ਪਿਛਲੀ ਅੱਧੀ ਸਦੀ ਦਾ ਸੈਨਿਕ ਤੇ ਰਾਜਨੀਤਕ ਸ਼ੀਸ਼ਾ

ਗੁਲਜ਼ਾਰ ਸਿੰਘ ਸੰਧੂ
ਭਾਰਤ-ਚੀਨ ਜੰਗ ਦੇ ਪੰਜਾਹ ਸਾਲ ਪੂਰੇ ਹੋਣ ਉਤੇ ਉਸ ਜੰਗ ਤੋਂ ਸਿੱਖੇ ਸਬਕਾਂ ਦੇ ਸਮਾਚਾਰ ਮੈਨੂੰ ਸੇਵਾ ਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਬਰਾੜ ਦੀ ਸਵੈ ਜੀਵਨੀ ਵਿਚ ਲੈ ਵੜੇ ਹਨ। ਵਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਬ੍ਰਿਗੇਡੀਅਰ ਬਰਾੜ ਉਸ ਸਮੇਂ ਲੋਹਿਤ ਵਾਦੀ ਦੀ 13000 ਫੁਟ ਤੋਂ ਵੀ ਉਚੀ ਤ੍ਰੈ-ਜੰਕਸ਼ਨ ਟੀਸੀ ਉਤੇ ਤਾਇਨਾਤ ਸੀ ਤੇ ਉਸ ਦੇ ਹਿੱਸੇ ਚੀਨ ਦੇ ਕਬਜ਼ੇ ਵਿਚ ਆਈਆਂ ਪੀਲੀ ਟੀਸੀ ਤੇ ਹਰੀ ਟੀਸੀ ਨਾਂ ਦੀਆਂ ਪਹਾੜੀਆਂ ਨੂੰ ਜਿੱਤਣਾ ਸੀ। ਭਾਰਤ ਕੋਲ ਚੀਨੀ ਮਸ਼ੀਨ ਗੰਨਾਂ ਦਾ ਟਾਕਰਾ ਕਰਨ ਲਈ ਲੋੜੀਂਦੇ ਹਥਿਆਰ ਨਹੀਂ ਸਨ। ਬਰਾੜ ਇਸ ਲੜਾਈ ਵਿਚ ਸੂਬੇਦਾਰ ਰਤਨ ਚੰਦ ਅਤੇ ਡਾਕਟਰੀ ਪਲਟਨ ਦੇ ਮੁਖੀ ਲੈਫਟੀਨੈਂਟ ਸੂਬਾ ਦੀ ਲਾਸਾਨੀ ਸ਼ਹਾਦਤ ਦਾ ਚਸ਼ਮਦੀਦ ਗਵਾਹ ਹੈ। ਉਸ ਤੋਂ ਦੋ ਮਹੀਨੇ ਪਿੱਛੋਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੱਭਣ ਤੇ ਉਨ੍ਹਾਂ ਦਾ ਸਸਕਾਰ ਕਰਾਉਣ ਵਾਲਾ ਵੀ ਬਰਾੜ ਹੀ ਸੀ। ਇਸ ਲੜਾਈ ਵਿਚ ਉਸ ਦੀ 4 ਡੋਗਰਾ ਰਜਮੈਂਟ ਦੀ ਬੀ ਤੇ ਡੀ ਕੰਪਨੀਆਂ ਦੇ ਅੱਧੇ ਤੋਂ ਵੱਧ ਸੈਨਿਕ ਸ਼ਹੀਦੀਆਂ ਪਾ ਗਏ ਸਨ। ਭਾਰਤੀ ਸੈਨਾ ਦੇ ਬਹਾਦਰ ਸਿਪਾਹੀ ਕੇਵਲ ਸਿੰਘ ਦੀ ਦਲੇਰੀ ਅਤੇ ਸ਼ਹੀਦੀ ਉਤੇ ਫੁੱਲ ਚੜ੍ਹਾਉਣ ਵਾਲਾ ਵੀ ਉਹੀਓ ਸੀ ਤੇ ਜ਼ਖਮੀ ਹੋਏ ਨਾਇਕ ਧਰਮ ਸਿੰਘ ਦੀ ਪੀੜਾ ਨੂੰ ਬਿਆਨ ਕਰਨ ਵਾਲਾ ਵੀ। ਇਹ ਸਵੈਜੀਵਨੀ ਹਿੰਦੀ-ਚੀਨੀ ਭਾਈ-ਭਾਈ ਦੇ ਅਹਿੰਸਕ ਸੰਕਲਪ ਉਤੇ ਵੀ ਤਿੱਖੀ ਟਿਪੱਣੀ ਕਰਦੀ ਹੈ ਤੇ ਉਸ ਸਮੇਂ ਦੀ ਰਾਜਨੀਤਕ ਸੋਚ ਉਤੇ ਵੀ ਜਿਹੜੀ ਚੀਨ ਤੇ ਪਾਕਿਸਤਾਨ ਦੀਆਂ ਚਾਲਾਂ ਨਹੀਂ ਸੀ ਪਛਾਣਦੀ। ਪੁਸਤਕ ਵਿਚ ਉਨ੍ਹਾਂ ਸੈਨਿਕ ਅਧਿਕਾਰੀਆਂ ਉਤੇ ਕੱਸੀ ਗਈ ਟਿਪਣੀ ਵੀ ਘੱਟ ਕਰਾਰੀ ਨਹੀਂ ਜਿਹੜੇ ਮਾਨਿਕਸ਼ਾਅ ਵਰਗੀ ਦਿੱਬ ਦ੍ਰਿਸ਼ਟੀ ਤੇ ਸਾਫ਼ ਗੋਈ ਦੇ ਮਾਲਕ ਨਹੀਂ ਸਨ।
ਭਾਵੇਂ ਬਰਾੜ ਨੇ ਆਪਣੇ ਸੈਨਿਕ ਜੀਵਨ ਵਿਚ ਨਾਗਾ ਵਿਦਰੋਹੀਆਂ ਨਾਲ ਵੀ ਆਢਾ ਲਿਆ ਤੇ ਰਾਜਸਥਾਨ ਵਿਖੇ ਚਾਰ ਸਿਤਾਰਾ ਵਿਚ ਵੀ ਤਾਇਨਾਤ ਰਿਹਾ ਪਰ ਉਸ ਵਲੋਂ ਬਿਆਨ ਕੀਤੇ 1971 ਦੀ ਭਾਰਤ-ਪਾਕਿ ਜੰਗ ਦੇ ਬ੍ਰਿਤਾਂਤ ਪੜ੍ਹਨ ਵਾਲੇ ਹਨ। ਖਾਸ ਕਰਕੇ ਗੋਰਖਾ ਸੈਨਿਕਾਂ ਦੀ ਬਹਾਦਰੀ ਦੇ ਕਿੱਸੇ ਜਿਹੜੇ ਜੈ ਦੁਰਗਾ, ਜੈ ਗੋਰਖਾ ਦਾ ਨਾਅਰਾ ਲਾ ਕੇ ਗੋਰਖਾਲੀ ਧਾਵਾ ਬੋਲਦੇ ਸਨ ਤੇ ਮਲੀਆਂ ਮਾਰ ਕੇ ਪਰਤਦੇ ਸਨ।
ਦੇਸ਼ ਵੰਡ ਤੋਂ ਪਹਿਲਾਂ ਦੂਜੇ ਸੰਸਾਰ ਯੁੱਧ ਸਮੇਂ ਮਲਾਇਆ ਦੇ ਪਬਲਿਕ ਸਕੂਲਾਂ ਵਿਚ ਪੜ੍ਹਿਆ ਤੇ ਦੇਸ਼ ਵੰਡ ਦੇ ਕਤਲ ਏ ਆਮ ਵਿਚੋਂ ਲੰਘਿਆ ਕੁਲਦੀਪ ਸਿੰਘ ਬਰਾੜ ਆਪਣੇ ਬਿਰਤਾਂਤ ਨੂੰ ਸਿੰਗਾਂ ਤੋਂ ਫੜਨਾ ਵੀ ਜਾਣਦਾ ਹੈ ਤੇ ਲੋੜ ਪੈਣ ਉਤੇ ਨੱਥ ਪਾਉਣਾ ਵੀ। ਇਸ ਵਿਚ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਢਿੱਲੋਂ-ਸਹਿਗਲ-ਸ਼ਾਹਨਵਾਜ਼ ਦੇ ਬੋਲ ਹੀ ਨਹੀਂ ਮਿਲਦੇ ਪੰਡਿਤ ਨਹਿਰੂ ਦੀ ਹਰਮਨ ਪਿਆਰਤਾ ਦੇ ਕਿੱਸੇ ਵੀ ਹਨ।
ਜਿਵੇਂ ਜੰਮੂ ਖੇਤਰ ਵਿਚ ਨਾਓਸ਼ਹਿਰਾ ਦੀ ਕਮਾਂਡ ਸਾਂਭਣ ਉਪਰੰਤ ਕੁਲਦੀਪ ਸਿੰਘ ਬਰਾੜ ਨੇ ਇੰਦਰਾ ਕਤਲ ਕਾਂਡ ਸਮੇਂ ਸੈਨਾ ਤੇ ਖੇਤਰ ਦੇ ਵਸਨੀਕਾਂ ਨੂੰ ਸ਼ਾਂਤ ਰੱਖਣ ਦੀ ਜ਼ਿੰਮੇਵਾਰੀ ਨਿਭਾਈ ਉਹ ਉਸ ਦੀ ਧਰਮ ਨਿਰਪਖ ਸੋਚ ਉਤੇ ਮੋਹਰ ਲਾਉਂਦੀਂ ਹੈ। ਸੈਨਾ ਤੋਂ ਸੇਵਾ ਮੁਕਤੀ ਉਪਰੰਤ ਪੰਜਾਬ ਦੇ ਕਾਲੇ ਦਿਨਾਂ ਵਿਚ ਜਦੋਂ ਉਸ ਦੇ ਜ਼ਿੰਮੇ ਗੁਮਰਾਹ ਹੋ ਰਹੇ ਯੁਵਕਾਂ ਨੂੰ ਸਵੈ-ਰੁਜ਼ਗਾਰ ਦੀ ਸਿਖਲਾਈ ਦੇਣ ਲਈ ਚੁਣਿਆ ਗਿਆ ਤਾਂ ਉਸ ਨੇ ਕਪੂਰਥਲਾ ਦੇ ਥੇਹ ਕਾਂਜਲਾ ਕਲੱਰ ਵਣ ਵਿਭਾਗ ਦੀ ਅਗਵਾਈ ਹੇਠ ਹਰਿਆ ਭਰਿਆ ਵੀ ਕੀਤਾ ਤੇ ਹਜ਼ਾਰਾਂ ਯੁਵਕਾਂ ਨੂੰ ‘ਘਾਲਿ ਖਾਇ ਕਿਛੁ ਹਥੋਂ ਦੇਹ’ ਦੇ ਮਾਰਗ ਉਤੇ ਵੀ ਤੋਰਿਆ। ਸ਼ਹਿਦ ਦੀਆਂ ਮੱਖੀਆਂ, ਸੂਰ, ਮੱਛੀ ਤੇ ਮੁਰਗੀ ਪਾਲਣ ਲਈ ਤਿਆਰ ਕੀਤੇ ਯੁਵਕ ਉਸ ਨੂੰ ਅੱਜ ਵੀ ਮਿਲਦੇ ਹਨ ਤਾਂ ਉਸ ਦੇ ਗੁਣ ਗਾਉਂਦੇ ਹਨ।
ਬ੍ਰਿਗੇਡੀਅਰ ਬਰਾੜ ਦੀ ਸਵੈ ਜੀਵਨੀ ‘ਥਰੂ ਵਾਰਜ਼ ਐਂਡ ਇਨਸਰਜੈਂਸੀ’ (ਪੈਂਟੇਗਾਨ ਪ੍ਰੈਸ ਨਵੀਂ ਦਿੱਲੀ) ਪਿਛਲੀ ਅੱਧੀ ਸਦੀ ਦੇ ਰਾਜਨੀਤਕ ਤੇ ਸੈਨਿਕ ਜੀਵਨ ਦਾ ਸ਼ੀਸ਼ਾ ਹੈ।

