ਕਣਕ ਦੀ ਖਰੀਦ ਬਾਰੇ ਸਖਤ ਨਿਯਮਾਂ ਤੋਂ ਘਬਰਾਏ ਕਿਸਾਨ

ਚੰਡੀਗੜ੍ਹ: ਕਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਇਕ ਮਈ ਤੱਕ ਵਧਾ ਦਿੱਤੇ ਗਏ ਕਰਫਿਊ ਦੌਰਾਨ ਹੀ ਕਣਕ ਖਰੀਦ ਦਾ ਵੱਡਾ ਕਾਰਜ ਸਰਕਾਰ ਦੇ ਸਾਹਮਣੇ ਹੈ। ਸਰਕਾਰੀ ਯੋਜਨਾ ਵਿਚ ਸਪੱਸ਼ਟਤਾ ਦੀ ਘਾਟ ਕਾਰਨ ਕਿਸਾਨਾਂ ਨੂੰ ਇਸ ਗੱਲ ਦੀ ਤਸੱਲੀ ਨਹੀਂ ਹੋ ਰਹੀ ਕਿ ਕਣਕ ਦੀ ਖਰੀਦ ਵਿਚ ਔਕੜਾਂ ਨਹੀਂ ਆਉਣਗੀਆਂ।

ਮਿਸਾਲ ਦੇ ਤੌਰ ਉਤੇ ਸਰਕਾਰ ਨੇ ਕਣਕ ਮੰਡੀ ਵਿਚ ਲਿਆਉਣ ਤੋਂ ਲੈ ਕੇ ਪੇਮੈਂਟ ਤੱਕ ਦੀ ਜ਼ਿੰਮੇਵਾਰੀ ਆੜ੍ਹਤੀਆਂ ਉਤੇ ਸੁੱਟੀ ਹੈ। ਇਕ ਆੜ੍ਹਤੀ ਇਕ ਮੰਡੀ ਲਈ ਇਕ ਦਿਨ ਵਾਸਤੇ ਪੰਜ ਟਰਾਲੀਆਂ ਨੂੰ ਪਾਸ ਦੇ ਸਕੇਗਾ ਅਤੇ ਇਕ ਕਿਸਾਨ ਨੂੰ ਇਕ ਦਿਨ ਲਈ ਇਕ ਪਾਸ ਮਿਲੇਗਾ। ਕਿਸਾਨੀ ਦੇ ਧੰਦੇ ਨੂੰ ਨੇੜਿਓਂ ਜਾਣਨ ਵਾਲਿਆਂ ਵੱਲੋਂ ਸੁਆਲ ਉਠਾਉਣਾ ਸੁਭਾਵਿਕ ਹੈ। ਪੰਜਾਬ ਵਿਚ ਖਰੀਦ ਦਾ ਸੀਜ਼ਨ 15 ਅਪਰੈਲ ਤੋਂ ਸ਼ੁਰੂ ਹੋ ਕੇ 15 ਜੂਨ ਤੱਕ ਚੱਲੇਗਾ। ਇਸ ਹਿਸਾਬ ਨਾਲ ਹੀ 3691 ਮੰਡੀਆਂ ਵਿਚ ਕਣਕ ਲਿਆਉਣ ਦਾ ਤਰੀਕਾ ਅਪਣਾਇਆ ਗਿਆ ਹੈ। ਨਿਯਮਾਂ ਮੁਤਾਬਕ ਇਕ ਪਾਸ ਇਕ ਟਰਾਲੀ ਲਈ ਜਾਰੀ ਕੀਤਾ ਜਾਵੇਗਾ।
ਇਕ ਆੜ੍ਹਤੀ ਇਕ ਦਿਨ ਵਿਚ ਪੰਜ ਟਰਾਲੀਆਂ ਦੇ ਪਾਸ ਜਾਰੀ ਕਰ ਸਕੇਗਾ। ਇਸ ਦਾ ਭਾਵ ਹੈ ਇਕ ਆੜ੍ਹਤੀ ਨੂੰ 250 ਕੁਇੰਟਲ ਕਣਕ (550 ਬੋਰੀ) ਤੱਕ ਰੋਜ਼ਾਨਾ ਮੰਗਵਾਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਲਈ 30 ਵਰਗ ਫੁੱਟ ਦੀ ਜਗ੍ਹਾ ਫੜ੍ਹ ਲਈ ਅਲਾਟ ਹੋਵੇਗੀ। ਪਹਿਲੇ ਤਿੰਨ ਦਿਨ ਮੰਡੀ ਦੀ ਸਮਰੱਥਾ ਤੋਂ ਇਕ ਤਿਹਾਈ ਪਾਸ ਜਾਰੀ ਕਰਨ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਪੂਰੀ ਖਰੀਦ ਡੇਢ ਮਹੀਨੇ ਦਾ ਸਮਾਂ ਲਵੇਗੀ। ਇਕ ਸੀਨੀਅਰ ਅਧਿਕਾਰੀ ਅਨੁਸਾਰ ਇਕ ਕੰਬਾਈਨ ਦਿਨ ਵਿਚ 25 ਤੋਂ 30 ਏਕੜ ਤੱਕ ਕਟਾਈ ਕਰ ਦਿੰਦੀ ਹੈ। ਆਮ ਤੌਰ ਉਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇਕ ਕਿਸਾਨ ਦੇ ਲੱਗੀ ਕੰਬਾਈਨ ਉਸ ਦੀ ਸਾਰੀ ਕਣਕ ਕੱਟ ਕੇ ਹੀ ਕਿਸੇ ਹੋਰ ਕਿਸਾਨ ਕੋਲ ਜਾਵੇ। ਅਜਿਹੀ ਹਾਲਤ ਵਿਚ ਜੇਕਰ ਇਕ ਕਿਸਾਨ ਨੂੰ ਇਕ ਟਰਾਲੀ ਦਾ ਪਾਸ ਮਿਲੇਗਾ ਤਾਂ ਉਹ ਇਕ ਟਰਾਲੀ ਮੰਡੀ ਵਿਚ ਅਤੇ ਦੂਸਰੀਆਂ ਕਿੱਥੇ ਲੈ ਕੇ ਜਾਵੇਗਾ?
ਮੰਤਰੀ ਮੰਡਲ ਦੀ ਮੀਟਿੰਗ ਵਿਚ ਪਹਿਲਾਂ ਛੋਟੇ ਕਿਸਾਨਾਂ ਨੂੰ ਪਾਸ ਦੇਣ ਦੀ ਗੱਲ ਉਤੇ ਵਿਚਾਰ ਹੋਈ ਸੀ ਕਿਉਂਕਿ ਉਸ ਕੋਲ ਘਰ ਰੱਖਣ ਲਈ ਜਗ੍ਹਾ ਜਾਂ ਵਸੀਲੇ ਨਹੀਂ ਹੁੰਦੇ। ਦੱਸੇ ਗਏ ਨਿਯਮਾਂ ਵਿਚ ਅਜਿਹਾ ਕੋਈ ਜ਼ਿਕਰ ਨਹੀਂ ਹੈ। ਟਰਾਲੀ ਵਿਚ ਪੰਜਾਹ ਕੁਇੰਟਲ ਤੋਂ ਘੱਟ ਜਾਂ ਵੱੱਧ ਅਨਾਜ ਹੋ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਪਤਾ ਪਰ ਕਿਸੇ ਵੀ ਉਲੰਘਣਾ ਲਈ ਆੜ੍ਹਤੀ ਉਤੇ ਕੇਸ ਕਰਨ ਦੀਆਂ ਸੂਚਨਾਵਾਂ ਖਤਰਨਾਕ ਹਨ। ਅਸਲ ਵਿਚ ਵੱਡੇ ਆੜ੍ਹਤੀਆਂ ਦੇ ਸ਼ੈੱਲਰ ਵੀ ਹਨ। ਉਨ੍ਹਾਂ ਨੂੰ ਆਪਣੇ ਆਪਣੇ ਸ਼ੈੱਲਰ ਵਿਚ ਆਪਣੇ ਗਾਹਕਾਂ ਦੀ ਕਣਕ ਲਵਾਉਣ ਦਾ ਅਧਿਕਾਰ ਦੇ ਦੇਣਾ ਚਾਹੀਦਾ ਸੀ। ਉਹ ਬਾਰਦਾਨਾ ਲੈ ਕੇ ਖੇਤਾਂ ਵਿਚੋਂ ਭਰਵਾ ਲੈਂਦੇ ਤੇ ਬੋਰੀਆਂ ਲਗਵਾ ਸਕਦੇ ਸਨ।
ਜ਼ਿਕਰਯੋਗ ਹੈ ਕਿ ਆੜ੍ਹਤੀ ਵੱਲੋਂ ਜਾਰੀ ਪਾਸ ਵਿਸ਼ੇਸ਼ ਮੰਡੀ ਲਈ ਹੀ ਹੋਵੇਗਾ। ਜੇਕਰ ਸਮੇਂ ਸਿਰ ਅਨਾਜ ਨਾ ਲਿਆਂਦਾ ਤਾਂ ਮਿਆਦ ਲੰਘੀ ਪਿੱਛੋਂ ਪਾਸ ਨਹੀਂ ਚੱਲੇਗਾ। ਪਾਸ ਦੀ ਫੋਟੋ ਕਾਫੀ ਜਾਂ ਫੋਟੋ ਨਹੀਂ ਚੱਲੇਗੀ। ਹਰ ਮੰਡੀ ਦੇ ਗੇਟ ਉਤੇ ਖੜ੍ਹੇ ਅਧਿਕਾਰੀ ਨੂੰ ਜੇਕਰ ਕਿਸੇ ਨੂੰ ਜ਼ੁਕਾਮ, ਖੰਘ ਜਾਂ ਬੁਖਾਰ ਦਾ ਸ਼ੱਕ ਹੋਵੇਗਾ ਤਾਂ ਟਰਾਲੀ ਨਹੀਂ ਜਾਣ ਦੇਣਗੇ ਅਤੇ ਉਸ ਨੂੰ ਹਸਪਤਾਲ ਵਿਚ ਜਾਂਚ ਲਈ ਜਾਣਾ ਪਵੇਗਾ। ਮੰਡੀਆਂ ਦੇ ਗੇਟਾਂ ਉਤੇ ਪੁਲਿਸ ਦਾ ਪਹਿਰਾ ਹੋਵੇਗਾ। ਪੰਜਾਬ ਦੀਆਂ ਮੰਡੀਆਂ ਵਿਚ 35 ਲੱਖ ਹੈਕਟੇਅਰ ਰਕਬੇ ਵਿਚੋਂ 135 ਲੱਖ ਟਨ ਕਣਕ ਆਉਣ ਦੀ ਉਮੀਦ ਹੈ।