ਨਿਹੰਗਾਂ ਵਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, ਥਾਣੇਦਾਰ ਦਾ ਗੁੱਟ ਵੱਢਿਆ

ਪਟਿਆਲਾ: ਇਥੇ ਸਬਜ਼ੀ ਮੰਡੀ ਵਿਚ ਚਾਰ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇਕ ਏ.ਐਸ਼ਆਈ. ਦਾ ਗੁੱਟ ਹੀ ਬਾਂਹ ਨਾਲੋਂ ਵੱਖ ਕਰ ਦਿੱਤਾ। ਜਦਕਿ ਘਟਨਾ ਵਿਚ ਇਕ ਇੰਸਪੈਕਟਰ ਤੇ ਇਕ ਹੋਰ ਥਾਣੇਦਾਰ ਵੀ ਜਖਮੀ ਹੋ ਗਏ। ਇਸ ਮਗਰੋਂ ਪਿੰਡ ਬਲਬੇੜਾ ਵਿਚ ਗੁਰਦੁਆਰਾ ਖਿਚੜੀ ਸਾਹਿਬ ਵਿਚਲੀ ਠਹਿਰ ਵਿਚੋਂ ਪੁਲਿਸ ਨੇ ਚਾਰ ਘੰਟਿਆਂ ਦੀ ਮੁਸ਼ੱਕਤ ਤੇ ਮੁੱਠਭੇੜ ਮਗਰੋਂ ਇਕ ਮਹਿਲਾ ਤੇ ਦਸ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੌਰਾਨ 39 ਲੱਖ ਨਗਦੀ, ਤਿੰਨ ਪਿਸਤੌਲ, ਦੋ ਪੈਟਰੋਲ ਬੰਬਾਂ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਬਰਾਮਦ ਕੀਤੀਆਂ ਹਨ। ਗ੍ਰਿਫਤਾਰੀ ਮੌਕੇ ਦੋ ਸੌ ਪੁਲਿਸ ਮੁਲਾਜ਼ਮਾਂ ਸਮੇਤ ਸਪੈਸ਼ਲ ਅਪਰੇਸ਼ਨ ਗਰੁੱਪ ਦੇ 50 ਕਮਾਂਡੋ ਵੀ ਮੌਜੂਦ ਸਨ।

ਗ੍ਰਿਫਤਾਰੀ ਮੌਕੇ ਤਲਵਾਰਾਂ ਅਤੇ ਨੇਜ਼ਿਆਂ ਨਾਲ ਕੀਤੇ ਹਮਲੇ ਦੌਰਾਨ ਐਸ਼ਐਸ਼ਪੀ. ਮਨਦੀਪ ਸਿੰਘ ਸਿੱਧੂ ਦੇ ਹੱਥ ਉਤੇ ਸੱਟ ਵੱਜੀ ਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਸਮੇਤ ਕੁਝ ਹੋਰ ਪੁਲਿਸ ਮੁਲਾਜ਼ਮ ਵੀ ਜਖਮੀ ਹੋਏ। ਗੁੱਟ ਵੱਢਣ ਵਾਲਾ ਨਿਹੰਗ ਨਿਰਭੈ ਸਿੰਘ ਵੀ ਪੱਟ ਅਤੇ ਛਾਤੀ ‘ਚ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਿਆ।
ਪੁਲਿਸ ਵਲੋਂ ਗ੍ਰਿਫਤਾਰ ਮੁਲਜ਼ਮਾਂ ‘ਚ ਡੇਰਾ ਮੁਖੀ ਬਲਵਿੰਦਰ ਸਿੰਘ ਕਰਹਾਲੀ, ਨਿਰਭੈ ਸਿੰਘ, ਬੰਤ ਸਿੰਘ ਕਾਲਾ, ਜਗਮੀਤ ਸਿੰਘ ਅਮਰਗੜ੍ਹ, ਗੁਰਦੀਪ ਸਿੰਘ ਸਮਾਣਾ, ਨੰਨਾ, ਜੰਗੀਰ ਸਿੰਘ ਪ੍ਰਤਾਪਗੜ੍ਹ, ਮਨਿੰਦਰ ਸਿੰਘ ਮਹਿਮੂਦਪੁਰ, ਜਸਵੰਤ ਸਿੰਘ ਚਮਾਰੂ, ਦਰਸ਼ਨ ਸਿੰਘ ਧੀਰੂ ਕੀ ਮਾਜਰੀ ਸਮੇਤ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ। ਥਾਣਾ ਸਦਰ ਪਟਿਆਲਾ ਅਤੇ ਪਸਿਆਣਾ ਵਿਖੇ ਦੋ ਕੇਸ ਦਰਜ ਕੀਤੇ ਗਏ ਹਨ।
ਆਈਜੀ ਨੇ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਪਟਿਆਲਾ ਸ਼ਹਿਰ ਦੇ ਬਾਹਰ ਵਾਰ ਸਬਜ਼ੀ ਮੰਡੀ ਵਿਚ ਤਾਇਨਾਤ ਸੀ, ਤਾਂ ਨਿਹੰਗ ਸਿੰਘਾਂ ਨੇ ਗੱਡੀ ਬੈਰੀਕੇਡਾਂ ‘ਚ ਮਾਰ ਦਿੱਤੀ। ਰੋਕਣ ਦੀ ਕੋਸ਼ਿਸ਼ ਕਰਨ ਉਤੇ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਇਕ ਨਿਹੰਗ ਨੇ ਏ.ਐਸ਼ਆਈ. ਹਰਜੀਤ ਸਿੰਘ ਗਿੱਲ ਦਾ ਗੁੱਟ ਵੱਢ ਦਿੱਤਾ ਅਤੇ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਅਤੇ ਥਾਣੇਦਾਰ ਰਾਜ ਸਿੰਘ ਸਮੇਤ ਆਕਸ਼ਨ ਰਿਕਾਰਡਰ ਯਾਦਵਿੰਦਰ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ। ਹਰਜੀਤ ਸਿੰਘ ਪੀਜੀਆਈ ਤੇ ਬਾਕੀ ਪਟਿਆਲਾ ‘ਚ ਦਾਖਲ ਹਨ।
ਐਸ਼ਐਸ਼ਪੀ ਨੇ ਦੱਸਿਆ ਕਿ ਪੁਲਿਸ ਨੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਮਰਿਆਦਾ ਬਹਾਲ ਰੱਖੀ ਅਤੇ ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖ ਭਾਲ ਦਾ ਜਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ। ਘਟਨਾ ਦੀ ਵਾਇਰਲ ਵੀਡੀਓ ‘ਚ ਗੁੱਟ ਵੱਢਣ ਸਮੇਤ ਥਾਣੇਦਾਰ ਵਲੋਂ ਹੱਥ ਦਾ ਪੀਸ ਚੁੱੱਕ ਕੇ ਲਿਆਉਣ ਦਾ ਵਾਸਤਾ ਪਾਉਣ ਅਤੇ ਫੇਰ ਇਕ ਨੌਜਵਾਨ ਵਲੋਂ ਗੁੱਟ ਚੁੱਕ ਕੇ ਲਿਆਉਣ ਦੇ ਦ੍ਰਿਸ਼ ਬਹੁਤ ਹੌਲਨਾਕ ਹਨ।
______________________________
ਕੀ ਹੈ ਡੇਰਾ ਮੁਖੀ ਦਾ ਪਿਛੋਕੜ
ਪਟਿਆਲਾ: ਡੇਰਾ ਮੁਖੀ ਨਿਹੰਗ ਬਲਵਿੰਦਰ ਸਿੰਘ ਨੇ ਲਗਭਗ ਦੋ ਦਹਾਕੇ ਪਹਿਲਾਂ ਬਲਬੇੜਾ ਵਿਖੇ ਆ ਕੇ ਇਕ ਵੀਰਾਨ ਛਪੜੀ ਵਾਲੀ ਜਗ੍ਹਾ ਬਾਰੇ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਇਹ ਜਗ੍ਹਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ।
ਇਸੇ ਆਧਾਰ ਉਤੇ ਉਸ ਨੇ ਇਥੇ ਆਪਣਾ ਨਿੱਜੀ ਗੁਰਦੁਆਰਾ ਸਾਹਿਬ ਵੀ ਸਥਾਪਿਤ ਕਰ ਲਿਆ, ਪਰ ਜਲਦੀ ਹੀ ਨਿਹੰਗ ਬਲਵਿੰਦਰ ਸਿੰਘ ਇਲਾਕਾ ਵਾਸੀਆਂ ਲਈ ਖੌਫ ਦਾ ਦੂਜਾ ਨਾਂ ਬਣ ਗਿਆ, ਜਦੋਂ ਆਪਣੇ ਡੇਰੇ ਦੇ ਵਿਸਥਾਰ ਲਈ ਡੇਰਾ ਮੁਖੀ ਨੂੰ ਹੋਰ ਜਗ੍ਹਾ ਦੀ ਲੋੜ ਮਹਿਸੂਸ ਹੋਈ ਤਾਂ ਉਸ ਨੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਆਪਣੀ ਜ਼ਮੀਨ ਗੁਰਦੁਆਰੇ ਨੂੰ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤੇ ਕਈ ਵਾਰ ਉਸ ਦੇ ਕਿਸਾਨਾਂ ਨਾਲ ਝਗੜੇ ਵੀ ਹੋਏ।
_____________________________
‘ਹਮਲਾਵਰਾਂ ਦਾ ਨਿਹੰਗ ਜਥੇਬੰਦੀ ਨਾਲ ਸਬੰਧ ਨਹੀਂ’
ਪਟਿਆਲਾ: ਨਿਹੰਗਾਂ ਦੀ ਸੁਪਰੀਮ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘ਛਿਆਨਵੇਂ ਕਰੋੜੀ’ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਡਿਊਟੀ ਉਤੇ ਤਾਇਨਾਤ ਪੁਲਿਸ ਉਤੇ ਹਮਲਾ ਕਰਨ ਵਾਲੇ ਅਖੌਤੀ ਨਿਹੰਗਾਂ ਦਾ ਜਥੇਬੰਦੀ ਬੁੱਢਾ ਦਲ, ਤਰਨਾ ਦਲ ਜਾਂ ਕਿਸੇ ਹੋਰ ਨਿਹੰਗ ਦਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹਿਰੂਪੀਏ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਖੌਤੀ ਨਿਹੰਗ ਸਮੁੱਚੇ ਨਿਹੰਗ ਸਿੰਘਾਂ ਦੇ ਬਾਣੇ ਜਾਂ ਸਿਧਾਂਤ ਜਾਂ ਨਿਹੰਗ ਜਥੇਬੰਦੀਆਂ ਨੂੰ ਬਦਨਾਮ ਨਾ ਕਰ ਸਕੇ।