੈ। ਬਾਕੀ ਸਟਾਫ ਨੇ ਕਿਹਾ ਕਿ ਅਜਿਹੀ ਜੋਖਮ ਵਾਲੀ ਸਥਿਤੀ ਵਿਚ ਕੰਮ ਕਰਨ ਲਈ ਅਮਲੇ ਨੂੰ ਪੀਪੀਈ ਕਿੱਟਾਂ, ਐੱਨ 95 ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦੀ ਲੋੜ ਹੈ। ਬਿਨਾਂ ਸਾਮਾਨ ਦੇ ਕਿਵੇਂ ਉਹ ਕੰਮ ਕਰ ਸਕਦੇ ਹਨ। ਜੂਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਕਿਹਾ ਕਿ ਆਈਸੋਲੇਸ਼ਨ ਵਾਰਡ ਤੋਂ ਇਲਾਵਾ ਐਮਰਜੈਂਸੀ ਵਾਰਡ ਵਿਚ ਕੰਮ ਕਰਨ ਵਾਲੇ ਅਮਲੇ ਨੂੰ ਵੀ ਪੀਪੀਈ ਕਿੱਟ, ਐੱਨ 95 ਮਾਸਕ ਦੀ ਲੋੜ ਹੈ ਕਿਉਂਕਿ ਅਜਿਹੇ ਮਰੀਜ਼ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿਚ ਹੀ ਲਿਆਂਦਾ ਜਾਂਦਾ ਹੈ।
________________________
ਸਰਕਾਰ ਡਾਕਟਰਾਂ ਦੀ ਸੰਭਾਲ ਲਈ ਗੰਭੀਰ ਨਹੀਂ: ਗਾਂਧੀ
ਪਟਿਆਲਾ: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਜੇਕਰ ਹਸਪਤਾਲ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਸੰਭਾਲ ਰਿਹਾ ਕੋਈ ਡਾਕਟਰ ਜਾਂ ਕੋਈ ਸਿਹਤ ਕਰਮੀ ਮਰਦਾ ਹੈ ਤਾਂ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਸਿਹਤ ਮੰਤਰੀ ਤੇ ਸਿਹਤ ਸਕੱਤਰ ਨੂੰ ਹਾਈ ਕੋਰਟ ਵਿਚ ਲੈ ਕੇ ਜਾਣਗੇ, ਕਿਉਂਕਿ ਪੰਜਾਬ ਸਰਕਾਰ ਕਰੋਨਾ ਦੇ ਮਰੀਜ਼ਾਂ ਦੀ ਸੰਭਾਲ ਕਰ ਰਹੇ ਡਾਕਟਰਾਂ ਪ੍ਰਤੀ ਬਿਲਕੁਲ ਚਿੰਤਤ ਨਹੀਂ ਹੈ। ਡਾ. ਗਾਂਧੀ ਨੇ ਕਿਹਾ, ‘ਮੈਂ ਦੇਖਿਆ ਹੈ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਸਣੇ ਹੋਰ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ ਤੜਫ ਰਹੀਆਂ ਹਨ ਕਿ ਸਾਨੂੰ ਪਰਸਨਲ ਪ੍ਰੋਟੈਕਸ਼ਨ ਕਿੱਟਾਂ, ਮਾਸਕ ਤੇ ਸੈਨੇਟਾਈਜ਼ਰ ਦਿੱਤੇ ਜਾਣ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।’