ਮਖੌਲੀਆ ਸ਼ਿਖਸ਼ਾ ਦਾ ਸਰਦਾਰ ਜਸਪਾਲ ਭੱਟੀ
1985 ਵਿਚ ਮੈਂ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਸੰਭਾਲੀ ਤਾਂ ਇੱਕ ਦਿਨ ਅਚਾਨਕ ਹੀ ਦਸਤਕ ਦੇ ਕੇ ਜਸਪਾਲ ਭੱਟੀ ਆ ਵੜਿਆ। ‘ਕੀ ਹਾਲ ਹੈ’ ਦਾ ਉਤਰ ‘ਹਾਲ ਤਾਂ ਠੀਕ ਹੈ ਮਾਹੌਲ ਠੀਕ ਨਹੀਂ’ ਦੇ ਕੇ ਉਹ ਮੇਰੇ ਸਾਹਮਣੇ ਬਹਿ ਗਿਆ। ਮਾਹੌਲ ਦੀ ਖਰਾਬੀ ਦਾ ਕਾਰਨ ਉਸ ਦੇ ਹੱਥ ਵਿਚ ਫੜਿਆ ਉਹ ਕਾਰਟੂਨ ਸੀ ਜਿਹੜਾ ਅੰਗ੍ਰੇਜ਼ੀ ਟ੍ਰਿਬਿਊਨ ਵਾਲਿਆਂ ਨੂੰ ਸਮਝ ਨਹੀਂ ਸੀ ਆਇਆ ਤੇ ਉਨ੍ਹਾਂ ਨੇ ਪ੍ਰਵਾਨ ਨਹੀਂ ਸੀ ਕੀਤਾ। ਮੈਂ ਕਾਰਟੂਨ ਦੇਖਣ ਪਿਛੋਂ ਪ੍ਰਵਾਨਗੀ ਦਾ ਇਸ਼ਾਰਾ ਕਰਕੇ ਆਖਿਆ ‘ਹੁਣ?’ ਤਾਂ ਉਸ ਦਾ ਉਤਰ ਸੀ ‘ਮਾਹੌਲ ਠੀਕ ਹੈ।’
ਉਹ ਮੇਰੇ ਨਾਲੋਂ ਵੀ ਵੀਹ ਸਾਲ ਛੋਟਾ ਸੀ-ਆਗਿਆਕਾਰ, ਮਿਲਣਸਾਰ ਤੇ ਹਸਮੁੱਖ। ਉਹ ਜਦੋਂ ਵੀ ਮਿਲਦਾ, ਮੈਂ ਉਸਦਾ ਹਾਲ ਪੁਛਣ ਦੀ ਥਾਂ ਮਾਹੌਲ ਬਾਰੇ ਪੁਛਦਾ ਜਿਹੜਾ ਸਦਾ ਹੀ ਠੀਕ ਹੁੰਦਾ। ਦਫਤਰ, ਗਲੀ ਬਾਜ਼ਾਰ ਤੇ ਪ੍ਰੈਸ ਕਲੱਬ। ਹਰ ਥਾਂ। ਛੇਤੀ ਹੀ ਉਸ ਨੇ ਕਾਰਟੂਨ ਬਣਾਉਣੇ ਛੱਡ ਕੇ ‘ਮਾਹੌਲ ਠੀਕ ਹੈ’ ਨਾਂ ਦੀ ਫਿਲਮ ਵੀ ਬਣਾਈ। ਅਫ਼ਸਰਸ਼ਾਹੀ, ਭ੍ਰਿਸ਼ਟਾਚਾਰ, ਨਿਘਰਦਾ ਸਭਿਆਚਾਰ ਉਹ ਕਿਸੇ ਵੀ ਪੱਖ ਉਤੇ ਵਿਅੰਗ ਕਸਦਾ, ਉਸ ਦੀ ਦਲੇਰੀ ਦੀਆਂ ਧੁੰਮਾਂ ਪੈ ਜਾਂਦੀਆਂ। ‘ਉਲਟਾ ਪੁਲਟਾ’, ‘ਫੁੱਲ ਟੈਨਸ਼ਨ’, ‘ਪ੍ਰੋਫੈਸਰ ਮਨੀਪਲਾਂਟ’, ‘ਜੀਜਾ ਜੀ’, ‘ਚੱਕ ਦੇ ਫੱਟੇ’, ਤੇ ‘ਮੈਡ ਆਰਟਸ’ ਉਸ ਦਾ ਹਰ ਅਮਲ ਅਰਥ ਭਰਪੂਰ ਹੁੰਦਾ। ਰਾਸ਼ਟਰੀ ਜਾਨਵਰਾਂ ਦੀ ਘਟਦੀ ਸੰਖਿਆ, ਭਰੂਣ ਹੱਤਿਆ, ਪਟਰੌਲ ਦੀਆਂ ਕੀਮਤਾਂ, ਗੰਢਿਆਂ ਦਾ ਭਾਅ ਉਹਦੇ ਲਈ ਕੋਈ ਵਿਸ਼ਾ ਅਛੋਹ ਨਹੀਂ ਸੀ। ਅਸੀਂ ਜਦੋਂ ਵੀ ਮਿਲਦੇ, ਮੈਂ ਉਸਨੂੰ ‘ਮਾਹੌਲ ਠੀਕ ਹੈ’ ਦੀ ਸ਼ਾਬਾਸ਼ ਦਿੰਦਾ।
ਕੱਲ੍ਹ ਮੈਂ ਭਾਰਤੀ ਸਾਹਿਤ ਅਕਾਡਮੀ ਦੇ ਪ੍ਰਧਾਨ ਸੁਨੀਲ ਗੰਗੋਪਾਧਿਆਇ ਦੇ ਅਚਾਨਕ ਚਲਾਣੇ ਦਾ ਸੋਗ ਮਨਾ ਰਿਹਾ ਸੀ ਕਿ ਜਸਪਾਲ ਭੱਟੀ ਦੇ ਤੁਰ ਜਾਣ ਦੀ ਖਬਰ ਸਾਰੇ ਮਾਹੌਲ ਨੂੰ ਉਲਟਾ-ਪੁਲਟਾ ਕਰ ਗਈ। ਮੈਥੋਂ ਵੀਹ ਸਾਲ ਛੋਟਾ ਭੱਟੀ ਕਈ ਵੀਹਾਂ ਵਰ੍ਹੇ ਵੱਡਾ ਹੋ ਕੇ ਅਲੋਪ ਹੋ ਗਿਆ ਹੈ। ਮੈਨੂੰ ਉਸ ਦੀ ਤੇਜ਼ ਰਫਤਾਰੀ ਨੇ ਸਦਾ ਹੀ ਕਾਇਲ ਕੀਤਾ ਹੈ ਪਰ ਇਹ ਵਾਲਾ ਕਦਮ ਪੁੱਟਣ ਵਿਚ ਉਹ ਕੁਝ ਬਹੁਤੀ ਹੀ ਤੇਜ਼ੀ ਵਰਤ ਗਿਆ ਹੈ। ਇਸ ਦਾ ਮੈਨੂੰ ਦਿੱਲੋਂ ਦੁੱਖ ਹੈ। ਆਮੀਨ!
ਅੰਤਿਕਾ: ਕਿਰਪਾਲ ਸਿੰਘ ਯੋਗੀ
ਖਾਣ ਨੂੰ ਮਿਲਦੇ ਨੇ ਗਮ
ਤੇ ਪੀਣ ਨੂੰ ਅੱਥਰੂ ਬੜੇ,
ਫਿਰ ਵੀ ਹਰ ਬੰਦਾ ਤਿਰਾ
ਤੇਰਾ ਹੀ ਬੱਸ ਮਸ਼ਕੂਰ ਹੈ।

Be the first to comment

Leave a Reply

Your email address will not be published.